ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਇਤਿਹਾਸ ਦਾ ਇਕ ਲੁਕਿਆ ਪੰਨਾ


ਗੁਰਮੇਜ ਸਿੰਘ ਸੰਧੂ  - ਯੂ : ਐਸ :ਏ
 ਮੋਬ: 408 449 2876  ਲੈੰਡ ਲਾਇਨ  408 440 8744
      ਸ਼ਹੀਦਾਂ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬੀ ਸੂਬੇ ਦੀ ਪ੍ਰਾਪਤੀ ਵਾਸਤੇ ੧੯੬੦ ਵਿਚ ਜੋ  ਮੋਰਚਾ ਲਗਾਇਆ ਗਿਆ ਸੀ, ਸਿੱਖ ਕੌਮ ਦੀਆਂ ਅਥਾਹ ਕੁਰਬਾਨੀਆਂ ਸਦਕਾ ਜਿਤਿਆ ਤਾਂ ਗਿਆ ਪਰ ਅਕਾਲੀ ਲੀਡਰਸ਼ਿਪ ਦੀ  ਆਪਸੀ ਫੁੱਟ ਕਾਰਣ ਜੋ ਬੂਰ ਪੈਣਾ ਚਾਹੀਦਾ ਸੀ , ਉਹ ਪੈ ਨਾ ਸਕਿਆl ਕੌਮ ਦੇ  ਬੇਪਨਾਹ ਪੰਥਕ ਜਜ਼ਬੇ ਅਧੀਨ ਜਿੱਤ ਦੇ ਡੰਕੇ ਤਾਂ ਵੱਜ ਗਏ ਪਰ ਟੇਬਲ 'ਤੇ ਆ ਕੇ ਕੌਮ ਨੂੰ ਨਿਮੋਸ਼ੀ ਦਾ ਮੂੰਹ ਵੇਖਣਾ ਪਿਆ ਤੇ ਝੁਗੇ  ਵਿਚ ਮਿਲ੍ਗਿਆ ਲੰਗੜਾ ਪੰਜਾਬੀ ਸੂਬਾl  ਇਸ ਪੰਥਕ ਸੰਗ੍ਰਾਮ ਸਮੇਂ ਸਿਖਾਂ ਨੇ ਜੋ ਬੇਪਨਾਹ  ਕੁਰਬਾਨੀਆਂ ਕੀਤੀਆਂ ਉਹ ਸ੍ਰੋਮਣੀ ਅਕਾਲੀ ਦਲ ਦੇ ਮਾਨਮੱਤੇ ਇਤਿਹਾਸ ਦਾ ਇਕ ਸੁਨਹਿਰੀ ਕਾਂਡ ਹੈl
       ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਸਟੇਜ ਤੋਂ ਅਕਾਲੀ ਲੀਡਰਾਂ ਵਲੋਂ ਜੋ ਤਕਰੀਰਾਂ ਕੀਤੀਆਂ ਜਾਂਦੀਆਂ ਸਨ , ਸਕਿਉਰਟੀ ਐਕਟ ਅਧੀਨ ਉਹਨਾ ਵਿਰੁਧ ਅਨੇਕਾਂ ਕੇਸ ਦਰਜ ਕੀਤੇ ਗਏ ਸਨ. ਇਸੇ ਤਰ੍ਹਾ ਜਥੇਦਾਰ ਮੋਹਣ ਸਿੰਘ ਤੁੜ ਵਿਰੁਧ ਵੀ ਅਨੇਕਾਂ ਕੇਸ ਬਨਾਏ ਗਏ, ਜਿਸ ਕਾਰਣ ਉਨ੍ਹਾ  ਨੂੰ ਮੋਰਚਾ ਖਤਮ ਹੋਣ ਤੋਂ ਬਾਦ  ਵੀ ਕਾਫੀ ਸਮਾਂ ਜੇਲ੍ਹ  ਦੀ ਚਾਰਦੀਵਾਰੀ ਅੰਦਰ ਡੱਕੀ ਰਾਖਿਆ l  
      ੧੯੬੨ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਸਿਰ 'ਤੇ ਆ ਗਈਆਂl ਚੋਣਾ ਸਮੇਂ ਵੀ ਜਥੇਦਾਰ ਮੋਹਣ ਸਿੰਘ ਤੁੜ ਜੇਲ੍ਹ 'ਚ  ਬੰਦ ਰਹੇl ਜਦ ਚੋਣ ਸੰਗ੍ਰਾਮ ਆਰੰਭ ਹੋ ਗਿਆ ਤਾਂ  ਸ਼੍ਰੋਮਣੀ ਅਕਾਲੀ ਦਲ ਵਲੋਂ  ਜਥੇਦਾਰ ਜੀ ਨੂੰ ਸ੍ਰ. ਪ੍ਰਤਾਪ ਸਿੰਘ ਕੈਰੋਂ ਵਿਰੁਧ ਸਰਹਾਲੀ ਹਲਕੇ ਤੋਂ ਆਪਣਾ ਅਕਾਲੀ ਉਮੀਦਵਾਰ ਐਲਾਨ ਦਿੱਤਾ  ਗਿਆ l ਸ੍ਰੋਮਣੀ ਅਕਾਲੀ ਦਲ ਲਈ ਇਹ ਸੀਟ ਵਿਕਾਰ ਦਾ ਸੁਆਲ ਬਣ ਚੁਕੀ ਸੀ l ਅਕਾਲੀ ਦਲ ਨੇ ਪ੍ਰਚਾਰ ਦੇ ਸਾਰੇ ਸਾਧਨ ਸਰਹਾਲੀ  ਹਲਕੇ ਵਿਚ ਦਾਅ 'ਤੇ ਲਾ ਦਿੱਤੇl ਦੋਹਾਂ ਧਿਰਾਂ (ਅਕਾਲੀ ਦਲ ਤੇ ਕਾਂਗਰਸ ) ਵਲੋਂ  ਧੂੰਆਧਾਰ ਪ੍ਰਾਪੇਗੰਡਾ ਆਰੰਭ ਕੀਤਾ ਗਿਆ l ਇਲਾਕੇ ਦੇ ਵੋਟਰਾਂ ਵਿਚ ਕਾਂਗਰਸ ਪ੍ਰਤੀ ਪੰਜਾਬੀ ਸੂਬੇ ਦੇ ਮੋਰਚੇ ਦੌਰਾਨ ਕੀਤੀਆਂ ਗਈਆਂ ਵਧੀਕੀਆਂ  ਕਾਰਨ ਹਦੋਂ ਵਧ ਕੇ ਨਫਰਤ ਸੀl  ਪੰਥਿਕ ਜਜ਼ਬੇ ਅਧੀਨ ਬੜੇ ਉਤਸ਼ਾਹ ਨਾਲ ਵੋਟਰਾਂ ਨੇ ਕਾਂਗਰਸ ਵਿਰੁਧ ਆਪਣੇ ਵੋਟ ਦੀ ਵਰਤੋਂ ਕੀਤੀl ਪੋਲਿੰਗ ਦੀ ਸਮਾਪਤੀ ਉਪਰੰਤ ਹਰੇਕ ਪੰਥ ਦਰਦੀ ਸਹਿਜੇ ਹੀ ਇਹ ਅਨੁਮਾਨ ਲਾ ਰਿਹਾ ਸੀ ਕਿ ਜਥੇਦਾਰ ਤੁੜ ਦੀ ਜਿੱਤ ਯਕੀਨੀ ਨਿਸਚਿਤ ਹੈ - ਸੈਕੜੇ ਨਹੀ ਬਲਕਿ ਹਜ਼ਾਰਾਂ ਵੋਟਾਂ ਦੇ ਫ਼ਰਕ ਨਾਲ ਜਥੇਦਾਰ ਜੀ ਜਿੱਤ ਪ੍ਰਾਪਤ ਕਰਨਗੇl
     ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੇ ਹੀ ਇਹ ਸੰਦੇਹ ਸੀ ਕਿ ਵੋਟਾਂ ਦੀ ਗਿਣਤੀ ਸਮੇਂ ਵਿਰੋਧੀ ਧਿਰ ਵਲੋਂ ਹਰੇਕ ਪ੍ਰਕਾਰ ਦੇ ਹਥ-ਕੰਡੇ ਜਰੂਰ ਵਰਤੇ ਜਾਣਗੇ l ਇਸ ਲਈ ਵੋਟਾਂ ਦੀ ਗਿਣਤੀ ਸਹੀ ਢੰਗ ਨਾਲ ਨੇਪਰੇ  ਚੜਾਉਣ ਲਈ ਅਕਾਲੀ ਦਲ ਨੇ ਚੋਣਵੇਂ ਪੰਥਿਕ ਵਕੀਲਾਂ ਦੀਆਂ ਡਿਊਟੀਆਂ ਪਹਿਲਾਂ ਤੋਂ ਹੀ ਨਿਸਚਿਤ ਕੀਤੀਆਂ ਹੋਈਆਂ  ਸਨ l ਚੋਣ ਤੋਂ ਅਗਲੇ ਦਿਨ ਗਿਣਤੀ ਅਰੰਭ ਹੋਣ ਤੋਂ ਪਹਿਲਾਂ ਹੀ ਸਾਰੇ ਵਕੀਲ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜੀ ਸਮੇਤ ਸਮੇਂ ਸਿਰ ਤਹਿਸੀਲ ਤਰਨ ਤਾਰਨ ਦੇ ਅਹਾਤੇ ਵਿਚ ਪਹੁੰਚ ਗਏ , ਜਿਥੇ ਵੋਟਾਂ ਦੀ  ਗਿਣਤੀ ਕੀਤੀ ਜਾਣੀ ਸੀl  ਵੋਟਾਂ ਦੀ ਗਿਣਤੀ ਦਾ ਅਖੀਂ ਡਿਠਾ ਹਾਲ ਤੱਕਣ ਲਈ ਭਾਰੀ ਗਿਣਤੀ  'ਚ ਇਲਾਕੇ ਦੀਆਂ ਸੰਗਤਾਂ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਵੱਡੀ ਗਿਣਤੀ ਵਿਚ ਤਰਨ ਤਾਰਨ ਸਾਹਿਬ ਵਿਖੇ ਪਹੁੰਚ ਚੁਕੇ ਸਨl ਤਹਿਸੀਲ ਸਾਹਮਣੇ ਪਬਲਿਕ ਦਾ ਬਹੁਤ  ਵੱਡਾ ਇਕਠ ਜਮ੍ਹਾ ਹੋ ਚੁਕਾ ਸੀl ਮਾਸਟਰ ਤਾਰਾ ਸਿੰਘ ਜੀ ਵੀ ਵੋਟਾਂ ਦੀ ਗਿਣਤੀ ਦੇ ਪ੍ਰਾਸੈਸ ਨੂੰ ਹਰ ਪਖੋਂ ਵਾਚ ਕਰਨ ਲਈ ਤਹਿਸੀਲ ਦੇ ਬਾਹਰ ਆਪਣੀ ਕਾਰ 'ਚ ਮੋਰਚਾ ਸੰਭਾਲੀ ਬੈਠੇ ਸਨl ਪਲ ਪਲ 'ਤੇ ਅੰਦਰੋਂ ਖਬਰਾਂ ਆ ਰਹੀਆਂ ਸਨ ਕਿ ਜਥੇਦਾਰ ਮੋਹਣ ਸਿੰਘ ਤੁੜ ਵੱਡੀ ਗਿਣਤੀ 'ਤੇ ਲੀਡ ਕਰ ਰਹੇ ਹਨl ਇਸ ਸਾਰੀ ਕਾਰਵਾਈ ਦੀ  ਪਲ-ਪਲ ਦੀ ਮੁਕੰਮਲ ਰਿਪੋਰਟ ਸ੍ਰ. ਸੁਰਿੰਦਰ ਸਿੰਘ  (ਸਪੁਤਰ ਸ੍ਰ. ਪ੍ਰਤਾਪ ਸਿੰਘ ਕੈਰੋਂ ) ਤੇ ਸ੍ਰ: ਰਣਜੀਤ ਸਿੰਘ ਐਸ ਐਸ ਪੀ ਅੰਮ੍ਰਿਤਸਰ ਜੋ ਰਿਸ਼ਤੇ ਵਿਚ ਸ੍ਰ. ਸੁਰਿੰਦਰ ਸਿੰਘ ਕੈਰੋਂ  ਦੇ ਸਾਂਢੂ ਲਗਦੇ ਸਨ, ਸ੍ਰ:  ਪ੍ਰਤਾਪ ਸਿੰਘ ਕੈਰੋਂ ਨੂੰ ਚੰਡੀਗੜ੍ਹ ਵਿਖੇ ਪਹੁੰਚਾ ਰਹੇ ਸਨl  ਅੰਤ ਕੋਈ ਚਾਰਾ ਚਲਦਾ ਨਾ ਵੇਖ ਸ੍ਰ. ਪ੍ਰਤਾਪ ਸਿੰਘ ਨੇ ਇਨ੍ਹਾ ਨੂੰ ਕਿਹਾ ਕਿ ਗਿਣਤੀ ਫੌਰੀ ਤੌਰ 'ਤੇ ਬੰਦ ਕਰਵਾ ਦਿਓ ਤੇ ਰਿਟਰਨਿੰਗ ਅਫਸਰ ਪਾਸੋਂ ਐਲਾਨ ਕਰਵਾ ਦਿਓ ਕਿ ਸ੍ਰ. ਪ੍ਰਤਾਪ ਸਿੰਘ ਕੈਰੋਂ ੩੪ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ ਹਨ l
     ਇਹ  ਐਲਾਨ ਸੁਣਦਿਆਂ ਹੀ ਪਬਲਿਕ  ਭੜਕ ਉਠੀ l ਉਹਨਾ ਦੇ ਰੋਸ ਦਾ ਕੋਈ ਮੇਚ ਬੰਨਾ ਨਾ ਰਿਹਾ l ਕਚਹਿਰੀ ਦੇ ਬਾਹਰ ਵਕੀਲਾਂ ਤੇ ਅਰਜੀ-ਨਵੀਸਾਂ ਦੇ ਖੋਖੇ ਅੱਗਾਂ ਲਾਕੇ ਤਹਿਸ-ਨਹਿਸ ਕਰ ਦਿੱਤੇ ਗਏ l  ਪੁਲਿਸ ਨੇ ਹਾਲਤ ਨੂੰ ਕੰਟ੍ਰੋਲ 'ਚ ਕਰਨ ਲਈ ਦਿਲ ਖੋਲਕੇ ਲਾਠੀਚਾਰਜ ਕੀਤਾ ਅਤੇ ਅਨੇਕਾਂ ਟੀਅਰ-ਗੈਸ ਦੇ ਗੋਲੇ ਛਡੇ ਗਏ l ਲਾਠੀਆਂ ਤੇ ਅਥਰੂਗੈਸ ਦੀ ਪ੍ਰਵਾਹ ਨਾ ਕਰਦੇ ਹੋਇਆਂ ਮਾਸਟਰ ਜੀ ਨੇ ਕਚਹਿਰੀ ਦੇ ਮੇਨ ਗੇਟ ਅਗੇ ਜਾ ਧਰਨਾ ਦਿੱਤਾl  ਹਦੋਂ ਵਧ ਕੇ ਵਰਤੀ ਗਈ ਟੀਅਰ ਗੈਸ ਕਾਰਣ ਮਾਸਟਰ ਜੀ ਦੀ ਹਾਲਤ ਕਾਫੀ ਵਿਗੜ ਚੁਕੀ ਸੀ l ਅਖੀਰ ਪੁਲਿਸ ਨੇ ਮਾਸਟਰ ਜੀ ਨੂੰ ਜਬਰਦਸਤੀ ਗੇਟ ਅੱਗੋਂ ਚੂਕ ਲਿਆ  ਅਤੇ ਧਰਮਸਾਲਾ ਜੇਲ੍ਹ ਵਿਚ ਲਿਜਾ ਬੰਦ ਕਰ ਦਿੱਤਾ l ਵੋਟਾਂ ਦੀ ਗਿਣਤੀ ਦਾ ਇਹ ਨਜ਼ਾਰਾ ਤੱਕਕੇ ਹਰੇਕ ਆਦਮੀ ਕਲਪ ਰਿਹਾ ਸੀ ਤੇ ਕਾਗਰਸ ਨੂੰ ਅਬਾ-ਤਬਾ ਬੋਲਣ ਤੋਂ ਜਰਾ ਭਰ ਭੀ ਸੰਕੋਚ ਨਹੀ ਸੀ ਕਰ ਰਿਹਾ.ਪਿੰਡਾਂ ਦੇ ਅਕਾਲੀ ਵਰਕਰ , ਜਿਨ੍ਹਾ ਪੰਥਕ ਜਜ਼ਬੇ  ਅਧੀਨ ਦਿਨ ਰਾਤ ਇਕ ਕਰਕੇ ਚੋਣ ਮੁਹਿਮ 'ਚ ਕੰਮ ਕੀਤਾ ਸੀ, ਹਦੋਂ ਵਧ ਕੇ ਦਿਲੋਂ ਦੁਖੀ  ਦਿੱਸ ਰਹੇ ਸਨ l ਪਰ ਵਾਹ ਕੋਈ ਨਹੀ ਸੀ ਜਾ ਰਹਿl ਮੈ ਵੀ ਹੋਰ ਅਕਾਲੀ ਲੀਡਰਾਂ  - ਗਿਆਨੀ ਕੇਹਰ ਸਿੰਘ ਵੈਰਾਗੀ, ਜਥੇਦਾਰ ਹਰਬੰਸ ਸਿੰਘ ਮਜੀਠਾ , ਗਿਆਨੀ ਅਜਮੇਰ ਸਿੰਘ ਤੇ ਸ੍ਰ. ਹਰਗੁਰਨਾਦ ਸਿੰਘ ਆਦਿ ਸਹਿਤ ਉਥੇ ਮੌਕੇ 'ਤੇ ਮੌਜੂਦ ਸਾਂ ਤੇ ਸਾਰਾ ਦੁਖਾਂਤ ਆਪਣੀਆਂ ਅਖਾਂ ਸਾਹਵੇਂ  ਤਕਿਆ ਸੀl ਸ਼ਾਮ ਨੂੰ ਅੰਮ੍ਰਿਤਸਰ ਅਕਾਲੀ ਹੈਡ-ਕੁਵਾਟਰ ਵਿਖੇ ਪਹੁੰਚਣ ਸਾਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਐਮਰਜੰਟ ਮੀਟਿੰਗ ਬੁਲਾ ਲਈ ਗਈ , ਜਿਸ ਵਿਚ ਸ਼ਾਮਿਲ ਹੋਣ ਲਈ ਪੰਜਾਬ ਦੀਆਂ ਕੁਝ ਵਿਰੋਧੀ ਪਾਰਟੀਆਂ ਨੂੰ ਵੀ ਉਚੇਚੇ ਸੱਦਾ ਪੱਤਰ ਭੇਜੇ ਗਏ l ਇਸ ਅਨਿਆਇ ਵਿਰੋਧ ਸੰਘਰਸ਼ ਆਰੰਭ ਕਰਨ ਲਈ ਇਕ 'ਸੇਵ ਡੈਮੋਕ੍ਰੇਸੀ ਕਮੇਟੀ' ਦਾ  ਗੰਠਿਨ ਵੀ ਕੀਤਾ ਗਿਆ ਅਤੇ ਇਹ ਵੀ ਨਿਰਣੈ ਲਿਆ ਗਿਆ ਕਿ ਇਨਸਾਫ਼ ਦੀ ਪ੍ਰਾਪਤੀ ਲਈ ਇਲੈਕਸ਼ਨ ਪਟੀਸ਼ਨ ਵੀ ਕੀਤੀ ਜਾਵੇ ਅਤੇ ਇਹ ਵੀ ਪ੍ਰਵਾਨ ਹੋਇਆ ਕਿ ਏਸ ਪਟੀਸ਼ਨ ਦੀ ਪੈਰਵੀ ਲਈ ਚੋਣਵੇਂ ਪੰਥਿਕ ਕਾਨੂੰਨੀ ਮਾਹਿਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾਣl
      ਜਥੇਦਾਰ ਮੋਹਣ ਸਿੰਘ ਤੁੜ ਜੇਲ੍ਹ 'ਚ ਹੋਣ ਕਾਰਣ ਸ਼੍ਰੋਮਣੀ ਕਾਲੀ ਦਲ ਸਨਮੁਖ ਇਕ ਵੱਡੀ ਸਮੱਸਿਆਂ ਇਹ ਆਣ ਖੜੀ ਹੋਈ ਕਿ ਇਹ ਪਟੀਸ਼ਨ ਕਿਸ ਵਲੋਂ ਕੀਤੀ ਜਾਵੇl ਕਿਉਂਕਿ ਪਟੀਸ਼ਨਰ ਹਰ ਪਖੋਂ ਸ਼੍ਰੋਮਣੀ ਅਕਾਲੀ ਦਾ ਵਫ਼ਾਦਾਰ, ਇਮਾਨਦਾਰ ਅਰਥਾਤ ਕਿਸੇ ਲਾਲਚ ਵਿਚ ਨਾ ਆਉਣ ਵਾਲਾ ਵਿਅਕਤੀ ਹੋਣਾ ਬੇਹਦ ਜਰੂਰੀ ਸੀl ਬੜੀ ਸੋਚ ਵਿਚਾਰ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੇ ਇਹ ਵੱਡੀ ਤੇ ਕਠਿਨ ਜ਼ਿਮੇਵਾਰੀ ਮੇਰੇ 'ਤੇ ਆਣ ਟਿਕਾਈ ਅਤੇ ਏਸ ਮਹਾਨ ਸੇਵਾ ਲਈ ਦਾਸ ਨੂੰ ਸਰਬ ਸੰਮਤੀ ਨਾਲ ਨਾਮਜਦ ਕਰ ਲਿਆ ਗਿਆ l ਸਚਮੁਚ ਇਹ ਬਹੁਤ ਵੱਡੀ ਜ਼ਿਮੇਵਾਰੀ ਸੀ ਜੋ ਗੁਰੂ ਕਿਰਪਾ ਤੋਂ ਬਿਨਾ ਮੇਰੇ ਜਿਹੇ ੨੨ ਕੁ ਸਾਲ ਦੀ  ਉਮਰ ਦੇ ਇਨਸਾਨ ਤੋਂ ਨਿਭਾਈ ਜਾਣੀ ਕਠਿਨ ਹੀ ਨਹੀ ਬਲਕਿ ਅਸੰਭਵ ਵੀ ਸੀl  ਸਤਿਗੁਰਾਂ ਨੇ "ਸਮਰਥ ਗੁਰੂ ਸਿਰ  ਹਥ ਧਰਿਓ " ਦੇ ਮਹਾਵਾਕ ਅਨੁਸਾਰ ਇਹ ਸੇਵਾ ਆਪਣੇ ਅਦਨੇ ਜਿਹੇ ਸੇਵਕ ਪਾਸੋਂ  ਨਿਰਵਿਘਨਤਾ ਸਹਿਤ ਆਪ ਕਰਵਾ ਲਈl  ਇਸੇ ਕਰਕੇ ਸਵਰਗਵਾਸੀ ਸ੍ਰ. ਅਮਰ ਸਿੰਘ ਜੀ ਦੁਸਾਂਝ ਜੋ ਉਸ ਸਮੇਂ ਪ੍ਰਸਿਧ ਪੰਜਾਬੀ ਅਖਬਾਰ ਰੋਜ਼ਾਨਾ "ਅਕਾਲੀ ਪੱਤ੍ਰਿਕਾ" ਦੇ ਮੈਨੇਜਿੰਗ ਐਡੀਟਰ ਸਨ ਮੈਨੂੰ ਜਦ ਮਿਲਦੇ ਤਾਂ ਮਹਾਨ ਸ਼ਹੀਦ ਭਾਈ ਬਚਿੱਤਰ ਸਿੰਘ ਸਾਹਿਬ ਦੀ ਉਪਾਧੀ ਨਾਲ ਸੰਬੋਧਨ ਕਰਿਆ ਕਰਦੇ ਸਨ l ਦੁਸਾਂਝ ਸਾਹਿਬ ਕਲਮ ਦੇ ਧਨੀ ਸਨ ਤੇ ਇਹ ਉਨ੍ਹਾਂ ਦਾ ਵੱਡਾਪਨ ਸੀ ਵਰਨਾ ਮੇਰੀ ਔਕਾਤ ਤਾਂ ਦਸਮ ਪਾਤਿਸ਼ਾਹ ਦੇ ਸੂਰਬੀਰ ਯੋਧੇ ਦੀ ਚਰਨ ਧੂੜ ਦੇ ਇਕ  ਕਿੰਨਕੇ ਤੁੱਲ ਵੀ ਨਹੀ l
        ਇਸ ਪਟੀਸ਼ਨ ਦੀ  ਪੈਰਵੀ ਲਈ ਸ੍ਰ. ਸ਼ਮਸ਼ੇਰ ਸਿੰਘ ਬੇਦੀ ਐਡਵੋਕੇਟ ਹੁਸ਼ਿਆਰਪੁਰ ਨਿਯੁਕਤ ਕੀਤੇ ਗਏ ਤੇ ਉਹਨਾ ਦੀ ਸਹਾਇਤਾ ਵਜੋਂ ਸ੍ਰ. ਅਮਰ ਸਿੰਘ ਅੰਬਾਲਵੀ ਐਡਵੋਕੇਟ, ਸ੍ਰ. ਗੁਰਬਖਸ਼ ਸਿੰਘ ਗੁਰਦਾਸ੍ਪੁਰ ਐਡਵੋਕੇਟ, ਸ੍ਰ. ਹਰਬੰਸ ਸਿੰਘ ਗੁਜਰਾਲ ਐਡਵੋਕੇਟ ਚੰਡੀਗੜ੍ਹ, ਸ੍ਰ. ਭੁਪਿੰਦਰ ਸਿੰਘ ਐਡਵੋਕੇਟ ਚੰਡੀਗੜ੍ਹ ਤੇ ਸ੍ਰ. ਹਰਬੰਸ ਸਿੰਘ ਐਡਵੋਕੇਟ ਦਿੱਲੀ 'ਤੇ ਅਧਾਰਿਤ ਇਕ ਸਬ-ਕਮੇਟੀ ਸਥਾਪਿਤ ਕੀਤੀ ਗਈl
     ਚੂੰਕਿ ਇਹ ਪਟੀਸ਼ਨ ਚੀਫ਼ ਇਲੈਕਸ਼ਨ ਕਮਿਸ਼ਨ ਨਵੀਂ ਦਿੱਲੀ ਵਿਖੇ ਦਾਇਰ  ਕੀਤੀ ਜਾਣੀ ਸੀ, ਇਸ ਲਈ ਇਸ ਦੀ ਤਿਆਰੀ ਲਈ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ, ਨਵੀਂ ਦਿੱਲੀ ਵਿਖੇ ਅਕਾਲੀ ਦਲ ਦਾ ਕੈੰਪ ਆਫਿਸ ਸਥਾਪਿਤ ਕੀਤਾ ਗਿਆl ਵਕੀਲ ਸਾਹਿਬਾਂ ਵਲੋਂ ਬੜੀ ਮੇਹਨਤ ਨਾਲ ਪਟੀਸ਼ਨ ਤਿਆਰ ਕੀਤੀ ਗਈ, ਜਿਸ 'ਤੇ ਮੇਰੇ ਸੋਲ-ਪਟੀਸ਼ਨਰ ਵਜੋਂ ਤੇ ਸ੍ਰ. ਲੱਖਾ ਸਿੰਘ ਜੋ ਜਥੇਦਾਰ ਮੋਹਣ ਸਿੰਘ ਤੁੜ ਦੇ ਵੱਡੇ ਸਪੁਤਰ ਸਨ, ਦੇ ਕਵਰਿੰਗ ਪਟੀਸ਼ਨਰ ਵਜੋਂ ਸਾਇਨ ਕਰਵਾਏ ਗਏ. ਉਨ੍ਹਾਂ ਦਿਨਾ ਵਿਚ ਚੀਫ਼ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਔਰੰਗਜ਼ੇਬ ਰੋਡ ਵਿਖੇ ਹੁੰਦਾ ਸੀ ਜੋ ਕਿ ਅਜ ਕਲ ਪਾਰਲੀਮੈਂਟ ਸਟ੍ਰੀਟ ਨਵੀਂ ਦਿੱਲੀ ਵਿਖੇ ਸਥਿਤ ਹੈl
      ਚੋਣ ਪਟੀਸ਼ਨ ਦਾਇਰ ਕਰਨ ਲਈ ਅਪੁਆਇੰਟਮਿੰਟ ਦੇ ਮਿਥੇ ਸਮੇਂ ਅਨੁਸਾਰ ਅਸੀਂ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਚੀਫ਼ ਇਲੈਕਸ਼ਨ ਕਮਿਸ਼ਨ ਦੇ ਦਫਤਰ ਔਰੰਗਜ਼ੇਬ ਰੋਡ  ਵਿਖੇ ਪਹੁੰਚ ਗਏl .ਕਮਿਸ਼ਨ ਦਾ ਸੈਕਰੇਟਰੀ ਸ੍ਰੀ ਕੇ.ਕੇ. ਸੇਠੀ ਆਈ: ਏ: ਐਸ: ਅਫਸਰ ਸੀl  ਅਸੀਂ ਇਹ ਪਟੀਸ਼ਨ ਉਹਨਾ ਪਾਸ ਹੀ ਦਾਇਰ ਕਰਨੀ ਸੀl  ਸਾਨੂੰ ਵੇਖ ਕੇ ਉਹਨਾ ਬੜੇ ਸਲੀਕੇ ਨਾਲ ਅੰਦਰ ਬੁਲਾ ਲਿਆl  ਸਾਡੇ ਨਾਲ ਡਾ. ਜਗਜੀਤ ਸਿੰਘ ਵੀ ਸਨl ਕਿਉਕਿ ਉਨ੍ਹਾ ਵੀ ਗਿਆਨੀ ਕਰਤਾਰ ਸਿੰਘ ਵਿਰੁਧ  ਪਟੀਸ਼ਨ ਦਾਖਲ ਕਰਨੀ ਸੀl  ਅੰਦਰ ਦਾਖਲ ਹੁੰਦਿਆਂ ਮੈ ਸ੍ਰੀ ਸੇਠੀ ਦੇ ਸਾਹਮਣੇ ਵਾਲੀ ਕੁਰਸੀ 'ਤੇ ਬੈਠ ਗਿਆl
       ਉਸ ਸਮੇਂ ਮੇਰੀ ਉਮਰ ਬਾਈ ਸਾਲ ਦੀ ਸੀ l  ਮੈਨੂੰ ਵੇਖ ਕੇ ਮਿ: ਸੇਠੀ ਹੈਰਾਨਗੀ ਸਹਿਤ ਸਾਡੇ ਵਕੀਲ ਨੂੰ ਸੰਬੋਧਨ ਹੋ ਕੇ ਕਹਿਣ ਲਗੇ ਕਿ ਕੀ ਇਹ ਸਰਦਾਰ ਜੀ ਵੀ ਤੁਹਾਡੇ ਨਾਲ ਹਨ? ਸਾਡੇ ਵਕੀਲ ਸ੍ਰ. ਸ਼ਮਸ਼ੇਰ ਸਿੰਘ ਬੇਦੀ ਝਟ ਬੋਲ ਪਏ ਤੇ ਕਹਿਣ ਲਗੇ, ਸੇਠੀ ਸਾਹਿਬ! ਇਹ ਸਾਡੇ ਨਾਲ ਨਹੀ ਬਲਕਿ ਅਸੀਂ ਇਹਨਾ ਨਾਲ ਆਏ ਹਾਂ, ਕਿਉਕਿ ਅਸਲ ਪਟੀਸ਼ਨਰ ਇਹੀ ਸਰਦਾਰ ਜੀ ਹਨl ਇਹ ਸੁਣਕੇ ਉਸਨੇ ਬੜੀ ਖੁਸ਼ੀ ਪ੍ਰਗਟਾਉਂਦੇ ਹੋਇਆ ਮੇਰੇ ਨਾਲ ਹਥ ਮਿਲਾਇਆ ਅਤੇ ਦਸ੍ਖਤਾਂ ਲਈ ਸਬੰਧਤ ਕਾਗਜ਼ਾਤ ਮੇਰੇ  ਅਗੇ ਰਖ  ਦਿੱਤੇ ਤੇ  ਫਿਰ ਉਨ੍ਹਾਂ ਸ੍ਰ. ਲਖਾ ਸਿੰਘ ਦੇ ਦਸਖਤ ਕਰਵਾਏl ਇਸ ਤਰ੍ਹਾ ਪਟੀਸ਼ਨ ਫਾਇਲ ਕਰਨ ਉਪ੍ਰੰਤ ਅਸੀਂ ਸਾਰੇ ਕਨਾਟ ਪ੍ਲੇਸ ਚਲੇ ਗਏ ਤੇ ਉਥੇ ਵੈੰਗਰ ਹੋਟਲ 'ਚ ਚਾਹ-ਪਾਣੀ ਛਕਿਆl ਸਾਡੇ ਨਾਲ ਸ੍ਰੀ ਰੂਪ ਲਾਲ ਸਾਥੀ ਤੇ ਕੁਝ ਹੋਰ ਵਖ ਵਖ ਪਾਰਟੀਆਂ ਦੇ ਲੀਡਰ ਵੀ ਮੌਜੂਦ ਸਨl
       ਚੀਫ਼ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਵਾਸਤੇ ਵਜ਼ੀਰਾਂ ਦੀਆਂ ਇਲੈਕਸ਼ਨ  ਪਟੀਸ਼ਨਸ ਦੀ  ਸੁਣਵਾਈ ਲਈ ਜਸਟਿਸ ਬਲਰਾਮ  ਉਪਧਿਆਏ, ਰਿਟਾਇਰਡ - ਚੀਫ਼ ਜਸਟਿਸ , ਇਲਾਹਬਾਦ  ਹਾਈ ਕੋਰਟ ਤੇ ਅਧਾਰਿਤ ਵਨ-ਮੈਂਨ ਟ੍ਰਿਬਿਊਨਲ ਨਿਯੁਕਤ ਕਰ  ਦਿੱਤਾ, ਜਿਸ ਦਾ ਦਫਤਰ ਚੰਡੀਗੜ੍ਹ  ਦੇ ਸੈਕਟਰ ੯ ਵਿਖੇ ਸਥਿਤ ਸੀl ਉਨ੍ਹਾਂ ਦਿਨਾ ਵਿਚ ਚੰਡੀਗੜ੍ਹ ਉਸਾਰੀ ਅਧੀਨ ਹੋਣ ਕਰਕੇ ਲੇਆਉਟ ਅਨੁਸਾਰ  ਸੜਕਾਂ ਵਗੈਰਾ ਤਾਂ ਬਣ ਗਈਆਂ ਸਨ ਪਰ ਵਧੇਰੇ ਕਰਕੇ ਸੈਕਟਰ  ਖਾਲੀ ਪਏ ਨਜ਼ਰ ਆ ਰਹੇ ਸਨ, ਓਥੇ ਅਜ ਦੀ ਤਰ੍ਹਾਂ ਕੋਈ ਚਹਿਲ-ਪਹਿਲ ਦਿਖਾਈ ਨਹੀ ਸੀ ਦੇ ਰਹੀl
     ਕੁਝ ਚਿਰ ਬਾਦ ਜਦ ਮੈ ਤੇ ਸ੍ਰ. ਲਖਾ ਸਿੰਘ ਚੰਡੀਗੜ੍ਹ ਵਿਖੇ ਪਹਿਲੀ ਤਾਰੀਖ ਭੁਗਤਨ ਲਈ ਗਏ ਤਾਂ ਦਿਲ ਵਿਚ ਕੁਝ ਡਰ ਵੀ ਹੋਣ ਕਰਕੇ  ਸਾਨੂੰ ਸੁੰਨਾ-ਸੁੰਨਾ ਜਿਹਾ ਮਹਿਸੂਸ ਹੋ ਰਿਹਾ ਸੀ l ਕਿਉਕਿਂ ਹੋਰਨਾ ਵਕੀਲਾਂ ਨੇ ਵਖ ਵਖ ਸ਼ਹਿਰਾਂ  ਤੋਂ ਤਾਰੀਖ 'ਤੇ  ਪਹੁੰਚਨਾ ਸੀ ਅਤੇ ਅਸਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਹੁੰਚਨਾ ਸੀ ਉਧਰੋਂ ਕੈਰੋਂ ਸਾਹਿਬ ਵਲੋਂ ਤਾਹਿਨਾਤ ਕਾਂਗਰਸੀ ਸਜਨ ਤੇ ਸੀ. ਆਈ. ਡੀ. ਵਾਲੇ ਵੀ ਸਾਡੇ 'ਤੇ ਬਾਜ਼ -ਨਜ਼ਰ ਰਖ ਰਹੇ ਸਨ ਗਿਆਨੀ ਅਜਮੇਰ ਸਿੰਘ ਮੈਨੂੰ ਕਹਿਣ ਲਗੇ ਕਿ ਗੁਰਮੇਜ ਸਿੰਘ ਤੁਸਾਂ ਚੰਡੀਗੜ੍ਹ ਪਹੁੰਚ ਕੇ ਗਿਆਨੀ ਕਰਤਾਰ ਸਿੰਘ ਹੁਰਾਂ ਨੂੰ ਮਿਲ ਲੈਣਾ ਉਹ ਤੁਹਾਡੇ ਲਈ ਕਾਫੀ ਸਹਾਇਕ ਸਿਧ ਹੋਣਗੇl ਉਸ ਸਮੇਂ ਗਿਆਨੀ ਕਰਤਾਰ ਸਿੰਘ ਭਾਵੇਂ ਕਾਂਗਰਸ ਵਿਚ ਸਨ ਅਤੇ ਕੈਬਨਿਟ ਮਨਿਸਟਰ ਵੀ ਸਨ ਪਰ ਗਿਆਨੀ ਜੀ ਤੇ ਸ੍ਰ. ਪ੍ਰਤਾਪ ਸਿੰਘ ਕੈਰੋਂ ਦੀ ਆਪਸ ਵਿਚ ਘਟ ਹੀ ਬਣਦੀ ਸੀ , ਜਿਸ ਕਰਕੇ ਗਿਆਨੀ ਕਰਤਾਰ ਸਿੰਘ ਅਕਾਲੀ ਦਲ ਨਾਲ ਵੀ ਪੂਰੀ ਤਰ੍ਹਾ ਰਾਬਤਾ ਕਾਇਮ ਰਖਦੇ ਸਨl ਮੈਂ ਗਿਆਨੀ ਅਜਮੇਰ ਸਿੰਘ ਨੂੰ ਕਿਹਾ ਕਿ ਤੁਸੀਂ ਮੈਨੂੰ ਗਿਆਨੀ ਜੀ ਦਾ ਐਡਰੈਸ  ਨੋਟ ਕਰਵਾ ਦਿਓl ਉਨ੍ਹਾ ਦਿਨਾ ਵਿਚ ਗਿਆਨੀ ਜੀ ਐਮ. ਐਲ. ਏ. ਫਲੈਟਸ ਵਿਚ ਨਿਵਾਸ ਰਖਦੇ ਸਨ l ਦਫਤਰ ਵਿਚ ਮੇਰੀ ਲਾਗਲੀ ਕੁਰਸੀ 'ਤੇ ਗਿਆਨੀ ਕੇਹਰ ਸਿੰਘ ਵੈਰਾਗੀ ਬੈਠੇ ਹੋਏ ਸਨl  ਉਹ ਆਪਣੇ ਮਜ਼ਾਕਿਆ ਸੁਭਾਵ ਅਨੁਸਾਰ ਕਹਿਣ ਲਗੇ  ਗੁਰਮੇਜ ਸਿੰਘ ਤੁਹਾਨੂੰ ਕਿਸੇ ਐਡਰੈਸ ਦੀ ਲੋੜ ਨਹੀ , ਕਾਲਕਾ ਮੇਲ ਨੇ ਸਵੇਰੇ ਅੰਮ੍ਰਿਤ ਵੇਲੇ ਚੰਡੀਗੜ੍ਹ ਪਹੁੰਚਨਾ ਹੈl ਤੁਸ਼ੀ ਰੇਲਵੇ ਸਟੇਸ਼ਨ ਤੋਂ ਸ੍ਕੂਟਰ ਲੈ ਕੇ ਸਿਧਾ ਐਮ.ਐਲ.ਏ. ਫਲੈਟਸ ਪਹੁੰਚ ਜਾਣਾ  ਅਤੇ ਵੇਖ ਲੈਣਾ - ਜਿਸ ਵੀ ਫਲੈਟ 'ਤੇ ਵਧ ਤੋਂ ਵਧ ਕਛਹਿਰੇ ਸੁਕਣੇ ਪਏ ਹੋਣਗੇ, ਓਹੀ ਗਿਆਨੀ ਜੀ ਦਾ ਫਲੈਟ ਸਮਝਕੇ ਅਨ੍ਝਕ ਅੰਦਰ ਦਾਖਲ ਹੋਕੇ ਗਿਆਨੀ ਜੀ ਨੂੰ ਜਾ ਫਤਿਹ ਬੁਲਾਉਣੀ ਬਸ  l ਵੈਰਾਗੀ ਜੀ ਦੀ ਇਹ ਸਿਧੀ-ਸਾਦੀ ਮਖੌਲੀਆ ਲਹਿਜੇ 'ਚ ਦਿੱਤੀ ਡਰੈਕ੍ਸ਼ਨ ਸੌ ਫੀ ਸਦੀ ਕਾਰਗਰ ਸਾਬਤ ਹੋਈl
     ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ  ਜਦ ਅਸੀਂ  ਉਤਰੇ ਤਾਂ ਉਥੇ ਮੈਨੂੰ ਕੁਝ ਕੁ ਜਾਣੇ -ਪਹਿਚਾਣੇ ਕਾਂਗਰਸੀਆਂ ਦੇ ਵੀ ਚਿਹਰੇ ਨਜ਼ਰ ਆਏ l ਅੰਮ੍ਰਿਤਸਰ ਤੋਂ ਚਲਣ ਲਗਿਆਂ ਸਾਡੇ ਕੰਨੀ ਇਹ ਕਨਸੋਅ ਪਾ ਕੇ  ਵੀ ਕਿਸੇ ਸਜਨ ਨੇ ਸੁਚੇਤ ਕੀਤਾ ਸੀ ਕੀ ਸ੍ਰ. ਪ੍ਰਤਾਪ ਸਿੰਘ ਦੇ ਆਦਮੀ ਤੁਹਾਡੇ 'ਤੇ ਪੂਰੀ ਤਰ੍ਹਾ ਨਜ਼ਰ ਰਖ ਰਹੇ ਹਨ. ਇਸ ਲਈ ਸਾਵਧਾਨ ਰਹਿਣਾl ਇਸੇ ਬਿਨਾਅ 'ਤੇ  ਅਸੀਂ ਕਾਲਕਾ ਮੇਲ 'ਤੇ ਸੀਟਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀਆਂ ਬੁਕ ਕਾਰਵਾਈਆਂ ਸਨ ਪਰ ਗਡੀ ਜਲੰਧਰ ਤੋਂ ਜਾ ਕੇ ਫੜੀ ਸੀl ਚੰਡੀਗੜ੍ਹ ਪਹੁੰਚਣ ਉਪਰੰਤ  ਅਸੀਂ ਬਿਨਾ ਕਿਸੇ ਢਿੱਲ ਦੇ ਸ੍ਕੂਟਰ ਲੈ ਕੇ ਐਮ.ਐਲ.ਏ. ਫਲੈਟਸ ਪਹੁੰਚ ਗਏ ਤੇ ਗਿਆਨੀ ਕਰਤਾਰ ਸਿੰਘ ਜੀ ਨੂੰ ਜਾ ਫਤਿਹ ਬੁਲਾਈl ਗਿਆਨੀ ਜੀ ਵੀ ਸਾਡੀ ਉਡੀਕ 'ਚ ਸਨl  ਗਿਆਨੀ ਜੀ ਕਹਿਣ ਲਾਗੇ ਕਿ  ਤੁਹਾਡੇ ਆਉਣ ਬਾਰੇ ਮੈਨੂੰ ਗਿਆਨੀ ਅਜਮੇਰ ਸਿੰਘ ਦਾ ਫੋਨ ਆ ਗਿਆ ਸੀll  ਅਸੀਂ ਇਸ਼ਨਾਨ ਵਗੈਰਾ ਕਰਕੇ ਨਿੱਤਨੇਮ ਕੀਤਾ l ਗਿਆਨੀ ਜੀ ਆਪ ਤਾਂ ਸੈਕਟਰੀਏਟ ਚਲੇ ਗਏ  ਤੇ ਸਾਡੇ ਵਾਸਤੇ ਇਕ ਖਾਸ ਆਦਮੀ ਦੀ  ਡਿਉਟੀ ਲਗਾ ਗਏ,ਜਿਨ੍ਹਾ ਨੇ ਸਾਨੂੰ ਹਰ ਤਰ੍ਹਾਂ ਪੂਰਨ ਸਹਿਯੋਗ ਦਿੱਤਾl
     ਸ੍ਰ. ਪ੍ਰਤਾਪ ਸਿੰਘ ਕੈਰੋਂ ਦੇ ਕੇਸ ਦੀ ਪੈਰਵੀ ਸ੍ਰ. ਹਰਬੰਸ ਸਿੰਘ ਦੁਆਬੀਆ, ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਕਰ ਰਹੇ ਸਨl ਕੁਝ ਕੁ ਤਾਰੀਖਾਂ ਪੈਣ  ਉਪਰੰਤ ਦੁਆਬੀਆ ਸਾਹਿਬ ਨੇ ਇਕ ਰਿੱਟ-ਪਟੀਸ਼ਨ ਪੰਜਾਬ ਹਾਈਕੋਰਟ ਦੇ ਸਰਕਟ ਬੈਂਚ, ਨਵੀ ਦਿੱਲੀ ਵਿਖੇ ਫਾਇਲ ਕਰ ਦਿੱਤੀ ਕਿ ਇਸ ਪਟੀਸ਼ਨ ਵਿਚ ਦੋ ਪਟੀਸ਼ਨਰ ਹਨ ਪ੍ਰੰਤੂ ਪਟੀਸ਼ਨ ਦੀ ਸਕਿਓਰਟੀ ਵਜੋਂ ਦੋ ਹਜ਼ਾਰ ਰੁਪੈ ਕੇਵਲ ਗੁਰਮੇਜ ਸਿੰਘ ਵਲੋਂ ਜਮ੍ਹਾਂ ਕਰਵਾਏ ਗਏ ਹਨ ਅਤੇ ਲਖਾ ਸਿੰਘ ਵਲੋਂ ਕੋਈ ਸਕਿਓਰਟੀ ਜਮ੍ਹਾਂ ਨਹੀ ਕਰਵਾਈ ਗਈ, ਜਿਸ  ਕਰਕੇ ਇਹ ਪਟੀਸ਼ਨ ਨਿਯਮਾਂ ਅਨੁਸਾਰ ਮੁਕੰਮਲ ਨਾ ਹੋਣ ਕਰਕੇ ਗੈਰ-ਕਾਨੂਨੀ ਹੈ, ਜੋ ਸੁਣਨਯੋਗ ਨਹੀ, ਇਸ ਲਈ ਇਸ ਨੂੰ ਤੁਰੰਤ ਖਾਰਜ ਕਰ ਦਿੱਤਾ ਜਾਵੇ l ਦਰ-ਅਸਲ ਸ੍ਰ. ਕੈਰੋਂ ਦੀਆਂ ਹਦਾਇਤਾ ਅਨੁਸਾਰ ਇਸ ਕੇਸ ਨੂੰ ਲੰਮੇਰਾ ਕਰਨ ਖਾਤਰ ਇਹ ਰਿੱਟ-ਪਟੀਸ਼ਨ ਕੀਤੀ ਗਈ ਸੀ ਵਰਨਾ ਇਸ ਵਿਚ ਕਾਨੂੰਨੀ ਅੜੀਚਣ ਕੋਈ ਨਹੀ ਸੀ l ਪੰਜਾਬ ਹਾਈਕੋਰਟ ਦੇ ਇਸ ਸਰਕਟ ਬੈਂਚ ਦਾ ਦਫਤਰ ਰਾਜਪੁਰਾ ਰੋਡ ਦਿੱਲੀ ਵਿਖੇ ਸਥਿਤ ਸੀ l ਇਥੇ ਸਾਡੇ ਕੇਸ ਦੀ ਪੈਰਵੀ ਸ੍ਰ. ਹਰਬੰਸ ਸਿੰਘ ਸੀਨੀਅਰ ਐਡਵੋਕੇਟ ਸੁਪ੍ਰੀਮ ਕੋਰਟ ਕਰ ਰਹੇ ਸਨ l
     ੧੯੬੨ ਵਿਚ ਸ੍ਰ. ਬੂਟਾ ਸਿੰਘ ਅਕਾਲੀ ਟਿਕਟ 'ਤੇ ਮੈਂਬਰ ਪਾਰਲੀਮੇਂਟ ਚੁਣੇ ਗਏ ਸਨl ਉਹਨਾ ਦਾ ਫਲੈਟ ਸਾਊਥ ਐਵੀਨਿਊ , ਨਵੀ ਦਿੱਲੀ ਵਿਖੇ ਸੀ. ਰਿੱਟ ਪਟੀਸ਼ਨ ਦੀ  ਸੁਣਵਾਈ ਦੇ ਸਬੰਧ ਵਿਚ ਮੇਰਾ ਦਿੱਲੀ ਵਿਖੇ ਰਹਿਣਾ ਜਰੂਰੀ ਸੀ, ਜਿਸ ਕਰਕੇ ਮੇਰੀ ਰਿਹਾਇਸ਼ ਦਾ ਪ੍ਰਬੰਧ ਅਕਾਲੀ ਦਲ ਵਲੋਂ ਸ੍ਰ. ਬੂਟਾ ਸਿੰਘ ਜੋ ਕਿ ਉਸ ਸਮੇਂ ਅਣਵਿਆਹੇ (ਸਿੰਗਲ) ਹੀ ਸਨ, ਦੇ ਫਲੈਟ ਵਿਖੇ ਹੀ ਕੀਤਾ ਗਿਆ l
      ਇਥੇ ਮੈਂ ਸ੍ਰ. ਬੂਟਾ ਸਿੰਘ ਬਾਰੇ ਸੰਖੇਪ ਜਿਹਾ ਜ਼ਿਕਰ ਕਰਨਾ ਜਰੂਰੀ ਸਮਝਦਾ ਹਾਂl ੧੯੬੨ ਦੀਆਂ ਚੋਣਾਂ ਲਈ ਜਦ ਅਕਾਲੀ ਉਮੀਦਵਾਰਾਂ ਦੀ ਚੋਣ ਹੋ ਰਹੀ ਸੀ ਤਾਂ ਸ੍ਰ. ਬੂਟਾ ਸਿੰਘ ਵੀ ਅਕਾਲੀ  ਦਲ ਦੇ ਦਫਤਰ ਵਿਖੇ ਪਹੁੰਚ ਗਏ . ਇਨ੍ਹਾਂ ਨੇ ਮੋਗਾ ਪਾਰਲੀਮੈਂਟ ਹਲਕੇ  (ਰੀਜ਼ਾਰਵ) ਤੋਂ ਅਕਾਲੀ ਉਮੀਦਵਾਰ ਲਈ ਟਿਕਟ ਹਾਸਲ ਕਰਨ ਵਾਸਤੇ ਫਾਰਮ ਭਰ ਦਿੱਤਾ l ਇਹ ਬਿਲਕੁਲ ਨਵੇਂ ਅਜਨਬੀ ਤੇ ਦੁਬਲੇ-ਪਤਲੇ ਜਿਹੇ ਨਜ਼ਰ ਆ ਰਹੇ ਸਨl ਪਹਿਲਾਂ ਕਦੀ ਇਹ ਉਥੇ ਅਕਾਲੀ ਦਲ ਦੇ ਦਫਤਰ ਨਜ਼ਰ ਨਹੀ ਸਨ ਪਏl ਮੇਰੀ ਜਾਚੇ ਇਹਨਾ ਦੀ ਨਾ ਤਾਂ ਕੋਈ ਪੰਥਕ ਸੇਵਾ ਸੀ  ਅਤੇ ਨਾ ਹੀ  ਕੋਈ ਕੁਰਬਾਨੀl ਹੋਰ ਤਾਂ ਹੋਰ ਮੇਰੇ ਖਿਆਲ ਮੁਤਾਬਕ  ਇਹ ਸਖਸ਼ ਉਸ ਦਿਨ ਅਵਸ਼ ਪਹਿਲੀ ਵਾਰ ਅਕਾਲੀ ਦਲ  ਦੇ ਦਫਤਰ ਦੀਆਂ ਪੌੜੀਆ ਚੜਿਆ ਹੋਵੇਗਾ l ਮਾਲੀ ਹਾਲਤ ਪਖੋਂ ਵੀ ਬਹੁਤ ਕਮਜ਼ੋਰ ਸਨ ਕਿਉਕਿ ਇਹ ਬੰਬਈ ਵਿਖੇ ਕੋਈ ਛੋਟੀ-ਮੋਟੀ ਸਰਵਿਸ ਕਰਦੇ ਸਨ. ਜਦ ਇਹ ਦਫਤਰ ਆਏ ਤਾਂ ਇਹਨਾ ਰੈਕ੍ਸੀਨ ਦਾ ਬੈਗ ਆਪਣੇ ਮੋਢੇ 'ਤੇ ਲਟਕਾਇਆ ਹੋਇਆ ਸੀ l ਕੋਈ ਵਾਕਫੀ ਨਾ ਹੋਣ ਕਰਕੇ ਇਕੱਲੇ ਡਾਵਾਂਡੋਲ ਹਾਲਤ ਵਿਚ ਓਪਰਿਆਂ ਵਾਂਗ ਓਥੇ ਤੁਰੇ ਫਿਰਦੇ  ਸਨ ਜਾਂ ਫਿਰ ਫਿਰਦੇ ਤੁਰਦੇ ਮੇਰੇ ਨਾਲਦੀ ਕੁਰਸੀ ਤੇ ਆ ਬਹਿੰਦੇ  ਅਤੇ ਮੇਰੇ ਨਾਲ ਕੁਝ ਧਾਰਮਿਕ ਤੇ ਸਿਆਸੀ ਬਾਤਚੀਤ ਕਰਨ ਡਹਿ ਪੈਂਦੇ l ਇਹਨਾ ਦਾ ਪੰਥਿਕ ਕੁਰਬਾਨੀ ਤੋਂ ਕਤਈ ਤੌਰ ਤੇ ਸਖਣਾ ਜੀਵਨ ਹੋਣ ਦੇ ਬਾਵਜੂਦ ਕਿਸਮਤ ਨੇ ਇਸ ਦਾ ਬਹੁਤ ਸਾਥ ਦਿੱਤਾ l
      ਟਿਕਟਾਂ ਲਈ ਪੁਜੀਆਂ ਦਰਖਾਸਤਾਂ 'ਤੇ ਵਿਚਾਰ ਕਰਨ ਲਈ ਅਕਾਲੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਮਾਸਟਰ ਤਾਰਾ ਸਿੰਘ ਜੀ ਦੀ  ਕੋਠੀ ਵਿਖੇ ਅਰਂਭ  ਹੋਈl  ਮੀਟਿੰਗ ਰਾਤ ਦਸ ਵਜੇ ਤਕ  ਚਲਦੀ ਰਹੀl ਇਹਨਾ ਦੀ ਦਰਖਾਸਤ ਜਦ ਵਿਚਾਰ ਹਿੱਤ ਬੋਰਡ ਸਨਮੁਖ ਪੇਸ਼ ਕੀਤੀ ਗੇਈ ਤਾਂ ਪੰਥਿਕ ਸੇਵਾ ਆਦਿ ਦਾ ਕੋਈ ਵੀ ਪਖ ਇਹਨਾ ਦੀ ਹਾਮੀ  ਨਹੀ ਸੀ ਭਰ ਰਿਹਾl ਬੜੀ ਸੋਚ ਵਿਚਾਰ ਉਪਰੰਤ ਇਹਨਾ ਦੀ ਦਰਖਾਸਤ ਨੂੰ  ਪਾਸੇ ਕਰਕੇ ਇਕ ਪੁਰਾਣੇ ਅਕਾਲੀ ਵਰਕਰ ਸ੍ਰ. ਗੁਰਦੇਵ ਸਿੰਘ ਦੇ ਹੱਕ ਵਿਚ ਫੈਸਲਾ ਲਿਆ ਗਿਆ l ਰਾਤ ਦਸ ਵਜੇ ਮੀਟਿੰਗ ਦੀ  ਸਮਾਪਤੀ ਉਪਰੰਤ ਸਾਰੇ ਅਕਾਲੀ ਨੇਤਾ ਅਕਾਲੀ ਦਲ ਦੇ ਦਫਤਰ ਪਹੁੰਚ ਗਏl  ਸ੍ਰ. ਗੁਰਦੇਵ ਸਿੰਘ ਨੇ ਗਿਆਨੀ ਅਜਮੇਰ ਸਿੰਘ , ਸਕੱਤਰ ਸ਼ਿਰੋਮਣੀ ਅਕਾਲੀ ਦਲ ਨੂੰ ਕਿਹਾ ਕੀ ਮੋਗੇ ਤੋਂ ਮੈਨੂੰ ਟਿਕਟ ਮਿਲ ਜਾਣ ਬਾਰੇ ਚੂੰਕਿ ਫੈਸਲਾ ਹੋ ਚੁਕਾ ਹੈ, ਇਸ ਲਈ ਇਸ ਸਬੰਧ ਵਿਚ ਪ੍ਰੇਸ ਦੇ ਨਾਮ ਜਲੰਧਰ ਆਦਿ ਵਿਚਲੀਆਂ ਅਖਬਾਰਾਂ ਨੂੰ ਪ੍ਰੇਸ-ਰਿਲੀਜ ਜਾਰੀ ਕਰ ਦਿਓl ਗਿਆਨੀ ਜੀ ਨੇ ਕਿਹਾ ਕਿ ਸਮਾਂ ਬਹੁਤ ਹੋ ਚੁਕਾ ਹੈ, ਹੁਣ ਲਗਪਗ ਸਾਰੀਆਂ ਅਖਬਾਰਾਂ ਛਪ ਚੁਕੀਆਂ ਹੋਣਗੀਆਂ, ਇਸ ਲਈ ਕਲ ਹੋਰਨਾ ਉਮੀਦਵਾਰਾਂ ਬਾਰੇ ਵੀ ਫੈਸਲਾ ਕਰਕੇ ਸਮੁਚੀ ਲਿਸਟ ਅਖਬਾਰਾਂ ਨੂੰ ਭੇਜ ਦਿੱਤੀ  ਜਾਵੇਗੀl  ਸ੍ਰ. ਗੁਰਦੇਵ ਸਿੰਘ ਨੇ ਅਖਬਾਰਾਂ ਨੂੰ  ਟੈਲੀਫੋਨ ਦੁਆਰਾ ਖਬਰ ਭੇਜਣ ਬਾਰੇ ਵੀ ਕਿਹਾ, ਪਰ ਉਨ੍ਹਾਂ ਦਿਨਾ ਵਿਚ ਟੈਲੀਫੋਨ ਜਲੰਧਰ ਮਿਲਾਉਣ ਲਈ ਪਹਿਲੇ ਕਾਲ-ਬੁਕ ਕਰਵਾਉਣੀ ਪੈਂਦੀ ਸੀ ਤੇ ਘੰਟੇ ਪਾਉਣੇ ਘੰਟੇ ਬਾਦ  ਜਾ ਕੇ ਟੈਲੀਫੋਨ ਉਪਰੇਟਰ ਦੁਆਰਾ ਕਾਲ ਮਿਲਾਈ ਜਾਂਦੀ ਸੀ l ਰਾਤ ਸਮਾਂ ਬਹੁਤ ਹੋ ਜਾਣ ਕਾਰਨ ਇਹ ਸਲਾਹ ਵੀ ਕਾਰਗਰ ਸਪਤ ਨਾ ਹੋ ਸਕੀl
      ਅਗਲੇ ਦਿਨ ਅਕਾਲੀ ਪਾਰਲੀਮੈਂਟ ਬੋਰਡ ਦੀ  ਮੀਟਿੰਗ ਮਾਸਟਰ ਜੀ ਦੀ  ਕੋਠੀ ਫਿਰ ਆਰੰਭ ਹੋਈ. ਮੋਗੇ ਦੀ ਸੀਟ ਦਾ ਮੁਆਮਲਾ ਫਿਰ ਤੋਂ ਵਿਚਾਰਿਆ ਗਿਆl  ਸ੍ਰ. ਗੁਰਦੇਵ  ਸਿੰਘ ਬਿਲਕੁਲ ਅਨਪੜ੍ਹ ਸਨ - ਸਿਵਾਏ ਪੰਜਾਬੀ ਦੇ ਹੋਰ ਕੁਝ ਲਿਖ-ਪੜ ਨਹੀ ਸਨ ਸਕਦੇ  ਅਤੇ ਸ੍ਰ. ਬੂਟਾ ਸਿੰਘ ਨੇ ਐਮ.ਏ. (ਪੰਜਾਬੀ ) ਕੀਤੀ ਹੋਈ ਸੀl  ਬੋਰਡ ਦੇ ਮੈਂਬਰਾਂ ਦੀ  ਬਹੁ-ਗਿਣਤੀ ਇਸ 'ਤੇ ਸਹਿਮਤ ਹੋ ਗਈ ਕੀ ਥੋੜੇ ਪੜੇ ਨਾਲੋਂ ਪੜੇ ਲਿਖੇ ਨੂੰ ਪਾਰਲੀਮੈਂਟ ਵਿਚ ਭੇਜਣਾ ਬੇਹਤਰ ਰਹੇਗਾl ਮਾਸਟਰ ਤਾਰਾ ਸਿੰਘ ਜੀ ਵੀ ਇਸ 'ਤੇ ਸਹਿਮਤ ਹੋ ਗਏ ਅਤੇ ਗੁਰਦੇਵ ਸਿੰਘ ਦਾ ਨਾਮ ਕਟਕੇ ਬੂਟਾ ਸਿੰਘ ਦਾ ਨਾਮ ਲਿਖਿਆ ਗਿਆl ਇੰਟਰਵਿਊ ਦੌਰਾਨ ਇਸ ਨੂੰ ਪੁਛਿਆ ਗਿਆ ਕੀ ਚੋਣ ਦੇ ਖਰਚ ਦਾ ਪ੍ਰਬੰਧ ਤੁਸੀਂ ਕਿਵੇਂ ਕਰੋਗੇ ?ਇਸ ਨੇ ਕਿਹਾ ਕਿ ਬੰਬਈ ਤੋਂ ਮੇਰੇ ਦੋਸਤ-ਮਿੱਤਰ ਪੈਸੇ ਇਕਠੇ ਕਰਕੇ ਮੈਨੂੰ ਭੇਜਨਗੇ l ਚੋਣ ਆਰੰਭ ਹੋ ਗਈ ਪਰ ਬੰਬਈ  ਤੋਂ ਕੋਈ ਪੈਸਾ ਨਾ ਆਇਆ  ਤੇ ਸਾਰਾ ਖਰਚ ਅਕਾਲੀ ਦਲ ਨੂੰ ਹੀ  ਸਹਿਣ ਕਰਨਾ ਪਿਆ l
        ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ 'ਪੰਜਾ' ਹੋਣ ਕਰਕੇ ਚੋਣ ਪ੍ਰਚਾਰ ਨੂੰ ਮੁਖ ਰਖਦਿਆ ਕਾਫੀ ਗਿਣਤੀ ਵਿਚ  ਪੰਜੇ ਦੇ ਟੀਨ ਦੇ ਬਿੱਲੇ ਬਣਵਾਏ ਗਏ ਸਨl  ਪਾਰਲੀਮੈਂਟ ਦੇ ਹਲਕਾ ਉਮੀਦਵਾਰ ਨੂੰ ਪੰਜ ਸੌ  ਤੇ ਵਿਧਾਨ ਸਭਾ ਦੇ ਉਮੀਦਵਾਰ ਲਈ ਢਾਈ ਸੌ ਬਿੱਲੇ ਦਿੱਤੇ ਜਾਦੇ ਸਨl ਪਬਲਿਸਿਟੀ ਇੰਚਾਰਜ ਹੋਣ ਕਰਕੇ ਜਦ ਮੈਂ ਸ੍ਰ. ਬੂਟਾ ਸਿੰਘ ਨੂੰ ਹੋਰ ਚੋਣ ਪਬਲਿਸਿਟੀ ਲਿਟਰੇਚਰ ਤੋਂ ਇਲਾਵਾ ਪੰਜ ਸੌ ਟੀਨ ਵਾਲੇ ਬਿੱਲੇ ਗਿਣਕੇ ਦਿੱਤੇ ਤਾਂ ਉਹਨਾਂ ਚੋ ਇਕ ਬਿੱਲਾ ਮੈਨੂੰ ਫੜਾਉਦਿਆਂ ਉਹ ਕਹਿਣ ਲਗੇ , "ਸ੍ਰ: ਗੁਰਮੇਜ ਸਿੰਘ ਜੀ ਇਹ ਬਿੱਲਾ ਤੁਸੀਂ ਆਪ ਆਪਣੇ ਪਵਿਤਰ ਹਥਾਂ ਨਾਲ ਮੇਰੀ ਛਾਤੀ 'ਤੇ ਲਾਉਣ ਦੀ  ਕਿਰਪਾਲਤਾ ਕਰੋl" ਮੈਂ ਕਿਹਾ," ਸ੍ਰ. ਬੂਟਾ ਸਿੰਘ ਜੀ ਮੇਰੇ ਹਥ ਤਾਂ ਏਨੇ ਪਵਿਤਰ ਨਹੀ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਮੈ ਜਰੂਰ ਲਾ ਦਿੰਦਾ ਹਨ "l ਮੇਰੇ ਪਾਸੋਂ ਪਹਿਲਾ ਤਮਗਾ -ਨੁਮਾ ਬਿਲਾ ਛਾਤੀ ਤੇ ਲਗਵਾ ਕੇ ਇਹ ਬਹੁਤ ਖੁਸ਼ ਹੋਏl ਚੋਣ ਵਿਚ ਸਫਲਤਾ ਪ੍ਰਾਪਤ ਹੋਈ ਤੇ ਇਹ ਮੈਂਬਰ ਪਾਰਲੀਮੈਂਟ ਬਣ ਗਏ l ਮਾਮੂਲੀ ਬੰਦੇ ਦਾ ਬਿਨਾ ਕਿਸੇ ਤ੍ਰਾਦੱਦ ਦੇ ਮੈਂਬਰ ਪਾਰਲੀਮੈਂਟ ਬਣ ਜਾਣਾ ਕੋਈ ਛੋਟੀ ਮੋਟੀ ਗਲ ਨਹੀ ਸੀ l ਚਾਹੀਦਾ ਤਾਂ ਸੀ ਕਿ ਇਹ ਜੀਵਨ ਭਰ ਸ਼੍ਰੋਮਣੀ ਅਕਾਲੀ ਦਲ ਦਾ ਅਹਿਸਾਨਮੰਦ ਤੇ ਵਫ਼ਾਦਾਰ ਰਹਿੰਦਾ ਪਰ ਥੋੜੇ ਜਿਹੇ ਸਮੇਂ ਬਾਦ ਹੀ ਇਸ ਨੇ ਅਕਾਲੀ ਦਲ ਨੂੰ ਪਿਠ ਵਿਖਾ ਦਿੱਤੀ ਤੇ ਦਲ ਦੀ  ਬਖਸ਼ਿਸ਼ ਨੂੰ ਨਜ਼ਰ -ਅੰਦਾਜ਼ ਕਰਕੇ ਅਕਾਲੀ ਦਲ ਨੂੰ ਅਲਵਿਦਾ ਕਹਿ  ਦਿੱਤੀ l ਗਿਆਨੀ ਗੁਰਮੁਖ ਸਿੰਘ ਮੁਸਾਫਿਰ ਨਾਲ ਗੰਢ-ਤੁਪ ਕਰਕੇ ਅਰਥਾਤ ਉਸ  ਨੂੰ ਵਿਚ ਪਾ ਕੇ ਸਿਧਾ ਬੀਬੀ ਇੰਦਰਾ ਗਾਂਧੀ ਦੇ ਪੈਰੀਂ ਜਾ ਡਿੱਗਾl ਇਸ ਦੀਆਂ ਹੋਰ ਵੀ ਬਹੁਤ ਸਾਰੀਆਂ ਨੀਵੇਂ ਪਧਰ ਦੀਆਂ ਪੈਂਤੜੇ-ਬਾਜੀਆਂ ਨੂੰ ਵੇਖਕੇ ਅੰਤਰਰਾਸ਼ਟਰੀ ਪ੍ਰਸਿਧੀ  ਦੇ ਲੇਖਕ ਸ੍ਰ: ਖੁਸ਼ਵੰਤ ਸਿੰਘ ਜਦ ਵੀ ਕਿਧਰੇ ਆਪਣੀ ਲਿਖਤ ਵਿਚ ਇਸਦਾ ਜ਼ਿਕਰ ਕਰਦੇ ਸਨ , ਤਾਂ ਉਹ ਇਸਦੇ ਨਾਮ ਨਾਲ "ਮੌਕਾਪ੍ਰਸਤ" ਭਾਵ ਅਪ੍ਰ੍ਚੂਨਿਸਟ ਸ਼ਬਦ ਲਾਉਣਾ ਨਹੀ ਸਨ ਭੁਲਦੇ l ਇਹ ਹੈ ਇਹਨਾ ਬੇਵਫਾ ਸਿਆਸੀ ਆਗੂਆਂ ਦਾ ਕਿਰਦਾਰl
     ਸ਼੍ਰੋਮਣੀ ਅਕਾਲੀ ਦਲ ਦੀ  ਟਿਕਟ 'ਤੇ ਪਾਰਲੀਮੈਂਟ ਦੇ ਨਵੇਂ ਨਵੇਂ ਮੈਂਬਰ  ਬਣਨ ਕਾਰਣ ਮੇਰੀ ਕਾਫੀ ਇਜਤ  ਕਰਿਆ ਕਰਦੇ ਸਨl  ਪਟੀਸ਼ਨ ਦੀ  ਪੈਰਵੀ ਦੇ ਸਬੰਧ ਵਿਚ ਜਿਨ੍ਹਾ ਚਿਰ ਵੀ ਮੈ ਇਹਨਾ ਪਾਸ ਐਮ. ਪੀ. ਫਲੈਟਸ ਵਿਚ ਰਿਹਾ - ਇਹ ਮੇਰਾ ਕਾਫੀ ਮਾਨ -ਸਨਮਾਨ ਕਰਦੇ ਰਹੇl
     ਪੰਜਾਬ ਹਾਈਕੋਰਟ ਦੇ ਸਰਕਿਟ ਬੈਂਚ ਅਗੇ ਚੋਣ ਪਟੀਸ਼ਨ ਦੀ  ਸੁਣਵਾਈ ਆਰੰਭ ਹੋ ਗਈ l ਤਿੰਨ ਚਾਰ ਤਾਰੀਖਾਂ ਉਪਰੰਤ ਕੋਰਟ ਨੇ ਫੈਸਲਾ ਸਾਡੇ ਹੱਕ 'ਚ  ਕਰ ਦਿੱਤਾl  ਮਾਨਯੋਗ ਅਦਾਲਤ ਨੇ ਕਿਹਾ ਪਟੀਸ਼ਨ ਦੀ ਸਕਿਉਰਟੀ ਵਜੋਂ ਦੋ ਹਜ਼ਾਰ  ਰੁਪੈ ਜਮ੍ਹਾ ਹੋਣੇ ਜਰੂਰੀ ਹਨl  ਪਟੀਸ਼ਨਰ ਭਾਵੇਂ ਕਿੰਨੇ ਵੀ ਹੋਣ ਇਸ ਨਾਲ ਕੋਈ ਫ਼ਰਕ ਨਹੀ ਪੈਂਦਾl  ਇਸ ਫੈਸਲੇ ਉਪਰੰਤ ਕੇਸ ਮੁੜ ਟ੍ਰਿਬਿਉਨਲ ਪਾਸ ਸੁਣਵਾਈ ਲਈ ਚੰਡੀਗੜ੍ਹ ਵਿਖੇ ਤਬਦੀਲ ਹੋ ਗਿਆ l
      ਕੇਸ ਆਰੰਭ ਹੋਣ ਤੋਂ ਬਾਦ ਬਹੁਤ ਸਾਰੇ ਕਾਂਗਰਸੀ ਲੀਡਰ ਸਾਡੇ ਘਰ ਆਉਣੇ ਸ਼ੁਰੂ ਹੋ ਗਏl ਉਹਨਾ ਕਈ ਪ੍ਰਕਾਰ ਦੇ ਲਾਲਚ ਤੇ ਧਮਕੀਆਂ ਵੀ ਦਿੱਤੀਆਂ, ਜਿਨ੍ਹਾ 'ਚ ਵਿਸ਼ੇਸ਼ ਕਰਕੇ ਸ੍ਰ. ਸੁਰਿੰਦਰ ਸਿੰਘ ਅਤੇ ਸ੍ਰ. ਪ੍ਰਤਾਪ ਸਿੰਘ ਕੈਰੋਂ ਦੇ ਪ੍ਰੈਸ ਸੱਕਤਰ ਸ੍ਰ. ਮਹਿੰਦਰ ਸਿੰਘ ਪੰਨੂ ਤੇ ਇਲਾਕੇ ਦੇ ਹੋਰ ਮੁਖੀ ਕਾਂਗਰਸੀ ਆਗੂ  ਵਰਨਣਯੋਗ ਹਨl  ਇਥੋਂ ਤਕ ਕਿ ਸਾਡੇ ਰਿਸ਼ਤੇਦਾਰਾਂ ਨੂੰ ਵੀ ਮੇਰੇ ਘਰ ਢੋੰਣ 'ਚ ਕਸਰ ਬਾਕੀ ਨਾ ਛਡੀl  ਮੇਰੇ ਵੱਡੇ ਭਾਈ ਸਾਹਿਬ 'ਤੇ ਜੋਰ ਪਾਇਆ ਗਿਆ ਕਿ ਤੁਸੀਂ ਗੁਰਮੇਜ ਸਿੰਘ ਨੂੰ ਸਮਝਾਓ - ਇਹ ਲੜਕਾ ਕਿਸ ਪਾਸੇ ਤੁਰ ਪਿਆ ਹੈl ਇਹ ਸਮਾਂ ਸ੍ਰ. ਪ੍ਰਤਾਪ ਸਿੰਘ ਪਾਸੋਂ ਫਾਇਦਾ ਉਠਾਉਣ ਦਾ ਹੈ. ਉਸ ਨੂੰ ਕਹੋ ਕਿ ਪਟੀਸ਼ਨ ਵਾਪਸ ਲੈ ਲਵੇ ਅਤੇ ਆਪਣਾ ਫਿਉਚਰ ਬਣਾਵੇl ਅਸੀਂ ਸਰਦਾਰ ਜੀ ਪਾਸੋਂ ਜੋ  ਚਾਹੇ ਦਿਵਾਉਣ ਨੂੰ ਤਿਆਰ ਹਾਂ - ਇਕ ਵਾਰ ਬਸ ਉਸ ਦੀ ਹਾਂ  ਦੀ ਲੋੜ ਹੈ l ਮੇਰੇ ਵੱਡੇ ਭਾਈ ਸਾਹਿਬ ਸ੍ਰ:  ਬਲਬੀਰ ਸਿੰਘ ਕਾਂਗਰਸੀਆਂ ਦੇ ਨਿੱਤ ਨਵੇ-ਦਿਨ ਘਰ ਦੇ ਚੱਕਰ ਕੱਟਣ ਤੋਂ ਕੁਝ ਛਿਥੇ ਜਹੇ ਪੈ ਗਏ ਅਤੇ ਮੇਰੇ ਪਾਸ ਅੰਮ੍ਰਿਤਸਰ ਆਏ ਤੇ ਮੈਨੂੰ ਗੁੱਸੇ ਵਿਚ ਕਹਿਣ ਲਗਏ, "ਓ  ਤੂੰ ਮੈਂ ਆਨਾ ਆਹ ਕੀ ਪੰਗਾ ਜਿਹਾ ਸੁਹੇੜ ਲਿਆ ਈ - ਨਾ ਸਾਨੂੰ ਖਾਂਦਿਆਂ ਨੂੰ ਖਾਨ ਤੇ ਨਾ ਪੀਂਦਿਆਂ ਨੂੰ ਪੀਣ l ਇਲਾਕੇ ਦਾ ਕੁਲ ਕਾਂਗਰਸੀ ਸਾਡੀਆਂ ਬਰੂਆਂ ਵਢ ਕੇ ਖਾ ਗਿਆ - ਨਾ ਤੂੰ ਮੈਨੂੰ ਦਸ ਖਾਂ ਭਲਾ ਕੈਰੋਂ ਨਾਲ ਸਾਡਾ ਕੀ ਵੰਡ-ਵਿਹਾਰ ਆ  - ਤੁੜ ਜਾਣੇ ਜਾਂ ਕੈਰੋਂ - ਚੰਗੇ ਭਲੇ ਸੁਖ ਡੀ ਰੋਟੀ ਖਾਨ ਡਹੇ ਹਾਂ ਪਰ ਦੀਹਦਾ ਤੂੰ ਨਹੀ ਖਾਨ ਦੇਣੀ." ਮੈ ਉਹਨਾ ਨੂੰ ਚਾਹ ਪਾਣੀ ਪਿਲਾਇਆ  ਤੇ ਜਦ ਉਹ ਕੁਝ ਸੁਰ ਵਿਚ ਆਏ ਤਾਂ ਕਿਹਾ  , "ਭਾਉ ਤੂੰ ਤੱਤਾ ਨਾ ਹੋ - ਇਹ ਕੇਸ  ਆਪਾਂ ਨਹੀ ਕੀਤਾ . ਸਾਡੀ ਪਿਠ 'ਤੇ ਕੌਮ  ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਹਥ ਹੈ, ਜਿਸ ਦੇ ਪ੍ਰਧਾਨ ਪੰਥ ਰਤਨ ਸ੍ਰੀਮਾਨ  ਮਾਸਟਰ ਤਾਰਾ ਸਿੰਘ ਜੀ ਹਨ l ਇਹ ਬਹੁਤ ਮਹਾਨ  ਪੰਥਿਕ ਸੇਵਾ ਹੈ, ਸਾਨੂੰ ਇਕ ਇੰਚ ਵੀ ਪਿਛੇ ਨਹੀ ਹਟਨਾ ਚਾਹੀਦਾl ਤੂੰ ਰਤੀ ਫਿਕਰ ਨਾ ਕਰ - ਤੇਰਾ ਕੋਈ ਵਾਲ ਵਿੰਗਾ ਨਹੀ ਕਰ ਸਕਦਾ l ਜੇ ਹੁਣ ਕੋਈ ਕਾਂਗਰਸੀ ਘਰ ਆਵੇ ਤਾਂ ਕਹਿ ਦਿਓ ਕੀ ਗੁਰਮੇਜ ਸਿੰਘ ਸਾਡੇ ਵਸ  ਤੋਂ ਬਾਹਰ ਹੈ, ਉਹ ਸਾਡੀ ਕੋਈ ਨਹੀ ਜੇ ਸੁਣਦਾ - ਤੁਸੀਂ ਉਹਨੂੰ ਅੰਮ੍ਰਿਤਸਰ ਜਾ ਕੇ ਮਿਲ ਲਵੋ l" ਇਸ ਤਰ੍ਹਾ ਉਹਦਾ ਕਾਂਗਰਸੀਆਂ ਤੋਂ ਖਹਿੜਾ ਛੁਟਿਆ l  ਮੇਰੇ ਤਕ  ਵੀ ਕਈਆਂ ਨੇ ਅਪ੍ਰੋਚ ਤਾਂ ਕੀਤੀ - ਧਮਕੀਆਂ ਵੀ ਮਿਲੀਆਂ ਤੇ ਲਾਲਚ ਵੀ. ਪਰ ਮੈਨੂੰ ਉਹ ਆਪਣੇ ਨਿਸਚੇ ਤੋਂ ਡੁਲਾ ਨਾ ਸਕੇl
      ਮਹਾਸ਼ਾ ਪ੍ਰੈਸ ਤੇ ਕੁਝ ਵਿਰੋਧੀ ਪਾਰਟੀਆਂ ਨੇ ਸ੍ਰ : ਪ੍ਰਤਾਪ ਸਿੰਘ ਵਿਰੁਧ ਧੁੰਆਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ. ਜਿਸ ਦੇ ਸਿੱਟੇ ਵਜੋਂ ਭਰਿਸ਼ਟਾਚਾਰ ਦੇ ਮੁੱਦੇ ਨੂੰ ਲੈਕੇ ਸ੍ਰ: ਕੈਰੋਂ ਵਿਰੁਧ  ਜਾਂਚ -ਪੜਤਾਲ ਕਰਨ ਲਈ ਦਾਸ ਕਮਿਸ਼ਨ ਕਾਇਮ ਕੀਤਾ ਗਿਆ l ਇਹ ਕਮਿਸ਼ਨ ਸ੍ਰ: ਪ੍ਰਤਾਪ ਸਿੰਘ ਕੈਰੋਂ ਦੇ ਵਿਰੁਧ ਕੋਈ ਦੋਸ਼ ਸਾਬਤ ਨਾ ਕਰ ਸਕਿਆ l ਕੇਵਲ ਇਕ ਦੋਸ਼ ਇਹ ਸਾਬਤ ਹੋ ਸਕਿਆ ਕਿ ਸ੍ਰ, ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਨਿਝੀ ਦੌਰੇ ਸਮੇਂ ਸਰਕਾਰੀ ਡਾਕਟਰ ਨੂੰ ਆਪਣੇ ਨਾਲ ਲਾਈ ਰਖਿਆ ਹੈl  ਇਹ ਕੋਈ ਬਹੁਤ ਵੱਡਾ ਦੋਸ਼ ਨਹੀ ਸੀ l ਮਹਾਸ਼ਾ ਅਖਬਾਰਾਂ ਨੇ ਸ੍ਰ. ਕੈਰੋਂ ਨੂੰ ਸਿਖ ਹੋਣ ਨਾਤੇ ਭੰਡਣ ਵਿਚ ਕੋਈ ਕਸਰ ਬਾਕੀ ਨਾ ਛਡੀ l ਆਖਰਕਾਰ ਸ੍ਰ. ਪ੍ਰਤਾਪ ਸਿੰਘ ਕੈਰੋਂ ਨੂੰ ਚੀਫ਼ ਮਨਿਸਟਰੀ ਦੀ ਪਦਵੀ  ਤੋਂ ਅਸਤੀਫਾ ਦੇਣਾ ਪਿਆ l ਸ੍ਰ. ਪ੍ਰਤਾਪ ਸਿੰਘ ਹੁਰਾਂ ਦੀ ਪੁਜੀਸ਼ਨ ਬਹੁਤ  ਡਾਵਾਂਡੋਲ ਹੋ ਗਈ l ਸੈਂਟਰ ਵਿਚ ਵੀ ਮੁਰਾਰਜੀ  ਡਿਸਈ ਉਹਨਾ ਦਾ ਕੱਟੜ ਵਿਰੋਧੀ ਸੀ ਜੋ ਹਦੋਂ  ਵਧ ਕੇ ਹਿੰਦੂਤਵੀ ਫਿਰਕਾਪ੍ਰਸਤ ਸੀ l ਸਿਖ ਹੋਣ ਦੇ ਨਾਤੇ ਫਿਰਕੂ ਹਿੰਦੂ ਪ੍ਰੇਸ ਵੀ  ਸ੍ਰ. ਪ੍ਰਤਾਪ ਸਿੰਘ ਕੈਰੋਂ ਦੇ ਪਿਛੇ ਹਥ ਧੋ ਕੇ ਪੈ ਗਿਆ ਸੀ ਤੇ ਉਹਨਾ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਬਾਕੀ ਨਹੀ ਸੀ  ਛਡੀ ਜਾ ਰਹੀl  ਹੋਰਨਾ ਸਟੇਟਾਂ ਦੇ ਚੀਫ਼ ਮਨਿਸਟਰਾਂ ਜਿਵੇਂ ਕਿ ਕਾਮਰਾਜ ਆਦਿ ਵਿਰੁਧ ਵੀ ਇਨਕੁਆਰੀਆਂ ਕੀਤੀਆਂ ਗਾਈਆਂ ਸਨ ਤੇ ਕਈ ਇਕ ਵਿਰੁਧ ਦੋਸ਼ ਵੀ ਸਾਬਤ ਹੋ ਗਏ  ਪਰ ਪ੍ਰੈਸ ਨੇ ਉਹਨਾ ਬਾਰੇ ਮੁਕੰਮਲ ਚੁਪ ਸਾਧੀ ਹੋਈ ਸੀ  ਪਰ ਸਰਦਾਰ ਕੈਰੋਂ ਸਬੰਧੀ ਨਿਵੇਕਲਾ ਹੀ ਵਤੀਰਾ ਅਪਣਾਇਆ ਹੋਇਆ ਸੀl ਇਹ ਅਜ਼ਰ ਅਕਾਲੀ ਦਲ ਤੋਂ ਜ਼ਰ ਨਾ ਹੋ ਸਕਿਆl ਅਕਾਲੀ ਦਲ ਕਤਈ ਤੌਰ ਤੇ ਨਹੀ ਸੀ ਚਾਹੁੰਦਾ ਕਿ ਉਹ ਵੀ ਹਿੰਦੂ ਫਿਰਕਾਪ੍ਰਸਤ ਮਹਾਸ਼ਿਆਂ ਦੀ ਕਿਤਾਰ ਵਿਚ ਸ਼ਾਮਿਲ ਹੋਕੇ ਕਿਸੇ ਸਰਦਾਰ ਦੀ ਇਸ ਤਰ੍ਹਾ ਖਿੱਲੀ ਉਡਾਵੇ ਤੇ  ਫਿਰਕਾਪ੍ਰਸਤ ਹਿੰਦੂਤਵੀ ਭਾਈਚਾਰੇ ਦਾ ਸਾਥ ਦੇਵੇ. ਇਸ ਲਈ ਸਾਰੇ ਸੂਰਤੇ ਹਾਲਤ 'ਤੇ  ਗੰਭੀਰਤਾ ਸਹਿਤ ਵਿਚਾਰ ਕਰਦਿਆਂ ਅਕਾਲੀ ਦਲ ਵਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਚੋਣ  ਪਟੀਸ਼ਨ ਦਾ ਫੈਸਲਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਵਿਰੁਧ ਹੋ ਗਿਆ ਤਾਂ ਮਹਾਸ਼ਿਆਂ ਦੀ ਹੋਰ ਵੀ ਚੜ੍ਹ ਮਚ ਜਾਵੇਗੀ l ਇਸ ਵਾਸਤੇ ਅਕਾਲੀ ਦਲ ਵਾਸਤੇ ਪਟੀਸ਼ਨ ਤੋਂ ਪਿਛੇ ਹਟਨਾ ਹੀ  ਸਿਆਣਪ ਹੈ ਅਤੇ ਇਸ ਵਿਚ ਹੀ  ਕੌਮ ਦਾ ਭੱਲਾ ਹੈ l
      ਅਕਾਲੀ ਦਲ ਨੇ ਉਪਰੋਕਤ ਨੀਤੀ ਅਪਨਾਉਦੇ  ਹੋਆ ਪਟੀਸ਼ਨ ਦੀ ਸਰਗਰਮ ਪੈਰਵੀ ਤੋਂ ਪਿਛੇ ਹਟਨਾ ਸ਼ੁਰੂ ਕਰ ਦਿੱਤਾ. ਗਵਾਹਾਂ ਆਦਿ ਨੂੰ ਪੇਸ਼ ਕਰਨ ਵਾਸਤੇ ਟ੍ਰਿਬਿਉਨਲ  ਵਲੋਂ ਮੈਨੂੰ ਕਾਫੀ ਨੋਟਿਸ ਭੇਜੇ ਗਏ ਪਰ ਅਕਾਲੀ ਦਲ ਦੇ ਫੈਸਲੇ ਦੀ ਮੰਸ਼ਾ ਅਨੁਸਾਰ ਉਨ੍ਹਾਂ ਪ੍ਰਤੀ ਕੋਈ ਦਿਲਚਸਪੀ ਨਾ ਦਿਖਾਈ ਗਈ ਅਤੇ ਅੰਤ ਵਿਚ ਇਲੈਕਸ਼ਨ ਟ੍ਰਿਬਿਉਨਲ ਨੇ ਬਿਨਾ ਕੋਈ ਫੈਸਲਾ ਸੁਨਾਏ ਪਟੀਸ਼ਨ ਫਾਇਲ ਕਰ ਦਿੱਤੀl
      ਸ੍ਰ: ਪ੍ਰਤਾਪ ਸਿੰਘ  ਕੈਰੋਂ ਨੇ ਮੁਖ ਮੰਤਰੀ ਦੀ  ਪਦਵੀ ਤੋਂ ਜਦ ਅਸਤੀਫਾ ਦਿੱਤਾ ਤਾਂ ਕਾਂਗਰਸ ਹਾਈ ਕਮਾਂਡ ਨੇ ਉਹਨਾ ਪ੍ਰਤੀ ਬਹੁਤ ਕੁਰਖਤ ਤੇ ਦੁਵੈਖਮਈ ਵਤੀਰਾ ਧਾਰਨ ਕੀਤਾ ਹੋਇਆ ਸੀ ਕਿਉਕਿ ਮੁਰਾਰਜੀ ਦੇਸਾਈ ਉਹਨਾ ਨਾਲ ਹਦੋਂ ਪਰੇ ਖਾਰ ਖਾਂਦਾ ਸੀ l ਡਿਸਾਈ ਦੇ ਮਨ  ਵਿਚ ਉਸ ਸਮੇਂ  ਸਦਾ ਇਹ ਡਰ ਛਾਇਆ ਰਹਿੰਦਾ ਸੀ ਕਿ ਉਸ ਜੇਕਰ ਸ੍ਰ: ਕੈਰੋਂ ਕੇਂਦਰ ਵਿਚ ਆ ਗਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਮੇਰੀ ਭੁਗਤ ਸਵਾਰਨੀ ਹੈ l ਕੇਂਦਰ ਦੇ ਹੋਰ ਵੀ ਸਿਆਸੀ ਲੀਡਰ ਸਰਦਾਰ  ਹੁਰਾਂ ਦੀ  ਸਿਆਸੀ ਸੂਝ - ਬੂਝ ਤੇ ਯੋਗਤਾ ਤੋਂ ਭੈ-ਭੀਤ ਸਨ l ਏਸ ਲਈ ਉਹਨਾ ਮਹਾਸ਼ਾ ਪ੍ਰੈਸ ਦਾ ਸਹਾਰਾ ਲੈਂਦਿਆ ਸਰਦਾਰ ਕੈਰੋਂ ਨੂੰ ਭੰਡਣ ਤੇ ਬਦਨਾਮ ਕਰਨ ਵਿਚ ਕੋਈ ਕਸਰ ਬਾਕੀ ਨਾ ਛਡੀ l ਉਹਨਾ ਸੋਚੀ-ਸਮਝੀ ਸਾਜਿਸ਼ ਅਧੀਨ ਪੂਰੀ ਵਾਹ ਲਾ ਰਖੀ  ਸੀ ਕਿ ਸਰਦਾਰ ਕੈਰੋਂ ਨੂੰ ਭੰਡੀ ਪ੍ਰਚਾਰ ਦੁਆਰਾ  ਇਸ ਹਦ  ਤਕ ਬਦਨਾਮ ਕਰ ਦਿਤਾ ਜਾਵੇ ਕਿ ਉਹ ਸਿਆਸਤ ਦੇ ਪਿੜ ਚੋ ਸਦਾ ਲਈ ਕਿਨਾਰਾ ਕਰ ਲੈਣl ਸਰਦਾਰ ਕੈਰੋਂ ਦੀ ਉਸ ਸਮੇਂ ਹਿੰਦੂਤਵੀ ਸੋਚ ਅਧੀਨ ਕੀਤੀ ਜਾ ਰਹੀ ਦੁਰਗਤ ਨੂੰ ਵੇਖ ਕੇ  ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਸੀ ਕਿ ਕਾਂਗਰਸ, ਜਨਸੰਘ ਅਰਥਾਤ ਕਿਸੇ ਵੀ ਹਿੰਦੂਤਵੀ ਪਾਰਟੀ  ਵਿਚ ਸਿਖ ਲਈ ਕੋਈ ਜਗ੍ਹਾ  ਨਹੀ ਹੈl
      ਸਰਦਾਰ ਪ੍ਰਤਾਪ ਸਿੰਘ ਕੈਰੋਂ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਵਲੋਂ ਅਪਨਾਏ ਗਏ ਹਮਦਰਦੀ ਭਰੇ ਵਤੀਰੇ ਦਾ ਸਰਦਾਰ ਕੈਰੋਂ ਨੇ ਬਹੁਤ  ਹੀ ਡੂੰਘਾ ਪ੍ਰਭਾਵ ਕਬੂਲਿਆ ਅਤੇ ਇੰਝ ਪ੍ਰਤੀਤ ਹੁੰਦਾ ਸੀ ਕਿ ਉਹ ਦਿਨ ਦੂਰ ਨਹੀ ਜਦ ਸ੍ਰ: ਪ੍ਰਤਾਪ ਸਿੰਘ ਕੈਰੋਂ ਸ਼੍ਰੋਮਣੀ ਅਕਾਲੀ ਦਲ ਤੇ ਛਾਏ ਸੰਕਟ ਨੂੰ ਦੂਰ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ l ਮਾਸਟਰ ਤਾਰਾ ਸਿੰਘ ਵੀ ਦਿਲੋਂ ਚਾਹੁੰਦੇ ਸਨ ਕਿ ਜਿੰਨੀ ਜਲਦੀ ਹੋ ਸਕੇ ਸ਼੍ਰੋਮਣੀ ਅਕਾਲੀ ਦਲ 'ਚ ਉਹਨਾ ਦੀ ਸ਼ਮੂਲੀਅਤ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕਾਰ-ਭਾਰ ਉਹਨਾ ਦੇ ਕੰਧਿਆ 'ਤੇ ਧਰ ਦਿੱਤਾ ਜਾਵੇl
      ਉਸ ਸਮੇਂ ਦੇ ਰਾਜਨੀਤਿਕ ਹਾਲਤ ਦੇ ਕਾਰਨ-ਵਸ ਮਾਸਟਰ ਤਾਰਾ ਸਿੰਘ ਜੀ ਅਗਿਆਤਵਾਸ ਚਲੇ ਗਏ ਅਤੇ ਉਹਨਾ ਦਿਨਾ ਵਿਚ ਹੀ  ਸਰਦਾਰ  ਪ੍ਰਤਾਪ ਸਿੰਘ ਜੀ ਕੈਰੋਂ ਦਾ ਕਤਲ ਹੋ ਗਿਆl ਮਾਸਟਰ ਜੀ ਸ੍ਲੋਗੜੇ(ਹਿਮਾਚਲ ਪ੍ਰਦੇਸ਼) ਵਿਖੇ ਇਕ ਆਸ਼ਰਮ ਵਿਚ ਅਗਿਆਤਵਾਸ ਦੇ ਦਿਨ ਕਟ ਰਹੇ ਸਨl ਭੋਗ ਸਮੇਂ ਹਾਜ਼ਰ ਨਾ ਹੋ ਸਕਣ ਦੀ ਅਸਮਰਥਾ ਪ੍ਰਗਟ ਕਰਦਿਆਂ ਮਾਸਟਰ ਜੀ ਨੇ ਬੀਬੀ ਰਾਮ ਕੌਰ ਸੁਪਤਨੀ ਸ੍ਰ: ਪ੍ਰਤਾਪ ਸਿੰਘ ਕੈਰੋਂ  ਨੂੰ ਜੋ ਚਿਠੀ ਲਿਖੀ ਉਹ ਹੇਠਾਂ ਅੰਕਿਤ ਕੀਤੀ ਜਾ ਰਹੀ ਹੈ, ਜੋ ਆਪਣੀ ਬਿਰਥਾ ਆਪ ਬਿਆਨ ਕਰ ਰਹਿ ਹੈ :-
ਸਲੋਗੜਾ
੧੪-੨-੧੯੬੫
ਪਿਆਰੀ ਭੈਣ ਜੀ,
      ਆਪ ਦੀ  ਚਿਠੀ ਮਿਲੀl ਚਿਠੀ ਪੜ੍ਹਕੇ ਮੇਰੇ ਮਨ ਵਿਚ ਉਸ ਸਾਰੇ ਪ੍ਰੇਮ ਤੇ ਵਫਾਦਾਰੀ ਦੇ ਜਜ਼ਬੇ ਨੇ ਠਾਠਾਂ ਮਾਰੀਆਂ  ਤੇ ਮੈਂ ਉਸ ਅਜੋੜ ਤੇ ਜੋ  ਸ੍ਰ: ਪ੍ਰਤਾਪ ਸਿੰਘ ਜੀ ਨਾਲ ਮੇਰਾ ਹੋ ਗਿਆ ਸੀ, ਬਹੁਤ ਅਫਸੋਸ ਤੇ ਪਛਤਾਵਾ ਕੀਤਾl  ਮੇਰੇ ਦਿਲ ਵਿਚ ਮੁੜ ਮੁੜ ਇਹ ਦਰਦ ਉਠਦਾ ਹੈ ਕਿ ਸ੍ਰ: ਪ੍ਰਤਾਪ ਸਿੰਘ  ਜੀ ਦੇ ਇਸ ਕਤਲ ਦਾ ਮੈਂ ਭੀ ਬਹੁਤ ਦੂਰ ਤਕ ਜਿੰਮੇਦਾਰ ਹਾਂ ਕਿਉਂਕਿ ਮੈਂ ਉਨ੍ਹਾਂ ਦੀ  ਪੋਜੀਸ਼ਨ ਗਰਾਂਣ ਵਿਚ ਮੋਹਰੀ ਸਾਂ ਤੇ ਇਸ ਗਿਰੀ ਹੋਈ ਪੋਜੀਸ਼ਨ ਨੇ ਸ੍ਰ: ਪ੍ਰਤਾਪ ਸਿੰਘ ਦੇ ਬੁਜ਼ਦਿਲ ਕਾਤਲ ਨੂੰ ਹੌਂਸਲਾ ਦਿੱਤਾ ਕਿ ਉਹਨਾ ਉਤੇ ਹਮਲਾ ਕਰਵਾਏ l ਫਿਰ ਖਿਆਲ ਆਉਂਦਾ ਹੈ ਕਿ ਆਖਰ ਸ੍ਰ: ਪ੍ਰਤਾਪ ਸਿੰਘ ਜੀ ਮੇਰੇ ਨਿਕੇ ਭਰਾ ਸਨ, ਵੱਡੇ  ਤਾਂ ਨਹੀ ਸਨ ਜੇ ਉਹ ਕਿਸੇ ਹਾਲਾਤ ਵਿਚ ਮੇਰੇ ਰਾਹ ਨਾਲੋਂ ਨਿਖੜਏ  ਸਨ ਤਾਂ ਮੇਰਾ ਫਰਜ਼ ਸੀ ਕੀ ਉਨ੍ਹਾਂ ਨੂੰ ਵਲ  ਲੈਂਦਾ ਜਾ ਆਪਣੇ ਪ੍ਰੇਮ ਵਿਚ ਫਸਾ ਲੈਂਦਾ l ਜੇ ਉਹ ਭੂਲੇ ਸਨ ਤਾਂ ਮੈਨੂੰ ਨਹੀ ਭੁਲਣਾ ਚਾਹੀਦਾ ਸੀ ਤੇ ਮੁੜ ਨੇੜੇ ਲਿਆਉਣ ਵਿਚ ਨਾਕਾਮਯਾਬ ਨਹੀ ਹੋਣਾ ਚਾਹੀਦਾ ਸੀl ਇਸ ਤਰ੍ਹਾਂ ਦੇ ਕਈ ਖਿਆਲਾਂ ਤੇ ਪਛਤਾਵਿਆ ਨਾਲ ਮੇਰਾ ਮਨ ਦੁਖੀ ਤਾਂ ਬਹੁਤ ਹੁੰਦਾ ਹੈ ਪਰ ਹੁਣ ਵਾਹ ਨਹੀ ਚਲਦੀ, ਸਿਵਾਏ ਆਪਣੇ ਆਪ ਨੂੰ ਆਪਣੀ ਨਲਾਇਕੀ ਉਤੇ ਲਾਹਨਤ ਪਾਉਣ ਦੇ l
      ਦੂਜਾ ਅਫਸੋਸ ਇਸ ਵੇਲੇ ਇਹ ਹੈ ਕਿ ਮੇਰੀ ਸਿਹਤ ਇਤਨੀ ਵਿਗੜ ਚੁਕੀ ਹੈ ਤੇ ਅਜੇਹੀ ਹਾਲਤ ਵਿਚ ਹੋ ਚੁਕੀ ਹੈ ਕਿ ਮੈਂ ਰਾਤ ਬਾਹਰ ਕਿਸੇ ਥਾਂ ਆਪਣੇ ਪੱਕੇ ਬਨਾਏ ਟਿਕਨੇ ਬਿਨਾ ਕਟ ਨਹੀ ਸਕਦਾ l ਤੇ ਕੈਰੋਂ ਪੁਜਣ ਤੇ ਮੁੜਨ ਵਿਚ ਦੋ ਰਾਤਾਂ ਰਾਹ ਵਿਚ ਲਗਦੀਆਂ ਹਨ l ਇਸ ਲਈ ਵੀਰ ਪ੍ਰਤਾਪ ਸਿੰਘ ਜੀ ਦੀ ਆਤਮਾਂ ਨਾਲੋਂ ਆਖਰੀ ਵਿਦਾਇਗੀ ਸਮੇਂ ਭੀ ਹਾਜਰ  ਨਹੀ ਹੋ ਸਕਾਂਗਾ, ਪਰ ਜਦ ਮੈਂ ਇਥੋਂ ਨਿਕਲਿਆ ਤਾਂ ਅੰਮ੍ਰਿਤਸਰ ਪੁਜਣ ਤੋਂ ਪਹਿਲਾਂ ਕੈਰੋਂ ਆ ਕੇ  ਆਪ ਤੇ ਵੀਰ ਪ੍ਰਤਾਪ ਸਿੰਘ ਜੀ ਦੇ ਸਾਰੇ ਟੱਬਰ ਨਾਲ ਮਿਲਕੇ ਲੰਘਾਂਗਾ l
     ਸ੍ਰ: ਪ੍ਰਤਾਪ ਸਿੰਘ ਜੀ ਨਮਿਤ ਭੋਗ ਪਾਣ ਦੀ ਤਰੀਕ ੨੧ ਫ਼ਰਵਰੀ ਭੀ  ਉਹੋ ਰਖੀ ਗਈ ਹੈ ਜੋ ਨਨਕਾਣਾ ਸਾਹਿਬ ਤੇ ਗੰਗਸਰ ਜੈਤੋ ਦੇ ਸ਼ਹੀਦਾਂ ਦੀ  ਸ਼ਹੀਦੀ ਹੈl ਚੰਗਾ ਹੋਇਆ ਸ੍ਰ: ਪ੍ਰਤਾਪ ਸਿੰਘ ਜੀ ਆਪਣੇ ਸ਼ਹੀਦ ਭ੍ਰਾਵਾਂ ਨਾਲ ਸਿਧੇ ਜਾ ਮਿਲਣਗੇl
       ਸ੍ਰ: ਪ੍ਰਤਾਪ ਸਿੰਘ ਜੀ ਦੇ ਵਜ਼ੀਰੀ ਤੋਂ ਹਟਣ ਮਗਰੋਂ ਅਜੇਹੇ ਹਾਲਤ ਹੋ ਗਏ ਸਨ ਤੇ ਹੋ ਰਹੇ ਸਨ ਕਿ ਸ੍ਰ: ਪ੍ਰਤਾਪ ਸਿੰਘ ਜੀ ਨਿਧੜਕ ਬਹਾਦਰ ਦੀ  ਸੇਵਾ ਪੰਥ ਤੇ ਦੇਸ਼ ਨੂੰ ਪੈ ਰਹਿ ਸੀ ਤੇ ਮੈਂ ਆਸ ਲਾਈ ਬੈਠਾ ਸਾਂ ਕਿ ਆ ਰਹੇ ਖਤਰਨਾਕ ਹਾਲਤ ਦੇ ਮੁਕਾਬਲੇ ਲਈ ਉਹ ਥੋੜੇ ਦਿਨਾ ਵਿਚ ਨਿਤਰਨਗੇl ਮੈਂ ਤਾਂ ਮਨ ਵਿਚ ਸ੍ਰ: ਪ੍ਰਤਾਪ ਸਿੰਘ ਦੀ  ਉਹ ਡਿਉਟੀ ਲਾਈ ਬੈਠਾਂ ਸਾਂ ਜੋ ਡਿਉਟੀ ਯੋਗਤਾ ਤੇ ਹੌਂਸਲੇ ਨਾਲ ਕਰਨ ਵਾਲਾ ਮੈਨੂੰ ਇਸ ਵੇਲੇ ਕੋਈ ਦੂਜਾ ਨਜਰ ਨਹੀ ਆਉਦਾ l  ਪਰ ਕੀ ਕਰੀਏ, ਉਸ ਵਾਹਿਗੁਰੂ  ਦਾ ਭਾਣਾ ਅਮਿਟ ਹੈ:
"ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ l l
ਚਿਤਵਤ ਰਹਿਉ ਠਗਉਰ ਨਾਨਕ ਫਾਸੀ ਗਲਿ ਪਰੀ ll"


ਦਿਲ ਵਿਚ ਕੀ ਸੀ ਤੇ ਬਣ ਕੀ ਗਿਆ -
"ਮਤਾ ਪ੍ਕਾਵਤ ਪੂਰਬ ਕੇ ਤਾਂਈ ਪ੍ਛਮ ਹੀ ਲੈ ਜਾਤ l l"
ਆਪ ਦਾ ਸਚਾ ਹਿਤੁ
ਸਹੀ /- ਤਾਰਾ ਸਿੰਘ  (ਮਾਸਟਰ )
     ਜੇਕਰ ਸ੍ਰ: ਪ੍ਰਤਾਪ ਸਿੰਘ ਜੀ ਕੈਰੋਂ ਕੁਝ ਸਮਾਂ ਹੋਰ ਰਹਿੰਦੇ ਤਾਂ ਸਚਮੁਚ ਸ਼੍ਰੋਮਣੀ ਅਕਾਲੀ ਦਲ ਦੀ ਤਸਵੀਰ ਕੁਝ ਹੋਰ ਦੀ ਹੋਰ ਹੀ ਹੋਣੀ ਸੀ ਤੇ ਅਜ ਦੀ  ਤਰ੍ਹਾਂ ਜਨਸੰਘ  (ਜਨਤਾ ਪਾਰਟੀ ) ਆਰ .ਐਸ. ਐਸ. ਤੇ ਹੋਰ ਹਿੰਦੁਤਵੀ ਫਿਰਕੂ ਪਾਰਟੀਆਂ ਦਾ ਪੰਜਾਬ ਵਿਚ ਬੋਲਬਾਲਾ ਕਤਈ ਤੌਰ 'ਤੇ ਨਹੀ ਸੀ ਹੋਣਾ ਕਿਉਕਿਂ ਇਹਨਾ ਦੇ ਮਨਾ ਅੰਦਰ ਪੰਜਾਬ ਤੇ ਸਿਖ ਕੌਮ ਪ੍ਰਤੀ ਨਫਰਤ ਕੁਟ ਕੁਟ ਕੇ ਭਰੀ ਹੋਈ ਹੈ ਤੇ ਪੰਜਾਬ ਦਾ ਭਲਾ ਇਹਨਾ ਹਥੋਂ ਹੋ ਹੀ ਨਹੀ ਸਕਦਾ l
ਗੁਰਮੇਜ ਸਿੰਘ ਸੰਧੂ - ਯੂ: ਐਸ : ਏ :