ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਹੋਂਦ ਕਾਂਡ ਬਨਾਮ ਸਿੱਖ ਹੋਂਦ


ਨਵੰਬਰ 1984 ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸਿੱਖਾਂ ਨੂੰ ਸਮੂਹਿਕ ਰੂਪ ਵਿਚ ਕਤਲ ਕਰਨ ਅਤੇ ਹੋਰ ਹੋਏ ਘਰਾਉਣੇ ਕਾਰਿਆਂ ਨੂੰ ਸਿੱਖ ਨਸਲਕੁਸ਼ੀ ਦਾ ਨਾਮ ਦਿੱਤਾ ਗਿਆ ਹੈ ਦਿੱਲੀ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਹੋਏ ਜ਼ੁਲਮ ਵਿਚੋਂ ਇਕ ਥਾਂ ਹਰਿਆਣਾ ਦਾ ਪਿੰਡ ਹੋਂਦ ਚਿੱਲੜ ਵੀ ਹੈ ਜਿੱਥੇ ਵਸਦੇ 32 ਦੇ ਕਰੀਬ ਸਿੱਖ ਪਰਿਵਾਰਾਂ ਨੂੰ ਵਹਿਸ਼ੀਆਨਾ ਢੰਗ ਨਾਲ ਖਤਮ ਕਰਨ ਅਤੇ ਲੁੱਟ ਮਾਰਨ ਦੀ ਗੈਰਮਨੁੱਖੀ ਘਟਨਾ ਹੋਈ ਸੀ। ਘਟਨਾ ਦੇ 26 ਸਾਲ ਬਾਅਦ ਇਸ ਮਸਲੇ ਨੂੰ ਹੁਣ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਸਿੱਖ ਆਗੂਆਂ ਖਾਸ 'ਸਿੱਖ ਨਸਲਕੁਸ਼ੀ' ਦੇ ਅਜਿਹੇ ਸਬੂਤ ਹੱਥ ਲੱਗ ਗਏ ਹਨ ਜਿਸ ਕਰਕੇ ਸਿੱਖ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲ ਹੀ ਜਾਣਗੀਆਂ।
ਦੂਸਰੇ ਪਾਸੇ ਹੋਂਦ ਚਿੱਲੜ ਕਾਂਡ ਦੇ ਪੀੜਤ ਸਿੱਖਾਂ ਵੱਲੋਂ ਇਹ ਕਾਂਡ ਉਛਾਲੇ ਜਾਣ ਨੂੰ ਜ਼ਖਮ ਕੁਰੇਦੇ ਜਾਣ ਵਜੋਂ ਲਿਆ ਹੈ। ਇਸ ਕਤਲੇਆਮ ਵਿਚੋਂ ਬਚੇ ਸਿੱਖਾਂ ਮਹਿੰਦਰ ਸਿੰਘ ਸੋਹਲ, ਅਮਰਜੀਤ ਸਿੰਘ ਅਤੇ ਇਕਬਾਲ ਸਿੰਘ ਤੋਂ ਇਲਾਵਾ ਸ੍ਰ. ਜੋਗਿੰਦਰ ਸਿੰਘ ਮੱਕੜ ਨਾਮ ਦੇ ਸਿੱਖਾਂ ਨੇ ਕਿਹਾ ਹੈ ਕਿ ਅਸੀਂ ਸਿੱਖ ਆਗੂਆਂ ਪਾਸ ਸਾਡੇ ਨਾਲ ਹੋਏ ਜ਼ੁਲਮ ਦੀ ਕਹਾਣੀ ਵਾਰ-ਵਾਰ ਦੱਸੀ ਹੈ ਪਰ 26 ਸਾਲ ਤੱਕ ਸਾਡੀ ਕਿਸੇ ਵੀ ਸਿੱਖ ਆਗੂ ਨੇ ਗੱਲ ਨਹੀਂ ਸੁਣੀ। ਇਹਨਾਂ ਵਿਚ ਸ੍ਰ. ਜੋਗਿੰਦਰ ਸਿੰਘ ਮੱਕੜ ਨੇ ਤਾਂ ਇਥੋਂ ਤੱਕ ਵੀ ਆਖਿਆ ਹੈ ਕਿ ਉਹ ਖੁਦ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਕਈ ਵਾਰ ਮਿਲ ਚੁੱਕੇ ਹਨ ਜਿਥੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਇਸੇ ਤਰ੍ਹਾਂ ਇਸ ਕਾਂਡ ਦੇ ਪੀੜਤ ਸਿੱਖਾਂ ਨੇ ਬਠਿੰਡਾ ਵਿਚ ਇਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਹਰ ਪੰਜ ਸਾਲ ਬਾਅਦ ਵੋਟਾਂ ਸਮੇਂ ਰਾਜਸੀ ਲੋਕ ਸਾਡੀਆਂ ਪੀੜਾਂ ਨੂੰ ਵਧਾ ਦਿੰਦੇ ਹਨ ਅਸੀਂ ਸਿੱਖ ਫੈਡਰੇਸ਼ਨ ਦੇ ਆਗੂਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਮੌਜੂਦਾ ਜਾਂਚ ਕਮੇਟੀ ਦੇ ਮੈਂਬਰਾਂ ਨੂੰ ਕਈ ਸਾਲ ਪਹਿਲਾਂ ਹੀ ਮਿਲ ਕੇ ਆਪਣਾ ਦੁਖੜਾ ਸੁਣਾ ਚੁੱਕੇ ਹਾਂ ਅਤੇ ਇਸ ਮਸਲੇ ਦਾ ਕੋਈ ਹੱਲ ਨਾ ਨਿਕਲਣ ਤੋਂ ਬਾਅਦ 26 ਜਨਵਰੀ 2010 ਅਤੇ 15 ਅਗਸਤ 2010 ਨੂੰ ਕਾਲੇ ਬਿੱਲੇ ਲਾ ਕੇ ਧਰਨੇ ਵੀ ਦੇ ਚੁੱਕੇ ਹਾਂ। ਪਿੰਡ ਹੋਂਦ ਚਿੱਲੜ ਵਿਚ ਨਸਲਕੁਸ਼ੀ ਦਾ ਸ਼ਿਕਾਰ ਹੋਏ ਸਿੱਖਾਂ ਬਾਰੇ 25 ਮਾਰਚ 1985 ਨੂੰ ਹਰਿਆਣਾ ਵਿਧਾਨ ਸਭਾ ਵਿਚ ਵੀ ਮਾਮਲਾ ਉਠਾਇਆ ਜਾ ਚੁੱਕਾ ਹੈ। ਇਹ ਸਾਰੀਆਂ ਗੱਲਾਂ ਨੂੰ ਧਿਆਨ ਗੋਚਰੇ ਰੱਖਦੇ ਹੋਏ ਕੀ ਅਸੀਂ ਸਮਝਦੇ ਹਾਂ ਕਿ ਇਹ ਮਾਮਲਾ ਬਿਲਕੁਲ ਨਵਾਂ ਸਾਹਮਣਾ ਆਇਆ ਹੈ? ਨਾ ਹੀ ਹਰਿਆਣਾ ਦਾ ਪਿੰਡ ਹੋਂਦ ਚਿੱਲੜ ਕੋਈ ਐਸਾ ਜੰਗਲੀ ਇਲਾਕਾ ਹੈ ਜਿਥੇ ਵਾਪਰੇ ਇਸ ਘਟਨਾਕ੍ਰਮ ਦੀ ਸੂਹ ਲੋਕਾਂ ਨੂੰ ਨਾ ਲੱਗੀ ਹੋਵੇ।
ਸਿੱਖਾਂ ਦੀ ਇਹ ਤਰਾਸਦੀ ਰਹੀ ਹੈ ਕਿ ਉਹ ਕਿਸੇ ਵੀ ਕੰਮ ਨੂੰ ਆਪਣੇ ਹੱਥਾਂ ਵਿਚ ਲੈਣ ਤੋਂ ਪਹਿਲਾਂ ਇਹ ਸੋਚਣ ਲੱਗੇ ਹਨ ਕਿ ਉਹਨਾਂ ਨੂੰ ਇਸ ਮਾਮਲੇ ਵਿਚ ਕਿੰਨਾ ਕੁ ਰਾਜਸੀ ਲਾਭ ਪ੍ਰਾਪਤ ਹੋਵੇਗਾ। ਹੁਣ ਜਦੋਂ ਸਾਡੇ ਸਿੱਖ ਆਗੂਆਂ ਨੇ ਸਿੱਖ ਨਸਲਕੁਸ਼ੀ ਦਾ ਮਾਮਲਾ ਜ਼ੋਰ ਸੋਰ ਨਾਲ ਸਭ ਦੇ ਸਾਹਮਣੇ ਲਿਆਂਦਾ ਹੈ ਤਾਂ ਵੀ ਇਸ ਮਸਲੇ ਪਿੱਛੇ ਇਨਸਾਫ਼ ਪ੍ਰਾਪਤੀ ਦੀ ਥਾਂ ਆਪਣੇ ਨਿੱਜੀ ਲਾਭਾਂ ਨੂੰ ਪ੍ਰਾਪਤ ਕਰਨ ਦੇ ਸਰੋਕਾਰ ਵਧੇਰੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਤੀਹਰਾ ਰਾਜਸੀ ਲਾਭ ਪ੍ਰਾਪਤ ਕਰਨ ਦੀ ਤਾਕ ਵਿਚ ਇਸ ਮਾਮਲੇ ਨੂੰ ਉਸ ਸਮੇਂ ਤੂਲ ਦਿੱਤੀ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਵਿਧਾਨ ਸਭਾ ਚੋਣਾਂ ਸਿਰ ਉਤੇ ਹਨ ਅਤੇ ਤੀਸਰਾ ਸਿੱਖ ਕੌਮ ਦੀ ਵੱਖਰੀ ਪਹਿਚਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਮਲੀਆਮੇਟ ਕਰਕੇ ਚੇਤਨ ਸਿੱਖਾਂ ਵੱਲੋਂ ਕੀਤੇ ਜਾਂਦੇ ਪ੍ਰਚਾਰ ਨੂੰ ਵੀ ਦਬਾਅ ਦਿੱਤਾ ਗਿਆ ਹੈ। ਹੁਣ ਜਿੱਥੇ ਪਾਲ ਸਿੰਘ ਪੁਰੇਵਾਲ ਵਾਲੇ ਕੈਲੰਡਰ 'ਤੇ ਚੱਲ ਰਹੀ ਭਖਵੀਂ ਵਿਚਾਰਚਰਚਾ ਦਬ ਗਈ ਹੈ ਉਥੇ ਅਗਾਮੀ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਆਪਣੀ ਰਾਜਸੀ ਵਿਰੋਧੀ ਪਾਰਟੀ ਕਾਂਗਰਸ ਨੂੰ ਭੰਡਣ ਦਾ ਵੀ ਇਕ ਜ਼ਰੀਆ ਲੋਕਾਂ ਦੇ ਮਨ ਵਿਚ ਫਿੱਟ ਕਰ ਦਿੱਤਾ ਹੈ।  ਜਦੋਂ ਰਾਜਸੀ ਹਿੱਤਾਂ ਨਾਲ ਜੁੜੀਆਂ ਕੁਝ ਸਿੱਖ ਸੰਸਥਾਵਾਂ ਅਤੇ ਸਿੱਧੇ ਤੌਰ 'ਤੇ ਰਾਜਨੀਤੀ ਵਿਚ ਵਿਚਰਦੀਆਂ ਪਾਰਟੀਆਂ ਨੇ ਹੋਂਦ ਕਾਂਡ ਦਾ ਮੁੱਦਾ ਚੁੱਕਿਆ ਹੈ ਤਾਂ ਇਸੇ ਸਮੇਂ ਹੀ ਪੱਛਮੀ ਬੰਗਾਲ ਦੇ ਪਿੰਡ ਅੰਦਾਲ ਮੋੜ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿੱਥੇ 'ਸਿੱਖ ਨਸਲਕੁਸ਼ੀ' ਸਮੇਂ 15 ਸਿੱਖ ਪਰਿਵਾਰਾਂ ਨੂੰ ਉਜਾੜ ਦਿੱਤਾ ਗਿਆ ਸੀ। ਇਹ ਘਟਨਾ ਵੀ ਬਿਲਕੁਲ 'ਹੋਂਦ ਕਾਂਡ' ਵਰਗੀ ਹੀ ਸੀ ਪਰ ਕਿਸੇ ਵੀ ਸਿੱਖ ਆਗੂ ਨੇ ਇਸ ਕਾਂਡ ਨੂੰ ਅਹਿਮੀਅਤ ਨਹੀਂ ਦਿੱਤੀ ਕਿਉਂਕਿ ਇਹਨਾਂ ਲੋਕਾਂ ਨੇ ਪੱਛਮੀ ਬੰਗਾਲ ਦੇ ਸਿੱਖਾਂ ਤੋਂ ਵੋਟਾਂ ਪ੍ਰਾਪਤ ਨਹੀਂ ਕਰਨੀਆਂ।
ਇਥੇ ਸਾਡੇ ਕਹਿਣ ਦਾ ਭਾਵ ਇਹ ਬਿਲਕੁਲ ਨਹੀਂ ਕਿ ਸਾਨੂੰ ਹੋਂਦ ਕਾਂਡ ਦੇ ਸਿੱਖਾਂ 'ਤੇ ਹੋਏ ਜ਼ੁਲਮ ਦੀ ਅਵਾਜ਼ ਨਹੀਂ ਚੁੱਕਣੀ ਚਾਹੀਦੀ ਸਗੋਂ ਅਸੀਂ ਚਾਹੁੰਦੇ ਹਾਂ ਕਿ ਸੱਚਮੁੱਚ ਹੀ ਇੰਨੇ ਉਤਸ਼ਾਹ ਨਾਲ ਇਹ ਮਾਮਲਾ ਇਨਸਾਫ਼ ਪ੍ਰਾਪਤੀ ਤੱਕ ਉਠਾਇਆ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਹੁਣ ਉਠਾਇਆ ਗਿਆ ਹੈ। ਇਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਹੋਂਦ ਕਾਂਡ ਵਿਚ ਕਮਿਸ਼ਨ ਬਣਾ ਕੇ ਜਾਂਚ ਦੀ ਮੰਗ ਕਰਨ ਵਾਲਿਆਂ ਨੂੰ ਦਿੱਲੀ ਕਤਲੇਆਮ ਵਿਚ ਸਥਾਪਿਤ ਕੀਤੇ ਗਏ 8 ਕਮਿਸ਼ਨਾਂ ਦੀ ਗੱਲ ਚੇਤੇ ਕਿਉਂ ਨਹੀਂ ਰਹੀ ਜਿੱਥੇ 26 ਸਾਲ ਬਾਅਦ ਵੀ ਕੋਈ ਸਫਲਤਾ ਸਾਡੇ ਹੱਥ ਨਹੀਂ ਲੱਗੀ? ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੋ ਹੋਂਦ ਪਿੰਡ ਦਾ ਤੁਰਤੋ-ਫੁਰਤੀ ਦੌਰਾ ਵੀ ਕਰ ਆਏ ਹਨ, ਨੂੰ ਇਹ ਗੱਲ ਯਾਦ ਨਹੀਂ ਕਿ 1984 ਦੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਸਥਾਪਿਤ ਕੀਤੇ ਜਾਣ ਵਾਲੀ ਯਾਦ ਦਾ ਉਹਨਾਂ ਨੇ ਖੁਦ ਵੀ ਵਿਰੋਧ ਕੀਤਾ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਇਹ ਯਾਦਗਾਰ ਬਣਾਉਣ ਬਾਰੇ ਇਕ ਮਤਾ ਵੀ ਪਾਸ ਕਰ ਚੁੱਕਾ ਹੈ। ਇਹ ਯਾਦਗਾਰ ਬਣਾਉਣ ਲਈ ਪਿਛਲੇ ਸਾਲ ਦਲ ਖਾਲਸਾ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਸਮੂਹ ਦੀਆਂ ਸਰਾਵਾਂ ਵਿਚ ਭੁੱਖ ਹੜਤਾਲ ਵੀ ਕਰਨੀ ਪਈ ਸੀ। ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਂਦ ਕਾਂਡ ਨੂੰ ਸਿੱਖ ਵਿਰਾਸਤ ਵਜੋਂ ਸੰਭਾਲਣ ਦੀ ਗੱਲ ਕਿਸ ਮੂੰਹ ਨਾਲ ਕਹਿ ਰਹੇ ਹਨ? ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਇਸ ਕਾਂਡ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹਨਾਂ ਨੂੰ ਇਹ ਖਿਆਲ ਉਸ ਸਮੇਂ ਕਿਉਂ ਨਹੀਂ ਆਇਆ ਜਦੋਂ ਹਰਿਆਣਾ 'ਚ ਬਾਦਲ ਦੇ ਜੋਟੀਦਾਰ ਦੇਵੀ ਲਾਲ ਅਤੇ ਓਮ ਪ੍ਰਕਾਸ਼ ਨੂੰ ਇਹ ਗੱਲ ਬੜੀ ਸਾਫ਼ ਲਫਜ਼ਾਂ ਵਿਚ ਕਹਿਣੀ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਉਸ ਸਮੇਂ ਤੱਕ ਮਿਲ ਹੀ ਨਹੀਂ ਸਕੇਗਾ ਜਦੋਂ ਤੱਕ ਸਾਡੇ ਸਿੱਖ ਆਗੂ ਆਪਣੇ ਰਾਜਸੀ ਮਨੋਰਥ ਛੱਡ ਕੇ ਕੌਮੀ ਹਿੱਤਾਂ ਲਈ ਸੱਚੇ ਦਿਲੋਂ ਸੰਘਰਸ਼ ਨਹੀਂ ਸ਼ੁਰੂ ਕਰ ਦਿੰਦੇ। ਹੁਣ ਜਦੋਂ ਸਾਡੇ ਮੌਜੂਦਾ ਆਗੂ ਕੌਮ ਦੇ ਸਵੈਮਾਨ ਅਤੇ ਕੌਮੀ ਹੋਂਦ ਦੇ ਮਸਲੇ 'ਤੇ ਵੀ ਸਿਆਸਤ ਕਰਨ ਲੱਗੇ ਹੋਏ ਹਨ ਤਾਂ ਇਹਨਾਂ ਨੂੰ ਨਕਾਰਨ ਵਿਚ ਸਾਨੂੰ ਹਿੰਮਤ ਵਰਤਣੀ ਪਵੇਗੀ। ਇਸ ਦੇ ਨਾਲ ਹੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਮਾਲੀ ਮੱਦਦ ਦੇਣ ਵਾਸਤੇ ਵੀ ਸਿੱਖ ਸਮਾਜ ਗੈਰਰਾਜਸੀ ਮੁਹਾਜ਼ ਉਸਾਰਨਾ ਪਵੇਗਾ।