ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਈ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ ਊਠ ਦੀ ਸਵਾਰੀਜਗਜੀਤ ਸਿੰਘ ਖੱਖ
097729-20166
ਊਠ ਦੀ ਸਵਾਰੀ ਕਰਨ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਊਠਣੀ ਦਾ ਦੁੱਧ ਵੀ ਕਈ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ’ਚ ਸਹਾਈ ਹੁੰਦਾ ਹੈ। ਰੇਗਿਸਤਾਨ ’ਚ ਖੇਤੀ ਅਤੇ ਆਵਾਜਾਈ ਲਈ ਪ੍ਰਮੁੱਖ ਸਾਧਨ ਊਠ ਹੁਣ ਅਲੋਪ ਹੁੰਦਾ ਜਾ ਰਿਹਾ ਹੈ। ਭਾਰਤ ’ਚ ਊਠਾਂ ਬਾਰੇ ਇਤਿਹਾਸਕਾਰ ਡਾਵਿਲਸਨ ਦਾ ਕਹਿਣਾ ਹੈ ਕਿ ਈਸਾ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਆਰੀਆ ਦੇ ਆਗਮਨ ਦੌਰਾਨ ਇਕ ਕੁੱਬ ਵਾਲੇ ਜਾਨਵਰ ਊਠ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ, ਪਰ 2300 ਸਾਲ ਪਹਿਲਾਂ ਸਿਕੰਦਰ ਦੇ ਹਮਲੇ ਸਮੇਂ ਇਕ ਕੁੱਬ ਵਾਲੇ ਊਠ ਭਾਰਤ ’ਚ ਆਏ। ਹੜੱਪਾ ਸੱਭਿਅਤਾ ਸਮੇਂ ’ਚ ਵੀ ਊਠਾਂ ਬਾਰੇ ਜ਼ਿਕਰ ਮਿਲਦਾ ਹੈ। ਬੀਕਾਨੇਰ ਦੇ ਜੋਹੜਬੀੜ ਪਿੰਡ ਨਜ਼ਦੀਕ 5 ਜੁਲਾਈ, 1984 ਨੂੰ ਕੇਂਦਰ ਸਰਕਾਰ ਦੁਆਰਾ ‘ਨੈਸ਼ਨਲ ਰਿਸਰਚ ਸੈਂਟਰ ਆਨ ਕੈਮਲ’ ਦੀ ਸਥਾਪਨਾ ਕੀਤੀ ਗਈ। ਬੀਕਾਨੇਰ ਰਿਆਸਤ ਦਾ ਗੰਗਾ ਰਸਾਲਾ ਊਠਾਂ ’ਤੇ ਅੰਗਰੇਜ਼ਾਂ ਲਈ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਦੇਸ਼ਾਂ ’ਚ ਲੜਦਾ ਰਿਹਾ। ਮੌਜੂਦਾ ਸਮੇਂ ਵੀ ਰੇਗਿਸਤਾਨ ’ਚ ਬੀ.ਐਸ.ਐਫ. ਊਠਾਂ ’ਤੇ ਸਵਾਰੀ ਕਰਦੀ ਹੈ।
ਜਦੋਂ ਮਰੀਜ਼ ਊਠ ’ਤੇ ਸਵਾਰੀ ਕਰਦਾ ਹੈ ਤਾਂ ਉਸ ਦਾ ਸਾਰਾ ਸਰੀਰ ਹਰਕਤ ’ਚ ਆ ਜਾਂਦਾ ਹੈ। ਸਟਰੋਕ ਤੋਂ ਪੀੜਤ ਮਰੀਜ਼ਾਂ ਲਈ ਊਠ ਦੀ ਸਵਾਰੀ ਬਹੁਤ ਵਧੀਆ ਹੈ। ਜਰਮਨੀ ਦੀ ਫਿਜ਼ਿਓਥੈ੍ਰਪਿਸਟ ਜਾਕਲੀਨ ਦਾ ਕਹਿਣਾ ਹੈ ਕਿ ਊਠ ਦੀ ਸਵਾਰੀ ਨਾਲ ਸਰੀਰ ਨੂੰ ਸੰਤੁਲਤ ਰੱਖਣ ਦੀ ਤਾਕਤ ਮਿਲਦੀ ਹੈ। ਮਰੀਜ਼ ਦਾ ਆਤਮ-ਵਿਸ਼ਵਾਸ ਵਧਦਾ ਹੈ, ਦਿਮਾਗ ਚੁਸਤ ਹੁੰਦਾ ਹੈ। ਲਕਵੇ ਨਾਲ ਪੀੜਤ ਮਰੀਜ਼ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ, ਪ੍ਰੰਤੂ ਊਠ ਦੀ ਸਵਾਰੀ ਨਾਲ ਬਹੁਤ ਮਜ਼ਬੂਤ ਹੁੰਦੀਆਂ ਹਨ। ਊਠ ਦੀ ਸਵਾਰੀ ਦੀ ਇਹ ਥਰੈਪੀ ਇਕ ਅਨੋਖੀ ਪਹਿਲ ਹੈ। ਜਰਮਨੀ ’ਚ ਇਹ ਥਰੈਪੀ ਕਾਫੀ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ। ਊਠਣੀ ਦਾ ਦੁੱਧ ਬਹੁਤ ਫਾਇਦੇਮੰਦ ਹੈ।
ਸ਼ੂਗਰ ਦੀ ਬੀਮਾਰੀ ਵਾਲੇ ਮਰੀਜ਼ਾਂ ਨੂੰ ਦਵਾਈ ਦੇ ਨਾਲ ਊਠਣੀ ਦਾ ਦੁੱਧ ਪਿਆਉਣ ਨਾਲ ਛੇਤੀ ਫਾਇਦਾ ਹੁੰਦਾ ਹੈ। ਇਸ ਬਾਰੇ ਖੋਜ ਬੀਕਾਨੇਰ ਦੇ ‘ਨੈਸ਼ਨਲ ਰਿਸਰਚ ਸੈਂਟਰ ਆਨ ਕੈਮਲ’ ’ਚ ਕੀਤੀ ਗਈ ਹੈ। ਬੀਕਾਨੇਰ ’ਚ ਪ੍ਰਿੰਸ ਵਿਜੈ ਸਿੰਘ ਮੈਮੋਰੀਅਲ ਹਸਪਤਾਲ ’ਚ ਸ਼ੂਗਰ ਦੇ ਮਰੀਜ਼ਾਂ ਨੂੰ ਊਠਣੀ ਦਾ ਦੁੱਧ ਦਿੱਤਾ ਜਾਂਦਾ ਹੈ। ਜੇ ਕਿਸੇ ਦੇ ਪੇਟ ’ਚ ਮਲੱਪ ਹੋਣ ਤਾਂ ਕੁਝ ਦਿਨ ਤੱਕ ਊਠਣੀ ਦਾ ਦੁੱਧ ਪੀਣ ਨਾਲ ਮਲੱਪ ਪੇਟ ’ਚੋਂ ਬਾਹਰ ਆ ਜਾਂਦੇ ਹਨ।
ਊਠਣੀ ਦਾ ਦੁੱਧ ਛੇਤੀ ਖਰਾਬ ਨਹੀਂ ਹੁੰਦਾ। ਇਸ ਦਾ ਦਹੀਂ ਨਹੀਂ ਬਣਦਾ, ਪਰ ਖੋਇਆ, ਕਰੀਮ, ਪਨੀਰ ਅਤੇ ਮਠਿਆਈਆਂ ਬਣਾਈਆਂ ਜਾਂਦੀਆਂ ਹਨ। ਇਸ ਦੇ 100 ਗ੍ਰਾਮ ਦੁੱਧ ਤੋਂ 70 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ। ਇਸ ਵਿੱਚ ਵਿਟਾਮਿਨ ‘ਸੀ’ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਬੀਕਾਨੇਰ ਦੀ ਦੁੱਧ ਦੀ ਡੇਅਰੀ ’ਚ ਵੀ ਊਠ ਪਾਲਣ ਵਾਲੇ ਹੁਣ ਊਠਣੀ ਦਾ ਦੁੱਧ ਵੇਚਦੇ ਹਨ। ਬੀਕਾਨੇਰ ਦੇ ਨੈਸ਼ਨਲ ਰਿਸਰਚ ਸੈਂਟਰ ਆਨ ਕੈਮਲ ’ਚ ਹੁਣ ਪ੍ਰਯੋਗ ਦੇ ਤੌਰ ’ਤੇ ਊਠਣੀ ਦੇ ਦੁੱਧ ਦਾ ਪਾਊਡਰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੈਂਟਰ ਦੇ ਵਿਗਿਆਨੀ ਜਾਂਚ ਕਰਕੇ ਪਤਾ ਲਾਉਣਗੇ ਕਿ ਪਾਊਡਰ ’ਚ ਦੁੱਧ ਦੇ ਬਰਾਬਰ ਗੁਣ ਹਨ ਜਾਂ ਨਹੀਂ। ਜੇ ਇਸ ਦੀ ਕੁਆਲਿਟੀ ’ਚ ਕੋਈ ਫਰਕ ਨਹੀਂ ਆਉਂਦਾ ਤਾਂ ਇਸ ਦਾ ਉਤਪਾਦਨ ਸ਼ੁਰੂ ਕੀਤਾ ਜਾਵੇਗਾ। ਇਹ ਫਿਰ ਆਮ ਲੋਕਾਂ ਲਈ ਵੀ ਮਿਲਣਾ ਸ਼ੁਰੂ ਹੋ ਜਾਵੇਗਾ। ਪਾਊਡਰ ਬਣਾਉਣ ਦੀ ਯੋਜਨਾ ਦਾ ਮਕਸਦ ਇਸ ਨੂੰ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਤੱਕ ਪਹੁੰਚਾਉਣ ਦਾ ਹੈ। ਕੈਮਲ ਮਿਲਕ ਪਾਊਡਰ ਖਰੀਦਣ ਲਈ ਮਲੇਸ਼ੀਆ ਦੀ ਦੁੱਧ ਉਤਪਾਦਨ ਵਾਲੀ ਇਕ ਕੰਪਨੀ ਨੇ ਨੈਸ਼ਨਲ ਰਿਸਰਚ ਸੈਂਟਰ ਨੂੰ ਇਕ ਪ੍ਰਸਤਾਵ ਭੇਜਿਆ ਹੈ। ਇਸ ਸੈਂਟਰ ਦੇ ਡਾਇਰੈਕਟਰ ਡਾਕਟਰ ਐਨ.ਵੀ. ਪਾਟਿਲ ਨੇ ਦੱਸਿਆ ਕਿ ਪ੍ਰਾਜੈਕਟ ਸਫਲ ਹੋਣ ’ਤੇ ਪਾਊਡਰ ਦੇ ਐਕਸਪੋਰਟ ਲਈ ਕੰਪਨੀ ਨਾਲ ਕੰਟਰੈਕਟ ਕੀਤਾ ਜਾਵੇਗਾ, ਊਠ ਪਾਲਕਾਂ ਤੋਂ ਦੁੱਧ ਦੀ ਖਰੀਦ ਕੀਤੀ ਜਾਵੇਗੀ ਅਤੇ ਵੱਡੇ ਪੱਧਰ ’ਤੇ ਪਾਊਡਰ ਦੇ ਉਤਪਾਦਨ ਲਈ ਸੈਂਟਰ ’ਚ ਪਲਾਂਟ ਲਾਇਆ ਜਾਵੇਗਾ। ਊਠਣੀ ਦਾ ਦੁੱਧ ਅਰਬਾਂ ਦੇ ਰੇਗਿਸਤਾਨ ਤੋਂ ਇਲਾਵਾ ਯੂਰਪ ’ਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।
ਊਠਣੀ ਦੇ ਮਾਲਕ ਨੂੰ ਕਿਸੇ ਪੁੱਛਿਆ ਕਿ ਤੇਰੀ ਊਠਣੀ ਕਦੋਂ ਸੂਏਗੀ ਤਾਂ ਉਸ ਨੇ ਜਵਾਬ ਦਿੱਤਾ ਕਿ ਜਦੋਂ ਸਾਈਂ (ਮਾਲਕ) ਮਰੇਗਾ। ਅਰਥਾਤ ਊਠਣੀ ਬੱਚਾ ਪੈਦਾ ਕਰਨ ’ਚ ਸਭ ਤੋਂ ਜ਼ਿਆਦਾ ਸਮਾਂ ਲੈਂਦੀ ਹੈ। ਊਠਣੀ ਦਾ ਬੱਚਾ 13 ਮਹੀਨੇ ’ਚ ਪੈਦਾ ਹੁੰਦਾ ਹੈ। ਰਾਜਸਥਾਨ ’ਚ ਆਉਣ ਵਾਲੇ ਵਿਦੇਸ਼ੀ ਸੈਲਾਨੀ ਕੈਮਲ ਸਵਾਰੀ ਦਾ ਖੂਬ ਆਨੰਦ ਮਾਣਦੇ ਹਨ। ਉਨ੍ਹਾਂ ਨੂੰ ਊਠ ਦੀ ਸਵਾਰੀ ਲਈ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਹੈ। ਕਾਫੀ ਲੋਕਾਂ ਲਈ ਕੈਮਲ ਸਵਾਰੀ ਆਮਦਨ ਦਾ ਜ਼ਰੀਆ ਬਣਿਆ ਹੋਇਆ ਹੈ। ਪੱਛਮੀ ਰਾਜਸਥਾਨ ਦੇ ਬੀਕਾਨੇਰ, ਜੈਸਲਮੇਰ ਅਤੇ ਬਾੜਮੇਰ ਜ਼ਿਲ੍ਹਿਆਂ ’ਚ ਬਹੁਤ ਸਾਰੇ ਥਾਵਾਂ ’ਤੇ ਊਠ ’ਤੇ ਡਾਕ ਅਤੇ ਬੈਂਕਿੰਗ ਸੇਵਾ ਅੱਜ ਵੀ ਚਲਦੀ ਹੈ। ਗੈਸ ਸਿਲੰਡਰਾਂ ਦੀ ਸਪਲਾਈ ਪਿੰਡਾਂ ’ਚ ਊਠ ਗੱਡੀਆਂ ’ਤੇ ਹੁੰਦੀ ਹੈ।