ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿਰਪਾਨ 'ਤੇ ਪਾਬੰਦੀ : ਸਿੱਖ ਆਪਣੇ ਫਰਜ਼ ਵੀ ਸਮਝਣ


ਕਿਊਬਕ ਨੈਸ਼ਨਲ ਅਸੈਂਬਲੀ 'ਚ ਚਾਰ ਸਿੱਖ ਨੌਜਵਾਨਾਂ ਨੂੰ ਕਿਰਪਾਨ ਸਮੇਤ ਦਾਖਲ ਹੋਣ ਤੋਂ ਰੋਕਣ ਦੇ ਬਾਅਦ ਕਨੇਡਾ ਦੀ ਸਿੱਖ ਸਿਆਸਤ ਵਿਚ ਕਾਫੀ ਹਲਚਲ ਹੋਈ ਹੈ। ਚਾਰ ਮੈਂਬਰੀ ਲੀਗਲ ਕੌਂਸਲ ਦੇ ਆਗੂ ਬਲਪ੍ਰੀਤ ਸਿੰਘ ਜਿਨ੍ਹਾਂ ਨੇ ਕਿ ਇਸ ਅਸੈਂਬਲੀ 'ਚ ਬਿਲ 94 'ਤੇ ਆਪਣੇ ਵਿਚਾਰ ਦੇਣ ਲਈ ਜਾਣਾ ਸੀ, ਨੂੰ ਕਿਰਪਾਨ ਸਮੇਤ ਰੋਕੇ ਜਾਣ ਤੋਂ ਬਾਅਦ ਕਿਹਾ ਕਿ ਕਨੇਡਾ ਦੀ ਪਾਰਲੀਮੈਂਟ , ਸੁਪਰੀਮ ਕੋਰਟ ਆਦਿ ਥਾਵਾਂ 'ਤੇ ਗਾਤਰੇ ਵਾਲੀ ਕਿਰਪਾਨ ਲਿਜਾਣ ਦੀ ਮਨਜ਼ੂਰੀ ਮਿਲੀ ਹੋਈ ਹੈ ਇਸ ਲਈ ਉਹਨਾਂ ਨੂੰ ਕਿਊਬਕ ਨੈਸ਼ਨਲ ਅਸੈਂਬਲੀ 'ਚ ਰੋਕਿਆ ਜਾਣਾ ਜਾਇਜ਼ ਨਹੀਂ ਹੈ। ਇਸ ਨੌਜਵਾਨ ਵਕੀਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨਾ ਕਨੇਡਾ ਦੇ 'ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਤਹਿਤ ਨਾਗਰਿਕਾਂ ਨੂੰ ਮਿਲੀ ਅਜ਼ਾਦੀ ਦੇ ਹੱਕਾਂ ਦੀ ਉਲੰਘਣਾ ਹੈ। ਇਸੇ ਤਰ੍ਹਾਂ ਇਕ ਹੋਰ ਮਸਲੇ ਵਿਚ ਕਿਊਬਕ ਨੈਸ਼ਨਲ ਅਸੈਂਬਲੀ ਦੀ ਤਰਜ਼ 'ਤੇ ਹੀ ਕਨੇਡਾ ਦੀ ਸੰਸਦ ਵਿਚ ਕਿਰਪਾਨ ਵਿਰੁੱਧ ਮਤਾ ਲਿਆਂਦੇ ਜਾਣ ਦੀ ਕੋਸ਼ਿਸ਼ ਨੂੰ ਅਸਫਲ ਕੀਤਾ ਗਿਆ ਹੈ।
ਕਿਰਪਾਨ ਮਾਮਲੇ 'ਤੇ ਹੋਏ ਇਸ ਤਾਜ਼ਾ ਘਟਨਾਕ੍ਰਮ ਕਰਕੇ ਦੇਸ਼ ਵਿਦੇਸ਼ ਵਿਚਲੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਆਗੂਆਂ ਨੇ ਕਿਰਪਾਨ 'ਤੇ ਪਾਬੰਦੀ ਲਾਏ ਜਾਣ ਨੂੰ ਸਿੱਖ ਧਰਮ ਦੀ ਅਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਹੈ। ਖਾਸਕਰ ਕਨੇਡਾ ਵੱਸਦੇ ਸਿੱਖਾਂ 'ਚ ਹੋਈ ਹਲਚਲ ਵਿਚ ਇਸ ਮਸਲੇ ਨੂੰ ਸਿੱਖ ਧਰਮ ਦਾ ਸਾਂਝਾ ਮੁੱਦਾ ਸਮਝ ਕੇ ਕੋਈ ਸਰਬਸਾਂਝਾ ਉਪਾਅ ਸੋਚਣ ਲਈ ਸੈਮੀਨਾਰ ਕਰਵਾ ਰਹੇ ਹਨ। ਇਹਨਾਂ ਸੈਮੀਨਾਰਾਂ ਵਿਚ ਕਿਰਪਾਨ ਨੂੰ ਇਕ ਸ਼ਸਤਰ ਜਾਂ ਚਿੰਨ੍ਹ ਵਜੋਂ ਪ੍ਰਭਾਸਿਤ ਕਰਨ ਲਈ ਇਕਮੱਤਤਾ ਪੈਦਾ ਕਰਨ ਦੇ ਮਕਸਦ ਨਾਲ ਹਾਲ ਹੀ ਵਿਚ ਬਰੈਂਪਟਨ ਦੇ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਚ ਕੀਤੀ ਗਈ ਵਿਚਾਰ ਗੋਸ਼ਟੀ ਵਿਚ ਵਿਦਵਾਨ ਸੱਜਣਾਂ ਨੇ ਸਰਬਸੰਮਤੀ ਨਾਲ ਤਹਿ ਕੀਤਾ ਹੈ ਕਿ ਸਿੱਖਾਂ ਵੱਲੋਂ ਪਹਿਨੀ ਜਾਂਦੀ ਕਿਰਪਾਨ ਇਕ ਸ਼ਸਤਰ ਹੈ ਜਿਸ ਨੂੰ ਮਹਿਜ਼ ਚਿੰਨ੍ਹ ਸਮਝਣਾ ਵੱਡੀ ਭੁੱਲ ਹੈ।
ਕਨੇਡਾ ਦੀ ਧਰਤੀ 'ਤੇ ਸਿੱਖ ਅੱਜ ਤੋਂ ਕੋਈ ਇਕ ਸਦੀ ਪਹਿਲਾਂ ਪੁੱਜ ਗਏ ਸਨ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਇੱਥੇ ਸਥਾਪਿਤ ਹੋਣ ਲਈ ਵੱਡੇ ਘੋਲਾਂ ਵਿਚੋਂ ਲੰਘਣਾ ਪਿਆ ਹੈ। ਇਥੇ ਰਹਿਣ ਲਈ ਪੇਸ਼ ਆਉਂਦੀਆਂ ਹੋਰ ਸੰਵਿਧਾਨਕ ਔਕੜਾਂ ਤੋਂ ਇਲਾਵਾ ਸਿੱਖਾਂ ਨੂੰ ਪੱਗ ਅਤੇ ਪੰਜ ਕਕਾਰਾਂ ਵਿਚ ਸ਼ਾਮਲ ਕਿਰਪਾਨ ਮਾਮਲਾ ਹਮੇਸ਼ਾ ਚਰਚਾ ਵਿਚ ਰਿਹਾ ਹੈ। ਕਿਰਪਾਨ ਜਿਸ ਦੇ ਅੱਖਰੀ ਅਰਥ ਕਿਰਪਾ (ਦਇਆ) ਅਤੇ + ਆਨ (ਸ਼ਾਨ, ਇੱਜ਼ਤ, ਗੈਰਤ) ਤੋਂ ਭਾਵ ਉਹ ਸ਼ਸਤਰ ਹੈ ਜੋ ਖੁਦ ਦੇ ਸਨਮਾਨ ਅਤੇ ਇੱਜ਼ਤ ਦੀ ਰੱਖਿਆ ਲਈ ਚਲਾਉਣ ਸਮੇਂ ਵੀ ਦਇਆ ਦੀ ਭਾਵਨਾ ਵਜੋਂ ਵਰਤਿਆ ਜਾਵੇ। ਭਾਵ ਕਿ ਇਸ ਹਥਿਆਰ ਨੂੰ ਔਖੇ ਸਮੇਂ ਵਰਤਣ ਸਮੇਂ ਵੀ ਵਿਵੇਕ ਦਾ ਲੜ ਫੜ ਕੇ ਹੀ ਇਸ ਦੀ ਵਰਤੋਂ ਕੀਤੀ ਜਾਵੇ। ਪਿਛਲੇ ਸਮੇਂ ਵਿਚ ਅਸੀਂ ਦੇਖਿਆ ਹੈ ਕਿ ਗੁਰੂ ਸਾਹਿਬਾਨਾਂ ਵੱਲੋਂ ਆਪਣੇ ਸਿੱਖਾਂ ਨੂੰ ਬਾਦਸ਼ਾਹੀ ਰੋਅਬ ਦੀ ਬਖਸ਼ਿਸ਼ ਦਾ ਕਈ ਥਾਵਾਂ 'ਤੇ ਸਹੀ ਇਸਤੇਮਾਲ ਵੀ ਨਹੀਂ ਕੀਤਾ ਗਿਆ ਜਿਸ ਨੇ ਵਿਦੇਸ਼ੀ ਸਰਕਾਰਾਂ ਨੂੰ ਇਸ ਧਾਰਮਿਕ ਅੰਗ 'ਤੇ ਪਾਬੰਦੀ ਲਾਉਣ ਲਈ ਮੌਕਾ ਮੁਹੱਈਆ ਕਰਵਾਇਆ ਹੈ। ਕਈ ਸਿੱਖਾਂ ਨੇ ਖੁਦ ਹੀ ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲੀ ਆਪਣੇ ਧਰਮੀ ਭਰਾਵਾਂ 'ਤੇ ਕਿਰਪਾਨ ਦੀ ਤਲਵਾਰ ਵਜੋਂ ਵਰਤੋਂ ਕਰਕੇ ਇਸ ਨੂੰ ਇਕ ਖੌਫ਼ਜਦਾ ਦਹਿਸਤ ਦਾ ਹਥਿਆਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱੜੀ।
ਬਿਨਾਂ ਸ਼ੱਕ ਕਿਰਪਾਨ ਸਿੱਖ ਧਰਮ ਦਾ ਇਕ ਜ਼ਰੂਰੀ ਅੰਗ ਹੈ ਜਿਸ 'ਤੇ ਪਾਬੰਦੀ ਲਾਉਣਾ ਮਨੁੱਖੀ ਧਾਰਮਿਕ ਅਜ਼ਾਦੀ ਦਾ ਕਤਲ ਕਰਨਾ ਹੈ ਕਨੇਡਾ ਦਾ ਕਾਨੂੰਨ ਵੀ ਇਸ ਤਰ੍ਹਾਂ ਦੀ ਪਾਬੰਦੀ ਲਾਉਣ ਦੀ ਇਜਾਜ਼ਤ ਨਹੀਂ ਦਿੰਦਾ ਜਿਸ ਤਰ੍ਹਾਂ ਕਿ ਲੀਗਲ ਕੌਂਸਲ ਦੇ ਆਗੂ ਬਲਪ੍ਰੀਤ ਸਿੰਘ ਨੇ ਕਿਹਾ ਹੈ। ਸਿੱਖਾਂ ਦੇ ਇਸ ਸੰਵਿਧਾਨਕ ਹੱਕ 'ਚ ਲਿਬਰਲ ਪਾਰਟੀ ਦੇ ਕਈ ਆਗੂ ਵੀ ਭੁਗਤੇ ਹਨ। ਲਿਬਰਲ ਪਾਰਟੀ ਦੇ ਆਗੂ ਮਾਈਕਲ ਇਗਨਾਮਟੈਫ ਨੇ ਇਸ ਪਾਬੰਦੀ ਨੂੰ ਕਨੇਡਾ ਦੀ ਬਹੁਸਭਿਅਤਾ ਨੀਤੀ ਦੀ ਉਲੰਘਣਾ ਮੰਨਿਆ ਹੈ। ਸਿੱਖਾਂ ਦਾ ਕਿਰਪਾਨ ਮਾਮਲੇ ਵਿਚ ਪੱਖ ਭਾਰੀ ਹੋਣ ਦੇ ਬਾਵਜੂਦ ਵੀ ਜੋ ਮੁਸ਼ਕਲਾਂ ਸਾਹਮਣੇ ਆ ਰਹੀਆਂ ਹਨ ਉਹਨਾਂ ਨੂੰ ਸਹੀ ਢੰਗ ਨਾਲ ਨਜਿੱਠ ਤਾਂ ਲਿਆ ਹੀ ਜਾਵੇਗਾ ਪਰ ਕੀ ਸਿੱਖ ਖੁਦ ਇਸ ਗੱਲ ਨੂੰ ਸਮਝਣਗੇ ਕਿ ਸਿੱਖਾਂ ਦੇ ਇਸ ਸ਼ਸਤਰ ਦੀ ਵਰਤੋਂ ਅੱਗੇ ਤੋਂ ਗੁਰੂ ਆਸੇ ਅਨੁਸਾਰ ਹੀ ਕਰਨਗੇ? ਪਿਛਲੇ ਦਿਨਾਂ ਵਿਚ ਸਿੱਖਾਂ ਨੇ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਸਮਾਗਮਾਂ ਸਮੇਂ ਵਿਦੇਸ਼ਾਂ ਵਿਚ ਜਿਸ ਢੰਗ ਨਾਲ ਵਰਤੋਂ ਕਰਕੇ ਖੁਦ ਆਪਣਾ ਹੀ ਨੁਕਸਾਨ ਕੀਤਾ ਹੈ ਕੀ ਹੁਣ ਉਹ ਇਸ ਗੱਲ ਨੂੰ ਮਹਿਸੂਸ ਕਰਨਗੇ ਕਿ ਉਹਨਾਂ ਦੁਆਰਾ ਉਠਾਇਆ ਗਿਆ ਹਿੰਸਕ ਢੰਗ ਪੂਰੀ ਤਰ੍ਹਾਂ ਗਲਤ ਸੀ? ਕੀ ਇਹ ਗੱਲ ਸਹੀ ਨਹੀਂ ਕਿ ਸਿੱਖ ਹਰ ਥਾਂ 'ਤੇ ਘੱਟ ਗਿਣਤੀ ਵਿਚ ਹੀ ਵਿਚਰ ਰਹੇ ਹਨ ਜਿਸ ਕਰਕੇ ਉਹ ਬੇਗਾਨੇ ਸਭਿਆਚਾਰ ਵਿਚ ਕੋਈ ਵੀ ਗੱਲ ਤੜੀ ਨਾਲ ਨਹੀਂ ਮੰਨਵਾ ਸਕਦੇ। ਵੱਖੋ ਵੱਖ ਦੇਸ਼ਾਂ ਦੇ ਆਪਣੇ ਕਾਇਦੇ ਕਾਨੂੰਨ ਹਨ ਜਿਸ ਨੂੰ ਸਿੱਖਾਂ ਵੱਲੋਂ ਉਸ ਸਮੇਂ ਤੱਕ ਮੰਨਿਆ ਜਾਣਾ ਜ਼ਰੂਰੀ ਹੈ ਜਦ ਤੱਕ ਕਿ ਉਹਨਾਂ ਦੇ ਆਪਣੇ ਧਾਰਮਿਕ ਅਕੀਦਿਆਂ ਨੂੰ ਸਿੱਧੇ ਤੌਰ 'ਤੇ ਖਤਰਾ ਪੈਦਾ ਨਹੀਂ ਹੋ ਜਾਂਦਾ ਅਤੇ ਨਾਲ ਨਾਲ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਖੁਦ ਅਜਿਹਾ ਕੋਈ ਕਰਮ ਨਾ ਕਰੀਏ ਜਿਸ ਨਾਲ ਅਸੀਂ ਆਪਣੇ ਧਾਰਮਿਕ ਰਹੁਰੀਤਾਂ ਨੂੰ ਸਮੱਸਿਆਵਾਂ ਪੈਦਾ ਕਰਨ ਦਾ ਕਾਰਨ ਬਣ ਜਾਈਏ। ਅਸੀਂ ਜਾਣਦੇ ਹਾਂ ਕਿ ਦੁਨੀਆਂ ਭਰ ਵਿਚ ਸਿੱਖ ਵਿਲੱਖਣਤਾ ਨੂੰ ਚੁਣੌਤੀ ਪੈਦਾ ਕਰਨ ਵਿਚ ਕਈ ਵਾਰ ਕੁਝ ਕੁ ਲੋਕਾਂ ਦਾ ਹੀ ਹੱਥ ਹੁੰਦਾ ਹੈ ਜਿਸ ਦੇ ਸਿੱਟੇ ਬਹੁਗਿਣਤੀ ਸਿੱਖ ਸਮਾਜ ਨੂੰ ਭੁਗਤਣੇ ਪੈਂਦੇ ਹਨ। ਸਾਨੂੰ ਉਹਨਾਂ ਕੰਮਾਂ ਤੋਂ ਗੁਰੇਜ਼ ਕਰਨਾ ਜ਼ਰੂਰੀ ਹੈ ਜੋ ਜ਼ਰਾ ਜਿੰਨੀ ਅਣਗਹਿਲੀ ਕਾਰਨ ਪੂਰੇ ਸਮਾਜ ਨੂੰ ਔਕੜਾਂ 'ਚ ਪਾ ਦੇਵੇ। ਕਿਊਬਕ ਨੈਸ਼ਨਲ ਅਸੈਂਬਲੀ ਵਿਚ ਸਿੱਖਾਂ 'ਤੇ ਕਿਰਪਾਨ ਸਮੇਤ ਦਾਖਲ ਹੋਣ 'ਤੇ ਲਗਾਈ ਗਈ ਪਾਬੰਦੀ ਵੀ ਇਕ ਸਰਬਸਾਂਝੇ ਯਤਨਾਂ ਨਾਲ ਖਤਮ ਹੋ ਸਕੇਗੀ। ਇਸ ਮਾਮਲੇ ਵਿਚ ਗੁਰਦੁਆਰਾ ਸਿੱਖ ਲਹਿਰ ਸੈਂਟਰ ਬਰੈਂਪਟਨ ਵਿਚ ਹੋਈ ਵਿਚਾਰ ਗੋਸ਼ਟੀ ਦੇ ਸਿੱਟੇ ਸਿੱਖਾਂ ਲਈ ਪੂਰੀ ਤਰ੍ਹਾਂ ਸਾਰਥਿਕ ਹੋ ਸਕਦੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਮਾਂਗਟ ਦਾ ਇਹ ਵਿਚਾਰ ਧਿਆਨ ਦੇਣ ਯੋਗ ਹੈ ਕਿ ਕਿਰਪਾਨ 'ਤੇ ਜੋ ਪਾਬੰਦੀ ਦੀਆਂ ਮੁਸ਼ਕਲਾਂ ਸਾਨੂੰ ਅੱਜ ਸਿੱਖਾਂ ਨੂੰ ਆ ਰਹੀਆਂ ਹਨ ਉਹਨਾਂ ਦਾ ਇਕ ਵੱਡਾ ਕਾਰਨ ਸਾਡੇ ਸਮਾਜ ਦੇ ਲੋਕਾਂ ਅਤੇ ਆਗੂਆਂ ਦਾ ਗੈਰਜ਼ਿੰਮੇਵਾਰੀ ਵਾਲਾ ਰਵੱਈਆ ਹੈ। ਜਦ ਕੋਈ ਕਿਰਪਾਨ ਦੀ ਵਰਤੋਂ ਗਲਤ ਢੰਗ ਨਾਲ ਕਰਦਾ ਹੈ ਤਾਂ ਸਿੱਖ ਸਮਾਜ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਇਸ ਮਸਲੇ ਨੂੰ ਨਿੱਜੀ ਮਾਮਲੇ ਵਜੋਂ ਲੈ ਕੇ ਤੁਰੰਤ ਕਾਰਵਾਈ ਕਰਨ ਜਿਸ ਨਾਲ ਪੂਰੇ ਸਮਾਜ ਦਾ ਅਕਸ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸੈਮੀਨਾਰ ਦੇ ਸਿੱਟਿਆਂ ਅਨੁਸਾਰ ਕਿਰਪਾਨ ਨੂੰ ਜ਼ਿੰਮੇਵਾਰੀ ਨਾਲ ਪਹਿਨਣ ਦੇ ਫਰਜ਼ਾਂ ਨੂੰ ਨਿਭਾਉਣ ਨਾਲ ਹੀ ਅਸੀਂ ਨਿੱਤ ਨਵੀਆਂ ਪੈਦਾ ਹੋ ਰਹੀਆਂ ਮੁਸ਼ਕਲਾਂ ਨੂੰ ਘੱਟ ਕਰਨ ਵਿਚ ਸਹਾਈ ਹੋ ਸਕਦੇ ਹਾਂ। ਸੋ ਅਜਿਹੀਆਂ ਮੁਸ਼ਕਲਾਂ ਨੂੰ ਗੰਭੀਰ ਹੋਣ ਤੋਂ ਪਹਿਲਾਂ ਸਿੱਖਾਂ ਨੂੰ ਵੀ ਆਪਣੇ ਫਰਜ਼ ਪਛਾਨਣੇ ਹੋਣਗੇ।