ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


* ਸਿੱਖ ਸੰਘਰਸ਼ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕਰਕੇ ਮੈਮੋਰੰਡਮ ਦੇਣ ’ਤੇ ਲਾਈ ਪਾਬੰਦੀ


ਅਖੌਤੀ ਪੰਥਕ ਸਰਕਾਰ, ਸਿੱਖਾਂ ’ਤੇ ਮੁਗਲਾਂ, ਅੰਗ੍ਰੇਜਾਂ ਅਤੇ ਕਾਂਗਰਸ ਦੀਆਂ ਸਰਕਾਰਾਂ ਨਾਲੋਂ ਵੀ ਵੱਧ ਜੁਲਮ ਕਰ ਰਹੀ ਹੈ: ਬਾਬਾ ਦਾਦੂਵਾਲ
* ਇਕੱਤਰ ਹੋਈ ਸੰਗਤ ਨੇ ਰੋਸ ਮਾਰਚ ਕੱਢੇ ਜਾਣ ਲਈ ਮਨਜੂਰੀ ਨਾ ਦਿੱਤੇ ਜਾਣ ਕਾਰਣ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਰੋਸ ਵਜੋਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਉਮੀਦਵਾਰਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ।
* ਕਿਹਾ ਉਲੀਕੇ ਪ੍ਰੋਗਰਾਮ ਤਹਿਤ 18 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਰਾਹੀ ਮੰਗ ਪੱਤਰ ਦਿੱਤਾ ਜਾਵੇਗਾ।

ਬਠਿੰਡਾ, 16 ਅਪ੍ਰੈਲ (ਕਿਰਪਾਲ ਸਿੰਘ) : ਸਮੇਂ ਦੀਆਂ ਮੁਗਲ ਸਰਕਾਰਾਂ, ਅੰਗਰੇਜ ਅਤੇ ਕਾਂਗਰਸ ਸਰਕਾਰਾਂ ਸਾਰੀਆਂ ਹੀ ਹੱਕ ਸੱਚ ’ਤੇ ਪਹਿਰਾ ਦੇਣ ਵਾਲੇ ਸਿੱਖਾਂ ’ਤੇ ਜ਼ੁਲਮ ਕਰਦੀਆਂ ਰਹੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਥ ਦੇ ਨਾਮ ’ਤੇ ਵੋਟਾਂ ਲੈ ਕੇ ਸਰਕਾਰ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ-ਭਾਜਪਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਪਦ ਚਿੰਨ੍ਹਾਂ ’ਤੇ ਚਲਦੀ ਹੋਈ ਸਿੱਖਾਂ ਨਾਲ ਘੱਟ ਨਹੀ ਗੁਜਾਰ ਰਹੀ। ਇਹ ਸ਼ਬਦ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਮਨਮੋਹਨ ਸਿੰਘ ਬਾਰਨ ਅਤੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਉਸ ਸਮੇਂ ਕਹੇ ਜਿਸ ਸਮੇਂ ਸਿੱਖ ਸੰਘਰਸ਼ ਕਮੇਟੀ ਵੱਲੋਂ ਫਤਹਿਗ੍ਹੜ ਸਾਹਿਬ ਵਿਖੇ ਲਏ ਗਏ ਫੈਸਲੇ ਅਧੀਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦੇਣ ਜਾ ਰਹੇ ਜਥੇ ਨੂੰ ਅੱਜ ਸਥਾਨਕ ਗੁਰਦੁਆਰਾ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਦੇ ਮੁੱਖ ਗੇਟ ਤੋਂ ਹੀ ਤਹਿਸੀਲਦਾਰ ਬਠਿੰਡਾ ਅਤੇ ਡੀਐੱਸਪੀ ਸਿਟੀ ਬਠਿੰਡਾ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨੇ ਰੋਕ ਲਿਆ। ਇਹ ਦੱਸਣਯੋਗ ਹੈ ਕਿ ਸਜਾਵਾਂ ਪੂਰੀਆਂ ਕਰ ਚੁੱਕਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ 14 ਨਵੰਬਰ 2013 ਨੂੰ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਸਨ; ਜਿਨ੍ਹਾਂ ਨੂੰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਭਾਰੀ ਸਮਰਥਨ ਮਿਲਿਆ। ਪੰਜਾਬ ਸਰਕਾਰ ਨੇ ਇਸ ਵਧਦੇ ਦਬਾਅ ਨੂੰ ਮੱਠਾ ਪਾਉਣ ਲਈ ਬੁੜੈਲ ਜੇਲ੍ਹ ਵਿੱਚ ਬੰਦ ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ ਅਤੇ ਨਾਭਾ ਜੇਲ੍ਹ ਵਿੱਚ ਬੰਦ ਭਾਈ ਲਾਲ ਸਿੰਘ ਨੂੰ ਪੈਰੋਲ ’ਤੇ ਛੱਡ ਦਿੱਤਾ ਗਿਆ ਅਤੇ ਗੁਲਬਰਗ ਜੇਲ੍ਹ ਕਰਨਾਟਕਾ ਵਿੱਚ ਬੰਦ ਭਾਈ ਗੁਰਦੀਪ ਸਿੰਘ ਤੇ ਬਰੇਲੀ ਦੀ ਜੇਲ੍ਹ ਵਿੱਚ ਬੰਦ ਭਾਈ ਵਰਿਆਮ ਸਿੰਘ ਨੂੰ ਛੇਤੀ ਹੀ ਪੈਰੋਲ ’ਤੇ ਛੱਡਣ ਦਾ ਭਰੋਸਾ ਦਿੰਦਿਆਂ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਰਹੀਂ ਭਾਈ ਗੁਰਬਖ਼ਸ਼ ਸਿੰਘ ਨੂੰ ਜੂਸ ਦ ਗਿਲਾਸ ਪਿਲਾ ਕੇ ਉਸ ਦਾ ਮਰਨ ਵਰਤ ਤੁੜਵਾ ਦਿੱਤਾ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਇਹ ਵੀ ਭਰੋਸਾ ਦਿੱਤਾ ਸੀ ਕਿ ਪੈਰੋਲ ’ਤੇ ਆਏ ਸਿੰਘ ਮੁੜ ਜੇਲ੍ਹਾਂ ਵਿੱਚ ਨਹੀਂ ਜਾਣਗੇ ਤੇ ਉਨ੍ਹਾਂ ਦੀ ਪੱਕੀ ਰਿਹਾਈ ਕਰਵਾ ਲਈ ਜਾਵੇਗੀ ਅਤੇ ਬਾਕੀਆਂ ਦੀ ਰਿਹਾਈ ਲਈ ਵੀ ਕਾਰਵਾਈ ਆਰੰਭੀ ਜਾਵੇਗੀ।
ਜਥੇਦਾਰ ਅਕਾਲ ਤਖ਼ਤ ਵੱਲੋਂ ਦਿੱਤੇ ਇਸ ਭਰੋਸੇ ਦੇ ਬਾਵਯੂਦ ਨਾ ਹੀ ਪੰਜਾਬ ਸਰਕਾਰ ਅਤੇ ਨਾ ਹੀ ਖੁਦ ਜਥੇਦਾਰ ਵੱਲੋਂ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਪੁੱਟਿਆ ਗਿਆ। ਇਸ ਕਾਰਣ ਪੈਰੋਲ ’ਤੇ ਰਿਹਾਅ ਹੋਏ ਚਾਰੇ ਸਿੰਘਾਂ ਨੂੰ ਵੀ ਮੁੜ ਜੇਲ੍ਹਾਂ ਵਿੱਚ ਜਾਣਾ ਪਿਆ। ਇਸ ਉਪ੍ਰੰਤ ਬਣੀ ਸਿੱਖ ਸੰਘਰਸ਼ ਕਮੇਟੀ ਜਿਸ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਮਨਮੋਹਨ ਸਿੰਘ ਬਾਰਨ, ਸਿਮਰਨਜੀਤ ਸਿੰਘ ਮਾਨ, ਪ੍ਰਿੰਸੀਪਲ ਪਰਵਿੰਦਰ ਸਿੰਘ ਅਤੇ ਭਾਈ ਪੰਥਪ੍ਰੀਤ ਸਿੰਘ ਆਦਿ ਸ਼ਾਮਲ ਸਨ ਨੇ ਜਥੇਦਾਰ ਅਤੇ ਪੰਜਾਬ ਸਰਕਾਰ ਦੇ ਰੋਲ ਨੂੰ ਸਿਖਾਂ ਨਾਲ ਵਿਸਾਹਘਾਤ ਕਰਾਰ ਦਿੰਦਿਆਂ ਪੰਜਾਬ ਅਤੇ ਬਾਹਰਲੀਆਂ ਜੇਲ੍ਹਾਂ ਵਿੱਚ ਬੰਦ 118 ਦੇ ਕਰੀਬ ਸਿੰਘਾਂ ਦੀ ਰਿਹਾਈ ਲਈ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਪੰਜਾਬ ਦੇ 13 ਹਲਕਿਆਂ ਦੇ ਹੈੱਡਕੁਆਟਰਾਂ ਵਿੱਚ ਰੋਸ ਮਾਰਚ ਕਰਕੇ ਜਿਲ੍ਹਾ ਮੈਜਿਸਟਰੇਟਾਂ ਰਾਹੀਂ ਮੁੱਖ ਮੰਤਰੀ ਪੰਜਾਬ, ਪ੍ਰਕਾਸ਼ ਸਿੰਘ ਬਾਦਲ ਨੂੰ ਮੰਗ ਪੱਤਰ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਬਠਿੰਡਾ ਦੇ ਜਿਲ੍ਹਾ ਮੈਜਿਸਟ੍ਰੇਟ ਰਾਹੀਂ ਮੰਗ ਪਤੱਰ ਦੇਣ ਲਈ ਇਲਾਕੇ ਦੀਆਂ ਸਿੱਖ ਸੰਗਤਾਂ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਮਨਮੋਹਨ ਸਿੰਘ ਬਾਰਨ ਅਤੇ ਪ੍ਰਿੰਸੀਪਲ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਇੱਕਤਰ ਹੋਈਆਂ। ਜਦੋਂ ਹੀ ਉਹ ਕਾਲੇ ਝੰਡੇ ਚੁੱਕ ਕੇ ਰੋਸ ਮਾਰਚ ਕਰਨ ਲਈ ਤੁਰਨ ਲੱਗੇ ਤਾਂ ਗੁਰਦੁਆਰੇ ਦੇ ਮੁੱਖ ਗੇਟ ਅੱਗੇ ਹੀ ਤਹਿਸੀਲਦਾਰ ਬਠਿੰਡਾ ਅਤੇ ਡੀਐੱਸਪੀ ਸਿਟੀ ਬਠਿੰਡਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਪੁਲਿਸ ਨੇ ਇਸ ਅਧਾਰ ’ਤੇ ਰੋਕ ਲਿਆ ਕਿ ਇਲਾਕੇ ਵਿੱਚ ਦਫਾ 144 ਲੱਗੀ ਹੋਈ ਹੈ ਤੇ ਉਨ੍ਹਾਂ ਪਾਸ ਰੋਸ ਮਾਰਚ ਕਰਨ ਲੋੜੀਂਦੀ ਮਨਜੂਰੀ ਨਹੀਂ ਸੀ।
ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਡੀਸੀ ਬਠਿੰਡਾ ਨੂੰ ਸਮੇਂ ਸਿਰ ਈਮੇਲ ਰਾਹੀਂ ਅਤੇ ਵਫਦ ਵੱਲੋਂ ਨਿੱਜੀ ਤੌਰ ’ਤੇ ਮਨਜੂਰੀ ਲਈ ਬਿਨੈ-ਪੱਤਰ ਦੇ ਦਿੱਤਾ ਸੀ ਪ੍ਰੰਤੂ ਕੋਈ ਇਜ਼ਾਜਤ ਨਹੀ ਦਿੱਤੀ ਗਈ, ਜਿਸ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕਰਦੇ ਹਾਂ। ਉਨ੍ਹਾਂ ਕਿਹਾ ਇਸ ਸਮੇਂ ਵੱਡੀਆਂ-ਵੱਡੀਆਂ ਰੈਲੀਆਂ ਹੋ ਰਹੀਆਂ ਹਨ ਪਰ ਸਾਨੂੰ ਆਪਣੇ ਹੱਕਾਂ ਬਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਕੱਢਣ `ਤੇ ਰੋਕ ਕਿਉ? ਸਾਡੇ ਨਾਲ ਸਦਾ ਹੀ ਧੱਕੇਸ਼ਾਹੀ ਕਿਉਂ? ਜਿਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਜਿੰਮੇਵਾਰ ਹੈ। ਇਸ ਤੋਂ ਪਹਿਲਾਂ ਵੀ ਅਸੀ 25 ਮਾਰਚ ਨੂੰ ਮੁੱਖ ਮੰਤਰੀ ਨੂੰ 118 ਬੰਦੀ ਸਿੱਖ ਕੈਦੀਆਂ ਦੇ ਕੇਸਾਂ ਦੀ ਮੁੜ ਤੋਂ ਨਜ਼ਰਸ਼ਾਨੀ ਕਰਨ ਬਾਰੇ ਮੈਮੋਰੰਡਮ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਦੇ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹੋਰਨਾਂ ਸੂਬਿਆਂ ਦੀਆਂ ਜੇਲ੍ਹਾਂ ਅੰਦਰ 118 ਦੇ ਕਰੀਬ ਨਜ਼ਰਬੰਦ ਸਿੱਖ ਕੈਦੀਆਂ ਅਜਿਹੇ ਹਨ, ਜੋ ਭਾਰਤ ਹਕੂਮਤ ਵਲੋਂ ਪੰਜਾਬ ਅਤੇ ਸਿੱਖਾਂ ਨਾਲ ਕੀਤੇ ਧੱਕਿਆਂ, ਜ਼ੁਲਮਾਂ ਦੇ ਕਾਰਨ ਕਰਕੇ ਆਪਣੇ ਮਨੁੱਖੀ ਅਧਿਕਾਰਾਂ ਦੇ ਹੱਕ ਦੀ ਪ੍ਰਾਪਤੀ ਲਈ ਉਤਾਵਲੇ ਹਨ। ਵਧੇਰੇ ਸਿੱਖ ਕੈਦੀ ਅਜਿਹੇ ਹਨ ਜਿਨ੍ਹਾਂ ਖਿਲਾਫ਼ੳਮਪ; ਪੁਲਿਸ `ਤੇ ਏਜੰਸੀਆਂ ਵਲੋਂ ਝੂਠੇ ਮੁੱਕਦਮੇ ਤਿਆਰ ਕਰਕੇ ਜੇਲ੍ਹਾਂ ਅੰਦਰ ਬੰਦੇ ਕੀਤੇ ਹੋਏ ਹਨ। ਉਦਹਾਰਣਾ ਵਜੋਂ ਬਲਜੀਤ ਸਿੰਘ ਭਾਊ ਪੁੱਤਰ ਕੈਪਟਨ ਦਲੀਪ ਸਿਘ ਖਿਲਾਫ਼ੳਮਪ; 6 ਝੂਠੇ ਮੁਕੱਦਮੇ ਦਰਜ ਕੀਤੇ, ਜਿਨ੍ਹਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਲੇਕਿਨ ਫਿਰ ਪੁਲਿਸ ਝੂਠੇ ਮੁਕੱਦਮੇ ਤਿਆਰ ਕਰਕੇ ਪਟਿਆਲਾ ਤੋਂ ਦਿੱਲੀ ਪੁਲਿਸ ਚੁੱਕ ਕੇ ਲੈ ਗਈ ਅਤੇ ਤਿਹਾੜ ਜੇਲ੍ਹ ਅੰਦਰ ਬੰਦ ਹੈ। ਦਇਆ ਸਿੰਘ ਲਾਹੌਰੀਆ, ਭਾਈ ਸਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਜੇਲ੍ਹ ਅੰਦਰ ਬੁਢਾਪੇ ਵਿਚ ਕਦਮ ਰੱਖ ਚੁੱਕੇ ਹਨ ਤੇ ਅਦਾਲਤ ਵਲੋਂ ਮਿਲੀ ਸਜ਼ਾ ਕੱਟ ਚੁੱਕੇ ਹਨ ਇਨ੍ਹਾਂ ਨੂੰ ਇਕ ਮਹੀਨੇ ਦੀ ਪੈਰੋਲ ਮਿਲੀ ਲੇਕਿਨ ਰਿਹਾਈ ਨਹੀ ਹੋਈ। ਇਸ ਤਰ੍ਹਾਂ ਹੀ ਭਾਈ ਲਾਲ ਸਿੰਘ ਉਰਫ਼ੳਮਪ; ਭਾਈ ਮਨਜੀਤ ਸਿੰਘ ਅਦਾਲਤੀ ਸਜ਼ਾ ਤੋਂ ਬਾਅਦ ਵੀ ਲੰਮੇ ਸਮੇਂ ਤੋਂ ਨਾਭਾ ਜੇਲ੍ਹ ਅੰਦਰ ਬੰਦ ਹਨ। ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਸ: ਬਾਦਲ ਨੂੰ ਕਿਹਾ ਕਿ ਤੁਸੀਂ ਸਰਕਾਰ ਅਤੇ ਸਿੱਖ ਹਿਤੈਸ਼ੀ ਸਿੱਖ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦੇ ਮੁੱਖੀ ਹੋ ਅਤੇ ਤੁਹਾਡਾ ਇਖਲਾਕੀ ਫਰਜ਼ ਵੀ ਹੈ ਕਿ ਸਿੱਖ ਕੈਦੀਆਂ ਦੇ ਕੇਸਾਂ ਦੀ ਮੁੜ ਤੋਂ ਨਜ਼ਰਸ਼ਾਨੀ ਕੀਤੀ ਜਾਵੇ। ਇਨ੍ਹਾਂ ਸਾਰਿਆਂ ਦੀਆਂ ਰਿਹਾਈਆਂ ਲਈ ਪੰਜਾਬ ਸਰਕਾਰ ਵਿਧਾਨ ਸਭਾ ਅੰਤਰ ਮੱਤਾ ਪਾਸ ਕਰਕੇ ਸਿੱਖ ਭਾਵਨਾਵਾਂ ਦਾ ਮਾਨ ਸਨਮਾਨ ਪ੍ਰਾਪਤ ਕਰੋ। ਇਸ ਮੌਕੇ ਸਿੱਖ ਸੰਘਰਸ਼ ਕਮੇਟੀ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ, ਪਿ੍ਰੰਸੀਪਲ ਪਰਵਿੰਦਰ ਸਿੰਘ ਖਾਲਸਾ, ਬਾਬਾ ਮਨਮੋਹਨ ਸਿੰਘ ਬਾਰਨ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਬਾਲਿਆਂਵਾਲੀ, ਬਾਬਾ ਜਸਵਿੰਦਰ ਸਿੰਘ ਤਿਉਣਾ, ਕਿਰਪਾਲ ਸਿੰਘ, ਬਲਦੇਵ ਸਿੰਘ ਸੂਬੇਦਾਰ, ਸਾਬਕਾ ਪ੍ਰਿੰਸੀਪਲ ਰਣਜੀਤ ਸਿੰਘ, ਸਗੁਰਪ੍ਰੀਤ ਸਿੰਘ ਗੁਰੀ ਕਿਲਾ ਹਾਂਸ, ਬੁੜੈਲ ਜੇਲ੍ਹ ਵਿੱਚ ਬੰਦ ਭਾਈ ਲਖਵਿੰਦਰ ਸਿੰਘ ਲੱਖਾ ਦੀ ਭੈਣ ਬੀਬੀ ਸੁਖਵਿੰਦਰ ਕੌਰ ਨਾਰੰਗਵਾਲ, ਜੀਜਾ ਭਾਈ ਜੰਗ ਸਿੰਘ, ਆਦਿ ਹਾਜ਼ਰ ਸਨ।
ਪੁਲਿਸ ਵੱਲੋਂ ਰੋਕੇ ਜਾਣ ਉਪ੍ਰੰਤ ਬਾਬਾ ਬਲਜੀਤ ਸਿੰਘ, ਬਾਬਾ ਬਾਰਨ ਸਿੰਘ ਅਤੇ ਪ੍ਰਿੰ: ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਈ ਸੰਗਤ ਨੇ ਰੋਸ ਮਾਰਚ ਕੱਢੇ ਜਾਣ ਲਈ ਮਨਜੂਰੀ ਨਾ ਦਿੱਤੇ ਜਾਣ ਕਾਰਣ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਰੋਸ ਵਜੋਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਉਮੀਦਵਾਰਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਉਲੀਕੇ ਪ੍ਰੋਗਰਾਮ ਤਹਿਤ 18 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਰਾਹੀ ਮੰਗ ਪੱਤਰ ਦਿੱਤਾ ਜਾਵੇਗਾ।
ਕੈਪਸ਼ਨ:ਰੋਸ ਮਾਰਚ ਕੱਢਣ ਜਾ ਰਹੇ ਸੰਤ ਦਾਦੂਵਾਲ ਸਾਥੀਆਂ ਸਮੇਤ ਅਤੇ ਪੁਲਿਸ ਪ੍ਰਸਾਸ਼ਨ ਦੇ ਉੱਚ ਅਧਿਕਾਰੀ ਸਖ਼ਤ ਪਹਿਰਾ ਦਿੰਦੇ ਹੋਏ। ਤਸਵੀਰ