ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜੇ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚੱਲੇ ਹੋਂ...


ਦੁਨੀਆਂ ਦੇ ਹਰ ਕੋਨੇ ਵਿਚ ਬੈਠਾ ਸਿੱਖ ਹਰ ਰੋਜ਼ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ। ਹਰ ਸਿੱਖ ਦੇ ਮਨ ਵਿਚ ਗੁਰੂਆਂ ਦੁਆਰਾ ਸਥਾਪਿਤ ਇਹ ਰੂਹਾਨੀ ਸਥਾਨ ਖਿੱਚ ਪਾਉਂਦਾ ਹੈ ਉਸ ਦਾ ਮਨ ਹਮੇਸ਼ਾ ਚਾਹੁੰਦਾ ਹੈ ਕਿ ਕਦ ਉਹ ਸੁਨਹਿਰੀ ਸਮਾਂ ਆਵੇਗਾ ਜਦੋਂ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਧੰਨ-ਧੰਨ ਹੋ ਜਾਵੇ। ਇਸ ਲਈ ਸਿੱਖਾਂ ਨੇ ਇਸ ਮਨੋਹੂਕ ਨੂੰ ਆਪਣੀ ਨਿੱਤ ਦੀ ਅਰਦਾਸ ਦਾ ਹਿੱਸਾ ਬਣਾ ਲਿਆ ਹੈ।
ਸੱਚਮੁਚ ਹੀ ਜੇ ਪ੍ਰਮਾਤਮਾ ਨੇ ਤੁਹਾਡੀ ਅਰਦਾਸ ਮਨਜ਼ੂਰ ਕਰ ਲਈ ਹੈ ਅਤੇ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚੱਲੇ ਹੋਂ ਤਾਂ ਕੁਝ ਗੱਲਾਂ ਦਾ ਖਿਆਲ ਜ਼ਰੂਰ ਰੱਖਿਓ। ਇਹ ਨਾ ਹੋਵੇ ਕਿ ਤੁਸੀਂ ਮਨੋਸ਼ਾਂਤੀ ਪ੍ਰਾਪਤ ਕਰਨ ਗਏ ਉਥੋਂ ਸਗੋਂ ਹੋਰ ਭੜਕਦੇ ਮਨ ਨਾਲ ਘਰ ਪਰਤਣਾ ਪਵੇ। ਇਹ ਵੀ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਕਦੇ ਵੀ ਤੁਹਾਡਾ ਮਨ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਨੂੰ ਨਾ ਕਰੇ। ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ? ਹਾਂ ਜੀ ਇਹ ਸੱਚ ਹੈ। ਜੇਕਰ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚੱਲੇ ਹੋਂ ਤਾਂ ਸਭ ਤੋਂ ਪਹਿਲਾਂ ਆਪਣੀ ਇੱਜ਼ਤ ਦਾ ਖਿਆਲ ਛੱਡ ਦਿਉ। ਦਰਬਾਰ ਸਾਹਿਬ ਦਾ ਕੋਈ ਵੀ ਬਰਛਾਧਾਰੀ ਮੁਲਾਜ਼ਮ ਤੁਹਾਨੂੰ ਬੇਇੱਜ਼ਤ ਕਰ ਸਕਦਾ ਹੈ। ਤੁਸੀਂ ਇਹ ਆਸ ਨਾ ਰੱਖਿਓ ਕਿ ਹਰ ਸਮੇਂ ਮੁੱਖ ਸਿੱਖ ਅਧਿਆਧਮਕ ਕੇਂਦਰ ਵਿਚ ਰਹਿੰਦੇ ਸੇਵਾਦਾਰ ਤੁਹਾਨੂੰ ਅੰਮ੍ਰਿਤਮਈ ਬਚਨ ਸੁਣਾਉਣਗੇ ਜਾਂ ਤੁਹਾਡੇ ਨਾਲ ਨਿਮਰਤਾ ਨਾਲ ਪੇਸ਼ ਆਉਣਗੇ। ਤੁਸੀਂ ਭੁੱਲ ਕੇ ਵੀ ਸਰਾਵਾਂ ਵਿਚ ਰਹਿਣ ਲਈ ਕਮਰਾ ਮੰਗਣ ਨਾ ਚਲੇ ਜਾਇਓ, ਤੁਹਾਡਾ ਮਨ ਇੱਥੇ ਹੀ ਖੱਟਾ ਹੋ ਸਕਦਾ ਹੈ ਕਿਉਂਕਿ ਸਰਾਵਾਂ ਦੇ ਬਹੁਤੇ ਕਮਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ, ਉਹਨਾਂ ਦੇ ਰਿਸ਼ਤੇਦਾਰਾਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਲਈ ਬੁੱਕ ਕੀਤੇ ਹੁੰਦੇ ਹਨ। ਸੈਂਕੜਿਆਂ ਦੀ ਗਿਣਤੀ ਵਿਚ ਇਹ ਕਮਰੇ ਹਮੇਸ਼ਾ ਲਈ ਜਿੰਦਾਬੰਦ ਹੁੰਦੇ ਹਨ ਤਾਂ ਕਿ ਕਿਸੇ ਵੀ ਸਮੇਂ ਕਿਸੇ ਵੀ ਕਮੇਟੀ ਮੁਲਾਜ਼ਮ ਜਾਂ ਮੈਂਬਰਾਂ ਦੇ ਬੰਦੇ ਇਥੇ ਠਹਿਰਨ ਲਈ ਪੁੱਜ ਸਕਦੇ ਹਨ ਇਸ ਲਈ ਸੰਗਤਾਂ ਦੀ ਥਾਂ ਇਹਨਾਂ ਸੰਭਾਵੀ ਸ਼ਰਧਾਲੂਆਂ ਲਈ ਜਿੰਦੇ ਜੜੇ ਆਪਣੇ ਆਪ ਬੁੱਕ ਹੁੰਦੇ ਹਨ। ਫਿਰ ਵੀ ਜੇ ਤੁਸੀਂ ਇਹਨਾਂ ਕਮਰਿਆਂ ਦੇ ਖਾਲੀ ਹੋਣ ਬਾਰੇ ਪੁੱਛ ਲਿਆ ਤਾਂ ਤੁਹਾਡੀ ਖੈਰ ਨਹੀਂ ਜਾਂ ਤੁਸੀਂ ਕਿਸੇ ਹੋਰ ਸਰਾਂ ਵਿਚ ਕਮਰਾ ਬੁੱਕ ਕਰਵਾਉਣ ਲਈ ਗੁਰੂ ਅਰਜਨ ਦੇਵ ਨਿਵਾਸ ਚਲੇ ਗਏ ਤਾਂ ਤੁਹਾਨੂੰ ਇਥੇ ਅਜੀਬ ਕਿਸਮ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਕੁਰਸੀ ਦੇ ਨਾਲ ਬੈਠਾ ਕੋਈ ਨਾ ਕੋਈ ਵਿਅਕਤੀ ਤੁਹਾਨੂੰ ਬਾਹਰ ਹੋਟਲ ਵਿਚ ਕਮਰਾ ਲੈਣ ਲਈ ਆਖੇਗਾ ਅਤੇ ਤੁਹਾਡੀ ਹਾਂ ਤੋਂ ਬਾਅਦ ਇਥੇ ਬੈਠਾ ਹੀ ਬਾਹਰ ਦੇ ਹੋਟਲ ਦਾ ਕਮਰਾ ਬੁੱਕ ਕਰ ਦੇਵੇਗਾ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਿਆ ਕੋਈ ਵੀ ਸਿੱਖ ਸ਼ਰਧਾਲੂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ, ਦੀਵਾਨ ਮੰਜੀ ਹਾਲ ਜਾਂ ਫਿਰ ਗੁਰੂ ਰਾਮਦਾਸ ਲੰਗਰ ਦੇ ਸਾਹਮਣੇ ਵਾਲੇ ਪਾਰਕ ਵਿਚ ਰਾਤ ਦਾ ਵਿਸਰਾਮ ਕਰ ਸਕਦਾ ਸੀ ਪਰ ਹੁਣ ਤੁਹਾਨੂੰ ਇਹਨਾਂ ਥਾਵਾਂ 'ਤੇ ਵੀ ਰਾਤ ਨਹੀਂ ਕੱਟਣ ਦਿੱਤੀ ਜਾਵੇਗੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬਾਹਰਲੇ ਹੋਟਲਾਂ ਵਾਲਿਆਂ ਨੂੰ ਘਾਟਾ ਪੈ ਸਕਦਾ ਹੈ।
ਜੇ ਤੁਸੀਂ ਗਠੜੀ ਘਰ ਵਿਚ ਰਾਤ ਨੂੰ ਆਪਣਾ ਸਮਾਨ ਜਮਾਂ ਕਰਵਾ ਕੇ ਚਾਬੀ ਪ੍ਰਾਪਤ ਕੀਤੀ ਹੈ ਤਾਂ ਸੁਭਾ ਆਪਣੇ ਪੈਸੇ ਨਿਯਮਾਂ ਅਨੁਸਾਰ ਵਾਪਸ ਲੈਣ ਦੀ ਝਾਕ ਨਾ ਰੱਖੋ ਸਗੋਂ ਆਪਣਾ ਬੈਗ ਆਦਿ ਕੱਢ ਕੇ ਹੋਰਨਾਂ ਬਹੇ ਸ਼ਰਧਾਲੂਆਂ ਵਾਂਗ ਚਾਬੀ ਨੂੰ ਮੇਜ਼ 'ਤੇ ਰੱਖ ਕੇ ਅਗਲੇ ਪੈਂਡੇ ਲਈ ਚਾਲੇ ਪਾ ਦਿਉ। ਜੇ ਤੁਸੀਂ ਪੈਸੇ ਵਾਪਸ ਲੈਣਲਈ ਮੁਲਾਜ਼ਮ ਦੀ ਉਡੀਕ ਕਰਨ ਲੱਗ ਪਏ ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣਾ ਸਾਰਾ ਯਾਤਰਾ ਟਾਈਮ-ਟੇਬਲ ਵਿਗਾੜ ਲਵੋ, ਕਿਉਂਕਿ 11 ਵਜੇ ਤੱਕ ਕੋÂ ਵੀ ਮੁਲਾਜ਼ਮ ਤੁਹਾਨੂੰ ਪੈਸੇ ਵਾਪਸ ਦੇਣ ਲਈ ਮੁੱਖ ਕਾਊਂਟਰ 'ਤੇ ਲਗਾਤਾਰ ਨਹੀਂ ਬੈਠੇਗਾ। ਇਸ ਲਈ ਚੰਗਾ ਹੈ ਕਿ ਮਨ ਦੀ ਸ਼ਾਂਤੀ ਬਣਾਈ ਰੱਖਣ ਲਈ ਜਮਾਂ ਕੀਤੇ ਗਏ ਕੁਝ ਰੁਪਈਆਂ ਨੂੰ ਵੀ ਆਪਣੇ ਖਰਚੇ ਦਾ ਹਿੱਸਾ ਮੰਨ ਕੇ ਸਬਰ ਕਰ ਲਵੋ।
ਦਰਬਾਰ ਸਾਹਿਬ ਦੀ ਪ੍ਰਕਰਮਾ ਕਰਦੇ ਸਮੇਂ ਵੀ ਤੁਹਾਨੂੰ ਨੀਵੀਂ ਪਾ ਕੇ ਦਰਾਬ ਸਾਹਿਬ ਹੀ ਜਾਣਾ ਠੀਕ ਰਹੇਗਾ। ਜੇ ਤੁਸੀਂ ਇਧਰ-ਉਧਰ ਦੇਖਿਆ ਤਾਂ ਕਈ ਲੋਕ ਤੁਹਾਨੂੰ ਇਥੇ ਲੱਗੀਆਂ ਬੇਰੀਆਂ ਅਤੇ ਪ੍ਰਕਰਮਾਂ 'ਚ ਬਣੀ ਇਕ ਸਮਾਧ ਨੂੰ ਮੱਥਾ ਟੇਕਦੇ ਵੀ ਦਿਸਣਗੇ, ਤੁਸੀਂ ਜਗਿਆਸੂ ਬਣ ਕੇ ਵੀ ਕਿਸੇ ਨੂੰ ਇਹ ਮਨਮੱਤ ਬਾਰੇ ਪੁੱਛ ਲਿਆ ਤਾਂ ਤੁਹਾਡੀ ਸ਼ਾਮਤ ਆ ਸਕਦੀ ਹੈ। ਤੁਸੀਂ ਭੁੱਲ ਕੇ ਵੀ ਕਦੇ ਸੁਭਾ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਨਹਾਉਣ ਜਾਂ ਹਾਜ਼ਤ ਲਈ ਨਾ ਚਲੇ ਜਾਇਓ। ਇਥੇ ਤੁਹਾਡੀ ਜੇਬ ਕੱਟੀ ਜਾ ਸਕਦੀ ਹੈ ਜਾਂ ਫਿਰ ਤੁਸੀਂ ਇਥੇ ਹੋਰ ਨਜ਼ਾਰਾ ਦੇਖ ਕੇ ਤਬਕ ਸਕਦੇ ਹੋਂ। ਤੁਸੀਂ ਦੇਖੋਗੇ ਕਿ ਕਈ ਲੋਕ ਇਥੇ ਸ਼ੀਸ਼ੇ ਮੂਹਰੇ ਰੱਖ ਕੇ ਆਪਣੀ ਦਾੜ੍ਹੀ ਦੀ ਸੇਵ ਕਰ ਰਹੇ ਹਨ। ਇਥੇ ਤਾਂ ਤਮਾਕੂ ਵਰਤਨ ਵਾਲਿਆਂ ਦੀ ਵੀ ਘਾਟ ਨਹੀਂ ਹੋਵੇਗੀ।
ਇਥੇ ਖਾਲੀ ਪਏ ਕਮਰਿਆਂ ਨੂੰ ਲੱਗੇ ਜਿੰਦੇ ਅਤੇ ਧਰਤੀ 'ਤੇ ਬਿਨਾਂ ਕਿਸੇ ਕੱਪੜੇ-ਲੀੜੇ ਤੋਂ ਪਈ ਗੁਰੂ ਦੀ ਸੰਗਤ ਵੱਲ ਸੋਚ ਕੇ ਤੁਹਾਡਾ ਮਨ ਦੁਖੀ ਹੋ ਸਕਦਾ ਹੈ।
ਜਲ੍ਹਿਆਂ ਵਾਲੇ ਬਾਗ ਵੱਲ ਦੇ ਦੀਵਾਰ 'ਤੇ ਖੜ੍ਹੇ ਕਮੇਟੀ ਮੁਲਾਜ਼ਮਾਂ ਨੂੰ ਤੁਸੀਂ ਵਿਦੇਸ਼ੀ ਸੈਲਾਨੀਆਂ ਦੀ ਜਬਰਦਸਤ ਟੋਕ-ਟੋਕੀ ਕਰਦੇ ਦੇਖ ਸਕਦੇ ਹੋਂ ਪਰ ਇਹ ਹੀ ਵਿਦੇਸ਼ੀ ਸੈਲਾਨੀ ਜਦੋਂ ਕੇਂਦਰੀ ਸਿੱਖ ਅਜਾਇਬਘਰ ਵਿਚ ਚਿੱਤਰਾਂ ਨੂੰ ਦੇਖਦੇ ਹਨ ਤਾਂ ਆਪਣੇ ਹੀ ਅੰਦਾਜ਼ੇ ਲਗਾਉਂਦੇ ਰਹਿੰਦੇ ਹਨ ਇਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦੇਣ ਵਾਲਾ ਗਾਈਡ ਨਾ ਹੋਣਾ ਤੁਹਾਨੂੰ ਬੇਚੈਨ ਕਰ ਸਕਦਾ ਹੈ।
ਇਸ ਲਈ ਤੁਹਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚੱਲੇ ਹੋਂ ਤਾਂ ਸਿੱਧੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਜਾਵੋ। ਆਸੇ-ਪਾਸੇ ਦਾ ਪ੍ਰਬੰਧਕੀ ਢਾਂਚਾ ਤੁਹਾਨੂੰ ਮਾਫ਼ਕ ਨਹੀਂ ਆ ਸਕੇਗਾ ਅਜੇ ਸਾਡੀ ਸਿੱਖ ਕੌਮ ਖੁਦ ਵੀ ਨਹੀਂ ਚਾਹੁੰਦੀ ਕਿ ਇਸ ਪ੍ਰਬੰਧ ਵਿਚ ਸੁਧਾਰ ਹੋਵੇ। ਜਦੋਂ ਸਾਡੇ ਪੰਥਕ ਆਗੂ ਆਪਸ ਵਿਚ ਰਲ-ਮਿਲ ਕੇ ਨਵੇਂ ਮਹੰਤਾਂ ਹੱਥੋਂ ਪ੍ਰਬੰਧ ਸੰਭਾਲਣਗੇ ਤਾਂ ਆਸੇ ਪਾਸੇ ਦੇ ਨਜ਼ਾਰਿਆਂ ਦਾ ਵੀ ਜ਼ਰੂਰ ਅਨੰਦ ਮਾਣਿਓ। ਹਾਂ, ਹਾਲ ਦੀ ਘੜੀ ਤੁਸੀਂ ਜੋੜਾ ਘਰਾਂ ਦੇ ਸੇਵਾਦਾਰਾਂ, ਲੰਗਰ ਵਿਚ ਸੇਵਾ ਕਰ ਰਹੇ ਗੁਰਸਿੱਖਾਂ, ਪਾਣੀ ਦੀ ਛਬੀਲ ਵਾਲੇ ਸਿੱਖਾਂ ਦੀ ਸ਼ਰਧਾ ਦੇਖ ਕੇ ਆਉਣ ਵਾਲੇ ਭਲੇ ਦਿਨਾਂ ਦਾ ਕਿਆਸ ਕਰ ਸਕਦੇ ਹੋ।