ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਸਲੀ ਸੁਪਰਮੈਨ ਕੌਣ ਹੈ !


ਗੁਰਮੇਲ ਸਿੰਘ ਖਾਲਸਾ
ਦੁਨੀਆਂ ਵਾਲ਼ਿਆਂ ਨੇ ਬਹੁਤ ਸਾਰੇ ਮਨੁੱਖਾਂ ਨੂੰ ਸੁਪਰਮੈਨ ਘੋਸ਼ਿਤ ਕੀਤਾ ਹੈ ।ਕੋਈ ਕਿਸੇ ਚੀਜ ਵਿੱਚ ਮਾਹਰ ਹੈ ਕੋਈ ਕਿਸੇ ਚੀਜ ਵਿੱਚ । ਕੁੱਝ ਉਦਾਹਰਣਾ ਇਸ ਪ੍ਰਕਾਰ ਹਨ :- ਅਮਰੀਕਾ ਦਾ ਮਿਸ਼ਟਰ ਡੀਮ ਜੋ ਕਿ ੨੧੦੦ ਕਿਲੋਮੀਟਰ ਲਗਾਤਾਰ ਦੌੜਨ ਤੋਂ ਬਾਅਦ ਵੀ ਥੱਕਿਆ ਨਹੀਂ । ਵਗਿਆਨੀਆਂ ਨੇ ਕਾਰਨ ਲੱਭਣ ਲਈ ਤੇ ਪਾਇਆ ਜਦੋਂ ਮਨੁੱਖ ਥੱਕਣਾ ਸ਼ੁਰੂ ਹੁੰਦਾ ਹੈ ਤਾਂ ਉਸ ਦੇ ਸਰੀਰ ਵਿੱਚ ਲੈਕਟਿਵ ਐਸਿਡ ਵੱਧਣਾ ਸ਼ੁਰੂ ਹੋ ਜਾਂਦਾ ਹੈ । ਮਿਸਟਰ ਡੀਮ ਜਿਉਂ ਜਿਉਂ ਦੌੜਦਾ ਹੈ ਉਸ ਦਾ ਲੈਕਟਿਵ ਐਸਿਡ ਘਟਣਾ ਸ਼ੁਰੂ ਹੋ ਜਾਂਦਾ ਹੈ । ਏਵੇਂ ਹੀ ਮਿਸਟਰ ਸਕੀਅ ਹੈ ਜਿਹੜਾ ੧੫੦ ਮੀਟਰ ਗਹਿਰੇ ਪਾਣੀ ਵਿੱਚ ੨੨ ਮਿੰਟ ਸਾਹ ਰੋਕ ਸਕਦਾ ਹੈ । ਵਗਿਆਨੀਆਂ ਨੇ ਇਹਨਾਂ ਨੂੰ ਸੁਪਰਮੈਨ ਘੋਸ਼ਿਤ ਕੀਤਾ ਹੈ । ਮਿਸਟਰ ਜੋਹਨ ਜੋ ਕਿ ਬੋਸਟਨ ਦਾ ਰਹਿਣ ਵਾਲ਼ਾ ਹੈ ਉਸ ਦੇ ਸਿਰ ਤੇ ਇੱਕ ਭਾਰਾ ਪੱਥਰ ਰੱਖ ਕੇ ਘਣ ਨਾਲ਼ ਪੱਥਰ ਤੋੜਿਆ ਗਿਆ । ਉਹ ਆਮ ਹਾਲਤ ਵਿੱਚ ਹੀ ਮੁਸਕਰਾਉਂਦਾ ਉੱਠ ਖੜਾ ਹੋਇਆ । ਵਗਿਆਨੀਆਂ ਨੇ ਮਿਸਟਰ ਜੋਹਨ ਫਰੈਂਕੋ ਦੇ ਸਿਰ ਦੀ ਜਾਂਚ ਕੀਤੀ ਪਤਾ ਲੱਗਿਆ ਕਿ ਜੋਹਨ ਫਰੈਂਕੋ ਦੇ ਸਿਰ ਦੀ ਖੋਪੜੀ ਦੀ ਹੱਡੀ ੧੬ ਐਮ.ਐਮ. ਮੋਟੀ ਹੈ ਜਦੋਕਿ ਆਮ ਤੰਦਰੁਸਤ ਮਨੁੱਖ ਦੀ ਹੱਡੀ ਵੱਧ ਤੋਂ ਵੱਧ ੭ ਐਮ.ਐਮ. ਮੋਟੀ ਹੁੰਦੀ ਹੈ । ਇਸ ਲਈ ਜੌਹਨ ਫਰੈਂਕੋ ਨੂੰ ਵੀ ਸੁਪਰਮੈਨ ਘੋਸ਼ਿਤ ਕੀਤਾ ਗਿਆ । ਇਸ ਤਰਾਂ ਦੇ ਕਈ ਹੋਰ ਵੀ ਸੁਪਰਮੈਨ ਹਨ ਜਿਹਨਾਂ ਨੂੰ ਟੈਲੀਵਿਯਨ ਦੇ ਡਿਸਕਵਰੀ ਚੈਨਲ ਵਾਲ਼ਿਆਂ ਨੇ ਦਿਖਾਇਆ ਹੈ । ਇਸ ਤਰਾਂ ਦੇ ਸੁਪਰਮੈਨਾ ਤੋਂ ਸੰਸਾਰ ਦੇ ਲੋਕਾਂ ਨੂੰ ਕੋਈ ਖਾਸ ਲਾਭ ਨਹੀਂ ਹੁੰਦਾ । ਅਸਲੀ ਸੁਪਰਮੈਨ ਤਾਂ ਓਹੀ ਹੋ ਸਕਦੇ ਹਨ ਜਿਹੜੇ ਸੰਸਾਰ ਦੇ ਦੁਖੀ ਲੋਕਾਂ ਦੇ ਦੁੱਖ ਦੂਰ ਕਰਨ । ਧਰਤੀ ਨੂੰ ਸੋਹਣਾ ਬਣਾਉਣ ਵਾਲ਼ੇ ਵੀ ਸੁਪਰਮੈਨ ਹੁੰਦੇ ਹਨ । ਧਰਤੀ ਤੇ ਸੁੱਖ ਸਾਂਤੀ ਲਿਆਉਂਣ ਵਾਲ਼ੇ ਵੀ ਸੁਪਰਮੈਨ ਹੁੰਦੇ ਹਨ ।
ਅੱਜ-ਕੱਲ ਸੱਭਿਅਤਾਵਾਂ ਦਾ ਭੇੜ ਹੋ ਰਿਹਾ ਹੈ । ਇਸਾਈ ਮੁਸਲਮਾਨਾ ਦਾ ਭੇੜ ਖਤਰਨਾਕ ਹਾਲਤਾਂ ਵਿੱਚ ਪਹੁੰਚ ਗਿਆ ਹੈ । ਈਰਾਕ ਅਤੇ ਸੀਰੀਆ ਵਿੱਚ ਸੀਆ ਅਤੇ ਸੁੰਨੀ ਮੁਸਲਮਾਨਾ ਦਾ ਭੇੜ ਹੋ ਰਿਹਾ ਹੈ । ੨੦੧੧ ਤੋਂ ੨੦੧੫ ਤੱਕ ਯੂ.ਐਨ.ਓ. ਨੇ ਅਖਬਾਰਾਂ ਵਿੱਚ ਰੀਪੋਰਟ ਦਿੱਤੀ ਹੈ ਕਿ ਇਸ ਲੜਾਈ ਵਿੱਚ ੩ ਲੱਖ ਮਨੁੱਖੀ ਜਾਨਾ ਚਲੇ ਗਈਆਂ । ੭੦ ਲੱਖ ਲੋਕ ਸ਼ਰਣਾਰਥੀ ਕੈਂਪਾਂ ਵਿੱਚ ਰਹਿ ਰਹੇ ਹਨ । ਸੀਰੀਆ ਵਿੱਚ ਜੰਗਲ਼ ਰਾਜ ਹੈ । ਲੋਕ ਗੁਆਂਢੀ ਦੇਸ਼ਾਂ ਵਿੱਚ ਭੱਜ ਰਹੇ ਹਨ । ੩੦ ਲੱਖ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੈ । ਰਸਾਇਣਿਕ ਹਥਿਆਰਾਂ ਦਾ ਇਸਤੇਮਾਲ ਹੋ ਚੁੱਕਿਆ ਹੈ । ਲੋਕ ਕਿਆਮਤ ਤੱਕ ਲੜਨ ਲਈ ਬਜ਼ਿਦ ਹਨ । ਦੇਖਣ ਨੂੰ ਇਹ ਸੀਆ ਸੁੰਨੀ ਮੁਸਲਮਾਨਾ ਵਿੱਚ ਲੜਾਈ ਹੋ ਰਹੀ ਹੈ ਪਰ ਅਸਲ ਵਿੱਚ ਅਮਰੀਕਾ ਇਹਨਾਂ ਦਾ ਭੇੜ ਕਰਵਾ ਰਿਹਾ ਹੈ । ਹੀਰੋਸਾਮਾ ਅਤੇ ਨਾਗਾਸਾਕੀ ਵਰਗਾ ਹਾਦਸਾ ਸੀਰੀਆ ਵਿੱਚ ਹੋਣ ਦੀ ਤਿਆਰੀ ਹੈ । ਇਹਨਾਂ ਦੇ ਟਕਰਾਅ ਨੂੰ ਰੋਕਣ ਵਾਲ਼ਾ ਨੇਤਾ ਸੁਪਰਮੈਨ ਹੋ ਸਕਦਾ ਹੈ । ਅਮਰੀਕਾ ਦੀ ਦਾਦਾਗਿਰੀ ਅਤੇ ਹਬਸ਼ ਮਿਟਾਉਣ ਵਾਲਾ ਸੁਪਰਮੈਨ ਹੋ ਸਕਦਾ ਹੈ । ਅਫਗਾਨਿਸਤਾਨ ਦੇ ਕੁਦਰਤੀ ਸਰੋਤ ਲੁੱਟਣ ਦੀ ਝੋਤ ਲੜਾਈ ਬੈਠੇ ਚੀਨ ਅਤੇ ਰੂਸ ਨੂੰ ਸਮਝਾਉਣ ਵਾਲ਼ਾ ਸੁਪਰਮੈਨ ਹੋ ਸਕਦਾ ਹੈ । ਇਹ ਸਾਰੀਆਂ ਲੜਾਈਆਂ ਧਰਤੀ ਦੇ ਕੁਦਰਤੀ ਸਰੋਤਾਂ ਤੇ ਕਬਜਾ ਕਰਨ ਲਈ ਹੀ ਹੋ ਰਹੀਆਂ ਹਨ । ਸੰਸਾਰ ਵਿੱਚ ਤਬਾਹੀ ਮਚਾਉਣ ਲਈ ਵਰਤੇ ਧੰਨ ਨੂੰ ਲੋਕ ਭਲਾਈ ਲਈ ਵਰਤਣ ਵਾਲ਼ਾ ਵੀ ਸੁਪਰਮੈਨ ਹੋ ਸਕਦਾ ਹੈ । ਜਿਸ ਤੇਜੀ ਨਾਲ਼ ਮਨੁੱਖਾਂ ਨੂੰ ਸੁੱਖ ਸਹੂਲਤਾਂ ਮਿਲ਼ ਰਹੀਆਂ ਹਨ ਉਸੇ ਤੇਜੀ ਨਾਲ਼ ਪ੍ਰਦੂਸ਼ਣ ਫੈਲ ਰਿਹਾ ਹੈ । ਪ੍ਰਦੂਸ਼ਣ ਰੋਕਣ ਵਾਲ਼ਾ ਵੀ ਸੁਪਰਮੈਨ ਹੋ ਸਕਦਾ ਹੈ । ਜਿਸ ਤੇਜੀ ਨਾਲ਼ ਬੀਮਾਰੀਆਂ ਦਾ ਇਲਾਜ ਤੇ ਹਸਪਤਾਲ਼ ਖੁੱਲ ਰਹੇ ਹਨ ਉਸੇ ਤੇਜੀ ਨਾਲ਼ ਨਵੀਆਂ ਨਵੀਆਂ ਬੀਮਾਰੀਆਂ ਵੀ ਸਹਮਣੇ ਆ ਰਹੀਆਂ ਹਨ । ਜਿਵੇਂ ਕਿ ਮੁਰਗੀ ਫਲੂ, ਸੂਰ ਫਲੂ ਅਤੇ ਏਡਜ਼ ਆਦਿ । ਇਹਨਾਂ ਬੀਮਾਰੀਆਂ ਦੀ ਰੋਕਥਾਮ ਕਰਨ ਵਾਲ਼ਾ ਸੁਪਰਮੈਨ ਹੋ ਸਕਦਾ ਹੈ । ਸੰਸਾਰ ਦੀ ਅਬਾਦੀ ਵਿਸਫੋਟਕ ਹਾਲਤ ਵਿੱਚ ਪਹੁੰਚ ਗਈ ਹੈ । ਮਨੁੱਖੀ ਬੱਚੇ ਖਾਣ ਤੱਕ ਦੀਆਂ ਖਬਰਾਂ ਮਿਲ਼ ਰਹੀਆਂ ਹਨ । ਇਸ ਤਰਾਂ ਦੀਆਂ ਭਿਆਨਿਕ ਹਾਲਤਾਂ ਨੂੰ ਰੋਕਣ ਵਾਲ਼ਾ ਸੁਪਰਮੈਨ ਹੋ ਸਕਦਾ ਹੈ ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਗੁਰੁ ਨਾਨਕ ਸਾਹਿਬ ਜੀ ਨੇ ਦੁਨੀਆਂ ਵਾਲ਼ਿਆਂ ਨੂੰ ਸੁਝਾਇਆਂ ਹੈ । ਪ੍ਰੈਕਟੀਕਲ ਕਰਕੇ ਵੀ ਦਿਖਾਇਆ ਹੈ । ਜੇ ਸਿੱਖਾਂ ਅਤੇ ਮੁਸਲਮਾਨਾ ਦਾ ਭੇੜ ਨਾ ਹੁੰਦਾ । ਜੇ ਸਿੱਖਾਂ ਅਤੇ ਈਸਾਈਆਂ ਦਾ ਭੇੜ ਨਾ ਹੁੰਦਾ ਤੇ ਜੇ ਸਿੱਖਾਂ ਤੇ ਹਿੰਦੂਆਂ ਦਾ ਭੇੜ ਨਾ ਹੁੰਦਾ ਤਾਂ ਅੱਜ ਇਹ ਧਰਤੀ ਗੁਰੁ ਨਾਨਕ ਸਾਹਿਬ ਦੀ ਸੋਚ ਅਨੁਸਾਰ ਸੱਚਖੰਡ ਬਣ ਜਾਂਦੀ । ਬੇਗਮਪੁਰਾ ਬਣ ਜਾਂਦੀ । ਅਬਚਲ ਨਗਰੀ ਬਣ ਜਾਂਦੀ । ਅੰਮ੍ਰਿਤਸਰ ਬਣ ਜਾਂਦੀ । ਅਨੰਦਪੁਰੀ ਬਣ ਜਾਂਦੀ ਤੇ ਲੋਕ ਅਨੰਦ ਨਾਲ਼ ਰਹਿੰਦੇ ।  ਦੇਖੋ ਨਾ ! ਇੱਕ ਪਾਸੇ ਤਾਂ ੨੨ ਹਜ਼ਾਰ ਮਜ਼ਦੂਰ ਲਗਾ ਕੇ ੨੨ ਸਾਲਾਂ ਵਿੱਚ ੨੨ ਕਰੋੜ ਰੁਪੱਈਆ ਲਗਾ ਕੇ ਕਬਰ ਬਣਾ ਕੇ ਉਸ ਨੂੰ ਤਾਜ ਮਹਿਲ ਕਹਿੰਦੇ ਹਨ । ਦੂਜੇ ਪਾਸੇ ਸੰਗਤ ਸੇਵਕ ਬਣ ਕੇ ਅਤੇ ਗੁਰੁ ਰਾਮਦਾਸ ਸਾਹਿਬ ਸਿਰ ਤੇ ਆਪ ਟੋਕਰੀ ਚੁੱਕ ਕੇ ਮਨੁੱਖਾਂ ਦੇ ਸੋਹਣੇ ਜੀਵਨ ਲਈ ਅੰਮ੍ਰਿਤਸਰ ਵਿੱਚ ਮਨੁੱਖਤਾ ਲਈ ਦਰਬਾਰ ਸਾਹਿਬ ਬਣਾ ਰਹੇ ਹਨ । ਦਰਬਾਰ ਸਾਹਿਬ ਅਤੇ ਤਾਜਮਹਿਲ ਦਾ ਸਮਾਂ ੧੭ਵੀਂ ਸਦੀ ਦਾ ਹੀ ਹੈ । ਅੱਜ ਦਰਬਾਰ ਸਾਹਿਬ ਵਿਖੇ ਰੋਜ਼ਾਨਾ ੧ ਲੱਖ ਮਨੁੱਖਾਂ ਨੂੰ ਲੰਗਰ ਛਕਾ ਕੇ ਉਹਨਾਂ ਨੂੰ ਸੋਹਣੀ ਜਿੰਦਗੀ ਜੀਣ ਦੇ ਤਰੀਕੇ ਰਾਗਾਂ ਵਿੱਚ ਸੁਣਾਏ ਜਾਂਦੇ ਹਨ ।
ਗੁਰੁ ਨਾਨਕ ਸਾਹਿਬ ਜੀ ਨੇ ਸੱਚਖੰਡ ਜਾਂ ਬੈਕੁੰਠ ਨਗਰ ਜਾਣ ਵਾਸਤੇ ਇੱਕ ਗੁਰਮਤਿ ਦੀ ਗੱਡੀ ਬਣਾਈ ਸੀ । ਇਸ ਗੱਡੀ ਨੂੰ ਬੈਕੁੰਠ ਨਗਰ ਜਾਂ ਅਬਿਚਲ ਨਗਰ ਤੱਕ ਪਹੁੰਚਾਉਣ ਲਈ ਯੋਗ ਚਾਲਕ ਦੀ ਲੋੜ ਸੀ । ਵਧੀਆ ਨੇਤਾ ਉਹੀ ਹੁੰਦਾ ਹੈ ਜਿਹੜਾ ਆਂਪਣੇ ਵਰਗਾ ਜਾ ਆਪਣੇ ਤੋਂ ਚੰਗਾ ਨੇਤਾ ਆਉਣ ਵਾਲ਼ੀਆਂ ਨਸਲਾ ਨੂੰ ਦੇ ਕੇ ਜਾਵੇ ਤਾਂ ਕਿ ਮਿਥੇ ਨਿਸ਼ਾਨੇ ਦੀ ਪੂਰਤੀ ਹੋਵੇ । ਗੁਰੂ ਜੀ ਗੁਰਮਤਿ ਦੀ ਗੱਡੀ ਦਾ ਚਾਲਕ ਵੀ ਲੱਭ ਰਹੇ ਸਨ ਅਤੇ ਮਨੁੱਖਾਂ ਨੂੰ ਸੰਤ ਜਨ ਜਾਂ ਭਗਤ ਜਨ ਵਿੱਚ ਭੀ ਬਦਲ ਰਹੇ ਸਨ । ਗੁਰੁ ਜੀ ਨੂੰ ਚਾਲਕ ਲੱਭਿਆ ਭਾਈ ਲਹਿਣਾ ਜੀ ਤੇ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਬਣਾ ਕੇ ਗੁਰਮਤਿ ਦੀ ਗੱਡੀ ਦਾ ਚਾਲਕ ਥਾਪ ਦਿਤਾ । ਏਵੇਂ ਹੀ ਗੁਰੁ ਅੰਗਦ ਸਾਹਿਬ ਜੀ ਨੇ ਕੀਤਾ । ਉਹਨਾਂ ਨੇ ਗੁਰਮਤਿ ਦੀ ਗੱਡੀ ਦਾ ਰਾਹ ਬਣਾ ਕੇ ਅਤੇ ਅਬਿਚਲ ਨਗਰ ਜਾਂ ਬੇਗਮਪੁਰੇ ਪਹੁੰਚਣ ਦੇ ਰਾਹੇ ਪਾ ਦਿਤਾ । ਇਹਨਾਂ ਆਪਣੇ ਪੁਤਰਾਂ ਨੂੰ ਗੁਰਮਤਿ ਦੀ ਗੱਡੀ ਦੇ ਯੋਗ ਚਾਲਕ ਨਾ ਸਮਝ ਕੇ ਪਾਸੇ ਕਰ ਦਿਤਾ ਸੀ । ਏਵੇਂ ਹੀ ਗੁਰੁ ਅੰਗਦ ਸਾਹਿਬ ਨੇ ਗਰੂ ਅਮਰਦਾਸ ਸਾਹਿਬ ਜੀ ਨੂੰ ਥਾਪ ਦਿਤਾ । ਗੁਰੁ ਅਮਰਦਾਸ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਪਾਸੇ ਕਰਕੇ ਗੁਰੁ ਰਾਮਦਾਸ ਸਾਹਿਬ ਜੀ ਨੂੰ ਗੁਰਮਤਿ ਦੀ ਗੱਡੀ ਦਾ ਚਾਲਕ ਥਾਪਿਆ । ਜਦੋਂ ਗੱਡੀ ਰੈਲ਼ੀ ਹੋ ਗਈ ਅਤੇ ਆਪਣੀ ਲੀਹ ਤੇ ਸਰਪਟ ਦੌੜਨ ਲੱਗੀ ਤਾਂ ਗੁਰੁ ਰਾਮਦਾਸ ਸਾਹਿਬ ਜੀ ਨੇ ਗੱਡੀ ਦੀਆਂ ਵਾਗਾਂ ਗੁਰੁ ਅਰਜਨ ਸਾਹਿਬ ਜੀ ਨੂੰ ਫੜਾ ਦਿੱਤੀਆਂ ।
ਇਹ ਕੌਤਕ ਉਵੇਂ ਹੀ ਕੀਤਾ ਗਿਆ ਜਿਵੇਂ ਖੇਤੀ ਕਰਨ ਵਾਲ਼ਿਆਂ ਲਈ ਵਗਿਆਨੀਆਂ ਨੇ ਦੱਸਿਆ ਕਿ ਪਹਿਲਾਂ ਖੇਤ ਨੂੰ ਤਿੰਨ ਚਾਰ ਸਾਲ ਵੇਹਲਾ ਰੱਖਿਆ ਜਾਵੇ ਤਾਂ ਕਿ ਖੇਤ ਵਿੱਚ ਪਈਆਂ ਜ਼ਹਿਰਾਂ ਦਾ ਅਸਰ ਖਤਮ ਹੋ ਜਾਵੇ । ਖੇਤੀ ਖਾਣ ਵਾਲ਼ੇ ਕੀੜਿਆਂ ਨੂੰ ਮਾਰਨ ਲਈ ਕਿਸਾਨ ਮਿੱਤਰ ਕੀੜੇ ਆਪੇ ਹੀ ਪੈਦਾ ਹੋ ਜਾਣ ਤਾਂ ਕਿ ਕਿਸੇ ਵੀ ਤਰਾ ਦੀ ਜ਼ਹਿਰ ਦੀ ਲੋੜ ਨਾ ਪਵੇ । ਇਸ ਤਰਾਂ ਦੇ ਖੇਤ ਵਿੱਚ ਬੀਜੀ ਫਸਲ ਨੂੰ ਜੈਵਿਕ ਫਸਲ ਜਾਂ ਕੁਦਰਤੀ ਖੇਤੀ ਕਿਹਾ ਜਾਂਦਾ ਹੈ । ਇਸ ਤਰੀਕੇ ਨਾਲ਼ ਪੈਦਾ ਕੀਤਾ ਅੰਨਦਾਣਾ ਜਾਂ ਹੋਰ ਖਾਧ ਪਦਾਰਥ ਧਰਤੀ ਤੇ ਰਹਿਣ ਵਾਲ਼ੇ ਪਸ਼ੂ ਪੰਛੀ ਆਦਿ ਤੰਦਰੁਸਤ ਰਹਿੰਦੇ ਹਨ । ਤੰਦਰੁਸਤ ਤਨ ਵਿੱਚ ਹੀ ਤੰਦਰੁਸਤ ਮਨ ਰਹਿੰਦਾ ਹੈ । ਜਦੋਂ ਤਨ ਮਨ ਅਰੋਗ ਹੋ ਜਾਵੇ ਤਾਂ ਇਸ ਵਿੱਚ ਗੁਰੁ ਦਾ ਸ਼ਬਦ ਬੀਜਿਆ ਜਾਂਦਾ ਹੈ ਅਤੇ ਮਨ ਕਾਬੂ ਵਿੱਚ ਆ ਜਾਂਦਾ ਹੈ ਜਾਂ ਮਨ ਜਿੱਤਿਆ ਜਾਂਦਾ ਹੈ ਅਤੇ ਮਨੁੱਖ ਦੀ ਸਰਬਪੱਖੀ ਜਿੱਤ ਹੁੰਦੀ ਹੈ ।
ਗੁਰੁ ਅਰਜਨ ਸਾਹਿਬ ਜੀ ਨੇ ਮਨੁੱਖਾਂ ਨੇ ਨਿਰਮਲ ਮਨ ਵਿੱਚ ਗੁਰਸ਼ਬਦ ਬੀਜਣ ਲਈ ਗੁਰਮਤਿ ਦੀ ਗੱਡੀ ਵਿੱਚ ਗੁਰਸ਼ਬਦਾਂ ਦੀ ਪੰਡ ਰੱਖ ਲਈ । ਗੁਰਸ਼ਬਦਾਂ ਦੀ ਪੰਡ ਨੂੰ ਅੱਜ ਕੱੱਲ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ । ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰ ਸ਼ਬਦ ਰੂਪੀ ਬੀਜ ਹਨ ਜੋ ਕਿ ਮਨੁੱਖੀ ਮਨ ਵਿੱਚੋਂ ਬੀਜਣ ਨਾਲ਼ ਉਸ ਵਿੱਚੋਂ ਕਾਮ ਕਰੋਧ ਲੋਭ ਮੋਹ ਹੰਕਾਰ ਆਦਿ ਦੀਆਂ ਜ਼ਹਿਰਾਂ ਦਾ ਨਾਸ ਹੁੰਦਾ ਹੈ । ਗੁਰੁ ਜੀ ਨੇ ਇਸ ਗੱਲ ਨੂੰ ਇਉਂ ਸਮਝਾਇਆ ਹੈ :-
ਪੰਚ ਮਨਾਏ ਪੰਚ ਰੁਸਾਏ । ਪੰਚ ਵਸਾਏ ਪੰਚ ਗਵਾਏ ॥
ਇਨੁ ਬਿਧਿ ਨਗਰੁ ਵੁਠਾ ਮੇਰੇ ਭਾਈ ।
ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥ ਰਹਾਉ॥
-----------------------
ਸੋ ਵਸੈ ਇਤੁ ਘਰਿ ਜਿਸੁ ਗੁਰ ਪੂਰਾ ਸੇਵ ॥
ਅਬਿਚਲ ਨਗਰੀ ਨਾਨਕ ਦੇਵ ॥ ਪੰਨਾ ੪੩੦ ॥

ਜਦੋਂ ਪੰਚ ਗੁਣਾ ਸੱਚ, ਧਰਮ, ਗਿਆਨ, ਸਾਂਤ ਤੇ ਸਹਿਜ਼ ਨੂੰ ਮਨਾ ਲਿਆ ਹਿਰਦੇ ਵਿੱਚ ਵਸਾ ਲਏ ਤਾਂ ਕਾਮ, ਕਰੋਧ, ਲੋਭ, ਮੋਹ, ਹੰਕਾਰ ਰੁੱਸ ਗਏ । ਮਨ ਵਿੱਚੋਂ ਦੂਰ ਹੋ ਗਏ । ਗੁਰੂ ਜੀ ਨੇ ਗਿਆਨ ਦੀ ਗੱਲ ਸਮਝਾਈ ਅਗਿਆਨ ਰੂਪੀ ਪਾਪ ਦੂਰ ਹੋ ਗਿਆ । ਇਉਂ ਗੁਰੁ ਨਾਨਕ ਸਾਹਿਬ ਨੇ ਅਟੱਲ ਨਗਰੀ ਜਾਂ ਅਬਿਚਲ ਨਗਰੀ ਵਸਾਈ । ਪੂਰੇ ਗੁਰੁ ਨੇ ਸਾਨੂੰ ਆਪਣੇ ਲੜ ਲਗਾ ਕੇ ਕ੍ਰਿਪਾ ਕੀਤੀ । ਇਉਂ ਗੁਰੂ ਜੀ ਨੇ ਸਦਾ ਅਟੱਲ ਰਹਿਣ ਵਾਲ਼ੀ ਨਗਰੀ ਦੀ ਨੀਂਹ ਰੱਖੀ । ਗੁਰੂ ਜੀ ਨੇ ਫੁਰਮਾਇਆ :-
ਅੰਗੀਕਾਰੁ ਕੀਉ ਮੇਰੇ ਕਰਤੇ ਗੁਰ ਪੂਰੇ ਕੀ ਵਡਿਆਈ॥
ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥ ੫੦੦॥

ਗੁਰੁ ਸਾਹਿਬ ਨੇ ਇਸ ਤਰਾਂ ਦੀ ਨਗਰੀ ਨੂੰ ਬੈਕੁੰਠ ਨਗਰ ਕਿਹਾ :-
ਬੈਕੁੰਠ ਨਗਰੁ ਜਹਾ ਸੰਤ ਵਾਸਾ ॥੭੪੨॥
ਕਬੀਰ ਸਾਹਿਬ ਨੇ ਬੈਕੁੰਠ ਨਗਰ ਸਬੰਧੀ ਫੁਰਮਾਇਆ :-
ਕਹੁ ਕਬੀਰ ਇਹ ਕਹੀਐ ਕਾਹਿ । ਸਾਧ ਸੰਗਤਿ ਬੈਕੁੰਠੇ ਆਹਿ ॥ ੩੨੫॥
ਭਗਤ ਰਵਿਦਾਸ ਜੀ ਨੇ ਬੈਕੁੰਠ ਨਗਰ ਨੂੰ ਬੇਗਮਪੁਰਾ ਕਿਹਾ :-
ਬੇਗਮਪੁਰਾ ਸਹਰ ਕੋ ਨਾਉ ।ਦੂਖੁ ਅੰਦੋਹ ਨਹੀਂ ਤਿਹ ਠਾਉ ॥੩੪੫॥
ਧਰਤੀ ਨੂੰ ਸੱਚਖੰਡ ਬਣਾਉਣ ਲਈ ਪਹਿਲਾਂ ਸੁਪਰਮੈਨ ਦੀ ਘਾੜਤ ਜਰੂਰੀ ਹੈ । ਜਦੋਂ ਮਨੁੱਖੀ ਮਨ ਅੰਦਰੋਂ ਅਤੇ ਬਾਹਰਂੋ ਨਿਰਮਲ ਤੇ ਗਿਆਨ ਭਰਪੂਰ ਹੋ ਜਾਂਦਾ ਹੈ ਤਾਂ ਮਨੁੱਖ ਅਨੰਦ ਦੀ ਹਾਲਤ ਵਿੱਚ ਆ ਜਾਂਦਾ ਹੈ । ਏਥੇ ਆ ਕੇ ਦੁਖ ਸੁੱਖ ਇੱਕ ਹੋ ਜਾਂਦੇ ਹਨ । ਉਸਤਤ ਨਿੰਦਾ ਉਸ ਦੇ ਅਨੰਦ ਵਿੱਚ ਕੋਈ ਵਿਘਨ ਨਹੀਂ ਪਾਉਂਦੇ । ਮਿੱਟੀ ਸੋਨਾ ਉਸ ਨੂੰ ਇੱਕ ਬਰਾਬਰ ਲੱਗਦੇ ਹਨ । ਲੋਭ ਮੋਹ ਅਤੇ ਅਭਿਮਾਨ ਦਾ ਲੇਸ ਮਾਤਰ ਵੀ ਨਹੀਂ ਰਹਿੰਦਾ । ਖੁਸ਼ੀ ਗਮੀ ਤੋਂ ਵੱਖ ਹੋ ਜਾਂਦਾ ਹੈ । ਇਸ ਹਾਲਤ ਵਿੱਚ ਪਹੁੰਚ ਕੇ ਉਸ ਦੀ ਸੁਰਤ ਆਪਣੇ ਨਿਸ਼ਾਨੇ ਤੇ ਰਹਿੰਦੀ ਹੈ । ਉਸ ਨੂੰ ਤੱਤੀਆਂ ਤਵੀਆਂ ਆਦਿ ਦਾ ਕੋਈ ਡਰ ਨਹੀਂ ਰਹਿੰਦਾ । ਨਿਸ਼ਾਨਾ ਗੁਰੁ ਨਾਨਕ ਸਾਹਿਬ ਨੇ ਪਹਿਲਾਂ ਤੋਂ ਹੀ ਨਿਰਧਾਰਤ ਕਰ ਰੱਖਿਆ ਹੈ । ਧਰਤੀ ਨੂੰ ਸੱਚਖੰਡ ਬਣਾਉਣਾ :

- ਸੱਚਖੰਡ ਵਸੈ ਨਿਰੰਕਾਰ॥੮॥
ਗੁਰੁ ਅਰਜਨ ਸਾਹਿਬ ਜੀ ਨੇ ਅਤੇ ਗੁਰੁ ਤੇਗ ਬਹਾਦਰ ਸਾਹਿਬ ਜੀ ਨੇ ਆਪਾ ਵਾਰ ਕੇ ਗੁਰਮਤਿ ਦੀ ਗੱਡੀ ਨੂੰ ਸੱਚਖੰਡ ਪਹੁੰਚਾ ਕੇ ਵਾਗਾਂ ਧਰਤੀ ਦੇ ਸੁਪਰਮੈਨ ਗੁਰੁ ਗੋਬਿੰਦ ਸਿੰਘ ਹੱਥ ਫੜਾ ਦਿੱਤੀਆਂ । ਧਰਤੀ ਤੇ ਸੁੱਖ ਸਾਂਤੀ ਲਿਆਉਣ ਲਈ ਯੁੱਧ ਕਰਨਾ ਜ਼ਰੂਰੀ ਹੈ । ਹਥਿਆਰਾਂ ਦੀ ਵਰਤੋਂ ਵੀ ਜ਼ਰੂਰੀ ਹੈ ਤਾਂ ਕਿ ਧਰਤੀ ਤੇ ਰਹਿ ਰਹੇ ਜ਼ਹਿਰੀਲੇ ਅਨਸਰ ਜਿਹੜੇ ਕਿਸੇ ਵੀ ਸ਼ਾਂਤਮਈ ਤਰੀਕੇ ਨਾਲ਼ ਠੀਕ ਨਾ ਹੋਣ ਉਹਨਾਂ ਨਾਲ਼ ਯੁੱਧ ਜ਼ਰੂਰੀ ਹੈ । ਗੁਰੁ ਗੋਬਿੰਦ ਸਿੰਘ ਜੀ ਨੇ ਉੱਚ ਕੋਈ ਦੇ ਯੁੱਧ ਦੀ ਉਦਾਹਰਣ ਸੰਸਾਰ ਅੱਗੇ ਪੇਸ਼ ਕੀਤੀ । ਚਮਕੌਰ ਦੀ ਗੜੀ ਦਾ ਹਾਲ, ਯੋਗੀ ਅੱਲਾ ਯਾਰ ਖਾਂ ਇੱਕ ਮੁਸਲਮਾਨ ਲਿਖਾਰੀ ਲੋਕਾਂ ਨੂੰ ਬੜੇ ਸੋਹਣੇ ਤਰੀਕੇ ਨਾਲ਼ ਦੱਸਦਾ ਹੈ । ਲੋਕ ਮਿਹਣਾ ਮਾਰਦੇ ਹਨ ਕਿ ਸਿੱਖਾਂ ਨੇ ਇਤਿਹਾਸ ਬਣਾਇਆਂ ਜ਼ਰੂਰ ਹੈ ਪਰ ਲਿਖਿਆ ਨਹੀਂ, ਬਈ ! ਸਾਨੂੰ ਕੀ ਲੋੜ ਹੈ ਆਪਣੇ ਮੂੰਹੋ ਮੀਆਂ ਮਿੱਠੂ ਬਣਨ ਦੀ । ਚਮਕੌਰ ਦੀ ਗੜੀ ਵਿੱਚ ਸੁਪਰਮੈਨ ਗੁਰੂ ਗੋਬਿੰਦ ਸਿੰਘ ਬਾਰੇ ਯੋਗੀ ਅੱਲਾ ਯਾਰ ਖਾਂ ਕੋਲ਼ੋ ਪੁੱਛੋ । ਫਤਿਹਗੜ ਦੀ ਦੀਵਾਰ ਦੀ ਗੱਲ ਵੀ ਇਹਨਾਂ ਕੋਲ਼ੋ ਹੀ ਪੁੱਛੀ ਜਾ ਸਕਦੀ ਹੈ । ਸਾਰਾ ਗੜੀ ਦੇ ਯੁੱਧ ਦੀ ਗੱਲ ਫ਼ਰਾਂਸ ਵਿੱਚ ਪੱੜ ਰਹੇ ਬੱਚਿਆਂ ਕੋਲ਼ੋ ਪੁੱਛ ਲਵੋ । ਗੁਰੁ ਗੋਬਿੰਦ ਸਿੰਘ ਸੁਪਰਮੈਨ ਬਾਰੇ ਆਰੀਆ ਸਮਾਜੀ ਲਾਲਾ ਦੌਲਤ ਰਾਏ ਚੰਗੀ ਤਰਾਂ ਦੱਸ ਸਕਦਾ ਹੈ । ਇਹਨਾਂ ਇਸ ਸੁਪਰਮੈਨ ਨੂੰ ਸਾਹਿਬ-ਏ-ਕਮਾਲ ਕਿਹਾ ਹੈ । ਜੰਗ ਵਿੱਚ ਸਿੱਖਾਂ ਦੇ ਚਰਿੱਤਰ ਬਾਰੇ ਕਾਜੀ ਨੂਰ ਮੁਹੰਮਦ ਬੜੀ ਸੋਹਣੀ ਤਰਾਂ ਬਿਆਨ ਕਰਦਾ ਹੈ । ਸਿੱਖਾਂ ਦੇ ਸੁਪਰਮੈਨਾ ਦੇ ਯੁੱਧ ਕਰਨ ਦੇ ਨਿਸਾਨੇ ਧਰਤੀ ਤੇ ਸੁੱਖ ਸਾਂਤੀ ਲਿਆਉਣੀ ਹੈ ਨਾ ਕਿ ਕਿਆਮਤ ਲਿਆਉਣੀ ਨਾ ਕਿ ਆਪਣੇ ਮਤ ਤੋਂ ਬਾਹਰੇ ਮਨੁੱਖਾਂ ਦੀ ਨਸਲਕੁਸ਼ੀ ਕਰਨਾ । ਜਿਵੇਂ ਕਿ ਸੰਸਾਰ ਦੇ ਅਖੌਤੀ ਬਹਾਦਰਾਂ ਨੇ ਕੀਤਾ ਹੈ । ਹਿਟਲਰ ਡਾਇਰ ਅਤੇ ਰਜੀਵਗਾਂਧੀ ਆਦਿ ਨੇ ਨਸਲਕੁਸ਼ੀ ਦਾ ਘਿਨੌਣਾ ਨਮੂਨਾ ਸੰਸਾਰ ਅੱਗੇ ਪੇਸ਼ ਕੀਤਾ ਹੈ । ਸਿੱਖਾਂ ਦੇ ਸੁਪਰਮੈਨ ਇਸ ਹਰਕਤ ਨੂੰ ਰੱਦ ਕਰਦੇ ਹਨ । ਸਿੱਖਾਂ ਦੇ ਸੁਪਰਮੈਨ ਪਹਿਲਾਂ ਮਨੁੱਖੀ ਮਨ ਨੂੰ ਪਵਿੱਤਰ ਕਰਦੇ ਹਨ । ਮਨੁੱਖੀ ਮਨ ਨੂੰ ਪਵਿੱਤਰ ਕਰਨ ਦੇ ਤਰੀਕੇ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ । ਸਿੱਖਾਂ ਬਾਰੇ ਇਹ ਵੀ ਮਿਹਣਾ ਮਾਰਿਆ ਜਾਂਦਾ ਹੈ ਕਿ ਇਹਨਾਂ ਕੋਈ ਖੋਜ ਨਹੀਂ ਕੀਤੀ । ਬਈ ! ਗੁਰੁ ਗ੍ਰੰਥ ਸਾਹਿਬ ਤੋਂ ਵਧੀਆ ਖੋਜ ਹੋਰ ਕਿਹੜੀ ਹੋ ਸਕਦੀ ਹੈ । ਦੁਨੀਆਂ ਵਾਲ਼ਿਆਂ ਨੇ ਧਰਤੀ ਨੂੰ ਤਬਾਹ ਕਰਨ ਲਈ ਬੰਬਾਂ ਦੀ ਖੋਜ ਕੀਤੀ ਹੈ । ਤਬਾਹੀ ਲਿਆਉਣ ਵਾਲ਼ੇ ਹੋਰ ਬਹੁਤ ਸਾਰੇ ਹਥਿਆਰ ਬਣਾਏ ਹਨ । ਗੁਰੁ ਗ੍ਰੰਥ ਸਾਹਿਬ ਨੂੰ ਪ੍ਰਣਾਏ ਹੋਏ ਸੁਪਰਮੈਨ ਇਹਨਾਂ ਬੰਬਾਂ ਨੂੰ ਨਕਾਰੇ ਕਰਨ ਦੇ ਸਮਰੱਥ ਹਨ । ਭਾਰੀ ਹਥਿਆਰਾਂ ਨੂੰ ਖੁੰਢੇ ਕਰਨ ਦੇ ਸਮਰੱਥ ਹਨ । ਗੁਰੁ ਅਰਜਨ ਸਾਹਿਬ ਤੇ ਸਾਰੇ ਹਥਿਆਰ ਵਰਤੇ ਗਏ । ਗੁਰੁ ਤੇਗ ਬਹਾਦਰ ਤੇ ਸਾਰੇ ਹਥਿਆਰ ਵਰਤੇ ਗਏ ਪਰ ਕੋਈ ਵੀ ਹਥਿਆਰ ਜਾਂ ਡਰਾਵਾ ਇਹਨਾਂ ਨੂੰ ਆਪਣੇ ਨਿਸਾਨੇ ਤੋਂ ਨਾ ਥਿੜਕਾ ਸਕਿਆ । ਅੱਜ ਕੱਲ ਵੀ ਦੇਖ ਲਉ ਦੁਨੀਆਂ ਵਾਲ਼ਿਆਂ ਦੀਆਂ ਖੋਜਾਂ ਦਾ ਦੁਨੀਆਂ ਨੂੰ ਲਾਭ ! ਓਬਾਮਾ ਸਾਹਿਬ ਸਾਇੰਸ ਦੀਆਂ ਖੋਜਾਂ ਨੂੰ ਤੇਲ ਦੀ ਦਲਾਲੀ ਲਈ ਮਨੱਖਤਾ ਦਾ ਘਾਣ ਕਰਵਾ ਰਿਹਾ ਹੈ । ਮਨਮੋਹਣ ਸਿੰਘ ਤੋਂ ਕੋਲਿਆਂ ਦੀ ਦਲਾਲੀ ਕਰਵਾਈ ਗਈ । ਚੀਨ ਤੇ ਰੂਸ ਵਾਲ਼ੇ ਅਫਗਾਨਿਸਤਾਨ ਦੇ ਮੁਰਦਾ ਹੋਣ ਦੀ ਤਾਕ ਵਿੱਚ ਇੱਲਾਂ ਦੀ ਤਰਾਂ ਮੁਰਦਾਰ ਖਾਣ ਲਈ, ਖਣਿਜ ਪਦਾਰਥ ਲੁੱਟਣ ਲਈ ਝੋਤ ਲਗਾਈ ਬੈਠੇ ਹਨ । ਇਹ ਹੈ ਵਗਿਆਨਿਕ ਖੋਜਾਂ ਦਾ ਨਤੀਜਾ । ਸਾਰੀਆਂ ਖੋਜਾਂ ਤੋਂ ਵੱਡੀ ਖੋਜ ਹੈ ਵਧੀਆਂ ਮਨੁੱਖਾਂ ਦੀ ਘਾੜਤ । ਸੁਪਰਮੈਨ ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੇ ਕਈ ਸੁਪਰਮੈਨ ਘੜ ਕੇ ਦੁਨੀਆਂ ਨੂੰ ਦਿੱਤੇ ਹਨ । ਭਾਰਤ ਦਾ ਸੱਭ ਤੋਂ ਸਿਆਣਾ ਮਨੁੱਖ ਸੀ ਡਾਕਟਰ ਸਰਵਪੱਲੀ ਰਾਧਾ ਕ੍ਰਿਸਨਨ । ਇਹ ਭਾਰਤ ਦਾ ਰਾਸਟਰਪਤੀ ਵੀ ਰਿਹਾ । ਔਕਸਫੋਰਡ ਯੁਨੀਵਰਸਿਟੀ ਵਿੱਚ ਵਾਈਸ ਚਾਂਸਲਰ ਵੀ ਰਿਹਾ । ਇਹਨਾਂ ਦੀ ਇੱਕ ਵੇਰ ਰੂਸ ਦੇ ਸਟਾਲਿਨ ਨਾਲ ਗੱਲਬਾਤ ਹੋਈ ਜੋ ਕਿ ਇਹਨਾਂ ਦੀ ਕਿਤਾਬ 'ਧਰਮ ਤੇ ਸਮਾਜ' ਵਿੱਚ ਦਰਜ ਹੈ । ਸਟਾਲਿਨ ਨੇ ਡਾ. ਰਾਧਾਕ੍ਰਿਸਨਨ ਤੋਂ ਪੁੱਛਿਆ । ਭਾਰਤ ਵਿੱਚ ਅਮੀਰ ਬਹੁਤ ਅਮੀਰ ਹਨ ਅਤੇ ਗਰੀਬ ਬਹੁਤ ਗਰੀਬ ਹਨ । ਤੁਸੀਂ ਇਹ ਵਿੱਥ ਕਿਵੇਂ ਦੂਰ ਕਰੋਗੇ । ਡਾ. ਰਾਧਾਕ੍ਰਿਸਨਨ ਨੇ ਉੱਤਰ ਦਿੱਤਾ ਅਸੀਂ ਇਹ ਵਿੱਥ ਉਵੇਂ ਹੀ ਦੂਰ ਕਰਾਂਗੇ ਜਿਵੇਂ ਗੁਰੁ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਪਈ ਸੱਭਿਆਚਾਰਕਿ ਵਿੱਥ ਦੂਰ ਕੀਤੀ ਸੀ । ਉਹ ਦੋਨਾਂ ਨੂੰ ਇੱਕ ਸਮਾਨ ਸਮਝਦੇ ਸਨ, ਦੋਨਾਂ ਦੀਆਂ ਖੂਬੀਆਂ ਅਤੇ ਕਮਜੋਰੀਆਂ ਦੇ ਵਾਕਿਫ ਸਨ । ਜੁਲਮ ਅਤੇ ਅਨਿਆਏ ਖਿਲਾਫ ਦੋਨਾਂ ਨਾਲ਼ ਟੱਕਰ ਲਈ । ਦੋਨਾਂ ਦੇ ਸਚਿਆਰ ਲੋਕਾਂ ਨੇ ਉਹਨਾਂ ਦੀ ਸਹਾਇਤਾ ਕੀਤੀ  ਇਉਂ ਸੰਸਾਰ ਵਿੱਚ ਇੱਕ ਅਦੁਤੀ ਅੰਦੋਲਨ ਆਇਆ । ਅਸੀਂ ਵੀ ਸਰਮਾਏਦਾਰਾਂ ਅਤੇ ਗਰੀਬਾਂ ਦਰਮਿਆਨ ਵਿੱਥ ਦੂਰ ਕਰਨ ਲਈ ਗੁਰੁ ਗੋਬਿੰਦ ਸਿੰਘ ਜੀ ਦੀ ਨੀਤੀ ਵਰਤਾਂਗੇ ਜੋ ਕਿ ਕਮਿਉਨਿਸਟਾਂ ਦੀ ਨੀਤੀ ਤੋਂ ਬਿਲਕੁਲ ਵੱਖਰੀ ਹੈ ।(ਧਰਮ ਤੇ ਸਮਾਜ ਪੰਨਾ ੮ )
ਬਦਕਿਸਮਤੀ ਨਾਲ਼ ਭਾਰਤ ਤੇ ਰਾਜ ਕਰਨ ਵਾਲ਼ਿਆਂ ਨੇ ਗੁਰੁ ਜੀ ਦੀ ਨੀਤੀ ਤੋਂ ਉਲਟ ਚੱਲਣਾ ਸ਼ੁਰੂ ਕਰ ਦਿਤਾ । ਸਿੱਖਾਂ ਅਤੇ ਹਿੰਦੂਆਂ ਦਾ ਟਕਰਾਅ ਸ਼ੁਰੂ ਹੋ ਗਿਆ । ਗੱਲ ਵੱਧਦੀ ਵੱਧਦੀ ਸਿੱਖਾਂ ਦੀ ਨਸਲਕੁਸ਼ੀ ਤੱਕ ਚਲੇ ਗਈ । ਸਿੱਖਾਂ ਨੂੰ ਧਰਤੀ ਤੋਂ ਹੀ ਮਿਟਾਉਣ ਦੀਆਂ ਨੀਤੀਆਂ ਘੜੀਆਂ ਗਈਆਂ । ਨਿਰਸੰਦੇਹ ਗੁਰੁ ਗੋਬਿੰਦ ਸਿੰਘ ਅਜੋਕੇ ਸਮਾਜ ਦੀ ਹਾਲਤ ਨੂੰ ਠੀਕ ਕਰਨ ਦੇ ਸਮਰੱਥ ਸਨ । ਇਸ ਲਈ ਗੁਰੁ ਗੋਬਿੰਦ ਸਿੰਘ ਦੁਨੀਆਂ ਦੇ ਸੱਚੇ ਸੁਪਰਮੈਨ ਹਨ । ਉਹਨਾਂ ਨੇ ਆਪਣੇ ਜਿਹੇ ਅਨੇਕਾ ਸੁਪਰਮੈਨ ਦੁਨੀਆਂ ਨੂੰ ਦਿੱਤੇ ਹਨ ਜੋ ਕਿ ਅੱਜ ਵੀ ਸਾਰੇ ਸੰਸਾਰ ਵਿੱਚ ਵਿਚਰ ਰਹੇ ਹਨ । ਸੰਸਾਰ ਦੇ ਆਗੂ ਆਪਣੀ ਤਾਕਤ ਦੇ ਨਸ਼ੇ ਵਿੱਚ ਅੰਨੇ ਅਤੇ ਬੋਲ਼ੇ ਹੋਏ ਫਿਰਦੇ ਹਨ । ਇਸ ਲਈ ਸਿੱਖ ਸੁਪਰਮੈਨ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ । ਨਾਂ ਹੀ ਉਹਨਾਂ ਦੀ ਗੱਲ ਅਜੋਕੇ ਆਗੂਆਂ ਨੂੰ ਸੁਣਾਈ ਦਿੰਦੀ ਹੈ ।
ਗੋਰਿਆਂ ਨੇ ਇੰਗਲੈਂਡ ਵਿੱਚ ਸਿੱਖ ਰਜਮੈਂਟਾਂ ਖੜੀਆਂ ਕੀਤੀਆਂ ਹਨ ਤਾਂ ਕਿ ਲੋੜ ਪੈਣ ਤੇ ਈਰਾਕ, ਸੀਰੀਆ ਲੜਾਈ ਵਿੱਚ ਭੇਜੇ ਜਾ ਸਕਣ । ਜੇ ਤਾਂ ਇਹਨਾਂ ਸਿੱਖ ਰਜਮੈਂਟਾਂ ਦੀ ਟਰੇਨਿੰਗ ਵਿੱਚ ਗੁਰਮਤਿ ਦਾ ਵਿਸ਼ਾ ਲਾਜਮੀ ਰੱਖਿਆ ਗਿਆ ਹੋਵੇ ਅਤੇ ਗੁਰੁ ਗੋਬਿੰਦ ਸਿੰਘ ਅਤੇ ਭਾਈ ਡੱਲੇ ਵਰਗੇ ਪ੍ਰੈਕਟੀਕਲ ਵੀ ਹੋਏ ਹੋਣ ਫਿਰ ਤਾਂ ਇਹ ਰਜਮੈਂਟਾਂ ਚਮਕੌਰ ਦੀ ਗੜੀ, ਸਾਰਾ ਗੜੀ ਅਤੇ ਫਤਿਹਗੜ ਵਰਗੇ ਕਮਾਲ ਕਰ ਸਕਣਗੀਆਂ ਨਹੀਂ ਤਾਂ ਉਲਟਾ ਅਸਰ ਹੋਣ ਦਾ ਖਤਰਾ ਹੈ । ਦੁਨੀਆਂ ਦੇ ਲੋਕਾਂ ਨੂੰ ਵੰਗਾਰ ਹੈ ! ਸਰਬੱਤ ਦੇ ਭਲੇ ਦੀਆਂ ਨੀਤੀਆਂ ਉਲੀਕੋ ਅਤੇ ਉਹਨਾਂ ਨੂੰ ਸਿਰੇ ਚੜਾਉਣ ਲਈ ਸਿੱਖ ਸੁਪਰਮੈਨਾਂ ਨੂੰ ਵਰਤੋਂ ਵਿੱਚ ਲਿਆਉ । ਜਿਤਨਾ ਪੈਸਾ ਅਤੇ ਖੂਨ ਖਰਾਬਾ ਤੁਸੀਂ ਜੰਗਾਂ ਯੁੱਧਾ ਵਿੱਚ ਖਰਚ ਕਰ ਰਹੇ ਹੋ ਜੇ ਉਸ ਤੋਂ ਅੱਧਾ ਵੀ ਸਰਬੱਤ ਦੇ ਭਲੇ ਲਈ ਖਰਚ ਕਰੋ ਤਾਂ ਸੰਸਾਰ ਨਿਰਸੰਦੇਹ ਸੱਚਖੰਡ ਬਣ ਜਾਵੇਗਾ । ਬੈਕੁੰਠ ਨਗਰ ਬਣ ਜਾਵੇਗਾ । ਬੇਗਮ ਪੁਰਾ ਬਣ ਜਾਵੇਗਾ ।
ਗੁਰਮੇਲ ਸਿੰਘ ਖਾਲਸਾ
ਫੋਨ : ੯੯੧੪੭੦੧੪੬੯
ਪਿੰਡ: ਗਿਆਸ ਪੁਰਾ, ਡਾਕ ਢੰਡਾਰੀ ਕਲਾਂ
ਲੁਧਿਆਣਾ ॥