ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮੂਲ ਨਾਨਕਸ਼ਾਹੀ ਕੈਲੰਡਰ ਕਿਵੇਂ ਬਦਰੰਗ ਕੀਤਾ ਗਿਆ!


-ਤਰਲੋਚਨ ਸਿੰਘ ਦੁਪਾਲਪੁਰ
ਸਿੱਖ ਜਗਤ ਦੇ ਬਾਨੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਨਾਮ ’ਤੇ ਬਣਾਏ ਹੋਏ ਨਾਨਕਸ਼ਾਹੀ ਕੈਲੰਡਰ ਦੀ ਗਾਥਾ, ਇਸ ਦੇ ਤਿਆਰ-ਕਰਤਾ ਸ੍ਰ. ਪਾਲ ਸਿੰਘ ਪੁਰੇਵਾਲ ਤੋਂ ਸ਼ੁਰੂ ਕਰਦੇ ਹਾਂ। ਸ੍ਰ. ਪੁਰੇਵਾਲ ਦਾ ਜੱਦੀ ਪਿੰਡ ਸ਼ੰਕਰ (ਸ਼ਰੀਂਹ-ਸ਼ੰਕਰ) ਜ਼ਿਲ੍ਹਾ ਜਲੰਧਰ ਵਿਚ ਪੈਂਦਾ ਹੈ। ਅਨੇਕਾਂ ਹੋਰ ਪੰਜਾਬੀਆਂ ਵਾਂਗ ਉਹ ਵੀ ਚੰਗੇਰੇ ਭਵਿੱਖ ਦੀ ਕਾਮਨਾ ਅਧੀਨ ਕੈਨੇਡਾ ਆ ਵਸੇ। ਸਿੱਖ ਧਰਮ ਇਤਿਹਾਸ ਦੀ ਡੂੰਘੀ ਜਾਣਕਾਰੀ ਰੱਖਣ ਵਾਲ਼ੇ ਧਰਮੀ ਜਿਊੜੇ ਸ੍ਰ. ਪੁਰੇਵਾਲ ਨੇ ਜੀਵਨ ਨਿਰਬਾਹ ਲਈ ਕਿਰਤ ਵਿਰਤ ਕਰਦਿਆਂ ਖਗੋਲ ਤੇ ਭੂਗੋਲ ਵਿਸ਼ਿਆਂ ਬਾਰੇ ਨਿੱਠ ਕੇ ਅਧਿਐਨ ਕੀਤਾ। ਦੁਨੀਆਂ ਭਰ ਦੇ ਵੱਖ ਵੱਖ ਕੈਲੰਡਰਾਂ ਦਾ ਤੁਲਨਾਤਮਿਕ ਅਧਿਐਨ ਕਰਦਿਆਂ ਉਨ੍ਹਾਂ ਨੋਟ ਕੀਤਾ ਕਿ ਚੰਦਰਮਾ ਪ੍ਰਣਾਲੀ ਨਾਲੋਂ ਸੂਰਜੀ ਪ੍ਰਣਾਲੀ ਕੈਲੰਡਰ ਹੀ ਦੋਸ਼-ਰਹਿਤ ਹਨ ਅਤੇ ਸੰਸਾਰ ਭਰ ਵਿਚ ਸੂਰਜੀ ਕੈਲੰਡਰ ਹੀ ਪ੍ਰਚੱਲਿਤ ਅਤੇ ਸਰਬ-ਪ੍ਰਵਾਣਿਤ ਹਨ।
    ਉਨ੍ਹਾਂ ਇਹ ਵੀ ਦੇਖਿਆ ਕਿ ਭਾਰਤ ਵਿਚ ਚੱਲਦਾ ਬਿਕਰਮੀ ਕੈਲੰਡਰ, ਚੰਦਰਮਾ ਦੀ ਗਤੀ ਦੇ ਆਧਾਰਤ ਹੈ। ਜਿਹਦੇ ਕਾਰਨ ਸਾਲ ਦੇ ਦਿਨ ਵਧਦੇ ਘਟਦੇ ਰਹਿੰਦੇ ਹਨ। ਇਸੇ ਕਰਕੇ ਬਿਕਰਮੀ ਕੈਲੰਡਰ ਹਰ ਸਾਲ ਤਿਆਰ ਕਰਨਾ ਪੈਂਦਾ ਹੈ ਤੇ ਗੁਰਪੁਰਬ ਵੀ ਅਲੱਗ ਅਲੱਗ ਤਰੀਕਾਂ ਨੂੰ ਹੀ ਆਉਂਦੇ ਹਨ। ਇਸੇ ਵਜ੍ਹਾ ਕਰਕੇ ਸੰਨ 1999 ਵਿਚ, ਜਦੋਂ ਸਮੁੱਚਾ ਸਿੱਖ ਪੰਥ ਖ਼ਾਲਸੇ ਦਾ ਤਿੰਨ ਸੌ ਸਾਲਾ ਸਿਰਜਣਾ ਦਿਵਸ ਮਨਾ ਰਿਹਾ ਸੀ, ਤਦ ਉਸ ਸਾਲ ਵਿਚ ਦਸਮ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੀ ਨਹੀਂ ਸੀ। ਜਦਕਿ ਅਗਲੇ ਸਾਲ ਵਿਚ ਦੋ ਪ੍ਰਕਾਸ਼ ਦਿਹਾੜੇ ਸਨ। ਸੋ ਅਜਿਹੀਆਂ ਊਣਤਾਈਆਂ ਦੇਖਦਿਆਂ ਸ੍ਰ. ਪੁਰੇਵਾਲ ਦੇ ਦਿਲ ਵਿਚ ਇਹ ਰੀਝ ਪੈਦਾ ਹੋਈ ਕਿ ਕਿਉਂ ਨਾ ਸਿੱਖ ਪੰਥ ਦੀ ਵਿਲੱਖਣ ਹਸਤੀ ਦਰਸਾਉਂਦਾ ਤੇ ਪ੍ਰਗਟਾਉਂਦਾ ਇੱਕ ਵਿਸ਼ੇਸ਼ ਕੈਲੰਡਰ ਤਿਆਰ ਕੀਤਾ ਜਾਏ।
    ਕੌਮੀ ਸੇਵਾ ਵਾਲ਼ੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਵਿਚਾਰ-ਵਟਾਂਦਰੇ ਹਿਤ ਦੇਸ਼-ਵਿਦੇਸ਼ ਦੇ ਸਿੱਖ ਵਿਦਵਾਨਾਂ, ਚਿੰਤਕਾਂ, ਲਿਖਾਰੀਆਂ ਅਤੇ ਖਗੋਲ-ਮਾਹਿਰਾਂ ਨੂੰ, ਆਪਣੇ ਖ਼ਰਚੇ ’ਤੇ ਕਈ ਕਈ ਵਾਰ ਮਿਲਣ ਗਏ। ਸਾਰਿਆਂ ਨੇ ਹਾਂ ਪੱਖੀ ਹੁੰਗਾਰਾ ਭਰਦਿਆਂ ਸਿੱਖ ਪੰਥ ਦਾ ਇੱਕ ਨਿਆਰਾ ਕੈਲੰਡਰ ਬਣਾਉਣ ਦੀ ਅਹਿਮੀਅਤ ਪ੍ਰਗਟਾਈ। ਅੰਤ ਕਈ ਸਾਲਾਂ ਦੀ ਸਖ਼ਤ ਘਾਲਣਾ ਘਾਲ ਕੇ ਪੁਰੇਵਾਲ ਜੀ ਨੇ ਕੈਲੰਡਰ ਦਾ ਖਰੜਾ ਤਿਆਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤਾ। ਅੱਗੋਂ ਸ਼੍ਰੋਮਣੀ ਕਮੇਟੀ ਨੇ ਇਸ ਖਰੜੇ ਦੀ ਪਰਖ-ਪੜਚੋਲ ਕਰਨ ਲਈ ਵੱਖ-ਵੱਖ ਥਾਈਂ ਸੈਮੀਨਾਰ ਜਾਂ ਵਿਚਾਰ ਗੋਸ਼ਟੀਆਂ ਕਰਵਾਈਆਂ। ਇਹ ਖਰੜਾ ਸਿੱਖ ਸਕਾਲਰਾਂ, ਵਿਸ਼ਾ ਮਾਹਿਰਾਂ, ਨਾਮੀ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਭੇਜਿਆ ਤਾਂ ਕੇ ਉਨ੍ਹਾਂ ਦੇ ਸੁਝਾਅ ਲਏ ਜਾ ਸਕਣ।
    ਆਖ਼ਰ ਕਈ ਪੜਾਵਾਂ ਵਿਚੋਂ ਲੰਘਦਾ ਹੋਇਆ ਇਹ ਖਰੜਾ ਕੈਲੰਡਰ ਦੇ ਰੂਪ ਵਿਚ ਪ੍ਰਕਾਸ਼ਨ ਲਈ ਤਿਆਰ ਹੋ ਗਿਆ ਅਤੇ ਇਸ ਵਰ੍ਹੇ ਪਹਿਲੀ ਵਾਰ ਨਾਨਕਸ਼ਾਹੀ ਕੈਲੰਡਰ ਮੁਤਾਬਿਕ 5 ਜਨਵਰੀ ਨੂੰ ਦਸਵੇਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਵੀ ਗਿਆ। ਪਰ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਟੌਹੜਾ ਨੇ ਇਸ ਦੀ ਪ੍ਰਕਾਸ਼ਨਾਂ ਰੋਕ ਕੇ, ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਜੇ ਕਿਸੇ ਸਿੱਖ ਸਭਾ-ਸੋਸਾਇਟੀ ਜਾਂ ਕਿਸੇ ਹੋਰ ਮਾਈ-ਭਾਈ ਨੂੰ, ਇਸ ਕੈਲੰਡਰ ’ਤੇ ਕੋਈ ਸ਼ੰਕੇ, ਕੋਈ ਇਤਰਾਜ਼ ਹੋਣ ਤਾਂ ਲਿਖਤੀ ਤੌਰ ’ਤੇ ਦਫ਼ਤਰ ਸ਼੍ਰੋਮਣੀ ਕਮੇਟੀ ਨੂੰ ਭੇਜੇ ਜਾਣ। ਇਸ ਤੋਂ ਬਾਅਦ ਫਿਰ ਵਿਚਾਰ-ਗੋਸ਼ਟੀਆਂ ਅਤੇ ਸੈਮੀਨਾਰਾਂ ਦੀ ਲੜੀ ਚੱਲੀ। ਥਾਂ-ਥਾਂ ਖ਼ੁਦ ਹਾਜ਼ਰ ਹੋ ਕੇ ਸ੍ਰ. ਪੁਰੇਵਾਲ ਨੇ ਉਂਠੇ ਸਵਾਲਾਂ ਦੇ ਜਵਾਬ ਦਿੱਤੇ। ਇਸ ਪ੍ਰਕਿਰਿਆ ਦੌਰਾਨ ਭਾਈ ਪੁਰੇਵਾਰ ਵੱਖ-ਵੱਖ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਧਾਰਮਿਕ ਆਗੂਆਂ, ਟਕਸਾਲਾਂ ਅਤੇ ਸੰਤ ਬਾਬਿਆਂ ਨੂੰ ਮਿਲ਼ਦੇ ਰਹੇ ਅਤੇ ਸ਼ੰਕੇ ਨਵਿਰਤ ਕਰਦੇ ਰਹੇ।
    ਇਸ ਪੰਥਕ ਕਾਰਜ ਨੂੰ ਬੂਰ ਪਿਆ ਸੰਨ 2003 ਵਿਚ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਮੁੱਚੀਆਂ ਸਿੱਖ ਸੁਸਾਇਟੀਆਂ, ਸਿੱਖ ਵਿਦਵਾਨਾਂ ਅਤੇ ਸੰਤ ਬਾਬਿਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਸ੍ਰੀ ਅੰਮ੍ਰਿਤਸਰ ਵਿਖੇ ਬੁਲਾ ਕੇ, ਨਾਨਕਸ਼ਾਹੀ ਕੈਲੰਡਰ  ਦੀ ਪ੍ਰਵਾਨਗੀ ਲਈ। ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਸਕੱਤਰ ਸ੍ਰ. ਮਨਜੀਤ ਸਿੰਘ ਕਲਕੱਤਾ ਅਨੁਸਾਰ ਇਹ ਕੈਲੰਡਰ, ਪੰਥਕ ਰਵਾਇਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਕਾਇਦੇ ਕਾਨੂੰਨ ਮੁਤਾਬਿਕ, ਅੰਤ੍ਰਿਮ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਜਨਰਲ ਇਜਲਾਸ ਵੱਲੋਂ ਪਾਸ ਹੋਣ ਉਪਰੰਤ ਛਪਣ ਲਈ ਭੇਜਿਆ ਗਿਆ। ਸ੍ਰ. ਪੁਰੇਵਾਲ ਦੀ ਇਸ ਮਹਾਨ ਕਿਰਤ ਨੂੰ, ਫਿਰ ਇਸੇ ਵਰ੍ਹੇ 2003 ਵਿਚ ਉਦੋਂ ਦੇ ਐਸ. ਜੀ. ਪੀ. ਸੀ. ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਕੋਲੋਂ ਰਿਲੀਜ਼ ਕਰਵਾਇਆ। ਇਨ੍ਹਾਂ ਸਤਰਾਂ ਦਾ ਲੇਖਕਾਂ ਉਦੋਂ ਸ਼੍ਰੋਮਣੀ ਕਮੇਟੀ ਦਾ ਚੁਣਿਆ ਹੋਇਆ ਮੈਂਬਰ ਸੀ, ਜਦੋਂ ਪੂਰੀਆਂ ਪੰਥਕ ਪਰੰਪਰਾਵਾਂ ਦੀ ਪਾਲਣਾ ਕਰਦਿਆਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਇਸ ਕਰਕੇ ਇਸ ਕੈਲੰਡਰ ਸਬੰਧੀ ਹੋਏ ਬੀਤੇ ਘਟਨਾਕ੍ਰਮ ਨੇੜਿਉਂ ਦੇਖਣ ਦਾ ਮੌਕਾ ਮਿਲਦਾ ਰਿਹਾ ਹੈ।
    ਸੰਨ 2003 ਤੋਂ ਲੈ ਕੇ 2010 ਤੱਕ, ਇਹ ਕੈਲੰਡਰ ਨਿਰਵਿਵਾਦ ਲਾਗੂ ਰਿਹਾ। ਉਸ ਵੇਲੇ (2003 ਵਿਚ) ਦੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ, ਬਿਨਾ ਕਿਸੇ ਹੀਲ-ਹੁੱਜਤ ਤੋਂ ਨਾਨਕਸ਼ਾਹੀ ਕੈਲੰਡਰ ਨੂੰ ਸਰਕਾਰੀ ਪ੍ਰਵਾਨਗੀ ਦੇ ਦਿੱਤੀ। ਸਰਕਾਰੀ ਛੁੱਟੀਆਂ ਵੀ ਇਸੇ ਕੈਲੰਡਰ ਮੁਤਾਬਿਕ ਸੂਚੀ-ਬੱਧ ਕੀਤੀਆਂ ਗਈਆਂ। ਕੇਂਦਰੀ ਸਰਕਾਰ ਵੱਲੋਂ ਵੀ ਇਹ ਪਰਵਾਨਿਆ ਗਿਆ। ਦੇਸ਼-ਵਿਦੇਸ਼ ਦੇ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਖ਼ਾਲਸਾਈ ਜੋਸ਼ੋ-ਖਰੋਸ ਨਾਲ ਇਸ ਦਾ ਸਵਾਗਤ ਕੀਤਾ। ਇੱਥੋਂ ਤੱਕ ਕਿ ਦਿੱਲੀ ਸਥਿਤ ਵਿਦੇਸ਼ੀ ਅੰਬੈਸੀਆਂ ਵੱਲੋਂ ਵੀ ਇਸ ਕੈਲੰਡਰ ਨੂੰ ਮਾਨਤਾ ਮਿਲ ਗਈ ਸੀ। ਕਿਤਿਉਂ ਵੀ ਇਸ ਦਾ ਵਿਰੋਧ ਨਾ ਹੋਇਆ। ਇੰਜ ਇਹ ਕੈਲੰਡਰ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ ਦਾ ਪ੍ਰਤੀਕ, ਸੰਸਾਰ ਭਰ ਦੇ ਸਿੱਖਾਂ ਦਾ ‘ਆਪਣਾ ਕੈਲੰਡਰ’ ਬਣ ਗਿਆ।
    ਬੇਸ਼ੱਕ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਇਸ ਕੌਮੀ ਕੈਲੰਡਰ ਨੂੰ ਵੱਡੇ ਚਾਵਾਂ ਤੇ ਉਮੰਗਾਂ ਨਾਲ ਅਪਣਾ ਲਿਆ ਗਿਆ ਸੀ। ਪਰ ਬਿਕਰਮੀ ਪ੍ਰਣਾਲੀ ਤੋਂ ਖਹਿੜਾ ਛੁਡਾ ਕੇ ਬਣਾਇਆ ਗਿਆ। ਇਹ ‘ਨਾਨਕ ਨਾਮ’ ਵਾਲਾ ਕੈਲੰਡਰ, ਹਿੰਦੂ, ਹਿੰਦੀ, ਹਿੰਦੁਸਤਾਨ ਦਾ ਪ੍ਰਚਾਰ ਕਰਦੀ ਆਰ. ਐਸ. ਐਸ ਅਤੇ ਸੰਘ ਪਰਵਾਰ ਜਿਹੀਆਂ ਸੰਸਥਾਵਾਂ ਨੂੰ ‘ਹਜ਼ਮ’ ਨਹੀਂ ਸੀ ਹੋ ਰਿਹਾ। ਇਨ੍ਹਾਂ ਜਮਾਤਾਂ ਨੇ ਉਂਚੀ ਸੁਰ ਵਿਚ ਝੂਠਾ ਪ੍ਰਾਪੇਗੰਡਾ ਸ਼ੁਰੂ ਕਰ ਦਿੱਤਾ, ਆਖੇ ਇਹ ਕੈਲੰਡਰ ਦੇ ਲਾਗੂ ਹੋਣ ਦੇ ਸੱਤਾਂ ਸਾਲਾਂ ਵਿਚ, ਕੈਲੰਡਰ ਦੀ ਵਜਾਹ ਕਾਰਨ, ਹਿੰਦੂ-ਸਿੱਖਾਂ ਵਿਚਕਾਰ ਕਿਤੇ ਵੀ ਕੋਈ ਲੜਾਈ ਝਗੜਾ ਨਹੀਂ ਸੀ ਹੋਇਆ। ਸਿੱਖ ਫ਼ਲਸਫ਼ੇ ਨੂੰ ਆਪਣੀਆਂ ਅੱਖਾਂ ਦਾ ਰੋੜਾ ਸਮਝਣ ਵਾਲੀਆਂ ਇਨ੍ਹਾਂ ਤਾਕਤਾਂ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਉਂਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਇਸ ‘ਵੱਖਰੇ ਕੈਲੰਡਰ’ ਨੂੰ ਰੱਦ ਕਰ ਦੇਣ। ਗਿਆਨੀ ਵੇਦਾਂਤੀ ਜੀ ਵੱਲੋਂ ਸਪਸ਼ਟ ਇਨਕਾਰ ਕਰ ਦੇਣ ’ਤੇ ਇਨ੍ਹਾਂ ਲੋਕਾਂ ਨੇ ਆਪਣੇ ਰਾਜਸੀ ਪ੍ਰਭਾਵ ਰਾਹੀਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਪਾਸੋਂ ਗਿਆਨੀ ਨੂੰ ਜਬਰਨ ‘ਸੇਵਾ ਮੁਕਤ’ ਕਰਵਾ ਕੇ ਘਰੇ ਬਹਾ ਦਿੱਤਾ। ਬਿਪਰਵਾਦੀਆਂ ਦੇ ਗ਼ੁਲਾਮਾਂ ਦੀ ਗ਼ੁਲਾਮ ਬਣੀ ਸ਼੍ਰੋਮਣੀ ਕਮੇਟੀ ਨੇ ‘ਅਖ਼ਬਾਰੀ ਰੌਲਾ’ ਇਹ ਪਾਇਆ ਕਿ ਭਾਈ ਵੇਦਾਂਤੀ ਜੀ ‘ਸਿਹਤ ਕਮਜ਼ੋਰ’ ਹੋਣ ਕਾਰਨ ‘ਸਵੈ-ਇੱਛਤ’ ਸੇਵਾ-ਮੁਕਤ ਹੋਏ ਨੇ!
    ਜਦ ਕਿ ਗਿਆਨੀ ਵੇਦਾਂਤੀ ਹੋਰਾਂ ਨੇ ਸ਼ਰੇਆਮ ਪ੍ਰੈਂਸ ਦੇ ਸਾਹਮਣੇ ਖ਼ੁਦ ਨਾਲ ਹੋਈ ਧੱਕੇਸ਼ਾਹੀ ਦਾ ਸੱਚ ਬਿਆਨਦਿਆਂ ਇਹ ਪ੍ਰਗਟਾਵਾ ਵੀ ਕੀਤਾ ਕਿ ਹੁਣ 2010 ਵਿਚ ਹੀ ਨਹੀਂ ਸਗੋਂ ਸੰਨ 2003 ਵਿਚ (ਕੈਲੰਡਰ ਲਾਗੂ ਹੋਣ ਦੇ ਅਰੰਭ ਵਿਚ) ਵੀ ਮੇਰੇ ਉਂਤੇ ਆਰ. ਐਸ. ਐਸ. ਵੱਲੋਂ ਇਹ ਭਾਰੀ ਦਬਾਅ ਪਾਇਆ ਗਿਆ ਸੀ ਕਿ ਮੈਂ ਕੈਲੰਡਰ ਜਾਰੀ ਨਾ ਕਰਾਂ।
    ਭਾਈ ਵੇਦਾਂਤੀ ਵੱਲੋਂ ਪ੍ਰੈਂਸ ਕਾਨਫ਼ਰੰਸਾਂ ਵਿਚ ਦੱਸੇ ਜਾ ਰਹੇ ‘ਅੰਦਰਲੇ ਸੱਚ’ ਦਾ ਰੌਲਾ ਪੈਂਦਿਆਂ-ਕਰਦਿਆਂ ਹੀ ਨਵੇਂ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਜੀ ਦੀ ‘ਤਾਜਪੋਸ਼ੀ’ ਕਰ ਦਿੱਤੀ ਗਈ। ਬੱਸ, ਉਸ ਦਿਨ ਤੋਂ ਹੀ ਨਾਨਕਸ਼ਾਹੀ ਕੈਲੰਡਰ ਦੀ ਹੋਂਦ-ਹਸਤੀ ਨੂੰ ਖ਼ਤਮ ਕਰਨ ਦਾ ਮੁੱਢ ਬੱਝ ਗਿਆ! ਇਨ੍ਹਾਂ ਦੇ ਆਲੀਸ਼ਾਨ ਡੇਰਿਆਂ ਵਿਚ ਸ੍ਰੀ ਅਕਾਲ ਤਖ਼ਤ ਤੋਂ ਪ੍ਰਮਾਣਿਤ ਮਰਯਾਦਾ ਦੀ ਥਾਂ, ਆਪੋ ਆਪਣੀਆਂ ਰਹੁ-ਰੀਤਾਂ ਚੱਲਦੀਆਂ ਹਨ। ਜਿੱਥੇ ਗੁਰਪੁਰਬ ਘੱਟ ਪਰ ਅਗਲੇ-ਪਿਛਲੇ ਬਾਬਿਆਂ ਦੀਆਂ ਬਰਸੀਆਂ ਬਿਨਾ ਨਾਂਗਾ ਮਨਾਈਆਂ ਜਾਂਦੀਆਂ ਹਨ।
    ਡੇਰਿਆਂ ਨਾਲ ਜੁੜੀਆਂ ਹੋਈਆਂ ਗੁਰ-ਡੰਮੀਏਂ ਸ਼ਰਧਾਲੂਆਂ ਦੀਆਂ ਭੀੜਾਂ ਨੂੰ ‘ਆਪਣੀਆਂ ਵੋਟਾਂ’ ਬਣਾਉਣ ਦੇ ਲੋੜਵੰਦ ਬਾਦਲ ਦਲ ਨੇ ਸਦਾ ਵਾਂਗ ਸਿਆਸੀ ਪੈਂਤੜੇ ਖੇਡਣੇ ਸ਼ੁਰੂ ਕਰ ਦਿੱਤੇ। ਨਵੇਂ ਜਥੇਦਾਰ ਜੀ ਨੇ ਆਪਣੀ ਪਹਿਲੀ ਦੀਵਾਲੀ ਦਿਨ ਹੀ ਕੈਲੰਡਰ ਵਿਚ ‘ਸੋਧਾਂ’ ਕਰਨ ਲਈ, ਅਚਾਨਕ ‘ਸਿੰਘ ਸਾਹਿਬਾਨ’ ਦੀ ਮੀਟਿੰਗ ਸੱਦ ਲਈ। ਅਤਿਅੰਤ ਕਾਹਲੀ ਨਾਲ ਸੱਦੀ ਗਈ ਇਸ ਮੀਟਿੰਗ ਲਈ, ਰਵਾਇਤ ਅਨੁਸਾਰ ਬਾਕੀ ਦੇ ਜਥੇਦਾਰਾਂ ਨੂੰ ਕੋਈ ਏਜੰਡਾ ਹੀ ਨਹੀਂ ਭੇਜਿਆ ਗਿਆ। ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਹਲਕਿਆਂ ਅਨੁਸਾਰ ਇਸ ਹੰਗਾਮੀ ਮੀਟਿੰਗ ਵਿਚ ਇੱਕ ਹੱਥ-ਲਿਖਤ ਖਰੜਾ ਪੇਸ਼ ਕੀਤਾ ਗਿਆ, ਜਿਹਦੇ ਉਂਤੇ ਸਿੰਘ ਸਾਹਿਬਾਨਾਂ ਨੇ ਦਸਖ਼ਤ ਕਰਕੇ ਉਸਨੂੰ ਪ੍ਰਵਾਨਗੀ ਦੇਣੀ ਸੀ। ਕਿਸੇ ਤਰਾਂ ਇਹ ਖਰੜਾ ਕੁੱਝ ਪੱਤਰਕਾਰਾਂ ਅਤੇ ਸਿੱਖ ਆਗੂਆਂ ਦੇ ਹੱਥ ਲੱਗ ਗਿਆ। ਦੱਸਿਆ ਜਾਂਦਾ ਹੈ ਕਿ ਇਹ ਲਿਖਤ ਹਿੰਦੀ-ਨੁਮਾ ਪੰਜਾਬੀ ਵਿਚ ਲਿਖੀ ਹੋਈ ਸੀ! ਇਸ ਵਿਚ ‘ਧਰਮ ਸੰਸਦ ਦੀ ਇਕੱਤਰਤਾ’ ਵਰਗੇ ਸ਼ਬਦਾਂ ਤੋਂ ਸਾਫ਼ ਹੋ ਗਿਆ ਕਿ ਸਿੰਘ ਸਾਹਿਬਾਨਾ ਦੀ ਪ੍ਰਵਾਨਗੀ ਲਈ ਇਹ ਖਰੜਾ ਕਿਸੇ ਹਿੰਦੂ ਸੰਗਠਨ ਵੱਲੋਂ ਲਿਖਿਆ ਹੋਇਆ ਹੈ। ਕੁੱਝ ਸਿੰਘ ਸਾਹਿਬਾਨਾਂ ਵੱਲੋਂ ਇਨਕਾਰ ਕਰਨ ਤੇ ਇਹ ‘ਸੋਧਾਂ’ ਵਾਲਾ ਖਰੜਾ ਪ੍ਰਵਾਨ ਨਾ ਹੋਇਆ। ਕੁੱਝ ਮਹੀਨਿਆਂ ਬਾਅਦ ਦੁਬਾਰਾ ਮੀਟਿੰਗ ਰੱਖੀ ਗਈ ਪਰ ਨਾਨਕਸ਼ਾਹੀ ਕੈਲੰਡਰ ਦੇ ਪੱਕੇ ਹਮਾਇਤੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਜਤਨਾ ਸਦਕਾ ’ਸੋਧਾਂ ਨਾ ਹੋ ਸਕੀਆਂ।
    ਜਥੇਦਾਰਾਂ ਨੇ ਇਹ ’ਸੋਧਾਂ ਵਾਲਾ ਮਾਮਲਾ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਨਾਮ ਲਿਫ਼ਾਫ਼ਿਆਂ ਵਿਚ ਪਾਉਣ ਵਾਲੇ ਸਿਆਸੀ ਆਗੂ ਦੇ ਹੁਕਮਾਂ ਮੁਤਾਬਕ 72 ਘੰਟੇ ਦੇ ਨੋਟਿਸ ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿਚ ਸ਼ਾਮਲ ਇੱਕ ਐਗਜ਼ੈਕਟਿਵ ਕਰਦੇ ਨੇ ਕਿ ਜਦੋਂ ਪ੍ਰਧਾਨ ਮੱਕੜ ਜੀ ਨੇ ਮੈਂਬਰਾਂ ਅੱਗੇ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਵਾਲਾ ‘ਮਤਾ’ ਰੱਖਿਆ ਤਾਂ ਸਾਰੇ ਮੈਂਬਰ ਹੈਰਾਨ ਹੋ ਕੇ ਇੱਕ ਦੂਸਰੇ ਵੱਲ ਨੂੰ ਝਾਕਣ ਲੱਗ ਪਏ! ਦਸਖ਼ਤ ਕਰਨ ਤੋਂ ਆਨਾ ਕਾਨੀ ਕਰ ਰਹੇ ਮੈਂਬਰਾਂ ਵੱਲ ਨਜ਼ਰ ਮਾਰ ਕੇ ਮੱਕੜ ਜੀ ਬੋਲੇ-‘‘ਵੇਖ ਲਓ ਫੇਅ, ‘ਪ੍ਰਧਾਨ ਸਾਹਿਬ’ ਦਾ ਹੁਕਮ ਆਇਆ ਹੋਇਐ?’’ ਇਸ ਵਾਕ ਨੂੰ ‘ਖ਼ੁਦਾਈ ਹੁਕਮ’ ਮੰਨ ਕੇ ਬਾਕੀ ਦਿਆਂ ਮੈਂਬਰਾਂ ਨੇ ਤਾਂ ਦਾੜ੍ਹੀਆਂ ਖੁਰਕਦਿਆਂ ਹੋਇਆਂ ‘ਮਤੇ’ ਉਂਪਰ ‘ਘੁੱਗੀਆਂ’ ਮਾਰ ਦਿੱਤੀਆਂ। ਪਰ ਦੋ ਮੈਂਬਰਾਂ ਦੀਆਂ ਜ਼ਮੀਰਾਂ ਜਾਗ ਪਈਆਂ ਤੇ ਉਹ ਦੋਵੇਂ ਮੀਟਿੰਗ ’ਚ ‘ਵਾਕ-ਆਊਟ’ ਕਰ ਗਏ! ਮੀਟਿੰਗ-ਰੂਮ ’ਚੋਂ ਬਾਹਰ ਵੱਲ ਤੁਰੇ ਜਾਂਦਿਆਂ ਨੂੰ ਉਨ੍ਹਾਂ ਦੋਹਾਂ ਨੂੰ ਮੱਕੜ ਜੀ ਨੇ ਪਿੱਛਿਓਂ ’ਵਾਜ ਮਾਰ ਕੇ ‘ਚਿਤਾਵਨੀ’ ਵਰਗੀ ਲੇਲ੍ਹੜੀ ਵੀ ਕੱਢੀ- ‘‘...... ਸਾਹਿਬ, ਦੋਸਤੀ ਦਾ ਵਾਸਤਾ ਐ ਬਾਹਰ ਜਾ ਕੇ ‘ਅੰਦਰਲੀਆਂ ਗੱਲਾਂ’ ਨਾ ਦੱਸਿਓ!’’
    ਇਸ ਕੁਲਹਿਣੀ ਮੀਟਿੰਗ ਵਿਚ ‘ਪਾਸ ਹੋਏ ’ਸੋਧਾਂ’ ਵਾਲੇ ਮਤੇ ਨੂੰ ਫ਼ੌਰਨ ਸ੍ਰੀ ਅਕਾਲ ਤਖ਼ਤ ’ਤੇ ਪਹੁੰਚਾਇਆ ਗਿਆ। ਸਿਰਫ਼ ਅਠਾਰਾਂ ਘੰਟਿਆਂ ਬਾਅਦ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ, ਬਾਕੀ ਦੇ ਜਥੇਦਾਰਾਂ ਦੀ ਕਿਸੇ ਪ੍ਰਵਾਨਗੀ ਤੋਂ ਬਗੈਰ ਹੀ (ਜ਼ਾਬਤਾ ਪੂਰਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਕੁੱਝ ਗ੍ਰੰਥੀ ਸਿੰਘ ਨਾਲ ਬਿਠਾ ਲਏ ਸਨ) ਚਾਰ ਜਨਵਰੀ 2010 ਨੂੰ ਇੰਜ ਸ੍ਰ. ਪਾਲ ਸਿੰਘ ਪੁਰੇਵਾਲ ਦੀ ਵਰ੍ਹਿਆਂ ਦੀ ਸਖ਼ਤ ਘਾਲਣਾ ਨੂੰ ਕੁੱਝ ਘੰਟਿਆਂ ਵਿਚ ਹੀ ਬਦਰੰਗ ਕਰ ਦਿੱਤਾ ਗਿਆ! ਸਿਆਸੀ ਇਸ਼ਾਰਿਆਂ ’ਤੇ ਹੋਇਆ ਇਹ ਸਾਰਾ ਡਰਾਮਾ, ਭਾਵੇਂ ਮੀਡੀਏ ਨੇ ਦੂਰ-ਦੂਰ ਤੱਕ ਪਹੁੰਚਾ ਦਿੱਤਾ ਪਰ ਸਿੰਘ ਸਾਹਿਬ ਜੀ (ਗਿਆਨੀ ਗੁਰਬਚਨ ਸਿੰਘ) ਹਮੇਸ਼ਾਂ ਵਾਂਗ ਇਹੀ ਕਹਿੰਦੇ ਆ ਰਹੇ ਨੇ-‘‘ਦੇਸ਼ ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਕੀਤੀ ਗਈ ਭਾਰੀ ਮੰਗ ਮੁਤਾਬਿਕ ਕੈਲੰਡਰ ਵਿਚ ਸੋਧਾਂ ਕੀਤੀਆਂ ਗਈਆਂ ਹਨ!’’ ਉਨ੍ਹਾਂ ਦੇ ਇਹ ‘ਬਚਨ’ ਸੁਣ ਕੇ ਫ਼ਾਰਸੀ ਦੀ ਇੱਕ ਕਹਾਵਤ ਯਾਦ ਆਉਂਦੀ ਹੈ-
‘ਚਿ: ਕੁਫ਼ਰ ਅਜ਼ ਕਾਅਬਾ ਬਰਖੇਜ਼ਦ
ਕੁਜਾ ਮਾਨਦ ਮੁਸਲਮਾਨੀ?’
(ਭਾਵ ਕਿ ਜੇ ਮੱਕੇ ਵਿਚ ਹੀ ਕੁਫ਼ਰ ਆ ਵੜੇ ਤਾਂ ਇਸਲਾਮ ਕਿੱਥੇ ਰਹੇਗਾ?)
    ਸਿੱਖ ਪੰਥ ਦੇ ਕੇਂਦਰੀ ਪ੍ਰਬੰਧ ਉਂਪਰ ਪਏ ਸਿਆਸੀ ਗ਼ਲਬੇ ਕਾਰਨ ਨਾਨਕਸ਼ਾਹੀ ਕੈਲੰਡਰ ਦੀ ਰੂਹ ਦੇ ਕੀਤੇ ਗਏ ਕਤਲ ਵਿਰੁੱਧ, ਦੁਨੀਆਂ ਭਰ ਦੇ ਸਿੱਖਾਂ ਵਿਚ ਰੋਹ ਫੈਲ ਗਿਆ! ਸੰਨ 2010 ਵਿਚ ਹੀ ਉਸ ਵੇਲੇ ਦੀ ਦਿੱਲੀ ਗੁਰਦੁਆਰਾ ਕਮੇਟੀ ਨੇ ਵਿਸ਼ਵ ਸਿੱਖ ਕਨਵੈਂਨਸ਼ਨ ਕਰਕੇ ਕਥਿਤ ਸੋਧਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਦੇਸ਼ ਵਿਚ ਵੀ ਅਤੇ ਪ੍ਰਦੇਸ਼ਾਂ ਦੀਆਂ ਜਾਗਰੂਕ ਸਿੰਘ ਸਭਾਵਾਂ ਅਤੇ ਹੋਰ ਅਨੇਕਾਂ ਧਾਰਮਿਕ ਜਥੇਬੰਦੀਆਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਉਣ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ। ਮੂਲ ਕੈਲੰਡਰ ਦੇ ਹੱਕ ਵਿਚ ਹੁਣ ਤੱਕ ਕਈ ਦਰਜਨਾਂ ਸੈਮੀਨਾਰ ਅਤੇ ਵਿਚਾਰ ਗੋਸ਼ਟੀਆਂ ਹੋ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਹ ਮੂਲ ਕੈਲੰਡਰ ਨਾਲ ਕੀਤੀ ਛੇੜ-ਛਾੜ ਦਾ ਹੀ ਨਤੀਜਾ ਸੀ ਕਿ 2015 ਦੇ ਅਖੀਰ ਵਿਚ ਦਸਵੇਂ ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ‘ਸਿੰਘ ਸਾਹਿਬ’ ਨੂੰ ਤਿੰਨ ਵਾਰ ਤਰੀਕਾਂ ਬਦਲਣੀਆਂ ਪਈਆਂ!
    ਬੇਸ਼ੱਕ ਫ਼ਿਲਹਾਲ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਆਸੀ ਜੂਲ਼ਾ ਲਹਿਣ ਦੇ ਹਾਲੇ ਲੱਛਣ ਨਜ਼ਰ ਨਹੀਂ ਆ ਰਹੇ। ਪਰ ਹੁਣ ਜਾਗਰੂਕ ਸੰਗਤਾਂ ਜਥੇਦਾਰ ਨੰਦਗੜ੍ਹ ਜੀ ਵਾਂਗ ਨਾਨਕਸ਼ਾਹੀ ਕੈਲੰਡਰ ਲਈ ਸਿਰਧੜ ਦੀ ਬਾਜ਼ੀ ਲਾਉਣ ਲਈ ਤਿਆਰ-ਬਰ-ਤਿਆਰ ਹਨ। ਦੇਰ ਸਵੇਰ ਮੂਲ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਹੋ ਕੇ ਰਹੇਗਾ।
dupalpuri@yahoo.com
001-408-915-1268