ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਆਮ ਆਦਮੀ ਪਾਰਟੀ, ਅਸਲ ਮਸਲੇ, ਤੇ ਘੱਟਗਿਣਤੀਆਂ ਦਾ ਭਵਿੱਖ


ਪ੍ਰਭਸ਼ਰਨਦੀਪ ਸਿੰਘ ਆਕਸਫੋਰਡ ਯੁਨੀਵਰਸਿਟੀ
ਆਕਸਫੋਰਡ ਯੁਨੀਵਰਸਿਟੀ
prabhsharandeep@gmail.com

ਭਾਰਤ ਦੇ ਨਾਂ ਨਾਲ਼ ਜਾਣੇ ਜਾਂਦੇ ਦੱਖਣੀ ਏਸ਼ੀਆਈ ਉਪ-ਮਹਾਂਦੀਪ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ। ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਂ ਦੀ ਨਵੀਂ ਧਿਰ ਉਂਭਰ ਕੇ ਸਾਹਮਣੇ ਆਈ ਹੈ। ਅੰਨਾ ਹਜ਼ਾਰੇ ਨਾਂ ਦੇ ਇੱਕ ਜਨਸੰਘ ਪੱਖੀ ਸਮਾਜਿਕ ਕਾਰਕੁਨ ਦੇ ਮਰਨ ਵਰਤਾਂ ਨਾਲ਼ ਸ਼ੁਰੂ ਹੋਈ ਭ੍ਰਿਸ਼ਟਾਚਾਰ ਵਿਰੋਧੀ ਲਹਿਰ ‘ਚੋਂ ਆਮ ਆਦਮੀ ਪਾਰਟੀ ਇੱਕ ਸਿਆਸੀ ਧਿਰ ਵਜੋਂ ਸਥਾਪਤ ਹੋਈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਸੀਟਾਂ ਹਾਸਲ ਕਰਨ, ਤੇ ਫਿਰ ਕਾਂਗਰਸ ਦੀ ਹਮਾਇਤ ਨਾਲ਼ ਸਰਕਾਰ ਬਣਾਉਣ ਨਾਲ਼ ਇਹ ਪਾਰਟੀ ਆਪਣੇ ਸਿਆਸੀ ਸਫਰ ਦੇ ਅਗਲੇ ਦੌਰ ਵਿੱਚ ਦਾਖਲ ਹੋਈ। ਇਸ ਪਾਰਟੀ ਨੂੰ ਮਿਲਿਆ ਇਹ ਭਰਵਾਂ ਹੁੰਗਾਰਾ ਇਸ ਦੀ ਹਰਮਨਪਿਆਰਤਾ ਦਾ ਸਬੂਤ ਤਾਂ ਬਣਿਆ ਹੀ ਸਗੋਂ ਇਸਦੇ ਸੱਚੇ-ਸੁੱਚੇ ਤੇ ਪਰਪੱਕ ਹੋਣ ਦਾ ਆਧਾਰ ਵੀ ਬਣ ਗਿਆ। ਲੋਕਾਂ ਨੇ ਇਹ ਯਕੀਨ ਕਰਨਾ ਪਸੰਦ ਕੀਤਾ ਕਿ ਕਾਮਯਾਬ ਬੰਦਾ ਹੀ ਸਹੀ ਬੰਦਾ ਹੁੰਦਾ ਹੈ, ਭਾਵੇਂ ਕਿ ਉਹ ਇਸਦਾ ਖੁੱਲ੍ਹਾ ਜਾਂ ਜਨਤਕ ਇਕਬਾਲ ਕਰਨਾ ਪਸੰਦ ਨਹੀਂ ਕਰਦੇ। ਆਮ ਆਦਮੀ ਪਾਰਟੀ ਦਾ ਮੁਖੀ ਕੇਜਰੀਵਾਲ਼ ਬਿਨਾਂ ਸ਼ੱਕ ਕਾਮਯਾਬ ਬੰਦਾ ਹੈ। ਇਸ ਬੰਦੇ ਦੀ ਕਾਮਯਾਬੀ ਸਮਾਜ ਦੇ ਇੱਕ ਅਹਿਮ ਹਿੱਸੇ ਲਈ ਇੱਕ ਸੁਪਨੇ ਦਾ ਆਗਾਜ਼ ਹੈ। ਹੱਥਲਾ ਲੇਖ ਇਸ ਨਵੇਂ ਵਰਤਾਰੇ ਦੇ ਖਾਸੇ ਤੇ ਇਸ ਦੀ ਦਿਸ਼ਾ ਨੂੰ ਸਮਝਣ ਦੀ ਕੋਸ਼ਿਸ਼ ਹੈ ਕਿ ਇਹ ਸੁਪਨਾ ਲੋਕਾਂ ਦੇ ਸਿਰ ‘ਤੇ ਟਿਕੀ ਨਵੀਂ ਕਿਸਮ ਦੀ ਮੋਮ ਹੈ, ਜਾਂ ਉਹਨਾਂ ਦੀਆਂ ਅੱਖਾਂ ਅੰਦਰ ਪੱਕੇ ਤੌਰ ‘ਤੇ ਮੜ੍ਹੇ ਜਾ ਰਹੇ ਨਵੇਂ ਰੰਗ ਦੇ ਲੈਨਜ਼ ਹਨ?
ਦਹਾਕਿਆਂ ਤੱਕ ਜਮਹੂਰੀ ਅਮਲ ‘ਤੇ ਰਜਵਾੜਾਸ਼ਾਹੀ ਧਿਰਾਂ ਦੇ ਖਾਨਦਾਨੀ ਕਬਜ਼ੇ ਨਾਲ਼ ਇਹ ਸਥਾਪਤ ਹੋ ਗਿਆ ਸੀ ਕਿ ਆਮ ਬੰਦੇ ਦੀ ਇਸ ਅਮਲ ਵਿੱਚ ਬਹੁਤੀ ਸਿੱਧੀ ਨੁਮਇੰਦਗੀ ਨਹੀਂ ਹੋ ਸਕਦੀ। ਚੋਣਾਂ ਵਿੱਚ ਪੈਸੇ ਤੇ ਤਾਕਤ ਦੀ ਬੇਰੋਕ ਵਰਤੋਂ ਤੇ ਸੱਤਾਧਾਰੀ ਧਿਰਾਂ ਵੱਲੋਂ ਅਕਸਰ ਕੀਤੀ ਜਾਂਦੀ ਸਰਕਾਰੀ ਤੰਤਰ ਦੀ ਦੁਰਵਰਤੋਂ ਨਾਲ਼ ਕਿਸੇ ਮਾੜੇ-ਧੀੜੇ ਬੰਦੇ ਦਾ ਸਿਆਸੀ ਅਮਲ ਵਿੱਚ ਸ਼ਾਮਲ ਹੋਣ ਬਾਰੇ ਸੋਚਣਾ ਵੀ ਮੁਸ਼ਕਲ ਹੋ ਗਿਆ ਸੀ। ਭ੍ਰਿਸ਼ਟ ਸਿਆਸੀ ਪਾਰਟੀਆਂ ਇੱਕ ਦੂਜੀ ਨਾਲ਼ ਦੋਸਤਾਨਾ ਮੈਚ ਖੇਡਦੀਆਂ ਆ ਰਹੀਆਂ ਸਨ। ਉਹਨਾਂ ਦੀ ਸੱਤਾ ‘ਤੇ ਪਕੜ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਸੀ। ਆਮ ਆਦਮੀ ਪਾਰਟੀ ਨੇ ਭਾਰਤੀ ਜਮਹੂਰੀਅਤ ਦੀ ਇਸ ਸਥਾਪਤ ਹੋ ਚੁੱਕੀ ਹਕੀਕਤ ਨੂੰ ਬਦਲਣ ਦਾ ਬੀੜਾ ਚੁੱਕਣ ਦਾ ਦਾਅਵਾ ਕੀਤਾ। ਲੋਕਾਂ ਨੇ ਉਹਨਾਂ ਦੇ ਇਸ ਦਾਅਵੇ ਦਾ ਸਵਾਗਤ ਕੀਤਾ ਤੇ ਸਿੱਟੇ ਵਜੋਂ ਭਾਰਤੀ ਸਿਆਸਤ ਵਿੱਚ ਇੱਕ ਨਵੇਂ ਦੌਰ ਦਾ ਆਗਾਜ਼ ਹੋਇਆ। ਇਹ ਨਵਾਂ ਦੌਰ ਅਸਲ ਵਿੱਚ ਕੀ ਹੈ? ਆਮ ਆਦਮੀ ਪਾਰਟੀ ਦੇ ਉਤਸ਼ਾਹੀ ਹਮਾਇਤੀਆਂ ਅੰਦਰ ਇਸ ਸਵਾਲ ਦਾ ਜਵਾਬ ਜਾਨਣ ਲਈ ਕੋਈ ਦਿਲਚਸਪੀ ਨਹੀਂ। ਉਹ ਇਸ ਸਵਾਲ ਦੇ ਦਰਪੇਸ਼ ਹੋਣਾ ਵੀ ਪਸੰਦ ਨਹੀਂ ਕਰਦੇ। ਉਹ ਇੱਕ ਦਾਅਵੇ ਦੇ ਸਰੂਰ ਵਿੱਚ ਮਗਨ ਹੋ ਕੇ ਆਪਣੀ ਗੱਲ ਦੱਬੀ ਜਾਣ ਵਿੱਚ ਮਸਤ ਰਹਿਣਾ ਚਾਹੁੰਦੇ ਹਨ। ਅਜਿਹੇ ਸਵਾਲ ਉਹਨਾਂ ਦੇ ਸਰੂਰ ਵਿੱਚ ਵਿਘਨ ਪਾਉਂਦੇ ਹਨ। ਮਸਾਂ ਕਿਤੇ ਲੋਕਾਂ ਨੂੰ ਇਹ ਸੋਚਣ ਦਾ ਤਰਕਸੰਗਤ ਆਧਾਰ ਮਿਲ਼ਿਆ ਹੈ ਕਿ ਉਹ ਸਥਾਪਤੀ ਨੂੰ ਕੋਈ ਗੰਭੀਰ ਚੁਣੌਤੀ ਦਿੱਤੇ ਬਗੈਰ, ਇਸ ਨਾਲ਼ ਕਿਸੇ ਖਤਰਨਾਕ ਟਕਰਾਅ ਵਿੱਚ ਪੈਣ ਤੋਂ ਬਿਨਾਂ, ਇਸੇ ਢਾਂਚੇ ਵਿੱਚ ਵੱਖਰੀ ਤਰਾਂ ਸ਼ਾਮਲ ਹੋ ਕੇ, ‘ਸਭ ਕੁੱਝ’ ਠੀਕ ਕਰ ਸਕਦੇ ਹਨ। ਹਾਲ ਦੀ ਘੜੀ ਲੋਕ ਇਸ ਖਿਆਲ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ, ਇਸ ਦੇ ਆਧਾਰ ‘ਤੇ ਔਖੇ ਸਵਾਲਾਂ ਦੇ ਦਰਪੇਸ਼ ਹੋਣ ਦੀਆਂ ਕਮਜ਼ੋਰੀਆਂ ਨੂੰ ਢਕਣਾ ਚਾਹੁੰਦੇ ਹਨ, ਆਪਣੇ ਸੁਖੀ ਮੱਧ ਵਰਗੀ ਜੀਵਨ ਨੂੰ ਵਾਜਬ ਠਹਿਰਾਉਣਾ ਚਾਹੁੰਦੇ ਹਨ। ਇਸ ਲਈ ਉਹਨਾਂ ਨੇ ਸਵਾਲਾਂ ਵੱਲ ਪਿੱਠ ਕੀਤੀ ਹੋਈ ਹੈ, ਤੇ ਸੱਚ ਤਸਲੀਮ ਕੀਤੇ ਦਾਅਵਿਆਂ ਨੂੰ ਨਾਅਰਿਆਂ ਜ਼ਰੀਏ ਸਥਾਪਤ ਕਰਨ ‘ਤੇ ਤਾਹੂ ਹਨ।
ਸੁਆਲ ਪੈਦਾ ਹੁੰਦਾ ਹੈ ਕਿ ਆਖਰ ਇਹ ਦਾਅਵੇ ਕੀ ਹਨ? ਇਹਨਾਂ ਵਿੱਚ ਕੀ ਨੁਕਸ ਹੈ? ਆਮ ਆਦਮੀ ਪਾਰਟੀ ਦੇ ਚੋਣ ਮੈਨੀਫੇਸਟੋ ‘ਤੇ ਇੱਕ ਮੋਟੀ ਜਿਹੀ ਨਿਗ੍ਹਾ ਮਾਰੀਏ ਤਾਂ ਇਸ ਦੇ aap ਦਾਅਵੇ ਸਥਾਪਤ ਢਾਂਚੇ ਦੀ ਕਾਰਗੁਜ਼ਾਰੀ ਵਿੱਚ ਸੁਧਾਰਾਂ ਤੋਂ ਅਗਾਂਹ ਨਹੀਂ ਜਾਂਦੇ। ਪਾਰਟੀ ਵੱਲੋਂ ਐਲਾਨੇ ਗਏ ਚਾਰ ਮੁੱਖ ਨੁਕਤੇ ਜਨ ਲੋਕਪਾਲ ਬਿੱਲ, ਚੋਣਾਂ ਦੌਰਾਨ ਕਿਸੇ ਉਮੀਦਵਾਰ ਨੂੰ ਰੱਦ ਕਰਨ ਦਾ ਹੱਕ, ਕਿਸੇ ਚੁਣੇ ਹੋਏ ਵਿਧਾਨਘਾੜੇ ਨੂੰ ਵਾਪਸ ਬੁਲਾਉਣ ਦਾ ਹੱਕ, ਤੇ ਸਿਆਸੀ ਵਿਕੇਂਦਰੀਕਰਨ ਹਨ। ਪਹਿਲੇ ਤਿੰਨ ਨੁਕਤੇ ਸਪੱਸ਼ਟ ਹਨ ਪਰ ਇਹ ਕਿਸੇ ਅਹਿਮ ਤਬਦੀਲੀ ਦਾ ਆਧਾਰ ਬਣਨ ਦਾ ਤਾਣ ਨਹੀਂ ਰੱਖਦੇ। ਇਹ ਸਥਾਪਤ ਢਾਂਚੇ ਵਿੱਚ ਬਹੁਤ ਛੋਟੇ-ਛੋਟੇ ਸੁਧਾਰ ਹਨ ਜਿਹਨਾਂ ਦਾ ਸ਼ਾਇਦ ਕੋਈ ਥੋੜ੍ਹਾ-ਬਹੁਤ ਸਾਰਥਕ ਅਸਰ ਹੋ ਵੀ ਸਕਦਾ ਹੈ। ਭਾਰਤੀ ਜਮਹੂਰੀਅਤ ਦੀ ਚਾਲ-ਢਾਲ ਦੀ ਮੋਟੀ ਜਿਹੀ ਸਮਝ ਰੱਖਣ ਵਾਲ਼ੇ ਬੰਦਿਆਂ ਨੂੰ ਇਹ ਸਪੱਸ਼ਟ ਹੈ ਕਿ ਅਸਲ ਵਿੱਚ ਅਜਿਹੇ ‘ਸੁਧਾਰ’ ਭਾਰਤੀ ਸਿਆਸਤਦਾਨਾਂ ਲਈ ਕੋਈ ਖਤਰਾ ਨਹੀਂ ਬਣ ਸਕਦੇ। ਇਹ ਸਿਆਸਤਦਾਨ ਹੁਣ ਐਨੇ ਕੁ ਹੰਢ ਚੁੱਕੇ ਹਨ ਕਿ ਇਹਨਾਂ ਲਈ ਅਜਿਹੀਆਂ ਤਬਦੀਲੀਆਂ ਨੂੰ ਉਲੰਘ ਕੇ ਉਵੇਂ ਹੀ ਆਪਣੇ ਰਾਹ ਤੁਰਦੇ ਰਹਿਣਾ ਕੋਈ ਔਖਾ ਨਹੀਂ। ਅਜਿਹੀਆਂ ਕਈ ਤਬਦੀਲੀਆਂ ਤਾਂ ਇਹ ਨੇਤਾ ਲੋਕ ਉਂਞ ਹੀ ਨਿਗਲ਼ ਜਾਣ। ਚੌਥਾ ਨੁਕਤਾ ਜੋ ਸਿਆਸੀ ਵਿਕੇਂਦਰੀਕਰਨ ਬਾਰੇ ਹੈ, ਬਿਨਾਂ ਸ਼ੱਕ ਅਹਿਮ ਹੈ, ਪਰ ਇਹ ਸਪੱਸ਼ਟ ਨਹੀਂ ਹੈ। ਵੇਖਣ ਵਾਲ਼ੀ ਗੱਲ ਹੈ ਕਿ ਆਮ ਆਦਮੀ ਪਾਰਟੀ ਵਾਲ਼ੇ ਨਿਗੂਣੇ ਮੁੱਦਿਆ ਪ੍ਰਤੀ ਪੂਰੀ ਤਰਾਂ ਸਪੱਸ਼ਟ ਹਨ, ਪਰ ਕਿਸੇ ਢਾਂਚਾਗਤ ਤਬਦੀਲੀ ਦੀ ਆਸ ਵਿਖਾਉਣ ਵਾਲ਼ੇ ਮੁੱਦੇ ਪ੍ਰਤੀ ਪਹੁੰਚ ਪਹਿਲੇ ਚਾਲੂ ਸਿਆਸਤਦਾਨਾਂ ਵਾਂਗ ਹੀ ਭੰਬਲ਼ਭੂਸੇ ਵਾਲ਼ੀ ਰੱਖੀ ਹੈ। ਸਿਆਸੀ ਵਿਕੇਂਦਰੀਕਰਨ ਵਾਲ਼ੇ ਨੁਕਤੇ ‘ਤੇ ਆਮ ਆਦਮੀ ਪਾਰਟੀ ਪ੍ਰਭਾਵ ਤਾਂ ਇਹ ਦਿੰਦੀ ਹੈ ਜਿਵੇਂ ਉਹ ਮਜ਼ਬੂਤ ਕੇਂਦਰ ਦੇ ਖਿਲਾਫ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦਿਆਂ, ਅਮਰੀਕਾ ਦੀ ਤਰਜ਼ ਦੇ ਸੰਘੀ ਢਾਚੇ ਦੀ ਵਕਾਲਤ ਕਰ ਰਹੀ ਹੈ। ਜਿਸ ਦਾ ਲੁਕਵਾਂ ਭਾਵ ਇਹ ਵੀ ਹੈ ਕਿ ਘੱਟਗਿਣਤੀਆਂ ਨੂੰ ਹੁਣ ਆਪਣੀ ਹੋਣੀ ਬਾਰੇ ਫਿਕਰਮੰਦ ਰਹਿਣ ਦੀ ਲੋੜ ਨਹੀਂ, ਉਹਨਾਂ ਦੇ ਮਸਲੇ ਹੱਲ ਕਰਨ ਵਾਲ਼ੀ ਦਿਸ਼ਾ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਅਖਤਿਆਰ ਕਰ ਲਈ ਗਈ ਹੈ। ਪਰ ਅਸਲੀਅਤ ਇਸ ਦੇ ਐਨ ਉਲ਼ਟ ਹੈ। ਵਿਕੇਂਦਰੀਕਰਨ ਤੋਂ ਆਮ ਆਦਮੀ ਪਾਰਟੀ ਦਾ ਭਾਵ ਨਿੱਕੀਆਂ-ਮੋਟੀਆਂ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਹੇਠਲੇ ਪੱਧਰ ਤੱਕ ਵੰਡ ਦੇਣ ਤੱਕ ਹੀ ਸੀਮਤ ਹੈ। ਇਸ ਪਾਰਟੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹਨਾਂ ਵੱਲੋਂ ਸੁਝਾਏ ਵਿਕੇਂਦਰੀਕਰਨ ਦੇ ਆਧਾਰ ਭਾਰਤੀ ਸੰਵਿਧਾਨ ਅੰਦਰ ਹੀ ਮੌਜੂਦ ਹਨ।ਆਮ ਆਦਮੀ ਪਾਰਟੀ ਮੌਜੂਦਾ ਭਾਰਤੀ ਸੰਵਿਧਾਨ ਨੂੰ ‘ਸਹੀ’ ਰੂਪ ਵਿੱਚ ਲਾਗੂ ਕਰਨ ਤੱਕ ਹੀ ਸੀਮਤ ਹੈ। ਦੂਜੇ ਸ਼ਬਦਾਂ ਵਿੱਚ ਆਮ ਆਦਮੀ ਪਾਰਟੀ ਘੱਟਗਿਣਤੀਆਂ ਦੇ ਜੀਵਨ ਨੂੰ ਦੁਸ਼ਵਾਰ ਬਣਾ ਕੇ ਉਹਨਾਂ ਨੂੰ ਹਿੰਦੂਵਾਦ ਵਿੱਚ ਗਲਤਾਨ ਹੋ ਜਾਣ ਲਈ ਮਜਬੂਰ ਕਰਨ ਵਾਲ਼ੇ ਭਾਰਤੀ ਸੰਵਿਧਾਨਕ ਢਾਂਚੇ ਨੂੰ ਹੋਰ ਪੱਕਿਆਂ ਕਰਨ ਦੇ ਮਨਸੂਬੇ ਲੈ ਕੇ ਆਈ ਹੈ। ਪਰ ਇਸਦੇ ਪਿਛਲੱਗ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ। ਉਹ ਸਬੰਧ ਹੀ ਉਸ ਵਰਗ ਨਾਲ਼ ਰੱਖਦੇ ਹਨ ਜਿਹੜਾ ਔਖੇ ਸਵਾਲਾਂ ਦੇ ਦਰਪੇਸ਼ ਹੋਣ ਤੋਂ ਕੰਨੀ ਕਤਰਾਉਂਦਾ ਹੈ, ਤੇ ਸਦਾ ਸੌਖਾ ਰਾਹ ਲੱਭਦਾ ਹੈ ਜਿਸ ਵਿੱਚ ਸਥਾਪਤੀ ਨਾਲ਼ ਭੇੜ ਵਾਲ਼ੀ ਸਥਿਤੀ ਪੈਦਾ ਨਾ ਹੋਵੇ, ਜ਼ਿੰਦਗੀ ਬੱਸ ਰਿੜ੍ਹਦੀ ਰਹੇ।
ਆਖਰ ਇਹ ਔਖੇ ਸਵਾਲ ਕਿਹੜੇ ਹਨ?
ਕੁੱਝ ਬੁਨਿਆਦੀ ਸਵਾਲ ਹਾਜ਼ਰ ਹਨ ਜਿਹੜੇ ਕਿ ਕਿਸੇ ਵੀ ਤਰਾਂ ਆਖਰੀ ਨਹੀਂ, ਸਗੋਂ ਸੋਚਣੀ ਦੇ ਦਿਸਹੱਦਿਆਂ ਦਾ ਘੇਰਾ ਵਡੇਰਾ ਕਰਨ ਦੀ ਕੋਸ਼ਿਸ਼ ਹੀ ਹਨ। ਲੋਕਾਂ ਦੇ ਮਸਲੇ ਅਸਲ ਵਿੱਚ ਕੀ ਹਨ, ਕਿੱਥੋਂ ਪੈਦਾ ਹੁੰਦੇ ਹਨ? ਕੀ ਇਹ ਮਸਲੇ ਮਹਿਜ਼ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨਾਲ਼ ਸਬੰਧਤ ਹਨ? ਵਧ ਰਹੀ ਨਸ਼ੇਖੋਰੀ ਤੇ ਔਰਤਾਂ ਵਿਰੋਧੀ ਹਿੰਸਾ ‘ਚੋਂ ਪੈਦਾ ਹੁੰਦੇ ਘਿਨਾਉਣੇ ਜੁਰਮ ਕਿਸ ਸਿਆਸੀ ਅਮਲ ਦੀ ਪੈਦਾਇਸ਼ ਹਨ? ਕੀ ਅਜਿਹੀ ਕੋਝੀ ਹਿੰਸਾ ਨੂੰ ਘੱਟਗਿਣਤੀਆਂ ਦੇ ਵਿਰੁੱਧ ਹੁੰਦੀ ਨਸਲਕੁਸ਼ੀ ਵਾਲ਼ੀ ਹਿੰਸਾ ਤੋਂ ਵੱਖ ਕਰਕੇ ਵੇਖਿਆ ਜਾ ਸਕਦਾ ਹੈ? ਕੀ ਇਹ ਭਾਰਤੀ ਰਾਸ਼ਟਰਵਾਦੀਆਂ ਵੱਲੋਂ ਘੱਟਗਿਣਤੀਆਂ ਖਿਲਾਫ ਪੈਦਾ ਕੀਤੇ ਦੈਂਤ ਨਹੀਂ ਜੋ ਹੁਣ ਉਹਨਾਂ ਦੇ ਆਪਣੇ ਘਰ ਨੂੰ ਆ ਪਏ ਹਨ? ਹਿੰਦੂ ਬਹੁਗਿਣਤੀ ਵਾਲ਼ੇ ਇਸ ਰਾਜਤੰਤਰ ਵਿੱਚ ਘੱਟਗਿਣਤੀਆਂ ਦਾ ਕੀ ਭਵਿੱਖ ਹੈ? ਕੀ ਘੱਟਗਿਣਤੀਆਂ ਦੇ ਧਾਰਮਿਕ, ਸਿਆਸੀ, ਸਮਾਜਕ, ਅਤੇ ਆਰਥਕ ਮਸਲੇ ਹਿੰਦੋਸਤਾਨ ਦੇ ਬਾਕੀ ਆਮ ਮਸਲਿਆਂ ਨਾਲ ਰਲ਼ਗੱਡ ਕੀਤੇ ਜਾ ਸਕਦੇ ਹਨ? ਕਾਨੂੰਨ ਤੇ ਮਨੁੱਖ ਦਾ ਕੀ ਰਿਸ਼ਤਾ ਹੈ, ਜਾਂ ਜ਼ਿੰਦਗੀ ਵਿੱਚ ਕਾਨੂੰਨ ਦੀ ਕੀ ਥਾਂ ਬਣਦੀ ਹੈ? ਪ੍ਰਸ਼ਾਸਕੀ ਢਾਂਚੇ ਨਾਲ਼ ਨਾਗਰਿਕਾਂ ਦਾ ਸਬੰਧ ਕਿਹੋ ਜਿਹਾ ਹੋਵੇ? ਆਮ ਬੰਦੇ ਦੀ ਜਮਹੂਰੀਅਤ ਵਿੱਚ ਨੁਮਾਇੰਦਗੀ ਦੀ ਕੀ ਸੰਭਾਵਨਾ ਹੈ? ਬੰਦੇ ਦੀ ਹਸਤੀ ਨੂੰ ਕਿਵੇਂ ਪ੍ਰੀਭਾਸ਼ਿਤ ਕੀਤਾ ਜਾਵੇ? ਬੰਦੇ ਦੀ ਹਸਤੀ ਦਾ ਧਰਮ, ਸੱਭਿਆਚਾਰ, ਅਤੇ ਬੋਲੀ ਨਾਲ਼ ਕੀ ਨਾਤਾ ਹੈ? ਇੱਕ ਵਿਅਕਤੀ ਦੇ ਅੰਦਰੂਨੀ ਤੇ ਫਿਰ ਵਿਆਪਕ ਪੱਧਰ ਦੇ ਸਮਾਜਿਕ ਟਕਰਾਅ ਪੈਦਾ ਕਿੱਥੋਂ ਹੁੰਦੇ ਹਨ? ਇਹਨਾਂ ਧਾਰਮਕ, ਸਮਾਜਕ, ਸੱਭਿਆਚਾਰਕ, ਸਿਆਸੀ, ਤੇ ਆਰਥਕ ਟਕਰਾਵਾਂ ਨਾਲ਼ ਕਿਵੇਂ ਨਜਿੱਠਿਆ ਜਾਵੇ?
ਬਿਨਾਂ ਸ਼ੱਕ ਇਹ ਸਵਾਲ ਬਹੁਤ ਵੱਡੇ ਹਨ। ਜ਼ਿਆਦਾਤਰ ਸਿਆਸੀ ਪਾਰਟੀਆਂ ਅਜਿਹੇ ਸਵਾਲਾਂ ਦੇ ਦਰਪੇਸ਼ ਨਹੀਂ ਹੁੰਦੀਆਂ। ਪਰ ਇਸਦਾ ਅਰਥ ਇਹ ਹਰਗਿਜ਼ ਨਹੀਂ ਕਿ ਇਹ ਕੋਈ ਆਦਰਸ਼ਕ ਪਹੁੰਚ ਹੈ ਜਿਸਦੇ ਅਨੁਸਾਰੀ ਹੋਣਾ ਸਾਡੇ ਲਈ ਜ਼ਰੂਰੀ ਹੈ। ਜ਼ਿਆਦਾਤਰ ਸਿਆਸੀ ਪਾਰਟੀਆਂ, ਜਿਹੜੀਆਂ ਅਜਿਹੇ ਸਵਾਲਾਂ ਦੇ ਦਰਪੇਸ਼ ਨਹੀਂ ਹੁੰਦੀਆਂ, ਲੋਕਾਂ ਨਾਲ਼ ਖਿਲਵਾੜ ਹੀ ਕਰਦੀਆਂ ਹਨ। ਭਾਵੇਂ ਕਿ ਕਿਸੇ ਕੋਲ਼ ਵੀ ਇਹਨਾਂ ਮਸਲਿਆਂ ਦਾ ਅੰਤਮ ਹੱਲ ਨਹੀਂ, ਪਰ ਫਿਰ ਵੀ ਦੁਨੀਆਂ ਦੇ ਬਹੁਤ ਸਾਰੇ ਮੁਲਕ ਆਪਣੇ ਨਾਗਰਿਕਾਂ ਨੂੰ ਮੁਕਾਬਲਤਨ ਸੁਖੀ ਤੇ ਸਨਮਾਨਜਨਕ ਜੀਵਨ ਦੇ ਮੌਕੇ ਮੁਹੱਈਆ ਕਰਵਾ ਰਹੇ ਹਨ। ਪਰ ਹਿੰਦੋਸਤਾਨ ਵਿੱਚ ਅਜਿਹਾ ਨਹੀਂ ਹੋ ਰਿਹਾ। ਇਸਦੀ ਮੂਲ ਵਜ੍ਹਾ ਦੱਖਣੀ ਏਸ਼ੀਆਈ ਉਪ-ਮਹਾਂਦੀਪ ਦੇ ਵੱਡੇ ਹਿੱਸੇ ਦਾ ਹਿੰਦੋਸਤਾਨ ਨਾਂ ਦੇ ਇੱਕ ਮੁਲਕ, ਅਸਲ ਵਿੱਚ ਇੱਕ ਰਾਸ਼ਟਰ ਵਿੱਚ ਤਬਦੀਲ ਹੋ ਜਾਣਾ ਹੈ। ਵੱਖੋ-ਵੱਖ ਧਰਮਾਂ, ਸੱਭਿਆਚਾਰਾਂ, ਤੇ ਬੋਲੀਆਂ ਨਾਲ ਸਬੰਧਤ ਕੌਮੀਅਤਾਂ ਦੀ ਵੱਖਰੀ ਪਛਾਣ ਖਤਮ ਕਰਕੇ ਉਹਨਾਂ ਦੀ ਨਿਆਰੀ ਹਸਤੀ ਦੀ ਕੀਮਤ ‘ਤੇ ਹਿੰਦੁਸਤਾਨ ਦੀ ਰਾਸ਼ਟਰੀ ਪਛਾਣ ਘੜੀ ਜਾ ਰਹੀ ਹੈ। ਘੱਟਗਿਣਤੀਆਂ ਪ੍ਰਤੀ ਅੰਨ੍ਹੀ ਨਫਰਤ ਪੈਦਾ ਕੀਤੀ ਗਈ ਹੈ। ਸਿੱਖਾਂ ਨੂੰ ਮਜ਼ਾਕ ਦੇ ਪਾਤਰ ਬਣਾਉਣ ਦੇ ਰੁਝਾਨ ਨੂੰ ਬਹੁਗਿਣਤੀ ਭਾਈਚਾਰੇ ਵਿੱਚ ਵੱਡੀ ਜਨਤਕ ਹਮਾਇਤ ਹਾਸਲ ਹੈ। ਇਸੇ ਲਈ ਬਹੁਤੀਆਂ ਹਿੰਦੀ ਫਿਲਮਾਂ ਸਿੱਖਾਂ ਨੂੰ ਅਤਿ ਕੋਝੇ ਤੇ ਕੁਢੱਬੇ ਰੂਪ ਵਿੱਚ ਪੇਸ਼ ਕਰਦੀਆਂ ਹਨ। ਇਹ ਸਿੱਖਾਂ ਦੇ ਅੰਤਰਮਨ ‘ਤੇ ਅਪਮਾਨ ਦੇ ਡੂੰਘੇ ਦਾਗ ਪਾ, ਉਹਨਾਂ ਦੇ ਸਨਮਾਨ ਨੂੰ ਰੋਲ਼ ਦੇਣ ਦੀ ਕੋਸ਼ਿਸ਼ ਹੈ। ਇਹ ਸੱਭਿਆਚਾਰਕ ਸਾਮਰਾਜ ਦਾ ਮਨਸੂਬਾ ਹੈ ਜਿਸ ਨੂੰ ਹਕੂਮਤ ਤੇ ਜਨਤਾ ਰਲ਼ ਕੇ ਅਗਾਂਹ ਤੋਰ ਰਹੇ ਹਨ। ਅਜਿਹੇ ਸਾਮਰਾਜੀ ਏਜੰਡੇ ਤਹਿਤ ਹਮਲਾ ਇੱਕ ਪਾਸਿਓਂ ਨਹੀਂ, ਅਨੇਕ ਅਣਕਿਆਸੀਆਂ ਦਿਸ਼ਾਵਾਂ ਵੱਲੋਂ ਹੋ ਰਿਹਾ ਹੈ। ਪਹਿਲਾਂ ਤਾਂ ਕਾਨੂੰਨ ਘੜਨ ਦੇ ਅਮਲ ਵਿੱਚ ਗੁੰਝਲਤਾਈਆਂ ਪੈਦਾ ਹੁੰਦੀਆਂ ਹਨ, ਫਿਰ ਮਸਲਾ ਬਣ ਜਾਂਦਾ ਹੈ ਕਿੱਥੇ ਕਿਹੜਾ ਕਾਨੂੰਨ ਲਾਗੂ ਹੁੰਦਾ ਹੈ, ਕਿੱਥੇ ਨਹੀਂ। ਸਿੱਖਾਂ ਵਰਗੀਆਂ ਘੱਟ-ਗਿਣਤੀਆਂ ਨੂੰ ਤਾਂ ‘ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ’ ਵਰਗੇ ਕਾਨੂੰਨਾਂ ਤਹਿਤ ਸ਼ਰੇਆਮ ਗੋਲ਼ੀ ਦਾ ਨਿਸ਼ਾਨਾ ਬਣਾਉਣ ਦਾ ਰਾਹ ਪੱਧਰਾ ਕਰ ਲਿਆ ਜਾਂਦਾ ਹੈ, ਜਦੋਂ ਕਿ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਕ ਕਰਕੇ ਉਹਨਾਂ ‘ਤੇ ਮੁਕੱਦਮੇ ਵੀ ਨਹੀਂ ਚਲਾਏ ਜਾਂਦੇ। ਇੱਥੇ ਪਾਠਕਾਂ ਦੇ ਧਿਆਨ ਵਿੱਚ ਲਿਆਉਣਾ ਜ਼ਰੂਰੀ ਹੈ ਕਿ ‘ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ’ ਤਹਿਤ ਭਾਰਤੀ ਹਥਿਆਰਬੰਦ ਫੌਜਾਂ ਕਿਸੇ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਗੋਲ਼ੀ ਨਾਲ਼ ਮਾਰ ਦੇਣ ਦਾ ਕਾਨੂੰਨੀ ਹੱਕ ਰੱਖਦੀਆਂ ਹਨ। ਇਸਤੋਂ ਬਿਨਾਂ ਭਾਰਤ ਸਰਕਾਰ ਆਪਣੇ ਹੀ ਕਾਨੂੰਨ ਦੀ ਉਲੰਘਣਾ ਕਰਕੇ ਹਥਿਆਰਬੰਦ ਫੋਜਾਂ ਤੇ ਪੁਲਿਸ ਨੂੰ ਕਿਸੇ ਵਿਅਕਤੀ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦਾ ਹੱਕ ਵੀ ਦੇ ਦਿੰਦੀ ਹੈ। ਪਰ ਸਿੱਖਾਂ ਵਰਗੀਆਂ ਘੱਟ ਗਿਣਤੀਆਂ ਦੇ ਕਾਤਲਾਂ ਦੀ ਇਹੀ ਸਰਕਾਰ ਪੁਸ਼ਤ-ਪਨਾਹੀ ਕਰਦੀ ਹੈ। ਮਨੁੱਖ ਤੇ ਕਾਨੂੰਨ ਦੇ ਰਿਸ਼ਤੇ ਨਾਲ਼ ਸਬੰਧਤ ਡੂੰਘੇ ਸਵਾਲਾਂ ਦੇ ਦਰਪੇਸ਼ ਹੋਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਘੱਟਗਿਣਤੀ ਕੌਮੀਅਤਾਂ ਆਪਣੀ ਕਿਸਮਤ ਦੀਆਂ ਆਪ ਮਾਲਕ ਹੋਣ, ਉਹਨਾਂ ਦੇ ਸਿਰ ‘ਤੇ ਉਹਨਾਂ ਦਾ ਵਢਾਂਗਾ ਕਰਨ ਵਾਲ਼ੀ ਕੋਈ ਨਿਰਦਈ ਬਹੁਗਿਣਤੀ ਨਾ ਬੈਠੀ ਹੋਵੇ। ਸਾਹ ਲੈਣ ਦੀ ਹਾਲਤ ਵਿੱਚ ਹੋਣ ਤੋਂ ਬਾਅਦ ਲੋਕ ਮਨੁੱਖੀ ਹੋਂਦ ਨਾਲ਼ ਸਬੰਧਤ ਗੰਭੀਰ ਸਰੋਕਾਰਾਂ ਬਾਰੇ ਵੀ ਸੋਚ ਸਕਦੇ ਹਨ। ਘੱਟਗਿਣਤੀ ਕੌਮੀਅਤਾਂ ਦੀ ਲੋੜ ਤਾਂ ਹੈ ਕਿ ਉਹਨਾਂ ਕੋਲ਼ ਪ੍ਰਭੂਸੱਤਾ ਸੰਪੰਨ ਮੁਲਕਾਂ ਦੇ ਰੂਪ ਵਿੱਚ ਮੁਕੰਮਲ ਆਜ਼ਾਦੀ ਹੋਵੇ। ਪਰ ਘੱਟਗਿਣਤੀ ਕੌਮੀਅਤਾਂ ਨੂੰ ਸਬਜ਼ਬਾਗ ਵਿਖਾਉਣ ਵਾਲ਼ਾ ਕੇਜਰੀਵਾਲ਼ ਤਾਂ ਉਹਨਾਂ ਲਈ ਹਿੰਦੋਸਤਾਨ ਵਿੱਚ ਸੰਘੀ ਢਾਂਚੇ ਦੇ ਰੂਪ ਵਿੱਚ ਖੁਦਮੁਖਤਿਆਰੀ ਦੀ ਗੱਲ ਵੀ ਨਹੀਂ ਕਰ ਰਿਹਾ।ਆਮ ਆਦਮੀ ਪਾਰਟੀ ਤਾਂ ਸਪੱਸ਼ਟ ਕਹਿ ਰਹੀ ਹੈ ਕਿ ਇਹ ਹਿੰਦੋਸਤਾਨ ਦੇ ਸੰਵਿਧਾਨ ਨੂੰ ਹੀ ਸਹੀ ਤਰੀਕੇ ਨਾਲ਼ ਲਾਗੂ ਕਰਨਾ ਚਾਹੁੰਦੀ ਹੈ। ਇਸਨੂੰ ਭਾਰਤ ਦੇ ਸੰਵਿਧਾਨ ਵਿੱਚ ਕੋਈ ਨੁਕਸ ਨਜ਼ਰ ਹੀ ਨਹੀਂ ਆ ਰਿਹਾ। ਇਹ ਤਾਂ ਭਾਰਤੀ ਰਾਸ਼ਟਰਵਾਦ ਲਈ ਨਦੀਨ-ਨਾਸ਼ਕ ਦਾ ਕੰਮ ਕਰ ਰਹੇ ਹਨ, ਭਾਰਤੀ ਰਾਸ਼ਟਰਵਾਦ ਦਾ ਖੁੱਲ੍ਹ ਕੇ ਪ੍ਰਚਾਰ ਕਰਦੇ ਹਨ, ਤੇ ਕਿਸੇ ਵੀ ਕੀਮਤ ‘ਤੇ ਭਾਰਤ ਨਾਂ ਦੇ ਰਾਸ਼ਟਰ ਦੀ ਉਮਰ ਲੰਮੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਭਾਰਤੀ ਰਾਸ਼ਟਰਵਾਦ ਤੇ ਹਿੰਦੂ ਰਾਸ਼ਟਰਵਾਦ ਦੋ ਅੱਡ-ਅੱਡ ਵਰਤਾਰੇ ਕਦੇ ਨਹੀਂ ਰਹੇ। ਕਾਂਗਰਸ ਤੇ ਖੱਬੇ-ਪੱਖੀ ਭਾਰਤੀ ਰਾਸ਼ਟਰਵਾਦ ਦੇ ਨਾਂ ‘ਤੇ ਹਿੰਦੂ ਏਜੰਡੇ ਨੂੰ ਚੁੱਕਦੇ ਰਹੇ ਹਨ, ਜਦੋਂ ਕਿ ਜਨਸੰਘੀ ਹਿੰਦੂਤਵ ਦੇ ਨਾਅਰੇ ‘ਚੋਂ ਭਾਰਤ ਦੇ ਭਵਿੱਖ ਦਾ ਮੂੰਹ ਮੁਹਾਂਦਰਾ ਬਣਾਉਣ ਲੱਗੇ ਹੋਏ ਹਨ। ਜਨਸੰਘੀਆਂ ਦਾ ਭਾਰਤ ਦੀਆਂ ਘੱਟਗਿਣਤੀਆਂ ਨੂੰ ਹਿੰਦੂਵਾਦ ਦੀ ਲਪੇਟ ਵਿੱਚ ਲੈਣ ਦਾ ਮਨਸੂਬਾ ਅਸਲ ਵਿੱਚ ਸੈਕੂਲਰ ਧਿਰਾਂ ਹੀ ਨੇਪਰੇ ਚਾੜ੍ਹਦੀਆਂ ਰਹੀਆਂ ਹਨ। ਹਿੰਦੂਤਵੀਆਂ ਦੇ ਮੁਕਾਬਲੇ ਆਪਣੇ ਧਰਮ-ਨਿਰਪੱਖ ਹੋਣ ਦਾ ਦਾਅਵਾ ਕਰਨ ਵਾਲ਼ੀਆਂ ਇਹ ਧਿਰਾਂ ਅਸਲ ਵਿੱਚ ਬਹੁਤ ਹੀ ਨੰਗੇ-ਚਿੱਟੇ ਰੂਪ ਵਿੱਚ ਉਹੋ ਮਨਸੂਬੇ ਪੂਰੇ ਕਰਦੀਆਂ ਰਹੀਆਂ ਹਨ। ਸੈਕੂਲਰ ਧਿਰਾਂ ਦੀ ਮੋਹਰੀ ਕਾਂਗਰਸ ਜੋ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਨੇਕ ਹੋਰ ਗੁਰਧਾਮਾਂ ‘ਤੇ ਹਮਲੇ ਲਈ ਤੇ ਨਵੰਬਰ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ, ਹੁਣ ਜ਼ਿਆਦਾ ਬਦਨਾਮ ਹੋ ਚੁੱਕੀ ਹੈ। ਇਸ ਨੇ ਭ੍ਰਿਸ਼ਟਾਚਾਰ ਦੀਆਂ ਵੀ ਹੱਦਾਂ ਪਾਰ ਕਰ ਲਈਆਂ ਹਨ। ਅੱਜ ਭਾਰਤ ਦੇ ਹਿੰਦੂ ਸਾਮਰਾਜੀ ਏਜੰਡੇ ਨੂੰ ਅਗਾਂਹ ਤੋਰਨ ਦੇ ਚਾਹਵਾਨਾਂ ਨੂੰ ਦਿਸਦਾ ਹੈ ਕਿ ਆਪਣੇ ਮਨਸੂਬੇ ਪੂਰੇ ਕਰਨ ਲਈ ਉਹਨਾਂ ਨੂੰ ਕਿਸੇ ਸਾਫ ਸੁਥਰੀ ਦਿੱਖ ਵਾਲ਼ੀ ਨਵੀਂ ਸਿਆਸੀ ਧਿਰ ਦੀ ਲੋੜ ਹੈ, ਜੋ ਨਵੇਂ ਮੁਹਾਵਰੇ ਵਿੱਚ ਗੱਲ ਕਰੇ ਤੇ ਨਵੇਂ ਲਹਿਜੇ ਵਿੱਚ ਕੰਮ ਕਰੇ। ਆਮ ਆਦਮੀ ਪਾਰਟੀ ਇਸੇ ਲੋੜ ਵਿੱਚੋਂ ਪੈਦਾ ਹੋਈ ਹੈ। ਇਸ ਬਾਰੇ ਹੁਣੇ ਹੀ ਸਪੱਸ਼ਟ ਹੋਣਾ ਜ਼ਰੂਰੀ ਹੈ। ਜਿਹੜੇ ਲੋਕ ਅਸਲੀਅਤ ਦੇ ਦਰਪੇਸ਼ ਨਹੀਂ ਹੋਣਾ ਚਾਹੁੰਦੇ, ਉਹਨਾਂ ਨੂੰ ਅਜਿਹੀ ਸਮਝ ਰਾਸ ਨਹੀਂ ਆਉਂਦੀ।
ਆਮ ਆਦਮੀ ਪਾਰਟੀ ਸਿੱਖਾਂ ਦੇ ਸਿਆਸੀ ਸਰੋਕਾਰਾਂ ਨੂੰ ਅਸਲੋਂ ਕੋਈ ਮਾਨਤਾ ਨਹੀਂ ਦਿੰਦੀ, ਇਹਨਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਪੈਂਤੜੇ ਦੇ ਓਹਲੇ ਵਿੱਚ ਹੀ ਰੋਲ਼ ਦੇਣਾ ਚਾਹੁੰਦੀ ਹੈ। ਸਿੱਖਾਂ ਦੇ ਸਿਆਸੀ ਸਰੋਕਾਰਾਂ ਬਾਰੇ ਸਪੱਸ਼ਟ ਤੇ ਠੋਸ ਪਹੁੰਚ ਅਪਣਾਏ ਬਗੈਰ ਮਹਿਜ਼ ਦਿੱਲੀ ਦੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਾ ਲਾਰਾ ਦੇ ਕੇ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨਾ ਇੱਕ ਕੋਝੇ ਮਜ਼ਾਕ ਤੋਂ ਵੱਧ ਕੁੱਝ ਨਹੀਂ। ਦਿੱਲੀ ਦੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਮੁੱਦਾ ਵੇਲ਼ਾ ਵਿਹਾ ਚੁੱਕਾ ਹੈ। ਤੀਹ ਸਾਲ ਬਾਅਦ ਦਿੱਤੇ ਇਨਸਾਫ ਦਾ ਕੋਈ ਅਰਥ ਨਹੀਂ। ਉਂਞ ਵੀ ਆਮ ਆਦਮੀ ਪਾਰਟੀ ਆਪਣਾ ਹਿੰਦੂ ਗਲਬੇ ਵਾਲ਼ਾ ਖਾਸਾ ਲੁਕੋ ਕੇ ਰੱਖਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਸਿੱਖਾਂ ਵਰਗੀਆਂ ਘੱਟਗਿਣਤੀਆਂ ਖਿਲਾਫ ਬੇਹੂਦਾ ਟਿੱਪਣੀਆਂ ਕਰਨ ਵਾਲ਼ੇ ਕੁਮਾਰ ਵਿਸ਼ਵਾਸ ਵਰਗੇ ਬੰਦਿਆਂ ਨੂੰ ਇਹ ਪਾਰਟੀ ਅਹਿਮ ਥਾਂ ਦਿੰਦੀ ਹੈ। ਉਹਨਾਂ ਦੇ ਫਿਰਕੂ ਰਵੱਈਏ ਨੂੰ ਆਰਾਮ ਨਾਲ਼ ਪਨਪਣ ਦੇ ਰਹੀ ਹੈ। ਅਜਿਹੇ ਰੁਝਾਨਾਂ ਨੂੰ ਗੰਭੀਰਤਾ ਨਾਲ਼ ਲੈਣ ਦੀ ਲੋੜ ਹੈ। ਵਕਤ ਲੰਘੇ ਤੋਂ ਕੀਤੇ ਪਛਤਾਵੇ ਜਾਂ ਸ਼ਿਕਵੇ ਸ਼ਿਕਾਇਤਾਂ ਕੋਈ ਅਰਥ ਨਹੀਂ ਰੱਖਦੇ।
ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਕਿਸੇ ਠੋਸ ਤਬਦੀਲੀ ਦਾ ਵਾਅਦਾ ਨਜ਼ਰ ਨਹੀਂ ਆ ਰਿਹਾ। ਵਿਹਾਰੀ ਪੱਖੋਂ ਇਸਦਾ ਧਿਆਨ ਜ਼ਿਆਦਾਤਰ ਪ੍ਰਸ਼ਾਸਕੀ ਸੁਧਾਰਾਂ ‘ਤੇ ਹੀ ਕੇਂਦਰਤ ਹੈ। ਇਹ ਵਿਖਾਵੇ ਦੀ ਰਾਜਨੀਤੀ ਹੈ। ਪ੍ਰਸ਼ਾਸਕੀ ਸੁਧਾਰ ਬਹੁਤੀ ਹੀ ਨਿਗੂਣੀ ਕਿਸਮ ਦੀ ਰਾਹਤ ਹੈ। ਇਹਨਾਂ ਨਾਲ਼ ਕਿਸੇ ਦਾ ਕੁੱਝ ਨਹੀਂ ਸੰਵਰਨਾ। ਇਹਨਾਂ ਨੂੰ ਮੁੱਖ ਮੁੱਦੇ ਵਜੋਂ ਉਭਾਰਨਾ, ਅਸਲ ਮੁੱਦਿਆਂ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਦੇ ਪੈਂਤੜੇ ਦਾ ਨਤੀਜਾ ਹੈ। ਅਸਲ ਵਿੱਚ ਆਮ ਆਦਮੀ ਪਾਰਟੀ ਵਿਚਾਰਧਾਰਾ ਰਹਿਤ ਰਾਜਨੀਤੀ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰ ਰਹੀ ਹੈ। ਲੀਹੋਂ ਲਹਿ ਚੁੱਕੇ ਸਿੱਖ ਤੇ ਮਾਰਕਸਵਾਦੀ ਇਸ ਰੁਝਾਨ ਦਾ ਮਤਲਬ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਸ਼ਾਇਦ ਉਹ ਅਜਿਹੀ ਸਮਝ ਤੋਂ ਚਿਰੋਕਣੇ ਵਿਰਵੇ ਹੋ ਚੁੱਕੇ ਹਨ।