ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੰਗ ਨਹਿਰ ਜੋ ਕਦੇ ਦੁਨੀਆਂ ਦੀ ਸਭ ਤੋਂ ਲੰਮੀ ਨਹਿਰ ਸੀਜਗਜੀਤ ਸਿੰਘ ਖੱਖ - 097729-20166
ਮਹਾਰਾਜਾ ਗੰਗਾ ਸਿੰਘ ਨੇ 85 ਸਾਲ ਪਹਿਲਾਂ ਉਸ ਵੇਲੇ ਦੁਨੀਆਂ ਦੀ ਸਭ ਤੋਂ ਲੰਮੀ ਨਹਿਰ ਕਢਵਾਈ ਸੀ। ਉਨ੍ਹਾਂ ਨੇ ਪੰਜਾਬ ਤੋਂ ਬੀਕਾਨੇਰ ਰਿਆਸਤ ਦੇ ਮਾਰੂਥਲ ’ਚ ਪਾਣੀ ਲਿਆ ਕੇ ਇਸ ਨੂੰ ਹਰਾ-ਭਰਾ ਕੀਤਾ ਸੀ। ਇਸ ਨਹਿਰੀ ਇਲਾਕੇ ’ਚ ਨਵੇਂ ਸ਼ਹਿਰ ਅਤੇ ਕਸਬੇ ਆਬਾਦ ਕਰਨ ਦੇ ਨਾਲ-ਨਾਲ ਪੂਰੇ ਇਲਾਕੇ ’ਚ ਰੇਲ ਲਾਈਨ ਵੀ ਵਿਛਾਈ ਗਈ।
ਬੀਕਾਨੇਰ ਰਿਆਸਤ ਦੇ ਮਾਰੂਥਲ ’ਚ ਨਹਿਰੀ ਪਾਣੀ ਲਿਆਉਣਾ ਕਿਸੇ ਅਜੂਬੇ ਤੋਂ ਘੱਟ ਨਹੀਂ ਸੀ। ਇਸ ਸਫ਼ਲਤਾ ਲਈ ਰਿਆਸਤ ਦੇ ਮਹਾਰਾਜਿਆਂ ਨੂੰ ਪੌਣੀ ਸਦੀ ਤੋਂ ਵੱਧ ਸਮਾਂ ਲੱਗਿਆ। ਨਹਿਰ ਕੱਢਣ ਦਾ ਵਿਚਾਰ ਇੰਜਨੀਅਰ ਕਨਲ ਦਿਆਸ ਦੇ ਮਨ ਵਿੱਚ 1855 ’ਚ ਆਇਆ। ਉਸ ਵੇਲੇ ਦੇ ਮਹਾਰਾਜਾ ਸਰਦਾਰ ਸਿੰਘ ਇਸ ਵਿਚਾਰ ਨਾਲ ਸਹਿਮਤ ਸਨ ਪਰ ਉਹ ਕੁਝ ਨਾ ਕਰ ਸਕੇ। ਇਸ ਤੋਂ ਬਾਅਦ ਮਹਾਰਾਜਾ ਡੂੰਗਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਬੋਹਰ  ਬਰਾਂਚ ਨੂੰ ਬੀਕਾਨੇਰ ਰਿਆਸਤ ਤੱਕ ਪਹੁੰਚਾ ਦਿੱਤਾ ਜਾਵੇ ਪਰ ਕਾਮਯਾਬੀ ਨਾ ਮਿਲੀ। ਫਿਰ 1887 ’ਚ ਮੁੜ ਨਹਿਰੀ ਪਾਣੀ ਲੈਣ ਲਈ ਕੋਸ਼ਿਸ਼ ਕੀਤੀ ਗਈ।
ਸੰਮਤ 1856 (ਸੰਨ 1899) ’ਚ ਬੀਕਾਨੇਰ ਰਿਆਸਤ ਵਿੱਚ ਬਹੁਤ ਭਿਆਨਕ ਕਾਲ ਪਿਆ। ਇਸ ਨੂੰ ਛਪਣੀਆ ਕਾਲ ਕਿਹਾ ਜਾਂਦਾ ਹੈ। ਬੀਕਾਨੇਰ ਰਿਆਸਤ ਦੇ ਇਤਿਹਾਸ ’ਚ ਸਭ ਤੋਂ ਵੱਡੇ ਇਸ ਕਾਲ ਵੇਲੇ ਦਰੱਖਤਾਂ ਦੇ ਪੱਤੇ ਵੀ ਖ਼ਤਮ ਹੋ ਗਏ ਜਿਨ੍ਹਾਂ ਨੂੰ ਖਾ ਕੇ ਲੋਕ ਅਤੇ ਪਸ਼ੂ ਗੁਜ਼ਾਰਾ ਕਰਦੇ ਸਨ। ਥਾਂ-ਥਾਂ ਮਨੁੱਖਾਂ ਅਤੇ ਪਸ਼ੂਆਂ ਦੀਆਂ ਲਾਸ਼ਾਂ ਨਜ਼ਰ ਆਉਂਦੀਆਂ ਸਨ। ਕਈ ਲਾਸ਼ਾਂ ਦੇ ਲੱਕ ਨਾਲ ਸੋਨੇ ਅਤੇ ਚਾਂਦੀ ਦੇ ਗਹਿਣੇ ਬੰਨ੍ਹੇ ਹੋਏ ਸਨ। ਇਹ ਲਾਸ਼ਾਂ ਅਨਾਜ ਅਤੇ ਪਾਣੀ ਦੀ ਤਲਾਸ਼ ਵਿੱਚ ਦੂਰ-ਦੁਰਾਡੇ ਜਾ ਰਹੇ ਲੋਕਾਂ ਦੀਆਂ ਸਨ ਜੋ ਭੁੱਖ-ਤ੍ਰੇਹ ਨਾਲ ਰਸਤੇ ’ਚ ਹੀ ਖ਼ਤਮ ਹੋ ਗਏ। ਛਪਣੀਏ ਕਾਲ ਨੇ ਮਹਾਰਾਜਾ ਗੰਗਾ ਸਿੰਘ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ। ਮਹਾਰਾਜੇ ਨੇ 1903 ’ਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਨਹਿਰ ਕੱਢਣ ਵਿੱਚ ਮਦਦ ਕੀਤੀ ਜਾਵੇ। 1905 ’ਚ ਪੰਜਾਬ ਦੇ ਚੀਫ਼ ਇੰਜਨੀਅਰ ਆਰ.ਜੀ. ਕੈਨੇਡੀ ਵੱਲੋਂ ਸਤਲੁਜ ਵੈਲੀ ਪ੍ਰੋਜੈਕਟ ਦੀ ਰੂੁਪਰੇਖਾ ਤਿਆਰ ਕੀਤੀ ਗਈ ਤਾਂ ਮਹਾਰਾਜਾ ਗੰਗਾ ਸਿੰਘ ਆਪਣਾ ਪੱਖ ਰੱਖਣ ਲਈ ਲਾਰਡ ਕਰਜ਼ਨ ਕੋਲ ਸ਼ਿਮਲਾ ਪਹੁੰਚੇ ਪਰ ਬਹਾਵਲਪੁਰ ਰਿਆਸਤ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਕਿ ਰਿਪੇਰੀਅਨ ਨਿਯਮ ਮੁਤਾਬਕ ਬੀਕਾਨੇਰ ਰਿਆਸਤ ਦਾ ਇਸ ਪਾਣੀ ’ਤੇ ਕੋਈ ਹੱਕ ਨਹੀਂ ਬਣਦਾ। ਦੂਜੇ ਪਾਸੇ ਪੰਜਾਬ ਦੇ ਗਵਰਨਰ ਸਰ ਡੈਂਜਿਲ ਇਬਟਸਨ ਦੀ ਹਮਦਰਦੀ ਗੰਗਾ ਸਿੰਘ ਨਾਲ ਸੀ।
ਉਸ ਵੇਲੇ ਇਸ ਸਬੰਧੀ ਯੋਜਨਾ ਤਾਂ ਬਣ ਗਈ ਜੋ 1912 ਵਿੱਚ ਪਾਸ ਹੋ ਗਈ। 1914 ਤੋਂ 1918 ਤੱਕ ਚੱਲੀ ਪਹਿਲੀ ਆਲਮੀ ਜੰਗ ਕਾਰਨ ਕੰਮ ਫਿਰ ਰੁਕ ਗਿਆ। ਨਹਿਰੀ ਪਾਣੀ ਲੈਣ ਲਈ ਮਹਾਰਾਜਾ ਗੰਗਾ ਸਿੰਘ ਅੰਗਰੇਜ਼ਾਂ ਲਈ ਵਿਦੇਸ਼ਾਂ ’ਚ ਜਾ ਕੇ ਲੜਦਾ ਰਿਹਾ। ਸਤੰਬਰ 1921 ’ਚ ਅਖੀਰ ਪੰਜਾਬ, ਬਹਾਵਲਪੁਰ ਅਤੇ ਬੀਕਾਨੇਰ ਰਿਆਸਤ ਵਿਚਕਾਰ ਸਤਲੁਜ ਘਾਟੀ ਪ੍ਰੋਜੈਕਟ ਸਮਝੌਤਾ ਹੋਇਆ। ਮਹਾਰਾਜਾ ਗੰਗਾ ਸਿੰਘ ਨੇ ਨਹਿਰ ਦੀ ਜ਼ਿੰਮੇਵਾਰੀ ਰੈਵੀਨਿਊ ਕਮਿਸ਼ਨਰ ਜੀ.ਡੀ. ਰੁਡਕਿਨ ਨੂੰ ਸੌਂਪੀ। ਪੂਰੀ ਨਹਿਰ ਕੱਢਣ ’ਤੇ ਤਿੰਨ ਕਰੋੜ ਰੁਪਏ ਖਰਚ ਆਉਣ ਦਾ ਅੰਦਾਜ਼ਾ ਲਾਇਆ ਗਿਆ। ਰਕਮ ਦਾ ਪ੍ਰਬੰਧ ਆਪਣੀ ਅਤੇ ਦੂਜੀਆਂ ਰਿਆਸਤਾਂ ਦੇ ਵੱਡੇ-ਵੱਡੇ ਸੇਠਾਂ ਤੋਂ ਵਿਆਜ ’ਤੇ ਰਕਮ ਲੈ ਕੇ ਕੀਤਾ ਗਿਆ। ਰਕਮ ਦਾ ਪ੍ਰਬੰਧ ਕਰਨ ਲਈ ਵਾਇਸਰਾਏ ਕੌਂਸਲ ਦੇ ਵਿੱਤੀ ਮੈਂਬਰ ਬੇਸਿਲ ਬਲੈਕਟ ਨੇ 1924 ’ਚ ਮਹਾਰਾਜਾ ਨੂੰ ਵਧਾਈ ਦਿੱਤੀ।
ਮਹਾਰਾਜਾ ਗੰਗਾ ਸਿੰਘ ਵੱਲੋਂ 5 ਦਸੰਬਰ 1925 ਨੂੰ ਹੁਸੈਨੀਵਾਲਾ ਵਿਖੇ ਗੰਗ ਨਹਿਰ ਦਾ ਨੀਂਹ ਪੱਥਰ ਪੰਜਾਬ ਦੇ ਗਵਰਨਰ ਸਰ ਮੈਲਕਮ ਹੈਲੇ, ਚੀਫ਼ ਜਸਟਿਸ ਆਫ਼ ਪੰਜਾਬ ਸਰ ਸਾਦੀ ਲਾਲ, ਸਤਲੁਜ ਘਾਟੀ ਪ੍ਰੋਜੈਕਟ ਦੇ ਚੀਫ਼ ਇੰਜਨੀਅਰ ਈ.ਆਰ. ਫਾਏ ਦੀ ਮੌਜੂਦਗੀ ਵਿੱਚ ਰੱਖਿਆ ਗਿਆ। ਨਹਿਰ ਦਾ ਨਾਂ ਮਹਾਰਾਜਾ ਗੰਗਾ ਸਿੰਘ ਦੇ ਨਾਂ ’ਤੇ ਗੰਗ ਨਹਿਰ ਰੱਖਿਆ ਗਿਆ। ਹੁਸੈਨੀਵਾਲਾ ਤੋਂ ਸ਼ਿਵਪੁਰ ਹੈੱਡ ਤੱਕ ਨਹਿਰ ਦੀ ਲੰਬਾਈ 129 ਕਿਲੋਮੀਟਰ ਹੈ। ਇਸ ਤੋਂ ਇਲਾਵਾ ਬੀਕਾਨੇਰ ਰਿਆਸਤ ’ਚ ਇਸ ਦੇ ਫੀਡਰ ਅਤੇ ਸ਼ਾਖਾਵਾਂ ਦੀ ਲੰਬਾਈ 850 ਕਿਲੋਮੀਟਰ ਹੈ। ਉਸ ਵੇਲੇ ਇਹ ਦੁਨੀਆਂ ਦੀ ਸਭ ਤੋਂ ਲੰਮੀ ਨਹਿਰ ਸੀ। ਮਹਾਰਾਜਾ ਗੰਗਾ ਸਿੰਘ ਨੇ ਪੰਜਾਬ ਖੇਤਰ ’ਚ ਨਹਿਰ ਅਤੇ ਰੈਸਟ ਹਾਊਸ ਬਣਾਉਣ ਲਈ ਸਾਰੀ ਜ਼ਮੀਨ ਪੰਜਾਬ ਸਰਕਾਰ ਤੋਂ ਮੁੱਲ ਖਰੀਦੀ ਸੀ। ਪੰਜ ਸਾਲ ’ਚ ਚੂਨੇ ਨਾਲ ਤਿਆਰ ਕੀਤੀ ਇਹ ਨਹਿਰ ਹੁਣ ਦੀਆਂ ਸੀਮਿੰਟ-ਬਜਰੀ ਅਤੇ ਇੱਟਾਂ ਨਾਲ ਬਣੀਆਂ ਨਹਿਰਾਂ ਨਾਲੋਂ ਮਜ਼ਬੂਤ ਸੀ।
ਬੀਕਾਨੇਰ ਦੇ ਇਤਿਹਾਸ ਵਿੱਚ 26 ਅਕਤੂਬਰ 1927 ਦਾ ਦਿਨ ਸੁਨਹਿਰੀ ਅੱਖਰਾਂ ’ਚ ਲਿਖਿਆ ਗਿਆ। ਦੀਵਾਲੀ ਦੇ ਪਵਿੱਤਰ ਦਿਹਾੜੇ ਮਹਾਰਾਜਾ ਗੰਗਾ ਸਿੰਘ ਨੇ ਸ਼ਿਵਪੁਰ ਹੈੱਡ ਤੋਂ ਨਹਿਰ ਦਾ ਪਾਣੀ ਛੱਡ ਕੇ ਇਸ ਦਾ ਉਦਘਾਟਨ ਕੀਤਾ। ਇਸ ਸੁਨਹਿਰੀ ਮੌਕੇ ਵਾਇਸਰਾਏ ਆਫ਼ ਇੰਡੀਆ ਲਾਰਡ ਇਰਵਿਨ ਪਹੁੰਚੇ। ਉਦਘਾਟਨ ਤੋਂ ਬਾਅਦ ਸੰਬੋਧਨ ਕਰਦਿਆਂ ਮਹਾਰਾਜਾ ਗੰਗਾ ਸਿੰਘ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ 29 ਸਾਲ ਦੇ ਇੰਤਜ਼ਾਰ ਤੋਂ ਬਾਅਦ ਜ਼ਿੰਦਗੀ ਵਿੱਚ ਇਹ ਸਭ ਤੋਂ ਵੱਧ ਖ਼ੁਸ਼ੀ ਦਾ ਦਿਨ ਆਇਆ ਹੈ। ਅੱਜ ਜ਼ਿੰਦਗੀ ਦਾ ਸਭ ਤੋਂ ਵੱਡਾ ਮਕਸਦ ਪੂਰਾ ਹੋਇਆ ਹੈ। ਇਸ ਮਕਸਦ ’ਚ ਸਹਿਯੋਗ ਕਰਨ ਵਾਲਿਆਂ ਦਾ ਉਨ੍ਹਾਂ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜੋਧਪੁਰ, ਕਿਸ਼ਨਗੜ੍ਹ, ਸੀਤਾਪਾਊ, ਜੰਮੂ-ਕਸ਼ਮੀਰ, ਕੋਠਾਅ, ਦਾਤੀਆ, ਨਵਾਂਨਗਰ, ਪਾਲਮਪੁਰ, ਵਾਂਕਰ, ਅਲੀਪੁਰ, ਸਾਂਗਲੀ, ਦਾਂਤਾ, ਲੋਹਾਰੂ ਦੇ ਰਾਜਾ, ਮਹਾਰਾਜਾ ਅਤੇ ਨਵਾਬ ਪਹੁੰਚੇ। ਇਸ ਤੋਂ ਇਲਾਵਾ ਮਹਾਰਾਜਾ ਗੰਗਾ ਸਿੰਘ ਦੇ ਮਿੱਤਰ ਪੰਡਿਤ ਮੋਹਨ ਮਾਲਵੀਆ (ਫਾਊਂਡਰ ਅਤੇ ਵਾਈਸ ਚਾਂਸਲਰ ਆਫ਼ ਬਨਾਰਸ ਹਿੰਦੂ ਯੂਨੀਵਰਸਿਟੀ), ਸਰ ਭੁਪਿੰਦਰ ਨਾਥ ਮਿੱਤਰਾ (ਹਾਈ ਕਮਿਸ਼ਨਰ ਫ਼ਾਰ ਇੰਡੀਆ ਇਨ ਲੰਡਨ), ਐੱਸ.ਆਰ. ਦਾਸ  (ਲਾਅ ਮੈਂਬਰ ਭਾਰਤ ਸਰਕਾਰ), ਕਨਲ ਹਕਸਰ, ਰਸਬਰੁਕ ਵਿਲੀਅਮ, ਕਾਜ਼ੀ ਅਜੀਜੂਦੀਨ ਅਹਿਮਦ (ਸਾਰੇ ਮੰਤਰੀ), ਸਰ ਮੈਲਕਮ ਹੈਲੇ (ਗਵਰਨਰ ਆਫ਼ ਪੰਜਾਬ) ਆਦਿ ਹਾਜ਼ਰ ਸਨ। ਕਿੰਗ ਜਾਰਜ ਪੰਜਵੇਂ ਨੇ ਇੰਗਲੈਂਡ ਤੋਂ ਕੇਬਲਗਰਾਮ ਭੇਜ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡੀ ਰਿਆਸਤ ’ਚ ਨਹਿਰੀ ਪਾਣੀ ਮਿਲਣ ਨਾਲ ਮੁਸ਼ਕਲਾਂ ਘੱਟ ਹੋਣਗੀਆਂ।ਟਾਈਮਜ਼ ਆਫ ਇੰਡੀਆ ਅਖ਼ਬਾਰ ਨੇ ਗੰਗ ਨਹਿਰ ਦੇ ਉਦਘਾਟਨ ਅਤੇ ਨਹਿਰ ਦੀ ਮਹੱਤਤਾ ਬਾਰੇ ਸੰਪਾਦਕੀ ਲੇਖ ਲਿਖਿਆ ਸੀ। ਮਹਾਰਾਜਾ ਗੰਗਾ ਸਿੰਘ ਨੇ ਖ਼ੁਦ ਹਲ ਚਲਾ ਕੇ ਛੋਲਿਆਂ ਦੀ ਬਿਜਾਈ ਦੀ ਸ਼ੁਰੂਆਤ ਕੀਤੀ।
ਗੰਗ ਨਹਿਰ ਨਾ ਬਣਦੀ ਤਾਂ ਭਾਰਤ ਦਾ ਨਕਸ਼ਾ ਹੋਰ ਹੋਣਾ ਸੀ। ਵੰਡ ਵੇਲੇ ਪਾਕਿਸਤਾਨ, ਸ੍ਰੀਗੰਗਾਨਰ ਜ਼ਿਲ੍ਹੇ ਦੇ ਇਸ ਖੇਤਰ ’ਤੇ ਆਪਣਾ ਦਾਅਵਾ ਜਤਾ ਰਿਹਾ ਸੀ ਪਰ ਮਹਾਰਾਜਾ ਗੰਗਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮਹਾਰਾਜਾ ਸਾਦੁਲ ਸਿੰਘ ਨੇ ਲਾਰਡ ਮਾਊਂਟਬੈਟਨ ਨਾਲ ਆਪਣੇ ਨਿੱਜੀ ਸਬੰਧਾਂ ਕਾਰਨ ਇਹ ਇਲਾਕਾ ਪਾਕਿਸਤਾਨ ’ਚ ਜਾਣ ਤੋਂ ਬਚਾਇਆ। ਲਾਰਡ ਮਾਊਂਟਬੈਟਨ ਨੇ ਵੀ ਕਿਹਾ ਸੀ ਕਿ ਜੇ ਇਹ ਨਹਿਰੀ ਇਲਾਕਾ ਪਾਕਿਸਤਾਨ ਚਲਿਆ ਗਿਆ ਤਾਂ ਸਦੀਆਂ ਤੋਂ  ਵੀਰਾਨ ਬੀਕਾਨੇਰ ਰਿਆਸਤ ਪਾਣੀ ਦੀ ਅਣਹੋਂਦ ਕਾਰਨ ਫਿਰ ਵੀਰਾਨ ਹੋ ਜਾਵੇਗੀ। ਇਹ ਵੀ ਕਿਹਾ ਜਾਂਦਾ ਹੈ ਕਿ ਹੁਸੈਨੀਵਾਲਾ ਵੀ ਗੰਗ ਨਗਰ ਦੇ ਹੈੱਡ ਕਾਰਨ ਭਾਰਤ ’ਚ ਰਹਿ ਗਿਆ ਸੀ।                             J