ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮੌਜੂਦਾ ਸੰਕਟ ਦਾ ਮੁੱਖ ਕਾਰਨ ਪੰਥਕ ਸੋਚ ਤੋਂ ਦੂਰੀ


ਕਰਮਜੀਤ ਸਿੰਘ
ਸਿੱਖ ਪੰਥ ਦਾ ਰਾਜਨੀਤਕ ਕਲਚਰ ਬਹੁਤ ਗੁੰਝਲਦਾਰ ਹੈ, ਦਿਲਚਸਪ ਵੀ ਹੈ ਅਤੇ ਅਕਾਦਮਿਕ ਮੁਹਾਵਰੇ ਵਿੱਚ ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਵੀ ਹੈ। ਇਹ ਕਲਚਰ ਧਾਰਮਿਕ ਸੱਭਿਆਚਾਰ ਨਾਲੋਂ ਰੂਹਾਨੀ-ਸੱਭਿਆਚਾਰ ਦੇ ਵੱਧ ਨੇੜੇ ਹੈ ਜਿਸ ਕਰਕੇ ਇਸ ਦੇ ਗਿਆਨ-ਪ੍ਰਬੰਧ ਦੇ ਬਹੁਤ ਸਾਰੇ ਪਹਿਲੂ ਹੋਰਨਾਂ ਨਾਲੋਂ ਵੱਖਰੇ ਅਤੇ ਵਿਸ਼ੇਸ਼ ਹਨ ਅਤੇ ਸਤਿਹੀ ਸੋਚ ਵਾਲੇ ਵਿਦਵਾਨਾਂ ਦੀ ਪਕੜ ਵਿੱਚ ਨਹੀਂ ਆ ਸਕਦੇ। ਆਜ਼ਾਦੀ ਤੋਂ ਪਹਿਲਾਂ ਚੱਲੇ ਅੰਦੋਲਨਾਂ ਵਿੱਚ ਨਹਿਰੂ, ਟੈਗੋਰ, ਗਾਂਧੀ, ਅੰਬੇਦਕਰ ਸਮੇਤ ਸਿਆਸਤਦਾਨਾਂ ਅਤੇ ਨੀਤੀਵਾਨਾਂ ਦੀ ਇੱਕ ਲੰਮੀ ਕਤਾਰ ਹੈ ਜਿਨ੍ਹਾਂ ਨੂੰ ਇਸ ਵਿਲੱਖਣਤਾ ਦੀ ਪਛਾਣ ਅਤੇ ਸਮਝ ਸੀ। ਇੱਥੋਂ ਤਕ ਕਿ ਖੱਬੇ ਪੱਖੀ ਸਿਆਸਤਦਾਨ ਵੀ ਇਸ ਹਕੀਕਤ ਨੂੰ ਸਵੀਕਾਰ ਕਰਦੇ ਸਨ। ਬੰਗਾਲੀ ਲੇਖਕ ਅਤੇ ਆਜ਼ਾਦੀ ਸੰਗਰਾਮੀਏ, ਸਾਚਿੰਦਰ ਨਾਥ ਸਾਨਿਆਲ ਨੇ ਗ਼ਦਰ ਪਾਰਟੀ ਦਾ ਇਤਿਹਾਸ ਲਿਖਦਿਆਂ ਆਪਣੀ ਕਿਤਾਬ ‘ਬੰਦੀ ਜੀਵਨ’ ਵਿੱਚ ਸਿੱਖ ਮਾਨਸਿਕਤਾ ਦੇ ਕੁਝ ਝਲਕਾਰੇ ਪੇਸ਼ ਕੀਤੇ ਹਨ।
ਵਿਦਵਾਨਾਂ ਅਤੇ ਸਿਆਸਤਦਾਨਾਂ ਨੂੰ ਹੈਰਾਨ ਕਰਨ ਵਾਲਾ ਇਹ ਤੱਥ ਸਮਝਣ ਵਿਚ ਬਹੁਤ ਮੁਸ਼ਕਲ ਆ ਰਹੀ ਹੈ ਕਿ ਆਖ਼ਰਕਾਰ ਸੁੱਚੇ ਜਜ਼ਬਾਤ ਦਾ ਉਹ ਸਰਸਬਜ਼ ਚਸ਼ਮਾ ਜਾਂ ਭਾਈ ਨੰਦ ਲਾਲ ਦੇ ਲਫ਼ਜ਼ਾਂ ਵਿੱਚ ‘ਜਾਂ ਫਰੋਜ਼ਿ ਨਹਿਰ’  (ਆਤਮਕ ਗਿਆਨ ਦੀ ਵਗਦੀ ਨਦੀ) ਕਿੱਥੇ ਹੈ ਜਿਸ ਕਰਕੇ ਆਜ਼ਾਦੀ ਦੀ ਜੰਗ ਵਿੱਚ ਫਾਂਸੀਆਂ ਉੱਤੇ ਚੜ੍ਹਨ ਵਾਲੇ ਅਤੇ ਲੰਮੀਆਂ ਕੈਦਾਂ ਕੱਟਣ ਵਾਲਿਆਂ ਵਿੱਚ 80 ਫ਼ੀਸਦੀ ਸਿੱਖ ਹੀ ਸਨ। ਇੱਥੋਂ ਤਕ ਕਿ ਪੰਜਾਬ ’ਚ ਨਕਸਲੀ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ 60 ਵਿਅਕਤੀਆਂ ਵਿੱਚ 59 ਸਿੱਖ ਸਨ।
ਇੱਕ ਹੋਰ ਗੰਭੀਰ ਤੱਥ ਡੂੰਘੇ ਧਿਆਨ ਦੀ ਮੰਗ ਕਰਦਾ ਹੈ ਕਿ ਸਿੱਖ ਕੌਮ ਹਰ ਰੋਜ਼ ਅਰਦਾਸ ਵਿੱਚ ਦੋ ਵਾਰ ‘ਸਰਬੱਤ ਦਾ ਭਲਾ’ ਮੰਗਦੀ ਹੈ, ਪਰ ਨਾਲ ਹੀ ਇਸੇ ਮੰਚ ਉੱਤੇ ਖਲ੍ਹੋ ਕੇ ਉਹ ਆਪਣੀ ਆਜ਼ਾਦ ਅਤੇ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਵੀ ਹਰ ਹਾਲਤ ਵਿੱਚ ਵਚਨਬੱਧ ਹੈ। ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਹਨ ਜਦੋਂ ਸਿੱਖਾਂ ਨੇ ਹਰ ਅੌਖੀ-ਸੌਖੀ ਘੜੀ ਵਿੱਚ ਇਨ੍ਹਾਂ ਦੋਵਾਂ ਹਕੀਕਤਾਂ ਦੇ ਨਾਜ਼ੁਕ ਤਵਾਜ਼ਨ ਨੂੰ ਸਫ਼²ਲਤਾ ਸਹਿਤ ਬਣਾਈ ਰੱਖਿਆ। ਸ. ਪ੍ਰਕਾਸ਼ ਸਿੰਘ ਬਾਦਲ ਇੱਥੇ ਹੀ ਮਾਰ ਖਾ ਗਏ। ਉਨ੍ਹਾਂ ਨੇ ਇਸ ਸੰਵੇਦਨਸ਼ੀਲ ਸੰਤੁਲਨ ਨੂੰ ਸੰਭਾਲ ਕੇ ਨਹੀਂ ਰੱਖਿਆ ਅਤੇ ਸ਼ਾਇਦ ਉਨ੍ਹਾਂ ਨੂੰ ਇਸ ਸੰਤੁਲਨ ਦੀਆਂ ਬਾਰੀਕ, ਅਣਦਿਸਦੀਆਂ ਅਤੇ ਅਹਿਮ ਪਰਤਾਂ ਦੀ ਅੰਤਰਮੁਖੀ ਸਮਝ ਵੀ ਨਹੀਂ। ‘ਸਰਬੱਤ ਦੇ ਭਲੇ’ ਦਾ ਨਾਅਰਾ ਮਾਰਦੇ ਮਾਰਦੇ ਉਹ ਹੁਣ ‘ਸਰਬੱਤ’ ਨਾਲੋਂ ਵੀ ਦੂਰ ਹਨ ਅਤੇ ਅੱਜ ਆਪਣੀ ਕੌਮ ਨਾਲੋਂ ਵੀ ਟੁੱਟੇ ਨਜ਼ਰ ਆ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੁਖਦਾਇਕ ਘਟਨਾਵਾਂ ਪਿੱਛੋਂ ਜਦੋਂ ਉਹ ਸ਼ਨਿਚਰਵਾਰ ਵਾਲੇ ਦਿਨ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਚੱਲ ਰਹੇ ਸਨ ਤਾਂ ਕਿਸੇ ਡੂੰਘੀ ਪੀੜ ਦੀ ਝਲਕ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਪੜ੍ਹੀ ਜਾ ਸਕਦੀ ਸੀ। ਹੁਣ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੋਵੇਗਾ ਕਿ ਖੂਹ ਦੀ ਤਹਿ ਵਿੱਚ ਬੈਠ ਕੇ ਸਾਰੇ ਅਸਮਾਨ ਨੂੰ ਵੇਖਿਆ ਨਹੀਂ ਜਾ ਸਕਦਾ।
ਇੱਕ ਹੋਰ ਸਵਾਲ ਵੀ ਕੀਤਾ ਜਾ ਸਕਦਾ ਹੈ ਕਿ ਬਾਦਲ ਸਾਹਿਬ ਕੋਲ ਰਾਜਨੀਤਕ ਚਤੁਰਾਈਆਂ ਦਾ ਖ਼ਜ਼ਾਨਾ ਵੀ ਸੀ, ਤਜਰਬੇ ਵੀ ਸਨ ਅਤੇ ਤਾਕਤ ਵੀ ਸੀ। ਸਬਰ-ਸੰਤੋਖ ਨਾਲ ਤਾਂ ਉਨ੍ਹਾਂ ਨੇ ਕਈ ਮਜ਼ਬੂਤ ਰਾਜਨੀਤਕ ਜੰਦਰੇ ਵੀ ਖੋਲ੍ਹੇ ਤੇ ਭੰਨੇ ਹਨ, ਪਰ ਹੁਣ ਮਾਰ ਕਿੱਥੇ ਖਾ ਰਹੇ ਹਨ? ਇਸ ਦਾ ਜਵਾਬ ਇਹ ਹੈ ਕਿ ਬਾਦਲ ਸਾਹਿਬ ਨੇ ਹੁਣ ਤਕ ਸਿਰਫ਼ ਦੋ ਚੀਜ਼ਾਂ ਉੱਤੇ ਹੀ ਆਪਣੀ ਬਾਜ਼ ਅੱਖ ਰੱਖੀ-ਇੱਕ ਵੋਟ ’ਤੇ ਦੂਜਾ ਵੋਟਰ। ਇਹ ਦੋਵੇਂ ਕੀਮਤੀ ਚੀਜ਼ਾਂ ਉਨ੍ਹਾਂ ਨੇ ਹਾਸਲ ਵੀ ਕੀਤੀਆਂ ਪਰ ਵੋਟਰ ਦੇ ਅੰਦਰ ਤੇ ਖ਼ਾਸ ਕਰਕੇ ਸਿੱਖ ਵੋਟਰ ਦੇ ਧੁਰ ਅੰਦਰ ਹੋਰ ਕੀ ਕੁਝ ਰਿੱਝ-ਪੱਕ ਰਿਹਾ ਹੈ, ਉਸ ਵੱਲ ਸ਼ਾਇਦ ਹੀ ਉਨ੍ਹਾਂ ਨੇ ਕਦੇ ਧਿਆਨ ਦਿੱਤਾ ਹੋਵੇ। ਉਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ, ਪੰਜਾਬੀਅਤ ਦਾ ਝੰਡਾ ਵੀ ਬੁਲੰਦ ਕੀਤਾ ਪਰ ਪੰਥਕ ਜਜ਼ਬੇ ਦੀ ਸੰਭਾਲ ਅਤੇ ਇਸ ਦੀ ਰਾਖੀ ਵੱਲ ਜੇ ਕੁਝ ਧਿਆਨ ਵੀ ਦਿੱਤਾ ਤਾਂ ਉਹ ਓਪਰਾ ਸੀ, ਰਸਮੀ ਸੀ ਤੇ ਕੇਵਲ ਮੂੰਹ ਰੱਖਣੀ ਸੀ। ਦੂਜੇ ਪਾਸੇ ਗੁਰਚਰਨ ਸਿੰਘ ਟੌਹੜਾ ਵਾਲੀ ਪੰਥਕ ਸੋਚ ਵਾਲੀ ਰਾਜਨੀਤੀ ਨੂੰ ਪੰਥਕ ਜਜ਼ਬੇ ਦੇ ਨਾਲ ਨਾਲ ਤੁਰਨ, ਉਸ ਦੀ ਰਾਖੀ ਕਰਨ ਅਤੇ ਉਸ ਨੂੰ ਨਵੇਂ ਨਵੇਂ ਮੋੜ ਦੇਣ ਦੀ ਸਮਝ ਤੇ ਜਾਚ ਸੀ।
ਜਿੱਥੋਂ ਤਕ ‘ਪੰਜਾਬੀਅਤ’ ਦਾ ਸਬੰਧ ਹੈ, ਇਸ ਸ਼ਬਦ ਦੇ ਅਰਥਾਂ ਤੇ ਪਾਸਾਰ ਬਾਰੇ ਵੀ ਘੱਟ ਹੀ ਬਹਿਸ ਹੋਈ ਹੈ। ਸਰਬੱਤ ਦੇ ਭਲੇ ਦਾ ਸਿਧਾਂਤ ਸਿੱਖ ਪੰਥ ਨਾਲ ਤਾਂ ਜੁੜਿਆ ਹੀ ਹੈ ਪਰ ਅੱਗੇ ਜਾ ਕੇ ਇਹ ਕਿਸਾਨੀ ਨਾਲ ਜੁੜਦਾ ਹੈ ਅਤੇ ਹੋਰ ਅੱਗੇ ਜਾ ਕੇ ਸਮੂਹ ਪੰਜਾਬੀਆਂ ਨਾਲ ਇਸ ਦੀਆਂ ਗੂੜ੍ਹੀਆਂ ਤੇ ਪਿਆਰ ਭਰੀਆਂ ਸਾਂਝਾਂ ਹਨ। ਪੰਥਕ ਜਜ਼ਬੇ ਦੇ ਬਾਗ਼ ਵਿੱਚ ਹੀ ਪੰਜਾਬੀਅਤ ਦੇ ਸਾਰੇ ਫੁੱਲ ਖਿੜ ਸਕਦੇ ਹਨ। ਇਸ ਤੋਂ ਦੂਰ ਹੋ ਕੇ ਨਾ ਕੋਈ ਅਕਾਲੀ ਰਹਿ ਸਕਦਾ ਹੈ, ਨਾ ਹੀ ਸਿੱਖ ਅਖਵਾ ਸਕਦਾ ਹੈ ਅਤੇ ਨਾ ਹੀ ਪੰਜਾਬੀਅਤ ਦੀ ਸੁੱਚੀ ਭਾਵਨਾ ਪੈਦਾ ਹੋ ਸਕਦੀ ਹੈ। ‘ਪੰਜਾਬ ਵੱਸਦਾ ਗੁਰਾਂ ਦੇ ਨਾਂ ’ਤੇ’ ਦੀ ਟਿੱਪਣੀ ਵੀ ਇੱਕ ਅਜਿਹੇ ਨਜ਼ਰੀਏ ਨੂੰ ਪੇਸ਼ ਕਰਦੀ ਹੈ ਜਿਸ ਵਿੱਚੋਂ ਅਣਗਿਣਤ ਅੰਤਰ ਦ੍ਰਿਸ਼ਟੀਆਂ ਦੀਆਂ ਸੰਭਾਵਨਾਵਾਂ ਅਤੇ ਬਰਕਤਾਂ ਪੈਦਾ ਹੁੰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਦੀ ਪ੍ਰਤੱਖ ਮਿਸਾਲ ਹੈ ਜਿੱਥੇ ਕਈ ਭਾਸ਼ਾਵਾਂ, ਧਰਮਾਂ ਤੇ ਸੱਭਿਆਚਾਰਾਂ ਦੇ ਰੂਹਾਨੀ ਫੁੱਲ ਖਿੜੇ ਹਨ। ਇਸ ਲਈ ਇਹੋ ਜਿਹੇ ਮਹਾਨ ਗ੍ਰੰਥ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਵਿੱਚ ਜੇ ਲਾਪ੍ਰਵਾਹੀ ਅਤੇ ਦੇਰੀ ਕੀਤੀ ਗਈ ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਤਾਂ ਸਮੁੱਚਾ ਪੰਥ ਬਾਦਲ ਸਾਹਿਬ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਇਆ ਹੈ, ਜਿਨ੍ਹਾਂ ਕੋਲ ਸਰਕਾਰ ਵੀ ਹੈ, ਪੁਲੀਸ ਦਾ ਵਿਸ਼ਾਲ ਤੰਤਰ ਵੀ ਹੈ ਅਤੇ ਜੋ ਫ਼ਖਰ-ਏ-ਕੌਮ ਅਤੇ ਪੰਥ ਰਤਨ ਵੀ ਹੈ। ਤਾਜ਼ਾ ਘਟਨਾਵਾਂ ਤਾਂ ਸਿਖਰ ਹੀ ਹਨ ਜਦੋਂਕਿ ਪਿਛਲੇ ਦੋ-ਤਿੰਨ ਵਰ੍ਹਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਸੜਨ, ਰੁਮਾਲਿਆਂ ਨੂੰ ਅੱਗ ਲੱਗਣ ਅਤੇ ਸਰੂਪ ਵਾਲੇ ਅਸਥਾਨ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ ਪਰ ਇਹ ਨਜ਼ਰਅੰਦਾਜ਼ ਕੀਤੀਆਂ ਜਾਂਦੀਆਂ ਰਹੀਆਂ। ਇਨ੍ਹਾਂ ਦੀ ਗੰਭੀਰ ਜਾਂਚ ਪੜਤਾਲ ਸ਼ਾਇਦ ਹੀ ਕਦੇ ਹੋਈ ਹੋਵੇ। ਕੀ ਘਰ ਦੇ ਮਾਲਕ ਨੂੰ ਪਤਾ ਨਹੀਂ ਹੋਣਾ ਚਾਹੀਦਾ ਹੈ ਕਿ ਉਸ ਦੀ ਛੱਤ ਕਿੱਥੋਂ ਚੋਂਦੀ ਹੈ?
ਅਸੀਂ ਇੱਕ ਵਾਰ ਮੁੜ ਗੁਰਚਰਨ ਸਿੰਘ ਟੌਹੜਾ ਵਾਲੀ ਪੰਥਕ ਸਿਆਸਤ ਵੱਲ ਮੁੜਦੇ ਹਾਂ ਜੋ ਇਹ ਦੱਸਦੀ ਹੈ ਕਿ ਅੱਜ ਅਕਾਲੀ ਦਲ ਦੀ ਸੋਚ ਅਤੇ ਜਜ਼ਬੇ ਵਿੱਚ ਉਸ ਦੀ ਗੁਫ਼ਤਾਰ ਤੇ ਰਫ਼ਤਾਰ ਵਿੱਚ ਉਹੋ ਜਿਹੀ ਸ਼ਾਇਰਾਨਾ ਤਰਜ਼-ਏ-ਜ਼ਿੰਦਗੀ ਨਹੀਂ ਜੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਾਂਭ ਕੇ ਰੱਖੀ ਸੀ। ਪੰਥਕ ਜਜ਼ਬੇ ਉੱਤੇ ਕੁਝ ਕੁ ਟੱਬਰਾਂ ਦਾ ਹੀ ਕਬਜ਼ਾ ਕਿਉਂ ਹੋ ਗਿਆ ਹੈ? ਵਿਕਾਸ ਦੀਆਂ ਗੱਲਾਂ ਇਨਸਾਫ਼ ਤੇ ਬਰਾਬਰੀ ਦੇ ਜਜ਼ਬਿਆਂ ਨਾਲ ਕਿਉਂ ਨਹੀਂ ਜੁੜ ਰਹੀਆਂ? ਟੌਹੜਾ-ਮਾਨਸਿਕਤਾ ਵਿੱਚ ਜ਼ਰੂਰ ਕੋਈ ਅਜਿਹੀ ਗੱਲ ਸੀ ਜਿਸ ਨੇ ਪੰਥਕ ਸ਼ਾਨ ਨੂੰ, ਪੰਥਕ ਪਛਾਣ ਨੂੰ ਅਤੇ ਪੰਥ ਦੀ ਮੁੱਖ ਧਾਰਾ ਨੂੰ ਜਿਊਂਦਿਆਂ ਤੇ ਜਾਗਦਿਆਂ ਰੱਖਿਆ ਅਤੇ ਉਸ ਵਿੱਚ ਤਾਜ਼ਗੀ ਵੀ ਬਣਾਈ ਰੱਖੀ। ਪਰ ਬਾਦਲ ਰਾਜਨੀਤੀ ਤੇ ਰਣਨੀਤੀ ਪੰਥਕ ਇਤਿਹਾਸ ਨੂੰ ਭੁਲ ਕੇ ਦੁਨੀਆਂਦਾਰੀ ਦੀ ਖੇਡ ਵਿੱਚ ਮਸਤ ਹੈ। ਦੂਜੇ ਪਾਸੇ ਟੌਹੜਾ ਰਾਜਨੀਤੀ ਪੰਥਕ ਪਿਆਰ ਦੀ ਪਿਆਸੀ ਹੋਣ ਕਰਕੇ ਅੰਤਿਮ ਹਾਰ ਕਦੇ ਵੀ ਨਹੀਂ ਸੀ ਮੰਨਦੀ। ਇਹ ਗੱਲ ਉਨ੍ਹਾਂ ਵੱਲੋਂ ਬੀ.ਬੀ.ਸੀ. ਨੂੰ ਦਿੱਤੀ ਆਖ਼ਰੀ ਇੰਟਰਵਿਊ ਵਿੱਚ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਪੰਜਾਬ ਦੇ ਉੱਬਲਦੇ ਰਾਜਨੀਤਿਕ ਪਾਣੀਆਂ ਵਿੱਚ ਵੀ, ਜੇਕਰ ਉਸ ਦੇ ਪੈਰ ਜੰਮੇ ਰਹੇ ਤਾਂ ਇਸ ਦਾ ਵੱਡਾ ਕਾਰਨ ਸੀ ਕਿ ਉਹ ਆਪਣੇ ਭਾਈਚਾਰੇ ਦੇ ਵੱਡੇ ਹਿੱਸਿਆਂ ਨਾਲੋਂ ਕਦੇ ਵੀ ਟੁੱਟਿਆ ਨਹੀਂ ਸੀ। ਉਹ ਲਗਦੀ ਵਾਹ ਆਪਣੇ ਭਾਈਚਾਰੇ ਦੇ ਠੰਢੇ-ਤੱਤੇ ਅਤੇ ਕਮਜ਼ੋਰ ਹਿੱਸਿਆਂ ਨਾਲ ਸਾਂਝ ਬਣਾਈ ਰੱਖਦਾ ਸੀ। ਉਹ ਕੰਧਾਂ ਤੋਂ ਵੀ ਸਲਾਹ ਲੈਂਦਾ ਸੀ। ਕਿਤਾਬਾਂ ਦੇ ਆਸ਼ਕਾਂ ਨਾਲ ਵੀ ਉਸ ਦੀ ਡੂੰਘੀ ਦੋਸਤੀ ਸੀ ਪਰ ਬਾਦਲ ਸਾਹਿਬ ਦੇ ਆਪਣੇ ਲਫ਼ਜ਼ਾਂ ਮੁਤਾਬਿਕ ਹੀ ਉਹ ਕਿਤਾਬ ਤੇ ਕਿਤਾਬਾਂ ਵਾਲਿਆਂ ਤੋਂ ਦੂਰ ਹੀ ਰਹਿੰਦੇ ਹਨ। ਸਿਆਣਿਆਂ ਨੇ ਕਿੰਨਾ ਸੋਹਣਾ ਲਿਖਿਆ ਹੈ ਕਿ ਕਿਤਾਬ ‘ਖਾਮੋਸ਼ ਗੁਰੂ’ ਹੁੰਦੀ ਹੈ। ਪਰ ਬਾਦਲ ਸਾਹਿਬ ਸ਼ਬਦ ਦੀ ਤਾਕਤ, ਪ੍ਰਭਾਵ ਤੇ ਮਹਾਨਤਾ ਤੋਂ ਕਿਉਂ ਦੂਰ ਹਨ ਜਦੋਂਕਿ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਜੋੜਿਆ ਹੀ ‘ਸ਼ਬਦ’ ਨਾਲ ਹੈ।
ਆਜ਼ਾਦੀ ਤੋਂ ਪਿੱਛੋਂ ਜਿਹੜੇ ਦੋ ਸਿਆਸਤਦਾਨ ਸਿੱਖਾਂ ਦੀ ਸਰਬੱਤ ਚੇਤੰਨਤਾ ਦੇ ਨਜ਼ਦੀਕ ਰਹੇ ਅਤੇ ਉਸ ਚੇਤਨਤਾ ਦੀ ਰਾਖੀ ਵੀ ਕਰਦੇ ਰਹੇ ਤੇ ਜੂਝਦੇ ਵੀ ਰਹੇ, ਉਨ੍ਹਾਂ ਵਿੱਚੋਂ ਇੱਕ ਮਾਸਟਰ ਤਾਰਾ ਸਿੰਘ ਅਤੇ ਦੂਜੇ ਸ. ਗੁਰਚਰਨ ਸਿੰਘ ਟੌਹੜਾ ਹਨ। ਇਹ ਦੋਵੇਂ ਨੀਤੀਵਾਨ ਭਾਵੇਂ ਸੱਤਾ ਵਿੱਚ ਰਹਿੰਦੇ ਤੇ ਭਾਵੇਂ ਨਾ ਰਹਿੰਦੇ ਪਰ ਪੰਜਾਬ ਦੀ ਕੋਈ ਵੀ ਸਿਆਸਤ ਉਨ੍ਹਾਂ ਤੋਂ ਬਿਨਾਂ ਅਧੂਰੀ, ਨੀਰਸ ਅਤੇ ਫਿਕੀ-ਫਿਕੀ ਹੁੰਦੀ। ਉਨ੍ਹਾਂ ਤੋਂ ਬਿਨਾਂ ਕੋਈ ਸਿਆਸੀ ਸਮੀਕਰਨ ਬਣ ਹੀ ਨਹੀਂ ਸੀ ਸਕਦਾ। ਕੀ ਇਹੋ ਜਿਹਾ ਸਿਹਰਾ ਤੇ ਮਾਣ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਸਕੇਗਾ? ਇਤਿਹਾਸ ਆਪਣੇ ਸੁਭਾਅ ਮੁਤਾਬਿਕ ਇਸ ਦਾ ਫ਼ੈਸਲਾ ਦੇਰ ਨਾਲ ਦੇਵੇਗਾ ਪਰ ਬਾਦਲ ਸਾਹਿਬ ਤੇ ਉਨ੍ਹਾਂ ਦੇ ਵਾਰਸ ਤੇ ਸਮਰਥਕਾਂ ਨੂੰ ਢੁੱਕਵਾਂ ਜਵਾਬ ਹੁਣੇ ਦੇਣਾ ਬਣਦਾ ਹੈ।
•ਮੋਬਾਈਲ: 99150-91063