ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਾਦਲਾਂ ਦੇ ਸਿੱਖ ਵਿਰੋਧੀ ਗੁੰਡਾ ਰਾਜ ਦੇ ਖਿਲਾਫ ਸਿੱਖ ਕੌਮ ਦੇ ਲਾਵੇ ਨੂੰ ਕੋਈ ਠੋਸ ਰਾਜਸੀ ਦਿਸ਼ਾ ਵੱਲ ਮੋੜਨ ਦੀ ਲੋੜ!


Dr. Amarjit Singh  
ਭਾਰਤ ਦੀਆਂ ਖੁਫੀਆ ਏਜੰਸੀਆਂ ਵਲੋਂ, ਪੰਜਾਬ ਵਿੱਚ ਸਿੱਖਾਂ ਦੇ 'ਅਖੀਰਲੇ ਹੱਲ' (ਫਾਈਨਲ ਸੋਲਿਊਸ਼ਨ) ਲਈ ਅਰੰਭੇ ਅਪਰੇਸ਼ਨ ਦੇ ਤਹਿਤ, ਜੂਨ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਬਾਅਦ ਥਾਂ-ਥਾਂ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਹਿਰਦੇ-ਵਲੂੰਧਰਨ ਵਾਲੀਆਂ ਘਟਨਾਵਾਂ ਵਿੱਚ ਬਰਗਾੜੀ (ਜਿੱਥੇ ਪਾਵਨ ਸਰੂਪ ਦੇ ਲਗਭਗ 115 ਅੰਗ ਥਾਂ-ਥਾਂ ਖਿਲਾਰੇ ਗਏ) ਤੋਂ ਸ਼ੁਰੂ ਕਰਕੇ 7 ਜ਼ਿਲ੍ਹਿਆਂ ਵਿੱਚ ਇਹ ਘਟਨਾਕ੍ਰਮ ਦੋਹਰਾਇਆ ਗਿਆ ਹੈ, ਜਿਨ੍ਹਾਂ ਵਿੱਚ ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਅੰਮ੍ਰਿਤਸਰ, ਲੁਧਿਆਣਾ ਤੇ ਤਰਨਤਾਰਨ ਸ਼ਾਮਲ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਬੇਹੁਰਮਤੀ ਦੇ ਖਿਲਾਫ ਭਾਵੇਂ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਨੇ ਰੋਹ ਭਰਿਆ ਇਜ਼ਹਾਰ ਕੀਤਾ ਪਰ ਪੰਜਾਬ ਦੇ ਸਿੱਖਾਂ ਨੇ ਜਿਵੇਂ ਇਕਜੁੱਟ ਹੋ ਕੇ, ਪੰਜਾਬ ਦੀ ਬਾਦਲ ਸਰਕਾਰ ਤੇ ਏਜੰਸੀਆਂ ਦੀ ਨੀਂਦ ਹਰਾਮ ਕੀਤੀ, ਇਸ ਨੂੰ 'ਇਤਿਹਾਸਕ' ਕਿਹਾ ਜਾ ਸਕਦਾ ਹੈ। ਬੀਤੇ ਦਹਾਕਿਆਂ ਵਿੱਚ ਕੋਈ ਇੱਕ ਵੀ ਐਸੀ ਉਦਾਹਰਣ ਨਹੀਂ ਹੈ, ਜਿਸ ਵਿੱਚ ਲੋਕਾਂ ਨੇ ਬਿਨ੍ਹਾਂ ਕਿਸੇ ਜਥੇਬੰਦਕ ਆਗੂ ਜਾਂ ਪਾਰਟੀ ਦੀ ਅਗਵਾਈ ਦੇ ਆਪ-ਮੁਹਾਰੇ ਦਸ ਦਿਨਾਂ ਲਈ ਪੰਜਾਬ ਦੀ ਜ਼ਿੰਦਗੀ ਦੇ ਚੱਕੇ ਨੂੰ ਇੱਕ ਥਾਂ 'ਜਾਮ' ਕਰ ਦਿੱਤਾ ਹੋਵੇ।
ਸਿੱਖ ਜਗਤ ਦੇ ਰੋਹ ਦੇ ਇਸ ਲਾਵੇ ਨੇ, ਪੰਜਾਬ ਵਿੱਚ ਬਾਦਲਗਰਦੀ ਦੇ ਗੁੰਡਾ ਰਾਜ ਦੇ ਸਟੇਟਸ-ਕੋ ਨੂੰ ਤੋੜ ਦਿੱਤਾ ਹੈ। ਕੋਟਕਪੂਰਾ ਵਿੱਚ ਸ਼ਾਂਤਮਈ ਧਰਨੇ 'ਤੇ ਬੈਠੇ ਸਿੱਖਾਂ ਤੇ ਹਿੰਦੂਤਵੀ ਪੁਲਿਸ ਮੁਖੀਆਂ ਚਰਨਜੀਤ ਸ਼ਰਮਾ ਤੇ ਜਗਦੀਸ਼ ਬਿਸ਼ਨੋਈ ਦੇ ਟੁੱਟੇ ਕਹਿਰ ਨੇ ਜਿੱਥੇ ਭਾਈ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨਭਗਵਾਨ ਸਿੰਘ ਦੀ ਜਾਨ ਲਈ, ਉੱਥੇ ਦਰਜਨਾਂ ਹੋਰ ਸਿੱਖ ਜ਼ਖਮੀ ਹੋਏ। ਇਸ ਵਾਰ ਸਿੱਖ ਪ੍ਰਚਾਰਕਾਂ ਭਾਈ ਰਣਜੀਤ ਸਿੰਘ ਢੱਡਰੀਆਂ, ਭਾਈ ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਮਾਂਝੀ ਆਦਿ ਨੇ ਬੜੇ ਹੌਂਸਲੇ ਨਾਲ ਸਿੱਖ ਸੰਗਤਾਂ ਨੂੰ ਅਗਵਾਈ ਦਿੱਤੀ। ਬਾਦਲ ਦੇ ਤਨਖਾਹੀਏ ਜਥੇਦਾਰਾਂ ਵਲੋਂ 'ਸੌਦਾ ਸਾਧ' ਨੂੰ ਦਿੱਤੇ ਮੁਆਫੀਨਾਮੇ ਨੇ, ਸਿੱਖ ਸੰਗਤਾਂ ਦਾ ਗੁੱਸਾ ਜਥੇਦਾਰਾਂ ਵੱਲ ਕੇਂਦਰਤ ਕੀਤਾ ਸੀ ਪਰ ਪਾਵਨ ਬੀੜਾਂ ਦੇ ਹੋ ਰਹੇ ਅਪਮਾਨ ਨੇ, ਸਮੁੱਚੀ ਅਕਾਲੀ ਲੀਡਰਸ਼ਿੱਪ, ਸ਼੍ਰੋਮਣੀ ਕਮੇਟੀ ਅਤੇ ਇਨ੍ਹਾਂ ਦੇ ਲੋਕ ਕਰਿੰਦਿਆਂ ਨੂੰ 'ਦੋਸ਼ੀਆਂ' ਦੇ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ।
ਜੂਨ ਮਹੀਨੇ ਤੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਗਾਇਬ ਸਰੂਪ ਨੂੰ ਲੱਭਣ 'ਚ ਨਾਕਾਮ, ਬਾਦਲ ਪ੍ਰਸ਼ਾਸ਼ਨ (ਜਿਸ ਨੇ ਸੌਦਾ ਸਾਧ ਦੇ ਚੇਲਿਆਂ ਨੂੰ ਲਗਭਗ ਇੱਕ ਹਫਤਾ ਟਰੇਨਾਂ-ਬੱਸਾਂ ਰੋਕਣ ਦਿੱਤੀਆਂ, ਉਸ ਦੀ ਫਿਲਮ ਪੰਜਾਬ ਦੇ ਸਿਨਮਿਆਂ ਵਿੱਚ ਚਲਵਾਈ) ਨੇ ਜਿਵੇਂ ਸ਼ਾਂਤਮਈ ਸਿੱਖਾਂ 'ਤੇ ਗੋਲੀਆਂ ਦਾ ਮੀਂਹ ਵਰ੍ਹਾਇਆ, ਇਸ ਨੇ ਜਲ੍ਹਿਆਂਵਾਲੇ ਬਾਗ ਦੀ ਕਾਂਡ ਮੁੜ ਯਾਦ ਕਰਵਾ ਦਿੱਤਾ। ਸਰਕਾਰ ਦੀ ਇਸ ਜ਼ੁਲਮੀ ਨੀਤੀ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਸਤੀਫੇ ਦਿੱਤੇ। ਕੁਝ ਅਕਾਲੀ ਅਹੁਦੇਦਾਰਾਂ ਨੇ ਅਹੁਦੇ ਛੱਡੇ ਅਤੇ ਕੁਝ ਅਕਾਲੀ ਲੀਡਰ ਥਾਂ-ਥਾਂ ਸਿੱਖਾਂ ਦੇ ਰੋਹ ਦਾ ਸ਼ਿਕਾਰ ਹੋਏ। ਬਾਦਲ ਦੇ ਆਦੇਸ਼ਾਂ ਤੇ ਜਥੇਦਾਰਾਂ ਨੇ ਆਪਣੇ 'ਮੁਆਫੀਨਾਮੇ' ਨੂੰ ਉਲਟਾ ਗੇਅਰ ਲਾਉਂਦਿਆਂ ਉਸੇ ਤਰ੍ਹਾਂ ਵਾਪਸੀ ਡਰਾਮਾ ਕੀਤਾ ਜਿਵੇਂਕਿ ਇਸ ਨੂੰ ਜਾਰੀ ਕਰਨ ਵੇਲੇ ਕੀਤਾ ਸੀ। ਅਕਾਲ ਤਖਤ ਦੇ ਗੁਰਮਤਿਆਂ ਨੂੰ ਅਪਮਾਨਿਤ ਕਰਨ ਵਾਲੇ ਇਨ੍ਹਾਂ ਜਥੇਦਾਰਾਂ ਪ੍ਰਤੀ ਸਿੱਖ-ਸੰਗਤਾਂ ਦਾ ਰੋਹ ਹੋਰ ਵੀ ਪ੍ਰਚੰਡ ਹੋਇਆ। ਨਤੀਜੇ ਵਜੋਂ ਉਦੋਂ ਦੇ ਸਾਰੇ ਜਥੇਦਾਰ ਆਪਣੇ ਘਰਾਂ ਵਿੱਚ ਤਾੜੇ ਹੋਏ ਹਨ ਅਤੇ ਕਿਸੇ ਪੰਥਕ ਸਮਾਗਮ ਵਿੱਚ ਜਾਣ ਦਾ ਹੀਆ ਨਹੀਂ ਕਰਦੇ। ਜਥੇਦਾਰ ਅਕਾਲ ਤਖਤ ਨੇ ਜਦੋਂ ਬਿਨ-ਬੁਲਾਇਆਂ ਗੁਰਦਾਰਾ ਮੰਜੀ ਸਾਹਿਬ ਦੇ ਸਮਾਗਮ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਜ਼ੂਰੀ ਰਾਗੀ ਸਿੰਘਾਂ, ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅਤੇ ਪ੍ਰਚਾਰਕਾਂ-ਢਾਡੀਆਂ ਵਲੋਂ ਹੀ ਉਸ ਨੂੰ ਲਾਹਨਤਾਂ ਪਾਈਆਂ ਗਈਆਂ ਅਤੇ ਉਹ ਵਾਪਸ ਭੱਜਣ ਦੇ ਮਜ਼ਬੂਰ ਹੋਇਆ। ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਪਿਆਰਿਆਂ ਨੇ, ਅਕਾਲ ਤਖਤ ਸਾਹਿਬ ਦੀ ਤੌਹੀਨ ਕਰਦਿਆਂ ਮਾਫੀਨਾਮਾ ਜਾਰੀ ਕਰਨ ਵਾਲੇ ਪੰਜਾਂ ਜਥੇਦਾਰਾਂ ਨੂੰ 23 ਅਕਤੂਬਰ ਨੂੰ ਅਕਾਲ ਤਖਤ 'ਤੇ ਤਲਬ ਕੀਤਾ। ਪੰਥਪ੍ਰਸਤ ਸਿੱਖਾਂ ਦੇ ਉਪਰੋਕਤ ਫੈਸਲਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਬਾਦਲਗਰਦੀ ਦਾ 'ਅੰਦਰੂਨੀ ਢਾਂਚਾ' ਵੀ ਖਿੱਲਰ ਚੁੱਕਾ ਹੈ ਅਤੇ ਪੰਥ, ਇੱਕ ਨਵੀਂ ਤਬਦੀਲੀ ਲਈ ਕਰਵਟ ਲੈ ਰਿਹਾ ਹੈ।
ਬਾਦਲ ਤੇ ਉਸ ਦੀ ਲੋਟੂ-ਜੁੰਡਲੀ ਨੇ ਬਾਕੀ ਗੁੰਡੇ -ਡਿਕਟੇਟਰਾਂ ਦੇ ਸਮੇਂ-ਸਮੇਂ ਹੋਏ ਹਸ਼ਰ ਤੋਂ ਕੋਈ ਸਬਕ ਨਹੀਂ ਸਿੱਖਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਥਕ ਅਵਾਜ਼ ਉਠਾਉਣ ਵਾਲੇ ਪੰਜਾਂ ਪਿਆਰਿਆਂ, ਦੋ ਸਕੱਤਰਾਂ (ਰੂਪ ਸਿੰਘ ਅਤੇ ਮਨਜੀਤ ਸਿੰਘ), ਚਾਰ ਰਾਗੀਆਂ, ਪ੍ਰਚਾਰਕਾਂ ਅਤੇ ਸੇਵਾਦਾਰਾਂ ਨੂੰ ਵੀ 'ਮੁਅੱਤਲ' ਕਰ ਦਿੱਤਾ ਹੈ। ਆਪਣੀ ਨਾਕਾਮੀ, ਏਜੰਸੀਆਂ ਅਤੇ ਆਰ. ਐਸ. ਐਸ. ਦੀ ਮਿਲੀ ਭੁਗਤ ਤੋਂ ਧਿਆਨ ਲਾਂਭੇ ਕਰਨ ਲਈ, ਪੰਜਾਬ ਸਰਕਾਰ ਨੇ, ਆਪਣੀ ਪੁਲਿਸ ਫੋਰਸ ਰਾਹੀਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਸਿੱਖ ਕੌਮ ਦੇ ਖਾਤੇ ਵਿੱਚ ਪਾਉਣ ਦਾ ਕੋਝਾ ਹਰਬਾ ਵਰਤਿਆ।
ਪੰਜਾਬ ਪੁਲਿਸ ਦੀ ਅਖੌਤੀ 'ਸਪੈਸ਼ਲ ਇਨਵੈਸਟੀਗੇਟਿਵ ਟੀਮ' ਵਲੋਂ ਇੱਕ ਲੰਬੀ ਝੂਠੀ ਕਹਾਣੀ ਘੜ ਕੇ ਮੀਡੀਏ ਵਿੱਚ ਪ੍ਰਚਾਰੀ ਗਈ। ਇਸ ਫਰਾਡ ਕਹਾਣੀ ਤਹਿਤ, ਬਰਗਾੜੀ ਵਿੱਚ ਹੋਈ ਪਾਵਨ-ਬੀੜ ਦੀ ਬੇਅਦਬੀ ਲਈ ਪਿੰਡ ਪੰਜਗਰਾਈਂ ਦੇ ਦੋ ਭਰਾਵਾਂ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਫਰੰਟਮੈਨ ਦੱਸਦਿਆਂ, ਇਸ ਦੀਆਂ ਜੜ੍ਹਾਂ ਦੁਬਈ ਤੇ ਅਸਟਰੇਲੀਆ ਵਿੱਚ ਜਾ ਕੱਢੀਆਂ। ਪਰ ਏਜੰਸੀਆਂ ਦੇ ਇਸ ਝੂਠ ਦਾ ਪਰਦਾ ਅਸਟਰੇਲੀਆ-ਦੁਬਈ ਵਿਚਲੇ ਸਿੱਖਾਂ (ਜਿਨ੍ਹਾਂ ਨਾਲ ਇਸ ਨੂੰ ਜੋੜਿਆ ਗਿਆ ਸੀ) ਨੇ ਹੀ ਸੋਸ਼ਲ ਮੀਡੀਆ ਜਰੀਏ ਫਾਸ਼ ਕਰ ਦਿੱਤਾ। ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਮੀਡੀਏ ਨੂੰ ਦੱਸਿਆ ਕਿ ਕਿਵੇਂ 'ਖਾਲਸਾ ਪਰਿਵਾਰ' ਦੇ ਇਨ੍ਹਾਂ ਨੌਜਵਾਨਾਂ ਨੂੰ ਝੂਠੇ ਫਸਾਇਆ ਗਿਆ ਹੈ।
ਅਸਲ ਵਿੱਚ ਇਨ੍ਹਾਂ ਦੋਹਾਂ ਭਰਾਵਾਂ ਨੇ ਵਿਰੋਧ ਕਰਨ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ। ਏਜੰਸੀਆਂ ਦੀ ਗੁੰਮਰਾਹਕੁੰਨ ਕਹਾਣੀ ਨੂੰ ਦੇਸ਼-ਵਿਦੇਸ਼ ਦੇ ਸਿੱਖਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਜਦੋਂ ਕਿ ਬਾਦਲ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਸਾਡੀ 'ਬਹਾਦਰ, ਚੌਕੰਨੀ ਪੁਲਿਸ' ਨੇ 7 ਘਟਨਾਵਾਂ 'ਚੋਂ 5 ਘਟਨਾਵਾਂ ਦੇ ਦੋਸ਼ੀਆਂ ਨੂੰ ਫੜ ਲਿਆ ਹੈ। ਅੰਗਰੇਜ਼ੀ ਦਾ ਇੱਕ ਕਥਨ ਹੈ - 'ਟੂ ਮੇਕ ਵਿਕਟਿਮ ਏ ਕਲਪਰਿਟ' ਭਾਵ ਪੀੜਤ ਨੂੰ ਹੀ ਗੁਨਾਹਗਾਰ ਸਾਬਤ ਕਰਨਾ! ਬਾਦਲ ਨੇ ਇਸ ਅਖਾਣ ਨੂੰ ਪੰਜਾਬ ਵਿੱਚ ਸੱਚ ਕਰ ਵਿਖਾਇਆ ਹੈ। ਸਿੱਖਾਂ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਥਾਂ-ਥਾਂ ਬੇਅਦਬੀ, ਸਿੱਖਾਂ 'ਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਅਤੇ ਸਿੱਖ ਹੀ ਇਸ 'ਕੁਕਰਮ' ਲਈ ਦੋਸ਼ੀ - ਕੀ ਕਹਿਣੇ ਭਾਰਤੀ ਏਜੰਸੀਆਂ ਦੇ ਸ਼ਾਤਰ ਦਿਮਾਗ, ਹਿੰਦੂਤਵੀ ਏਜੰਟਾਂ ਦੇ! ਅਜੇ ਪਤਾ ਨਹੀਂ ਇਹ ਏਜੰਸੀਆਂ ਹੋਰ ਕੀ-ਕੀ ਗੁਲ ਖਿਲਾਉਣਗੀਆਂ। ਨੇਪਾਲ, ਥਾਈਲੈਂਡ, ਮਲੇਸ਼ੀਆ ਦੇ ਸਿੱਖ ਤਾਂ ਪਹਿਲਾਂ ਹੀ ਭਾਰਤੀ ਏਜੰਸੀਆਂ ਨੇ ਦਹਿਸ਼ਤਗਰਦੀ ਨਾਲ ਜੋੜ ਦਿੱਤੇ ਸਨ - ਹੁਣ ਅਸਟਰੇਲੀਆ, ਦੁਬਈ (ਯੂ. ਏ. ਈ.) ਦੇ ਸਿੱਖਾਂ ਦੀ ਵਾਰੀ ਹੈ। ਜੈ ਬੋਲੋ ਹਿੰਦੂਤਵੀਆਂ ਦੇ ਸ਼ੈਤਾਨ ਦਿਮਾਗ ਦੀ!!
ਹੁਣ ਵੇਖਣਾ ਇਹ ਹੈ ਕਿ 30 ਮਿਲੀਅਨ ਸਿੱਖ ਕੌਮ ਵਿੱਚ ਆਈ ਨਵੀਂ ਚੇਤਨਾ ਅਤੇ ਆਪ-ਮੁਹਾਰੇ ਜ਼ੋਸ਼ ਨੂੰ ਕੀ ਕਿਸੇ ਸਪੱਸ਼ਟ ਰਾਜਸੀ ਦਿਸ਼ਾ ਨਿਰਦੇਸ਼ ਵਿੱਚ ਬਦਲਿਆ ਜਾ ਸਕਦਾ ਹੈ? ਕੀ ਦਰਿਆ ਵਿੱਚ ਉੱਠੀਆਂ ਇਹ ਤਰੰਗਾਂ, ਤਬਦੀਲੀ ਦੇ ਕਿਸੇ ਤੂਫਾਨ ਵਿੱਚ ਬਦਲ ਸਕਣਗੀਆਂ ਜਾਂ ਵਾਪਸ ਦਰਿਆ ਵਿੱਚ ਹੀ ਸਮਾ ਜਾਣਗੀਆਂ?
2007 ਵਿੱਚ ਸੌਦਾ ਸਾਧ ਦੇ ਖਿਲਾਫ ਇੱਕਜੁਟ ਹੋਈ ਕੌਮ ਅਤੇ 2012 ਵਿੱਚ ਭਾਈ ਰਾਜੋਆਣਾ ਦੇ ਹੱਕ ਵਿੱਚ ਕੇਸਰੀ ਰੰਗ ਵਿੱਚ ਰੰਗੇ ਪੰਜਾਬ ਦੇ ਜਾਗ੍ਰਿਤੀ ਮਾਹੌਲ ਦਾ ਲਾਹਾ ਬਾਦਲ ਦਲ ਨੇ ਹੀ ਖੱਟਿਆ ਸੀ। ਕਿਤੇ ਇਹ ਤਾਂ ਨਹੀਂ ਕਿ ਹੁਣ ਇਸ ਦਾ ਲਾਹਾ ਕਾਂਗਰਸ, ਆਮ ਆਦਮੀ ਪਾਰਟੀ ਜਾਂ ਬੀਜੇਪੀ ਲੈ ਜਾਏ? ਸਿੱਖ ਕੌਮ ਨੂੰ ਬੜੀ ਸਿਆਣਪ ਨਾਲ ਸਿਰ ਜੋੜ ਕੇ ਬੈਠ ਕੇ, ਇਸ ਆਪ-ਮੁਹਾਰੇ ਪੰਥਕ ਵਹਿਣ 'ਚੋਂ ਕੋਈ ਪੰਥਕ ਢਾਂਚਾ ਕੱਢਣ ਦੀ ਲੋੜ ਹੈ। ਭਾਵੇਂ ਕਈ ਹਲਕਿਆਂ ਵਲੋਂ 'ਸਰਬੱਤ ਖਾਲਸਾ' ਹੋਣ ਜਾਂ ਕਰਾਉਣ ਦੀ ਚਰਚਾ ਹੈ ਪਰ ਇਸ ਸਬੰਧੀ ਬਹੁਤ ਗੰਭੀਰ ਚਿੰਤਨ ਦੀ ਲੋੜ ਹੈ। ਜਥੇਦਾਰਾਂ ਨੂੰ ਆਉਂਦੇ ਕੁਝ ਦਿਨਾਂ (ਪੰਜਾਬ ਵਿਚਲੇ ਤਿੰਨ ਜਥੇਦਾਰ) ਵਿੱਚ ਬਾਦਲ ਵਲੋਂ 'ਕੁਰਬਾਨ' ਕਰਕੇ ਕੋਈ ਨਵੇਂ ਤਿੰਨ ਗ੍ਰੰਥੀ ਥਾਪ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਮੌਜੂਦ ਹਨ। ਉਸ ਹਾਲਤ ਵਿੱਚ 'ਸਰਬੱਤ ਖਾਲਸਾ' ਸਾਹਮਣੇ ਕਿਹੜਾ ਏਜੰਡਾ ਹੋਵੇਗਾ?
ਅਸੀਂ ਸਮਝਦੇ ਹਾਂ ਕਿ 30 ਮਿਲੀਅਨ ਸਿੱਖ ਕੌਮ ਲਈ ਆਪਣਾ ਇੱਕ ਅੰਤਰਰਾਸ਼ਟਰੀ ਨੁਮਾਇੰਦਾ ਢਾਂਚਾ (ਜਿਸ ਨੂੰ ਵਰਲਡ ਸਿੱਖ ਪਾਰਲੀਮੈਂਟ ਜਾਂ ਗਲੋਬਲ ਸਿੱਖ ਪਾਰਲੀਮੈਂਟ ਕਿਹਾ ਜਾ ਸਕਦਾ ਹੈ) ਬਣਾਉਣਾ ਬੜਾ ਜ਼ਰੂਰੀ ਹੈ। ਇਸ ਲਈ ਦੁਨੀਆਂ ਦੇ 150 ਦੇ ਕਰੀਬ ਦੇਸ਼ਾਂ ਵਿੱਚ ਵਸਦੇ ਸਿੱਖਾਂ ਵਲੋਂ ਆਪਣੇ-ਆਪਣੇ ਇਲਾਕਿਆਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦੀਆਂ ਮੀਟਿੰਗਾਂ-ਗੋਲਮੇਜ਼ ਕਾਨਫਰੰਸਾਂ ਕਰਕੇ 5-5 ਨੁਮਾਇੰਦੇ 'ਕੇਂਦਰੀ ਪੂਲ' ਵਿੱਚ ਜਾਣ ਲਈ ਚੁਣੇ ਜਾਣ। ਇਸ ਪ੍ਰਕ੍ਰਿਆ ਨੂੰ ਭਾਵੇਂ 6 ਮਹੀਨੇ ਦਾ ਸਮਾਂ ਹੀ ਲੱਗ ਜਾਏ, ਕੋਈ ਗੱਲ ਨਹੀਂ। ਇਸ ਤੋਂ ਇਲਾਵਾ 'ਇੰਟਰਨੈਟ' ਦੀ ਵਰਤੋਂ ਨਾਲ ਵਿਅਕਤੀਗਤ ਸਿੱਖਾਂ ਦੀ ਰਾਏ ਲੈਣ ਲਈ ਵੀ ਇੱਕ ਪਲੇਟਫਾਰਮ ਮੁਹੱਈਆ ਕਰਾਇਆ ਜਾਵੇ। ਜਦੋਂ ਪੰਜਾਬ, ਭਾਰਤ ਦੇ ਦੂਸਰੇ ਸੂਬਿਆਂ ਅਤੇ ਅੰਤਰਰਾਸ਼ਟਰੀ ਸਿੱਖਾਂ ਦੀ ਨੁਮਾਇੰਦਾ ਚੋਣ ਮੁਕੰਮਲ ਹੋ ਜਾਵੇ ਤਾਂ ਇਸ ਨੁਮਾਇੰਦਾ ਜਮਾਤ ਦਾ ਇੱਕ ਇਕੱਠ (ਇਸ ਨੂੰ ਸਰਬੱਤ ਖਾਲਸਾ ਵੀ ਕਿਹਾ ਜਾ ਸਕਦਾ ਹੈ), ਸਭ ਨੂੰ ਪ੍ਰਵਾਣਤ ਕਿਸੇ ਸਾਂਝੀ ਥਾਂ 'ਤੇ ਰੱਖਿਆ ਜਾ ਸਕਦਾ ਹੈ। ਇਸ ਨੁਮਾਇੰਦਾ ਇਕੱਠ ਵਿੱਚ ਸਿੱਖ ਕੌਮ ਦੀ ਹੋਣੀ ਸਿਰਜਣ ਲਈ ਗੰਭੀਰ ਵਿਚਾਰਾਂ ਕਰਕੇ ਨਿਰਣੇ ਲਏ ਜਾਣ। ਇਸ 'ਵਰਲਡ ਸਿੱਖ ਪਾਰਲੀਮੈਂਟ' ਦਾ ਸੈਸ਼ਨ ਸਾਲ ਵਿੱਚ ਦੋ ਵਾਰ ਦੁਨੀਆਂ ਦੀਆਂ ਅੱਡ-ਅੱਡ ਥਾਵਾਂ 'ਤੇ ਕੀਤਾ ਜਾਵੇ। ਨੁਮਾਇੰਦਾ ਚੋਣ ਕਰਕੇ ਇਹ ਸਿੱਖ ਪਾਰਲੀਮੈਂਟ ਅਧਿਕਾਰਤ ਤਰੀਕੇ ਨਾਲ ਦੁਨੀਆਂ ਸਾਹਮਣੇ ਸਿੱਖਾਂ ਦੇ ਸਿਆਸੀ ਨਿਸ਼ਾਨੇ ਅਤੇ ਦੁਨੀਆਂ ਦੇ ਸਿੱਖਾਂ ਦੇ ਹੋਰ ਅੱਡ-ਅੱਡ ਮਸਲਿਆਂ ਸਬੰਧੀ ਗੱਲਬਾਤ ਕਰਨ ਲਈ ਇੱਕ ਸ਼ਕਤੀਸ਼ਾਲੀ ਸੰਸਥਾ ਹੋਵੇਗੀ। ਸਿੱਖ ਕੌਮ ਦੀ ਸਿਆਸੀ ਹੋਣੀ (ਖਾਲਿਸਤਾਨ) ਦੇ ਨਿਸ਼ਾਨੇ ਤੱਕ ਪਹੁੰਚਣ ਲਈ ਇਹ ਹੀ ਇੱਕੋ-ਇੱਕ ਗੰਭੀਰ ਤਰੀਕਾ ਹੈ। ਪਰ ਜਿਵੇਂ ਸਿੱਖਾਂ ਦਾ ਕੌਮੀ ਸੁਭਾਅ ਜਜ਼ਬਾਤੀ ਫੈਸਲੇ ਲੈਣ ਦਾ ਰਿਹਾ ਹੈ, ਕਿਤੇ ਇਹ ਨਾ ਹੋਵੇ ਕਿ ਇਸ ਬਾਦਲਗਰਦੀ ਦੇ ਟੁੱਟੇ ਸਟੇਟਸ-ਕੋ 'ਚੋਂ ਕੋਈ ਹੋਰ ਆਰ. ਐਸ. ਐਸ. ਦਾ 'ਪੂੰਗਰਾ' ਜੰਮ ਪਵੇ ਅਤੇ ਅਸੀਂ ਨਿਰਛੱਲ ਦੀਆਂ ਇਨ੍ਹਾਂ ਤੁਕਾਂ ਨੂੰ ਯਥਾਰਥਕ ਕਰੀਏ -
'ਬਾਜ਼ੀ ਲੈ ਗਏ ਭਾਨੇ ਸ਼ਾਹ ਔਰੀਂ,
ਅਸੀਂ ਧੌਣ ਭੰਨਾਉਣ ਦੇ ਯਾਰ ਹੀ ਰਹੇ।'