ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੈਪਟਨ ਅਮਰਿੰਦਰ ਸਿੰਘ ਸਿੱਖਾਂ ਦੀਆਂ ਨਜ਼ਰਾਂ ਵਿਚੋਂ ਡਿੱਗਣ ਤੋਂ ਗੁਰੇਜ਼ ਕਰੇ


ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਸਰਸਾ ਵਿਚ ਜਾ ਕੇ ਸਿੱਖਾਂ ਦੀਆਂ ਨਜ਼ਰਾਂ ਵਿਚ ਆਪਣੇ ਆਪ ਨੂੰ ਹੌਲਾ ਕਰ ਲਿਆ ਹੈ। ਇਥੇ ਬੱਸ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਚ ਇਹ ਗੱਲ ਬਿਨਾਂ ਕਿਸੇ ਲੁਕ-ਲੁਕਾਅ ਦੇ ਆਖੀ ਹੈ ਕਿ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵੱਲੋਂ ਉਹ ਇਸ ਤੋਂ ਪਹਿਲਾਂ ਡੇਰਾ ਬਿਆਸ ਵਿਚ ਜਾ ਆਏ ਹਨ ਅਤੇ ਆਉਂਦੇ ਦਿਨਾਂ ਵਿਚ ਉਹ ਪੰਜਾਬ ਅਤੇ ਲਾਗਲੇ ਸੂਬਿਆਂ ਦੇ ਵੱਡੇ ਡੇਰਿਆਂ ਵਿਚ ਵੀ ਜ਼ਰੂਰ ਜਾਣਗੇ। ਕੈਪਟਨ ਅਮਰਿੰਦਰ ਸਿੰਘ ਦੀ ਫੇਰੀ ਦਾ ਜਿੱਥੇ ਪੰਥਕ ਸਿੱਖ ਜਥੇਬੰਦੀਆਂ ਨੇ ਬੁਰਾ ਮਨਾਇਆ ਹੈ ਉਥੇ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਜੁੜੇ ਸਿੱਖ ਵਿਚਾਰਧਾਰਾ ਦੇ ਲੋਕਾਂ ਨੇ ਵੀ ਨਿੰਦਾ ਕੀਤੀ ਹੈ।
ਕਾਂਗਰਸ ਪਾਰਟੀ ਮੂਲ ਰੂਪ ਵਿਚ ਉਹ ਰਾਜਨੀਤਕ ਪਾਰਟੀ ਹੈ ਜੋ ਜੂਨ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵਜੋਂ ਪਹਿਲਾਂ ਹੀ ਸਿੱਖਾਂ ਦੇ ਮਨਾਂ ਵਿਚ ਸਤਿਕਾਰ ਨਹੀਂ ਰੱਖਦੀ। ਇਸ ਪਾਰਟੀ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਜਿਸ ਤਰ੍ਹਾਂ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਸੀ ਉਹ ਵੀ ਸਿੱਖਾਂ ਦੇ ਮਨਾਂ ਵਿਚ ਘਰ ਕਰ ਚੁੱਕਾ ਹੈ। ਸਿੱਖ ਨਸਲਕੁਸ਼ੀ ਦੀਆਂ ਇਹਨਾਂ ਤਿੰਨ ਵੱਡੀਆਂ ਸਮੂਹਿਕ ਕਤਲੇਆਮ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਵਿਚ ਕੋਈ ਵੀ ਕਾਂਗਰਸ ਦਾ ਨਾਮ ਲੈਣ ਨੂੰ ਤਿਆਰ ਨਹੀਂ ਸੀ ਪਰ ਇਸੇ ਸਮੇਂ ਜਦੋਂ ਪੰਜਾਬ ਕਾਂਗਰਸ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਆਈ ਤਾਂ ਕਾਂਗਰਸ ਪਾਰਟੀ ਦਾ ਵਿਰੋਧ ਕਰਨ ਵਾਲੇ ਵੀ ਬਹੁਤ ਸਿੱਖ ਇਸ ਪਾਰਟੀ ਨੂੰ ਸਮਰਥਨ ਦੇਣ ਲੱਗ ਪਏ ਸਨ ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਡਿਕਟੇਟਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਚੰਗਾ ਸਿੱਖ ਸਮਝਦੇ ਸਨ। ਸਿੱਖ ਸਮਾਜ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਖਾਨਦਾਨ ਬਾਬਾ ਆਲਾ ਸਿੰਘ ਦੇ ਪਰਿਵਾਰ ਨਾਲ ਸਿੱਧਾ ਸਬੰਧ ਰੱਖਦਾ ਹੈ ਜਿਸ ਦੀ ਸਿੱਖ ਇਤਿਹਾਸ ਵਿਚ ਸਨਮਾਨਯੋਗ ਥਾਂ ਹੈ। ਇਸੇ ਪਰਿਵਾਰ ਦੇ ਪੁਰਖੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਗੁਰੂ ਬਖਸ਼ਿਸ਼ਾਂ ਨਾਲ ਨਿਹਾਲ ਹੋਏ ਸਨ। ਖੁਦ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦਰਬਾਰ ਸਾਹਿਬ ਹਮਲੇ ਸਮੇਂ ਆਪਣੇ ਸਰਕਾਰੀ ਅਹੁਦੇ ਤੋਂ ਅਸਤੀਫਾ ਦੇ ਕੇ ਸਿੱਖਾਂ ਵਿਚ ਆਪਣੀ ਵਿਸ਼ੇਸ਼ ਥਾਂ ਨੂੰ ਪੱਕਿਆਂ ਕੀਤਾ ਸੀ। ਸਿੱਖ ਖਾਨਦਾਨ ਦੇ ਇਸ ਸਾਬਕਾ ਮੁੱਖ ਮੰਤਰੀ ਵਲੋਂ ਸਿੱਖਾਂ ਨਾਲ ਸਿੱਧੀ ਟੱਕਰ ਲੈਣ ਵਾਲੇ ਸੌਦਾ ਸਾਧ ਦੇ ਡੇਰੇ ਵਿਚ ਚਲੇ ਜਾਣਾ ਸਿੱਖਾਂ ਦੀ ਮਨੋਭਾਵਨਾ ਨੂੰ ਪੀੜਤ ਕਰਦਾ ਹੈ।
ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਭੁੱਲੀ ਨਹੀਂ ਕਿ ਡੇਰਾ ਸਰਸਾ ਦੇ ਮੁਖੀ ਗੁਰਮੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜਿਹਾ ਪਹਿਰਾਵਾ ਪਾ ਕੇ ਸਿੱਖ ਅੰਮ੍ਰਿਤ ਸੰਸਕਾਰ 'ਖੰਡੇ ਦੀ ਪਹੁਲ' ਦਾ ਸਾਂਗ ਕੀਤਾ ਸੀ ਜਿਸ ਦਾ ਸਿੱਖ ਸਮਾਜ ਵਿਚ ਤਿੱਖਾ ਪ੍ਰਤੀਕਰਮ ਹੋਇਆ ਸੀ। ਇਸੇ ਪ੍ਰਤੀਕਰਮ ਵਜੋਂ ਸੌਦਾ ਸਾਧ ਦੇ ਚੇਲਿਆਂ ਨਾਲ ਕਈ ਝਗੜਿਆਂ ਵਿਚ ਜਿਥੇ ਕਈ ਸਿੱਖ ਸ਼ਹੀਦ ਹੋਏ, ਅਨੇਕਾਂ ਜ਼ਖਮੀ ਹੋਏ ਅਤੇ ਬਹੁਤ ਸਾਰੇ ਅਜੇ ਵੀ ਜੇਲ੍ਹਾਂ ਵਿਚ ਬੈਠੇ ਹਨ। ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਨੌਜਵਾਨ ਅੱਜ ਵੀ ਅਦਾਲਤਾਂ ਵਿਚ ਤਰੀਕਾਂ ਭੁਗਤ ਰਹੇ ਹਨ। ਡੇਰਾ ਮੁਖੀ ਦੇ ਇਸੇ ਪ੍ਰਤੀਕਰਮ ਵਜੋਂ ਅੱਜ ਵੀ ਪੰਜਾਬ ਦਾ ਮਾਹੌਲ ਅਸ਼ਾਂਤ ਬਣਿਆ ਹੋਇਆ ਹੈ। ਥੋੜ੍ਹੇ ਜਿਹੇ ਦਿਨਾਂ ਪਿੱਛੋਂ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚ ਤਣਾਅ ਦੀਆਂ ਖ਼ਬਰਾਂ ਛਪ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਕੀਤੇ ਗਏ ਹੁਕਮਨਾਮੇ ਵਿਚ ਸਿੱਖਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਇਸ ਡੇਰੇ ਨਾਲ ਕਿਸੇ ਕਿਸਮ ਦਾ ਸਬੰਧ ਨਾ ਰੱਖਿਆ ਜਾਵੇ। ਭਾਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਡੇਰਾ ਸਰਸਾ ਵਲੋਂ ਸ਼ੋਮ੍ਰਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਡਟਵਾਂ ਵਿਰੋਧ ਕੀਤਾ ਸੀ ਪਰ ਫਿਰ ਵੀ ਖੋਰੀ ਸਮਝੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੀ ਨਰਾਜ਼ਗੀ ਸਹੇੜਨ ਤੋਂ ਸਿੱਧਾ ਗੁਰੇਜ਼ ਕਰਦਿਆਂ ਹੁਣ ਤੱਕ ਇਸ ਵਿੱਥ ਬਣਾ ਕੇ ਹੀ ਰਾਜ ਭਾਗ ਚਲਾਇਆ ਹੈ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਿਲਕੁਲ ਸਿੱਧੇ ਰੂਪ ਵਿਚ ਹੀ ਡੇਰਾ ਸਰਸਾ ਜਾਣ ਅਤੇ ਪੰਜਾਬ ਦੇ ਹੋਰ ਡੇਰੇਦਾਰਾਂ ਦੇ ਪੈਰਾਂ ਵਿਚ ਬੈਠਣ ਦਾ ਐਲਾਨ ਕੀਤਾ ਹੈ ਤਾਂ ਇਸ ਦਾ ਪ੍ਰਤੀਕਰਮ ਵੀ ਉਹਨਾਂ ਨੂੰ ਸਮਝ ਹੀ ਲੈਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਵਕਤੀ ਰੂਪ ਵਿਚ ਪੰਜਾਬ ਦੀ ਧਰਤੀ 'ਤੇ ਭਾਵੇਂ ਬਹੁਤ ਸਾਰੀਆਂ ਲਹਿਰਾਂ ਪ੍ਰਗਟ ਹੋਈਆਂ ਅਤੇ ਸਮੇਂ ਦੇ ਹਿਸਾਬ ਨਾਲ ਦਮ ਵੀ ਤੋੜ ਗਈਆਂ ਪਰ ਇਥੋਂ ਦੇ ਲੋਕਾਂ ਦੇ ਮਨਾਂ ਵਿਚ ਸਿੱਖੀ ਪ੍ਰਤੀ ਸ਼ਰਧਾ ਖੂਨ ਵਿਚ ਰਚੀ ਹੋਈ ਹੈ ਜੋ ਹਰ ਲਹਿਰ ਦੀ ਸਮਾਪਤੀ ਤੋਂ ਬਾਅਦ ਪਹਿਲਾਂ ਨਾਲੋਂ ਤੇਜ਼ ਰੂਪ ਵਿਚ ਪ੍ਰਗਟ ਹੁੰਦੀ ਰਹੀ ਹੈ। ਭਾਵ ਕਿ ਵਕਤੀ ਰੂਪ ਵਿਚ ਚੱਲੀਆਂ ਲਹਿਰਾਂ ਦੀ ਸਮਾਪਤੀ ਤੋਂ ਬਾਅਦ ਫਿਰ ਸਿੱਖੀ ਦੀ ਚੜ੍ਹਦੀ ਕਲਾ ਵੱਲ ਪਰਤੇ ਪੰਜਾਬੀਆਂ ਨੂੰ ਆਪਣੇ ਮੂਲ ਵਿਰਸੇ 'ਤੇ ਮਾਣ ਹੁੰਦਾ ਆਇਆ ਹੈ। ਇਸੇ ਤਰ੍ਹਾਂ ਪੰਜਾਬ ਵਿਚ ਫੈਲਿਆ ਡੇਰਾਵਾਦ ਭਾਵੇਂ ਅੱਜ ਦੇਖਣ ਨੂੰ ਵੱਡੀ ਪੱਧਰ 'ਤੇ ਵਿਗਸਦਾ ਦਿਸ ਰਿਹਾ ਹੈ ਪਰ ਇਹ ਵੀ ਇਕ ਮਹਿਜ ਲਹਿਰ ਮਾਤਰ ਹੀ ਹੈ। ਅੱਜ ਜੋ ਲੋਕ ਇਹਨਾਂ ਡੇਰਿਆਂ ਦੇ ਪ੍ਰਮੁੱਖ ਪ੍ਰਚਾਰਕ ਬਣੇ ਹੋਏ ਹਨ ਛੇਤੀ ਹੀ ਮੁੜ ਸਿੱਖੀ ਵੱਲ ਪਰਤਣਗੇ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਆਪਣੇ ਖਾਨਦਾਨ ਦੀ ਸਿੱਖੀ ਰਵਾਇਤ ਛੱਡ ਕੇ ਸਿੱਖ ਦੁਸ਼ਮਣਾਂ ਨਾਲ ਰਲ ਕੇ ਗੁਰੂ ਬਖਸ਼ਿਸ਼ ਤੋਂ ਖੁਦ ਵਾਂਝੇ ਨਾ ਹੋਣ। ਇਹ ਵੀ ਜ਼ਰੂਰੀ ਨਹੀਂ ਕਿ ਕੈਪਟਨ ਵਲੋਂ ਡੇਰਾ ਸਰਸਾ ਦੀ ਫੇਰੀ ਕਾਂਗਰਸ ਦੀ ਬੇੜੀ ਪਾਰ ਲਾ ਦੇਵੇਗੀ ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਡੇਰਾ ਸਰਸਾ ਦੇ ਪ੍ਰੇਮੀਆਂ ਨੇ ਕਾਂਗਰਸ ਦੀ ਸਿੱਧੀ ਮਦਦ ਕੀਤੀ ਹੋਣ ਦੇ ਬਾਵਜੂਦ ਵੀ ਕਾਂਗਰਸ ਆਪਣਾ ਸ਼ਾਸਨ ਕਾਇਮ ਨਹੀਂ ਸੀ ਰੱਖ ਸਕੀ। ਇਸ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰੇਦਾਰਾਂ ਦੇ ਪੱਖ ਵਿਚ ਉਠਾਇਆ ਗਿਆ ਕਦਮ ਉਹਨਾਂ ਦੀ ਕਾਂਗਰਸ ਪਾਰਟੀ ਨਾਲ ਸਿੱਖਾਂ ਨੂੰ ਤੋੜਨ ਦਾ ਕੰਮ ਕਰੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਤੇਲੀ ਨਾਲ ਸਾਕਾਦਾਰੀ ਤੋਂ ਬਾਅਦ ਵੀ ਰੁੱਖਾ ਖਾਣਾ ਪੈ ਸਕਦਾ ਹੈ।