ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮੀਰਾਬ


ਜਗਜੀਤ ਸਿੰਘ ਖੱਖ
ਮੋਬਾਈਲ: 097729-20166

ਪੁਰਾਣੇ ਸਮਿਆਂ ’ਚ ਪਟਵਾਰੀ ਦੀ ਥਾਂ ਪਿੰਡਾਂ ’ਚ ਮੀਰਾਬ ਕਿਸਾਨਾਂ ਨੂੰ ਨਹਿਰੀ ਪਾਣੀ ਲਗਵਾਉਂਦਾ ਸੀ। ਇਸ ਦੇ ਬਦਲੇ ਮੀਰਾਬ ਨੂੰ ਮੁਫਤ ਪਾਣੀ ਸਿੰਚਾਈ ਲਈ ਦਿੱਤਾ ਜਾਂਦਾ ਸੀ। ਮੀਰਾਬ ਦੀ ਘੜੀ ਮੁਤਾਬਕ ਪਾਣੀ ਦਾ ਹਿਸਾਬ ਹੁੰਦਾ ਸੀ।
ਅੱਜ ਤੋਂ 85 ਸਾਲ ਪਹਿਲਾਂ ਬੀਕਾਨੇਰ ਰਿਆਸਤ ’ਚ 1927 ’ਚ ਬੀਕਾਨੇਰ ਨਹਿਰ ਪੰਜਾਬ ਤੋਂ ਕੱਢੀ ਗਈ ਸੀ। ਇੱਥੋਂ ਪੰਜਾਬ ਤੋਂ ਵੱਡੀ ਤਾਦਾਦ ’ਚ ਸਿੱਖ ਕਿਸਾਨ ਆ ਕੇ ਵਸ ਗਏ। ਮੀਰਾਬ ਸ਼ਬਦ ਸ਼ਾਇਦ ਮੀਰਾਂ ਆਬ ਤੋਂ ਬਣਿਆ ਹੋਵੇ। ਮੀਰ ਦਾ ਮਤਲਬ ਮਾਲਕ ਅਤੇ ਆਬ ਤੋਂ ਮਤਲਬ ਪਾਣੀ ਹੈ। ਪਿੰਡ ਦੇ ਲੋਕ ਇੱਕ ਸਾਂਝੇ ਬੰਦੇ  ਨੂੰ ਮੀਰਾਬ ਚੁਣ ਲੈਂਦੇ ਸਨ ਜਿਹੜਾ ਕਿ ਮੋਘੇ ਦੇ ਪਾਣੀ ਦਾ ਹਿਸਾਬ ਕਿਤਾਬ ਰੱਖਦਾ ਸੀ। ਪਿੰਡ ਵਾਲਿਆਂ ਵੱਲੋਂ ਉਸ ਨੂੰ ਇੱਕ ਟਾਈਮਪੀਸ (ਘੜੀ) ਲੈ ਕੇ ਦਿੱਤੀ ਜਾਂਦੀ ਸੀ। ਉਸ ਨੂੰ ਦੀਵਾਰ ’ਚ ਆਲਾ ਬਣਾ ਕੇ ਰੱਖ ਦਿੱਤਾ ਜਾਂਦਾ ਸੀ ਜਿਸ ਤੋਂ ਲੋਕ ਬਾਹਰੋਂ ਹੀ ਟਾਈਮ ਦੇਖ ਸਕਦੇ ਸਨ। ਉਨ੍ਹਾਂ ਵੇਲਿਆਂ ’ਚ ਬਹੁਤ ਘੱਟ ਲੋਕਾਂ ਕੋਲ ਘੜੀ ਹੁੰਦੀ ਸੀ। ਇਸ ਟਾਈਮ ਪੀਸ ਨੂੰ ਚਾਬੀ ਵੀ ਮੀਰਾਬ ਹੀ ਭਰਦਾ ਸੀ।
ਮੀਰਾਬ ਦਾ ਪਹਿਲਾ ਮੁੱਖ ਕੰਮ ਸੀ ਵਾਰੀ ਮੁਤਾਬਕ ਕਿਸਾਨਾਂ ਨੂੰ ਪਾਣੀ ਲਗਵਾਉਣਾ। ਇੱਕ ਰਕਬੇ ਦੀ ਵਾਰੀ 6 ਘੰਟੇ ਸੀ। ਜਦੋਂ ਨਹਿਰ ’ਚ ਪਾਣੀ ਆਉਂਦਾ ਸੀ ਉਸ ਵੇਲੇ ਨਹਿਰ ਭਰੀ ਨਹੀਂ ਸੀ ਹੁੰਦੀ। ਜਿਸ ਸਮੇਂ ਤਕ ਨਹਿਰ ਭਰਦੀ ਨਹੀਂ ਸੀ ਉਸ ਵੇਲੇ ਤਕ ਕਿਸਾਨ ਨੂੰ ਦੁੱਗਣਾ ਪਾਣੀ ਦਿੱਤਾ ਜਾਂਦਾ ਸੀ। ਜਦੋਂ ਇੱਕ ਬਿੱਘਾ ਜ਼ਮੀਨ ’ਚ ਪਾਣੀ ਲੱਗ ਜਾਂਦਾ ਸੀ ਉਸ ਨੂੰ ਇੱਕ ਘੰਟਾ ਮੰਨਿਆ ਜਾਂਦਾ ਸੀ। ਕਈ ਕਿਸਾਨ ਇੱਕ ਬਿੱਘਾ ਫਸਲ ਨੂੰ ਨੱਕੋ ਨੱਕ ਭਰ ਲੈਂਦੇ ਸਨ ਅਤੇ ਬਾਅਦ ’ਚ ਉਸ ਵਿੱਚੋਂ ਪਾਣੀ ਕੱਢ ਕੇ ਦੂਸਰਾ ਬਿੱਘਾ ਫਸਲ ਭਰ ਲੈਂਦੇ ਸਨ। ਜਦੋਂ ਨਹਿਰ ਅੱਧੀ ਹੁੰਦੀ ਸੀ ਉਸ ਨੂੰ ਦੁੱਗਣਾ ਪਾਣੀ ਦਿੱਤਾ ਜਾਂਦਾ ਸੀ। ਜਦੋਂ ਨਹਿਰ ਸੀਰ (ਤੀਸਰਾ ਹਿੱਸਾ) ਹੁੰਦੀ ਸੀ ਉਸ ਨੂੰ ਤਿੰਨ ਗੁਣਾ ਪਾਣੀ ਦਿੱਤਾ ਜਾਂਦਾ ਸੀ। ਜਦੋਂ ਅਗਲੇ ਕਿਸਾਨ ਦੀ ਵਾਰੀ ਆਉਂਦੀ ਸੀ ਉਹ ਪਹਿਲਾਂ ਮੀਰਾਬ ਦੇ ਘਰ ਜਾਂਦਾ ਸੀ। ਮੀਰਾਬ ਟਾਈਮ ਪੂਰਾ ਹੋਣ ’ਤੇ ਉਸ ਨੂੰ ਆਪਣੇ ਘਰ ਤੋਂ ਟਾਈਮ ਦੇਖ ਕੇ ਰਵਾਨਾ ਕਰਦਾ ਸੀ। ਇੱਕ ਮੁਰੱਬਾ ਦੂਰੀ ਤੈਅ ਕਰਨ ਲਈ ਕਿਸਾਨ ਨੂੰ ਤਿੰਨ ਮਿੰਟ ਦਿੱਤੇ ਜਾਂਦੇ ਸਨ। ਕੁਝ ਕਿਸਾਨ ਦੌੜ ਲਾ ਕੇ ਪਹਿਲਾਂ ਪਹੁੰਚ ਕੇ ਵੀ ਪਾਣੀ ਵੱਢ ਲਿਆ ਕਰਦੇ ਸਨ।ਮੀਰਾਬ ਦਾ ਦੂਸਰਾ ਕੰਮ ਸੀ ਖਾਲੇ ’ਚੋਂ ਮਿੱਟੀ ਕਢਵਾਉਣਾ ਜਿਸ ਨੂੰ ਖਾਲਾ ਖਾਲਣਾ ਕਿਹਾ ਜਾਂਦਾ ਹੈ। ਮੀਰਾਬ ਮੋਘੇ ਦੇ ਸਾਰੇ ਕਿਸਾਨਾਂ ਨੂੰ ਖਾਲਾ ਕੱਢਣ ਲਈ ਕਰਮਾਂ ਮਾਰ ਕੇ ਨਿਸ਼ਾਨੀ ਲਾ ਕੇ ਦਿੰਦਾ ਸੀ ਕਿ ਕਿਹੜੇ ਕਿਸਾਨ ਦੇ ਹਿੱਸੇ ਕਿੰਨਾ ਖਾਲ ਆਉਂਦਾ ਹੈ। ਮੀਰਾਬ ਦੇ ਆਪਣੇ ਹਿੱਸੇ ਦਾ ਖਾਲਾ ਵੀ ਬਾਕੀ ਕਿਸਾਨਾਂ ਨੂੰ ਕੱਢਣਾ ਪੈਂਦਾ ਸੀ। ਮੀਰਾਬ ਨੂੰ ਪਾਣੀ ਦਾ ਹਿਸਾਬ ਰੱਖਣ ਅਤੇ ਖਾਲਾ ਕਢਵਾਉਣ ਲਈ ਇੱਕ ਘੰਟਾ ਨਹਿਰੀ ਪਾਣੀ ਮੁਫਤ ਦਿੱਤਾ ਜਾਂਦਾ ਸੀ। ਇਨ੍ਹਾਂ ਸਤਰਾਂ ਦੇ ਲੇਖਕ ਦਾ ਚੱਕ 46 ਜੀ.ਬੀ. ਸ੍ਰੀਗੰਗਾਨਰ ਜ਼ਿਲ੍ਹੇ ’ਚ ਹੈ। ਮੇਰੇ ਪਿੰਡ ’ਚ ਬਾਬਾ ਮੰਗਲ ਸਿੰਘ, ਬਾਬਾ ਜੀਵਨ ਸਿੰਘ ਅਤੇ ਟਹਿਲ ਸਿੰਘ ਆਦਿ ਮੀਰਾਬ ਰਹਿ ਚੁੱਕੇ ਹਨ। ਇਸ ਵੇਲੇ ਇਨ੍ਹਾਂ ’ਚੋਂ ਕੋਈ ਵੀ ਜਿਊਂਦਾ ਨਹੀਂ ਹੈ।
35-40 ਸਾਲ ਪਹਿਲਾਂ ਸਰਕਾਰ ਨੇ ਪਿੰਡਾਂ ’ਚ ਪਾਣੀ ਦੀਆਂ ਵਾਰੀਆਂ ਬੰਨ੍ਹਣ ਲਈ ਪਟਵਾਰੀਆਂ ਦੀ ਡਿਊਟੀ ਲਾ ਦਿੱਤੀ। ਮੀਰਾਬ ਵੇਲੇ ਜਿਸ ਕਿਸਾਨ ਦੀ ਵਾਰੀ ਵੇਲੇ ਪਾਣੀ ਸੁੱਕ ਜਾਂਦਾ ਸੀ ੍ਹਉੱਥੋਂ ਹੀ ਵਾਰੀ ਸ਼ੁਰੂ ਹੁੰਦੀ ਸੀ ਪਰ ਮੌਜੂਦਾ ਸਮੇਂ ਹਰ ਕਿਸਾਨ ਦੀ ਪਾਣੀ ਦੀ ਵਾਰੀ ਅੱਠ ਦਿਨਾਂ ਬਾਅਦ ਆਉਂਦੀ ਹੈ। ਹਫਤੇ ਦੇ ਸੱਤ ਦਿਨਾਂ ’ਚ ਵਾਰ ਅਤੇ ਸਮੇਂ ਮੁਤਾਬਕ ਵਾਰੀ ਤੈਅ ਕਰ ਦਿੱਤੀ ਜਾਂਦੀ ਹੈ। ਕਿਸੇ ਕਿਸਾਨ ਦੀ ਵਾਰੀ ਖਾਲੀ ਜਾਵੇ ਜਾਂ ਲੱਗ ਜਾਵੇ। ਸ੍ਰੀਗੰਗਾਨਰ ਦੇ ਚੰਦ ਕੁ ਪਿੰਡਾਂ ’ਚ ਅਜੇ ਵੀ ਵਾਰੀ ਪਿੰਡ ਲੋਕ ਹੀ ਤੈਅ ਕਰਦੇ ਹਨ ਇਸ ਨੂੰ ਪੰਚਾਇਤੀ ਵਾਰੀ ਕਿਹਾ ਜਾਂਦਾ ਹੈ। ਸਾਡੇ ਪਿੰਡ ’ਚ ਅਜੇ ਵੀ ਵਾਰੀ ਪਿੰਡ ਦੇ ਲੋਕ ਹੀ ਤੈਅ ਕਰਦੇ ਹਨ। ਪੰਚਾਇਤੀ ਵਾਰੀ ’ਚ 6 ਮਹੀਨੇ ਬਾਅਦ ਹਾੜ੍ਹੀ ਸਾਊਣੀ ਦੀ ਫਸਲ ਵੇਲੇ ਨਵੀਂ ਵਾਰੀ ਤੈਅ ਕਰ ਲਈ ਜਾਂਦੀ ਹੈ ਜਦੋਂ ਕਿ ਪਟਵਾਰੀ ਦੋ ਸਾਲ ਬਾਅਦ ਵਾਰੀ ਬਦਲਦਾ ਹੈ।