ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਇਉਂ ਮਿਲਿਆ 'ਮਾਂਦੀਨ' ਦਾ ਮਤਲਬ!


-ਤਰਲੋਚਨ ਸਿੰਘ 'ਦੁਪਾਲਪੁਰ'
ਨਾਵਲਕਾਰ ਨਾਨਕ ਸਿੰਘ ਨੇ ਇੱਕ ਨੌਕਰੀ-ਪੇਸ਼ਾ, ਪਤੀ-ਪਤਨੀ ਦੀ ਵਿਅੰਗਮਈ ਕਹਾਣੀ ਲਿਖੀ ਹੋਈ ਹੈ। ਤੋਤਲੀ ਜ਼ਬਾਨ ਬੋਲਦਾ ਇਸ ਜੋੜੇ ਦਾ ਲਾਡਲਾ ਇਕਲੌਤਾ ਬੇਟਾ ਅਚਾਨਕ ਅੱਧੀ ਕੁ ਰਾਤ ਨੂੰ ਉੱਠ ਕੇ ਰਿਹਾੜ ਜਿਹੀ ਕਰਨ ਲੱਗ ਜਾਂਦਾ ਹੈ। ਉੱਸਲਵੱਟੇ ਜਿਹੇ ਲੈਂਦਿਆਂ 'ਊ...ਊਂ...ਊਂਅ' ਕਰਦਿਆਂ ਉਹਦੇ ਮੂੰਹੋਂ 'ਯਾਈ' ਨਿਕਲ ਜਾਂਦਾ ਹੈ। ਇਹ ਲਫ਼ਜ਼ ਸੁਣਦਿਆਂ ਹੀ ਪਤੀ-ਪਤਨੀ ਇਸ 'ਯਾਈ' ਸ਼ਬਦ ਦੀ ਵਿਆਖਿਆ ਕਰਨ ਜੁੱਟ ਜਾਂਦੇ ਹਨ। ਪਤਨੀ ਕਹਿੰਦੀ ਹੈ ਕਿ ਬੇਟਾ ਮਠਿਆਈ ਮੰਗਦਾ ਹੈ, ਪਰ ਪਤੀ ਕਹਿੰਦਾ ਨਹੀਂ ਇਹ ਦਵਾਈ ਮੰਗ ਰਿਹਾ ਹੋਣੈ। ਪੜ੍ਹੇ-ਲਿਖੇ ਪਤੀ-ਪਤਨੀ 'ਚ ਇਸੇ ਮਸਲੇ 'ਤੇ ਗ੍ਰਹਿ-ਯੁੱਧ ਛਿੜ ਪੈਂਦਾ ਹੈ। 'ਯਾਈ' ਜਾਂ 'ਆਈ' ਦੇ ਪਛੇਤਰ ਵਾਲੇ ਸ਼ਬਦਾਂ ਦੀਆਂ ਲਿਸਟਾਂ ਬਣਨ ਲੱਗ ਜਾਂਦੀਆਂ ਨੇ। ਜਿਦੋ-ਜਿਦੀ ਦੋਵੇਂ ਇੱਕ-ਦੂਜੇ ਵੱਲੋਂ ਸੁਝਾਏ ਗਏ ਸ਼ਬਦਾਂ ਨੂੰ ਕੱਟੀ ਜਾਂਦੇ ਨੇ। ਜੇ ਇੱਕ ਜਣਾ ਕਾਕੇ ਵੱਲੋਂ 'ਰਜਾਈ' ਮੰਗਣੀ ਸਿੱਧ ਕਰਦਾ ਹੈ ਤਾਂ ਦੂਜਾ ਮਲਾਈ। ਬਹਿਸ-ਮੁ-ਬਹਿਸਾ ਕਰਦਿਆਂ ਜਦੋਂ ਉਨ੍ਹਾਂ ਦੀ ਨਜ਼ਰ ਬੱਚੇ 'ਤੇ ਪੈਂਦੀ ਹੈ ਤਾਂ ਉਹ ਸੌਂ ਵੀ ਚੁੱਕਾ ਹੁੰਦਾ ਹੈ।
ਇਸ ਕਹਾਣੀ ਦਾ ਨਾਇਕ 'ਕਾਕਾ ਜੀ' ਤਾਂ ਸਿਰਫ਼ ਮੰਮੀ-ਭਾਪੇ ਨੂੰ ਸ਼ਬਦਾਂ ਦੀ ਸ਼ਸ਼ੋ-ਪੰਜ 'ਚ ਪਾ ਕੇ ਘੜੀ-ਘੰਟੇ ਬਾਅਦ ਸੌਂ ਗਿਆ ਹੋਵੇਗਾ, ਪਰ ਅਸੀਂ ਇਹੋ ਜਿਹੀ ਸਥਿਤੀ ਵਿੱਚ ਸਾਰਾ ਟੱਬਰ ਹੀ ਚਾਰ-ਪੰਜ ਦਿਨ ਫਸੇ ਰਹੇ। ਫ਼ਰਕ ਸਿਰਫ਼ ਇਹ ਸੀ ਕਿ ਸਾਨੂੰ ਕਿਸੇ ਕਾਕੇ ਨੇ ਨਹੀਂ, ਸਗੋਂ ਇੱਕ ਕਾਗ਼ਜ਼ ਨੇ ਭੰਬਲ-ਭੂਸੇ 'ਚ ਪਾਈ ਰੱਖਿਆ, ਜਿਸ ਉਤੇ ਕੰਬਖ਼ਤ ਪਤਲੇ ਹੋਣ ਦਾ ਨੁਸਖਾ ਲਿਖਿਆ ਹੋਇਆ ਸੀ। ਕਾਕਾ ਤਾਂ 'ਯਾਈ' ਸ਼ਬਦ ਦੇ ਅਰਥਾਂ ਦਾ ਕੋਈ ਫ਼ੈਸਲਾ ਹੋਣ ਤੋਂ ਪਹਿਲਾਂ ਹੀ ਸੌਂ ਗਿਆ, ਪਰ ਸਾਡੀ ਸਿਰਦਰਦੀ ਬਣੇ ਕਾਗ਼ਜ਼ ਸ੍ਰੀਮਾਨ ਨੇ ਅੰਤਿਮ ਅਤੇ ਸਹੀ ਫ਼ੈਸਲਾ ਹੋਣ ਤੱਕ ਸਾਨੂੰ ਚੌਹਾਂ-ਪੰਜਾਂ ਜਣਿਆਂ ਨੂੰ ਪੜ੍ਹਨੇ ਪਾਈ ਰੱਖਿਆ।
ਮੋਟਾਪਾ ਹੋਇਆ ਹੋਵੇ ਜਾਂ ਨਾ, ਪਰ ਭਾਰ ਘਟਾਉਣ, ਅਥਵਾ ਪਤਲੇ ਹੋਣ ਦੀ ਗੱਲ ਕੰਨੀਂ ਪੈਂਦਿਆਂ ਅਸੀਂ ਸਾਰੇ ਕੰਨ ਚੁੱਕ ਲੈਂਦੇ ਹਾਂ। ਖ਼ਾਸ ਕਰ ਕੇ ਬੀਬੀਆਂ ਤਾਂ ਅਜਿਹੀ ਗੱਲ ਨੂੰ ਵਧੇਰੇ ਤਵੱਜੋ ਦਿੰਦੀਆਂ । ਇਸੇ ਤਰ੍ਹਾਂ ਮੇਰੀ ਸ੍ਰੀਮਤੀ ਦੀ ਇੱਕ ਜਾਣੂ ਬੀਬੀ ਨੇ 'ਮਹਾਨ ਪਰਉਪਕਾਰ' ਕਰਦਿਆਂ ਪਤਲੇ ਹੋਣ ਦਾ ਨੁਸਖਾ ਉਸ ਨੂੰ ਲਿਆ ਫੜਾਇਆ। ਪਰਉਪਕਾਰ ਇਸ ਕਾਰਨ ਕਹਿ ਰਿਹਾਂ, ਕਿਉਂਕਿ ਪਤਨੀ ਦੇ ਬਿਆਨਾਂ ਮੁਤਾਬਕ ਹੱਥ-ਲਿਖਤ ਨੁਸਖਾ ਫੜਾਉਣ ਮੌਕੇ ਉਸ ਦੀ ਸਹੇਲੀ ਨੇ ਜ਼ਰਾ ਪਰਦੇ ਨਾਲ ਦੱਸਿਆ ਸੀ :
''ਭੈਣੇ, ਜਿਸ ਬਾਬਾ ਜੀ ਤੋਂ ਮੇਰੇ ਦਿਉਰ-ਦਰਾਣੀ ਨੇ ਇਹ ਨੁਸਖਾ ਲਿਆਂਦਾ ਸੀ, ਉਨ੍ਹਾਂ ਨੇ 'ਵਚਨ' ਲਿਆ ਸੀ ਕਿ ਤੁਸੀਂ ਇਹ ਹੋਰ ਅੱਗੇ ਨਾ ਕਿਸੇ ਨੂੰ ਵੀ ਦਿਓ। ਜਿਹਨੂੰ ਲੋੜ ਹੋਵੇ, ਉਹ ਸਿੱਧਾ ਮੇਰੇ ਨਾਲ ਹੀ ਸੰਪਰਕ ਕਰੇ!...ਤੈਨੂੰ ਕੀ ਦੱਸਾਂ ਅੜੀਏ, ਮੈਂ ਕਿੱਦਾਂ 'ਜਤਨ ਕਰ ਕੇ' ਇਹ ਦੀ ਫੋਟੋ ਸਟੈਟ ਕਰਵਾਈ ਐ!''
ਲੱਗਦੇ ਹੱਥ ਉਸ ਨੇ ਨੁਸਖੇ ਦੀ ਕਾਮਯਾਬੀ ਦੇ ਝੰਡੇ ਗੱਡਦਿਆਂ ਚਸ਼ਮ-ਦੀਦ ਗਵਾਹੀ ਵੀ ਦਿੱਤੀ, ''ਅਖੇ; ਮੇਰੇ ਦਿਉਰ-ਦਰਾਣੀ ਪਹਿਲਾਂ ਮੁਟਾਪੇ ਕਾਰਨ 'ਥੁੱਲ-ਥੁੱਲ' ਕਰਦੇ ਹੁੰਦੇ ਸੀ। ਮਹੀਨੇ 'ਚ ਹੀ  ਐਨੇ 'ਸਮਾਰਟ' ਹੋ ਗਏ ਕਿ ਜਮਾਂ ਈ ਪਛਾਣ ਨ੍ਹੀਂ ਹੁੰਦੇ...ਛਾਂਟਵੇਂ ਸਰੀਰ ਹੋ ਗਏ ਦੋਹਾਂ ਦੇ।''
ਦਾਲ਼ 'ਚ ਕੁਝ ਕਾਲ਼ਾ ਹੋਣ ਦੀ ਮੈਨੂੰ ਉਸੇ ਵੇਲੇ ਖੁੜਕ ਗਈ, ਜਦੋਂ ਸ੍ਰੀਮਤੀ ਨੇ ਇਹ ਨੁਸਖਾ ਪਹਿਲੀ ਪੜ੍ਹਤ ਲਈ ਹੀ ਮੇਰੇ ਸਪੁਰਦ ਕਰ ਦਿੱਤਾ। ਦਰਅਸਲ ਉਹ ਬੜੀ ਟੁੱਟੀ-ਭੱਜੀ ਜਿਹੀ ਪੰਜਾਬੀ 'ਚ ਲਿਖਿਆ ਹੋਇਆ ਸੀ। ਇੱਕ ਅੱਖਰ ਵਿੰਗ-ਧੜਿੰਗੇ, ਦੂਜਾ ਫੋਟੋ ਸਟੈਟ ਫਿੱਕੀ ਹੋਣ ਨਾਲ ਇਸ ਨੂੰ ਪੜ੍ਹਨਾ ਆਸਾਨ ਨਹੀਂ ਸੀ। ਮੈਂ ਸਮਝ ਗਿਆ ਕਿ ਨੁਸਖੇ 'ਤੇ ਫ਼ੌਰੀ ਅਮਲ ਕਰਨ ਦੀ ਬਜਾਏ ਪਤਨੀ ਨੇ ਇਹ ਮੇਰੇ ਹੱਥਾਂ 'ਚ ਕਿਉਂ ਲਿਆ ਫੜਾਇਐ।
''ਦੇਖਿਉ ਤਾਂ, ਕੀ-ਕੀ, ਕਿੱਦਾਂ-ਕਿੱਦਾਂ ਖਾਣਾ ਲਿਖਿਆ ਹੋਇਐ ਇਹਦੇ 'ਚ?''
ਸ੍ਰੀਮਤੀ ਦੇ ਮੂੰਹੋਂ ਇਹ ਸਵਾਲ ਸੁਣ ਕੇ ਮੈਂ ਐਨਕਾਂ ਦੇ ਸ਼ੀਸ਼ੇ ਚੰਗੀ ਤਰ੍ਹਾਂ ਸਾਫ਼ ਕਰ ਕੇ ਨੁਸਖਾ ਪੜ੍ਹਨ ਨਿੱਠ ਕੇ ਬਹਿ ਗਿਆ। ਪੇਪਰ ਚੈੱਕ ਕਰਨ ਵਾਂਗ ਮੈਂ ਗ਼ਲਤੀਆਂ ਦੀ ਦਰੁੱਸਤੀ ਨਾਲੋ-ਨਾਲ ਕਰਦਾ ਗਿਆ। ਕਿਸੇ ਅੱਧ-ਪੜ੍ਹ ਨੇ ਪਾਲਕ ਨੂੰ ਪਾਕਲ, ਦਲ਼ੀਆ ਨੂੰ ਦਲਿਆ, ਟਮਾਟਰ ਨੂੰ ਟਾਮਟਰ, ਸਾਗ ਨੂੰ ਛਾਗ, ਮੂਲੀ ਨੂੰ ਮੁਲਿ, ਮੋਠ ਨੂੰ ਮੁਠ ਵਗੈਰਾ-ਵਗੈਰਾ ਲਿਖਿਆ ਹੋਇਆ ਸੀ। ਕੁੱਲ ਮਿਲਾ ਕੇ ਇੱਕ ਮਹੀਨੇ ਦੇ ਖਾਣ-ਪੀਣ ਦੀ ਸੂਚੀ ਲਿਖੀ ਹੋਈ ਸੀ ਇਸ ਨੁਸਖੇ ਵਿਚ। ਕਿਤੇ 1, 2, 3, 8, 10 ਆਦਿ ਹਿਣਸੇ ਲਿਖੇ ਹੋਏ ਸਨ ਤੇ ਕਿਤੇ-ਕਿਤੇ ਹਿਣਸਿਆਂ ਨੂੰ ਗੁਰਮੁਖੀ ਅੱਖਰਾਂ 'ਚ ਲਿਖ ਕੇ ਅੱਗੇ ਖਾਣ-ਪੀਣ ਦਾ ਵੇਰਵਾ। ਜਿਵੇਂ ਦਸ ਨੰਬਰ ਦਲ਼ੀਆ ਖਾਣਾ ਤਿੰਨ ਟਾਈਮ। ਪੰਦਰਾਂ-ਪਾਲਕ ਦਾ ਸੂਪ ਪੀਣ, ਸੋਲ੍ਹਵਾਂ-ਫਲਾਣੀਆਂ ਸਬਜ਼ੀਆਂ ਉਬਾਲ਼ ਕੇ ਖਾਣੀਆਂ।
ਅਖੇ; ਲਿਖੇ ਮੂਸਾ ਪੜ੍ਹੇ ਖ਼ੁਦਾ! ਟੱਕਰਾਂ-ਟੁੱਕਰਾਂ ਮਾਰ ਕੇ ਹੋਰ ਤਾਂ ਪੂਰਾ ਨੁਸਖਾ ਮੈਂ ਪੜ੍ਹ ਲਿਆ, ਪਰ ਉੱਨੀ ਨੰਬਰ 'ਤੇ ਜਾ ਕੇ ਮੈਂ ਬੇ-ਪੇਸ਼ ਹੋ ਗਿਆ। ਅਠਾਰਾਂ ਤੋਂ ਬਾਅਦ 19 ਅੱਗੇ ਦੋ ਇੰਚ ਖ਼ਾਲੀ ਥਾਂ ਛੱਡ ਕੇ ਲਿਖਿਆ ਹੋਇਆ ਸੀ : 'ਮਾਂਦੀਨ ਫਲੂਟ ਖਾਣਾ ਸਿਰਫ਼ ਤਿੰਨੋਂ ਟੈਮ!'
ਇਹ 'ਮਾਂਦੀਨ ਫਲੂਟ' ਜਾਂ ਫਰੂਟ ਕਿਹੜੀ ਬਲਾ ਹੋਈ ਭਲਾ? ਇੱਥੇ ਆ ਕੇ ਅੜਾਉਣੀ ਅੜ ਗਈ। ਸੋਚ-ਉਡਾਰੀਆਂ ਦੇ ਘੋੜੇ ਚੁਤਰਫ਼ੀਂ ਦੁੜਾਏ, ਪਰ ਕੋਈ ਗੱਲ ਪਕੜ 'ਚ ਨਾ ਆਵੇ। 'ਕੱਲਾ ਹੀ ਘੌਂਚਲਣ ਦੀ ਥਾਂ ਮੈਂ 'ਮਾਂਦੀਨ ਫਲੂਟ' ਦੀ ਖੋਜ ਵਿਚ ਸਾਰੇ ਟੱਬਰ ਨੂੰ ਵੀ ਸ਼ਾਮਲ ਕਰ ਲਿਆ, ਪਰ ਉਨ੍ਹਾਂ ਲਈ ਵੀ ਇਹ ਸ਼ਬਦ ਅਜੀਬੋ-ਗ਼ਰੀਬ ਸੀ। ਇਹ ਟੇਢਾ ਜਿਹਾ ਨਾਂਅ ਸੁਣ ਕੇ ਸਾਰਿਆਂ ਨੇ ਮੇਰੇ ਹੱਥੋਂ ਨੁਸਖੇ ਵਾਲਾ ਕਾਗ਼ਜ਼ ਫੜ ਕੇ ਘੋਖ-ਘੋਖ ਕੇ ਦੇਖਿਆ, ਪਰ ਸਮਝ ਕਿਸੇ ਦੀ ਵੀ ਨਾ ਪਵੇ। ਕਈ ਦਿਨ ਸਾਡੇ ਘਰੇ 'ਮਾਂਦੀਨ ਫਲੂਟ' ਗੂੰਜਦਾ ਰਿਹਾ, ਪਰ ਇਹ ਰਹੱਸ-ਭਰੀ ਬੁਝਾਰਤ ਹੀ ਬਣਿਆ ਰਿਹਾ।
''ਆਪਣੇ ਚਿੱਤੋਂ ਤੁਸੀਂ 'ਲੇਖਕ' ਬਣੀ ਫਿਰਦੇ ਐਂ, ਪੰਜਾਬੀ ਤੁਹਾਥੋਂ ਪੜ੍ਹ ਨ੍ਹੀਂ ਹੋਈ!''
ਨੁਸਖੇ ਵਾਲ਼ੀ ਸਮੱਗਰੀ ਲਿਆਉਣ ਲਈ ਕਾਹਲੀ ਪੈ ਰਹੀ ਮੇਰੀ ਪਤਨੀ ਨੇ ਇੱਕ ਦਿਨ ਮੈਨੂੰ ਉਕਤ ਤਿੱਖਾ ਤਾਅਨਾ ਮਾਰ ਦਿੱਤਾ। ਫਿਰ ਕੀ ਸੀ? 'ਜਬੈ ਬਾਣ ਲਾਗਯੋ ਤਬੈ ਰੋਸ ਜਾਗਿਓ!'...ਮੈਂ ਖੋਲ੍ਹ ਲਿਆ ਭਾਈ ਕਾਨ੍ਹ ਸਿੰਘ ਨਾਭੇ ਦਾ 'ਮਹਾਨ ਕੋਸ਼'...'ਮਾਂਦੀਨ ਫਲੂਟ' ਨੂੰ ਪਦ-ਛੇਦ ਕਰ ਕੇ ਵੱਖ-ਵੱਖ ਇੰਦਰਾਜਾਂ ਵਿੱਚ ਛਾਣ-ਬੀਣ ਕੀਤੀ। ਇਸ ਗ੍ਰੰਥ ਵਿੱਚ ਲਿਖੇ ਹੋਏ ਤਮਾਮ ਦੇਸੀ ਨੁਸਖਿਆਂ 'ਚੋਂ 'ਮਾਂਦੀਨ ਫਲੂਟ' ਤਲਾਸ਼ਿਆ, ਪਰ ਮਹਾਨ ਕੋਸ਼ ਨੇ ਵੀ ਪੂਰੀ ਨਾ ਪਾਈ।
ਅਚਾਨਕ ਮੈਨੂੰ ਯਾਦ ਆਇਆ ਕਿ ਮਾਂਦੀਨ ਕੋਈ ਉੜਦੂ-ਅਰਬੀ-ਫਾਰਸੀ ਭਾਸ਼ਾ ਦਾ ਸ਼ਬਦ ਨਾ ਹੋਵੇ। ਇਹ ਸੋਚਦਿਆਂ ਆਪਣੇ ਕੋਲ਼ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਏ ਅਰਬੀ-ਫਾਰਸੀ ਸ਼ਬਦਾਂ ਦਾ ਕੋਸ਼ ਪੜਤਾਲਣਾ ਸ਼ੁਰੂ ਕੀਤਾ। ਪੂਰੀ ਆਸ ਨਾਲ ਸ਼ੁਰੂ ਕੀਤੀ ਇਹ ਖੋਜ-ਬੀਨੀ ਵੀ ਨਿਸਫ਼ਲ ਸਿੱਧ ਹੋਈ। 'ਮਾਂਦੀਨ' ਦਾ ਸਿਮਰਨ ਕਰਦਿਆਂ ਸੁੱਤੇ ਹੀ ਜ਼ਿਹਨ 'ਚ ਛੁਪਿਆ ਪਿਆ ਇੱਕ ਹੋਰ ਨਾਂਅ ਚੇਤੇ ਆਇਆ-ਮਾਤਾਦੀਨ, ਜੋ ਸ੍ਰ. ਗੁਰਬਖ਼ਸ਼ ਸਿੰਘ 'ਪ੍ਰੀਤ-ਲੜੀ' ਦੀ ਇੱਕ ਕਹਾਣੀ ਵਿੱਚ ਹਾਥੀ ਦੇ ਮਹਾਵਤ ਦਾ ਨਾਮ ਹੁੰਦਾ ਹੈ। ਪਲ ਦੀ ਪਲ ਅੱਖਾਂ 'ਚ ਆਈ ਚਮਕ ਉਸੇ ਪਲ ਉੱਡ-ਪੁੱਡ ਗਈ, ਕਿਉਂਕਿ ਜ਼ਿਹਨ 'ਚੋਂ ਚਾਣਚੱਕ ਟਪਕੇ ਇਸ ਮਾਤਾਦੀਨ ਦੀ ਕੋਈ ਅੰਗਲੀ-ਸੰਗਲੀ ਵੀ 'ਮਾਂਦੀਨ' ਨਾਲ ਨਾ ਜੁੜ ਸਕੀ। 'ਮਸਲਾ-ਏ-ਮਾਂਦੀਨ' ਅਣ-ਸੁਲਝਿਆ ਹੀ ਰਹਿ ਗਿਆ।
ਦੋਹਾਂ ਸ਼ਬਦ-ਕੋਸ਼ਾਂ ਨੂੰ ਵਾਚਣ ਤੋਂ ਬਾਅਦ ਮਿਲੀ ਅਸਫ਼ਲਤਾ ਕਾਰਨ ਪਤਨੀ ਵੱਲੋਂ 'ਲੇਖਕ ਹੋਣ' ਦਾ ਮਾਰਿਆ ਗਿਆ ਤਾਅਨਾ ਮੇਰੇ ਸੀਨੇ ਵਿੱਚ ਫਾਨਾ ਬਣ ਕੇ ਖੁੱਭਣ ਲੱਗ ਪਿਆ। ਕਿਸੇ ਨਾ ਕਿਸੇ ਤਰ੍ਹਾਂ ਇਹ ਘੁੰਡੀ ਖੋਲ੍ਹਣ ਦੀਆਂ ਮਨ ਹੀ ਮਨ ਵਿੱਚ ਕਈ ਵਿਉਂਤਾਂ-ਜੁਗਤਾਂ ਸੋਚੀਆਂ, ਪਰ ਸਫ਼ਲਤਾ ਪੱਲੇ ਪੈਂਦੀ ਨਜ਼ਰ ਨਾ ਆਈ। ਮਸਲਨ ਮੈਂ ਸੋਚਿਆ ਕਿ ਨੁਸਖਾ ਅਜ਼ਮਾ ਕੇ ਪਤਲੇ ਪਤੰਗ ਬਣੇ ਦੱਸੇ ਜਾਂਦੇ ਦਿਉਰ-ਦਰਾਣੀ ਕੋਲੋਂ ਕਿਸੇ ਆਨੇ-ਬਹਾਨੇ ਇਸ ਨਾਮੁਰਾਦ ਮਾਂਦੀਨ ਦਾ ਮੂੰਹ-ਸਿਰ ਲੱਭ ਲਿਆ ਜਾਵੇ, ਪਰ ਬਾਬੇ ਵੱਲੋਂ ਲਏ ਹੋਏ 'ਵਚਨ' ਦੇ ਪੰਗੇ ਨੂੰ ਚੇਤੇ ਕਰ ਕੇ ਅਜਿਹਾ ਅਸੰਭਵ ਜਾਪਿਆ।
''ਅੱਜ ਨੌਵਾਂ ਦਿਨ ਹੋ ਗਿਆ ਐ ਫਲਾਣਿਆਂ ਦੇ ਘਰੇ...!''
ਇੱਕ ਸ਼ਾਮ ਮੇਜ਼ ਦੁਆਲ਼ੇ ਚਾਹ ਪੀਣ ਬੈਠਿਆਂ ਮੇਰੀ ਪਤਨੀ ਨੇ ਜਿਉਂ ਹੀ ਕੋਈ ਗੱਲ ਸੁਣਾਉਣ ਲਈ ਉਤਲਾ ਫ਼ਿਕਰਾ ਬੋਲਿਆ, ਮੈਂ ਇੱਕਦਮ ਚੌਂਕਦਿਆਂ ਕਿਹਾ :
''ਆਉ ਬਈ ਆਉ-ਆÀ , 'ਮਾਂਦੀਨ' ਆ ਗਿਆ ਅੜਿੱਕੇ ਅੱਜ!'' ਘਰ ਦੇ ਸਾਰੇ ਜੀਅ ਬਿਟਰ-ਬਿਟਰ ਮੇਰੇ ਮੂੰਹ ਵੱਲ ਝਾਕਣ ਲੱਗੇ ਕਿ ਇਸ ਨੂੰ ਅੱਜ ਕਿੱਥੋਂ 'ਇਲਹਾਮ' ਹੋ ਗਿਐ ਮਾਂਦੀਨ ਦੇ ਅਰਥਾਂ ਦਾ?
ਕਈ ਦਿਨਾਂ ਤੋਂ ਜੰਗਾਲ-ਖਾਧਾ ਬੰਦ ਜਿੰਦਰਾ ਬਣ ਕੇ ਦਿਮਾਗ਼ ਵਿੱਚ ਫਸੇ ਹੋਏ 'ਮਾਂਦੀਨ' ਨੂੰ ਸਮਝੋ ਚਾਬੀ ਲੱਗ ਗਈ। ਪਤਨੀ ਵੱਲੋਂ ਸਹਿਜ-ਸੁਭਾਅ ਬੋਲੇ ਗਏ ਉਕਤ ਵਾਕ ਦੇ ਪਹਿਲੇ ਤਿੰਨ ਸ਼ਬਦ 'ਅੱਜ ਨੌਵਾਂ ਦਿਨ...' ਮਾਂਦੀਨ ਦੀ ਘੁੰਡੀ ਖੋਲ੍ਹਣ ਦਾ ਸਬੱਬ ਬਣ ਗਏ।
ਅਚਨਚੇਤ ਮੇਰੇ ਦਿਮਾਗ਼ ਵਿੱਚ ਘੁੰਮ ਰਹੀ ਨੁਸਖੇ ਦੀ ਉੱਘੜ-ਦੁਘੜੀ ਸ਼ਬਦਾਵਲੀ ਨਾਲ 'ਨੌਵਾਂ ਦਿਨ' 'ਠਾਹ' ਕਰ ਕੇ ਟਕਰਾ ਗਿਆ। ਅੱਧ-ਪੜ੍ਹ ਬਾਬਾ ਨਹੀਂ ਜਾਣਦਾ ਹੋਣਾ ਕਿ ਬੋਲਣ ਵਿੱਚ ਭਾਵੇਂ ਦਸਮਾਂ ਦਿਨ, ਸਤ੍ਹਾਰਮਾਂ ਦਿਨ ਜਾਂ ਉੱਨੀ ਮਾਂ ਦਿਨ ਕਹਿ ਲਿਆ ਜਾਂਦਾ ਹੈ, ਪਰ ਲਿਖਣ ਵੇਲੇ ਦਸਵਾਂ, ਸਤ੍ਹਾਰਵਾਂ ਜਾਂ ਉੱਨੀਵਾਂ ਹੀ ਲਿਖਿਆ ਜਾਂਦਾ ਹੈ। ਲਗਾਂ-ਮਾਤਰਾਂ, ਖ਼ਾਸ ਕਰ ਕੇ ਸਿਹਾਰੀ-ਬਿਹਾਰੀ ਦੀ ਵਰਤੋਂ ਤੋਂ ਅਣਜਾਣ ਬਾਬੇ ਨੇ 'ਉੱਨੀਵਾਂ ਦਿਨ ਫਰੂਟ ਖਾਣਾ ਸਿਰਫ਼ ਤਿੰਨੋਂ ਟਾਈਮ' ਨੂੰ ਇਉਂ ਲਿਖ             ਮਾਰਿਆ :
'19 ਮਾਂਦੀਨ ਫਲੂਟ ਖਾਣਾ ਸਿਰਫ਼ ਤਿੰਨੋ ਟੈਮ!'
#ਮੋਬਾਈਲ : 001-408-915-1268