ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼ਿਵ ਕੁਮਾਰ ਬਟਾਲਵੀ-ਜੀਵਨੀ ਅਤੇ ਸ਼ਾਇਰੀ.......


ਉਹੀ ਕਵੀ ਮਹਾਨ ਹੈ ਜਿਸ ਦੀ ਮੌਤ 'ਤੇ ਉਸਦੀਆਂ ਕ੍ਰਿਤਾਂ, ਕਾਵਿਕ-ਬਿੰਬਾਂ ਦੀ ਇਕ ਲੜੀ ਪੈਦਾ ਕਰਨ । ਸ਼ਿਵਉਹਨਾਂ ਧਰਤੀਆਂ ਦਾ ਵਿਜੇਤਾ ਹੈ ਜਿੱਥੇ ਵੇਗਵਾਨ ਜਾਂ ਪ੍ਰਚੰਡ ਬਿੰਬ ਪੈਦਾ ਹੁੰਦੇ ਹਨ । ਇਹ ਭਾਵੇਂ ਹਵਾ ਵਿਚ ਉਡਦੇ ਪੰਛੀਆਂਦੇ ਖੰਭ ਹੋਣ ਜਾਂ ਅੱਗ ਦੀ ਭੁੱਬਲ ਵਿਚ ਗੁਆਚੇ ਚਸ਼ਮੇ ਦਾ ਪਾਣੀ,ਜਾਂ ਧਰਤੀ ਦਾ ਪਾਲਿਸ਼ ਕੀਤਾ ਹੋਇਆ ਭਾਂਡਾ,ਸ਼ਿਵ ਸਭਨਾਂਦੇ ਸਾਰ-ਤੱਤ ਨੂੰ ਅਧੀਨ ਕਰਨ ਦੇ ਸਮਰੱਥ ਹੈ । ਉਹ ਵੀਹਵੀਂ ਸਦੀ ਦਾ ਸ਼ਾਇਦ ਸਭ ਤੋਂ ਵੱਧ ਹਿਰਦੇ-ਵੇਧਕ ਪੰਜਾਬੀ ਕਵੀਹੈ। ਉਸ ਦੀ ਤੁਲਨਾਂ ਆਮ ਕਰਕੇ ਅੰਗ੍ਰੇਜ਼ੀ ਕਵੀ ਕੀਟਸ ਨਾਲ ਕੀਤੀ ਜਾਂਦੀ ਹੈ। ਸ਼ਿਵ ਅਤੇ ਕੀਟਸ ਵਿਚ ਇਹ ਗੱਲ ਸਾਂਝੀ ਹੈਕਿ ਇਹ ਦੋਵੇਂ ਗੀਤ-ਕਾਰੀ ਦੇ ਮਾਹਿਰ ਹਨ । ਸ਼ਿਵ ਦੇ ਗੀਤਾਂ ਤੇ ਕਵਿਤਾਵਾਂ ਵਿਚ ਜੋ ਤਾਲ ਹੈ ਉਹ ਕੀਟਸ ਤੋਂ ਬਿਨਾਂ ਅੰਗ੍ਰੇਜ਼ੀ ਦੇ ਹੋਰ ਕਿਸੇ ਕਵੀ ਵਿਚ ਨਹੀਂ ।
ਸ਼ਿਵ ਕੁਮਾਰ ਦਾ ਜਨਮ 23 ਜੁਲਾਈ ਸੰਨ 1936 ਨੂੰ, ਜੰਮੂ ਕਸ਼ਮੀਰ ਦੀ ਹੱਦ ਨਾਲ ਲਗਦੇ, ਸ਼ਕਰਗੜ੍ਹ ਤਹਿਸੀਲਦੇ ਬੜਾ ਪਿੰਡ ਲੋਹਤੀਆਂ ਵਿਚ ਹੋਇਆ ਸੀ। ਉਸਦੇ ਪਿਤਾ ਪੰਡਤ ਕਿਸ਼੍ਰਨ ਗੋਪਾਲ, ਮਾਲ ਮਹਿਕਮੇ ਵਿਚ ਪਹਿਲਾਂ ਪਟਵਾਰੀਰਹੇ, ਬਾਅਦ ਵਿਚ ਕਾਂਨੂੰਗੋ ਅਤੇ ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ । ਉਸ ਦੀ ਮਾਤਾ ਸ਼੍ਰੀ ਮਤੀ ਸ਼ਾਂਤੀ ਦੇਵੀ ਦੀ ਆਵਾਜ਼ ਬਹੁਤ ਸੁਰੀਲੀ ਸੀ, ਉਹੀ ਸੁਰੀਲਾ-ਪਣ ਸ਼ਿਵ ਦੀ ਆਵਾਜ਼ ਵਿਚ ਵੀ ਸੀ ।
ਸ਼ਿਵ ਕੁਮਾਰ ਨੇ ਮੁਢਲੀ ਵਿਦਿਆ ਬੜਾ ਪਿੰਡ ਲੋਹਤੀਆਂ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ । ਐਸ ਵੇਲੇ ਇਹ ਪਿੰਡ ਪਾਕਿਸਤਾਨ ਦੇ ਨਾਰੋਵਾਲ ਜ਼ਿਲੇ ਵਿਚ, ਸਿਆਲਕੋਟ ਤੋਂ 30 ਕਿਲੋਮੀਟਰ ਪੂਰਬ ਵੱਲ ਹੈ । ਦੇਸ਼ ਦੀ ਵੰਡ ਤੋਂ ਪਹਿਲਾਂ ਇਹ, ਗੁਰਦਾਸਪੁਰ ਜ਼ਿਲੇ ਦਾ ਇਕ ਪਿੰਡ ਸੀ। ਇਹਦੇ ਆਲੇ-ਦੁਆਲੇ ਅੰਬ ਦੇ ਰੁੱਖਾਂ ਦੇ ਬੜੇ ਝੁੰਡ ਹਨ ਅਤੇ ਛੋਟੇ-ਛੋਟੇ ਕਈ ਬਰਸਾਤੀ ਨਾਲੇ (ਚੋਅ) ਇਥੋਂ ਲੰਘਦੇ ਹਨ; ਇਹਨਾਂ 'ਚੋਂ ਇਕ ਹੈ ਬਸੰਤਰ ਨਾਲਾ ।
ਸ਼ਿਵ, ਇਕ ਬੇਪ੍ਰਵਾਹ ਅਤੇ ਖੁਸ਼-ਮਿਜ਼ਾਜ ਮੁੰਡਾ ਸੀ ਜਿਸਨੂੰ ਪਿੰਡ ਵਿਚ ਅਤੇ ਆਲੇ ਦੁਆਲੇ ਘੁੰਮਦੇ ਰਹਿਣ ਦੀ ਆਦਤ ਸੀ । ਉਹਦੇ ਪਿਤਾ ਉਸਨੂੰ ਕਈ ਵਾਰ ਲੱਭਣ ਜਾਂਦੇ ਤਾਂ ਉਹ ਬਸੰਤਰ ਨਾਲੇ ਦੇ ਕੰਢੇ ਰੁੱਖਾਂ ਥੱਲੇ ਇਕੱਲਾ ਬੈਠਾ ਹੁੰਦਾ ਜਾਂ ਮੰਦਰ ਦੇ ਨੇੜੇ-ਤੇੜੇ ਮਿਲਦਾ । ਜ਼ਹੀਨ ਅਤੇ ਸੁਪਨੀਲੇ ਸੁਭਾਅ ਵਾਲੇ ਮੁੰਡੇ ਸ਼ਿਵ ਵਾਸਤੇ ਪਿੰਡ ਦਾ ਇਹ ਕੁਦਰਤੀ ਅਤੇ ਖੁਲਾ੍ਹ-ਡੁਲਾ੍ਹ ਵਾਤਾਵਰਣ ਬਹੁਤ ਢੁਕਵਾਂ ਸੀ । ਪੰਜਾਬੀ ਪਿੰਡ ਦੀ ਇਸ ਪਿੱਠ-ਭੂਮੀ 'ਤੇ, ਪੰਛੀ, ਫੁੱਲ, ਕੰਡਿਆਂ ਵਾਲੇ ਉਧੜ-ਗੁਧੜੇ ਬੂਟੇ, ਠੋਹਰਾਂ ਆਦਿ ਉਸਨੂੰ ਮੋਹ ਲੈਂਦੇ, ਉਹ ਇਹਨਾਂ ਨੂੰ ਗੌਹ ਨਾਲ ਵਾਚਦਾ । ਅਜੋਕਾ ਖੋਜ-ਕਾਰ ਅਜ਼ੀਜ਼ ਉਲ ਹੱਕਰੱਮਾਹ ਉਸ ਪਿੰਡ ਵਿਚ ਗਿਆ ਤਾਂ ਪਤਾ ਲੱਗਾ ਕਿ ਉਥੋਂ ਦੇ ਕੁਝ ਲੋਕਾਂ ਨੂੰ ਯਾਦ ਹੈ ਕਿ ਪਟਵਾਰੀ ਕਿਸ਼੍ਰਨ ਗੋਪਾਲ ਦਾ ਇਕ ਮਲੰਗ ਜਿਹਾ ਮੁੰਡਾ ਪਿੰਡੋਂ ਬਾਹਰ ਜਾਂ ਮੰਦਰ ਦੇ ਨੇੜੇ ਤੇੜੇ ਘੁਮੰਦਾ ਰਹਿੰਦਾ ਸੀ ਜਿਸ ਨੂੰ ਧਾਰਮਿਕ ਤਿਓਹਾਰਾਂ ਵੇਲੇ / ਰਾਮ ਲੀਲਾ ਵਿਚ ਕੰਮ ਕਰਨ ਦਾ ਬੜਾ ਸ਼ੌਕ ਸੀ ਉਹ ਵੀ ਔਰਤ ਪਾਤਰ ਵਜੋਂ ।
ਬਦਲੀ ਹੋਣ ਕਰਕੇ, ਪਟਵਾਰੀ ਕਿਸ਼੍ਰਨ ਗੋਪਾਲ ਸੰਨ 1946 ਵਿਚ ਡੇਰਾ ਬਾਬਾ ਨਾਨਕ ਆ ਗਏ । ਅਗਲੇ ਸਾਲ
1947 ਵਿਚ ਜਦ ਸ਼ਿਵ ਨੂੰ ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਸਨ ਤੇ ਉਹ ਆਪਣੇ ਵੱਡੇ ਭਰਾ ਦਵਾਰਕੇ ਨਾਲ ਬੜਾ ਪਿੰਡ
ਲੋਹਤੀਆਂ ਗਿਆ ਹੋਇਆ ਸੀ ਤਾਂ ਦੇਸ਼ ਦੀ ਵੰਡ ਦਾ ਐਲਾਨ ਹੋ ਗਿਆ। ਉਸ ਭਿਅੰਕਰ ਕਤਲੋ-ਗ਼ਾਰਤ, ਜਿਸਨੇ ਪੂਰੇ ਪੰਜਾਬਨੂੰ ਵਲ੍ਹੇਟ ਲਿਆ ਸੀ, ਵਿਚ ਆਪਣੇ ਬਾਕੀ ਰਿਸ਼ਤੇਦਾਰਾਂ ਨਾਲ, ਜਮੂੰ ਕਸ਼ਮੀਰ ਦੇ ਨਾਲ ਲਗਦੇ ਹਿੱਸੇ 'ਚੋਂ ਲੰਘਦੇ ਹੋਏ ਉਹ (ਸ਼ਿਵ ਤੇ ਦਵਾਰਕਾ) ਡੇਰਾ ਬਾਬਾ ਨਾਨਕ ਪੁੱਜੇ ਜਿੱਥੇ ਉਹਨਾਂ ਦੇ ਫਿਕਰ ਮੰਦ ਮਾਪੇ, ਆਪਣੇ ਪੁੱਤਾਂ ਦੀ ਉਡੀਕ ਕਰ ਰਹੇ ਸਨ।ਉਸ ਤੋਂ ਬਾਅਦ ਇਹਨਾਂ ਦਾ ਟੱਬਰ ਬਟਾਲੇ ਆ ਗਿਆ ਤੇ ਮੁਹੱਲਾ ਦਾਰੁੱਸਲਾਮ (ਬਾਦ ਵਿਚ ਜਿਸਦਾ ਨਾਂ ਪ੍ਰੇਮ ਨਗਰ ਪੈ ਗਿਆ)ਵਿਚ ਵੱਸ ਗਿਆ।
ਸੰਨ 1953 ਵਿਚ ਸ਼ਿਵ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ, ਫਸਟ ਕਲਾਸ ਵਿਚ ਦਸਵੀਂ ਪਾਸ ਕੀਤੀ । ਜਿਥੋਂ ਤੱਕ ਪੜ੍ਹਾਈ ਦਾ ਸਬੰਧ ਹੈ ਸ਼ਿਵ ਕੁਮਾਰ, ਇਹੀ ਇਕ ਸਰਟੀਫਿਕੇਟ ਪ੍ਰਾਪਤ ਕਰ ਸੱਕਿਆ। ਉਸ ਦੇ ਪਿਤਾ ਜੋ ਉਸ ਨੂੰ ਚੰਗਾ ਪੜ੍ਹਾ ਲਿਖਾ ਕੇ, ਉਚ ਵਿਦਿਆ ਦਿਵਾ ਕੇ ਇਕ ਕਾਰੋ-ਬਾਰੀ ਵਿਅਕਤੀ ਬਨਾਉਣਾ ਚਾਹੁੰਦੇ ਸਨ,ਨੂੰ ਨਿਰਾਸ਼ਾ ਹੀ ਮਿਲੀ ਕਿੳਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਬਿਨਾਂ ਕਿਸੇਡਿਗਰੀ ਪ੍ਰਾਪਤ ਕਰਨ ਦੇ ਉਸਨੇ ਤਿੰਨ ਕਾਲਜ ਬਦਲੇ ।ਪਹਿਲਾਂ ਬੈਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਚ ਐਫ.ਐਸ.ਸੀ.ਵਿਚ ਦਾਖ਼ਲਾ ਲਿਆ ਤੇ ਬੋਰਡ ਦੇ ਇਮਤਿਹਾਨ ਤੋਂ ਪਹਿਲਾਂ ਹੀ ਛੱਡ ਦਿੱਤਾ।ਫੇਰ ਨਾਭੇ ਜਾ ਕੇ ਸਰਕਾਰੀ ਰਿਪੂਦਮਨਕਾਲਜ ਵਿਚ ਦਾਖ਼ਲ ਹੋਇਆ ਪਰ ਕੁਝ ਹੀ ਮਹੀਨਿਆਂ ਪਿਛੋਂ ਮੁੜ ਆਇਆ, ਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਚ ਦਾਖ਼ਲਾ ਲੈ ਲਿਆ।ਉਥੇ ਵੀ ਇਮਤਿਹਾਨ ਨਾ ਦਿੱਤਾ ਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜ਼ਿਲਾ੍ਹ ਕਾਂਗੜਾ ਦੇ ਇਕ ਸਕੂਲ ਵਿਚ ਓਵਰਸੀਅਰ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ ।
ਬੈਜਨਾਥ ਵਿਖੇ ਉਸਨੂੰ ਮੈਨਾਂ ਨਾਂ ਦੀ ਇਕ ਕੁੜੀ ਮਿਲੀ ਜੋ ਉਸਨੂੰ ਉਸ ਚੰਗੀ ਲੱਗੀ।ਪਰ ਕੁਝ ਦੇਰ ਬਾਅਦ ਹੀ ਪਤਾਲੱਗਾ ਕਿ ਮੈਨਾਂ ਦੀ ਟਾਇਫਾਇਡ ਨਾਲ ਮੌਤ ਹੋ ਗਈ ਹੈ । ਮੋਹਨ ਸਿੰਘ ਵਾਂਗ ਸ਼ਿਵ ਵੀ ਆਪਣੇ ਪਿਆਰੇ ਦੀ ਮੌਤ ਦੇ ਸੋਗ ਅਤੇ ਹਿਜਰ ਦਾ ਸ਼ਿਕਾਰ ਹੋ ਗਿਆ । ਮੋਹਨ ਸਿੰਘ ਤਾਂ ਉਸ ਸੋਗ 'ਤੇ ਕਾਬੂ ਪਾ ਸੱਕਿਆ ਸੀ, ਪਰ ਸ਼ਿਵ ਦੇ ਦਿਲ ਅੰਦਰ ਇਸ ਮੌਤ ਦਾ ਗ਼ਮ, ਉਹਦੇ ਮਰਦੇ ਦਮ ਤੱਕ ਜ਼ਿੰਦਾ ਰਿਹਾ । ਉਹ ਸੋਗ ਅਤੇ ਵਿਛੋੜਾ ਉਸ ਦੇ ਕਈ ਗੀਤਾਂ 'ਚ ਝਲਕਦਾ ਹੈ ਸ਼ਿਵ ਜਦੋਂ ਕਾਦੀਆਂ 'ਚ ਸੀ ਉਦੋਂ ਹੀ ਉਹ ਆਪਣੇ ਜਮਾਤੀਆਂ ਤੇ ਯਾਰਾਂ-ਦੋਸਤਾਂ ਨੂੰ ਗ਼ਜ਼ਲਾਂ ਤੇ ਗਾਣੇ ਸੁਨਾਉਣ ਲਗ ਪਿਆ ਸੀ । ਉਹਦੀ ਅਵਾਜ਼ ਵੀ ਸੁਰੀਲੀ ਸੀ ਤੇ ਲਫਜ਼ ਵੀ, ਇਸੇ ਕਰਕੇ ਉਸਦੇ ਕਈ ਪ੍ਰਸ਼ੰਸਕ (ਫੈਨ) ਬਣ ਗਏ ਸਨ।ਹੁਣ ਉਸਨੇ ਫਿਲਮੀ ਅਤੇ ਲੋਕ ਗੀਤਾਂ ਦੀ ਬਜਾਏ ਆਪਣੇ ਹੀ ਗੀਤ ਜਾਂ ਕਵਿਤਾ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਸਨ । ਉਹ ਛੇਤੀ ਹੀ ਬਟਾਲੇ ਦੇ ਸਾਹਿਤਕ ਖੇਤਰ ਵਿਚ ਛਾ ਗਿਆ । ਬਟਾਲੇ ਦੇ ਕੁਝ ਸੀਨੀਅਰ ਲੇਖਕਾਂ-ਜਸਵੰਤ ਸਿੰਘ ਰਾਹੀ, ਕਰਤਾਰਸਿੰਘ ਬਲੱਗਣ ਅਤੇ ਬਰਕਤ ਰਾਮ ਯਮਨ (ਜਿਨਾਂ੍ਹ ਵਿਚ ਯਮਨ ਸਾਹਿਬ ਦਾ ਨਾਂ ਵਿਸ਼ੇਸ਼ ਤੌਰ 'ਤੇ ਹੈ) ਨੇ ਸ਼ਿਵ ਬਟਾਲਵੀ ਨੂੰ ਬਟਾਲੇ ਅਤੇ ਬਟਾਲੇ ਤੋਂ ਬਾਹਰ ਕਈ ਕਵੀ-ਦਰਬਾਰਾਂ ਅਤੇ ਮੁਸ਼ਾਇਰਿਆਂ ਵਿਚ ਪੇਸ਼ ਕੀਤਾ ।
ਮੈਨਾਂ ਦੀ ਮੌਤ ਤੋਂ ਬਾਅਦ ਸ਼ਿਵ ਦੇ ਦਿਲ ਨੂੰ ਇਕ ਹੋਰ ਸੱਟ ਵੱਜੀ। ਉਹ, ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੀ ਲੜਕੀਵੱਲ ਆਕਰਸ਼ਿਤ ਹੋਇਆ ਤਾਂ ਉਹ ਦੇਸ਼ ਛੱਡ ਕੇ ਅਮ੍ਰੀਕਾ ਚਲੀ ਗਈ ਤੇ ਉਥੇ ਜਾ ਕੇ ਵਿਆਹ ਕਰਵਾ ਲਿਆ । ਜਦ ਸ਼ਿਵ ਨੇ, ਉਸਦੇ ਪਹਿਲੇ ਬੱਚੇ ਦੇ ਜਨਮ ਬਾਰੇ ਸੁਣਿਆਂ ਤਾਂ ਉਸਨੇ 'ਸ਼ਿਕਰਾ' ਕਵਿਤਾ ਲਿਖੀ ਜੋ ਬਹੁਤ ਹੀ ਪ੍ਰਸਿੱਧ ਹੈ :
ਮਾਏਂ ਨੀ......ਮਾਏਂ ਨੀ......
ਮੈਂ ਇਕ ਸ਼ਿਕਰਾ ਯਾਰ ਬਣਾਇਆ...............................
ਇਕ ਉਡਾਰੀ ਐਸੀ ਮਾਰੀ
ਉਹ ਫਿਰ ਵਤਨੀਂ ਨਹੀਂ ਆਇਆ................ ।
ਕਹਿੰਦੇ ਹਨ ਕਿ ਜਦ ਉਸ ਨੇ ਦੂਸਰੇ ਬੱਚੇ ਨੂੰ ਜਨਮ ਦਿੱਤਾ ਤਾਂ ਕਿਸੇ ਨੇ ਸ਼ਿਵ ਨੂੰ ਪੁਛਿੱਆ, ਤੂੰ ਹੁਣ ਇਕ ਹੋਰ ਕਵਿਤਾ ਲਿਖੇਂਗਾ ? ਤਾਂ ਸ਼ਿਵ ਨੇ ਜਵਾਬ ਦਿੱਤਾ,ਮੈਂ ਕੋਈ ਉਹਦਾ ਠੇਕਾ ਲਿਆ ਹੋਇਐ ? ਉਹ ਬੱਚੇ ਜੰਮੀ ਜਾਵੇ ਤੇ ਮੈਂਕਵਿਤਾ ਲਿਖੀ ਜਾਵਾਂ ।
ਪੜ੍ਹਾਈ ਕਰਵਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ 'ਚ ਨਾਕਾਮ ਰਹਿਣ ਤੋਂ ਬਾਅਦ ਪਿਤਾ ਕਿਸ਼੍ਰਨ ਗੋਪਾਲ ਨੇ ਪੁੱਤ ਸ਼ਿਵਕੁਮਾਰ ਨੂੰ ਬਦੋ ਬਦੀ ਪਟਵਾਰੀ ਲਵਾ ਦਿੱਤਾ ਪਰ ਇਸ ਕੰਮ 'ਚ ਉਸਨੇ ਭੋਰਾ ਵੀ ਰੁਚੀ ਨਾ ਵਿਖਾਈ। ਉਸ ਨੂੰ ਪਟਵਾਰ-ਪੁਣੇਦਾ ਇਹ ਕੰਮ ਬਿਲਕੁਲ ਪਸੰਦ ਨਹੀਂ ਸੀ, ਸੋ ਇਹ ਵੀ ਬਹੁਤਾ ਚਿਰ ਨ ਚੱਿਲਆ। 1961 ਵਿਚ ਉਸਨੇ ਇਸ ਨੌਕਰੀ ਤੋਂ ਵੀਅਸਤੀਫਾ ਦੇ ਦਿੱਤਾ ਤੇ 1966 ਤੱਕ ਬੇਰੁਜ਼ਗ਼ਾਰ ਹੀ ਰਿਹਾ । ਪਿਤਾ ਕੋਲੋਂ ਕੋਈ ਖ਼ਰਚਾ ਨਹੀਂ ਸੀ ਮਿਲਦਾ ਇਸ ਲਈ ਇਸਸਮੇਂ ਦੌਰਾਨ, ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ 'ਤੇ ਹੀ ਗ਼ੁਜ਼ਾਰਾ ਕਰਦਾ ਸੀ। ਉਹਦੇ ਕੰਮ ਜਾਂ ਪੜ੍ਹਾਈ ਵਿਚ ਜੀਅ ਨ ਲਾਉਣ ਕਰਕੇਅਤੇ ਆਜ਼ਾਦ ਜਿਹੇ ਸੁਭਾਅ ਕਾਰਣ, ਪਿਓ-ਪੁੱਤ ਦੀ ਘੱਟ ਹੀ ਬਣਦੀ ਸੀ । ਕਈ ਕਈ ਦਿਨ ਉਹ ਘਰੋਂ ਚਲੇ ਜਾਂਦਾ ਤੇ ਦਿਨਰਾਤ ਦੋਸਤਾਂ ਯਾਰਾਂ ਦੇ ਘਰੀਂ ਹੀ ਰਹਿੰਦਾ । ਆਖ਼ਰ 1966 ਵਿਚ, ਰੋਜ਼ੀ ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖ਼ਾ ਵਿਚ ਕਲਰਕ ਦੀ ਨੌਕਰੀ ਲੈ ਲਈ ।
ਪੰਜ ਫਰਵਰੀ ਸੰਨ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜ਼ਿਲੇ ਦੇ ਹੀ ਇਕ ਪਿੰਡ ਕੀੜੀ ਮੰਗਿਆਲ ਦੀਅਰੁਣਾ ਨਾਲ ਹੋ ਗਿਆ । ਉਸਦਾ ਵਿਆਹੁਤਾ ਜੀਵਨ ਖੁਸ਼ ਅਤੇ ਹਰ ਪੱਖੋਂ ਠੀਕ ਠਾਕ ਸੀ । ਉਨਾਂ੍ਹ ਦੇ ਘਰ ਦੋ ਬੱਚੇ, ਪੁੱਤ ਮਿਹਰਬਾਨ 12-4-1968 ਨੂੰ ਅਤੇ ਧੀ ਪੂਜਾ 23-9-1969 ਨੂੰ ਜਨਮੇਂ । ਸ਼ਿਵ ਆਪਣੇ ਬੱਚਿਆਂ ਨੂੰ, ਬੇ-ਹੱਦ ਪਿਆਰ ਕਰਦਾ ਸੀ । ਸੰਨ 1968 ਵਿਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ ।
ਚੰਡੀਗੜ੍ਹ ਆ ਕੇ ਵੀ ਸ਼ਿਵ ਨੇ ਬੈਂਕ ਵਿਚ ਕੋਈ ਖ਼ਾਸ ਦਿਲਚਸਪੀ ਨ ਵਿਖਾਈ । ਉਹ 21 ਸੈਕਟਰ ਵਿਚ ਇਕ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਤੇ ਹਫਤੇ ਵਿਚ ਇਕ ਜਾਂ ਦੋ ਦਿਨ ਹੀ ਕੰਮ 'ਤੇ ਜਾਂਦਾ ਸੀ । ਸੈਕਟਰ 22 ਵਿਚ ਕਿਰਣ ਸਿਨਮੇ ਦੇ ਸਾਹਮਣੇ, ਪਾਰਕਿੰਗ ਕੋਲ, ਨਮਕੀਨ ਵਗੈਰਾ ਦੀਆਂ ਦੁਕਾਨਾਂ ਦੇ ਲਾਗੇ, ਪ੍ਰੀਤਮ ਕੰਵਲ ਸਿੰਘ ਦੀ ਘੜੀਆਂ ਦੀ ਬੂਥਟਾਇਪ ਦੁਕਾਨ, ਉਹਦਾ ਪੱਕਾ ਟਿਕਾਣਾ ਸੀ । ਸ਼ਿਵ, ਸਵੇਰੇ ਦੁਕਾਨ 'ਤੇ ਚਲਾ ਜਾਂਦਾ ਤੇ ਸ਼ਾਮ ਤੱਕ ਉਥੇ ਹੀ ਰਹਿੰਦਾ । ਦੁਪਹਿਰ ਨੂੰ ਅਰਾਮ ਕਰਨ ਵਾਸਤੇ, ਕਈ ਵਾਰ ਉਹ ਕਾਊਂਟਰ ਦੇ ਪਿੱਛੇ ਹੀ ਲੰਮਾ ਪੈ ਜਾਂਦਾ । ਸ਼ਾਮ ਨੂੰ ਇਥੇ ਲਾਗੇ ਹੀ ਬੱਤੀਆਂ ਵਾਲੇ ਚੌਂਕ 'ਤੇ ਫੁਟਪਾਥ ਦੀ ਰੇਲਿੰਗ ਕੋਲ ਕਵੀ ਤੇ ਲਿਖਾਰੀ ਮੋਹਨ ਭੰਡਾਰੀ, ਭਗਵੰਤ ਸਿੰਘ, ਭੂਸ਼ਨ ਧਿਆਨਪੁਰੀਅਤੇ ਕਈ ਹੋਰ ਆ 'ਕੱਠੇ ਹੁੰਦੇ । ਸਾਰੇ ਉਥੇ ਖੜੇ ਰਹਿੰਦੇ, ਵਿਚਾਰ ਵਟਾਂਦਰੇ ਕਰਦੇ, ਗੱਪਾਂ ਮਾਰਦੇ । ਇਹ ਉਹਨਾਂ ਦਾ ਪੱਕਾਅੱਡਾ ਬਣ ਗਿਆ ਸੀ । ਇਸ ਜਗਾ੍ਹ 'ਤੇ, ਇਹਨਾਂ ਨੇ ਰਾਈਟਰਜ਼ ਕਾਰਨਰ ਜਾਂ ਲਿਖਾਰੀ ਕੋਨਾਂ ਲਿਖਵਾ ਕੇ ਇਕ ਤਖ਼ਤੀ ਵੀ ਲਵਾ ਦਿੱਤੀ ਸੀ । ਸੈਕਟਰ 22, ਸਾਹਿਤਕ ਗਤੀ-ਵਿਧੀਆਂ ਦਾ ਇਕ ਕੇਂਦਰ ਜਿਹਾ ਬਣ ਗਿਆ ਸੀ । ਇਸ ਜਗਾ੍ਹ ਦੇ ਨੇੜੇ ਤੇੜੇ ਤਕਰੀਬਨ 25-30 ਲਿਖਾਰੀ ਰਹਿੰਦੇ ਸਨ । ਸ਼ਾਮ ਨੂੰ ,ਇਹਨਾਂ ਦੇ ਇਕੱਠੇ ਹੋਣ ਦੀ ਜਗਾ੍ਹ ਲਿਖਾਰੀ ਕੋਨਾਂ ਸੀ ।
ਹੁਣ ਤੱਕ ਕਵਿਤਾਵਾਂ ਵਿਚਲੀ ਪੀੜਾ ਤੇ ਦੁੱਖ ਕਦੀ ਉਹ ਚਿਹਰੇ 'ਤੇ ਨਹੀਂ ਸੀ ਝਲਕਿਆ । ਅਪਣੇ ਪ੍ਰਸ਼ੰਸਕਾਂ ਤੇ ਦੋਸਤਾਂ ਨਾਲ ਬੈਠਕਾਂ ਦੌਰਾਨ ਉਹ ਇਕ ਖੁਸ਼-ਦਿਲ,ਹਾਸੇ-ਠੱਠੇ ਪਰ ਤਿੱਖੇ ਦਿਮਾਗ਼ ਵਾਲਾ ਅਤੇ ਬਹੁਤ ਹੀ ਜ਼ਹੀਨ ਵਿਅਕਤੀਸੀ । ਆਪਣੇ ਉਦਾਸੀ ਭਰੇ, ਬਿਰਹਾ ਤੇ ਵਿਛੋੜੇ ਦੇ ਗੀਤ ਅਤੇ ਕਵਿਤਾਵਾਂ ਬੋਲਦਿਆਂ ਬੋਲਦਿਆਂ ਉਹ, ਇਕ ਦਮ ਚੁਟਕਲੇ ਸੁਨਾਉਣ ਲੱਗ ਪੈਂਦਾ ਜਾਂ ਹਲਕੇ-ਫੁਲਕੇ ਵਿਸ਼ੇ ਤੇ ਬੋਲਣ ਲੱਗਦਾ ।
1970 ਵਿਚ ਸ਼ਿਵ ਕੁਮਾਰ ਨੇ ਬੰਬਈ ਵਿਚ ਇਕ ਸਾਹਿਤਕ ਸਮਾਗਮ ਵਿਚ ਹਿੱਸਾ ਲਿਆ । ਉਥੇ ਉਸ ਦੇ ਗ਼ੈਰ ਮਰਿਆਦਾ ਵਾਲੇ ਅਤੇ ਅਨੈਤਿਕ ਵਤੀਰੇ ਬਾਰੇ ਇਕ ਕਹਾਣੀ ਮਸ਼ਹੂਰ ਹੈ ਕਿ ਸ਼ਨਮੁਕਨੰਦਾ ਹਾਲ ਵਿਚ ਕੁਝ ਕਵੀਆਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ ਜਿਨਾਂ੍ਹ ਵਿਚ ਇਕ, ਮਸ਼ਹੂਰ ਹੀਰੋਇਨ ਅਤੇ ਸ਼ਾਇਰਾ ਮੀਨਾ ਕੁਮਾਰੀ ਵੀ ਸੀ । ਜਦ ਕੁਝ ਲੋਕਬੋਲ ਚੁਕੇ ਸਨ ਤਾਂ ਬਟਾਲਵੀ ਸਟੇਜ 'ਤੇ ਜਾ ਚੜ੍ਹਿਆ ਤੇ ਕਹਿਣ ਲੱਗਾ, ਹੁਣ ਹਰ ਇਕ ਆਪਣੇ ਆਪ ਨੂੰ ਵੱਡਾ ਲੇਖਕ ਸਮਝਣ ਲੱਗ ਪਿਐ......, ਗਲੀਆਂ 'ਚ ਫਿਰਨ ਵਾਲਾ ਜਣਾ-ਖਣਾਂ ਗ਼ਜ਼ਲਾਂ ਲਿਖਣ ਲਗ ਪਿਐ........। ਜਦ ਉਸਨੇ ਲਫਜ਼ਾਂਦਾ ਇਹ ਹਮਲਾ ਖ਼ਤਮ ਕੀਤਾ ਤਾਂ ਹਾਲ ਵਿਚ ਚੁੱਪ-ਚਾਂ ਛਾ ਗਈ, ...ਤੇ ਉਸਨੇ ਆਪਣੀ ਕਵਿਤਾ ਸ਼ੁਰੂ ਕਰ ਦਿੱਤੀ:

ਇਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ.. ਗੁੰਮ ਹੈ.. ਗੁੰਮ ਹੈ।
ਸਾਦ ਮੁਰਾਦੀ ਸੁਹਣੀ ਫੱਬਤ ਗੁੰਮ ਹੈ.. ਗੁੰਮ ਹੈ.. ਗੁੰਮ ਹੈ।
ਸੂਰਤ ਦੀ ਉਹ ਪਰੀਆਂ ਵਰਗੀ , ਸੀਰਤ ਦੀ ਓਹ ਮਰੀਅਮ ਲਗਦੀ
ਹਸਦੀ ਹੈ ਤੇ ਫੁੱਲ ਝੜਦੇ ਨੇ, ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਂਣਾਂ ਦੀ ਗੱਲ ਸਮਝਦੀ , ਇਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ.. ਗੁੰਮ ਹੈ.. ਗੁੰਮ ਹੈ ।

ਜਦ ਉਸਨੇ ਕਵਿਤਾ ਖ਼ਤਮ ਕੀਤੀ ਉਦੋਂ ਵੀ ਖਾਮੋਸ਼ੀ ਹੀ ਸੀ ।
1972 ਵਿਚ ਡਾ:ਗੋਪਾਲ ਪੁਰੀ ਅਤੇ ਸ਼੍ਰੀ ਮਤੀ ਕੈਲਾਸ਼ ਪੁਰੀ ਦੇ ਸੱਦੇ 'ਤੇ' ਸ਼ਿਵ ਬਟਾਲਵੀ ਨੇ ਇੰਗਲੈਂਡ ਦਾ ਦੌਰਾ ਕੀਤਾ । ਪੰਜਾਬੀ ਬਰਾਦਰੀ ਵਿਚ ਉਸਦੀ ਸ਼ਾਇਰੀ ਦੀ ਮਸ਼ਹੂਰੀ ਅਤੇ ਸ਼ੁਹਰਤ ਉਸਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਪੁੱਜ ਚੁੱਕੀ ਸੀ ।ਉਥੋਂ ਦੇ ਸਥਾਨਕ ਭਾਰਤੀ ਅਖ਼ਬਾਰਾਂ ਵਿਚ ਸੁਰਖ਼ੀਆਂ ਅਤੇ ਫੋਟੋਆਂ ਸਹਿਤ ਸ਼ਿਵ ਦੇ ਆਗਮਨ ਦਾ ਐਲਾਨ ਕੀਤਾ ਗਿਆ । ਜਨਤਕ ਇਕੱਠਾਂ ਅਤੇ ਨਿਜੀ ਬੈਠਕਾਂ ਵਿਚ ਸ਼ਿਵ ਨੇ ਆਪਣੀਆਂ ਰਚਨਾਵਾਂ ਸੁਣਾਈਆਂ ਅਤੇ ਉਸਦਾ ਸਨਮਾਨ ਕੀਤਾਗਿਆ ।ਸਭ ਤੋਂ ਪਹਿਲਾਂ ਲੰਡਨ ਨੇੜੇ ਕਾਵੈਂਟਰੀ ਵਿਚ ਉਸਦੇ ਸਵਾਗ਼ਤ ਵਿਚ ਡਾ: ਗੋਪਾਲ ਪੁਰੀ ਨੇ ਇਕ ਵੱਡੇ ਸਮਾਗਮ ਦਾ ਪ੍ਰਬੰਧ ਕੀਤਾ। ਸੰਤੋਖ ਸਿੰਘ ਸੰਤੋਖ, ਕੁਲਦੀਪ ਤੱਖੜ, ਤਰਸੇਮ ਪੁਰੇਵਾਲ ਅਤੇ ਕਈ ਹੋਰਨਾਂ ਸਮੇਤ ਪੰਜਾਬੀ ਕਵੀਆਂ, ਲੇਖਕਾਂਅਤੇ ਪ੍ਰਸ਼ੰਸਕਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ । ਸ਼ਿਵ ਦੇ ਸਨਮਾਨ ਵਿਚ ਹੀ ਇਕ ਹੋਰ ਵੱਡੀ ਇਕੱਤਰਤਾ ਰੋਚਸ-ਟਰ (ਕੇਂਟ) ਵਿਖੇ ਕੀਤੀ ਗਈ । ਉਥੇ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਵੀ ਹਾਜ਼ਰ ਸਨ ਜੋ ਕਾਫੀ ਦੂਰੋਂ, ਆਪਣੇ ਖ਼ਰਚੇ 'ਤੇ ਚੱਲ ਕੇ ਸ਼ਿਵ ਨੂੰ ਮਿਲਣ ਆਏ ਸਨ । ਬਟਾਲਵੀ ਦੇ ਰੁਝੇਵੇਂ ਅਤੇ ਪ੍ਰੋਗ੍ਰਾਮ, ਸਥਾਨਕ ਮੀਡੀਆ ਦੁਆਰਾ ਰਿਪੋਰਟ ਕੀਤੇ ਜਾਂਦੇ ਸਨ । ਇੰਗਲੈਡ ਵਿਚ ਬੀ.ਬੀ.ਸੀ. ਟੈਲੀਵਿਜ਼ਨ ਨੇ ਸ਼ਿਵ ਦੀ ਇੰਟਰਵਿਊ ਵੀ ਰਿਕਾਰਡ ਕੀਤੀ । ਜਿੱਥੇ ਲੰਡਨ ਦੇ ਪੰਜਾਬੀ ਲੋਕਾਂ ਨੂੰ ਮੌਜਾਂ ਸਨ ਕਿ ਉਹ ਵੱਖ ਵੱਖ ਮੌਕਿਆਂ 'ਤੇ ਇਕ ਮਹਾਨ ਕਵੀ ਨੂੰ ਸੁਣ ਰਹੇ ਸਨ, ਉਥੇ ਸ਼ਿਵ ਵਾਸਤੇ ਇਹ ਦਿਨ ਮੌਤ ਦਾ ਖੌ ਬਣ ਰਹੇ ਸਨ।ਸਮਾਗਮਾਂ ਵਿਚ ਜਾਂ ਕਿਸੇ ਦੇ ਘਰੇ, ਮਿਲਣ ਆਉਣ ਵਾਲਿਆਂ ਨਾਲ ਵਿਚਾਰ ਵਟਾਂਦਰੇ ਜਾਂ ਸ਼ੈਅਰੋ-ਸ਼ਾਇਰੀ ਦੌਰਾਨ, ਦੇਰ ਰਾਤ ਜਾਂ ਸਵੇਰੇ ਦੋ-ਢਾਈ ਵਜੇ ਤੱਕ ਸ਼ਿਵ ਜਾਗਦਾ ਰਹਿੰਦਾ ਤੇ ਸ਼ਰਾਬ ਦੇ ਪੈੱਗ ਲਈ ਜਾਂਦਾ । ਥੋੜਾ੍ਹ ਜਿਹਾ ਸੌਂ ਕੇ ਫਿਰ ਉਹ ਚਾਰ-ਸਾਢੇ ਚਾਰ ਵਜੇ ਉਠ ਖਲੋਂਦਾ ਤੇ ਸਕਾਚ ਦੇ ਕੁਝ ਘੁੱਟਾਂ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦਾ। ਸਤੰਬਰ 1972 ਵਿਚ ਉਹ ਵਾਪਸ ਭਾਰਤ ਪਰਤਿਆ। ਉਸ ਵੇਲੇ,ਕਾਫੀ ਗਿਰ ਚੁਕੀ ਉਸਦੀ ਸਿਹਤ,ਨਜ਼ਰ ਆੳਣਲਗ ਪਈ ਸੀ ।
ਸ਼ਿਵ ਦੇ ਨਿੰਦਕ: ਚੰਡੀਗੜ੍ਹ ਆਉਣ ਕਰਕੇ ਭਾਵੇਂ ਉਸ ਦੀ ਕਾਫੀ ਪਛਾਣ ਬਣ ਗਈ ਸੀ ਅਤੇ ਬਹੁਤ ਸਾਰੇ ਪ੍ਰਸ਼ੰਸਕ ਬਣ ਗਏਸਨ ਪਰ ਇਸੇ ਸ਼ਹਿਰ ਵਿਚ ਹੀ ਪੰਜਾਬੀ ਸਾਹਿਤਕ ਖੇਤਰਾਂ ਵਿਚ, ਉਸ ਦੀ ਸ਼ਾਇਰੀ ਦੇ ਖ਼ਿਲਾਫ ਨਿੰਦਾ ਤੇ ਅਪਮਾਨ-ਜਨਕਆਵਾਜ਼ਾਂ ਵੀ ਕਾਫੀ ਤੇਜ਼ ਤੇ ਉਚੀਆਂ ਹੋ ਗਈਆਂ ਸਨ। ਸ਼ਿਵ ਦੀ ਸ਼ਾਇਰੀ ਦਾ ਵਿਰੋਧ ਕਰਨ ਵਾਲੀਆਂ ਦੋ ਮੁੱਖ ਵਿਚਾਰਧਾਰਾਸਨ, ਇਕ ਤਾਂ ਸਨ ਨਕਸਲ ਵਾੜੀ ਲਹਿਰ ਵਿਚ ਵਿਚਾਰ ਰੱਖਣ ਵਾਲੇ ਕਵੀ ਜਿਵੇਂ ਅਵਤਾਰ ਸਿੰਘ ਪਾਸ਼, ਡਾ: ਜਗਤਾਰ ਅਤੇ ਕੁਝ ਹੋਰ । ਦੂਸਰੇ ਸਨ ਸ਼ਾਇਰੀ ਦੀ ਪ੍ਰੋਯੋਗਿਕ ਵਿਚਾਰ ਧਾਰਾ ਵਾਲੇ ਜਿਵੇਂ ਜਸਬੀਰ ਸਿੰਘ ਆਹਲੂਵਾਲੀਆ ਅਤੇ ਰਵਿੰਦਰ ਰਵੀ । ਇਸ ਖ਼ਿਲਾਫਤ ਨੇ ਪੀੜਾਂ ਮਾਰੇ ਸ਼ਿਵ ਦਾ ਦਰਦ ਹੋਰ ਵੀ ਵਧਾ ਦਿੱਤਾ, ਉਹ ਇੰਨਾਂ ਨਿਰਾਸ਼ ਹੋ ਗਿਆ ਕਿ ਇਸ ਨੁਕਤਾ ਚੀਨੀ ਦੇ ਜਵਾਬ ਵਿਚ ਉਸਨੇ ਦਰਦਮੰਦਾਂ ਦੀਆਂ ਆਹੀਂ ਦੀ ਭੂਮਿਕਾ ਨਾਲ ਮੇਰੇ ਨਿੰਦਕ ਨਾਂ ਦੇ ਸਿਰਲੇਖ ਹੇਠ ਆਪਣੀਆਂ ਕਵਿਤਾਵਾਂ ਦਾ ਇਕ ਸੰਗ੍ਰਹਿ ਛਾਪਿਆ । ਇਹਨਾਂ ਆਲੋਚਕਾਂ ਨੇ ਉਸਦੀ ਸ਼ਾਇਰੀ ਵਿਚ ਕਈ ਗੁਣਾਂ ਦੀ ਮੁਹਾਰਤ ਨੂੰ ਨਾ ਪਛਾਣਦੇ ਹੋਏ ਉਸ ਦੀ ਸ਼ਾਇਰੀ ਨੂੰ ਕੀਟਸ ਦੀ ਸ਼ਾਇਰੀ ਦੇ ਪੁਨਰ ਜਨਮ ਦਾ ਠੱਪਾ ਲਾ ਦਿੱਤਾ । ਸ਼ਿਵ ਦੀ ਸ਼ਾਇਰੀ 'ਤੇ ਇਹ ਦੋਸ਼ ਵੀ ਲੱਗੇ (ਖ਼ਾਸ ਕਰਕੇ ਮਾਰਕਸ / ਲੈਨਿਨ /ਮਾਓਵਾਦ ਦੇ ਸੰਧਰਭ ਵਿਚ),ਕਿ ਇਸ ਵਿਚ ਸਮਾਜਕ ਚੇਤੰਨਤਾ ਨੂੰ ਅੱਖੋਂ ਓਹਲੇ ਕਰਕੇ ਇਸ਼ਕ ਅਤੇ ਰੋਮਾਂਸਵਾਦ / ਬੇਲੋੜੀ ਭਾਵ-ਪ੍ਰਧਾਨਤਾ ਦਰਸਾਈ ਗਈ ਹੈ ।
ਸ਼ਿਵ ਦੀ ਕਵਿਤਾ ਵਿਚ ਦਰਸਾਈ ਗਈ ਪੀੜਾ ਗ਼ੈਰ-ਵਿਗਿਆਨਕ ਤੇ ਉਲਝਨ ਵਾਲੀ ਹੈ, ਸਮਾਜਕ ਅਤੇ ਪਦਾਰਥ ਵਾਦੀ ਰਿਸ਼ਤਿਆਂ ਪ੍ਰਤੀ ਇਹ ਉਸਦਾ ਇਕ ਸਧਾਰਣ, ਪੀੜਾਂ-ਭਰਿਆ ਜਜ਼ਬਾਤੀ ਪ੍ਰਤੀਕਰਮ ਹੈ ਜੋ ਪ੍ਰਯੋਗ ਸਿੱਧ ਨਹੀਂ ਹੈ, ਅਮਰਜੀਤ ਚੰਦਨ ਨੇ ਇਕ ਮੁਲਾਕਾਤ ਦੌਰਾਨ ਇਹ ਕਿਹਾ ਸੀ,ਸ਼ਿਵ ਦੀ ਸ਼ਾਇਰੀ ਵਿਚ ਨਾ ਕੋਈ ਵਿਗਿਆਨਕਜਾਂ ਸਮਾਜਕ ਤੱਤ ਹੈ ਅਤੇ ਨਾ ਹੀ ਕੋਈ ਅਧਿਆਤਮਕਤਾ ਹੈ, ਉਹ ਤਾਂ ਕਿਸ਼ੋਰ-ਅਵਸਥਾ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ, ਬੜੇ ਥੋੜ੍ਹੇ ਲੋਕਾਂ ਨੇ ਉਹਦੀ ਸ਼ਾਇਰੀ ਪੜ੍ਹਨ ਨੂੰ ਤਰਜੀਹ ਦਿੱਤੀ ਹੈ, ਉਹ ਤਾਂ ਸਿਰਫ ਕੁਝ ਕੁ ਕਵਿਤਾਵਾਂ ਕਰਕੇ ਮਸ਼ਹੂਰ ਹੋ ਗਿਐ, ਉਸਨੇ ਹਰਭਜਨ ਸਿੰਘ ਦੇ ਗੀਤਾਂ ਅਤੇ ਸ਼ੈਲੀ ਦੀ ਨਕਲ ਕੀਤੀ ਹੈ ।
ਖੱਬੇ-ਪੱਖੀ ਅਤੇ 'ਸੁਧਾਰ-ਮੁਖੀ' ਲੇਖਕਾਂ ਦੁਆਰਾ ਕੀਤੀ ਜਾ ਰਹੀ ਬੇ-ਲੋੜੀ ਨੁਕਤਾਚੀਨੀ ਤੋਂ ਸ਼ਿਵ, ਬਹੁਤ ਨਿਰਾਸ਼ਸੀ । ਆਪਣੀ ਸ਼ਾਇਰੀ ਦੀ ਇਸ ਤਰਾਂ੍ਹ ਦੀ ਬੇ-ਇਨਸਾਫੀ ਵਾਲੀ ਨਿੰਦਾ ਤੋਂ ਖ਼ਫਾ ਹੋ ਕੇ ਹੁਣ, ਉਸ ਨੇ ਖੁਲ੍ਹੇ ਆਮ ਬੋਲਣਾ ਸ਼ੁਰੂ ਕਰ ਦਿੱਤਾ ਸੀ । ਇਹਨਾਂ ਲੋਕਾਂ ਵੱਲੋਂ ਉਹਦੀਆਂ ਕਵਿਤਾਵਾਂ ਅਤੇ ਅਸ਼ਾਰਾਂ ਦੀ ਨੁਕਤਾਚੀਨੀ ਨੇ ਉਹਦੇ ਦਿਲੋ-ਦਿਮਾਗ਼ 'ਤੇ ਬੜਾ ਅਸਰ ਕੀਤਾ ।
ਆਖ਼ਰੀ ਸਮਾਂ: ਹੁਣ ਸ਼ਿਵ ਦੇ ਵਿਹਾਰ ਅਤੇ ਸੁਭਾਅ ਵਿਚ ਕੁੜੱਤਣ ਝਲਕਣ ਲੱਗ ਪਈ ਸੀ । ਉਹਦੀ ਸਿਹਤ, ਕੁਝ ਖ਼ਰਾਬ ਰਹਿਣ ਲਗ ਪਈ ਸੀ । ਸੈਕਟਰ 22 ਦੇ ਇਕ ਸਟੋਰ ਵਿਚ ਉਸਨੂੰ ਇਕ ਦੌਰਾ ਵੀ ਪਿਆ । ਉਹ ਬੜੀਆਂ ਆਸਾਂ ਉਮੀਦਾਂ ਲੈ ਕੇ ਚੰਡੀਗੜ੍ਹ ਆਇਆ ਸੀ ਪਰ ਚਾਰ ਸਾਲ ਇਥੇ ਰਹਿਣ ਤੋਂ ਬਾਅਦ ਜਦ ਉਹ ਵਾਪਸ ਗਿਆ ਤਾਂ ਉਹਦੇ ਅੰਦਰ ਬੜੀ ਕੜਵਾਹਟ ਅਤੇ ਨਿਰਾਸ਼ਾ ਸੀ। ਬਟਾਲਾ ਅਤੇ ਚੰਡੀਗੜ੍ਹ, ਦੋਵੇਂ ਸ਼ਹਿਰ, ਉਹਨੂੰ ਮਨੁੱਖੀ ਗੁਣਾਂ ਤੋਂ ਸੱਖਣੇ ਅਤੇ ਸਵਾਰਥੀ ਲਗਦੇਸਨ । ਹੁਣ ਤਾਂ ਉਹ ਆਉਣ ਵਾਲੀ ਆਪਣੀ ਮੌਤ ਦੀ ਗੱਲ ਆਮ ਹੀ ਕਰਨ ਲਗ ਪਿਆ ਸੀ ਅਤੇ ਬਿਨਾਂ ਨਾਗਾ ਸ਼ਰਾਬ ਪੀਣੀਸ਼ੁਰੂ ਕਰ ਦਿੱਤੀ ਸੀ ।
ਇੰਗਲੈਂਡ ਤੋਂ ਵਾਪਸ ਆ ਕੇ ਕੁਝ ਮਹੀਨਿਆਂ ਵਿਚ ਹੀ ਉਹਦੀ ਸਿਹਤ, ਦਿਨੋਂ ਦਿਨ ਡਿੱਗਣ ਲੱਗੀ, ਇੰਜ ਲਗਦਾਸੀ ਕਿ ਹੁਣ ਉਹ ਤੰਦਰੁਸਤ ਨਹੀਂ ਹੋ ਸਕੇਗਾ । ਉਤੋਂ ਉਹਦੀ ਮਾਲੀ ਹਾਲਤ ਵੀ ਬਹੁਤ ਪਤਲੀ ਹੋ ਚੁੱਕੀ ਸੀ । ਇਸ ਮਾੜੀ ਹਾਲਤ ਵਿਚ ਦੋਸਤ ਮਿੱਤਰ ਵੀ ਸਾਥ ਛੱਡ ਰਹੇ ਸਨ । ਪਰ ਕਿਸੇ ਤਰਾਂ੍ਹ ਕਰ ਕਰਾ ਕੇ ਪਤਨੀ ਅਰੁਣਾ ਨੇ ਸ਼ਿਵ ਨੂੰ ਚੰਡੀਗੜ੍ਹ ਦੇ 16 ਸੈਕਟਰ ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਜਿੱਥੇ ਕੁਝ ਦਿਨ ਉਹਦਾ ਇਲਾਜ ਚੱਲਿਆ । ਦੋ ਕੁ ਮਹੀਨੇ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਵੀ. ਜੇ. (ਗੁਰੂ ਤੇਗ਼ ਬਹਾਦਰ) ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ । ਉਸਨੂੰ ਆਪਣੀ ਮੌਤ ਦਾ ਪਤਾ ਲੱਗ ਚੁਕਿਆ ਸੀ, ਉਹ ਹਸਪਤਾਲ ਵਿਚ ਨਹੀਂ ਸੀ ਮਰਨਾ ਚਾਹੁੰਦਾ । ਇਸੇ ਕਰਕੇ ਉਹ ਡਾਕਟਰਾਂ ਦੀ ਮਰਜ਼ੀ ਦੇ ਖ਼ਿਲਾਫ ਆਪਣੇ ਪਰਿਵਾਰਕ ਘਰ ਬਟਾਲੇ ਚਲਾ ਗਿਆ । ਉਸ ਤੋਂ ਪਿੱਛੋਂ ਉਸਨੂੰ, ਉਹਦੇ ਸਹੁਰੇ, ਪਿੰਡ ਕੀੜੀ ਮੰਗਿਆਲ ਲਿਜਾਇਆ ਗਿਆ । ਛੇ ਅਤੇ ਸੱਤ ਮਈ ਦੀ ਵਿਚਕਾਰਲੀ ਇਹ ਰਾਤ ਸ਼ਾਇਦ ਪੰਜਾਬੀ ਕਵਿਤਾ ਦੀ ਸਭ ਤੋਂ ਹਨੇਰੀ ਰਾਤ ਸੀ ਜਦ 7 ਮਈ 1973 ਦੀ ਕੁੱਕੜ ਬਾਂਗ ਤੋਂ ਪਹਿਲਾਂ ਹੀ, ਹਿਜਰ ਦੀ ਪਰਕਰਮਾ ਕਰਦਾ ਹੋਇਆ, ਭਰਿਆਭਰਾਇਆ, ਸ਼ਿਵ ਕੁਮਾਰ ਬਟਾਲਵੀ, ਜੋਬਨ ਰੁੱਤੇ ਹੀ, ਫੁੱਲ ਜਾਂ ਤਾਰਾ ਜਾ ਬਣਿਆਂ । ਸ਼ਿਵ ਦੀ ਸ਼ਾਇਰੀ: ਆਈ.ਏ.ਐਸ. ਅਫਸਰ ਸ. ਮਨਮੋਹਨ ਸਿੰਘ ਜੋ ਇਕ ਕੁਸ਼ਲ ਪ੍ਰਬੰਧਕ, ਬਹੁ-ਪੱਖੀ ਪ੍ਰਤਿਭਾ ਦੇ ਮਾਲਿਕਅਤੇ ਸਾਹਿਤ-ਰਸੀਏ ਹਨ,ਮੁੱਢ ਤੋਂ ਹੀ ਸ਼ਿਵ ਬਟਾਲਵੀ ਦੀ ਕਾਵਿ-ਚੇਤੰਨਤਾ ਤੇ ਕਾਵਿ-ਪ੍ਰਤਿਭਾ ਦੇ ਉਪਾਸ਼ਕ ਹਨ ਅਤੇ ਕੁਝਸਮਾਂ ਗੁਰਦਾਸਪੁਰ ਦੇ ਡੀ.ਸੀ. ਵੀ ਰਹੇ ਹਨ, ਸ਼ਿਵ ਬਾਰੇ ਲਿਖਦੇ ਹਨ: ਸ਼ਿਵ ਜਦ ਸਿਖ਼ਰ ਦੁਪਹਿਰੇ ਢਲੇ ਪ੍ਰਛਾਵਿਆਂ ਜਾਂ ਸਿਖ਼ਰ ਦੁਪਹਿਰੇ ਮੌਤ ਦੀ ਗੱਲ ਕਰਦਾ ਜਾਂ ਦੁਪਹਿਰ ਦੇ ਸੂਰਜ ਦੇ ਲੰਮੇ ਹੋ ਰਹੇ ਪ੍ਰਛਾਵਿਆਂ ਦਾ ਜ਼ਿਕਰ ਕਰਦਾ ਸੀ ਤਾਂ ਉਹ ਟਾਲੀ ਜਾ ਸੱਕਣ ਵਾਲੀ ਅਟੱਲਤਾ ਬਾਰੇ ਕਹਿੰਦਾ ਸੀ। ਤੁਸੀਂ ਕਿਵੇਂ ਗਾ ਸਕਦੇ ਹੋ ਕਿ ਜੋਬਨ ਰੁੱਤੇ ਜੋ ਵੀ ਮਰਦਾ ਹੈ ਉਹ ਫੁੱਲਜਾਂ ਤਾਰਾ ਬਣਦਾ ਹੈ । ਪੰਜਾਬੀ ਭਾਵੇਂ ਸਿੰਘਾ ਪੁਰ, ਕਨੇਡਾ, ਸਾਊਥ ਹਾਲ ਜਾਂ ਅਰਬ ਦੇ ਰੇਗਿਸਤਾਨਾਂ ਵਿਚ ਹੋਣ, ਆਪਣੀਆਂਜੜਾਂ੍ਹ ਨੂੰ ਮਜਬੂਤੀ ਨਾਲ ਫੜੀ ਰੱਖਣ ਦੇ ਯਤਨ ਵਿਚ ਰਹਿੰਦੇ ਹਨ । ਸ਼ਿਵ ਉਹਨਾਂ ਨੂੰ ਇਹ ਸਭ ਕੁਝ ਦੇਂਦਾ ਹੈ ਜਿਵੇਂ ਪੰਜਾਬੀਧੁਨਾਂ, ਸੁਗੰਧੀਆਂ,ਰੁੱਖਾਂ ਅਤੇ ਪੰਛੀਆਂ ਦੀ ਉਭਾਰੂ ਬਿੰਬਾਵਲੀ, ਜੜਾਂ੍ਹ ਅਤੇ ਗੌਰਵ ਦਾ ਅਨੁਭਵ।ਸ਼ਿਵ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣਿਆਂਤੇ ਸੱਤਾਂ ਸਮੁੰਦਰਾਂ ਵਿਚ ਭੌਂਦਾ ਰਿਹਾ, ਪੰਜਾਬ ਦੀਆਂ ਸੁਗੰਧੀਆਂ, ਖ਼ੁਸ਼ਬੋਈਆਂ ਤੇ ਮਹਿਕਾਂ ਦੇ ਬਿੰਬ ਜਿਨਾਂ੍ਹ ਵਿਚ ਸਾਹ ਲੈਣ ਨਾਲ ਬੰਦਾ ਬੇ-ਖ਼ੁਦੀ ਦੀ ਅਵਸਥਾ ਵਿਚ ਪੁੱਜ ਜਾਂਦਾ ਹੈ । ਸੰਨ 1960 ਅਤੇ 1965 ਦੇ ਦਰਮਿਆਨ ਸ਼ਿਵ ਦੇ ਪੰਜ ਕਾਵਿ ਸੰਗ੍ਰਿਹ ਛਪੇ । ਸ਼ਿਵ ਦੀ ਸ਼ਾਇਰੀ ਵਿਚ, ਬੜਾਪਿੰਡ ਲੋਹਤੀਆਂ, ਜਿੱਥੇ ਉਸਦਾ ਬਚਪਨ ਗੁਜ਼ਰਿਆ, ਵਿਚ ਬਿਤਾਏ ਹੋਏ ਦਿਨਾਂ ਦੀਆਂ ਯਾਦਾਂ, ਮਨ ਮੋਹ ਲੈਣ ਵਾਲੇ ਕੁਦਰਤੀਦ੍ਰਿਸ਼ਾਂ ਵਾਲੀ ਸੁੰਦਰਤਾ, ਦੇਸ਼ ਦੀ ਵੰਡ ਵੇਲੇ ਉਸ ਜਗਾ੍ਹ ਦਾ ਵਿਛੋੜਾ ਅਤੇ ਠੇਠ ਪੰਜਾਬੀ ਪੇਂਡੂ ਜੀਵਨ, ਬਿੰਬ ਵਿਧਾਨ ਹਨ (ਬਲਵੰਤ ਗਾਰਗੀ ਦੀ ਕੌਡੀਆਂ ਵਾਲਾ ਸੱਪ )।ਸ਼ਿਵ ਦੇ ਬਚਪਨ 'ਚ ਹੀ ਦੇਸ਼-ਵੰਡ ਦੌਰਾਨ ਹੋੲੋ ਖੂਨ-ਖਰਾਬੇ,ਗੜਬੜ ਅਤੇਵਿਛੋੜੇ, ਸ਼ਾਇਦ ਉਸਦੇ ਉਦਾਸੀ ਤੇ ਨਿਰਾਸ਼ਾ ਭਰੇ ਗੀਤਾਂ ਦਾ ਸੋਮਾਂ ਹਨ । ਆਪਣੀ ਕਵਿਤਾ ਦੁੱਧ ਦਾ ਕਤਲ ਵਿਚ ਉਸਨੇਅਣ-ਵੰਡੇ ਪੰਜਾਬ ਨੂੰ ਮਾਂ ਦਰਸਾਇਆ ਹੈ : ਮੈਨੂੰ ਤੇ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ, ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ । ਓਸ ਦਾ ਲਹੂ ਜਿੱਦਾਂ ਕੁੱਤਿਆਂ ਕਾਵਾਂ ਨੇ ਪੀਤਾ ਸੀ, ਆਪਣਾ ਨਾਂ ਅਸੀਂ ਸਾਰੇ ਪਿੰਡ ਵਿਚ ਭੰਡ ਲੀਤਾ ਸੀ । ਜਦੋਂ ਅਸੀਂ ਰੱਤ-ਵਿਹੂਣੇ ਅਰਧ-ਧੜ ਲਿਆਏ ਸਾਂ, ਅਸੀਂ ਮਾਂ ਦੇ ਕਤਲ ਉਪਰ ਬੜਾ ਹੀ ਮੁਸਕੁਰਾਏ ਸਾਂ । ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜਾ੍ਹਏ ਸਾਂ, ਤੇ ਦੋਹੇਂ ਹੀ ਕਪੁੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ । ਬਾਜ਼ਾਰ ਵਿਚ ਸ਼ਿਵ ਦੀ ਸ਼ਾਇਰੀ ਦੇ ਮੁੱਲ ਦਾ ਇਥੋਂ ਅੰਦਾਜ਼ਾ ਲਗ ਸਕਦਾ ਹੈ ਕਿ ਬਹੁਤ ਸਾਰੇ ਨਾਮ-ਵਰ ਭਾਰਤੀ ਅਤੇ ਪਾਕਿਸਤਾਨੀ ਗਾਇਕਾਂ ਨੇ ਉਸਨੂੰ ਗਾਇਆ ਹੈ ਜਿਵੇਂ: ਮੁਹੰਮਦ ਰਫੀ, ਆਸ਼ਾ ਭੋਸਲੇ, ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾਜਗਜੀਤ ਸਿੰਘ ਜ਼ੀਰਵੀ, ਪੁਸ਼ਪਾ ਹੰਸ, ਮਹਿੰਦਰ ਕਪੂਰ, ਜਗਜੀਤ ਸਿੰਘ - ਚਿਤਰਾ ਸਿੰਘ, ਜਗਮੋਹਨ ਕੌਰ -ਕੇ. ਦੀਪ, ਡੌਲੀ ਗੁਲੇਰੀਆ, ਭੁਪਿੰਦਰ ਸਿੰਘ, ਮੀਤਾਲੀ ਸਿੰਘ, ਕਵਿਤਾ ਕ੍ਰਿਸ਼ਨਾ ਮੂਰਤੀ, ਦੀਦਾਰ ਪ੍ਰਦੇਸੀ, ਜੱਸੀ, ਨੀਲਮ ਸਾਹਨੀ, ਨੁਸਰਤ ਫਤਿਹ ਅਲੀ ਖ਼ਾਨ, ਸ਼ੌਕਤ ਅਲੀ, ਗ਼ੁਲਾਮ ਅਲੀ, ਸ਼ਾਜ਼ੀਆ ਮਨਜ਼ੂਰ, ਤੁਫੈਲ ਨਿਆਜ਼ੀ ਆਦਿ । ਹੰਸ ਰਾਜ ਹੰਸ ਨੇ ਵੀ ਸੰਨ 2002 ਵਿਚ ਹੀ ਸ਼ਿਵ ਦੇ ਗੀਤਾਂ ਦੀ ਇਕ ਆਡੀਓ ਤੇ ਵੀਡੀਓ ਕੱਢੀ ਸੀ । ਬਟਾਲਵੀ ਸਭ ਤੋਂ ਘੱਟ ਉਮਰ ਵਿਚ ਸਾਹਿਤ ਅਕੈਡਮੀ ਅਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਹੈ । ਸੰਨ 1965 ਵਿਚ ਛਪੇ ਉਸਦੇ ਕਾਵਿ-ਨਾਟਕ ਲੂਣਾਂ ਲਈ ਉਸਨੂੰ 1967 ਵਿਚ ਇਹ ਅਵਾਰਡ ਮਿਲਿਆ । ਥੋੜ੍ਹੀ ਉਮਰ ਵਿਚਹੀ ਕਵਿਤਾ ਦਾ ਲੰਮਾ ਪੈਂਡਾ ਤਹਿ ਕਰਨ ਵਾਲੇ ਇਸ ਕਵੀ ਦੀਆਂ ਲਿਖਤਾਂ ਵਿਚ ਬਿਰਹਾ ਅਤੇ ਅੰਤਰ-ਪੀੜਾ ਪ੍ਰਧਾਨ ਹੈ । ਸ਼ਿਵ ਬਟਾਲਵੀ ਨੇ, 1957 ਤੋਂ 60 ਤੱਕ ਲਿਖੀਆਂ ਕਵਿਤਾਵਾਂ ਦਾ ਪਹਿਲਾ ਕਾਵਿ ਸੰਗ੍ਰਹਿ ਪੀੜਾਂ ਦਾ ਪਰਾਗਾ (1960) ਤੋਂ ਲੈ ਕੇ ਮੈਂ ਤੇ ਮੈਂ (1970) ਤੱਕ ਦਾ ਲੰਮਾ ਸਫਰ ਤਹਿ ਕੀਤਾ । ਪੀੜਾਂ ਦਾ ਪਰਾਗਾ (1960) ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ, ਤੈਨੂੰ ਦਿਆਂ ਹੰਝੂਆਂ ਦਾ ਭਾੜਾ..। ਲੋਕਾਂ ਗਿਲਾ ਕੀਤਾ ਕਿ ਸ਼ਿਵ ਦੇ ਗੀਤ ਕਸੈਲੇ ਨੇ, ਇਨਾਂ੍ਹ ਵਿਚ ਨਿਰਾਸਤਾ ਹੈ, ਨਾਕਾਮੀ ਹੈ ਪਰ ਉਹਨਾਂ ਭੋਲਿਆਂ ਨੂੰ ਕੀ ਪਤਾਕਿ ਨੜੋਏ ਬੈਠੀ ਜਿੰਦ ਕੀਕਣ ਸੋਹਲੇ ਗਾ ਸਕਦੀ ਹੈ । ਇਸ ਦਾ ਉਤਰ ਪੀੜਾਂ ਦਾ ਪਰਾਗਾ ਵਿਚ ਸ਼ਿਵ ਆਪ ਦੇਂਦਾ ਹੈ:
ਪੀੜਾਂ ਦੇ ਧਰਕੋਨੇ ਖਾ ਖਾ, ਹੋ ਗਏ ਗੀਤ ਕਸੇਲੇ ਵੇ, ਵਿਚ ਨੜੋਏ ਬੈਠੀ ਜਿੰਦੂ ਕੀਕਣ ਸੋਹਲੇ ਗਾਏ ਵੇ ........। ਲਾਜਵੰਤੀ (1961) ਇਸ ਵਿਚ ਸ਼ੀਸ਼ੋ ਨਾਂ ਦੀ ਲੰਮੀ ਕਵਿਤਾ ਇਕ ਗਰੀਬ ਕੁੜੀ ਦੇ ਹਾਲਾਤ, ਮਜਬੂਰੀ, ਸ਼ੋਸ਼ਣਬਾਰੇ ਹੈ : ਏਕਮ ਦਾ ਚੰਨ ਵੇਖ ਰਿਹਾ ਸੀ, ਬਹਿ ਝੰਗੀਆਂ ਦੇ ਓਹਲੇ, ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ ਪੈਰ ਧਰੇਂਦੀ ਪੋਲੇ, ਟੋਰ ਓਹਦੀ ਜਿਓਂ ਪੈਲਾਂ ਪਾਉਂਦੇ ਟੁਰਣ ਕਬੂਤਰ ਗੋਲੇ, ਜ਼ਖ਼ਮੀ ਹੋਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ.... ਆਟੇ ਦੀਆਂ ਚਿੜੀਆਂ (1962)ਵਾਸਤੇ ਸ਼ਿਵ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ । ਇਸ ਵਿਚ ਸ਼ਿਕਰਾ, ਹਿਜ਼ਰ ਅਤੇ ਜ਼ਖ਼ਮ ਵਰਗੀਆਂ ਰਚਨਾਵਾਂ ਹਨ । ਮੈਨੂੰ ਵਿਦਾ ਕਰੋ (1963) ਵਿਚ ਵਿਛੋੜਾ, ਸੋਗ ਅਤੇ ਮੌਤ, ਪ੍ਰਤੀਬਿੰਬਤ ਕੀਤੇ ਗਏ ਹਨ । ਧਰਮੀ ਬਾਬਲਾ ਇਸ ਦੀ ਮਸ਼ਹੂਰ ਕਵਿਤਾ ਹੈ:ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ,ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ ਦਰਦ ਮੰਦਾਂ ਦੀਆਂ ਆਹੀ (1964) ਲੂਣਾਂ (1965) ਸਾਹਿਤ ਅਕੈਡਮੀ ਅਵਾਰਡ 1967 ਵਿਚ ਪ੍ਰਾਪਤ ਕੀਤਾ । ਪੁਰਾਣੇ ਕਿੱਸਿਆ ਅਤੇ ਕਹਾਣੀਆਂ ਦੇ ਉਲਟ, ਸ਼ਿਵ ਨੇ ਇਸ ਵਿਚ ਲੂਣਾਂ ਨੂੰ ਸਹੀ ਦਰਸਾਇਆ ਹੈ । ਮੈਂ ਅਤੇ ਮੈਂ (1970) ਆਰਤੀ (1971) ਵਿਚ 1963 ਤੋਂ 1965 ਦੌਰਾਨ ਲਿਖੀਆਂ ਗਈਆਂ ਕਵਿਤਾਵਾਂ ਹਨ । ਅਲਵਿਦਾ (1974) ਸ਼ਿਵ ਦੀ ਮੌਤ ਤੋਂ ਬਾਅਦ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਛਾਪਿਆ । ਬਿਰਹਾ ਤੂੰ ਸੁਲਤਾਨ (1975) ਇਹ ਵੀ ਸ਼ਿਵ ਦੀ ਮੌਤ ਤੋਂ ਬਾਅਦ ਛਪਿਆ । ਇਸ ਵਿਚ ਉਹ ਗੀਤ ਅਤੇ ਕਵਿਤਾਵਾਂ ਹਨ ਜੋ ਅਣ-ਛਪੀਆਂ ਰਹਿ ਗਈਆਂ ਸਨ । ਇਸ ਵਿਚ 'ਇਕ ਤੇਰੀ ਅੱਖ ਕਾਸ਼ਨੀ', 'ਲੱਛੀ ਕੁੜੀ ਵਾਢੀਆਂ ਕਰੇ'ਅਤੇ 'ਰੁੱਖ' ਵਰਗੇ ਗੀਤ ਹਨ । ਸ਼ੀਸ਼ੋ ਦੀ ਅਰਥੀ ਉਤੇ ਬਲਣ ਵਾਲੀ ਅੱਗ ਸ਼ਿਵ ਲਈ ਪੁਰਾਣੇ ਲੋਗੜ ਦੀ ਅੱਗ ਸੀ। ਜਦੋਂ ਇਹੀ ਅੱਗ ਨੂਰਾਂ ਦੀ ਕਬਰ ੳੇਤੇ ਬਲਦੇ ਦੀਵੇ ਦਾ ਰੂਪ ਧਾਰਣ ਕਰਦੀ ਹੈ ਤਾਂ ਇਸਦਾ ਰੂਪ ਬਿਲਕੁਲ ਹੀ ਵੱਖਰਾ ਹੋ ਨਿਬੜਦਾ ਹੈ । ਇਹੋ ਈ ਤਾਂ ਸ਼ਿਵ ਦਾ
ਕਮਾਲ ਹੈ : ਹਰ ਅਮਾਵਸ ਦੀ ਹਨੇਰੀ ਰਾਤ ਨੂੰ, ਆ ਕੇ ਉਥੇ ਬੈਠਦੇ ਨੇ ਦਿਲ ਜਲੇ; ਲੈ ਕੇ ਉਸ ਦੀਵੇ 'ਚੋਂ ਇਕ ਬੂੰਦ ਤੇਲ ਦੀ, ਯਾਰ ਦੇ ਹੋਠਾਂ 'ਤੇ ਹਰ ਕੋਈ ਮਲੇ । ਕਾਫੀ ਪ੍ਰਚੱਲਤ ਹੋਈਆਂ ਸ਼ਿਵ ਬਟਾਲਵੀ ਦੀਆਂ ਕਵਿਤਾਵਾਂ :ਪੀੜਾਂ ਦਾ ਪਰਾਗਾ, ਕੰਡਿਆਲੀ ਠ੍ਹੋਰ, ਆਪਣੀਸਾਲ ਗਿਰਾਹ ਤੇ, ਹੰਝੂਆਂ ਦੀ ਛਬੀਲ, ਯਾਰ ਦੀ ਮੜੀ੍ਹ ਤੇ, ਤਿੱਤਲੀਆਂ, ਲਾਜਵੰਤੀ, ਨੂਰਾਂ ਅਤੇ ਇਹ ਮੇਰਾ ਗੀਤ ਆਦਿ । ਜਿਹਨਾਂ ਕਵਿਤਾਵਾਂ ਦੀ ਭੂਮਿਕਾ ਅੰਮ੍ਰਿਤਾ ਪ੍ਰੀਤਮ ਨੇ ਲਿਖੀ :ਬਦ-ਅਸੀਸ, ਜ਼ਿੰਦਗੀ ਨੂੰ, ਹੈ ਰਾਤ ਕਿੰਨੀ ਕੁ ਦੇਰ ਹਾਲੇ, ਹੰਝੂਆਂ ਦੇ ਗਾਹ । ਜਿਹਨਾਂ ਕਵਿਤਾਵਾਂ ਦੀ ਭੂਮਿਕਾ ਸੰਤ ਸਿੰਘ ਸੇਖੋਂ ਨੇ ਲਿਖੀ : ਗਰਭਵਤੀ, ਯਾਦ, ਲਾਜਵੰਤੀ, ਤੀਰਥ, ਚੁੰਮਣ, ਮਾਂ, ਸ਼ੀਸ਼ੋ, ਉਮੀਦ ਅਤੇ ਆਟੇ ਦੀਆਂ ਚਿੜੀਆਂ । ਨਾਮ ਫਕੀਰ ਤਿਨਾਂ੍ਹ ਦਾ ਬਾਹੂ, ਕਬਰ ਜਿਨਾਂ੍ਹ ਦੀ ਜੀਵੇ ਹੂ.... ........
ਡਾ: ਮਨਜੀਤ ਸਿੰਘ ਬੱਲ
ਪ੍ਰੋਫੈਸਰ ਅਤੇ ਮੁਖੀ, ਪੈਥਾਲੋਜੀ ਵਿਭਾਗ,
ਸਰਕਾਰੀ ਮੈਡੀਕਲ ਕਾਲਜ ਪਟਿਆਲਾ
ਫੋਨ : 09872843491, 175-2222477, 2218733
ਈ ਮੇਲ : balmanjit1953@yahoo.co.in