ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਲੋਕ ਸਭਾ ਚੋਣਾਂ ’ਚ ਸਿੱਖ ਕੌਮ ਕਿਸ ਧਿਰ ਨਾਲ ਖੜ੍ਹੇ?


ਭਾਰਤ ਵਿਚ ਆਮ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਅਤੇ ਦੇਸ਼ ਦੇ ਨਵੇਂ ਹਾਕਮ ਚੁਣਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ’ਚ ਰਾਜ ਕਰਦੀ ਧਿਰ ਯੂ. ਪੀ. ਏ ਅਤੇ ਵਿਰੋਧੀ ਧਿਰ ਐਨ. ਡੀ. ਏ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਤੀਜੇ ਫਰੰਟ ਸ਼ਾਮਲ ਕਈ ਪਾਰਟੀਆਂ ਤੇ ਬਸਪਾ ਇਹਨਾਂ ਚੋਣਾਂ ਵਿਚ ਆਪੋ ਆਪਣੀ ਕਿਸਮਤ ਅਜ਼ਮਾਉਣਗੀਆਂ। ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ-ਪੀਪੀਪੀ- ਹੋਰ ਧਰਮ ਨਿਰਪੱਖ ਕਹਾਉਂਦੀਆਂ ਧਿਰਾਂ ਦੇ ਗਠਜੋੜ ਤੋਂ ਇਲਾਵਾ ਆਮ ਆਦਮੀ ਪਾਰਟੀ ਦਰਮਿਆਨ ਤਿਕੋਣੀ ਟੱਕਰ ਹੋਵੇਗੀ, ਭਾਵੇਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜ਼ਨ ਸਮਾਜ ਪਾਰਟੀ ਅਤੇ ਕੁੱਝ ਹੋਰ ਖੇਤਰੀ ਦਲ ਵੀ ਇਹਨਾਂ ਚੋਣਾਂ ’ਚ ਆਪਣੀ ਹਾਜ਼ਰੀ ਦਰਜ ਕਰਨਗੇ। ਇਹ ਵੀ ਸੱਚ ਹੈ ਕਿ ਪਹਿਲਾਂ ਦੇਸ਼ ਦੀ ਪਾਰਲੀਮੈਂਟ ਨੇ ਕਦੇ ਵੀ ਪੰਜਾਬ ਅਤੇ ਸਿੱਖ ਕੌਮ ਦਾ ਕੋਈ ਭਲਾ ਨਹੀਂ ਸੋਚਿਆ ਪਰ ਜੋ ਹਾਲਾਤ ਇਸ ਮੌਕੇ ਦੇਸ਼ ਦੇ ਬਣਦੇ ਜਾ ਰਹੇ ਹਨ, ਉਹਨਾਂ ਨੂੰ ਦੇਖਦਿਆਂ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਸਿੱਖ ਕੌਮ ਕਿਸ ਧਿਰ ਨਾਲ ਖੜੇ? ਕਿਉਂਕਿ ਦੋਵਾਂ ਧਿਰਾਂ ਵਿਚੋਂ ਕਾਂਗਰਸ ਪਾਰਟੀ ਨੇ ਸਦਾ ਪੰਜਾਬ ਅਤੇ ਸਿੱਖ ਵਿਰੋਧੀ ਰਵੱਈਆ ਅਪਣਾਇਆ ਹੈ ਅਤੇ ਕਦੇ ਵੀ ਸਿੱਖ ਕੌਮ ਨੂੰ ਨਿਆਂ ਨਹੀਂ ਦਿੱਤਾ ਅਤੇ ਦੂਸਰੇ ਪਾਸੇ ਘੱਟ ਗਿਣਤੀਆਂ ਦੀ ਵੈਰਨ ਵੱਜੋਂ ਜਾਣੀ ਜਾਂਦੀ ਭਾਜਪਾ ਤਾਂ ਪ੍ਰਧਾਨ ਮੰਤਰੀ ਦੇ ਆਹੁਦੇ ਲਈ ਘੱਟ ਗਿਣਤੀਆਂ ਦੇ ਕਾਤਲ ਮੰਨੇ ਜਾਂਦੇ ਉਸ ਨਰਿੰਦਰ ਮੋਦੀ ਨੂੰ ਪੇਸ਼ ਕਰ ਰਹੀ ਹੈ, ਜਿਸ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦੇ ਹੋਏ ਅਨੇਕ ਨਿਰਦੋਸ਼ ਮੁਸਲਮਾਨਾਂ ਦੇ ਕਥਿੱਤ ਤੌਰ ਤੇ ਖੂਨ ਨਾਲ ਆਪਣੇ ਹੱਥ ਰੰਗੇ ਹੋਏ ਹਨ ਨਾਲ਼ ਹੀ ਇਹ ਚਾਲੀ ਸਾਲਾਂ ਤੋਂ ਗੁਜਾਰਤ ਵਿਚ ਰਹਿੰਦੇ ਸਿੱਖਾਂ ਨੂੰ ਆਪਣੇ ਸੂਬੇ ਵਿਚੋਂ ’ਚੋਂ ਕੱਢ ਰਿਹਾ ਹੈ। ਇਸ ਮੌਕੇ ਜਿੱਥੇ ਦੇਸ਼ ਵਿਚ ਆਮ ਆਦਮੀ ਪਾਰਟੀ ਦੀ ਦਿਨੋਂ ਦਿਨ ਚੜ੍ਹਤ ਹੋ ਰਹੀ ਹੈ, ਉੱਥੇ ਯੂ. ਪੀ. ਏ. ਅਤੇ ਐਨ. ਡੀ. ਏ. ਦੋਹਾਂ ਹੀ ਗਠਜੋੜਾਂ ਵਿਚ ਟੁੱਟ ਭੱਜ ਵੀ ਹੋ ਰਹੀ ਹੈ। ਅਜਿਹੇ ਹਾਲਾਤਾਂ ਵਿਚ ਦੇਸ਼ ਦੀ ਕਮਾਂਡ ਕਿਸੇ ਵੀ ਧਿਰ ਜਾਂ ਵਿਅਕਤੀ ਦੇ ਹੱਥਾਂ ਵਿਚ ਦੇਣ ਸਮੇਂ ਹਰ ਖਿੱਤੇ ਨੂੰ, ਹਰ ਸੂਬੇ ਨੂੰ ਅਤੇ ਹਰ ਕੌਮ ਨੂੰ ਇਹ ਸੋਚਣਾ ਲਾਜ਼ਮੀ ਹੋ ਜਾਂਦਾ ਹੈ ਕਿ ਉਸ ਲਈ ਕਿਸ ਧਿਰ ਨਾਲ ਖੜਨਾ ਫਾਇਦੇਮੰਦ ਰਹੇਗਾ ਜਾਂ ਘੱਟ ਨੁਕਸਾਨ ਦੇਹ ਹੋਵੇਗਾ।
ਰਾਜਸੀ ਤੌਰ ’ਤੇ ਫੈਸਲੇ ਲੈਣ ਸਬੰਧੀ ਸਿੱਖ ਕੌਮ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਆਪਣੇ ਪਿਤਾ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਜਿੰਮੇਵਾਰ ਰਾਜੇ ਜਹਾਂਗੀਰ ਨਾਲ ਵੀ ਰਾਜਨੀਤਕ ਸੂਝ ਦੇ ਮੁਤਾਬਿਕ ਰਾਜਸੀ ਸੁਲਾਹ ਕਰਕੇ ਅਤੇ ਗੁਰੂ ਗੋਬਿੰਦ ਸਿੰਘ ਨੇ ਔਰੰਗਜੇਬ ਦੀ ਮੌਤ ਤੋਂ ਬਾਅਦ ਇਕ ਦੂਰ ਅੰਦੇਸ਼ੀ ਰਾਜਸੀ ਫੈਸਲੇ ਅਧੀਨ ਔਰੰਗਜੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਭਾਰਤ ਦੀ ਰਾਜ ਗੱਦੀ ਤੱਕ ਪਹੁੰਚਾ ਕੇ ਇਹ ਰਾਹ ਖੋਲ ਦਿੱਤਾ ਹੈ ਕਿ ਸਿੱਖ ਕੌਮ ਰਾਜਸੀ ਖੇਤਰ ਵਿਚ ਵਿਚਰਨ ਸਮੇਂ ਆਪਣੇ ਦੁਸਮਣਾਂ ਵਿਚੋਂ ਘੱਟ ਨੁਕਸਾਨਦੇਹ ਧਿਰਾਂ ਨੂੰ ਚੁਣਕੇ, ਉਹਨਾਂ ਦੇ ਜਰੀਏ ਆਪਣੀ ਮੰਜ਼ਿਲ ਵੱਲ ਵੱਧਣਾ ਜਾਰੀ ਰੱਖੇ। ਅਸੀਂ ਸਮਝਦੇ ਹਾਂ ਕਿ ਇਸ ਮੌਕੇ ਦੇਸ਼ ਦੀ ਰਾਜਨੀਤੀ ਨੂੰ ਦੇਖਦਿਆਂ ਸਿੱਖ ਕੌਮ ਨੂੰ ਵਕਤੀ ਤੌਰ ’ਤੇ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਪੰਥ ਅਤੇ ਪੰਜਾਬ ਦੀਆਂ ਵੱਡੀਆਂ ਦੁਸਮਣ ਧਿਰਾਂ ਕਾਂਗਰਸ ਅਤੇ ਹਿੰਦੂਤਵੀ ਏਜੰਡੇ ਵਾਲੀ ਭਾਜਪਾ ਨੂੰ ਮਾਤ ਦਿੱਤੀ ਜਾ ਸਕੇ। ਇਸ ਮੌਕੇ ਭਾਰਤ ਵਿਚ ਸਿੱਖ ਕੌਮ ਦੀ ਜੋ ਹਾਲਤ ਹੈ, ਉਸਨੂੰ ਦੇਖਦਿਆਂ ਕੌਮ ਅਤੇ ਪੰਜਾਬ ਨੂੰ ਬਚਾਉਣ * ਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਅੰਦਰ ਜਿਸ ਤਰਾਂ ਨਸ਼ੇ ਨਾਲ ਪੰਜਾਬੀਆਂ ਦੀ ਨਸ਼ਲਕੁਸ਼ੀ ਕੀਤੀ ਜਾ ਰਹੀ ਹੈ, ਫਿਲਹਾਲ ਉਸ ਨੂੰ ਰੋਕਣਾ ਸਭ ਤੋਂ ਜਰੂਰੀ ਅਤੇ ਮੁੱਢਲਾ ਫਰਜ਼ ਬਣ ਗਿਆ ਹੈ। ਸਾਡਾ ਇਹ ਵੀ ਮੰਨਣਾ ਹੈ ਕਿ ਭਾਰਤ ਦੀ ਕਿਸੇ ਵੀ ਕੌਮੀ (ਨੈਸ਼ਨਲ) ਪਾਰਟੀ ਨਾਲ ਰਲ਼ਕੇ ਕੌਮ ਅਤੇ ਪੰਜਾਬ ਦੇ ਹਿੱਤ ਕਦੇ ਵੀ ਸੁਰੱਖਿਅਤ ਨਹੀਂ ਰੱਖੇ ਜਾ ਸਕਦੇ। ਆਮ ਆਦਮੀ ਪਾਰਟੀ ਵੀ ਕੌਮੀ ਪਾਰਟੀ ਬਣਨ ਜਾ ਰਹੀ ਹੈ ਅਤੇ ਇਸ ਆਮ ਆਦਮੀ ਪਾਰਟੀ ਵਿਚ ਵੀ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਕਦੇ ਵੀ ਬਲੰਦ ਨਹੀਂ ਹੋ ਸਕੇਗੀ ਪਰ ਮੌਜੂਦਾ ਰਾਜਨੀਤਕ ਹਾਲਤ ਮੁਤਾਬਿਕ ਸਿੱਖ ਕੌਮ ਨੂੰ ਭਾਰਤ ਵਿਚ ਰਹਿਣ ਲਈ ਕਿਸੇ ਨਾ ਕਿਸੇ ਧਿਰ ਨਾਲ ਜਰੂਰ ਖੜ੍ਹਨਾ ਹੀ ਪੈਣਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੀ ਕਿਸਮਤ ਨੂੰ ਹਿੰਦੂਤਵ ਦੇ ਕਿੱਲੇ ਨਾਲ ਬੰਨ ਦਿੱਤਾ ਹੈ ਅਤੇ ਭਾਜਪਾ ਦੀ ਹਿੰਦੂਤਵੀ ਸੋਚ ਆਪਣੀ ਫਿਤਰਤ ਅਨੁਸਾਰ ਸਿੱਖੀ ਨੂੰ ਤੀਲਾ ਤੀਲਾ ਕਰਕੇ ਸਮਾਪਤ ਕਰਨ ਦੇ ਰਾਹ ਤੁਰੀ ਹੋਈ ਹੈ। ਦੂਸਰੇ ਪਾਸੇ ਉਹ ਕਾਂਗਰਸ ਜਮਾਤ ਹੈ, ਜਿਸ ਨੇ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਅਤੇ ਪੰਜਾਬ ਦੇ ਨਾਲ ਧੱਕੇਸ਼ਾਹੀਆਂ ਹੀ ਕੀਤੀਆਂ ਹਨ। ਪੀਪੀਪੀ ਸਮੇਤ ਖੱਬੇਪੱਖੀ ਧਿਰਾਂ ਵੀ ਕਾਂਗਰਸ ਦੀ ਝੋਲੀ ਜਾ ਪਈਆਂ ਹਨ। ਅਜਿਹੀ ਹਾਲਤ ਵਿਚ ਸਿੱਖਾਂ ਕੋਲ ਇਕੋ ਇਕ ਰਾਸਤਾ ‘ਆਮ ਆਦਮੀ ਪਾਰਟੀ’ ਨਾਲ ਖੜ੍ਹਨ ਦਾ ਹੀ ਬਚਦਾ ਹੈ। ਅਸੀਂ ਸਮਝਦੇ ਹਾਂ ਕਿ ਇਹ ਰਸਤਾ ਵੀ ਆਰਜੀ ਅਤੇ ਵਕਤੀ ਹੈ, ਜਿਸ ਦਾ ਕੌਮ ਨੂੰ, ਪੰਥ ਅਤੇ ਪੰਜਾਬ ਦੇ ਭਲੇ ਲਈ ਵਕਤੀ ਤੌਰ ’ਤੇ ਫਾਇਦਾ ਲੈ ਲੈਣਾ ਚਾਹੀਦਾ ਹੈ। ਇਥੇ ਅਸੀਂ ਇਹ ਗੱਲ ਵੀ ਸਪੱਸ਼ਟ ਕਰ ਦੇਣੀ ਚਾਹੁੰਦੇ ਹਾਂ ਕਿ ਕੌਮ ਅਤੇ ਪੰਜਾਬ ਦਾ ਅਸਲ ਭਲਾ ਪੰਥਕ ਰਾਜ਼ਨੀਤੀ ਹੀ ਸੋਚ ਸਕਦੀ ਹੈ, ਇਸ ਲਈ ਭਾਵੇਂ ਸਿੱਖਾਂ ਨੂੰ ਪੰਜਾਬ ਅਤੇ ਕੌਮ ’ਤੇ ਚੜ੍ਹੀਆਂ ‘ਅਮਰ ਵੇਲਾਂ’ ਨੂੰ ਕੱਟਣ ਲਈ ‘ਆਮ ਆਦਮੀ ਪਾਰਟੀ’ ਨੂੰ ਇਕ ਹਥਿਆਰ ਵੱਜੋਂ ਵਰਤ ਲੈਣਾ ਚਾਹੀਦਾ ਹੈ ਪਰ ਪੰਥਕ ਰਾਜਨੀਤੀ ਨੂੰ ਪੁਨਰ ਸੁਰਜੀਤ ਕੀਤੇ ਬਿਨਾਂ ਨਾ ਹੀ ਤਾਂ ਪੰਥ ਅੱਗੇ ਵਧ ਸਕਦਾ ਹੈ ਅਤੇ ਨਾ ਹੀ ਪੰਜਾਬ ਬਚ ਸਕਦਾ ਹੈ। ਇਸ ਲਈ ਸਿੱਖਾਂ * ਪੰਜਾਬ ਦੀ ਰਾਜ਼ਨੀਤੀ ਵਿਚ ਆਪਣੀ ਸਾਖ ਬਣਾਈ ਰੱਖਣ ਲਈਂ ਕਿਸੇ ਅਜਿਹੀ ਸਖਸੀਅਤ ਨੂੰ ਉਭਾਰਨਾ ਪਵੇਗਾ, ਜੋ ਭਾਰਤੀਤਵ ਨਾਲ਼ੋ ਕੌਮੀ ਹਿਤਾਂ ਨੂੰ ਪ੍ਰਣਾਇਆ ਹੋਵੇ ।