ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬੰਜਰ ਹੋਣ ਜਾ ਰਹੇ ਪੰਜਾਬ ਦੀ ਪੁਕਾਰ


ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਅਤੇ ਪੰਜਾਬ ਦੇ ਹੱਕਾਂ ਲਈ ਸਭ ਤੋਂ ਵੱਧ ਜ਼ੇਲ੍ਹਾਂ ਕੱਟਣ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਦੀ ਸਰਕਾਰ ਵੱਲੋਂ ਚੱਪੜਚਿੜੀ ਦੇ ਵਿਖੇ ਖੇਤੀਬਾੜੀ ਦੇ ਵਿਕਾਸ ਦੇ ਨਾਮ ’ਤੇ ਇਕ ਵੱਡਾ ਸਰਕਾਰੀ ਸਮਾਗਮ ਕੀਤਾ ਰਾ ਰਿਹਾ ਹੈ। ਇਸ ਸਰਕਾਰੀ ਸਮਾਗਮ ’ਚ ਪੁਹੰਚੇ ਦੋ ਰਾਜਾਂ ਦੇ ਭਾਜਪਾਈ ਮੁੱਖ ਮੰਤਰੀ ਸਿਵਰਾਜ ਚੌਹਾਨ ਅਤੇ ਰਮਨ ਕੁਮਾਰ ਅਤੇ ਆਂਧਰਾ ਪ੍ਰਦੇਸ ਦੇ ਸਾਬਕਾ ਮੁੱਖ ਮੰਤਰੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਚੰਦਰ ਬਾਬੂ ਨਾਇਡੂ ਵੱਲੋਂ ਮੁੱਖ ਮੰਤਰੀ ਬਾਦਲ ਦੀ ਹਾਜ਼ਰੀ ’ਚ ਦੇਸ਼ ਦੇ ਦਰਿਆਵਾਂ ਨੂੰ ਜੋੜਨ ਦੀ ਜੋਰਦਾਰ ਵਕਾਲਤ ਕੀਤੀ ਗਈ। ਭਾਜਪਾਈ ਮੁੱਖ ਮੰਤਰੀ ਸਿਵਰਾਜ ਚੌਹਾਨ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਜੇਕਰ ਕੇਂਦਰ ਵਿੱਚ ਸਾਡੀ (ਐਨ. ਡੀ. ਏ) ਸਰਕਾਰ ਬਣਦੀ ਹੈ ਤਾਂ ਅਸੀਂ ਸਭ ਤੋਂ ਪਹਿਲਾ ਕੰਮ ਨਦੀਆਂ ਨੂੰ ਜੋੜਨ ਦਾ ਕਰਾਂਗੇ। ਭਾਵੇਂ ਇਹ ਖੇਤੀਬਾੜੀ ਸੰਮੇਲਨ ਪੰਜਾਬ ਦੀ ਧਰਤੀ ’ਤੇ ਕੀਤਾ ਗਿਆ, ਪਰ ਇਸ ਸਰਕਾਰੀ ਸੰਮੇਲਨ ’ਚ ਪੰਜਾਬ ਦਾ ਪਾਣੀ ਖੋਹਣ ਦਾ ਹਿਕ ਤਾਣਕੇ ਐਲਾਨ ਕੀਤਾ ਗਿਆ। ਮੁੱਖ ਮੰਤਰੀ ਬਾਦਲ ਸਮੇਤ ਉਥੇ ਹਾਜਰ ਅਕਾਲੀ ਆਗੂ ਤੇ ਕਿਸਾਨ ਯੂਨੀਅਨ ਦੇ ਆਗੂ ਅਜਮੇਰ ਸਿੰਘ ਲੱਖੋਵਾਲ ਆਦਿ ਮੀਸਣੇ ਬਣੇ ਪੰੰਜਾਬ ਦੇ ਪਾਣੀਆਂ ’ਤੇ ਡਾਕੇ ਮਾਰਨ ਦੀਆਂ ਗੱਜ ਵੱਜ ਹੋ ਰਹੀਆਂ ਗੱਲਾਂ ਨੂੰ ਸੁਣਦੇ ਰਹੇ। ਅਸੀਂ ਇੱਥੇ ਇਹ ਜਿਕਰ ਕਰਨਾ ਚਾਹਾਂਗੇ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਪਾਣੀਆਂ ਦੀ ਜੰਗ ਨੂੰ ਲੈ ਕੇ ਹੀ ਹਜ਼ਾਰਾਂ ਨੌਜਵਾਨਾਂ ਦੀ ਸ਼ਹੀਦੀਆਂ ਹੋਈਆਂ ਹਨ, ਹਜ਼ਾਰਾਂ ਲੋਕਾਂ ਨੇ ਜ਼ੇਲ੍ਹਾਂ ਕੱਟੀਆਂ ਹਨ ਅਤੇ ਅੱਜ ਵੀ ਸੈਂਕੜੇ ਸਿੱਖ ਨੌਜਵਾਨ ਭਾਰਤੀ ਜ਼ੇਲ੍ਹਾਂ ਵਿੱਚ ਸੜ ਰਹੇ ਹਨ, ਜਦਕਿ ਕਈ ਸਿੱਖ ਨੌਜਵਾਨ ਫਾਂਸੀ ਦੇ ਤਖਤਿਆਂ ’ਤੇ ਖੜੇ ਹਨ। ਪੰਜਾਬ ’ਚ ਜੇ ਇੱਕ ਦਹਾਕਾ ਲਹੂ ਡੁੱਲਿਆ ਤਾਂ ਉਸਦੀ ਬੁਨਿਆਦ ਵੀ ਪਾਣੀਆਂ ਕਾਰਨ ਸ਼ੁਰੂ ਹੋਈ ਲੜ੍ਹਾਈ ਸੀ, ਪੰਜਾਬ ਦਾ ਪਾਣੀ ਖੋਹ ਕੇ ਹਰਿਆਣੇ ਨੂੰ ਦੇਣ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਤਲੁਜ-ਯਮਨਾ ਲਿੰਕ ਨਹਿਰ ਦਾ ਕਪੂਰੀ ’ਚ ਟੱਕ ਲਾਇਆ। ਇਸ ਸਤਲੁਜ ਜਮਨਾ ਲਿੰਕ ਨਹਿਰ (ਐਸ. ਵਾਈ. ਐਲ.) ਨੇ ਪੰਜਾਬ ਦੀ ਧਰਤੀ ਨੂੰ ਬੰਜਰ ਬਣਾ ਦੇਣਾ ਸੀ। ਇਸ ਲਈ ਨਹਿਰ ਰੋਕਣ ਵਾਸਤੇ ਹੀ ਸ਼ੋਮਣੀ ਅਕਾਲੀ ਦਲ ਨੇ ਕਪੂਰੀ ਮੋਰਚਾ ਲਾਇਆ ਸੀ, ਜਿਹੜਾ ਬਾਅਦ ’ਚ ਧਰਮ ਯੁੱਧ ਮੋਰਚੇ ’ਚ ਬਦਲਿਆ, ਉਸ ਤੋਂ ਬਾਅਦ ਜੂਨ ਚੌਰਾਸੀ ਵਿੱਚ ਸਾਕਾ ਦਰਬਾਰ ਸਾਹਿਬ ਹੋਇਆ, ਤੱਤਕਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਸੁਰਖਿਆ ਗਾਰਡ ਦੀਆਂ ਗੋਲੀਆਂ ਦਾ ਸਿਕਾਰ ਹੋਣ ਪਿਛੋਂ ਨਵੰਬਰ ਚੌਰਾਸੀ ਵੇਲੇ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹੋਇਆ ਸਿੱਖ ਕਤਲੇਆਮ, ਇਸ ਵਰਤਾਰੇ ਵਿੱਚੋਂ ਹੀ ਖਾੜਕੂਵਾਦ ਲਹਿਰ ਉਠੀ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਆਪਣੀ ਸ਼ਹਾਦਤਾਂ ਦਿੱਤੀਆਂ, ਭਾਵੇਂ ਅਕਾਲੀਆਂ ਵੱਲੋਂ ਬਾਅਦ ਵਿੱਚ ਹੋਏ ਰਜੀਵ-ਲੌਗੋਵਾਲ ਸਮਝੌਤੇ ਵਿੱਚ ਵੀ ਸਤਲੁਜ-ਯਮਨਾ ਲਿੰਕ ਨਹਿਰ ਨੂੰ ਪੂਰਾ ਕਰਨ ਸਬੰਧੀ ਇਕਰਾਰ ਕੀਤਾ ਗਿਆ ਸੀ, ਪਰ ਸਿੱਖ ਖਾੜਕੂਆਂ ਦੀਆਂ ਸਹਾਦਤਾਂ ਨੇ ਹੀ ਸਤਲੁਜ ਜਮਨਾ ਲਿੰਕ ਨਹਿਰ ਦਾ ਕੰਮ ਠੱਪ ਕਰਵਾਇਆ ਅਤੇ ਪੰਜਾਬ ਦੇ ਪਾਣੀਆਂ ਦੀ ਇਕ ਵਾਰ ਰਾਖੀ ਕਰ ਲਈ, ਪਰ ਜਿਵੇਂ ਹੁਣ ਭਾਜਪਾ ਅਤੇ ਉਸ ਵੱਲੋਂ ਪ੍ਰਧਾਨ ਮੰਤਰੀ ਦੇ ਆਹੁਦੇ ਲਈ ਐਲਾਨਿਆ ਨਰਿੰਦਰ ਮੋਦੀ ਦੇਸ਼ ਦੀਆਂ ਨਹਿਰਾਂ ਨੂੰ ਜੋੜਨ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਬਾਦਲ ਮੋਦੀ ਦੇ ਮੂਹਰੇ ਝੁਕਿਆ ਖੜਾ ਹੈ, ਉਸ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਜੇਕਰ ਦੇਸ਼ ਵਿੱਚ ਐਨ. ਡੀ. ਏ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ’ਤੇ ਹੀ ਡਾਕਾ ਪੈਣ ਵਾਲਾ ਹੈ। ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਵਿੱਚੋਂ ਹਰਿਆਣਾ ਪਹਿਲਾਂ ਹੀ 5.95 ਐਮ. ਏ. ਐਫ਼ੳਮਪ;. ਪਾਣੀ ਸਤਲੁਜ ਵਿੱਚੋਂ, 1.62 ਐਮ. ਏ. ਐਫ਼ੳਮਪ;. ਪਾਣੀ ਰਾਵੀ ਦਰਿਆ ’ਚੋਂ ਲੈ ਰਿਹਾ ਹੈ। ਪੰਜਾਬ ਵਿੱਚ 105 ਲੱਖ ਏਕੜ ਦੇ ਕਰੀਬ ਵਾਹੀਯੋਗ ਜਮੀਨ ਹੈ, ਜਿਸਦੀ ਸਿੰਚਾਈ ਲਈ ਹਰ ਸਾਲ 525 ਲੱਖ ਏਕੜ ਫੁੱਟ ਪਾਣੀ ਦੀ ਲੋੜ ਹੈ। ਇਸਤੋਂ ਇਲਾਵਾ ਉਦਯੋਗ ਅਤੇ ਘਰੇਲੂ ਲੋੜਾਂ ਲਈ 225 ਲੱਖ ਏਕੜ ਫੁੱਟ ਪਾਣੀ ਦੀ ਲੋੜ ਹੈ, ਜਦੋਂ ਕਿ ਪੰਜਾਬ ਦੇ ਦਰਿਆਵਾਂ ਵਿੱਚ 324 ਲੱਖ ਏਕੜ ਫੁੱਟ ਪਾਣੀ ਸੀ। ਜਿਹੜਾ ਘੱਟ ਕੇ ਹੁਣ ਸਿਰਫ 310 ਲੱਖ ਏਕੜ ਫੁੱਟ ਰਹਿ ਗਿਆ ਹੈ, ਜਿਸ ਵਿੱਚੋਂ ਪੰਜਾਬ ਸਿਰਫ਼ੳਮਪ; 144 ਲੱਖ ਏਕੜ ਫੁੱਟ ਪਾਣੀ ਵਰਤ ਰਿਹਾ ਹੈ। ਇਸ ਤਰ੍ਹਾਂ ਪੰਜਾਬ ਦੇ ਦਰਿਆਵਾਂ ਵਿੱਚ ਜਿਹੜਾ ਕੁੱਲ 310 ਐਲ. ਏ. ਐਫ਼ੳਮਪ; ਦੇ ਕਰੀਬ ਪਾਣੀ ਹੈ, ਉਸ ਵਿੱਚੋਂ ਤਕਰੀਬਨ 190 ਐਲ. ਏ. ਐਫ਼ੳਮਪ;. ਪਾਣੀ ਦੂਜੇ ਰਾਜਾਂ ਨੂੰ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਮਾਲਵਾ ਇਲਾਕੇ ਦੀ ਸਥਿਤੀ ਇਹ ਬਣ ਚੁੱਕੀ ਹੈ ਕਿ ਬਹੁਤੀਆਂ ਥਾਵਾਂ ’ਤੇ ਧਰਤੀ ਹੇਠਲਾ ਪਾਣੀ 300 ਤੋਂ ਲੈ ਕੇ 400 ਫੁਟ ਡੂੰਘਾ ਹੋ ਚੁਕਿਆ ਹੈ, ਜੇਕਰ ਨਹਿਰਾਂ ਨੂੰ ਜੋੜਨ ਦੇ ਸਿਲਸਿਲੇ ਤਹਿਤ ਸਤਲੁਜ ਜਮਨਾ ਲਿੰਕ ਨਹਿਰ ਦਾ ਪੁਨਰ ਨਿਰਮਾਣ ਹੋ ਜਾਂਦਾ ਹੈ ਅਤੇ ਉਸ ਵਿਚ ਪਾਣੀ ਛੱਡ ਦਿੱਤਾ ਜਾਂਦਾ ਹੈ ਤਾਂ ਮਾਲਵੇ ਖੇਤਰ ਵਿਚ ਧਰਤੀ ਹੇਠਲਾ ਪਾਣੀ 1000 ਫੁੱਟ ਡੂੰਘਾ ਚਲਿਆ ਜਾਵੇਗਾ ਅਤੇ ਇਹ ਇਲਾਕਾ ਪੂਰੀ ਤਰਾਂ ਬੰਜਰ ਹੋ ਕੇ ਰਹਿ ਜਾਵੇਗਾ। ਅਜਿਹੀ ਸਥਿਤੀ ਨੂੰ ਅਣਦੇਖਾ ਕਰਕੇ ਪੰਜਾਬ ਦਾ ਮੁੱਖ ਪ੍ਰਕਾਸ ਸਿੰਘ ਬਾਦਲ ਸਿਰਫ ਭਾਜਪਾ ਦੀ ਬੋਲੀ ਬੋਲ ਰਿਹਾ ਹੈ, ਜਦੋਂਕਿ ਦੂਸਰੇ ਪਾਸੇ ਸ੍ਰ: ਬਾਦਲ ਵਾਰ ਵਾਰ ਦਾਅਵੇ ਕਰ ਰਿਹਾ ਹੈ ਕਿ ਉਸਨੇ ਪੰਜਾਬ ਦੇ ਹੱਕਾਂ ਲਈ ਸਭ ਤੋਂ ਵੱਧ ਜ਼ੇਲ੍ਹਾਂ ਕੱਟੀਆਂ ਹਨ। ਅਸੀਂ ਸਮਝਦੇ ਹਾਂ ਕਿ ਐਮਰਜੈਂਸੀ ਤੋਂ ਬਿਨਾਂ ਜਿੰਨੀ ਵੀ ਜੇਲ੍ਹ ਸ੍ਰ: ਬਾਦਲ ਨੇ ਕੱਟੀ ਹੈ, ਉਹ ਪੰਜਾਬ ਦੇ ਪਾਣੀਆਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਵਿੱਚ ਕੱਟੀ ਹੈ। ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਪਾਣੀਆਂ ਲਈ ਲਾਏ ਮੋਰਚਿਆਂ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਦੀਆਂ ਸ਼ਹੀਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਵੱਲੋਂ ਕੱਟੀਆਂ ਜ਼ੇਲ੍ਹਾਂ ਤੇ ਝੱਲਿਆ ਤਸੱਦਦ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਸ ਖਾਤੇ ਪਾ ਰਹੀ ਹੈ ਅਤੇ ਜਿਸ ਸ੍ਰ: ਬਾਦਲ ਨੇ ਪੰਜਾਬ ਦੇ ਜਿਹਨਾਂ ਪਾਣੀਆਂ ਨੂੰ ਲੁੱਟਣ ਤੋਂ ਬਚਾਉਣ ਲਈ ਜ਼ੇਲ੍ਹਾਂ ਕੱਟੀਆਂ ਸਨ, ਅੱਜ ਉਹੀ ਸ੍ਰ: ਬਾਦਲ ਅੱਜ ਰਾਜਸੀ ਲਾਲਸਾ ਵੱਸ ਆਪਣੇ ਹੱਥੀ ਪੰਜਾਬ ਦੇ ਪਾਣੀਆਂ ਨੂੰ ਦੋਵੇਂ ਹੱਥੀ ਲੁਟਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਹਤੈਸੀਆਂ ਲਈ ਪਰਖ ਦੀ ਘੜੀ ਆ ਬਣੀ ਹੈ ਕਿ ਉਹ ਪੰਜਾਬ ਨੂੰ ਬਚਾਉਣ ਲਈ ਧਰਮਾਂ, ਜਾਤਾਂ, ਪਾਰਟੀਆਂ ਅਤੇ ਧੜਿਆਂ ਤੋਂ ਉਪਰ ਉਠ ਕੇ ਸੋਚਣ, ਨਹੀਂ ਤਾਂ ਉਹ ਹਾਲ ਹੋ ਜਾਣਾ ਹੈ ਕਿ ‘‘ਲਮਹੋਂ ਨੇ ਖਤਾ ਕੀ, ਔਰ ਸਦੀਓਂ ਨੇ ਸ਼ਜਾ ਪਾਈ’’।