ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਦੀਆਂ ਤੋਂ ਉਲੀਕੀ ਗਈ ਗੈਰਮਨੁੱਖਤਾਵਾਦੀ ਨੀਤੀ ਨੂੰ ਸਦਾ ਲਈ ਨਕਾਰਨ ਦੀ ਲੋੜ


ਭਗਤ ਰਵਿਦਾਸ ਜੀ ਜਦੋਂ ਆਪਣੇ ਲੋਕਾਂ ਦੇ ਹੱਕ 'ਚ ਡਟ ਕੇ ਖੜ੍ਹੇ ਤਾਂ ਉਹਨਾਂ ਨੂੰ ਉਸ ਸਮੇਂ ਉਹ ਸਭ ਮੁਸ਼ਕਲਾਂ ਆਈਆਂ ਜੋ ਇਸ ਸਮੇਂ ਸਿੱਖਾਂ ਨੂੰ ਪੇਸ਼ ਆ ਰਹੀਆਂ ਹਨ। ਰਵਿਦਾਸ ਕਾਲ ਸਮੇਂ ਕਥਿਤ ਸਵਰਨ ਜਾਤੀ ਲੋਕ ਇੰਨੇ ਤਾਕਤਵਰ ਸਨ ਕਿ ਉਹਨਾਂ ਸਾਹਮਣੇ ਜਨਸਧਾਰਨ ਤਾਂ ਕੀ ਸਗੋਂ ਵੱਡੇ-ਵੱਡੇ ਧਾਰਮਿਕ ਅਤੇ ਰਾਜਨੀਤੀਵਾਨ ਵੀ ਸਿਰ ਝੁਕਾ ਕੇ ਹਾਮੀ ਭਰ ਦਿੰਦੇ ਸਨ। ਇਸ ਸਮੇਂ ਹੀ ਭਗਤ ਰਵਿਦਾਸ ਜੀ ਨੇ ਆਪਣੇ ਕਿਰਤੀ ਲੋਕਾਂ ਦੇ ਹੱਕ ਵਿਚ ਜਿਹੜੀ ਅਵਾਜ਼ ਉਠਾਈ ਉਹ ਮਨੁੱਖਤਾਵਾਦੀ ਅਵਾਜ਼ ਨੂੰ ਦਬਾਉਣ ਲਈ ਕਥਿਤ ਸਵਰਨ ਜਾਤੀ ਲੋਕਾਂ ਨੇ ਪਹਿਲਾਂ ਰਵਿਦਾਸ ਜੀ ਨੂੰ ਆਪਣੇ ਭਾਈਚਾਰੇ ਵਿਚ ਬਦਨਾਮ ਕਰਨ ਅਤੇ ਫਿਰ ਸਮੇਂ ਦੀ ਹਕੂਮਤ ਪਾਸ ਵੀ ਸ਼ਿਕਾਇਤਾਂ ਕੀਤੀਆਂ।
ਅਖੌਤੀ ਸਵਰਨ ਜਾਤੀ ਦੇ ਲੋਕ ਸਮਝਦੇ ਸਨ ਕਿ ਰਵਿਦਾਸ ਜੀ ਦਾ ਆਪਣੀ ਜਾਤ ਦੇ ਲੋਕਾਂ ਵਿਚ ਕੀਤਾ ਗਿਆ ਭਗਤੀ ਪ੍ਰਚਾਰਨ ਉਹਨਾਂ ਦੇ ਪੰਜੇ ਹੇਠੋਂ ਉਹਨਾਂ ਲੋਕਾਂ ਨੂੰ ਕੱਢ ਦੇਵੇਗਾ ਜੋ ਸਦੀਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਗੁਲਾਮੀ ਅਤੇ ਪਸ਼ੂਆਂ ਵਰਗਾ ਜੀਵਨ ਜਿਉਣ ਲਈ ਹੀ ਜਨਮਦੇ ਸਨ। ਰਵਿਦਾਸ ਜੀ ਨੇ ਬੜੇ ਸਖ਼ਤ ਸ਼ਬਦਾਂ ਵਿਚ ਕਥਿਤ ਪਵਿੱਤਰ ਜਾਤੀ ਵਾਲਿਆਂ ਨੂੰ ਵਗਾਰਦਿਆਂ ਆਖਿਆ ਕਿ ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ, ਅਜਹੁ ਬੰਨਾਰਸੀ ਆਸ ਪਾਸਾ£ ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ, ਤਿਨ ਤਨੈ ਰਵਿਦਾਸ ਦਾਸਾਨ ਦਾਸਾ£3£2£ ਉਹਨਾਂ ਆਪਣੇ ਭਾਈਚਾਰੇ ਦੇ ਲੋਕਾਂ ਵਿਚ ਸਦੀਆਂ ਤੋਂ ਭਰੀ ਜਾ ਚੁੱਕੀ ਹੀਣਤਾ ਨੂੰ ਕੱਢਣ ਲਈ ਕਿਹਾ ਕਿ ਅਸਲ ਵਿਚ ਮਨੁੱਖ ਦੀ ਕੋਈ ਜਾਤ ਉੱਚੀ ਨੀਵੀਂ ਨਹੀਂ ਹੁੰਦੀ ਸਗੋਂ ਉਹਨਾਂ ਦੇ ਨਿੱਤ ਦੇ ਕਰਮ ਅਤੇ ਪ੍ਰਭੂ ਨਾਲ ਪਿਆਰ ਹੀ ਉੱਚਾ ਜਾਂ ਨੀਵਾਂ ਬਣਾਉਣ ਵਿਚ ਸਹਾਈ ਹੁੰਦਾ ਹੈ। ਉਸ ਸਮੇਂ ਜਦੋਂ ਅੱਜ ਦੇ ਪਾਵਰਫੁਲ ਲੋਕਾਂ ਦੇ ਪੁਰਖੇ ਆਪਣੀਆਂ ਧੀਆਂ ਦੇ ਵਿਆਹ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ 'ਆਮ ਲੋਕਾਂ' ਨੂੰ ਦਾਜ ਦੇ ਰੂਪ ਵਿਚ ਦਿੰਦੇ ਸਨ ਤਾਂ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਅਵਾਜ਼ ਭਲਾ ਉਹਨਾਂ ਨੂੰ ਕਿਵੇਂ ਰਾਸ ਆ ਸਕਦੀ ਸੀ। ਸੋ ਉਹਨਾਂ ਨੇ ਰਵਿਦਾਸ ਜੀ ਵਿਰੁੱਧ ਇਕ ਯੋਜਨਾ ਤਿਆਰ ਕਰਕੇ ਇਸ ਅਵਾਜ਼ ਨੂੰ ਖਤਮ ਕਰਨਾ ਚਾਹਿਆ। ਭਗਤ ਜੀ ਦੀ ਇਸ ਪ੍ਰਉਪਕਾਰੀ ਅਵਾਜ਼ ਨੂੰ ਭਾਵੇਂ ਅੱਜ ਤੱਕ ਦਵਾਇਆ ਤਾਂ ਨਹੀਂ ਜਾ ਸਕਿਆ ਪਰ ਅਜੇ ਵੀ ਸਵਰਨ ਜਾਤੀ ਲੋਕਾਂ ਦੀ ਯੋਜਨਾ ਸਮਾਪਤ ਨਹੀਂ ਹੋਈ ਸਗੋਂ ਹਰ ਸਮੇਂ ਨਵੇਂ ਰੂਪ ਵਿਚ ਚਾਲੂ ਹੀ ਰਹੀ ਹੈ। ਲੋਕਮਾਰੂ ਕੁਟਿਲ ਨੀਤੀ ਦੀ ਇਸ ਯੋਜਨਾ ਨੂੰ ਉਸ ਸਮੇਂ ਭਾਰੀ ਹਾਨੀ ਹੋਈ ਜਦੋਂ ਭਗਤੀ ਲਹਿਰ ਦੇ ਸਭ ਤੋਂ ਮਹਾਨ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਦਰਜ ਕੀਤਾ ਗਿਆ। ਇਸ ਤਰ੍ਹਾਂ ਕਰਨ ਨਾਲ ਭਗਤ ਜੀ ਦੀ ਬਾਣੀ ਮੂਲ ਰੂਪ ਵਿਚ ਸਾਂਭੀ ਗਈ ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਫੇਰਬਦਲ ਕਰਨਾ ਸੰਭਵ ਨਹੀਂ ਸੀ। ਫਿਰ ਵੀ ਯੋਜਨਾ ਘਾੜਿਆਂ ਨੇ ਰਵਿਦਾਸ ਜੀ ਦੀ ਬਾਣੀ ਦੇ ਅਰਥ ਬਦਲਣ ਲਈ ਨਿਰਮਲੇ ਸੰਪਰਦਾਇ ਦੇ ਗ੍ਰੰਥ 'ਗੁਰਭਗਤਮਾਲ' ਅਤੇ 'ਸਿੱਖ ਰਿਲਿਜ਼ਨ' ਆਦਿ ਗ੍ਰੰਥਾਂ ਰਾਹੀਂ ਉਹਨਾਂ ਨੂੰ ਪਿਛਲੇ ਜਨਮ ਦਾ ਬ੍ਰਾਹਮਣ, ਠਾਕਰ ਪੂਜਾ ਕਰਨ ਵਾਲਾ ਭਗਤ ਸਿੱਧ ਕਰਨ ਦਾ ਯਤਨ ਕੀਤਾ ਤਾਂ ਜੋ ਉਹਨਾਂ ਦੀ ਲੰਮੇ ਕਾਲ ਦੀ ਯੋਜਨਾ ਸਿਰੇ ਚੜ੍ਹ ਜਾਵੇ। ਇਹ ਯੋਜਨਾਕਾਰੀ ਸ਼ਕਤੀਆਂ ਆਪਣੇ ਮਿਸ਼ਨ ਵਿਚ ਨਾਕਾਮਯਾਬੀ ਦਾ ਇਕ ਕਾਰਨ ਸਿੱਖ ਲਹਿਰ ਵੀ ਸਮਝ ਰਹੀਆਂ ਹਨ। ਕਿਉਂਕਿ ਸਿੱਖ ਗੁਰੂ ਸਾਹਿਬਾਨਾਂ ਦੀ ਮਨੁੱਖਤਾਵਾਦੀ ਵਿਚਾਰਧਾਰਾ ਅਤੇ ਭਗਤ ਰਵਿਦਾਸ ਜੀ ਦੀ ਆਪਣੇ ਲੋਕਾਂ ਲਈ ਉਠਾਈ ਬੁਲੰਦ ਅਵਾਜ਼ ਸਮਾਨਤਰ ਹਨ ਇਸ ਲਈ ਇਹ ਇਕਜੁਟਤਾ ਇਕ ਚੁਣੌਤੀ ਦੇ ਰੂਪ ਵਿਚ ਸਵਰਨ ਜਾਤੀ ਲੋਕਾਂ ਦੇ ਸਾਹਮਣੇ ਹੈ ਜਿਸ ਨੂੰ ਤੋੜਨ ਦੇ ਯਤਨ ਸਦੀਆਂ ਤੋਂ ਕੀਤੇ ਜਾ ਰਹੇ ਹਨ।
ਮੌਜੂਦਾ ਸਮੇਂ ਵਿਚ ਵੀਆਨਾ ਕਾਂਡ ਤੋਂ ਬਾਅਦ ਇਹਨਾਂ ਸ਼ਕਤੀਆਂ ਪਾਸ ਇਕ ਅਜਿਹਾ ਮੌਕਾ ਆਇਆ ਜਦੋਂ ਉਹਨਾਂ ਨੇ ਸਮਝਿਆ ਕਿ ਹੁਣ ਉਹਨਾਂ ਪਾਸ ਆਪਣੀ ਸਦੀਆਂ ਤੋਂ ਚਲੀ ਆ ਰਹੀ ਕੁਟਿਲ ਨੀਤੀ ਨੂੰ ਨੇਪਰੇ ਚਾੜ੍ਹਨ ਦਾ ਸੁਨਹਿਰੀ ਮੌਕਾ ਆਪਣਾ ਸਾਰਾ ਜ਼ੋਰ ਲਾ ਕੇ ਰਵਿਦਾਸੀਆ ਭਾਈਚਾਰੇ ਨੂੰ ਸਿੱਖਾਂ ਵਿਰੁੱਧ ਭੜਕਾਅ ਕੇ ਉਹਨਾਂ ਤੋਂ ਤੋੜਨ ਦੇ ਯਤਨ ਆਰੰਭ ਕਰ ਦਿੱਤੇ ਜੋ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਜਾਰੀ ਹਨ। ਇਹ ਸ਼ਕਤੀਆਂ ਸਮਝਦੀਆਂ ਹਨ ਕਿ ਜਿੰਨਾਂ ਚਿਰ ਰਵਿਦਾਸੀਆ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਿਆ ਰਹੇਗਾ ਓਨਾ ਚਿਰ ਇਸ ਦਾ ਮੁੜ ਸ਼ੋਸ਼ਣ ਕਰਨਾ ਸੌਖਾ ਨਹੀਂ ਹੋਵੇਗਾ। ਇਸ ਲਈ ਸਭ ਤੋਂ ਪਹਿਲਾਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨਾ ਜ਼ਰੂਰੀ ਹੈ। ਪੰਜਾਬ ਵਿਚ ਇਸ ਮੌਕੇ ਵੱਖਰੇ ਭਾਈਚਾਰੇ ਅਤੇ ਵੱਖਰੇ ਗ੍ਰੰਥ ਦੀ ਨੀਤੀ ਨੂੰ ਤੂਲ ਦਿੱਤੀ ਗਈ ਜਿਸ ਦਾ ਕੁਝ ਅਸਰ ਜ਼ਰੂਰ ਹੋਇਆ ਪਰ ਸਮੁੱਚੇ ਰੂਪ ਵਿਚ ਰਵਿਦਾਸੀਆ ਭਾਈਚਾਰਾ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਕ ਪਾਸੇ ਉਹ ਜਮਾਤ ਹੈ ਜਿਸ ਨੇ ਉਹਨਾਂ ਦੀਆਂ ਸੈਂਕੜੇ ਪੀੜ੍ਹੀਆਂ ਦਾ ਸ਼ੋਸ਼ਣ ਵੀ ਕੀਤਾ ਅਤੇ ਸਮਾਜਿਕ ਰੂਪ ਵਿਚ ਉਹਨਾਂ ਨੂੰ ਨੀਚ ਜਾਤ ਦੇ ਲੋਕਾਂ ਦਾ ਫੱਟਾ ਵੀ ਪੱਕੇ ਤੌਰ 'ਤੇ ਜੜ ਕੇ ਰੱਖਿਆ ਹੋਇਆ ਹੈ ਅਤੇ ਦੂਸਰੇ ਪਾਸੇ ਸਿੱਖ ਭਾਈਚਾਰਾ ਹੈ ਜਿਸ ਦੀ ਵਿਚਾਰਧਾਰਾ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਬਿਲਕੁਲ ਮੇਲ ਖਾਂਦੀ ਹੈ ਅਤੇ ਸਿੱਖ ਆਪਣੇ ਗੁਰੂਆਂ ਦੀ ਬਾਣੀ ਨੂੰ ਸ਼ਰਧਾ ਭੇਟ ਕਰਨ ਸਮੇਂ ਰਵਿਦਾਸ ਜੀ ਦੀ ਬਾਣੀ ਦਾ ਵੀ ਉਨਾਂ ਹੀ ਸਤਿਕਾਰ ਕਰਦੇ ਹਨ। ਸਿੱਖ ਧਰਮ ਤੋਂ ਇਲਾਵਾ ਭਾਰਤ ਦਾ ਹੋਰ ਕੋਈ ਵੀ ਧਰਮ ਨਹੀਂ ਜਿਸ ਨਾਲ ਰਵਿਦਾਸੀਆ ਭਾਈਚਾਰਾ ਇਕ-ਮਿਕ ਹੋਵੇ। ਇਸ ਸਮੇਂ ਸਿੱਖ ਧਰਮ ਦੇ ਬਹੁਗਿਣਤੀ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਵਿਚ ਰਵਿਦਾਸੀਆ ਭਾਈਚਾਰੇ ਦੇ ਲੋਕ ਸ਼ਾਮਲ ਹਨ। ਇਸ ਲਈ ਇਸ ਸਮੇਂ ਲੋੜ ਹੈ ਕਿ ਭਗਤੀ ਲਹਿਰ ਦੇ ਗੁਰੂਆਂ, ਭਗਤਾਂ ਅਤੇ ਫਕੀਰਾਂ ਦੀ ਵਿਚਾਰਧਾਰਾ ਨੂੰ ਇਸ ਢੰਗ ਨਾਲ ਅੱਗੇ ਤੋਰਿਆ ਜਾਵੇ ਕਿ ਸਦੀਆਂ ਤੋਂ ਫੁੱਟ ਪਾਊ ਤਾਕਤਾਂ ਦਾ ਕੋਝਾ ਮਿਸ਼ਨ ਸਦਾ ਲਈ ਦਮ ਤੋੜ ਜਾਵੇ।