ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਇਹੋ ਜਿਹਾ ਸੀ ਪ੍ਰੋ: ਮੋਹਨ ਸਿੰਘਪ੍ਰੋ: ਮੋਹਨ ਸਿੰਘ ਆਧੁਨਿਕ ਕਾਲ ਦਾ ਪ੍ਰਸਿੱਧ ਪੰਜਾਬੀ ਕਵੀ ਹੈ। ਉਸਨੇ ਆਪਣੀ ਕਾਵਿ ਰੁਚੀ ਦਾ ਪ੍ਰਗਟਾਵਾ ਅਧਵਾਲ ਪਿੰਡ ਵਿਚ ਅਕਾਲੀਆਂ ਦੇ ਇਕ ਦੀਵਾਨ ਵਿਚ ਕੀਤਾ, ਜਿੱਥੇ ਉਨ੍ਹਾਂ ਨੇ ‘ਸਾਡਾ ਗੁਰੂ ਤੇ ਗੁਰੂ ਕਾ ਬਾਗ ਸਾਡਾ’ ਕਵਿਤਾ ਪੜ੍ਹੀ। ਬੱਸ, ਫਿਰ ਕੀ ਸੀ। ਇੱਥੋਂ ਹੀ ਸ਼ੁਰੂ ਹੋ ਗਿਆ ਕਵਿਤਾ ਦਾ ਸਫ਼ਰ। ਇਸੇ ਸਫ਼ਰ ਦੌਰਾਨ ਪ੍ਰੋ: ਮੋਹਨ ਸਿੰਘ ਨੇ ਪ੍ਰਸਿੱਧ ਪੁਸਤਕਾਂ ਕਾਵਿ ਜਗਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ‘ਚਾਰ ਹੰਝੂ’, ‘ਸਾਵੇ ਪੱਤਰ’, ਕਸੁੰਭੜਾ’, ‘ਅਧਵਾਟੇ’, ‘ਕੱਚ ਸੱਚ’, ‘ਆਵਾਜ਼ਾਂ’, ‘ਵੱਡਾ ਵੇਲਾ’, ‘ਜੰਦਰੇ’, ‘ਜੈ ਮੀਰ’, ‘ਬੂਹੇ’ ਅਤੇ ਗੁਰੂ ਨਾਨਕ ਜੀ ਬਾਰੇ ਮਹਾਂਕਾਵਿ ‘ਨਨਕਾਇਣ’ ਜੋ ਗੁਰੂ ਸਾਹਿਬ ਦੀ ਪੰਜਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ।
ਇਸ ਤੋਂ ਇਲਾਵਾ ਬਹੁਤ ਘੱਟ ਪਾਠਕਾਂ ਨੂੰ ਪਤਾ ਹੈ ਕਿ ਮੋਹਨ ਸਿੰਘ ਨੇ ਕਹਾਣੀਆਂ ਵੀ ਲਿਖੀਆਂ, ਜੋ ‘ਨਿੱਕੀ ਨਿੱਕੀ ਵਾਸ਼ਨਾ ਦੇ ਨਾਂਅ ਹੇਠ ਪੁਸਤਕ ਵਿਚ ਛਪੀਆਂ।
ਪ੍ਰੋ: ਮੋਹਨ ਸਿੰਘ ਇਕੋ ਸਮੇਂ ਕਵੀ, ਕਹਾਣੀਕਾਰ, ਪੱਤਰਕਾਰ ਅਤੇ ਪਬਲਿਸ਼ਰ ਦੇ ਰੂਪ ਵਿਚ ਸਾਹਮਣੇ ਆਏ, ਜਦੋਂ ਉਨ੍ਹਾਂ ਨੇ ਲਾਹੌਰ ਤੋਂ ‘ਪੰਜ ਦਰਿਆ’ ਨਾਮੀ ਪਰਚਾ ਕੱਢਣਾ ਸ਼ੁਰੂ ਕੀਤਾ ਅਤੇ ਨਾਲ ਦੀ ਨਾਲ ਲੇਖਕਾਂ ਦੀਆਂ ਪੁਸਤਕਾਂ ਛਾਪਣ ਦਾ ਕੰਮ ਵੀ ਕੀਤਾ। ਕਵਿਤਾ ਤੋਂ ਇਲਾਵਾ ਪ੍ਰੋ: ਮੋਹਨ ਸਿੰਘ ਨੇ ਗ਼ਜ਼ਲ ਦੇ ਖੇਤਰ ਵਿਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। 1954 ਵਿਚ ‘ਆਵਾਜ਼ਾਂ’ ਸਿਰਲੇਖ ਹੇਠ ਛਪੀ ਪੁਸਤਕ ਨਾਲ ਉਨ੍ਹਾਂ ਗ਼ਜ਼ਲ ਦੇ ਖੇਤਰ ਵਿਚ ਪ੍ਰਵੇਸ਼ ਕੀਤਾ।
ਆਮ ਤੌਰ ’ਤੇ ਪ੍ਰੋ: ਮੋਹਨ ਸਿੰਘ ਨੂੰ ਰੁਮਾਂਸਵਾਦੀ ਕਵੀ ਕਿਹਾ ਜਾਂਦਾ ਹੈ ਪਰ ਕਈ ਲੋਕ ਉਸ ਨੂੰ ਪ੍ਰਗਤੀਵਾਦੀ ਕਵੀ ਦਾ ਨਾਂਅ ਦਿੰਦੇ ਹਨ ਪਰ ਜਿਸ ਤਰ੍ਹਾਂ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਪੜ੍ਹ ਕੇ ਅਨੁਭਵ ਕੀਤਾ ਜਾ ਸਕਦਾ ਹੈ ਕਿ ਮੋਹਨ ਸਿੰਘ ਇਕ ਪ੍ਰਗਤੀਸ਼ੀਲ ਕਵੀ ਹੈ, ਜਿਸ ਦੀ ਕਵਿਤਾ ਵਿਚ ਨਿਰੰਤਰ ਤਬਦੀਲੀ ਆਈ ਹੈ। ਉਸਨੇ ਕਿਸੇ ਇਕ ਪੱਖ ਤੋਂ ਨਹੀਂ ਲਿਖਿਆ, ਸਗੋਂ ਆਪਣੀ ਕਵਿਤਾ ਨੂੰ ਸਮੇਂ ਅਨੁਸਾਰ ਢਾਲਿਆ ਹੈ। ਇਹ ਹਰਗਿਜ਼ ਨਹੀਂ ਕਿਹਾ ਜਾ ਸਕਦਾ ਕਿ ਉਹ ਪ੍ਰਗਤੀਵਾਦੀ ਕਵੀ ਹੈ। ਵੈਸੇ ਵੀ ਮਾਰਕਸਵਾਦੀਆਂ ਦੀ ਇਹ ਖ਼ੂਬੀ ਰਹੀ ਹੈ ਕਿ ਜਿਹੜਾ ਲੇਖਕ ਕੋਈ ਜੁਝਾਰੂ ਕਵਿਤਾ ਜਾਂ ਕਹਾਣੀ ਲਿਖਦਾ ਹੈ, ਉਸ ਉਪਰ ਪ੍ਰਗਤੀਵਾਦੀ ਲੇਖਕ ਹੋਣ ਦਾ ਠੱਪਾ ਲਾ ਦਿੰਦੇ ਹਨ ਹਾਲਾਂਕਿ ਅਜਿਹਾ ਕੁਝ ਵੀ ਨਹੀਂ। ਉਹ ਦੌਰ ਹੀ ਅਜਿਹਾ ਸੀ । ਜਦ ਤੱਕ ਕੋਈ ਲੇਖਕ ਮਾਰਕਸਵਾਦ ਦੀ ਗੱਲ ਨਹੀਂ ਸੀ ਕਰਦਾ, ਤਦ ਤੱਕ ਉਸਨੂੰ ਲੇਖਕ ਨਹੀਂ ਸੀ ਮੰਨਿਆ ਜਾਂਦਾ। ਹੋ ਸਕਦੈ ਪ੍ਰੋ: ਮੋਹਨ ਸਿੰਘ ਨੇ ਇਸੇ ਨੀਤੀ ਤਹਿਤ ਅਜਿਹਾ ਲਿਖਿਆ ਕਿ ਉਸ ਉਪਰ ਪ੍ਰਗਤੀਵਾਦੀ ਕਵੀ ਦਾ ਠੱਪਾ ਲੱਗ ਗਿਆ। ਪ੍ਰਿੰ. ਸੰਤ ਸਿੰਘ ਸੇਖੋਂ ਦੇ ਸੰਪਰਕ ਵਿਚ ਆਉਣ ਪਿੱਛੋਂ ਪ੍ਰੋ: ਮੋਹਨ ਸਿੰਘ ਉ¤ਪਰ ਉਸਦਾ ਪ੍ਰਭਾਵ ਤਾਂ ਪਿਆ ਪਰ ਇਹ ਮੁਕੰਮਲ ਤੌਰ ’ਤੇ ਨਹੀਂ ਆਖਿਆ ਜਾ ਸਕਦਾ ਕਿ ਉਹ ਇਕ ਪ੍ਰਗਤੀਵਾਦੀ ਕਵੀ ਸੀ। ਉਹ ਬਹੁਦਿਸ਼ਾਵੀ ਕਵੀ ਹੈ, ਜਿਸ ਨੇ ਧਾਰਮਿਕ, ਰੁਮਾਂਸਵਾਦੀ, ਮਾਨਵਤਾਵਾਦੀ, ਦੇਸ਼ ਪਿਆਰ ਪ੍ਰਤੀ ਅਤੇ ਜੁਝਾਰੂ ਕਵਿਤਾ ਲਿਖੀ ਹੈ ਅਤੇ ਆਧੁਨਿਕ ਕਵਿਤਾ ਨੂੰ ਅਜਿਹੀ ਦੇਣ ਦਿੱਤੀ, ਜਿਸਦਾ ਪੰਜਾਬੀ ਸਾਹਿਤ ਹਮੇਸ਼ਾ ਰਿਣੀ ਰਹੇਗਾ।
ਉਸਦੀ ਕਵਿਤਾ ਦਾ ਮੁਹਾਵਰਾ ਅਤੇ ਮੁਹਾਂਦਰਾ ਅਸਲੋਂ ਵੱਖਰਾ ਅਤੇ ਨਿਵੇਕਲਾ ਹੈ। ਉਹ ਠੁੱਕਦਾਰ ਸ਼ਬਦਾਵਲੀ, ਲੱਠੇਦਾਰ ਮੁਹਾਵਰੇ ਅਤੇ ਚੋਭਦਾਰਾਂ ਵਰਗੀ ਬਣਤਰ ਅਤੇ ਬੁਣਤਰ ਦਾ ਸਿਰਜਕ ਕਵੀ ਹੈ। (ਡਾ. ਹਰਚੰਦ ਸਿੰਘ ਬੇਦੀ)
ਇਸ ਤੋਂ ਵੀ ਅੱਗੇ ਜੇ ਮੋਹਨ ਸਿੰਘ ਦੀ ਕਵਿਤਾ ਨੂੰ ਗਹਿਰਾਈ ਨਾਲ ਪਰਖੀਏ ਤਾਂ ਸਿੱਧ ਹੁੰਦਾ ਹੈ ਕਿ ਉਹ ਆਧੁਨਿਕ ਅਤੇ ਪ੍ਰਗਤੀਵਾਦੀ ਹੁੰਦਿਆਂ ਵੀ ਪ੍ਰੰਪਰਾ ਨਾਲ ਗੂੜ੍ਹੀ ਤਰ੍ਹਾਂ ਜੁੜਿਆ ਹੋਇਆ ਸੀ। ਇਸ ਪ੍ਰੰਪਰਾ ਦਾ ਉਸ ਉ¤ਪਰ ਪ੍ਰਭਾਵ ਕਈ ਰੰਗਾਂ ਅਤੇ ਰੂਪਾਂ ਵਿਚ ਹੈ। ਅਸਲ ਗੱਲ ਇਹ ਹੈ ਕਿ ਹਰ ਆਧੁਨਿਕ ਕਹੀ ਜਾਣ ਵਾਲੀ ਚੀਜ਼ ਵਿਚ ਪ੍ਰੰਪਰਾ ਦੇ ਬੀਜ ਸੁਤੇ-ਸਿੱਧ ਹੀ ਪ੍ਰਵੇਸ਼ ਕਰ ਜਾਂਦੇ ਹਨ। ਪ੍ਰੰਪਰਾ ਨਾਲ ਜੁੜਨਾ ਕੋਈ ਮਿਹਣਾ ਨਹੀਂ, ਸਗੋਂ ਇਸ ਨਾਲ ਜੁੜ ਕੇ ਨਵੇਂ ਤਜ਼ਰਬੇ ਕਰਕੇ ਆਧੁਨਿਕਤਾ ਪੈਦਾ ਕਰਨੀ ਹੀ ਲੇਖਕ ਦੀ ਵਿਲੱਖਣਤਾ ਹੈ। (ਡਾ. ਧਰਮ ਸਿੰਘ)
ਜਦੋਂ ਮੋਹਨ ਸਿੰਘ ਪੰਜਾਬੀ ਸ਼ਾਇਰੀ ਦੇ ਖੇਤਰ ਵਿਚ ਹਾਲੇ ਪ੍ਰਵੇਸ਼ ਹੀ ਕਰ ਰਿਹਾ ਸੀ ਤਾਂ ਉਸ ਦਾ ਸੰਪਰਕ ਪ੍ਰਿੰ. ਤੇਜਾ ਸਿੰਘ ਵਰਗੇ ਸਾਹਿਤਕ ਦਾਨਿਸ਼ਵਰ ਨਾਲ ਹੋ ਗਿਆ। ਉਹਨਾਂ ਨੇ ਮੋਹਨ ਸਿੰਘ ਨੂੰ ਮਨੁੱਖੀ ਜੀਵਨ ਬਾਰੇ, ਮਨੁੱਖੀ ਪਿਆਰ ਬਾਰੇ ਅਤੇ ਮਨੁੱਖੀ ਸਬੰਧਾਂ ਬਾਰੇ ਕਵਿਤਾ ਲਿਖਣ ਦੀ ਪ੍ਰੇਰਨਾ ਵੀ ਦਿੱਤੀ। ਮੋਹਨ ਸਿੰਘ ਨੇ ਇਹ ਕੀਮਤੀ ਸੁਝਾਅ ਪ੍ਰਵਾਨ ਕਰਦੇ ਹੋਏ ਇਸ ਕੌਲ-ਇਕਰਾਰ ਨੂੰ ਤੋੜ ਨਿਭਾਉਣ ਦੇ ਸੁਚੇਤ ਉਪਰਾਲੇ ਕੀਤੇ ਹਨ। ਜੇਕਰ ਮੋਹਨ ਸਿੰਘ ਦੀ ਸਮੁੱਚੀ ਕਵਿਤਾ ਵਿਚੋਂ ਮਨੁੱਖੀ ਪਿਆਰ ਦੇ ਚਿੱਤਰ ਜਾਂ ਪ੍ਰਸੰਗ ਗਾਇਬ ਕਰ ਦਿੱਤੇ ਜਾਣ ਤਾਂ ਉਸਦੀ ਕਵਿਤਾ ਰਸਹੀਣ, ਰੰਗਹੀਣ ਅਤੇ ਨਿਰੀ ਤੁਕਬੰਦੀ ਬਣ ਕੇ ਰਹਿ ਜਾਵੇਗੀ। ਉਸਦੀ ਕਵਿਤਾ ਦੀ ਸਾਰਥਿਕਤਾ ਮਨੁੱਖੀ ਰਿਸ਼ਤਿਆਂ ਦੇ ਪਰਿਪੇਖ ਵਿਚ ਪਛਾਣੀ ਜਾ ਸਕਦੀ ਹੈ। (ਡਾ. ਜੀਤ ਸਿੰਘ ਜੋਸ਼ੀ)
Êਪ੍ਰੋ: ਮੋਹਨ ਸਿੰਘ ਦਾ ਬਚਪਨ ਵਧੀਆ ਬੀਤਿਆ ਕਿਉਂਕਿ ਉਨ੍ਹਾਂ ਦੇ ਪਿਤਾ ਕਿੱਤੇ ਵਜੋਂ ਡਾਕਟਰ ਸਨ। ਮੱਧਵਰਗੀ ਪਰਿਵਾਰ ਵਿਚ ਕਵਿਤਾ ਦਾ ਕੋਈ ਮਾਹੌਲ ਨਹੀਂ ਸੀ। ਇਹ ਨਹੀਂ ਕਿਹਾ ਜਾ ਸਕਦਾ ਕਿ ਪ੍ਰੋ: ਸਾਹਿਬ ਨੂੰ ਕਵਿਤਾ ਵਿਰਸੇ ਵਿਚੋਂ ਮਿਲੀ ਹੈ। ਨਾ ਹੀ ਸ਼ੁਰੂ ਵਿਚ ਮੋਹਨ ਸਿੰਘ ਨੇ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਹੰਢਾਇਆ। ਹਾਂ ਭਾਰਤ-ਪਾਕਿ ਵੰਡ ਤੋਂ ਪਿੱਛੋਂ ਦਾ ਦੌਰ ਮੋਹਨ ਸਿੰਘ ਤੇ ਜ਼ਰੂਰ ਭਾਰੂ ਰਿਹਾ। ਜਦੋਂ ਉਨ੍ਹਾਂ ਨੂੰ ਡੇਅਰੀ ਦਾ ਕੰਮ, ਫਰਨੀਚਰ ਦਾ ਕੰਮ ਅਤੇ ਥੋੜ੍ਹਾ ਚਿਰ ਹੋਟਲ ਰੈਸਟੋਰੈਂਟ ਦਾ ਕੰਮ ਵੀ ਕਰਨਾ ਪਿਆ।
ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪੋਠੋਹਾਰ ਦੀ ਧਰਤੀ, ਜਿਸਨੂੰ ਇਹ ਕਹਿ ਲਈਏ ਕਿ ਇਹ ਵਰ ਪ੍ਰਾਪਤ ਸੀ ਕਿ ਉਸ ਧਰਤੀ ਨੇ ਅਨੇਕਾਂ ਹੀ ਮਹਾਨ ਲੇਖਕਾਂ, ਜਿਨ੍ਹਾਂ ਵਿਚ ਗੁਰਮੁਖ ਸਿੰਘ ਮੁਸਾਫ਼ਿਰ, ਕਰਤਾਰ ਸਿੰਘ ਦੁੱਗਲ, ਡਾ. ਸ਼ਵਿੰਦਰ ਸਿੰਘ ਉ¤ਪਲ, ਮੋਹਨ ਕਾਹਲੋਂ ਅਤੇ ਡਾ. ਹਰਨਾਮ ਸਿੰਘ ਸ਼ਾਨ ਨੂੰ ਜਨਮ ਦਿੱਤਾ। ਉਸੇ ਮਿੱਟੀ ਵਿਚ ਖੇਡ ਕੇ, ਉਹਨਾਂ ਹਵਾਵਾਂ ਦੀਆਂ ਸੁਗੰਧੀਆਂ ਨੂੰ ਮਾਣ ਕੇ ਅਤੇ ਉਸ ਇਲਾਕੇ ਦਾ ਮਿੱਠਾ ਪਾਣੀ ਪੀ-ਪੀ ਮੋਹਨ ਸਿੰਘ ਸ਼ਾਇਰ ਬਣ ਗਿਆ। ਚੜ੍ਹਦੀ ਉਮਰ ਵਿਚ ਜਵਾਨੀ ਦਾ ਜੋਸ਼ ਉਸ ਅੰਦਰ ਠਾਠਾਂ ਮਾਰ ਰਿਹਾ ਸੀ ਅਤੇ ਇਸੇ ਰੁਮਾਂਸਵਾਦੀ ਜੋਸ਼ ’ਚੋਂ ਹੋਇਆ ਕਵਿਤਾ ਦਾ ਜਨਮ, ਜਿਸ ਬਾਰੇ ਕਵੀ ਆਪ ਹੀ ਕਹਿੰਦਾ ਹੈ-
ਆਪਣੀ ਜਾਤ ਵਿਖਾਲਣ ਬਦਲੇ, ਰੱਬ ਨੇ ਹੁਸਨ ਬਣਾਇਆ
ਦੇਖ ਹੁਸਨ ਦੇ ਤਿੱਖੇ ਜਲਵੇ ਜ਼ੋਰ ਇਸ਼ਕ ਨੇ ਪਾਇਆ
ਫੁਰਿਆ ਜਦੋਂ ਇਸ਼ਕ ਦਾ ਜਾਦੂ ਦਿਲ ਵਿਚ ਕੁੱਦੀ ਮਸਤੀ
ਇਹ ਮਸਤੀ ਜਦ ਬੋਲ ਉ¤ਠੀ ਤਾਂ ਹੜ੍ਹ ਕਵਿਤਾ ਦਾ ਆਇਆ
ਇਸਤੋਂ ਪਿੱਛੋਂ ਜਦੋਂ ਪ੍ਰੋ: ਮੋਹਨ ਸਿੰਘ ਦੀ ਪਹਿਲੀ ਪਤਨੀ ਬਸੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੀ ਹੈ ਤਾਂ ਮੋਹਨ ਸਿੰਘ ਆਪ ਮੁਹਾਰੇ ਲਿਖਦਾ ਹੈ –
‘ਮੋਹਨ! ਕਿੰਜ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ’
ਜਦੋਂ ਉਸਦੇ ਮਨ ਅੰਦਰ ਕਿਸੇ ਕਲਪਿਤ ਹੁਸੀਨਾ ਦੀ ਤਸਵੀਰ ਸਾਕਾਰ ਹੁੰਦੀ ਹੈ ਤਾਂ ਉਹ ਇਸਦਾ ਐਲਾਨ ਸ਼ਰ੍ਹੇਆਮ ਕਰਦਾ ਹੈ।
ਮੈਂ ਜੀਵਾਂ ਇਕ ਕੁੜੀ ਲਈ
ਮੈਂ ਥੀਵਾਂ ਇਕ ਕੁੜੀ ਲਈ
ਖ਼ਬਰ ਨਹੀਂ ਉਹ ਕਿੱਥੇ ਰਹਿੰਦੀ?
ਸ਼ਾਇਦ ਮੇਰੇ ਅੰਦਰਵਾਰੇ
ਯਾਂ ਫਿਰ ਸੱਤ ਸਮੁੰਦਰੋਂ ਪਾਰ,
ਕਿਸੇ ਸੁਨਹਿਰੀ ਟਾਪੂ ਅੰਦਰ
ਰਹੀ ਸੁਗੰਧ ਖਿਲਾਰ     ਮੈਂ ਜੀਵਾਂ ਇਕ ਕੁੜੀ ਲਈ (ਕੁਸੰਭੜਾ)
ਅੰਮ੍ਰਿਤਾ ਪ੍ਰੀਤਮ ਨਾਲ ਮੋਹਨ ਸਿੰਘ ਦੇ ਚਰਚੇ ਉਸ ਵੇਲੇ ਹਰ ਇਕ ਦੀ ਜ਼ੁਬਾਨ ’ਤੇ ਸਨ। ਉਸ ਯੁੱਗ ਨੂੰ ਅੰਮ੍ਰਿਤਾ-ਮੋਹਨ ਸਿੰਘ ਯੁੱਗ ਕਿਹਾ ਜਾਂਦਾ ਹੈ। ਬੇਸ਼ੱਕ ਪ੍ਰੋ: ਮੋਹਨ ਸਿੰਘ, ਆਪਣੀਆਂ ਕਵਿਤਾਵਾਂ ਰਾਹੀਂ ਮੁਹੱਬਤ ਦਾ ਇਜ਼ਹਾਰ ਕਰਦਾ ਹੈ ਪਰ ਉਸਦੇ ਦਿਲ ਨੂੰ ਉਦੋਂ ਠੇਸ ਪੁਜਦੀ ਹੈ, ਜਦੋਂ ਅੰਮ੍ਰਿਤਾ ਪ੍ਰੀਤਮ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿਚ ਮੋਹਨ ਸਿੰਘ ਦਾ ਜ਼ਿਕਰ ਤੱਕ ਨਹੀਂ ਕਰਦੀ ਅਤੇ ਉਹ ਸ਼ਰ੍ਹੇਆਮ ਲਿਖਦੀ ਹੈ ਕਿ ਸਾਹਿਰ ਅਤੇ ਇਮਰੋਜ਼ ਹੀ ਉਸਦੀ ਜ਼ਿੰਦਗੀ ਦਾ ਹਿੱਸਾ ਹਨ।
ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਮੋਹਨ ਸਿੰਘ ਦਾ ਪਿਆਰ ਇਕਪਾਸੜ ਸੀ ਅਤੇ ਉਹ ਪਿਆਰ ਵਿਚ ਹਾਰ ਮੰਨ ਕੇ ਹੀ ਆਪਣੇ ਆਪ ਨੂੰ ਸੰਤੁਸ਼ਟ ਸਮਝਦਾ ਹੈ :
ਨਾ ਹੀ ਸੱਜਣ ਮੈਨੂੰ ਗਲ ਨਾਲ ਲਾਵੇ
ਨਾ ਹੀ ਸੱਜਣ ਮੈਨੂੰ ਬੂਹਿਓਂ ਉਠਾਵੇ
ਮੈਂ ਨਾ ਰਦ ਨਾ ਮਨਜ਼ੂਰ
ਜਾਂ
ਬਹੁਤੀ ਬੀਤ ਗਈ ਵਾਅਦਿਆਂ ਤੇ ਲਾਰਿਆਂ ਦੇ ਨਾਲ
ਬਾਕੀ ਕੱਟ ਲਾਂਗੇ ਯਾਦਾਂ ਦੇ ਸਹਾਰਿਆਂ ਦੇ ਨਾਲ
ਜਾਂ
ਆਖ਼ਰ ਸੀ ਅਸਰ ਹੋਵਣਾ ਕੁੱਝ ਤਾਂ ਬਹਾਰ ਦਾ
ਸਾਡੇ ਵੀ ਵਿਹੜੇ ਖਿੜ ਪਿਆ ਫੁੱਲ ਇੰਤਜ਼ਾਰ ਦਾ
ਜੀਵਨ ਸੀ ਇਕੋ, ਪਹਿਲੀ ਹੀ ਬਾਜ਼ੀ ’ਚ ਹਾਰਿਆ
ਹਾਏ! ਜੇ ਹੋਰ ਹੋਂਵਦੇ ਰੱਜ ਕੇ ਤਾਂ ਹਾਰਦਾ
ਆਪਣੀ ਕਾਵਿਕ ਗਤੀਸ਼ੀਲਤਾ ਬਾਰੇ ਸ਼ਾਇਰ ਆਪਣੀ ਹੀ ਕਵਿਤਾ ਵਿਚ ਲਿਖਦਾ ਹੈ:
ਮੈਂ ਸ਼ਾਇਰ ਰੰਗ ਰੰਗੀਲਾ
ਮੈਂ ਪਲ-ਪਲ ਰੰਗ ਵਟਾਵਾਂ
ਜੇ ਵਟਦਾ ਰਹਾਂ ਤਾਂ ਜੀਵਾਂ
ਜੇ ਖੱਲਾਂ ਤਾਂ ਮਰ ਜਾਵਾਂ
ਹੈ ਜੀਵਨ ਅਦਲਾ-ਬਦਲੀ
ਤੇ ਹੋਵਾਂ ਰੰਗ ਬਰੰਗਾ
ਸੌ ਮੁਰਦੇ ਭਗਤਾਂ ਕੋਲੋਂ
ਇਕ ਜਿਉਂਦਾ ਜ਼ਾਲਮ ਚੰਗਾ (ਸਾਵੇ ਪੱਤਰ)
ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਕਿਸੇ ਇਕ ਧਿਰ ਨਾਲ ਆਪਣੇ-ਆਪ ਨੂੰ ਬੰਨ੍ਹ ਕੇ ਕਵਿਤਾ ਲਿਖਦਾ ਰਿਹਾ, ਸਗੋਂ ਉਸਦੀ ਕਵਿਤਾ ਤਾਂ ਨਿਰੰਤਰ ਗਤੀਸ਼ੀਲ ਹੈ। ਉਸ ਅੰਦਰ ਆਪਣੇ ਲੋਕਾਂ ਪ੍ਰਤੀ ਅੰਤਾਂ ਦਾ ਸਨੇਹ ਹੈ। ਉਹ ਦੇਸ਼ ਨੂੰ ਹੀ ਨਹੀਂ, ਸਗੋਂ ਲੋਕਾਂ ਨੂੰ ਆਜ਼ਾਦ ਹੁੰਦੇ ਵੇਖਣਾ ਚਾਹੁੰਦਾ ਸੀ। ਉਸ ਵੇਲੇ ਆਜ਼ਾਦੀ ਦਾ ਸੁਪਨਾ ਸਿਰਫ਼ ਸਿਆਸੀ ਆਜ਼ਾਦੀ ਹੀ ਨਹੀਂ ਸੀ, ਸਗੋਂ ਸਮਾਜਿਕ-ਆਰਥਿਕ ਬਰਾਬਰਤਾ ਵੀ ਇਸੇ ਆਜ਼ਾਦੀ ਦਾ ਅੰਗ ਸਨ ਪਰ ਦੇਸ਼ ਦੇ ਆਜ਼ਾਦ ਹੋਣ ’ਤੇ ਅਮੀਰੀ-ਗਰੀਬੀ ਦਾ ਪਾੜਾ, ਸਗੋਂ ਹੋਰ ਵਧ ਗਿਆ, ਜਿਸਨੂੰ ਸ਼ਾਇਰ ਆਪਣੀ ਕਵਿਤਾ ਵਿਚ ਇਸ ਤਰ੍ਹਾਂ ਬਿਆਨ ਕਰਦਾ ਹੈ :
ਅੰਬਰੋਂ ਉ¤ਤਰੀ ਆਜ਼ਾਦੀ ਦੀ ਪਰੀ
ਬਿਰਲਿਆਂ ਅਤੇ ਟਾਟਿਆਂ ਨੇ ਬੋਚ ਲਈ
ਦਿਸਦੀਆਂ ਜ਼ੰਜੀਰਾਂ ਬੇਸ਼ੱਕ ਲੱਥੀਆਂ
ਪਰ ਅਦਿੱਖ ਕੜੀਆਂ ਅਜੇ ਪਲਿਅੱਥੀਆਂ
ਨਾਲ ਆਜ਼ਾਦੀ ਜੋ ਸਧਰਾਂ ਜਾਗੀਆਂ
ਖਾ ਕੇ ਧੱਫਾ ਫੇਰ ਪਿੱਛੇ ਜਾ ਪਈਆਂ
ਕੁੱਝ ਸੌ ਟੱਬਰ ਤੇ ਹੋਇਆ ਏ ਖ਼ੁਸ਼ਹਾਲ
ਬਾਕੀਆਂ ਦਾ ਮਹਿਲਾਂ ਤੋਂ ਵੀ ਮੰਦਾ ਹਾਲ
ਕੁਝ ਸੌ ਮੂੰਹਾਂ ਦੇ ਉ¤ਤੇ ਰੌਣਕਾਂ
ਬਾਕੀ ਪਹਿਲਾਂ ਤੋਂ ਵੀ ਮਰੀਅਲ ਸੂਰਤਾਂ (ਕੱਚ ਸੱਚ)
ਆਪਣੇ ਦੇਸ਼ ਦੇ ਟੋਟੇ-ਟੋਟੇ ਹੁੰਦੇ ਵੇਖ ਕੇ ਮਨੁੱਖਤਾ ਦਾ ਬੇਦੋਸ਼ਾ ਡੁੱਲ੍ਹਿਆ ਲਹੂ ਵੇਖ ਕੇ ਅਤੇ ਗਾਂਧੀ ਨਹਿਰੂ-ਪਟੇਲ-ਜਿਨਾਹ ਦੀ ਗੱਦੀਆਂ ਦੀ ਲੜਾਈ ਪਿੱਛੇ ਧਰਮ ਦੇ ਨਾਂਅ ’ਤੇ ਆਮ ਲੋਕਾਂ ਦਾ ਘਾਣ ਹੁੰਦਾ ਵੇਖ ਕੇ ਪ੍ਰੋ: ਮੋਹਨ ਸਿੰਘ ਗੁਰੂ ਨਾਨਕ ਨੂੰ ਸੰਬੋਧਿਤ ਹੋ ਕੇ ਇਉਂ ਲਿਖਦਾ ਹੈ-
ਆ ਬਾਬਾ ਤੇਰਾ ਵਤਨ ਵਿਰਾਨ ਹੋ ਗਿਆ
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ
ਕਲਯੁੱਗ ਹੈ ਰਥ ਅਗਨ ਦਾ ਤੈਂ ਆਪ ਆਖਿਆ
ਮੁੜ ਕੂੜ ਉਸ ਰਥ ਦਾ ਹੈ ਰਥਵਾਨ ਹੋ ਗਿਆ
ਹਿੰਦਵਾਣੀਆਂ, ਤੁਰਕਾਣੀਆਂ ਦੋਹਾਂ ਦੀ ਪਤ ਗਈ
ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ
ਮੁੜ ਭਾਗੋਆਂ ਦੀ ਚਾਦਰੀਂ ਛਿੱਟੇ ਨੇ ਖ਼ੂਨ ਦੇ
ਮੁੜ ਲਾਲੋਆਂ ਦੇ ਲਹੂ ਦਾ ਨੁਚੜਾਨ ਹੋ ਗਿਆ (ਗੁਰੂ ਨਾਨਕ ਨੂੰ)
ਉਸਨੇ ਜੁਝਾਰੂ ਕਵਿਤਾ ਵੀ ਲਿਖੀ, ਜਿਸ ਵਿਚ ਕਿਰਤੀ, ਕਾਮਿਆਂ, ਮਜ਼ਦੂਰਾਂ, ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਬਹੁਤ ਹੀ ਸਿੱਧ ਪੱਧਰੀ ਲੋਕ ਭਾਸ਼ਾ ਵਿਚ ਰਚੀ ਇਹ ਕਵਿਤਾ ਵਿਚ ਬੇਸ਼ੱਕ ਕਾਵਿਕ ਅੰਸ਼ ਘੱਟ ਹਨ ਪਰ ਉਹ ਜਨ ਸਮੂਹ ’ਤੇ ਆਪਣਾ ਪ੍ਰਭਾਵ ਪ੍ਰਤੱਖ ਪਾਉਂਦੇ ਹਨ।
ਪੂੰਜੀਦਾਰਾ ਮੰਨਿਆ ਤੂੰ ਜੇਲ੍ਹਖਾਨੇ ਭਰ ਦਿੱਤੇ
ਬਾਕੀ ਦੇ ਕਿਰਸਾਨ ਕਿਰਤੀ ਧਰਤੀ ਥੱਲੇ ਕਰ ਦਿੱਤੇ
ਉਹਨਾਂ ਨੂੰ ਬੇਪਰ ਤੂੰ ਕੀਤਾ ਜਿਨ੍ਹਾਂ ਤੈਨੂੰ ਪਰ ਦਿੱਤੇ
ਆਉਣ ਵਾਲੀ ਪਰ ਕਿਆਮਤ ਹੋਣ ਵਾਲੀ ਹੋਏਗੀ
ਤਾਂਬੇ ਦਾ ਅਸਮਾਨ ਬਣਸੀ ਧਰਤ ਹੋਸੀ ਲੋਹੇ ਦੀ
ਉਠਣਾ ਜਨਤਾ ਦਾ ਹੜ੍ਹ ਹਾਥੀ ਜਿਵੇਂ ਚਿੰਘਾੜਨਾ
ਧੁੱਸ ਜਿਸਨੇ ਮਾਰ ਕੇ ਤੇਰਾ ਅੰਡਬਰ ਪਾੜਨਾ
ਇਸੇ ਤਰ੍ਹਾਂ-
    ਦਾਤੀਆਂ ਹਥੌੜਿਆਂ ਦੀ ਤੁਹਾਨੂੰ ਪਾਵਾਂ ਸਹੁੰ ਜੀ
        ਨਹੁੰ-ਨਹੁੰ ਖੋਟੇ ਰਾਖਸ਼ਾਂ ਦੀ ਸੰਘੀ ਦਿਓ ਨਹੁੰ ਜੀ
        ਅੱਗੇ ਵਧੋ ਲੋਕੋ ਪਾ ਕੇ ਹੱਥਾਂ ਵਿੱਚ ਹੱਥ ਜੀ
        ਕਿਰਤੀਓ ਕਿਸਾਨੋ ਵੇਲਾ ਆਉਣ ਨਾ ਵੱਤ ਜੀ (ਘੋਲ)
            ਜਾਂ
        ਜਾਗ ਕਿਰਸਾਨਾ ਤਿੱਖੀ ਹੋ ਗਈ ਆ ਲੁੱਟ ਵੇ
        ਕਹਿਣਾ ਅਜੀਤ ਸਿੰਘ ਦਾ ਭੁੰਜੇ ਨਾ ਸੁੱਟ ਵੇ
        ਕੁੱਝ ਤਾਂ ਵਿਚਾਰ ਤੇਰਾ ਮੰਦਾ ਕਿਉਂ ਹਾਲ ਓ
        ਪਗੜੀ ਸੰਭਾਲ ਓ ਜੱਟਾ ਪਗੜੀ ਸੰਭਾਲ ਓ (ਆਵਾਜ਼ਾਂ)
    ਉਸ ਅੰਦਰ ਮਜ਼ਦੂਰਾਂ ਪ੍ਰਤੀ ਦਰਦ ‘ਤਾਜ ਮਹੱਲ’ ਕਵਿਤਾ ਵਿਚੋਂ ਵੇਖਿਆ ਜਾ ਸਕਦਾ ਹੈ-
        ਏਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ
        ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ ਕੁਰਲਾਈ
        ਕੀ ਉਹ ਹੁਸਨ, ਹੁਸਨ ਹੈ ਸੱਚ ਮੁੱਚ
        ਯਾਂ ਉਂਜੇ ਹੀ ਛਲਦਾ
        ਲੱਖ ਗਰੀਬਾਂ ਮਜ਼ਦੂਰਾਂ ਦੇ
        ਹੰਝੂਆਂ ’ਤੇ ਜੋ ਪਲਦਾ
    ਮੋਹਨ ਸਿੰਘ ਇਕ ਚੇਤੰਨ ਕਵੀ ਹੈ। ਜਿੱਥੇ ਉਸਨੇ ਹੋਰ ਪਾਸੇ ਕਲਮ ਅਜ਼ਮਾਈ, ਉਥੇ ਉਹ ਇਸ ਧਰਤੀ ਵਿਚ ਜੰਮਿਆ, ਪਲਿਆ, ਖੇਡਿਆ, ਵੱਡਾ ਹੋਇਆ, ਉਸ ਬਾਰੇ ਵੀ ਉਸ ਅੰਦਰ ਅਥਾਹ ਸ਼ਰਧਾ, ਪ੍ਰੇਮ ਅਤੇ ਮੋਹ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦਾ ਜ਼ਿਕਰ ਆਪਣੀਆਂ ਕਵਿਤਾਵਾਂ ਵਿਚ ਕਵੀ ਇਸ ਤਰ੍ਹਾਂ ਕਲਮਬੱਧ ਕਰਦਾ ਹੈ।
        ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ
        ਭਾਰਤ ਹੈ ਜੇ ਸ਼ਰਾਬ ਇਹ ਨਸ਼ਾ ਸ਼ਰਾਬ ਦਾ
            ਜਾਂ
        ਆਓ ਕੋਈ ਮੁਹੱਬਤ ਦੀ ਗੱਲ ਕਰੀਏ
        ਤੇ ਬਿਸਮਿੱਲਾ ਕਹਿ ਕੇ
        ਪੰਜਾਬ ਦੀ ਖ਼ੈਰ ਦਾ ਜਾਮ ਭਰੀਏ
        ਇਕ ਪਊਆ ਸਦੀ ਅਸਾਂ ਬੜੀ ਜ਼ਹਿਰ ਪੀਤੀ
        ਤੇ ਤੁਸੀਂ ਜਾਣਦੇ ਹੀ ਹੋ, ਜੋ ਅਸਾਂ ਨਾਲ ਬੀਤੀ
        ਅਜੇ ਵੀ ਸਾਡੇ ਵਿਚ, ਬੋਲੀ ਤੇ
        ਸੱਭਿਆਚਾਰ ਦੀ ਸਾਂਝ ਬਾਕੀ ਹੈ
        ਤੇ ਉਹ ਪੰਜਾਬ ਹੀ ਨਹੀਂ
        ਜੋ ਇਸ ਤੋਂ ਆਕੀ ਹੈ
        ਅਜੇ ਵੀ ਸਤਲੁਜ ਤੇ ਝਨਾਂ ਸਾਡੇ ਹਨ
        ਭਗਤ ਸਿੰਘ ਤੇ ਰੰਝੇਟੇ ਦੀਆਂ ਅਮਰ ਨਿਸ਼ਾਨੀਆਂ
        ਸ਼ਕਤੀ ਤੇ ਇਸ਼ਕ ਦੇ ਪ੍ਰਤੀਕ
        ਭਲਾ ਉਸ ਮੁਸਲਮਾਨ ਮਾਂ ਨੂੰ
        ਕਿਵੇਂ ਭੁਲਾ ਸਕਦੇ ਹਾਂ
        ਜਿਸ ਨੇ ਆਪਣੇ ਬੱਚੇ ਨੂੰ
        ਸਭ ਤੋਂ ਪਹਿਲਾਂ ਪੰਜਾਬੀ ਵਿਚ
        Ñਲੋਰੀ ਦਿੱਤੀ ਸੀ
        ਜਾਂ ਫਰੀਦ ਸ਼ਕਰਗੰਜ ਨੂੰ
        ਜਿਸ ਨੇ ਸਾਡੀ ਬੋਲੀ ਵਿਚ
        ਮਿਸ਼ਰੀ ਘੋਲੀ ਸੀ (ਬੂਹੇ)
     ਮੋਹਨ ਸਿੰਘ ਸਿੱਖ ਪਰਿਵਾਰ ਵਿਚ ਜਨਮਿਆ। ਸਿੱਖੀ ਦਾ ਉਸ ਉ¤ਪਰ ਗੂੜ੍ਹਾ ਪ੍ਰਭਾਵ ਰਿਹਾ। ਬੇਸ਼ੱਕ ਮਾਰਕਸਵਾਦੀ ਪ੍ਰਭਾਵ ਅਧੀਨ ਉਸਨੇ ਕਵਿਤਾ ਲਿਖੀ ਵੀ ਪਰ ਉਹ ਆਪਣੇ ਗੁਰੂਆਂ ਤੋਂ ਬੇਮੁੱਖ ਨਹੀਂ ਹੁੰਦਾ। ਗੁਰੂ ਨਾਨਕ ਜੀ ਬਾਰੇ ਮਹਾਂ ਕਾਵਿ ‘ਨਨਕਾਇਣ’ ਦੀ ਸਿਰਜਣਾ ਅਤੇ ‘ਬੂਹੇ’ ਪੁਸਤਕ ਵਿਚ ‘ਗੋਬਿੰਦ ਗੁਰੂ’ ਕਵਿਤਾ ਲਿਖੀ ਹੈ। ਉਸਦੀ ਕਵਿਤਾ ਵਿਚ ਕਈ ਵਾਰ ‘ਨਾਨਕ’ ਸ਼ਬਦ ਦਾ ਜ਼ਿਕਰ ਇਸੇ ਗੱਲ ਦਾ ਪ੍ਰਤੀਕ ਹੈ ਕਿ ਉਹ ਗੁਰੂ ਸਾਹਿਬ ਦੇ ਸੁਪਨਿਆਂ ਸੱਚਾ ਹੁੰਦਾ ਵੇਖਣਾ ਚਾਹੁੰਦਾ ਹੈ। ਅਜਿਹੇ ਸਮਾਜ ਦੀ ਸਿਰਜਣਾ ਦਾ ਸੰਕਲਪ ਕਰਦਾ ਹੈ, ਜਿਥੇ ਊਚ-ਨੀਚ, ਜਾਤ-ਪਾਤ ਦਾ ਭੇਦ-ਭਾਵ ਮਿਟ ਜਾਵੇ।
        ਮਿਟ ਜਾਣ ਆਪੇ ਬੋਲੀਆਂ ਵਰਨਾਂ ਦੇ ਵਿਤਕਰੇ
        ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ
        ਉਠੋ ਕਿ ਉਠ ਕੇ ਦੇਸ਼ ਦਾ ਮੂੰਹ ਮੱਥਾ ਡੌਲੀਏ
        ਮੁੜ ਕੇ ਪੰਜਾਬ ਸਾਜੀਏ ‘ਨਾਨਕ’ ਦੇ ਖ਼ਾਬ ਦਾ।
    ਸਿੱਖੀ ਦਾ ਬੂਟਾ ਕਵਿਤਾ ਵਿਚ ਸਿੱਖ ਧਰਮ ਬਾਰੇ ਅਣਮੁੱਲੀ ਜਾਣਕਾਰੀ ਦੇ ਕੇ ਗਾਗਰ ਵਿਚ ਸਾਗਰ ਬੰਦ ਕਰਕੇ ਇਕ ਅਨੋਖਾ ਕ੍ਰਿਸ਼ਮਾ ਕਰ ਵਿਖਾਇਆ ਹੈ ਅਤੇ ਇਸੇ ਤਰ੍ਹਾਂ ਔਰਤ ਜਾਤੀ ਪ੍ਰਤੀ ਆਵਾਜ਼ ਬੁ¦ਦ ਕਰਕੇ ਉਸਨੇ ਗੁਰੂ ਨਾਨਕ ਦੀ ਸੋਚ ‘ਸੋ ਕਿਓ ਮੰਦਾ ਆਖੀਐ’ ਦੀ ਪ੍ਰੋੜ੍ਹਤਾ ਕੀਤੀ ਹੈ।
    ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਪ੍ਰੋ: ਮੋਹਨ ਸਿੰਘ ਸਿਰਫ਼ ਰੁਮਾਂਸਵਾਦੀ ਜਾਂ ਪ੍ਰਗਤੀਵਾਦੀ ਹੀ ਨਹੀਂ, ਸਗੋਂ ਉਹ ਤਾਂ ਇਕ ਗਤੀਸ਼ੀਲ ਕਵੀ ਹੈ, ਜਿਸਨੇ ਆਪਣੀ ਕਲਮ ਦਾ ਲੋਹਾ ਮੰਨਵਾਇਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ।
-ਡਾ. ਅਮਨਦੀਪ ਸਿੰਘ ਟੱਲੇਵਾਲੀਆ
ਬਾਬਾ ਫਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446