ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਛੋਟੇ ਸ਼ਹਿਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਗੰਭੀਰਤਾ ਨਾਲ ਮਨਾਉਣਾ ਚਾਹੀਦਾ ਹੈ


ਬਘੇਲ ਸਿੰਘ ਧਾਲੀਵਾਲ
99142-58142

ਸੰਸਾਰ ਦੀਆਂ  ਸਾਰੀਆਂ ਹੀ ਕੌਮਾਂ,ਮਜ਼੍ਹਬਾਂ ਦਾ ਆਪਣਾ ਆਪਣਾ ਰਹਿਣ ਢੰਗ,ਆਪਣੇ ਆਪਣੇ ਧਾਰਮਿਕ ਰਹਿਬਰ ਤੇ ਆਪਣੀ ਆਪਣੀ ਧਾਰਮਿਕ ਆਸਥਾ ਹੁੰਦੀ ਹੈ। ਹਰ ਇੱਕ ਕੌਮ ਆਪਣੀ ਕੌਮ ਲਈ ਕੁੱਝ ਕਰ ਗੁਜ਼ਰੇ ਉਨ੍ਹਾਂ ਸੂਰਬੀਰਾਂ ਨੂੰ ਯਾਦ ਵੀ ਆਪਣੇ ਆਪਣੇ ਤਰੀਕੇ ਨਾਲ ਕਰਦੀ ਹੈ।ਪਰੰਤੂ ਹਰੇਕ ਕੌਮ ਦਾ ਇਹ ਦਿਲੋਂ ਤਹੱਈਆ ਹੁੰਦਾ ਹੈ ਕਿ ਆਪਣੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਹਰ ਪਲ ਤਾਜਾਂ ਰੱਖਿਆ ਜਾਵੇ,ਉਨ੍ਹਾਂ ਦੀ ਸੋਚ ਨੂੰ ਜਿਉਂਦਾ ਰੱਖਿਆ ਜਾਵੇ।ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਕੁਰਬਾਨੀ ਤੋਂ ਪਰੇਰਨਾ ਲੈ ਕੇ ਆਪਣੇ ਧਰਮ,ਆਪਣੀ ਕੌਮੀਅਤ ਪਹਿਚਾਣ ਨੂੰ ਬਰਕਰਾਰ ਰੱਖਣ ਲਈ ਸੁਚੇਤ ਰਹਿਣ।ਸਿੱਖ ਧਰਮ ਨੂੰ ਛੱਡ ਕੇ ਬਾਕੀ ਸਾਰੇ ਹੀ ਧਰਮ ਪੁਰਾਣੇ ਧਰਮ ਹਨ।ਸਾਰੀਆਂ ਹੀ ਕੌਮਾਂ ਵਿਚ ਸ਼ਹਾਦਤ ਦੀ ਪਰੰਪਰਾ ਵੀ ਪੁਰਾਣੀ ਹੈ।ਪਰੰਤੂ ਸਿੱਖ ਧਰਮ ਜਿੱਥੇ ਸਭ ਧਰਮਾਂ ਤੋਂ ਉਮਰ ਵਿਚ ਬਹੁਤ ਛੋਟਾ (ਮਹਿਜ਼ ਸਾਢੇ ਕੁ ਪੰਜ ਸੌ ਸਾਲ) ਹੈ ਉਂਥੇ ਇਸ ਨਵੀਨਤਮ ਧਰਮ ਵਿਚ ਕੁੱਝ ਵਿਲੱਖਣਤਾਵਾਂ ਵੀ ਹਨ। ਸਿੱਖ ਧਰਮ ਵਿਚ ਸਭ ਤੋਂ ਵੱਡੀ ਵਿਲੱਖਣਤਾ ਸਭ ਧਰਮਾਂ ਦਾ ਸਤਿਕਾਰ ,ਸਭ ਨੂੰ ਬਰਾਬਰਤਾ ਦਾ ਅਧਿਕਾਰ ਅਤੇ 'ਸਰਬੱਤ ਦੇ ਭਲੇ' ਵਾਲਾ ਅਨੂਠਾ,ਅਟੱਲ ਤੇ ਸਿੱਖੀ ਦਾ ਮੁਢਲਾ ਸਿਧਾਂਤ ਹੈ।ਸਿਰਫ਼ ਇੱਕ ਅਕਾਲ ਪੁਰਖ ਜੋ ਕਣ ਕਣ ਵਿੱਚ ਵਸਦਾ ਹੈ ਤੇ ਪੂਰਨ ਭਰੋਸਾ।ਸਿੱਖ ਧਰਮ ਦਾ ਮਾਰਗ ਦਰਸ਼ਕ,ਯੁੱਗੋ ਯੁੱਗ ਅਟੱਲ,ਜਾਗਦੀ ਜੋਤ,ਸ੍ਰੀ ਗੁਰੂ ਗੰ੍ਰਥ ਸਾਹਿਬ,ਜਿਸ ਦੀ ਬਾਣੀ ਦੁਨੀਆ ਦੇ ਹਰ ਇੱਕ ਪ੍ਰਾਣੀ ਦਾ ਹਰ ਸੰਕਟ ਦੀ ਘੜੀ ਵਿਚ ਬਿਨਾ ਕਿਸੇ ਮਜ਼੍ਹਬੀ ਵਿਤਕਰੇ ਦੇ ਸਹੀ ਮਾਰਗ ਦਰਸ਼ਨ ਕਰਨ ਦੇ ਸਮਰੱਥ ਹੀ ਨਹੀਂ ਬਲਕਿ ਪੂਰੀ ਦੁਨੀਆ ਦੀ ਵਿਗਿਆਨਿਕ ਨਜ਼ਰੀਏ ਤੋਂ ਅਗਵਾਈ ਕਰਨ ਦੇ ਵੀ ਪੂਰੀ ਤਰਾਂ ਸਮਰੱਥ ਹੈ।ਅਗਲੀ ਵਿਲੱਖਣਤਾ ਜੋ ਇਸ ਧਰਮ ਨੂੰ ਇੱਕ ਮਾਰਸ਼ਲ ਧਰਮ ਹੋਣ ਦਾ ਦਰਜਾ ਵੀ ਦਿੰਦੀ ਹੈ ਉਹ ਹੈ ਸਿੱਖ ਕੌਮ ਦਾ ਸੂਹਾ ਇਤਿਹਾਸ ਜੋ ਬੇਤਹਾਸਾ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਜਿਸਦਾ ਇੱਕ ਇੱਕ ਪੱਤਰਾ ਖ਼ੂਨ ਦੇ ਗੂੜ੍ਹੇ ਲਾਲ ਰੰਗ ਵਿੱਚ ਲੱਥ ਪੱਥ ਹੈ।ਜਿਸ ਦਾ ਜਨਮ ਹੀ ਜਬਰ ਜ਼ੁਲਮ ਦੇ ਖ਼ਿਲਾਫ਼ ਹਮੇਸ਼ਾ ਲੜਦੇ ਰਹਿਣ ਲਈ ਹੋਇਆ ਹੋਵੇ।ਜਿਹੜੀ ਕੌਮ ਆਪਣੀ ਇਸ ਇਤਿਹਾਸਿਕ ਬਚਨਵੱਧਤਾ ਤੇ ਪਹਿਰਾ ਦਿੰਦੀ ਹੋਈ ਸ਼ਹਾਦਤਾਂ ਦੇ ਗਾਡੀ ਰਾਹ ਤੇ ਚੱਲਣ ਤੋਂ ਕਦੇ ਰੱਤੀ ਭਰ ਵੀ ਨਾ ਥਿੜਕੀ ਹੋਵੇ, ਜੇਕਰ ਫਿਰ ਵੀ ਉਸ ਕੌਮ ਤੇ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਭੁੱਲ ਕੇ ਅਬੇਸਲੇਪਣ ਦੇ ਦੋਸ਼ ਲੱਗਦੇ ਹੋਣ ਤਾਂ ਜ਼ਰੂਰ ਸਾਨੂੰ ਆਹ ਬਹੁਤ ਹੀ ਮਹੱਤਵਪੂਰਨ ਸ਼ਹਾਦਤੀ ਦਿਹਾੜਿਆਂ ਦੇ ਮੌਕੇ ਤੇ ਕੁੱਝ ਆਪਾ ਪੜਚੋਲ ਕਰਨ ਦੀ ਜ਼ਰੂਰਤ ਹੈ। ਕੀ ਕਾਰਨ ਹੈ ਸਿੱਖ ਕੌਮ ਆਪਣੇ ਕੌਮੀ ਸਹੀਦਾਂ ਦੀਆਂ ਕੁਰਬਾਨੀਆਂ ਨੂੰ ਉਸ ਨਜ਼ਰੀਏ ਨਾਲ ਕਿਉਂ ਨਹੀਂ ਦੇਖਦੀ ਜਿਸ ਦੇ ਉਹ ਹੱਕਦਾਰ ਹਨ ? ਖ਼ਾਲਸਾ ਪੰਥ ਦੇ ਬਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਤਰਾਂ ਕੌਮ ਤੋਂ ਆਪਣਾ ਪਰਿਵਾਰ ਨਿਛਾਵਰ ਕੀਤਾ,ਆਪਣੇ ਜਿਗਰ ਦੇ ਚਾਰ ਟੁਕੜਿਆਂ ਨੂੰ ਕੌਮ ਦੀ ਆਨ ਸ਼ਾਨ ਲਈ ਕੁਰਬਾਨ ਕਰ ਦਿੱਤਾ ਤਾਂ ਕਿ ਕੌਮ ਦੀਆਂ ਜੜਾਂ ਨੂੰ ਮਜ਼ਬੂਤੀ ਦਿੱਤੀ ਜਾ ਸਕੇ।ਛੋਟੇ ਸ਼ਹਿਜ਼ਾਦੇ,ਸ਼ਹਿਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸ਼ਹਿਜ਼ਾਦਾ ਬਾਬਾ ਫ਼ਤਿਹ ਸਿੰਘ ਨੇ ਸੱਤ ਨੌਂ ਅਤੇ ਸੱਤ ਸਾਲ ਦੀ ਉਮਰ ਵਿਚ ਦੁਨੀਆਂ ਸਾਹਮਣੇ ਸ਼ਹਾਦਤ ਦੀ ਜੋ ਮਿਸਾਲ ਪੈਦਾ ਕੀਤੀ ਉਹ ਰਹਿੰਦੀ ਦੁਨੀਆਂ ਤੱਕ ਲਾਮਿਸ਼ਾਲ ਰਹੇਗੀ।  ਤਰਾਂ ਤਰਾਂ ਦੇ ਲਾਲਚ ਅਤੇ ਤਸੀਹੇ ਦੇਣ ਤੋਂ ਬਾਅਦ ਜਦੋਂ ਸਮੇਂ ਦੀ ਹਕੂਮਤ ਇਹ ਰੱਬੀ ਰੂਹਾਂ ਨੂੰ ਥਿੜਕਾਉਣ ਵਿਚ ਨਾਕਾਮਯਾਬ ਰਹੀ ਤਾਂ ਬਹੁਤ ਹੀ ਕਰੂਰਤਾ ਭਰਪੂਰ ਫ਼ੈਸਲਾ ਇਹਨਾਂ ਨੰਨ੍ਹੀਆਂ ਜਿੰਦਾਂ ਨੂੰ ਸਬਕ ਸਿਖਾਉਣ ਦੇ ਮਨਸੂਬੇ ਨਾਲ ਸੂਬਾ ਸਰਹਿੰਦ ਵੱਲੋਂ ਸੁਣਾਇਆ ਗਿਆ,ਜਿਸ ਨੂੰ ਸੁਣਦਿਆਂ ਹੀ ਇਨਸਾਫ਼ ਪਸੰਦ ਤੇ ਸੀਨੇ ਵਿਚ ਕੋਮਲ ਦਿਲ ਰੱਖਣ ਵਾਲੇ ਲੋਕਾਂ ਦੀ ਰੋਟੀ ਛੁੱਟ ਗਈ।ਚਾਰ ਚੁਫੇਰੇ ਇਸ ਫ਼ੈਸਲੇ ਨੂੰ ਲੈ ਕੇ ਤਰਾਹ ਤਰਾਹ ਹੋਣ ਲੱਗੀ।ਮਲੇਰ ਕੋਟਲੇ ਦੇ ਨਵਾਬ ਵੱਲੋਂ ਸੂਬੇਦਾਰ ਦੇ ਇਸ ਫ਼ੈਸਲੇ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਗਿਆ ਕਿ ਇਸਲਾਮ ਬੱਚਿਆਂ ਤੇ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ,ਜੋ ਤੁਸੀਂ ਕਰ ਰਹੇ ਹੋ ਇਹ ਸਭ ਇਸਲਾਮ ਦੇ ਵਿਰੁੱਧ ਹੈ,ਫਿਰ ਵੀ ਸੂਬਾ ਸਰਹਿੰਦ ਵੱਲੋਂ ਆਪਣਾ ਫ਼ੈਸਲਾ ਨਹੀਂ ਬਦਲਿਆ ਗਿਆ ਬਲਕਿ ਨਵਾਬ ਮਲੇਰਕੋਟਲਾ ਨੂੰ ਸ਼ਹਿਜ਼ਾਦਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨਾਲ ਦੁਸ਼ਮਣੀ ਦਾ ਚੇਤਾ ਕਰਵਾਇਆ ਗਿਆ। ਖ਼ੈਰ! ਉਸ ਤੋਂ ਬਾਅਦ ਜੋ ਕੁੱਝ ਦੋਨੋਂ ਸ਼ਹਿਜ਼ਾਦਿਆਂ ਨਾਲ ਵਾਪਰਿਆ,ਨੀਂਹਾਂ ਵਿਚ ਚਿਣਾਏ ਜਾਣ ਤੋਂ ਲੈ ਕੇ ਸ਼ਹਾਦਤ ਦਾ ਅੰਮ੍ਰਿਤ ਪੀਣ ਤੱਕ ਜੋ ਦ੍ਰਿੜ੍ਹਤਾ ਤੇ ਸ੍ਰਿੜਤਾ ਦਾ ਸਬੂਤ ਦੇ ਕੇ ਜਿਸ ਤਰਾਂ ਸ਼ਿੱਦਤ ਨਾਲ ਆਪਣੇ ਧਰਮ ਦੀ ਪਾਲਣਾ ਕੀਤੀ ਉਹ ਸੱਚਮੁੱਚ ਹੀ ਦੁਨੀਆ ਲਈ ਇਹ ਸੋਚ ਪੈਦਾ ਕਰਨ ਲਈ ਕਾਫ਼ੀ ਹੈ ਕਿ ਜਿਸ ਸਿੱਖੀ ਦੇ ਬੂਟੇ ਦੀਆਂ ਜੜਾਂ ਨੂੰ ਗੁਰੂ ਦੇ ਲਾਲਾਂ ਨੇ ਅਦੁੱਤੀਆਂ ਲਾਮਿਸ਼ਾਲ ਕੁਰਬਾਨੀਆਂ ਦੇ ਕੇ ਆਪਣੇ ਖ਼ੂਨ ਨਾਲ ਸਿੰਜਿਆ ਉਹ ਬੂਟਾ ਕਦੇ ਵੀ ਕੁਮਲਾਅ ਨਹੀਂ ਸਕਦਾ।ਇਹ ਵੱਖਰੀ ਗੱਲ ਹੈ ਕਿ ਅਸੀਂ ਉਨ੍ਹਾਂ ਦੀਆਂ ਦਿਲ ਦਹਿਲਾਉਣ ਵਾਲੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਸ਼ਹੀਦੀ ਦਿਹਾੜਿਆਂ ਨੂੰ ਖ਼ੁਸ਼ੀਆਂ ਨਾਲ ਮਨਾਉਂਣਾ ਸ਼ੁਰੂ ਕਰ ਦਿੱਤਾ ਹਨ।ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖ ਕੌਮ ਵਿਚ ਅਥਾਹ ਸ਼ਰਧਾ ਭਾਵਨਾ ਹੋਣ ਦੇ ਬਾਵਜੂਦ ਜਿਸ ਚਲਾਕੀ ਨਾਲ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਖ਼ੁਸ਼ੀਆਂ ਦੇ ਸਮਾਗਮਾਂ ਵਿਚ ਬਦਲ ਦਿੱਤਾ ਗਿਆ ਹੈ ਉਹ ਚਲਾਕ ਤੇ ਮੱਕਾਰ ਲੋਕ ਕੌਣ ਹਨ? ਤਾਂ ਸੁਤੇ-ਸਿੱਧ ਉਂਗਲ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੀ ਉਠਦੀ ਹੈ ਜਿਸ ਦੀ ਜ਼ੁੰਮੇਵਾਰੀ ਸਿੱਖ ਇਤਿਹਾਸ ਨੂੰ ਸਾਂਭਣ ਤੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਦੀ ਬਣਦੀ ਹੈ ਪਰੰਤੂ ਇਹ ਸੰਸਥਾ ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਰੁਤਬਾ ਪ੍ਰਾਪਤ ਹੈ।ਪਰੰਤੂ ਕਾਫ਼ੀ ਵੱਡੇ ਬਜਟ ਵਾਲੀ ਇਹ ਸੰਸਥਾ ਆਪਣੇ ਬਜਟ ਦਾ ਦਸਵਾਂ ਹਿੱਸਾ ਵੀ ਸਿੱਖੀ ਦੀ ਸਾਂਭ ਸੰਭਾਲ ਲਈ ਖ਼ਰਚ ਕਰਨ ਤੋਂ ਅਸਮਰਥ ਰਹੀ ਹੈ।ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿਛਲੇ ਲੰਮੇ ਸਮੇਂ ਤੋਂ ਉਹ ਲੋਕ ਕਾਬਜ਼ ਹਨ ਜਿੰਨਾ ਨੇ ਪੰਜਾਬ ਦੀ ਰਾਜ ਸਤ੍ਹਾ ਦੀ ਪ੍ਰਾਪਤੀ ਦੀ ਭੁੱਖ ਲਈ ਉਨ੍ਹਾਂ ਲੋਕਾਂ ਨਾਲ ਸਾਂਝ ਪਾਈ ਹੋਈ ਹੈ ਜਿਹੜੇ ਸਿੱਖੀ ਨੂੰ ਖ਼ਤਮ ਕਰਨ ਲਈ ਦੇਸ ਦੀ ਆਜ਼ਾਦੀ ਵੇਲੇ ਤੋਂ ਹੀ ਸਰਗਰਮ ਹਨ।ਇਹ ਹੀ ਕਾਰਨ ਹੈ ਕਿ ਸ਼ਕਲ ਸੁਰਤੋਂ ਸਿੱਖ ਦਿਖਾਈ ਦੇਣ ਵਾਲੇ ਇਹ ਲੋਕ ਅਸਲ ਵਿਚ ਸਿੱਖੀ ਭੇਸ ਚ ਸਿੱਖ ਦੁਸ਼ਮਣ ਜਮਾਤ ਆਰ ਐਸ ਐਸ ਲਈ ਕੰਮ ਕਰ ਰਹੇ ਹਨ।ਇਹ ਸਿੱਖ ਵਿਰੋਧੀ ਜਮਾਤ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਮੇਤ ਮਹੱਤਵਪੂਰਨ ਸਿੱਖ ਸੰਸਥਾਵਾਂ ਵਿਚ ਘੁਸਪੈਠ ਕਰਕੇ ਸਿੱਖ ਮਰਯਾਦਾ ਦਾ ਬ੍ਰਾਹਮਣੀਕਰਨ ਕਰ ਦਿੱਤਾ ਹੈ।ਸਿੱਖ ਗੁਰੂ ਸਹਿਬਾਨਾਂ ਦੇ ਜਨਮ ਦਿਹਾੜੇ ਅਤੇ ਸਹੀਦੀ ਦਿਹਾੜਿਆਂ ਸਬੰਧੀ ਭੰਬਲਭੂਸਾ ਪੈਦਾ ਕਰਨ ਪਿੱਛੇ ਇਹਨਾਂ ਸ਼ਕਤੀਆਂ ਦਾ ਇੱਕੋ ਇੱਕ ਮਨੋਰਥ ਸਿੱਖ ਇਤਿਹਾਸ ਨੂੰ ਵਿਗਾੜ ਕੇ ਸਿੱਖ ਧਰਮ ਨੂੰ ਕਮਜ਼ੋਰ ਕਰਨਾ ਹੈ।ਇਸ ਵਾਰੀ ਛੋਟੇ ਸ਼ਹਿਜ਼ਾਦਿਆਂ ਦੀ ਸ਼ਹੀਦੀ ਨੂੰ ਜਿਸ ਤਰਾਂ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਨਾਲ ਰਲਗੱਡ ਕਰਕੇ ਦੋਨੋਂ ਹੀ ਦਿਹਾੜਿਆਂ ਦੀ ਪ੍ਰਮਾਣਿਕਤਾ ਨੂੰ ਢਾਹ ਲਾਉਣ ਲਈ ਆਰ ਐਸ ਐਸ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਾਹੀ ਚਾਲ ਨੂੰ ਕਾਮਯਾਬ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਉਸਨੂੰ ਨਿਸਫਲ ਕਰਨ ਲਈ ਸਿੱਖ ਕੌਮ ਨੂੰ ਅਵੇਸਲਾਪਣ ਤਿਆਗਣਾ ਹੋਵੇਗਾ।ਇੱਕਜੁੱਟਤਾ ਨਾਲ 28 ਦਸੰਬਰ ਵਾਲੇ ਦਿਨ ਛੋਟੇ ਸ਼ਹਿਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਦਾ ਢੰਗ ਲੱਡੂ,ਜਲੇਬੀਆਂ ਅਤੇ ਬਰੈਡ,ਪਕੌੜਿਆਂ ਦੇ ਲੰਗਰ ਲਾਕੇ ਨਹੀਂ ਬਲਕਿ ਉਸ ਦਿਨ ਨੂੰ ਸ਼ਹਿਜ਼ਾਦਿਆਂ ਦੇ ਸਮੇਂ ਨਾਲ ਮੇਲ ਕੇ ਦੇਖਦੇ ਹੋਏ ਉਸ ਦੁਖਦਾਈ ਘੜੀਆਂ ਨੂੰ ਮਹਿਸੂਸ ਕਰਨ ਦੀ ਜਰੂਰਤ ਹੈ,ਕੁੱਝ ਪਲ ਉਨ੍ਹਾਂ ਲਈ ਕੱਢ ਕੇ ਗੁਰਬਾਣੀ ਨਾਲ ਜੁੜਨ ਦੇ ਜਤਨ ਕਰਨੇ ਚਾਹੀਦੇ ਹਨ।ਜੇਕਰ ਅਸੀਂ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜਿਆਂ ਦੀ ਖ਼ੁਸ਼ੀ,ਗ਼ਮੀ ਦੇ ਫ਼ਰਕ ਨੂੰ ਸਮਝਦੇ ਹੋਏ ਇਹਨਾਂ ਦਿਹਾੜਿਆਂ ਨੂੰ ਆਪਣੇ ਕੈਲੰਡਰ ਨਾਨਕਸ਼ਾਹੀ ਅਨੁਸਾਰ ਮਨਾਉਂਣ ਲਈ ਬਚਨਬੱਧ ਹੁੰਦੇ ਹਾਂ ਤਾਂ ਇਹ ਸਾਡੀ ਆਪਣੇ ਪੁਰਖਿਆਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ।