ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਥਕ ਸਰਕਾਰ ਅਤੇ ਦਸਤਾਰ


- ਗੁਰਨਾਮ ਸਿੰਘ ਕੁੰਢਾਲ
ਮੁਹਾਲੀ ਸਟੇਡੀਅਮ ਦੇ ਬਾਹਰ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਵੱਲੋਂ ਜਿਸ ਤਰ੍ਹਾਂ ਬਿਨਾਂ ਵਜ੍ਹਾ ਦੇ ਇਕ ਸਿੱਖ ਨੌਜਵਾਨ ਦੀ ਪੱਗ ਨੂੰ ਬੇਦਰਦੀ ਨਾਲ ਲਾਹਿਆ ਹੈ ਉਸ ਘਟਨਾ ਨੇ ਸਿੱਖਾਂ ਵਿਚ ਰੋਸ ਦੀ ਇਕ ਵੱਡੀ ਲਹਿਰ ਖੜ੍ਹੀ ਕੀਤੀ ਹੈ। ਇਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਇਸ ਘਟਨਾ ਨੂੰ ਲੈ ਕੇ ਸਾਰਾ ਸਿੱਖ ਜਗਤ ਰੋਸ ਪ੍ਰਗਟ ਕਰ ਰਿਹਾ ਹੈ ਤਾਂ ਅਜੇ ਤੱਕ ਸਿੱਖ ਆਗੂਆਂ ਵਿਚੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਮੱਕੜ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਪ੍ਰਤੀਕਰਮ ਵੀ ਨਹੀਂ ਆਇਆ।
ਏਸ਼ੀਆ ਮਹਾਂਦੀਪ ਸਮੇਤ ਅਮਰੀਕਾ, ਅਫਰੀਕਾ ਅਤੇ ਯੌਰਪ ਦੇ ਮੁਲਕਾਂ ਵਿਚ ਜਦੋਂ ਵੀ ਪੱਗ ਸਬੰਧੀ ਮੁਸ਼ਕਿਲ ਆਈ ਹੈ ਤਾਂ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਅਖਬਾਰੀ ਬਿਆਨ ਜਾਰੀ ਕੀਤੇ ਜਾਂਦੇ ਹਨ ਕਿ ਦਸਤਾਰ ਕਿਉਂਕਿ ਸਿੱਖਾਂ ਦੀ ਅਣਖ, ਗੈਰਤ ਅਤੇ ਸਨਮਾਨ ਨਾਲ ਸਬੰਧਤ ਹੈ ਇਸ ਲਈ ਦਸਤਾਰ ਸਬੰਧੀ ਕਿਸੇ ਵੀ ਮੁਸ਼ਕਿਲ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਹੁਣ ਜਦੋਂ ਖੁਦ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਜਿਸ ਦੀ ਬੁਨਿਆਦ ਹੀ ਸਿੱਖਾਂ ਨੇ ਬਹੁਤ ਕੁਰਬਾਨੀਆਂ ਦੇ ਕੇ ਰੱਖੀ ਹੈ ਤਾਂ ਸਿੱਖਾਂ ਦੀ ਅਣਖ, ਇੱਜ਼ਤ ਅਤੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਪਾਰਟੀ ਨੇ ਹੀ ਕਿਉਂ ਲੱਕ ਬੰਨਿਆ ਹੈ? ਹੁਣ ਜਦੋਂ ਆਪਣੀ ਸਰਕਾਰ ਦੀ ਅਗਵਾਈ ਵਿਚ ਇਹ ਧਰਮ ਦੇ ਨਾਮ 'ਤੇ ਰਾਜ ਕਰਨ ਵਾਲੇ ਬੰਦੇ ਸਿੱਖਾਂ ਦੀਆਂ ਪੱਗਾਂ ਦੀ ਤੌਹੀਨ ਕਰ ਰਹੇ ਹਨ ਤਾਂ ਫਿਰ ਕੀ ਹੁਣ ਇਹ ਇੱਜ਼ਤ, ਅਣਖ ਜਾਂ ਸਵੈਮਾਨ ਦੀ ਪ੍ਰਤੀਕ ਨਹੀਂ ਰਹੀ? ਅਕਸਰ ਬਾਹਰਲੇ ਮੁਲਕਾਂ ਵਿਚ ਦਸਤਾਰ ਦਾ ਅਪਮਾਨ ਹੋਣ ਸਮੇਂ ਸਰਕਾਰਾਂ ਇਹ ਕਹਿੰਦੀਆਂ ਹਨ ਕਿ ਉਹਨਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਜਾਂ ਫਿਰ ਦੂਸਰੇ ਬਹਾਨੇ ਵਿਚ ਸੁਰੱਖਿਆ ਦਾ ਮਾਮਲਾ ਕਹਿ ਕੇ ਵੀ ਖਹਿੜਾ ਛੁਡਵਾਇਆ ਜਾਂਦਾ ਹੈ। ਪਰ ਮੁਹਾਲੀ ਘਟਨਾ ਸਮੇਂ ਨਾ ਤਾਂ ਕੋਈ ਸੁਰੱਖਿਆ ਦਾ ਹੀ ਖਤਰਾ ਪੈਦਾ ਹੋਇਆ ਸੀ ਅਤੇ ਨਾ ਹੀ ਇਹ ਕਿਹਾ ਜਾ ਸਕਦਾ ਹੈ ਕਿ ਖੁਦ ਆਪਣੇ ਸਿਰਾਂ 'ਤੇ ਪੱਗਾਂ ਸਜਾਉਣ ਵਾਲੀ ਪੰਜਾਬ ਪੁਲਿਸ ਨੂੰ ਦਸਤਾਰ ਦੀ ਮਹੱਤਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪੰਜਾਬ ਪੁਲਿਸ ਨੂੰ ਸਿੱਖ ਧਰਮ ਵਿਚ ਦਸਤਾਰ ਦੀ ਮਹੱਤਤਾ ਬਾਰੇ ਪੂਰੀ ਸਮਝ ਤਾਂ ਹੋਣੀ ਹੀ ਹੈ ਕਿ ਸਿੱਖਾਂ ਨੇ ਸਰਦਾਰੀ ਸਿਰਾਂ ਬਦਲੇ ਪ੍ਰਾਪਤ ਕੀਤੀ ਹੈ ਅਤੇ ਸਿਰ ਦਸਤਾਰ ਨਾਲ ਹੀ ਸਲਾਮਤ ਹਨ। ਕੀ ਪੁਲਿਸ ਅਫ਼ਸਰਾਂ ਨੂੰ ਸਿੱਖ ਇਤਿਹਾਸ ਅਤੇ ਪੰਜਾਬੀ ਸਮਾਜ ਬਾਰੇ ਜਾਣਕਾਰੀ ਨਹੀਂ ਕਿ ਇਹਨਾਂ ਵਿਚ ਪੱਗ ਦੀ ਕੀ ਥਾਂ ਹੈ? ਪੁਲਿਸ ਅਫ਼ਸਰਾਂ ਨੂੰ ਯਾਦ ਹੋਵੇਗਾ ਕਿ ਵਿਸ਼ਵ ਯੁੱਧ ਸਮੇਂ ਸਿੱਖਾਂ ਨੇ ਪੱਗ ਦੀ ਸ਼ਾਨ ਬਰਕਰਾਰ ਰੱਖਣ ਲਈ ਲੋਹਟੋਪ ਪਹਿਨਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਹ ਲੋਹ ਟੋਪ ਨਹੀਂ ਪਹਿਨਣਗੇ ਭਾਵੇਂ ਪਗੜੀ ਵਾਲੇ ਸਿਰ 'ਚ ਗੋਲੀ ਲੱਗ ਜਾਣ ਕਰਕੇ ਹੋਈ ਮੌਤ ਲਈ ਮੁਆਵਜ਼ਾ ਵੀ ਨਾ ਦਿੱਤਾ ਜਾਵੇ।
ਇਸ ਸਮੇਂ ਵੀ ਸਿੱਖ ਸੰਸਥਾਵਾਂ ਤਕਰੀਬਨ ਹਰ ਦੇਸ਼ ਵਿਚ ਦਸਤਾਰ ਦੇ ਸਤਿਕਾਰ ਦੀ ਲੜਾਈ ਲੜ ਰਹੀਆਂ ਹਨ। ਇਥੋਂ ਤੱਕ ਇਹ ਸੁਰੱਖਿਆ ਪੱਖੋਂ ਉੱਚਤ ਮੰਨੇ ਜਾਂਦੇ ਹਵਾਈ ਅੱਡਿਆਂ 'ਤੇ ਵੀ ਤਲਾਸ਼ੀ ਸਮੇਂ ਸਿੱਖਾਂ ਵੱਲੋਂ ਇਹ ਮੰਗ ਰੱਖੀ ਜਾਂਦੀ ਹੈ ਕਿ ਦਸਤਾਰ ਨੂੰ ਚੈਕ ਕਰਨ ਸਮੇਂ ਸਿਰਫ਼ ਬਿਜਲਈ ਯੰਤਰਾਂ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਕਿ ਦਸਤਾਰ ਨੂੰ ਹੱਥ ਲਾਉਣ ਅਤੇ ਲਾਹ ਕੇ ਚੈਕ ਕਰਨ ਦੇ ਵਤੀਰੇ ਤੋਂ ਖੁਲਾਸੀ ਹੋ ਸਕੇ। ਸਿੱਖ ਸਮਝਦੇ ਹਨ ਕਿ ਜੇਕਰ ਸੁਰੱਖਿਆ ਕਰਮਚਾਰੀ ਵੀ ਕਿਸੇ ਖਾਸ ਮੌਕੇ 'ਤੇ ਉਨ੍ਹਾਂ ਦੀ ਦਸਤਾਰ ਉਤਰਵਾਉਂਦੇ ਹਨ ਤਾਂ ਇਹ ਸਿੱਖਾਂ ਲਈ ਅਸਹਿ ਹੈ। ਜਦੋਂ ਇਹ ਅਜੇ ਚੱਲ ਰਿਹਾ ਭਖਵਾਂ ਮਸਲਾ ਹੈ ਤਾਂ ਇਸੇ ਸਮੇਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਸਿੱਖ ਭਾਵਨਾਵਾਂ ਦੇ ਉਲਟ ਕੀਤਾ ਗਿਆ ਵਰਤਾਰਾ ਨਿੰਦਣਯੋਗ ਹੀ ਨਹੀਂ ਸਗੋਂ ਗੈਰਕਾਨੂੰਨੀ ਵੀ ਹੈ।
ਮੁਹਾਲੀ ਵਿਚ ਜਿਸ ਦਸਤਾਰਧਾਰੀ ਨੌਜਵਾਨ ਦੀ ਪੱਗ ਪੁਲਿਸ ਨੇ ਉਤਾਰੀ ਹੈ ਉਸ ਦੀ ਵੀ.ਡੀ.ਓ. ਦੇਖ ਕੇ ਸਾਫ਼ ਪਤਾ ਚਲਦਾ ਹੈ ਕਿ ਉਹ ਨੌਜਵਾਨ ਨਾ ਤਾਂ ਹਥਿਆਰਬੰਦ ਸੀ ਅਤੇ ਨਾ ਹੀ ਪੁਲਿਸ ਗ੍ਰਿਫ਼ਤਾਰੀ ਦਾ ਕੋਈ ਵਿਰੋਧ ਕਰ ਰਿਹਾ ਸੀ ਸਗੋਂ ਉਹ ਕਹੇ ਅਨੁਸਾਰ ਹੀ ਨਾਲ-ਨਾਲ ਚੱਲ ਰਿਹਾ ਸੀ। ਤਾਂ ਫਿਰ ਇਸ ਨਾਲ ਕੀਤਾ ਗਿਆ ਗੈਰਮਨੁੱਖੀ ਵਰਤਾਰਾ ਸਮਝ ਤੋਂ ਪਰ੍ਹੇ ਹੈ। ਇਸ ਘਟਨਾ ਨੇ ਇਕ ਗੱਲ ਸਾਫ਼ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਦਾ ਆਪਣੀ ਪੁਲਿਸ 'ਤੇ ਕਿੰਨਾ ਕੁ ਕੰਟਰੋਲ ਹੈ। ਇਸੇ ਪੁਲਿਸ ਦੀ ਹਿਰਾਸਤ ਵਿਚ ਅਕਸਰ ਹੀ ਹਿਰਾਸਤੀ ਮੌਤਾਂ ਦੀਆਂ ਖ਼ਬਰਾਂ ਛਪ ਰਹੀਆਂ ਹਨ। ਅਸੀਂ ਸਭ ਸਮਝ ਸਕਦੇ ਹਾਂ ਕਿ ਜੋ ਪੁਲਿਸ ਆਪਣੇ ਨਾਗਰਿਕਾਂ ਨੂੰ ਜਨਤਕ ਤੌਰ 'ਤੇ ਬਿਨਾਂ ਕਿਸੇ ਕਾਰਨ ਦੇ ਇੰਨਾਂ ਜ਼ਲੀਲ ਕਰ ਸਕਦੀ ਹੈ ਉਹ ਪੁਲਿਸ ਥਾਣਿਆਂ ਵਿਚ ਫੜੇ ਲੋਕਾਂ ਨਾਲ ਕੀ ਵਿਵਹਾਰ ਕਰਦੀ ਹੋਵੇਗੀ। ਮੁਹਾਲੀ ਘਟਨਾ ਦੇ ਜ਼ਿੰਮੇਵਾਰ ਦੋਨੋਂ ਪੰਜਾਬ ਪੁਲਿਸ ਦੇ ਉੱਚ ਅਫ਼ਸਰ ਹਨ ਹੁਣ ਸਭ ਦੇ ਸਮਝ ਵਿਚ ਇਹ ਗੱਲ ਵੀ ਆ ਸਕਦੀ ਹੈ ਕਿ ਇਹਨਾਂ ਅਫ਼ਸਰਾਂ ਦੇ ਹੇਠ ਕੰਮ ਕਰਨ ਵਾਲੇ ਆਮ ਪੁਲਿਸ ਕਰਮਚਾਰੀ ਅਤੇ ਛੋਟੇ ਅਫ਼ਸਰ ਵੀ ਹਿਰਾਸਤੀ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹੋਣਗੇ। ਇਹਨਾਂ ਪੁਲਿਸ ਅਫ਼ਸਰਾਂ ਦੀ ਮਾਨਸਿਕਤਾ ਦੇ ਪ੍ਰਦਰਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਬਠਿੰਡਾ ਵਿਚ ਜਿਸ ਤਰ੍ਹਾਂ ਸਿੱਖ ਬੀਬੀਆਂ ਦੀਆਂ ਚੁੰਨੀਆਂ ਨੂੰ ਪੁਲਿਸ ਅਤੇ ਅਕਾਲੀ ਜਥੇਦਾਰਾਂ ਨੇ ਲੀਰੋ-ਲੀਰ ਕੀਤਾ ਸੀ ਉਸ ਤੋਂ ਪੰਜਾਬ ਸਰਕਾਰ ਦੀ ਮਾਨਸਿਕਤਾ ਦਾ ਵੀ ਪਤਾ ਚੱਲ ਗਿਆ ਸੀ। ਬਠਿੰਡਾ ਘਟਨਾ ਸਮੇਂ ਜਨ ਸਧਾਰਨ ਨੂੰ ਇਹ ਕਹਿ ਕੇ ਸ਼ਾਂਤ ਕਰ ਦਿੱਤਾ ਗਿਆ ਸੀ ਕਿ ਪ੍ਰਦਰਸ਼ਨਕਾਰੀ ਬੀਬੀਆਂ, ਬੀਬੀ ਹਰਸਿਮਰਤ ਕੌਰ ਦੇ ਐਨ ਨੇੜੇ ਪੁੱਜ ਗਈਆਂ ਸਨ ਜਿਸ ਕਾਰਨ ਮਜ਼ਬੂਰੀਵੱਸ ਅਜਿਹਾ ਕਰਨਾ ਪਿਆ ਸੀ।  ਕੀ ਪੰਜਾਬ ਸਰਕਾਰ ਆਪਣੇ ਲੋਕਾਂ ਨੂੰ ਜਵਾਬ ਦੇ ਸਕੇਗੀ ਕਿ ਮੁਹਾਲੀ ਘਟਨਾ ਸਮੇਂ ਸਰਕਾਰ ਦੀ ਕੀ ਮਜ਼ਬੂਰੀ ਸੀ ਕਿ ਉਹ ਹਿਰਾਸਤ ਵਿਚ ਲਏ ਨੌਜਵਾਨ ਦੀ ਪੱਗ ਉਤਾਰੇ ਜਦੋਂ ਕਿ ਉਹ ਖੁਦ ਚੱਲ ਕੇ ਪੁਲਿਸ ਦੀ ਗੱਡੀ ਵੱਲ ਗ੍ਰਿਫ਼ਤਾਰ ਹੋ ਜਾਣ ਲਈ ਜਾ ਰਿਹਾ ਹੋਵੇ। ਮੁਹਾਲੀ ਘਟਨਾ ਸਮੇਂ ਪੰਜਾਬ ਦੇ ਮੁੱਖ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਖ਼ਤ ਦੇ ਜਥੇਦਾਰਾਂ ਵੱਲੋਂ ਚੁੱਪ ਵੱਟ ਲੈਣੀ ਸਿੱਖ ਸਮਾਜ ਲਈ ਘਾਤਕ ਭਵਿੱਖ ਦੀ ਨਿਸ਼ਾਨੀ ਹੈ। ਭਾਵੇਂ ਲੋਕਾਂ ਦੇ ਦਬਾਅ ਸਦਕਾ ਮੁਹਾਲੀ ਘਟਨਾ ਲਈ ਜ਼ਿੰਮੇਵਾਰ ਦੋਨਾਂ ਪੁਲਿਸ ਅਫ਼ਸਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਪਰ ਇਹ ਵਾਜਬ ਸਜ਼ਾ ਨਹੀਂ ਸਮਝੀ ਜਾਵੇਗੀ। ਕਿਉਂਕਿ ਇਕ ਦੋ ਮਹੀਨਿਆਂ ਬਾਅਦ ਇਹਨਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਅਸੀਂ ਸਮਝਦੇ ਹਾਂ ਕਿ ਆਪਣੇ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣ ਲਈ ਇਹਨਾਂ ਪੁਲਿਸ ਅਫ਼ਸਰਾਂ ਨੂੰ ਨੌਕਰੀ ਤੋਂ ਤੁਰੰਤ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਅਜਿਹੇ ਗੈਰਜ਼ਿੰਮੇਵਾਰ ਅਫ਼ਸਰ ਦੀ ਥਾਂ ਕਿਸੇ ਵੀ ਜ਼ਿੰਮੇਵਾਰ ਅਹੁਦੇ 'ਤੇ ਹੋਣੀ ਹੀ ਨਹੀਂ ਚਾਹੀਦੀ। ਅਕਾਲੀ ਸਰਕਾਰ ਨੂੰ ਤੁਰੰਤ ਇਸ ਘਟਨਾ ਬਾਰੇ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਸਿੱਖਾਂ ਦੇ ਧਾਰਮਿਕ ਆਗੂਆਂ ਨੂੰ ਅਜਿਹੇ ਮਸਲਿਆਂ ਦੇ ਪੱਕੇ ਹੱਲ ਲਈ ਕੋਈ ਸਾਰਥਿਕ ਵਿਉਂਤਬੰਦੀ ਕਰਨੀ ਚਾਹੀਦੀ ਹੈ। ਜਿਸ ਨੌਜਵਾਨ ਦੀ ਪੱਗ ਪੁਲਿਸ ਬਿਨਾਂ ਵਜ੍ਹਾ ਲਾ ਕੇ ਦੇਸ਼ ਵਿਦੇਸ਼ ਵਿਚ ਬਦਨਾਮੀ ਕੀਤੀ ਹੈ ਉਸ ਨੂੰ ਵੀ ਇੱਜ਼ਤ-ਹੱਤਕ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦੀ ਹੈ।