ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਕਾਲ ਤਖ਼ਤ ਦੇ ਨਾਮ 'ਤੇ ਫਿਰ ਸਿਆਸਤ


ਤਰਸੇਮ ਸਿੰਘ ਅਟਵਾਲ ਮਾਮਲਾ
ਗੁਰਦੁਆਰਾ ਸ੍ਰੀ ਗੁਰੂ ਨਾਨਕ ਸਭਾ ਮਿਊਚਨ ਜਰਮਨੀ ਦੇ ਪ੍ਰਧਾਨ ਸ੍ਰ. ਤਰਸੇਮ ਸਿੰਘ ਅਟਵਾਲ ਨੂੰ ਤਲਬ ਕੀਤੇ ਜਾਣ ਦੀ ਖ਼ਬਰ ਨੇ ਇਕ ਵਾਰ ਫਿਰ ਸਿੱਖਾਂ 'ਚ ਅਕਾਲ ਤਖ਼ਤ ਦੇ ਜਥੇਦਾਰ ਦਾ ਅਹੁਦਾ ਅਤੇ ਅਧਿਕਾਰ ਵਿਸ਼ੇ 'ਤੇ ਚਰਚਾ ਛੇੜ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਦੀ ਲੈਟਰ ਪੈਡ ਤੋਂ ਜਾਰੀ ਪੱਤਰ ਨੰ : ਅ : ਤ. 3/11/3033 ਮਿਤੀ 11-4-2011 ਵਿਚ ਲਿਖਿਆ ਹੈ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਦਾ ਸਵਾਗਤ ਕਰਨ, ਸੋਨ ਤਗਮਾ ਦੇਣ ਅਤੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਬੋਲਣ ਦੇਣ ਲਈ ਸਮਾਂ ਦਿੱਤੇ ਜਾਣ ਤੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੋਸ਼ੀ ਹਨ ਇਸ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਅੱਗੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ। ਇਸ ਪੱਤਰ ਦੇ ਮੀਡੀਆ 'ਚ ਪ੍ਰਕਾਸ਼ਿਤ ਹੋ ਜਾਣ ਨਾਲ ਸਿੱਖ ਵਿਦਵਾਨਾਂ ਨੇ ਸ੍ਰ. ਤਰਸੇਮ ਸਿੰਘ ਅਟਵਾਲ (ਜਰਮਨੀ) ਨੂੰ ਸਲਾਹ ਦਿੱਤੀ ਹੈ ਕਿ ਉਹ ਤਖ਼ਤਾਂ ਦੇ ਜਥੇਦਾਰਾਂ ਅੱਗੇ ਪੇਸ਼ ਹੋ ਕੇ ਇਹਨਾਂ ਪੁਜਾਰੀਆਂ ਦੀ ਹਉਮੈ ਨੂੰ ਹੋਰ ਵਧਾਉਣ ਵਿਚ ਸਹਾਈ ਨਾ ਹੋਣ। ਇਸ ਮਾਮਲੇ 'ਤੇ ਖੁਦ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਭਾਈ ਤਰਸੇਮ ਸਿੰਘ ਨੇ ਭਾਵੇਂ ਸਪੱਸ਼ਟ ਰੂਪ ਵਿਚ ਪੇਸ਼ ਹੋਣ ਜਾਂ ਨਾ ਹੋਣ ਬਾਰੇ ਤਾਂ ਨਹੀਂ ਆਖਿਆ ਪਰ ਮੀਡੀਆ ਨੂੰ ਜਾਰੀ ਕੀਤੇ ਗਏ ਪੱਤਰ ਵਿਚ ਉਹਨਾਂ ਸਾਫ਼ ਲਫਜ਼ਾਂ ਵਿਚ ਜਥੇਦਾਰਾਂ ਦੇ ਅਹੁਦੇ ਦੀ ਸਰਕਾਰਾਂ ਅਤੇ ਹੋਰ ਲੋਕਾਂ ਵੱਲੋਂ ਸ਼ੋਸ਼ਣ ਕੀਤੇ ਜਾਣ ਦਾ ਵਿਚਾਰ ਖੁੱਲ੍ਹ ਕੇ ਪੇਸ਼ ਕੀਤਾ ਹੈ। ਉਹਨਾਂ ਨੇ ਆਪਣੇ ਲਫਜ਼ਾਂ ਵਿਚ ਲਿਖਿਆ ਹੈ ਕਿ '' ਇਤਿਹਾਸ ਗਵਾਹ ਹੈ ਕਿ ਸਮੇਂ ਦੀਆਂ ਸਰਕਾਰਾਂ ਸਿੱਖਾਂ ਨਾਲ ਜ਼ੋਰ ਅਜਮਾਈ ਕਰਦੀਆਂ ਰਹੀਆਂ ਹਨ ਪਰ ਸਿੱਖ ਡੋਲੇ ਨਹੀਂ। ਇਸੇ ਅਕਾਲ ਤਖ਼ਤ ਤੋਂ ਜਥੇਦਾਰ ਅਰੂੜ ਸਿੰਘ ਵਰਗੇ ਜਨਰਲ ਡਾਇਰ ਨੂੰ ਸਿਰੋਪਾ ਦੇ ਸਕਦੇ ਹਨ ਇਸੇ ਤਰ੍ਹਾਂ ਮੌਜੂਦਾ ਪ੍ਰਬੰਧਕ ਪ੍ਰੋ. ਦਰਸ਼ਨ ਸਿੰਘ ਨੂੰ ਗਲਤ ਕਹਿ ਕੇ ਪੰਥ ਵਿਚੋਂ ਛੇਕ ਸਕਦੇ ਹਨ ਤਾਂ ਕੀ ਇਹ ਧੱਕਾ ਨਹੀਂ। ਅੱਜ ਵੀ ਲੋਕ ਸਮਝਦੇ ਹਨ ਕਿ ਪ੍ਰੋ. ਦਰਸ਼ਨ ਸਿੰਘ ਨਾਲ ਧੱਕਾ ਹੋਇਆ ਹੈ। ਦੂਜੇ ਪਾਸੇ ਤਖ਼ਤਾਂ ਦੇ ਜਥੇਦਾਰ ਉਹਨਾਂ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਅਸ਼ਲੀਲ ਬਣਾਉਣ ਦੇ ਯਤਨ ਕੀਤੇ। ਅਕਾਲ ਤਖ਼ਤ ਤੋਂ ਅਜਿਹੇ ਲੋਕਾਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ ਜੋ ਸਿੱਖ ਧਰਮ ਵਿਰੋਧੀ ਹਨ। ਪੰਥਕ ਵਿਦਵਾਨਾਂ ਨੂੰ ਪੰਥ ਵਿਚੋਂ ਛੇਕਿਆ ਜਾ ਰਿਹਾ ਹੈ ਜਿਸ ਦੀ ਲਾਇਨ ਵਿਚ ਮੈਂ ਵੀ ਖੜ੍ਹਾ ਹਾਂ। ਪਰ ਸਤਿਗੁਰ ਦੀ ਕਿਰਪਾ ਨਾਲ ਸੱਚ 'ਤੇ ਖੜ੍ਹਨ ਵਾਲਿਆਂ ਦੀ ਕਤਾਰ ਇੰਨੀ ਲੰਮੀ ਹੋ ਗਈ ਹੈ ਜਿਸ ਦੀ ਗਿਣਤੀ ਕਰਨੀ ਮੁਸ਼ਕਿਲ ਹੈ, ਵੈਨਕੂਵਰ ਦਾ ਇਕੱਠ ਇਸ ਦਾ ਸਬੂਤ ਹੈ।''
ਸ੍ਰ. ਤਰਸੇਮ ਸਿੰਘ ਦੇ ਇਹਨਾਂ ਲਫਜ਼ਾਂ ਤੋਂ ਸਪੱਸ਼ਟ ਹੈ ਕਿ ਉਹ ਸਮਝਦੇ ਹਨ ਕਿ ਉਹਨਾਂ ਨੂੰ ਤਲਬਿਆ ਜਾਣਾ ਬਿਲਕੁਲ ਜਾਇਜ਼ ਨਹੀਂ ਅਤੇ ਨਾ ਹੀ ਉਹਨਾਂ ਨੇ ਪ੍ਰੋ. ਦਰਸ਼ਨ ਸਿੰਘ ਦਾ ਸਨਮਾਨ ਕਰਦੇ ਕੋਈ ਧਾਰਮਿਕ ਅਵੱਗਿਆ ਹੀ ਕੀਤੀ ਹੈ। ਹੁਣ ਜੇਕਰ ਭਾਈ ਤਰਸੇਮ ਸਿੰਘ ਅਟਵਾਲ ਜਥੇਦਾਰਾਂ ਦੇ ਸੱਦੇ 'ਤੇ ਪੇਸ਼ ਹੋ ਵੀ ਜਾਂਦੇ ਹਨ ਤਾਂ ਵੀ ਇਹ ਹੀ ਸਮਝਿਆ ਜਾਵੇਗਾ ਕਿ ਉਹਨਾਂ ਦਾ ਪੇਸ਼ ਹੋਣਾ ਆਮ ਲੋਕਾਂ ਦੀ ਨਰਾਜ਼ਗੀ ਤੋਂ ਬਚਣ ਦਾ ਹੀ ਕਾਰਨ ਹੈ ਜਦ ਕਿ ਉਹ ਅੰਦਰੋਂ-ਬਾਹਰੋਂ ਇਸ ਵਰਤਾਰੇ ਨਾਲ ਸਹਿਮਤ ਨਹੀਂ ਹਨ। ਸਾਰਾ ਸਿੱਖ ਸੰਸਾਰ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਖਿਲਾਫ਼ ਹੁਕਮਨਾਮਾ ਜਾਰੀ ਹੋ ਜਾਣ ਤੋਂ ਬਾਅਦ ਉਹਨਾਂ ਦਾ ਸੈਂਕੜੇ ਥਾਵਾਂ 'ਤੇ ਸਵਾਗਤ ਕੀਤਾ ਗਿਆ ਹੈ ਅਤੇ ਅਜੇ ਵੀ ਉਹਨਾਂ ਨੂੰ ਮਿਲ ਰਹੇ ਸੱਦਿਆਂ ਦੀ ਲੜੀ ਬਹੁਤ ਲੰਮੀ ਹੈ। ਫਿਰ ਕੀ ਕਾਰਨ ਹੈ ਕਿ ਇਸ ਸਭ ਕੁਝ ਨੂੰ ਅੱਖੋਂ ਉਹਲੇ ਕਰਕੇ ਸਿਰਫ਼ ਤਰਸੇਮ ਸਿੰਘ ਅਟਵਾਲ ਨੂੰ ਹੀ ਤਲਬ ਕੀਤਾ ਗਿਆ ਹੈ? ਗੱਲ ਸਾਫ਼ ਹੈ ਕਿ ਇਸ ਗੁਰਦੁਆਰਾ ਕਮੇਟੀ ਦੇ ਕੁਝ ਲੋਕਾਂ ਨੇ ਭਾਵੇਂ ਪ੍ਰੋ. ਰਾਗੀ ਦੇ ਸਨਮਾਨ ਸਮੇਂ ਅਟਵਾਲ ਸਾਹਿਬ ਦਾ ਸਾਥ ਦਿੱਤਾ ਸੀ ਪਰ ਉਹਨਾਂ ਦੀ ਸ਼ਿਕਾਇਤ ਕਰਨ ਵਿਚ ਵੀ ਇਹਨਾਂ ਲੋਕਾਂ ਦਾ ਹੀ ਹੱਥ ਹੈ। ਸੋ ਮਾਮਲਾ ਨਾਂ ਤਾਂ ਧਾਰਮਿਕ ਰਹੁ-ਰੀਤਾਂ ਦੀ ਅਣਦੇਖੀ ਦਾ ਹੈ ਅਤੇ ਨਾਂ ਹੀ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਤੇ ਗਏ ਸਨਮਾਨ ਦੀ ਹੀ ਗੱਲ ਹੈ। ਅਸਲ ਵਿਚ ਇਸ ਮਾਮਲੇ ਵਿਚ ਸਿੱਖ ਸੰਸਥਾ ਦੇ ਪ੍ਰਬੰਧ ਵਿਚ ਚੱਲ ਰਹੀ ਨੀਤੀ ਹੀ ਜ਼ਿੰਮੇਵਾਰ ਹੈ ਜਿਸ ਨੂੰ ਆਪਣੇ ਹਿੱਤਾਂ ਲਈ ਵਰਤਣ ਲਈ ਅਕਾਲ ਤਖ਼ਤ ਦੇ ਕਥਿਤ ਜਥੇਦਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸ੍ਰ. ਤਰਸੇਮ ਸਿੰਘ ਅਟਵਾਲ ਦੇ ਪੱਤਰ ਵਿਚ ਵੀ ਇਹ ਗੱਲ ਸਾਫ਼ ਝਲਕਦੀ ਦਿਸਦੀ ਹੈ। ਪ੍ਰਧਾਨ ਤਰਸੇਮ ਸਿੰਘ ਅਟਵਾਲ ਸਮੇਤ ਹੋਰ ਸਿੱਖ ਵਿਦਵਾਨਾਂ ਨੇ ਵੀ ਇਸੇ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਇਸ ਸਮੇਂ ਤਖ਼ਤਾਂ ਦੇ ਜਥੇਦਾਰਾਂ ਉਤੇ ਸਿਆਸਤਦਾਨਾਂ ਦਾ ਪੂਰਾ ਦਬਦਬਾ ਹੋਣ ਕਰਕੇ ਕੀਤੇ ਜਾ ਰਹੇ ਫੈਸਲੇ ਗੁਰਮਤਿ ਅਨੁਸਾਰ ਨਾ ਹੋ ਕੇ ਕਿਸੇ ਨਾ ਕਿਸੇ ਨੂੰ ਨਿੱਜੀ ਲਾਭ ਪਹੁੰਚਾਉਣ ਲਈ ਕੀਤੇ ਜਾ ਰਹੇ ਹਨ। ਸਾਰਾ ਸਿੱਖ ਸਮਾਜ ਵੀ ਇਸ ਗੱਲ ਤੋਂ ਅਣਜਾਣ ਨਹੀਂ ਹੈ ਇਹ ਕੀ ਕਾਰਨ ਹੈ ਕਿ ਪਿਛਲੇ ਸਮੇਂ ਵਿਚ ਜਿਨ੍ਹਾਂ ਵੀ ਸਿੱਖਾਂ ਖਿਲਾਫ਼ ਹੁਕਮਨਾਮੇ ਜਾਰੀ ਕੀਤੇ ਗਏ ਉਹਨਾਂ ਨੂੰ ਸਿੱਖ ਸਮਾਜ ਨੇ ਅਣਗੌਲਿਆ ਹੀ ਕਰ ਦਿੱਤਾ ਹੈ। ਸਿੱਖ ਵਿਦਵਾਨ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਸ੍ਰ. ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ ਖਾਲਸਾ ਸਮੇਤ ਪੰਥ 'ਚੋਂ ਛੇਕੇ ਗਏ ਸਿੱਖਾਂ ਦਾ ਸਤਿਕਾਰ ਘਟਣ ਦੀ ਥਾਂ ਸਗੋਂ ਵਧ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਛਿੜ ਪਈ ਹੈ ਕਿ ਇਹਨਾਂ ਜਥੇਦਾਰਾਂ ਕੋਲ ਕਿਸੇ ਵੀ ਸਿੱਖ ਨੂੰ ਪੰਥ ਵਿਚੋਂ ਕੱਢਣ ਦਾ ਅਧਿਕਾਰ ਮਿਲਿਆ ਕਿੱਥੋਂ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਿੱਖ ਰਹਿਤ ਮਰਿਯਾਦਾ ਅਤੇ ਹੋਰ ਪ੍ਰਪੱਕ ਸਿੱਖ ਸਾਹਿਤ ਵਿਚ ਕਿਤੇ ਵੀ ਜਦੋਂ ਇਹ ਅਧਿਕਾਰ ਹੈ ਹੀ ਨਹੀਂ ਤਾਂ ਤਖ਼ਤਾਂ ਦੇ ਜਥੇਦਾਰ ਕਿਸ ਬਿਨਾਅ 'ਤੇ ਸ਼ਰਧਾਵਾਨ ਸਿੱਖਾਂ ਨੂੰ ਇੰਨੀ ਵੱਡੀ ਮਾਨਸਿਕ ਸਜ਼ਾ ਦੇ ਰਹੇ ਹਨ? ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਕੌਮ ਦੇ ਵੱਡੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਉਲਝਾਉਣ ਵਿਚ ਇਹਨਾਂ ਜਥੇਦਾਰਾਂ ਦਾ ਹੀ ਹੱਥ ਹੈ ਜਿਵੇਂ ਨਾਨਕਸ਼ਾਹੀ ਕੈਲੰਡਰ ਮਾਮਲਾ, ਸਰਸਾ ਕਾਂਡ ਅਤੇ ਸਮਾਧਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤੇ ਜਾਣ ਦੇ ਖਿਲਾਫ਼ ਜਾਰੀ ਕੀਤੇ ਗਏ ਹੁਕਮਨਾਮਿਆਂ 'ਤੇ ਖੁਦ ਇਹ ਜਥੇਦਾਰ ਹੀ ਪੂਰੇ ਨਹੀਂ ਉਤਰੇ ਸਗੋਂ ਅਜਿਹੇ ਨਾਜ਼ੁਕ ਸਮੇਂ ਵਿਚ ਸਿੱਖਾਂ ਨੂੰ ਮੁਸ਼ਕਿਲਾਂ ਵਿਚ ਸੁੱਟ ਕੇ ਆਪ ਆਪਣੀਆਂ ਕੁਰਸੀਆਂ ਨੂੰ ਪੱਕਾ ਕੀਤਾ ਹੈ। ਹੁਣ ਤਰਸੇਮ ਸਿੰਘ ਅਟਵਾਲ ਮਾਮਲੇ ਵਿਚ ਇਕ ਵਾਰ ਫਿਰ ਕੌਮ ਵਿਚ ਫੁੱਟ ਵਧਾਉਣ ਲਈ ਅਕਲ ਤਖ਼ਤ ਦਾ ਨਾਮ ਵਰਤਿਆ ਜਾਣਾ ਹੈ ਜਿਸ ਤੋਂ ਸੰਗਤਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।