ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦੂਜਾ ਪੱਖ ; ਕਾਲਿਆਂ ਵਾਲਾ ਖੂਹ ਵਿਵਾਦ ਦਾ ਵਿਸ਼ਾ ਨਹੀਂ- ਜਗੀਰ ਸਿੰਘ ਜਗਤਾਰ - 94179-71600
ਜ਼ਿਲ੍ਹਾ ਅੰਮਿ੍ਰਤਸਰ ਦੇ ਅਜਨਾਲਾ ਵਿਖੇ ‘ਕਾਲਿਆਂ ਵਾਲਾ ਖੂਹ’ ਵਜੋਂ ਜਾਣਿਆਂ ਜਾਂਦਾ ਸਥਾਨ, ਇਹਨਾਂ ਦਿਨਾਂ ਵਿਚ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਹੈ। ਇਤਿਹਾਸਕਾਰ ਸੁਰਿੰਦਰ ਕੋਛੜ ਕਾਫੀ ਸਮੇਂ ਤੋਂ ਕਹਿੰਦੇ ਆ ਰਹੇ ਸਨ ਕਿ ਇਸ ਖੂਹ ਵਿਚ ਅੰਗਰੇਜ਼ਾਂ ਦੀ ਫੌਜ ਦੇ ਬਾਗੀ ਹੋਏ ਭਾਰਤੀ ਫੌਜੀਆਂ ਨੂੰ ਮਾਰ ਕੇ ਅਤੇ ਕੁਝ ਨੂੰ ਜਿਉਂਦਿਆਂ ਹੀ ਸੁੱਟ ਕੇ, ਅੰਗਰੇਜ਼ਾਂ ਨੇ ਦਫਨਾ ਦਿੱਤਾ ਸੀ। ਬਾਗੀ ਹੋਏ ਫੌਜੀਆਂ ਦੀ ਗਿਣਤੀ 500 ਕਹੀ ਗਈ, ਜਿਹਨਾਂ ਵਿਚੋਂ 282 ‘ਕਾਲਿਆਂ ਵਾਲਾ ਖੂਹ’ ਵਿਚ ਦਫਨਾਏ ਗਏ। ਪਿਛਲੇ ਦਿਨੀਂ ਉਥੋਂ ਦੀ ਗੁਰਦੁਆਰਾ ਕਮੇਟੀ ਨੇ ਉਪਰਾਲਾ ਕਰਕੇ ਖੂਹ ਦੀ ਖੁਦਾਈ ਕਰਵਾ ਕੇ ਮਨੁੱਖੀ ਕੰਕਾਲ ਕੱਢੇ ਹਨ। ਨਾਲ ਹੀ ਕੁਝ ਮੈਡਲ ਅਤੇ ਹੋਰ ਵਸਤਾਂ ਵੀ ਮਿਲੀਆਂ ਹਨ।
ਪਹਿਲਾਂ ਤਾਂ ਸ੍ਰੀ ਸੁਰਿੰਦਰ ਕੋਛੜ ਦੀ ਗੱਲ ਵੱਲ ਕਿਸੇ ਧਿਆਨ ਨਹੀਂ ਦਿੱਤਾ, ਹੁਣ ਜਦੋਂ ਸਥਾਨਕ ਗੁਰਦੁਆਰਾ ਕਮੇਟੀ ਦੇ ਉਪਰਾਲੇ ਨਾਲ ਇਸ ਖੂਹ ਦੀ ਖੁਦਾਈ ਹੋ ਗਈ ਹੈ ਤਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅਤੇ ਸਰਕਾਰੀ ਅਧਿਕਾਰੀ ਵੀ ਉਥੇ ਪਹੁੰਚੇ ਹਨ। ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸਮਾਗਮ ਵਿਚ ਮੰਗਲਵਾਰ ਨੂੰ 157 ਸਾਲ ਪਹਿਲਾਂ ਮਾਰੇ ਗਏ ਇਹਨਾਂ 282 ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸੇ ਦੌਰਾਨ ਸਿੱਖ ਇਤਿਹਾਸਕਾਰ ਸ. ਕਿਰਪਾਲ ਸਿੰਘ ਅਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਆਦਿ ਨੇ ਮਰਨ ਵਾਲਿਆਂ ਨੂੰ ਪੂਰਬੀ ਫੌਜੀ ਅਤੇ ‘ਐਂਗਲੋ ਸਿੱਖ ਵਾਰ’ ਵਿਚ ਬਰਤਾਨਵੀ ਫੌਜੀਆਂ ਨਾਲ ਮਿਲ ਕੇ ਲੜੇ ਹੋਏ ਕਹਿ ਕੇ ਜਿੱਥੇ ਉਹਨਾਂ ਨੂੰ ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿਚ ਸ਼ਾਮਲ ਨਾ ਹੋਣ ਵਾਲਿਆਂ ਵਜੋਂ ਪੇਸ਼ ਕੀਤਾ ਹੈ, ਉਥੇ 1857 ਦੇ ਗਦਰ ਨੂੰ ਦੇਸ਼ ਦੀ ਅਜ਼ਾਦੀ ਦੇ ਪਹਿਲੇ ਸੰਗਰਾਮ ਵਜੋਂ ਮੰਨਣ ਤੋਂ ਵੀ ਇਨਕਾਰ ਕੀਤਾ ਹੈ। ਇਸ ਲਈ ਦਲੀਲ ਦਿੱਤੀ ਹੈ ਕਿ ਗਦਰ ਕਰਨ ਵਾਲੇ ਉਹ ਸਨ ਜਿਹਨਾਂ ਦੀਆਂ ਰਿਆਸਤਾਂ ਅੰਗਰੇਜ਼ ਲਾਰਡ ਡਲਹੌਜੀ ਨੇ ਖੋਹ ਲਈਆਂ ਸਨ। ਉਹਨਾਂ ਅਨੁਸਾਰ ਝਾਂਸੀ ਦੀ ਰਾਣੀ ਵੀ ਉਸ ਦੀਆਂ ਨਿੱਜੀ ਮੰਗਾਂ ਨਾ ਮੰਨੇ ਜਾਣ ਕਾਰਨ ਪਿਛੋਂ ਗਦਰ ਵਿਚ ਸ਼ਾਮਲ ਹੋਈ ਸੀ। ਇਹਨਾਂ ਇਤਿਹਾਸਕਾਰਾਂ ਅਨੁਸਾਰ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਇਆ ‘ਸਭਰਾਉਂ ਦਾ ਯੁੱਧ’ ਹੀ ਹਿੰਦੁਸਤਾਨ ਦੀ ਅਜ਼ਾਦੀ ਦਾ, ਭਾਵ ਅੰਗਰੇਜ਼ਾਂ ਤੋਂ ਦੇਸ਼ ਨੂੰ ਬਚਾਉਣ ਦੀ ਪਹਿਲੀ ਲੜਾਈ ਸੀ। ਉਹ ਕਹਿੰਦੇ ਹਨ ਕਿ 1857 ਦੇ ਵਿਦਰੋਹ ਨੂੰ ਕਈ ਵਿਅਕਤੀਆਂ ਵਲੋਂ ਆਪਣੇ ਨਿੱਜੀ ਮੁਫਾਦਾਂ ਨੂੰ ਲੈ ਕੇ ਕੀਤਾ ਗਿਆ ਸੀ।
ਜਦੋਂ ਇਤਿਹਾਸਕਾਰ ਸ. ਕਿਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਕਹਿੰਦੇ ਹਨ ਕਿ ਕਾਲਾ ਵਾਲਾ ਖੂਹ ਵਿਚ ਮਰੇ ਫੌਜੀ ਸਿੱਖ ਨਹੀਂ ਸਨ ਅਤੇ ਉਹਨਾਂ ਦੀ ਯਾਦਗਾਰ ਵਜੋਂ ਗੁਰਦੁਆਰਾ ਸਾਹਿਬ ਨਹੀਂ ਬਣਾਇਆ ਜਾਣਾ ਚਾਹੀਦਾ, ਉਸ ਹੱਦ ਤੱਕ ਤਾਂ ਉਹ ਠੀਕ ਹਨ, ਪਰ ਬਾਕੀ ਵਿਚਾਰਾਂ ਸਬੰਧੀ ਉਹ ਉਲਾਰ ਜਾਪਦੇ ਹਨ। ਜੇ 1857 ਦਾ ਗਦਰ ਕਰਨ ਵਾਲਿਆਂ ਦੇ ਮੋਹਰੀ ਰਾਜੇ ਰਾਣੇ ਆਪਣੀਆਂ ਰਿਆਸਤਾਂ ਬਚਾਉਣ ਲਈ ਲੜੇ ਤਾਂ ਸਭਰਾਓਂ ਦੀ ਲੜਾਈ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਚਾਉਣ ਲਈ ਹੀ ਸੀ, ਉਹ ਕਿਹੜਾ ਵੋਟਾਂ ਵਾਲੇ ਲੋਕਤੰਤਰ ਦਾ ਸੰਗਰਾਮ ਸੀ। ਇਹ ਦੋਨਾਂ ਲੜਾਈਆਂ ਹਿੰਦੁਸਤਾਨ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਵਿਰੁੱਧ ਸਨ, ਇਸ ਲਈ ਇਹਨਾਂ ਨੂੰ ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਕਿਹਾ ਜਾ ਸਕਦਾ ਹੈ। ਉਸ ਸਮੇਂ ਪੰਜਾਬ ਸਮੇਤ ਸਾਰਾ ਦੇਸ਼ ਵੱਖ-ਵੱਖ ਰਾਜਿਆਂ, ਰਾਣਿਆਂ, ਮਹਾਰਾਜਿਆਂ ਨਵਾਬਾਂ ਅਧੀਨ ਸੀ ਅਤੇ ਬਾਹਰੀ ਹਮਲੇ ਨੂੰ ਰੋਕਣ ਲਈ ਉਹਨਾਂ ਹੀ ਲੜਾਈਆਂ ਦਿੱਤੀਆਂ ਸਨ।
ਸ. ਕਿਰਪਾਲ ਸਿੰਘ ਦਾ ਇਹ ਕਹਿਣਾ ਵੀ ਠੀਕ ਹੈ ਕਿ ਪਹਿਲਾਂ ਪੁਰਾਤਿਤਵ ਵਿਭਾਗ ਅਸਥੀਆਂ ਅਤੇ ਸਮੁੱਚੇ ਮਾਮਲੇ ਦੀ ਜਾਂਚ ਕਰਵਾਏ। ਇਹ ਇਸ ਪੱਖੋਂ ਵੀ ਲੋੜੀਂਦੀ ਹੈ ਕਿ ਇਤਿਹਾਸਕਾਰ ਕੋਛੜ ਮਾਰੇ ਗਏ ਇਹਨਾਂ ਫੌਜੀਆਂ ਨੂੰ ਬੰਗਾਲ ਦੇ ਦਸਦੇ ਸਨ ਜਦੋਂ ਕਿ ਸ. ਕਿਰਪਾਲ ਸਿੰਘ ਪੂਰਬੀਏ ਕਹਿ ਰਹੇ ਹਨ। ਇਹ ਮਾਲਮਾ ਡੀ.ਐਨ.ਏ. ਟੈਸਟ ਰਾਹੀਂ ਅਤੇ ਖੂਹ ਵਿਚੋਂ ਮਿਲੇ ਮੈਡਲਾਂ ਆਦਿ ਤੋਂ ਸਪੱਸ਼ਟ ਹੋ ਸਕਦਾ ਹੈ। ਉਹ ਕਹਿੰਦੇ ਹਨ ਕਿ ਇਹ ਫੌਜੀ ‘ਕਾਰਤੂਸਾਂ ’ਚ ਮਾਸ’ ਹੋਣ ਤੋਂ ਹੀ ਅੰਗਰੇਜ਼ਾਂ ਵਿਰੁੱਧ ਬਾਗੀ ਹੋਏ ਸਨ। ਬਗਾਵਤਾਂ ਹਮੇਸ਼ਾਂ ਹੀ ਕਿਸੇ ਇਕ ਨੁਕਤੇ ਤੋਂ ਸਾਹਮਣੇ ਆਉਂਦੀਆਂ ਹਨ, ਜਦ ਕਿ ਉਹਨਾਂ ਲਈ ਲਾਵਾ ਪਹਿਲਾਂ ਅੰਦਰੇ ਅੰਦਰ ਉਬਲਦਾ ਰਹਿੰਦਾ ਹੈ। ਕਿਸੇ ਵੀ ਕਾਰਨ ਉਹ ਅੰਗਰੇਜ਼ਾਂ ਤੋਂ ਬਾਗੀ ਹੋਏ, ਵੱਖ ਹੋ ਕੇ ਤਾਂ ਖੜ੍ਹੇ ਅਤੇ ਆਪਣੀਆਂ ਜਾਨਾਂ ਤੱਕ ਦਿੱਤੀਆਂ, ਪਰ ਪਹਾੜਾ ਸਿੰਘ ਵਰਗਿਆਂ ਦੀ ਪਾਲ ਵਿਚ ਨਹੀਂ ਗਏ। ਇਸੇ ਕਾਰਨ ਉਹ ਸ਼ਹੀਦ ਹਨ, ਜਿਸ ਨੂੰ ਸ. ਕਿਰਪਾਲ ਸਿੰਘ ਵੀ ਮੰਨਦੇ ਹਨ। ਜਦ ਉਹ ਸ਼ਹੀਦ ਹਨ, ਫਿਰ ਯਾਦਗਾਰ ਬਨਣ ਉੱਤੇ ਕੀ ਇਤਰਾਜ ਹੋ ਸਕਦਾ ਹੈ।
ਇਥੇ ਇਹ ਪੱਖ ਵੀ ਧਿਆਨ ਮੰਗਦਾ ਹੈ ਕਿ ਫਿਰੋਜ਼ਪੁਰ ਵਿਚ ਸਾਰਾਗੜ੍ਹੀ ਦੇ ਸਿੱਖ ਫੌਜੀਆਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਿਆਂ ਹੋਇਆ ਹੈ। ਹਰ ਸਾਲ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ। ਸਿਰਫ਼ ਇਸ ਲਈ ਕਿ ਉਹ ਸਿੱਖ ਸਨ, ਪਰ ਉਹਨਾਂ ਤਾਂ ਆਪਣੀ ਜਾਨ ਅੰਗਰੇਜ਼ਾਂ ਦੇ ਹੱਕ ਵਿਚ ਵਾਰੀ ਸੀ। ਜੇ ਸਹੀ ਅਰਥਾਂ ਵਿਚ ਵੇਖੀਏ ਤਾਂ ਉਹ ‘ਸ਼ਹੀਦ’ ਨਹੀਂ ਹਨ, ਸੂਰਬੀਰ, ਬਹਾਦਰ ਸਨ। ‘ਸ਼ਹੀਦ’ ਉਹ ਹੁੰਦਾ ਹੈ ਜੋ ਧਰਮ, ਦੇਸ਼, ਕੌਮ ਲਈ ਬਿਨਾ ਕਿਸੇ ਮੁਆਵਜ਼ੇ ਦੇ ਜਾਨ ਵਾਰਦਾ ਹੈ। ਜਦੋਂ ਕਿ ਫੌਜੀ ਤਾਂ ਤਨਖਾਹ ਲਈ ਫੌਜ ਵਿਚ ਭਰਤੀ ਹੁੰਦੇ ਅਤੇ ਲੜਦੇ ਹਨ। ਇਸ ਦੇ ਉਲਟ ਅਜਨਾਲਾ ਦੇ ਖੂਹ ਵਾਲੇ ਕਥਿਤ ਪੂਰਬੀਏ ਤਾਂ ਤਨਖਾਹ ਨੂੰ ਛੱਡ ਕੇ ਤੁਰੇ ਸਨ। ਇਥੇ ਸਾਡੇ ਸਿੱਖ ਇਤਿਹਾਸਕਾਰਾਂ ਦੇ ਬਿਆਨ ਵਿਚ ਇਹ ਜ਼ਿਕਰ ਵੀ ਧਿਆਨ ਮੰਗਦਾ ਹੈ ਕਿ ‘ਸੁਰਿੰਦਰ ਕੋਛੜ ਦੱਸਣ ਕਿ ਯੂਨੀਵਰਸਿਟੀ ਪੱਧਰ ’ਤੇ ਉਹਨਾਂ ਕਿਹੜੇ ਕਿਹੜੇ ਖੋਜ ਕਾਰਜ ਕੀਤੇ ਹਨ।’ ਇਹ ਟਿੱਪਣੀ ਸੀਮਤ ਸੋਚ ਦੀ ਹੀ ਲਿਖਾਇਕ ਹੈ ਤੇ ਇਸੇ ਤੋਂ ਹੀ ਅਜਨਾਲਾ ਦੇ ਖੂਹ ਬਾਰੇ ਇਹਨਾਂ ਦਾ ਦਿ੍ਰਸ਼ਟੀਕੋਣ ਬਣਿਆਂ ਹੈ, ਨਹੀਂ ਤਾਂ ਯੂਨੀਵਰਸਿਟੀ ਤੋਂ ਬਾਹਰ ਵੀ ਖੋਜ ਕਾਰਜ ਹੋਏ ਹਨ ਅਤੇ ਹੋ ਸਕਦੇ ਹਨ। ਸਿੱਖ ਲੇਖਕ ਗਿਆਨੀ ਗਿਆਨ ਸਿੰਘ ਕਿਹੜੀ ਯੂਨੀਵਰਸਿਟੀ ਵਿਚ ਗਏ ਸਨ। ਸੰਸਾਰ ਦੇ ਕਿੰਨੇ ਹੀ ਨਾਮਵਰ ਲੇਖਕ ਹਨ ਜਿਹਨਾਂ ਯੂਨੀਵਰਸਿਟੀ ਤਾਂ ਕੀ ਕਾਲਜ ਦਾ ਵੀ ਮੂੰਹ ਨਹੀਂ ਵੇਖਿਆ ਸੀ। ਇਹ ਠੀਕ ਹੈ ਕਿ ਉੱਚ ਵਿੱਦਿਆ ਅਤੇ ਖੋਜ ਲਈ ਯੂਨੀਵਰਸਿਟੀਆਂ ਢੁਕਵੇਂ ਅਦਾਰੇ ਹਨ। ਉਥੇ ਕੰਮ ਕਰਨ ਵਾਲਿਆਂ ਨੂੰ ਮਿਹਨਤਾਨਾ ਵੀ ਮਿਲਦਾ ਹੈ, ਜਦੋਂ ਕਿ ਬਾਹਰ ਆਪਣੇ ਸ਼ੌਕ ਨਾਲ ਕੰਮ ਕਰਨ ਵਾਲਿਆਂ ਨੂੰ ਅਨੇਕਾਂ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਾਨੂੰ ਤੱਥਾਂ ਦੇ ਆਧਾਰ ਉੱਤੇ ਖੋਜ ਦੇ ਠੀਕ ਜਾਂ ਗਲਤ ਹੋਣ ਬਾਰੇ ਤਾਂ ਕਹਿਣ ਦਾ ਹੱਕ ਹੈ, ‘ਖਾਂਦੇ ਦੀ ਦਾਹੜੀ ਹਿਲਦੀ ਹੈ’ ਕਹਿਣ ਨਾਲ ਕੰਮ ਨਹੀਂ ਸਰਦਾ।
‘ਕਾਲਿਆਂ ਵਾਲਾ ਖੂਹ’ ਵਿਵਾਦ ਦਾ ਵਿਸ਼ਾ ਨਹੀਂ ਹੈ, ਇਹ ਸਾਡੇ ਇਤਿਹਾਸ ਦਾ ਅਹਿਮ ਪੰਨਾ ਹੈ। ਇਸ ਬਾਰੇ ਸਹੀ ਤੱਥ ਜਾਨਣ ਲਈ ਵੱਧ ਤੋਂ ਵੱਧ ਖੋਜ ਕੀਤੀ ਜਾਣੀ ਚਾਹੀਦੀ ਹੈ, ਪਰ ਸੰਕੀਰਨਤਾ ਤੋਂ ਉਪਰ ਉੱਠ ਕੇ।