ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬ ਪੀਪਲਜ਼ ਪਾਰਟੀ ਦਾ ਭਵਿੱਖ?


ਮਨਪ੍ਰੀਤ ਸਿੰਘ ਬਾਦਲ ਨੇ 27 ਮਾਰਚ ਨੂੰ ਖਟਕੜ ਕਲਾਂ ਵਿਚ ਆਪਣੀ ਪਾਰਟੀ ਦਾ ਐਲਾਨ ਕਰਨ ਸਮੇਂ ਵੱਡਾ ਇਕੱਠ ਕਰਕੇ ਇਹ ਦੱਸਣ ਵਿਚ ਕਾਮਯਾਬੀ ਹਾਸਲ ਕੀਤੀ ਹੈ ਕਿ ਪੰਜਾਬ ਦੇ ਲੋਕ ਸਿਰਫ਼ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨਾਲ ਹੀ ਬੱਝੇ ਹੋਏ ਨਹੀਂ ਹਨ ਸਗੋਂ ਭਾਰੀ ਗਿਣਤੀ ਵਿਚ ਸੂਬੇ ਦੇ ਲੋਕ ਇਹਨਾਂ ਦੋਨਾਂ ਪਾਰਟੀਆਂ ਤੋਂ ਅੱਕ ਚੁੱਕੇ ਹਨ ਜੋ ਚਾਹੁੰਦੇ ਹਨ ਕਿ ਇਥੋਂ ਦੇ ਰਾਜਸੀ ਮੈਦਾਨ ਵਿਚ ਕੋਈ ਤੀਜੀ ਧਿਰ ਵੀ ਹੋਵੇ ਜੋ ਸੱਚਮੁਚ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਆਪਣਾ ਸਮਝ ਕੇ ਸੁਹਿਰਦਤਾ ਨਾਲ ਸੋਚੇ। ਸਰਕਾਰੀ ਅੜਚਣਾਂ ਦੇ ਬਾਵਜੂਦ ਇੰਨਾਂ ਭਾਰੀ ਇਕੱਠ ਕਰਨਾ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਰੂਰ ਤਸੱਲੀਬਖਸ਼ ਰਿਹਾ ਹੋਵੇਗਾ ਅਤੇ ਨਾਲ ਹੀ ਪੰਜਾਬ ਦੀਆਂ ਦੋਨਾਂ ਪ੍ਰਮੁੱਖ ਰਾਜਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਨੂੰ ਵੀ ਚਿੰਤਾ ਪੈਦਾ ਕਰਨ ਅਤੇ ਇਹ ਸੋਚਣ ਲਈ ਮਜ਼ਬੂਰ ਕਰੇਗਾ ਕਿ ਅਸਲ ਵਿਚ ਕੀ ਕਾਰਨ ਹਨ ਕਿ ਮਨਪ੍ਰੀਤ ਸਿੰਘ ਬਾਦਲ ਨਾਲ ਪਹਿਲੇ ਹੱਲੇ ਹੀ ਇੰਨੇ ਲੋਕ ਜੁੜ ਗਏ ਹਨ ਜੋ ਉਹਨਾਂ ਦੀ ਹੁਣ ਤੱਕ ਦੀ ਰਾਜਸੀ ਕਾਰਗੁਜ਼ਾਰੀ ਦਾ ਭਾਂਡਾ ਸਰੇ-ਬਜ਼ਾਰ ਭੰਨ ਰਹੇ ਹਨ।
ਮਾਝੇ ਦੇ ਪ੍ਰਮੁੱਖ ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਪੀਪਲਜ਼ ਪਾਰਟੀ ਦੇ ਇਕੱਠ 'ਤੇ ਟਿੱਪਣੀ ਕਰਦਿਆਂ ਬਹੁਤ ਹੀ ਗਹਿਰੀ ਸੱਟ ਮਾਰੀ ਹੈ ਜਿਸ ਵਿਚ ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਵਿਚ ਕਮਿਊਨਿਸਟ ਏਜੰਡਾ ਲਾਗੂ ਕਰਨ ਵਾਲਾ ਰਾਜਸੀ ਨੇਤਾ ਕਰਾਰ ਦਿੱਤਾ ਹੈ। ਸ੍ਰ. ਮਜੀਠੀਆ ਦੇ ਇਸ ਬਿਆਨ ਨਾਲ ਬਹੁਗਿਣਤੀ ਪੰਜਾਬੀਆਂ ਨੂੰ ਇਹ ਖਿਆਲ ਆਇਆ ਹੈ ਕਿ ਸੱਚਮੁਚ ਹੀ ਮਨਪ੍ਰੀਤ ਸਿੰਘ ਬਾਦਲ ਕੋਲ ਅਜਿਹੀ ਕੀ ਨੀਤੀ ਹੋਵੇਗੀ ਜਿਸ ਦੇ ਸਹਾਰੇ ਉਹ ਪੰਜਾਬ ਦੇ ਰਾਜਸੀ ਖੇਤਰ ਵਿਚ ਆਪਣੀ ਅੱਡਰੀ ਪਛਾਣ ਕਾਇਮ ਕਰੇਗਾ। ਪੰਜਾਬ ਦਾ ਸਿੱਖ ਧਾਰਮਿਕ ਖੇਤਰ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਬਜ਼ੇ ਵਿਚ ਹੈ ਇਸ ਤੋਂ ਇਲਾਵਾ ਜੇ ਕੁਝ ਹੋਰ ਸਿੱਖ ਵੋਟਰ ਹਨ ਉਹ ਪੰਜਾਬ ਦੀਆਂ ਕੋਈ ਅੱਧੀ ਦਰਜਨ ਸਿੱਖ ਜਥੇਬੰਦੀਆਂ ਨਾਲ ਜੁੜੇ ਹੋਏ ਹਨ ਜਿਹੜੇ ਕਿ ਕਿਸੇ ਵੀ ਤਰ੍ਹਾਂ ਦੋਨੋਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਮਨਪ੍ਰੀਤ ਸਿੰਘ ਬਾਦਲ ਵੱਲੋਂ ਜਿਹੜਾ ਧਰਮ ਨਿਰਪੱਖਤਾ ਦਾ ਨਾਅਰਾ ਲਾਇਆ ਜਾ ਰਿਹਾ ਹੈ ਉਹ ਪਹਿਲਾਂ ਹੀ ਪੰਜਾਬ ਕਾਂਗਰਸ ਦਾ ਰਾਖਵਾਂ ਰੱਖਿਆ ਹੋਇਆ ਹੈ। ਇਹ ਪਾਰਟੀ ਲੋਕਾਂ ਵਿਚ ਇਹ ਦੱਸਣ ਲਈ ਕਾਮਯਾਬ ਰਹੀ ਹੈ ਕਿ ਕਾਂਗਰਸ ਧਰਮ ਨਿਰਪੱਖ ਪਾਰਟੀ ਹੈ। (ਭਾਵੇਂ ਇਹ ਗੱਲ ਸੌ ਫੀਸਦੀ ਸੱਚੀ ਵੀ ਨਹੀਂ)। ਇਸੇ ਤਰ੍ਹਾਂ ਪੰਜਾਬ ਦਾ ਬਹੁਤਾ ਵਪਾਰੀ ਹਿੰਦੂ ਵੋਟਰ ਕਾਂਗਰਸ ਅਤੇ ਧਰਮ ਅਧਾਰਿਤ ਹਿੰਦੂ ਵੋਟਰ ਭਾਜਪਾ ਦਾ ਹਿੱਸਾ ਬਣਾ ਚੁੱਕਾ ਹੈ। ਪੰਜਾਬ ਦੇ ਮੁਸਲਮਾਨ ਅਤੇ ਇਸਾਈ ਵੋਟਰ ਵੀ ਆਪਣੇ ਖਿੱਤੇ ਦੇ ਪ੍ਰਭਾਵ ਅਧੀਨ ਵੱਖ-ਵੱਖ ਪਾਰਟੀਆਂ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਹਨ। ਬਾਕੀ ਬਚਦੇ ਵੋਟਰ ਉਹ ਲੋਕ ਹਨ ਜੋ ਵੱਖ-ਵੱਖ ਡੇਰਿਆਂ ਨਾਲ ਜੁੜੇ ਹੋਏ ਹਨ ਅਤੇ ਆਪਣੇ ਡੇਰਿਆਂ ਦੀ ਰਾਜਸੀ ਪਹੁੰਚ ਵਧਾਉਣ ਨਿੱਜੀ ਹਿੱਤਾਂ ਲਈ ਲਾਭ ਪ੍ਰਾਪਤ ਕਰਨ ਲਈ ਇਹਨਾਂ ਨੂੰ ਡੇਰੇ ਦੇ ਸੰਚਾਲਕਾਂ ਵੱਲੋਂ ਵਰਤਿਆ ਜਾਂਦਾ ਹੈ। ਇਸ ਸਮੇਂ ਕੁਝ ਕੁ ਵੋਟਰ ਉਹ ਵੀ ਮੌਜੂਦ ਹਨ ਜੋ ਕਿਸੇ ਸਮੇਂ ਕਮਿਊਨਿਸਟ ਵਿਚਾਰਧਾਰਾ ਦੇ ਪੱਕੇ ਹਮਾਇਤੀ ਰਹੇ ਹਨ ਪਰ ਇਸ ਵਿਚਾਰਧਾਰਾ ਦੇ ਦਮਤੋੜ ਜਾਣ ਤੋਂ ਬਾਅਦ ਡਿੱਕਡੋਲੇ ਖਾਂਦੇ ਫਿਰਦੇ ਹਨ। ਸਮੇਂ ਦੇ ਹਿਸਾਬ ਨਾਲ ਇਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਪੀਪਲਜ਼ ਪਾਰਟੀ ਲਈ ਆਖਰ ਵੋਟਰ ਕਿੱਥੋਂ ਨਿਕਲ ਕੇ ਜੁੜੇਗਾ?
ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਜਿਹੜਾ ਬਿਆਨ ਮਨਪ੍ਰੀਤ ਸਿੰਘ ਬਾਦਲ ਬਾਰੇ ਪੰਜਾਬ ਵਿਚ ਕਮਿਊਨਿਸਟ ਵਿਚਾਰਧਾਰਾ ਲਾਗੂ ਕਰਨ ਦਾ ਦਿੱਤਾ ਹੈ। ਉਹ ਸੱਚ ਪ੍ਰਤੀਤ ਹੋਣ ਲੱਗਦਾ ਹੈ। ਇਕ ਤਾਂ ਇਹ ਕਿ ਮਨਪ੍ਰੀਤ ਸਿੰਘ ਬਾਦਲ ਨੇ ਜੋ ਬਸੰਤੀ ਰੰਗ ਨੂੰ ਅਪਣਾਇਆ ਹੈ ਉਹ ਅਸਲ ਵਿਚ ਭਾਵੇਂ ਕੁਝ ਵੀ ਹੋਵੇ ਹੁਣ ਉਹ ਭਗਤ ਸਿੰਘ ਵਾਦ ਦਾ ਸਿੰਬਲ ਬਣ ਚੁੱਕਾ ਹੈ ਦੂਸਰਾ ਧਰਮ ਨਿਰਪੱਖਤਾ ਅਤੇ ਪੰਜਾਬ ਪੀਪਲਜ਼ ਪਾਰਟੀ ਦੀ ਸ਼ੁਰੂਆਤ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ ਕਰਨੀ ਵੀ ਇਸ ਪਾਰਟੀ ਨੂੰ ਭਗਤ ਸਿੰਘ ਨਾਲ ਜੋੜਦੀ ਲੱਗਦੀ ਹੈ। ਇਹ ਵੀ ਸੱਚ ਹੈ ਕਿ ਭਗਤ ਸਿੰਘ ਦਾ ਜੋ ਅਕਸ਼ ਇਸ ਸਮੇਂ ਬਣਿਆ ਹੋਇਆ ਹੈ ਉਹ ਕਮਿਊਨਿਸਟ ਵਿਚਾਰਧਾਰਾ ਨਾਲ ਜੋੜ ਦਿੱਤਾ ਹੋਇਆ ਹੈ। ਹੁਣ ਜੇ ਮਨਪ੍ਰੀਤ ਸਿੰਘ ਬਾਦਲ ਭਗਤ ਸਿੰਘ ਨਾਲ ਰੂੜ ਹੋ ਚੁੱਕੀ ਕਮਿਊਨਿਸਟ ਵਿਚਾਰਧਾਰਾ ਦਾ ਹਾਮੀ ਬਣਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਬਿਆਨ ਬਿਲਕੁਲ ਸੱਚ ਹੈ ਅਤੇ ਦੂਸਰਾ ਸੱਚ ਇਹ ਕਿ ਮਨਪ੍ਰੀਤ ਸਿੰਘ ਬਾਦਲ ਬਹੁਤਾ ਲੰਮਾਂ ਸਮਾਂ ਚੱਲਣ ਵਾਲੀ ਪਾਰਟੀ ਦਾ ਆਗੂ ਨਹੀਂ ਹੈ।
ਪੰਜਾਬ ਦੇ ਲੋਕ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮਨਪ੍ਰੀਤ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ-ਵਿਛੋੜੇ ਦਾ ਕਾਰਨ ਪੰਜਾਬ ਦੇ ਹਿੱਤਾਂ ਨਾਲੋਂ ਆਪਣੀ ਵੱਖਰੀ ਪਛਾਣ ਕਾਇਮ ਕਰਨਾ ਵੱਧ ਹੈ। ਮਨਪ੍ਰੀਤ ਸਿੰਘ ਬਾਦਲ ਨੂੰ ਇਸ ਗੱਲ ਦਾ ਪੱਕਾ ਅਹਿਸਾਸ ਸੀ ਕਿ ਜੇਕਰ ਉਹ ਆਪਣੇ ਤਾਏ ਨਾਲ ਪਾਰਟੀ ਵਿਚ ਰਹੇਗਾ ਤਾਂ ਇਸ ਤੋਂ ਬਾਅਦ ਸੁਖਬੀਰ ਅਤੇ ਅੱਗੇ ਮਜੀਠੀਆ ਪਰਿਵਾਰ ਉਸ ਨੂੰ ਸਾਰੀ ਉਮਰ ਮੁੱਖ ਮੰਤਰੀ ਦੀ ਕੁਰਸੀ ਤੱਕ ਨਹੀਂ ਪਹੁੰਚਣ ਦੇਣਗੇ। ਇਹ ਸਭ ਸੋਚ ਕੇ ਨਵੀਂ ਪਾਰਟੀ ਦੀ ਸ਼ੁਰੂਆਤ ਕਰਨੀ ਉਹਨਾਂ ਦਾ ਸੱਤਾਵਾਦੀ ਸੋਚਣੀ ਦਾ ਵੀ ਕਾਰਨ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬ ਪੀਪਲਜ਼ ਪਾਰਟੀ ਦੀ ਸੱਤਾਵਾਦੀ ਸੋਚਣੀ ਕੋਈ ਮਾੜੀ ਗੱਲ ਨਹੀਂ ਪਰ ਉਸ ਨੂੰ ਪ੍ਰਫੁੱਲਤ ਕਰਨ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਧਰਮਨਿਰਪੱਖਤਾ ਦਾ ਲੜ ਫੜਨ ਅਤੇ ਕਮਿਊਨਿਸਟਾਂ ਦਾ ਠੱਪਾ ਲਗਵਾਉਣ ਦੀ ਥਾਂ ਪਿਤਾ ਪੁਰਖੀ ਸਿੱਖ ਵਿਚਾਰਧਾਰਾ ਨੂੰ ਅਪਣਾਉਣਾ ਜ਼ਿਆਦਾ ਲਾਹੇਬੰਦ ਸਾਬਤ ਹੋ ਸਕਦਾ ਹੈ। ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਵੀ ਚੰਗੀ ਤਰ੍ਹਾਂ ਸਮਝ ਹੈ ਕਿ ਪੰਜਾਬ ਦੇ ਬਹੁਗਿਣਤੀ ਸਿੱਖ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ ਸੰਤੁਸ਼ਟ ਨਹੀਂ ਹਨ ਸਗੋਂ ਉਹਨਾਂ ਨੂੰ ਸਿੱਖ ਵਿਚਾਰਧਾਰਾ ਦਾ ਕਾਤਲ ਸਮਝਦੇ ਹਨ ਇਸ ਲਈ ਜੇਕਰ ਸ੍ਰ. ਮਨਪ੍ਰੀਤ ਸਿੰਘ ਬਾਦਲ ਖੁਦ ਸਿੱਖਾਂ ਨੂੰ ਇਹ ਅਹਿਸਾਸ ਕਰਵਾ ਦੇਣ ਕਿ ਉਹ ਆਪਣੇ ਤਾਏ ਦੀ ਸੋਚ ਨਾਲੋਂ ਵੱਖਰੇ ਤੌਰ 'ਤੇ ਸਿੱਖ ਸਮੱਸਿਆਵਾਂ ਦਾ ਹੱਲ ਕਰਨ ਵਿਚ ਕਾਮਯਾਬ ਹੋ ਸਕਦੇ ਹਨ ਤਾਂ ਸੰਭਵ ਹੈ ਕਿ ਪੰਜਾਬ ਪੀਪਲਜ਼ ਪਾਰਟੀ ਤੀਜੀ ਧਿਰ ਸਾਬਤ ਹੋ ਸਕੇ।