ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਜਾਗਦੇ ਸਿੱਖਾਂ ਵੱਲੋਂ ਵਿਰੋਧ ਕਿਉਂ


ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ 9316176519
ਭਾਰਤ ਦਾ ਸੰਵਿਧਾਨ ਹਰ ਕਿਸੇ ਨੂੰ ਆਗਿਆ ਦਿੰਦਾ ਹੈ ਜਾਂ ਉਂਜ ਵੀ ਹਰ ਕਿਸੇ ਨੂੰ ਮੁੱਢਲਾ ਅਧਿਕਾਰ ਹੈ ਕਿ ਉਹ ਕੋਈ ਸਿਆਸੀ ਪਾਰਟੀ ਬਣਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਚੋਣ ਵਿੱਚ ਹਿੱਸਾ ਲਵੇ, ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਕੁੱਝ ਲੋਕ ਕਿਸੇ ਖ਼ਾਸ ਅਪਰਾਧ ਜਾਂ ਕੁੱਝ ਕਾਰਵਾਈਆਂ ਕਰਨ ਕਰਕੇ ਕਿਸੇ ਖ਼ਾਸ ਹਾਲਤ ਵਿੱਚ ਇਸ ਪ੍ਰਕਿਰਿਆ ਦਾ ਲਾਭ ਨਹੀ ਲੈ ਸਕਦੇ। ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਕਾਂਗਰਸ ਅਤੇ ਜਨਸੰਘ ਦੋ ਹੀ ਵੱਡੀਆਂ ਦੇਸ਼ ਵਿਆਪੀ ਪਾਰਟੀਆਂ ਰਾਜਨੀਤਿਕ ਪਿੜ ਵਿੱਚ ਘੁਲਦੀਆਂ ਰਹੀਆਂ ਹਨ, ਪਰ ਹੌਲੀ ਹੌਲੀ ਸੂਬਿਆਂ ਦੀ ਸਿਆਸਤ ਨੇ ਵੀ ਦੇਸ਼ ਦੀ ਰਾਜਨੀਤੀ ਵਿੱਚ ਆਪਣਾ ਅਸਰ ਕਾਇਮ ਕਰਨ ਵਾਸਤੇ, ਇੱਕਠੇ ਹੋ ਕੇ ਵਿਚਰਣ ਦਾ ਯਤਨ ਕੀਤਾ, ਫਿਰ ਜਨਤਾ ਦਲ , ਬਹੁਜਨ ਸਮਾਜ ਪਾਰਟੀ ਅਤੇ ਕੁੱਝ ਹੋਰ ਪਾਰਟੀਆਂ ਨੇ ਵੀ ਇੱਕ ਤੋਂ ਵਧੇਰੇ ਸੂਬਿਆਂ ਵਿੱਚ ਆਪਣਾ ਅਸਰ ਵਿਖਾਇਆ ਪਰ ਇਕੱਲਾ ਕੋਈ ਵੀ ਸਰਕਾਰ ਬਣਾਉਣ ਦੇ ਸਮਰੱਥ ਨਾ ਹੋ ਸਕਿਆ। ਸਿੱਖਾਂ ਦੀ ਇੱਕੋ ਇੱਕ ਪਾਰਟੀ ਸ਼ਰੋਮਣੀ  ਅਕਾਲੀ ਦਲ ਨੇ ਵੀ ਸਮੇਂ ਸਮੇਂ ਕਿਸੇ ਨਾ ਕਿਸੇ ਪਾਰਟੀ ਨਾਲ ਰਲਕੇ ਆਪਣੇ ਸੂਬੇ ਪੰਜਾਬ ਅਤੇ ਸਿੱਖਾਂ ਦੀ ਬੇਹਤਰੀ ਵਾਸਤੇ ਕੁੱਝ ਕਰਨ ਦਾ ਯਤਨ ਕੀਤਾ, ਕੁੱਝ ਤਾਂ ਸਿਆਸੀ ਪਾਰਟੀਆਂ ਦੀ ਬੇਈਮਾਨੀ ਰਹੀ ਅਤੇ ਬਹੁਤੀ ਅਕਾਲੀ ਸਿਆਸਤਦਾਨਾਂ ਦੀ ਨਲਾਇਕੀ ਕਾਰਨ, ਪੰਜਾਬ ਅਤੇ ਸਿੱਖਾਂ ਦਾ ਕੁੱਝ ਨਾ ਬਣ ਸਕਿਆ। ਅੱਜ ਤਾਂ ਹੱਦ ਹੀ ਹੋ ਗਈ ਹੈ ਕਿ ਸਿੱਖਾਂ ਦੀ ਸਿਆਸੀ ਪਾਰਟੀ ਅਖਵਾਉਣ ਵਾਲਾ ਬਾਦਲ ਦਲ ਪੂਰੀ ਤਰ੍ਹਾਂ ਸਿੱਖ ਪੰਥ ਅਤੇ ਪੰਜਾਬ ਦੇ ਵਿਰੋਧ ਵਿੱਚ ਭੁਗਤ ਰਿਹਾ ਹੈ। ਇਸ ਕਰਕੇ ਪੰਜਾਬੀ ਅਤੇ ਖਾਸ ਕਰਕੇ ਸਿੱਖ ਬੜੀ ਦੁਬਿਧਾ ਵਿੱਚ ਹਨ ਅਤੇ ਕਿਸੇ ਵੀ ਪਾਸੇ ਥੋੜੀ ਜਿਹੀ ਆਸ ਦੀ ਕਿਰਨ ਦਿਖਾਈ ਦੇਣ ਉ¤ਤੇ, ਮੌਜੇ ਲਾਹਕੇ ਭੱਜ ਉਠਦੇ ਹਨ, ਜਿਵੇ ਹੁਣ ਆਮ ਆਦਮੀ ਪਾਰਟੀ ਦਾ ਜਨੂੰਨ  ਚੜ੍ਹਿਆ ਦਿੱਸ ਰਿਹਾ ਹੈ।
                   ਜਦੋਂ ਸੋਸ਼ਲ ਮੀਡੀਆ ਉ¤ਤੇ ਕੋਈ ਜਾਗ੍ਰਿਤ ਸਿੱਖ ਪੰਜਾਬ ਦੇ ਭਵਿੱਖ ਬਾਰੇ ਆਪਣਾ ਵਿਸਲੇਸ਼ਣ ਕਰਦਿਆਂ ਕੁੱਝ ਲਿਖਦਾ ਹੈ ਤਾਂ ਕੁੱਝ ਭੁੱਲੜ ਅਤੇ ਸਿੱਖੀ ਦੀ ਹੋਣੀ ਤੋਂ ਬੇਖਬਰ ਸਿੱਖ ਬੱਚੇ ਆਦਮ ਬੋ ਆਦਮ ਕਰਦੇ ਆਪਣਾ ਤਿੱਖਾ ਪ੍ਰਤੀਕਰਮ ਦਿੰਦੇ ਹਨ, ਉਹਨਾਂ ਦੇ ਮਨ ਅੰਦਰਲਾ ਇਹ ਗੁੱਸਾ ਵਾਜਿਬ ਹੈ ਕਿ ਅਕਾਲੀਆਂ ਨੇ ਹੁਣ ਤੱਕ ਕੀਹ ਕੀਤਾ ਹੈ, ਇਸ ਵਾਸਤੇ ਅਸੀਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਹੈ, ਲੇਕਿਨ ਉਹਨਾਂ ਬੱਚਿਆਂ ਨੂੰ ਸਮਝ ਨਹੀ ਕਿ ਜੇ ਗਰੰਥੀ ਮਾੜਾ ਹੋਵੇ ਤਾਂ ਗੁਰਦਵਾਰਾ ਕਦੇ ਨਹੀ ਢਾਹੁਣਾ ਚਾਹੀਦਾ ਅਤੇ ਉਹ ਇਸ ਦੇ ਦੁਰ ਰਸ ਨਤੀਜੇ ਕੀਹ ਹੋਣਗੇ ਜਾਂ ਆਮ ਆਦਮੀ ਪਾਰਟੀ ਅਸਲ ਵਿਚ ਕੀਹ ਹੈ,ਇਸ ਬਾਰੇ ਬੇਖਬਰ ਹਨ। ਦਿੱਲੀ ਵਰਗੇ ਛੋਟੇ ਜਿਹੇ ਸੂਬੇ ਵਿੱਚ ਆਪਣੀ ਸਰਕਾਰ ਬਣਾ ਲੈਣੀ ਅਤੇ ਕੁੱਝ ਰਿਆਇਤਾਂ ਦੇ ਦੇਣ ਜਾਂ ਭ੍ਰਿਸ਼ਚਾਰ ਖਤਮ ਕਰਨ ਦੇ ਲਾਰੇ ਅਤੇ ਆਗੂਆਂ ਵੱਲੋਂ ਲਾਲ ਬੱਤੀਆਂ ਨਾ ਲਾਉਣ ਨੂੰ ਹੀ ਬੜੀ ਵੱਡੀ ਪ੍ਰਾਪਤੀ ਸਮਝਕੇ, ਆਪ ਦੇ ਦੀਵਾਨੇ ਬਣੇ ਫਿਰਦੇ ਹਨ, ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ਪੰਜਾਬ ਅਤੇ ਸਿੱਖ ਕੀਹ ਹਨ ਅਤੇ ਇਹ ਕਿਵੇ ਹੁਣ ਤੱਕ ਆਜ਼ਾਦ ਭਾਰਤ ਵਿੱਚ ਵੀ ਗੁਲਾਮੀ ਹੰਢਾਉਂਦੇ ਆ ਰਹੇ ਹਨ।
                  ਭਾਰਤੀ ਸਾਸ਼ਕ ਕੋਈ ਵੀ ਹੋਵੇ, ਇਸ ਨਾਲ ਕੋਈ ਫਰਕ ਨਹੀ ਪੈਂਦਾ, ਜਿੰਨਾ ਚਿਰ ਉਹ ਆਪਣੀ ਪਹੁੰਚ ਸਾਰਥਿਕ ਨਹੀ ਬਣਾਉਂਦਾ ਅਤੇ ਰਾਜਭਾਗ ਕਰਦਿਆਂ, ਉਸ ਅੰਦਰ ਬਰਾਬਰੀ ਅਤੇ ਨਿਆਂ ਵਾਲੀ ਰੂਹ ਕੰਮ ਨਹੀਂ ਕਰਦੀ? ਅੱਜ ਭਾਰਤ ਵਿੱਚ ਇੱਕ ਕਟੜਵਾਦੀ ਨਿਜ਼ਾਮ ਹੈ, ਜਿਹੜਾ ਭਾਰਤ ਨੂੰ ਹਿੰਦੂ, ਹਿੰਦੀ, ਹਿੰਦੂਸਤਾਨ  ਦੇ ਅੰਜਾਮ ਤੇ ਲਿਜਾਣ ਵਾਸਤੇ ਪੱਬਾਂ ਭਾਰ ਹੋਇਆ ਪਿਆ ਹੈ, ਇਸ ਨਿਜ਼ਾਮ ਨੇ ਆਪਣਾ ਏਜੰਡਾ ਲਾਗੂ ਕਰਨ ਵਾਸਤੇ ਹਰ ਦੇਸ਼ ਵਿਆਪੀ ਪਾਰਟੀ ਤੋਂ ਲੈਕੇ, ਛੋਟੀ ਵੱਡੀ ਹਰੇਕ ਜਥੇਬੰਦੀ ਵਿੱਚ ਆਪਣੀ ਪੂਰੀ ਪਕੜ ਬਣਾਈ ਹੋਈ ਹੈ। ਜੇ ਪੰਜਾਬੀ ਜਾਂ ਸਿੱਖ ਬੱਚਿਆਂ ਨੂੰ ਸਵਾਲ ਕੀਤਾ ਜਾਵੇ ਕਿ ਕਿੰਨੇ ਸਿੱਖ ਕਾਂਗਰਸ ਦੀ ਸਰਕਾਰ ਵਿੱਚ ਅਤੇ ਖਾਸ ਕਰਕੇ ਸ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ,ਬੂਟਾ ਸਿੰਘ ਗ੍ਰਹਿ ਮੰਤਰੀ ਅਤੇ ਗਿਆਨੀ ਜ਼ੈਲ ਸਿੰਘ ਗ੍ਰਿਹ ਮੰਤਰੀ ਤੇ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ, ਪਰ ਉਹ ਸਿੱਖਾਂ ਦਾ ਕੁੱਝ ਸਵਾਰ ਕਿਉਂ ਨਹੀ ਸਕੇ, ਕਿਉਂਕਿ ਉਹ ਉਸ ਨਿਜ਼ਾਮ ਦੀਆਂ ਨੀਤੀਆਂ ਅਧੀਨ ਹੀ ਕੰਮ ਕਰਦੇ ਸਨ, ਜਿਹੜਾ ਸਿੱਖਾਂ ਅਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਤੁਲਿਆ ਹੋਇਆ ਹੈ। ਅੱਜ ਸ. ਪ੍ਰਕਾਸ਼ ਸਿੰਘ ਬਾਦਲ ਵੀ ਬੀ.ਜੇ.ਪੀ. ਦੀ ਹਕੂਮਤ ਵਿੱਚ ਹਿਸੇਦਾਰ ਹਨ, ਪਰ ਸਿੱਖ ਅਤੇ ਪੰਜਾਬ ਮਸਲੇ ਹੱਲ ਕਿਉਂ ਨਹੀ ਹੋ ਰਹੇ, ਕਿਉਂਕਿ ਉਹ ਸਿਰਫ ਕੁਰਸੀ ਦੇ ਲਾਲਚ ਵਿੱਚ ਹਨ ਅਤੇ ਭਾਰਤੀ ਨਿਜ਼ਾਮ ਦੀ ਹਰ ਗੱਲ ਨਾਲ ਸਹਿਮਤੀ ਪ੍ਰਗਟ ਕਰਦੇ ਹਨ।
          ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਤੋਂ ਸ਼ੁਰੂ ਵਿੱਚ ਬੜੀਆਂ ਉਮੀਦਾਂ ਸਨ ਕਿ ਇਹ ਜਰੂਰ ਕੁੱਝ ਵੱਖਰਾ ਕਰ ਵਿਖਾਵੇਗਾ, ਇਸ ਕਰਕੇ ਹੀ ਭਾਵੇਂ ਸਾਰੇ ਭਾਰਤ ਵਿੱਚੋਂ, ਸਮੇਤ ਕੇਜਰੀਵਾਲ ਸਾਰੇ ਹੀ ਬੁਰੀ ਤਰ੍ਹਾਂ ਹਾਰ ਗਏ, ਲੇਕਿਨ ਪੰਜਾਬੀਆਂ ਅਤੇ ਸਿੱਖਾਂ ਨੇ ਚਾਰ ਲੋਕਸਭਾ ਸੀਟਾਂ ਝੋਲੀ ਪਾ ਦਿੱਤੀਆਂ, ਲੇਕਿਨ ਥੋੜੇ ਸਮੇਂ ਪਿੱਛੋਂ ਹੀ ਯੋਗੇਂਦਰ ਯਾਦਵ ਪਾਰਟੀ ਤੋਂ ਵੱਖ ਹੋ ਗਿਆ ਅਤੇ ਆਪਣੀ ਵੱਖਰੀ ਡਫਲੀ ਵਜਾਉਣੀ ਆਰੰਭ ਕਰ ਦਿਤੀ। ਉਸ ਸਮੇਂ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਯੋਗੇਂਦਰ ਯਾਦਵ ਵਿੱਚ ਹੀ ਕੋਈ ਲਾਲਚ ਆ ਗਿਆ ਹੋਵੇਗਾ, ਪਰ ਕੁੱਝ ਦਿਨਾਂ ਬਾਅਦ ਡਾਕਟਰ ਦਲਜੀਤ ਸਿੰਘ ਨੂੰ ਵੀ ਕੱਢ ਦਿੱਤਾ ਗਿਆ ਅਤੇ ਲੋਕ ਸਭਾ ਵਿੱਚ ਪਾਰਟੀ ਦੀ ਲੀਡਰਸ਼ਿਪ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਹਟਾ ਕੇ, ਭਗਵੰਤ ਮਾਨ ਨੂੰ  ਲੀਡਰ ਬਣਾ ਦਿੱਤਾ ਗਿਆ, ਫਿਰ ਦੋ ਜੇਤੂ ਐਮ.ਪੀ. ਡਾ: ਗਾਂਧੀ ਅਤੇ ਸ. ਹਰਿੰਦਰ ਸਿੰਘ ਖਾਲਸਾ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਅਤੇ ਹੁਣ ਤਿੰਨ ਜਿਲ੍ਹਿਆਂ ਦੀ, ਵੁਮੈਨ ਸੈਲ ਦੀ ਪ੍ਰਧਾਨ ਬੀਬੀ ਅਮਨਦੀਪ ਕੌਰ ਨੇ, ਆਮ ਆਦਮੀ ਪਾਰਟੀ ਵਿੱਚ ਆਪਣੇ ਨਾਲ ਹੋਈ ਬਦਸਲੂਕੀ ਅਤੇ ਆਪਣੀ ਇਜ਼ਤ ਮਹਿਫੂਜ਼ ਨਾ ਵੇਖਦਿਆਂ ਅਸਤੀਫਾ ਦੇਣ ਵਿੱਚ ਹੀ ਬੇਹਤਰੀ ਸਮਝੀ ਹੈ, ਇਸ ਨਾਲ ਆਮ ਆਦਮੀ ਪਾਰਟੀ ਦੇ ਏਜੰਡੇ ਉ¤ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
             ਮੇਰੇ ਮਨ ਵਿੱਚ ਉਤਸੁਕਤਾ ਸੀ ਕਿ ਡਾ: ਗਾਂਧੀ ਜੀ ਨੂੰ ਮਿਲਕੇ ਜਾਣਿਆ ਜਾਵੇ ਕਿ ਉਹਨਾਂ ਨੂੰ ਪਾਰਟੀ ਨੇ ਕੱਢਿਆ ਕਿਉਂ ਹੈ ਜਾਂ ਅਜਿਹੇ ਹਾਲਾਤ ਹੀ ਕਿਉਂ ਬਣੇ? ਪਿਛਲੇ ਦਿਨੀ ਅਚਾਨਕ ਡਾ: ਗਾਂਧੀ ਜੀ ਨੂੰ ਮਿਲਣ ਦਾ ਸਬੱਬ ਬਣ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਜਿਸ ਸਮੇਂ ਮੈਂ ਚੋਣ ਦੌਰਾਨ ਪਿੰਡਾਂ ਵਿੱਚ ਗਿਆ ਤਾਂ ਪਤਾ ਲੱਗਾ ਕਿ ਦਲਿਤ ਲੋਕਾਂ ਦੇ ਤਾਂ ਸ਼ਮਸ਼ਾਨ ਵੀ ਵੱਖਰੇ ਹਨ, ਇੱਥੇ ਮਰਨ ਮਗਰੋਂ ਵੀ ਜਾਤ ਮਾਹਣੇ ਰੱਖਦੀ ਹੈ, ਚੋਣ ਜਿੱਤਣ ਤੋਂ ਬਾਅਦ ਸਾਰੇ ਐਮ.ਪੀਜ਼ ਦੀ ਹਾਜਰੀ ਵਿੱਚ ਡਾ: ਗਾਂਧੀ ਨੇ ਕੇਜਰੀਵਾਲ ਸਾਹਬ ਨੂੰ ਕਿਹਾ ਕਿ ਮੈਂ ਪੰਜਾਬ ਵਿੱਚ ਆਹ ਹਾਲ ਦੇਖਿਆ ਹੈ ਕਿ ਮਰਨਾ ਵੀ ਵੰਡਿਆ ਪਿਆ ਹੈ ,ਜਿਸ ਨੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚਾਈ ਹੈ, ਸਾਨੂੰ ਹੁਣ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਅਸੀਂ ਸ਼ਮਸ਼ਾਨ ਇੱਕ ਕਰ ਦੇਵਾਂਗੇ ਤਾਂ ਡਾ: ਗਾਂਧੀ ਅਨੁਸਾਰ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਆਪਣਾ ਏਜੰਡਾ ਕੋਲ ਰੱਖੋ! ਇਸ ਨਾਲ ਸਾਡੀ ਵੋਟ ਖਰਾਬ ਹੋ ਜਾਵੇਗੀ, ਬੱਸ ਇਸ ਤੋਂ ਬਾਅਦ ਹਰ ਰੋਜ਼ ਦੂਰੀਆਂ ਵੱਧਦੀਆਂ ਗਈਆਂ ਅਤੇ ਅਖੀਰ ਪਾਰਟੀ ਵਿੱਚੋਂ ਕੱਢਣ ਦੀ ਨੌਬਤ ਵੀ ਆ ਗਈ। ਹੁਣ ਜੇ ਕੇਜਰੀਵਾਲ ਵੀ ਕਿਸੇ ਅਜਿਹੇ ਮਸਲੇ ਉ¤ਤੇ ਦਲਿਤਾਂ ਨਿਆਸਰਿਆਂ ਨਾਲ ਖੜ੍ਹੇ ਹੋਣ ਦੀ ਥਾਂ ਆਪਣਾ ਵੋਟ ਬੈਂਕ ਹੀ ਵੇਖਦਾ ਹੈ, ਫਿਰ ਸਿਧਾਂਤ ਕਿਹੜੇ ਖੂਹ ਵਿੱਚ ਗਏ?
           ਇਹ ਸੀ ਨਮੂਨਾ ਆਮ ਆਦਮੀ ਪਾਰਟੀ ਦੀ ਅੰਦਰੂਨੀ ਖਾਨਾ ਜੰਗੀ ਦਾ, ਹੁਣ ਜਿਹੜੇ ਸਿੱਖ ਇਤਿਹਾਸ ਦੇ ਵਾਕਿਫ਼ ਹਨ ਅਤੇ ਭਾਰਤੀ ਨਿਜ਼ਾਮ ਦੀ ਕਾਰਗੁਜ਼ਾਰੀ ਨੂੰ ਸਮਝਦੇ ਹਨ, ਉਹ ਹਰ ਵੇਲੇ ਬਾਜ਼ ਅੱਖ ਰਖਦੇ ਹਨ ਅਤੇ ਕੌਮ ਨੂੰ ਅਗਾਉਂ ਜਾਣਕਾਰੀ ਦੇ ਦਿੰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਖਤਰੇ ਦੀ ਘੰਟੀ ਕਿਸ ਪਾਸਿਉਂ ਵੱਜਣ ਵਾਲੀ ਹੈ। ਇਹ ਵੱਖਰੀ ਗੱਲ ਹੈ ਸਿੱਖਾਂ ਨੇ ਕਦੇ ਉਹਨਾਂ ਲੋਕਾਂ ਦੀ ਲੇਖਣੀ ਜਾਂ ਨੁਕਤਿਆਂ ਨੂੰ ਮੌਕੇ ਉ¤ਤੇ ਬਹੁਤੀ ਤਵੱਜੋਂ ਨਹੀ ਦਿੱਤੀ, ਪਰ ਜਦੋਂ ਵੇਲਾ ਲੰਘ ਜਾਂਦਾ ਹੈ, ਫਿਰ ਅੱਖਾਂ ਵਿੱਚ ਘਸੁੰਨ ਦੇ ਦੇਕੇ ਰੋਦੇਂ ਹਨ। ਅੱਜ ਬੜੇ ਸਿੱਖ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਪਿੱਛੇ ਭੱਜ ਰਹੇ ਹਨ, ਪਰ ਇਹ ਦੌੜ ਉਸ ਤਰ੍ਹਾਂ ਦੀ ਹੈ ਜਿੰਨੀ ਕੁ ਇੱਕ ਬੱਚੇ ਦੀ ਤਿੱਤਲੀ ਦੇ ਮਗਰ ਭੱਜਣ ਦੀ ਹੁੰਦੀ ਹੈ। ਹੁਣ ਜਾਗਦੇ ਸਿੱਖਾਂ ਨੇ ਕੇਜਰੀਵਾਲ ਦੇ ਅਸਲ ਏਜੰਡੇ ਨੂੰ ਸਮਝਿਆ ਹੈ ਅਤੇ ਨੰਗਾ ਕਰਦਿਆਂ ਸਿੱਖਾਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਗਾਂਧੀ ਜੇਅੰਤੀ ਦੇ ਦਿਨ 2 ਅਕਤੂਬਰ ਨੂੰ ਬਣੀ ਇਸ ਆਮ ਆਦਮੀ ਪਾਰਟੀ ਦਾ ਵੀ ਸਿੱਖਾਂ ਵਾਸਤੇ ਉਹ ਹੀ ਰਵਈਆ ਰਹੇਗਾ, ਜਿਹੜਾ ਗਾਂਧੀ ਨਹਿਰੂ ਜਾਂ ਪਟੇਲ ਦਾ ਸੀ, ਦਿੱਲੀ ਵਿੱਚਲੀਆਂ ਕੁੱਝ ਰਿਆਇਤਾਂ ਸਿੱਖਾਂ ਨੂੰ ਚੂਰਨ ਵਜੋਂ ਦਿੱਤੀਆਂ ਗਈਆਂ ਹਨ ਤਾਂ ਕਿ ਬਾਕੀ ਦਾ ਏਜੰਡਾ ਹਜਮ ਕਰਨ ਲੱਗਿਆਂ ਤਕਲੀਫ਼ ਨਾ ਹੋਵੇ। ਇਹ ਆਮ ਆਦਮੀ ਪਾਰਟੀ ਵੀ ਆਰ.ਐਸ.ਐਸ. ਦੀ ਸੀ ਟੀਮ ਹੈ, ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਦਲ ਦੀ ਬੀ ਟੀਮ ਦੀ ਘਟਦੀ ਸ਼ਾਖ ਨੂੰ ਵੇਖਕੇ, ਪੰਜਾਬ ਵਿੱਚ ਉਤਾਰੀ ਗਈ ਹੈ। ਆਮ ਆਦਮੀ ਨੂੰ ਪੰਜਾਬ ਦਾ ਰਾਜਭਾਗ ਦਿਵਾਉਣ ਵਿੱਚ ਆਰ.ਐਸ.ਐਸ. ਵੀ ਮੱਦਦ ਕਰੇਗੀ ਅਤੇ ਜਿੱਤ ਪ੍ਰਾਪਤ ਕਰਵਾਉਣ ਤੋਂ ਬਾਅਦ ਸਿੱਖਾਂ ਦੇ ਗੁਰਦਵਾਰਿਆਂ ਦੀ ਚੋਣ ਵਿੱਚ ਰਾਸ਼ਟਰੀਆ ਸਿੱਖ ਸੰਗਤ ਨੂੰ ਖੜ੍ਹਾ ਕਰਕੇ, ਫਿਰ ਆਮ ਆਦਮੀ ਪਾਰਟੀ ਤੋਂ ਮੱਦਦ ਲੈ ਜਾਵੇਗੀ ਅਤੇ ਸਿੱਖਾਂ ਦੇ ਸਾਰੇ ਗੁਰਦਵਾਰੇ ਆਰ.ਐਸ.ਐਸ. ਦੇ ਕਬਜ਼ੇ ਵਿੱਚ ਲਿਜਾਣ ਦਾ ਮਕਸਦ ਪੂਰਾ ਕਰ ਲਿਆ ਜਾਵੇਗਾ ਅਤੇ ਫਿਰ ਤਖਤਾਂ ਦੇ ਜਥੇਦਾਰ ਆਰ.ਐਸ.ਐਸ. ਦੀ ਸਿੱਧੀ ਮਰਜ਼ੀ ਦੇ ਹੋਣਗੇ।   ਪੰਜਾਬ ਵਿੱਚ ਟੋਪੀ ਕਲਚਰ ਨੂੰ ਬੜਾਵਾ ਦੇ ਕੇ ਪੱਗ ਅਤੇ ਸਿੱਖੀ ਦੀ ਪਹਿਚਾਨ ਨੂੰ ਖਤਮ ਕਰਨ ਵਿੱਚ ਸੌਖਾ ਰਸਤਾ ਬਣ ਜਾਵੇਗਾ।
                    ਇਸ ਕਰਕੇ ਸਿੱਖਾਂ ਅਤੇ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਪੰਜਾਬ ਵਿੱਚ ਚੰਗੇ ਲੋਕਾਂ ਦੀ ਘਾਟ ਨਹੀ ਹੈ, ਪਰ ਕੇਜਰੀਵਾਲ ਵਰਗੇ ਬੰਦਿਆਂ ਦੇ ਮਗਰ ਲੱਗਕੇ, ਸਾਨੂੰ ਆਪਣਾ ਭਵਿੱਖ ਹੁਣ ਹੋਰ ਖਰਾਬ ਨਹੀ ਕਰਨਾ ਚਾਹੀਦਾ, ਸਗੋਂ ਪੰਜਾਬ ਵਿੱਚੋਂ ਹੀ ਇੱਕ ਨਵੀਂ ਸੋਚ ਪੈਦਾ ਕਰਨੀ ਚਾਹੀਦੀ ਹੈ। ਜਿਹੜੀ ਸੂਬੇ ਦੇ ਹਿੱਤਾਂ ਅਤੇ ਪੰਜਾਬੀ ਸਭਿਆਚਾਰ ਅਤੇ ਸਿੱਖ ਪੰਥ ਅਤੇ ਦਲਿਤਾਂ ਦੇ ਹੱਕਾਂ ਦੀ ਰਖਵਾਲੀ ਕਰ ਸਕੇ, ਜੇ ਹੁਣ 2017 ਦੀ ਚੋਣ ਵਿੱਚ ਕੋਈ ਗਲਤ ਫੈਸਲਾ ਕਰ ਲਿਆ ਤਾਂ ਫਿਰ ਅਸੀਂ ਕਿਸੇ ਨੂੰ ਉਲਾਂਭਾ ਦੇਣ ਦੇ ਯੋਗ ਵੀ ਨਹੀਂ ਰਹਾਂਗੇ। ਅਸੀਂ ਆਪਣੀ ਕਿਸਮਤ ਦੇ ਖੁਦ ਜਿੰਮੇਵਾਰ ਹੋਵਾਂਗੇ। ‘‘ ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ॥ ਗੁਰੂ ਰਾਖਾ !!!