ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦਾਰਸ਼ਨਿਕ ਤੇ ਮਹਾਂ ਯੋਧੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦਿਆਂ


ਬਘੇਲ ਸਿੰਘ ਧਾਲੀਵਾਲ
99142-58142

ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀ ਮਸ਼ਾਲ ਕਿਤੇ ਵੀ ਨਹੀ ਮਿਲੇਗੀ ਜਿਹੋ ਜਿਹੀ ਸਰਬੰਸ ਦਾਨੀ ਦਸਮ ਪਾਤਸਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆਂ ਸਾਹਮਣੇ ਪੇਸ ਕੀਤੀ ਹੈ। ਸਿਰਫ ਨੌਂ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਉਂਣ ਲਈ ਆਪਣੇ ਪਿਤਾ ਨੂੰ ਕੁਰਬਾਨੀ ਦੇਣ ਲਈ ਹੱਥੀਂ ਤੋਰ ਦੇਣਾ।ਚਮਕੌਰ ਦੀ ਜੰਗ ਵਿੱਚ ਦੋ ਪੁੱਤਰਾਂ ਨੂੰ ਮੈਦਾਨ ਏ ਜੰਗ ਵਿੱਚ ਸ਼ਹੀਦ ਹੋਣ ਲਈ ਭੇਜ ਦੇਣਾ ਤੇ ਉਧਰ ਸਰਹਿੰਦ ਦੇ ਠੰਡੇ ਬੁਰਜ ਵਿੱਚ ਬਿਰਧ ਮਾਤਾ ਅਤੇ ਦਿਵਾਰਾਂ ਵਿੱਚ ਸੱਤ ਤੇ ਨੌਂ ਸਾਲ ਦੀਆਂ ਨਿਕੀਆਂ ਜਿੰਦੜੀਆ ਵੀ ਧਰਮ ਲੇਖੇ ਲਾਈਆਂ ਹੋਂਣ।ਇਹ ਅਦੁੱਤੀ ਮਸ਼ਾਲ ਦੁਨੀਆਂ ਵਿੱਚ ਹੋਰ ਕਿਸੇ ਵੀ ਗੈਰ ਸਿੱਖ ਧਾਰਮਿਕ ਰਹਿਬਰ,ਪੀਰ ਪੈਗੰਬਰ ਜਾਂ ਰਿਸ਼ੀ ਮੁਨੀ ਦੇ ਹਿੱਸੇ ਨਹੀ ਆਈ ਜਿਹੜੀ ਦੂਜਿਆਂ ਲਈ ਆਪਣਾ ਪਰਿਵਾਰ ਵਾਰਕੇ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੇ ਪੈਦਾ ਕੀਤੀ।ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਗੁਰੂ ਗੋਬਿੰਦ ਸਿੰਘ ਮਹਾਂਨ ਮਨੋਂ ਵਿਗਿਆਨੀ,ਮਹਾਨ ਦਾਰਸ਼ਨਿਕ ਅਤੇ ਮਹਾਂਨ ਯੋਧੇ ਸਨ। ਸਿਰਫ 41 ਸਾਲ 9 ਮਹੀਨੇ ਦੀ ਉਮਰ ਵਿੱਚ ਮਨੁੱਖੀ ਜਾਮੇ ਵਿੱਚ ਵਿਚਰਦਿਆਂ ਉਹਨਾਂ ਨੇ ਜੋ ਅਲੌਕਿਕ ਕਾਰਨਾਮੇ ਇੱਕ ਸੰਤ ਸਿਪਾਹੀ ਜੋਧੇ ਵਜੋਂ ਜਾਂ ਇੱਕ ਦੂਰ ਅੰਦੇਸ ਵਿਦਵਾਨ ਵਜੋਂ ਕਰ ਦਿਖਾਏ ਉਹ ਕਲਮਾਂ ਦੀ ਵੰਦਿਸ਼ ਤੋਂ ਪਰੇ ਦੀ ਗੱਲ ਹੈ।ਉਹਨਾਂ ਨੇ ਸਮਾਜ ਵਿੱਚ ਫੈਲੇ ਜਾਤਪਾਤ ਅਤੇ ਊਚ ਨੀਚ ਦੇ ਕੋਹੜ੍ਹ ਨੂੰ ਗਹੁ ਨਾਲ ਵਾਚਿਆ ਤੇ ਅਨੁਭਵ ਕੀਤਾ ਕਿ ਲਿਤਾੜਿਆ ਜਾ ਰਿਹਾ ਗਰੀਬ ਹਿੰਦੂ ਸਮਾਜ ਜਿੱਥੇ ਉੱਚ ਜਾਤੀਏ ਹਿੰਦੂਆਂ ਦਾ ਮਾਨਸਿਕ ਤੌਰ ਤੇ ਗੁਲਾਮ ਸੀ ਉੱਥੇ ਉੱਚ ਜਾਤੀਏ ਹਿੰਦੂ ਸਮਾਜ ਬ੍ਰਾਹਮਣ ਤੇ ਖੱਤਰੀ ਨੂੰ ਵੀ ਮੁਗਲ ਸਾਸਕਾਂ ਦੀ ਕਰੋਪੀ ਦਾ ਸਿਕਾਰ ਹੋਣਾ ਪੈ ਰਿਹਾ ਸੀ।ਲੰਮੀ ਗੁਲਾਮੀ ਨੇ ਹਿੰਦੂ ਸਮਾਜ ਦੀ ਗੈਰਤ ਅਸਲੋਂ ਹੀ ਮਾਰ ਦਿੱਤੀ,ਕੋਈ ਵੀ ਹਿੰਦੂ ਔਰੰਗਜੇਵ ਦੇ ਅਤਿਆਚਾਰ ਦਾ ਮੁਕਾਬਲਾ ਕਰਨ ਦੇ ਮਾਨਸਿਕ ਤੌਰ ਤੇ ਸਮਰੱਥ ਨਹੀ ਸੀ ਜਿਹੜਾ ਜਬਰ ਜੁਲਮ ਦਾ ਮੁਕਾਬਲਾ ਕਰਨ ਲਈ ਮੈਦਾਨ ਵਿੱਚ ਨਿੱਤਰ ਸਕੇ।ਉਹਨਾਂ ਨੇ ਸਿੱਖਾੰ ਨੂੰ ਅਜਿਹੀ ਸਕਲ ਦੇਣ ਦਾ ਮਨ ਬਣਾ ਲਿਆ ਜਿਸ ਦੀ ਪਛਾਣ ਲੱਖਾਂ ਵਿੱਚ ਖੜਨ ਤੇ ਵੀ ਛੁਪ ਨਹੀ ਸਕੇਗੀ।ਜਿਵੇਂ ਵਗਲਿਆਂ ਵਿੱਚ ਹੰਸ,ਗਧਿਆਂ ਵਿੱਚ ਘੋੜਾ ਅਤੇ ਭੇਡਾਂ ਵਿੱਚ ਸੇਰ ਝੱਟ ਪਛਾਣਿਆਂ ਜਾਂਦਾ ਹੈ ਉਸੇ ਤਰਾਂ ਸਿੱਖ ਵੀ ਦੁਨੀਆਂ ਤੋਂ ਨਿਆਰਾ ਹੋਵੇਗਾ।ਸਿੱਖ ਦੀ ਵੱਖਰੀ ਪਛਾਣ ਲਈ ਵੱਖਰੇ ਧਰਮ ਦਾ ਗਠਨ ਏਸੇ ਆਸ਼ੇ ਦੀ ਪੂਰਤੀ ਲਈ ਕੀਤਾਂ ਤਾਂ ਕਿ ਕੋਈ ਵੀ ਸਿੱਖ ਹਕੂਮਤੀ ਅਤਿਆਚਾਰ ਤੋਂ ਡਰਦਾ ਆਪਣੇ ਸਿੱਖ ਹੋਣ ਨੂੰ ਛੁਪਾਅ ਨਾ ਸਕੇ ਬਲਕਿ ਆਪਣੇ ਸਿੱਖ ਹੋਣ ਤੇ ਮਾਣ ਕਰੇ ਤੇ ਔਰੰਗਜੇਬ ਵਰਗੇ ਜਾਲਮ ਦੇ ਜੁਲਮ ਨੂੰ ਟੱਕਰ ਦੇਕੇ ਲੜ ਮਰਨ ਨੂੰ ਹਮੇਸਾ ਤਿਆਰ ਬਰ ਤਿਆਰ ਰਹੇ।ਉਹਨਾਂ ਦਾ ਉਦੇਸ਼ ਮਿਟ ਚੁੱਕੀ ਹੋਂਦ ਨੂੰ ਪ੍ਰਗਟ ਕਰਕੇ ਇੱਕ ਬਿਲਕੁਲ ਨਵੇਂ ਇਨਕਲਾਬੀ ਵਿਚਾਰ ਨੂੰ ਅਮਲੀ ਰੂਪ ਦੇਣਾ ਸੀ। ਉਹਨਾਂ ਯੁੱਧ ਤੋਂ ਡਰਨ ਵਾਲੇ ਅਤੇ ਜੁਲਮ ਦੀ ਮਾਰ ਹੇਠ ਪੀੜੇ ਜਾ ਰਹੇ ਸਮਾਜ ਦੀ ਮਾਨਸਿਕਤਾ ਸੁਭ ਕਰਮਾਂ ਹਿੱਤ ਲੜ ਮਰਨ ਵਾਲੇ ਰੂਪ ਵਿੱਚ ਵਦਲ ਦਿੱਤੀ।ਆਪਣੇ ਇਸ ਮਹਾਂਨ ਕਾਰਜ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਹਾਂਨ ਕਰਾਂਤੀਕਾਰੀ ਲਹਿਰ ਨੂੰ ਜਨਮ ਦਿੱਤਾ,ਇੱਕ ਵੱਖਰੀ ਪਛਾਣ ਵਾਲੀ ਨਵੀਂ ਕੌਂਮ ਸਿਰਜਕੇ ਦੁਨੀਆ ਦਾ ਪਹਿਲਾ ਰਾਜਸੀ ਇਨਕਲਾਵ ਲਿਆਉਂਣ ਦਾ ਮਾਣ ਹਾਸਲ ਕੀਤਾ।ਅਜਿਹਾ ਇਨਕਲਾਬ ਜਿਹੜਾ ਪੂਰੀ ਦੁਨੀਆਂ ਲਈ ਰਾਹ ਦਿਸੇਰਾ ਬਣਿਆਂ। ਏਸੇ ਸਿਧਾਂਤ ਨੂੰ ਅਪਣਾਕੇ ਹੀ ਤਕਰੀਬਨ ਸੌ ਸਾਲ ਦੇ ਵਕਫੇ ਵਾਅਦ ਕੋਮਨਿਸਟ ਵਿਚਾਰਧਾਰਾ ਦੇ ਬਾਨੀ "ਕਾਰਲ ਮਾਰਕਸ" ਨੇ ਦੁਨੀਆਂ ਭਰ ਦੇ ਮਜਦੂਰਾਂ ਨੂੰ ਇੱਕ ਹੋਣ ਦਾ ਨਾਹਰਾ ਦਿੱਤਾ,ਇਹਨਾਂ ਲੀਹਾਂ ਤੇ ਚੱਲਕੇ ਹੀ ਰੂਸ ਵਿੱਚ ਕਾਮਰੇਡ "ਵਲਾਦੀਮੀਰ ਇਲੀਅਚ ਲੈਨਿਨ" ਨੇ ਲਿਤਾੜੀ ਜਾ ਰਹੀ ਪਰੋਲੇਤਾਰੀ ਜਮਾਤ ਨੂੰ ਇਕੱਠਾ ਕਰਕੇ ਮਹਾਂਨ ਇਨਕਲਾਬ ਲਿਆਉਂਣ ਦਾ ਸੁਪਨਾ ਪੂਰਾ ਕੀਤਾ, ਇਹਨਾਂ ਲੀਹਾਂ ਤੇ ਚੱਲਕੇ ਹੀ ਚੀਨ ਵਿੱਚ ਕਾਮਰੇਡ "ਮਾਓ ਜੇ ਤੁੰਗ" ਨੇ ਲਗਾਤਾਰ ਪੱਚੀ ਵਰੇਹ ਲੰਮੀ ਫੈਸਲਾਕੁਨ ਲੜਾਈ ਲੜੀ ਤੇ ਅਖੀਰ ਜਿੱਤ ਪਰਾਪਤ ਕੀਤੀ।ਇਹ ਵੱਖਰੀ ਗੱਲ ਹੈ ਕਿ ਅੱਜ ਦੇ ਅਖੌਤੀ ਕਾਮਰੇਡ ਇਸ ਗੱਲ ਨੂੰ ਮੰਨਣ ਤੋਂ ਮੁਨਕਰ ਹਨ,ਪਰੰਤੂ ਇਸ ਇਤਿਹਾਸਿਕ ਸਚਾਈ ਨੂੰ ਝੁਠਲਾਇਆ ਵੀ ਨਹੀ ਜਾ ਸਕਦਾ ਕਿ ਗੁਰੂ ਜੀ ਨੇ ਉੱਚ ਜਾਤੀਏ ਸਰਮਾਏਦਾਰੀ ਸਿਸਟਮ ਵੱਲੋਂ ਬੁਰੀ ਤਰਾਂ ਦੁਰਕਾਰੇ ਤੇ ਲਤਾੜੇ ਸਮਾਜ ਨੂੰ ਇਕੱਠਾ ਕੀਤਾ ਤੇ ਉਹਨਾਂ ਦੇ ਏਕੇ ਦੀ ਤਾਕਤ ਨਾਲ ਦੁਨੀਆਂ ਦਾ ਪਹਿਲਾ ਰਾਜਸੀ ਇਨਕਲਾਬ ਲਿਆਕੇ ਲੋਕਤੰਤਰ ਦੇ ਮੋਢੀ ਬਣੇ।ਖਾਲਸਾ ਸਿਰਜਣ ਦੀ ਮਰਯਾਦਾ  ਵਿੱਚ ਵੀ ਗੁਰੂ ਜੀ ਦੀ ਡੂੰਘੀ ਫਿਲਾਸ਼ਫੀ ਲੁਕੀ ਹੋਈ ਹੈ।ਅਮ੍ਰਿਤ ਛਕਣ ਦੀ ਮਰਯਾਦਾ ਹੈ ਕਿ ਜਿੰਨਾ ਚਿਰ ਕੋਈ ਵੀ ਵਿਆਕਤੀ ਛੂਤ ਛਾਤ ਤੇ ਭਿੰਨ ਭੇਦ ਦਾ ਵਹਿਮ ਦੂਰ ਨਾਂ ਕਰੇ ਸੰਗਤ ਪੰਗਤ ਵਿੱਚ ਬੈਠਕੇ ਅਮ੍ਰਿਤ ਪਾਨ ਨਹੀ ਕਰ ਸਕਦਾ।ਕਿਉਂਕਿ ਅਮ੍ਰਿਤ ਛਕਣ ਵਾਲੇ ਸਿੱਖਾਂ ਨੂੰ ਇਕੋ ਬਾਟੇ ਚੋਂ ਹੀ ਅਮ੍ਰਿਤ ਛਕਾਇਆ ਜਾਂਦਾ ਸੀ ਤਾਂ ਕਿ ਕਿਸੇ ਦੇ ਮਨ ਵਿੱਚ ਕੋਈ ਵੀ ਹੀਣ ਭਾਵਨਾ ਨਾ ਰਹਿ ਸਕੇ। ਜਿਸਨੇ ਵੀ ਖਾਲਸਾ ਸਜਣਾ ਹੋਵੇ ਉਹ ਸਾਰੇ ਭੇਦ ਭਾਵ ਮਿਟਾ ਕੇ ਸਮੁੱਚੇ ਖਾਲਸਾ ਪੰਥ ਨੂੰ ਆਪਣਾ ਪਰਿਵਾਰ ਸਮਝੇਗਾ, ਤੇ "ਏਕ ਪਿਤਾ ਏਕਸ ਕੇ ਹਮ ਬਾਰਿਕ" ਦਾ ਧਾਰਨੀ ਬਣੇਗਾ। ਹਰ ਇੱਕ ਸਿੱਖ ਦੇ ਨਾਮ ਨਾਲ ਅਮ੍ਰਿਤ ਛਕਣ ਤੋਂ ਵਾਅਦ ਸਿੰਘ ਦਾ,ਤੇ ਬੀਬੀਆਂ ਦੇ ਨਾਮ ਨਾਲ ਕੌਰ ਦਾ ਖਿਤਾਬ ਜੋੜ ਦਿੱਤਾ ਗਿਆ।ਆਪਾ ਵਾਰੂ ਗਰੀਬ ਪੰਜ ਸਿੰਘਾਂ ਨੂੰ ਪੰਜ ਪਿਆਰਿਆਂ ਦਾ ਦਰਜਾ ਦਿੱਤਾ ਗਿਆ।ਗੁਰੂ ਜੀ ਨੇ ਇਹਨਾਂ ਪੰਜਾਂ ਪਿਆਰਿਆਂ ਤੋਂ ਹੀ ਆਪ ਵੀ ਅਮ੍ਰਿਤ ਪਾਣ ਕਰਕੇ ਖਾਲਸੇ ਨੂੰ ਗੁਰੂ ਖਾਲਸਾ ਹੋਣ ਦਾ ਮਾਣ ਬਖਸਿਆ।।ਇਸ ਗੱਲ ਦਾ ਵੀ ਇਤਿਹਾਸ ਗਵਾਹ ਹੈ ਕਿ ਦੁਨੀਆਂ ਦੇ ਕਿਸੇ ਵੀ ਧਾਰਮਿਕ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਬਰਾਬਰਤਾ ਦਾ ਦਰਜਾ ਨਹੀ ਦਿੱਤਾ ਇਹ ਤੀਸਰੇ ਪੰਥ ਦੇ ਬਾਨੀ ਗੋਬਿੰਦ ਸਿੰਘ ਦੇ ਹਿਸੇ ਹੀ ਆਇਆ ਕਿ ਪੰਜ ਸਿੰਘਾਂ ਨੂੰ ਪੂਰਨ ਗੁਰੂ ਪੰਥ ਦਾ ਦਰਜਾ ਦੇਕੇ ਪੰਚ ਪਰਧਾਨੀ ਪ੍ਰਥਾ ਨੂੰ ਪੱਕੇ ਪੈਰੀ ਕੀਤਾ ਤੇ ਲੋਕ ਤੰਤਰ ਦੀ ਨੀਂਹ ਰੱਖੀ। ਸਿੱਖਾਂ ਦੀ ਵੱਖਰੀ ਪਛਾਣ ਤੇ ਵੱਖਰੀ ਕੌਂਮ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸਾਹ ਬਹਾਦਰ ਸਾਹ ਵੱਲੋਂ ਪੁਛੇ ਗਏ ਇਹ ਸਵਾਲ ਕਿ ਮੁਸਲਮਾਂਨ ਇੱਕ ਖੁਦਾ ਨੂੰ ਮੰਨਦਾ ਹੈ ਤੁਹਾਡਾ ਕੀ ਵਿਚਾਰ ਹੈ,ਦੇ ਜਵਾਵ ਵਿੱਚ ਬੜੇ ਤਰਕ ਭਰਪੂਰ ਤੇ ਵਿਅੰਗਮਈ ਅੰਦਾਜ ਵਿੱਚ ਬਿਨਾ ਕਿਸੇ ਡਰ ਅਤੇ ਸੰਕੋਚ ਦੇ ਸਪੱਸਟ ਕੀਤਾ ਸੀ "ਕਿ ਪਹਿਲਾ ਖੁਦਾ ਮੁਸਲਮਾਨਾਂ ਦਾ ਹੈ ਜੋ ਇਕ ਤੰਗ ਦਿਲੀ ਵਿੱਚ ਖੜਾ ਹੈ ਤੇ ਕਾਜੀਆਂ ਦੀ ਬਣਾਈ ਹੋਈ ਸਰ੍ਹਾ ਦੇ ਜੋਰ ਨਾਲ ਸੁੰਗੜਦਾ ਤੇ ਫੈਲਦਾ ਰਹਿੰਦਾ ਹੈ,ਦੂਸਰਾ ਹਿੰਦੂਆਂ ਦਾ ਖੁਦਾ ਹੈ ਜਿਹੜਾ ਮੂਰਤੀਆਂ ਦੀ ਗਿਣਤੀ ਮਿਣਤੀ ਮੁਤਾਬਿਕ ਵਧਦਾ ਤੇ ਘਟਦਾ ਹੈ ਤੇ ਤੀਸਰਾ ਖੁਦਾ ਅਕਾਲ ਹੈ ਜਿਸਦਾ ਕੋਈ ਚਿਹਨ ਚੱਕਰ ਨਹੀ, ਕੋਈ ਗਿਣਤੀ ਮਿਣਤੀ ਨਹੀ,ਕੋਈ ਸਰੀਰ ਨਹੀ,ਭਾਵ ਨਿਰੰਕਾਰ ਹੈ,ਤੀਸਰਾ ਪੰਥ ਇਸ ਨਿਰੰਕਾਰ ਅੱਗੇ ਸੀਸ ਝੁਕਾਉਂਦਾ ਹੈ ਤੇ ਉਸ ਕੋਲੋਂ  ਹਿੰਦੂ ਤੇ ਮੁਸਲਮਾਨ ਦੋਨਾਂ ਦੇ ਭਲੇ ਦੀ ਦੁਆ ਮੰਗਦਾ ਹੈ।ਗੁਰੂ ਗੋਬਿੰਦ ਸਿੰਘ ਨੇ ਜਿੱਥੇ "ਨਾ ਕੋ ਵੈਰੀ ਨਾਹਿ ਬੇਗਾਨਾ"ਦੇ ਗੁਰ ਸਿਧਾਂਤ ਨੂੰ ਸਪੱਸਟ ਕੀਤਾ ਹੈ ਉਥੇ ਆਪਣੇ ਤੀਸਰੇ ਪੰਥ ਖਾਲਸਾ ਦੇ ਮਿਸਨ ਨੂੰ ਵੀ ਸਪੱਸਟ ਕੀਤਾ ਹੈ ਕਿ ਖਾਲਸਾ ਪੰਥ ਕਿਸੇ ਇੱਕ ਫਿਰਕੇ ਦਾ ਗੁਲਾਮ ਨਹੀ ਬਲਕਿ ਅੱਡਰੀ ਹੋਂਦ ਵਾਲਾ ਨਿਆਰਾ ਧਰਮ ਹੈ।ਖਾਲਸਾ ਪੰਥ ਨੂੰ ਅਰਦਾਸ ਵਿੱਚ ਜਿੱਥੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਦ੍ਰਿੜ ਕਰਵਾਕੇ ਸਰਬਸਾਂਝੀ ਵਾਲਤਾ ਦੀ ਉਦਾਹਰਣ ਪੇਸ ਕੀਤੀ ਹੈ ਉਥੇ ਔਰੰਗਜੇਬ ਨੂੰ ਲਿਖੀ ਜਿੱਤ ਦੀ ਚਿੱਠੀ(ਜ਼ਫਰਨਾਮਾ) ਵਿੱਚ ਉਹਨਾਂ ਖਾਲਸੇ ਦੇ ਮੁੱਖ ਸਿਧਾਂਤ ਨੂੰ ਬਾਖੂਵੀ ਬਿਆਨ ਕਰਦਿਆਂ ਲਿਖਿਆ ਹੈ ਕਿ:"ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜੱਸਤ,ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ"।ਭਾਵ ਜਦੋਂ ਸਾਰੇ ਹੀਲੇ ਹਾਰ ਜਾਣ ਤਾਂ ਕਿਰਪਾਨ ਦੇ ਮੁੱਠੇ ਤੇ ਹੱਥ ਜਾਣਾ ਜਾਇਜ ਹੈ।ਸੋ ਖਾਲਸਾ ਪੰਥ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਤੇ ਯਾਦ ਕਰਦਿਆਂ ਸਮੁੱਚੀ ਕੌਂਮ ਨੂੰ ਉਹਨਾਂ ਵੱਲੋਂ ਬਖਸ਼ੀ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਸਿੱਖ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਬੇਹੱਦ ਸਖਤ ਜਰੂਰਤ ਹੈ ਤਾਂ ਕਿ ਖਾਲਸਾ ਪੰਥ ਨੂੰ ਖੋਰਾ ਲਾਉਣ ਵਾਲੀਆਂ ਵਿਰੋਧੀ ਸਕਤੀਆਂ ਨੂੰ ਭਾਂਜ ਦਿੱਤੀ ਜਾ ਸਕੇ।