ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗਊ ਸੇਵਾ ਦੇ ਨਾਂ ਤੇ ਹੋ ਰਹੀ ਗਊ ਹੱਤਿਆਂ ਅਤੇ ਵਪਾਰ


ਭਾਰਤ ਦੇਸ ਦੇ ਬਹੁਗਿਣਤੀ ਲੋਕ ਹਿੰਦੂ ਫਲਸਫੇ ਅਧੀਨ ਗਊਆਂ ਨੂੰ ਪੂਜਣ ਯੋਗ ਮੰਨਦੇ ਹਨ । ਸਮੇਂ ਅਤੇ ਹਾਲਾਤਾਂ ਦੇ ਅਨੁਸਾਰ ਕੁੱਝ ਸਾਲਾਂ ਤੋਂ ਬਾਅਦ ਫੰਡਰ ਜਾਂ ਬਾਂਝ ਹੋਣ ਤੇ ਦੇਸੀ ਗਊਆਂ  ਨਾਂ ਤਾਂ ਕੋਈ ਆਪਣੇ ਘਰ ਰੱਖਦਾ ਹੈ ਨਾਂ ਹੀ  ਰੱਖਣਾਂ ਚਾਹੁੰਦਾਂ ਹੈ । ਕੁਦਰਤ ਅਤੇ ਮੌਸਮ ਦੇ ਵਿੱਚ ਅਨੇਕਾਂ ਬਦਲਾਅ ਆ ਰਹੇ ਹਨ ਜਿੰਹਨਾਂ ਕਾਰਨ ਬਹੁਤ ਛੇਤੀ ਜਾਂ ਥੋੜੇ ਸਾਲਾਂ ਬਾਅਦ ਹੀ ਗਊਆਂ ਫੰਡਰ ਅਤੇ ਬਾਂਝ ਹੋ ਜਾਂਦੀਆਂ ਹਨ । ਆਰਥਿਕਤਾ ਦੀ ਹਨੇਰੀ ਵਿੱਚ ਕੋਈ ਵੀ ਖਰਚੇ ਖਾਣ ਵਾਲੇ ਪਸੂ ਨੂੰ ਘਰ ਨਹੀਂ ਰੱਖ ਸਕਦਾ । ਇਸ ਤਰਾਂ ਦੇ ਹਾਲਾਤਾਂ ਵਿੱਚ ਪਹੁੰਚੇ ਦੂਸਰੇ ਪਸੂ ਤਾਂ ਬੁਚੜ ਖਾਨਿਆਂ ਨੂੰ ਮਾਲ ਸਪਲਾਈ ਕਰਨ ਵਾਲੇ ਖਰੀਦ ਲੈਂਦੇ ਹਨ ਪਰ ਗਊਆਂ ਦੇ ਮਾਸ ਉਪਰ ਪਾਬੰਦੀ ਹੋਣ ਕਾਰਨ ਇੰਹਨਾਂ ਨੂੰ ਕੋਈ ਖਰੀਦਦਾਰ ਨਹੀਂ ਮਿਲਦਾ । ਇਸ ਤਰਾਂ ਬਾਂਝ ਅਤੇ ਫੰਡਰ ਗਊਆਂ ਅਤੇ ਢੱਠਿਆਂ ਦੀ ਇੱਕ ਵੱਡੀ ਫੌਜ ਸੜਕਾਂ ਅਤੇ ਖੇਤਾਂ ਵਿੱਚ ਮਾਰਚ ਪਾਸਟ ਕਰਦੀ ਰਹਿੰਦੀ ਹੈ। ਇਸ ਤਰਾਂ ਅਵਾਰਾ ਫਿਰਦੀਆਂ ਗਊਆਂ ਲਈ ਪੰਜਾਬ ਸਮੇਤ ਸਾਰੇ ਦੇਸ ਵਿੱਚ ਗਊ ਰੱਖਿਆ ਦੇ ਨਾਂ ਤੇ ਗਊਸਾਲਾਵਾਂ ਬਣਾਈਆਂ ਗਈਆਂ ਹਨ। ਸਮੇਂ ਦੀ ਤੇਜ ਰਫਤਾਰ ਵਿੱਚ ਜਿੰਦਗੀ ਦਾ ਹਰ ਪਹਿਲੂ ਪੈਸੇ ਦੀ ਘੁੰਮਣ ਘੇਰੀ ਵਿੱਚ ਫਸਦਾ ਜਾ ਰਿਹਾ ਹੈ ਅਤੇ ਇਸ ਤਰਾਂ ਦੇ ਕਾਰਨ ਹੀ ਗਊਸਾਲਾਵਾਂ ਨੂੰ ਵੀ ਪਰਭਾਵਿਤ ਕਰ ਰਹੇ ਹਨ। ਗਊ ਭਗਤ ਅਖਵਾਉਂਦੇ ਲੋਕ ਵੀ ਦੋਹਰਾ ਕਿਰਦਾਰ ਨਿਭਾ ਰਹੇ ਹਨ । ਕਈ ਕਾਰਨ ਹਨ ਜੋ ਵਰਤਮਾਨ ਵਿੱਚ ਗਊ ਰੱਖਿਆ ਵਾਲੇ ਉੱਤਰ ਤੇ ਸਵਾਲ ਖੜੇ ਕਰਦੇ ਹਨ। ਗਊ ਮਾਤਾ ਦਾ ਨਾਹਰਾ ਲਾਉਣ ਵਾਲੇ ਲੋਕ ਧਰਮ ਦੀ ਆੜ ਲੈਕੇ ਗਊਆਂ ਨੂੰ ਗਊਸਾਲਾਵਾ ਵਿੱਚ ਕੈਦ ਕਰਵਾ ਦਿੰਦੇ ਹਨ ਪਰ ਬਹੁਤੀਆਂ ਗਊਸਾਲਾਵਾ ਦੇ ਪਰਬੰਧਕ ਗਉਆਂ ਪ੍ਰਤੀ ਸਰਧਾ ਘੱਟ ਵਪਾਰ ਵੱਧ ਕਰਨ ਵਾਲੇ ਵੀ ਹੁੰਦੇ ਹਨ । ਆਮ ਸਰਧਾ ਵਾਨ ਲੋਕਾਂ ਦੀ ਸਰਧਾ ਦਾ ਫਾਇਦਾ ਉਠਾਕੇ ਉਹਨਾਂ ਨੂੰ ਲੁੱਟਣ ਵਾਲੇ ਚਲਾਕ ਲੋਕਾਂ ਨੇ ਤਾਂ ਗਊਸਾਲਾਵਾਂ ਖੋਲਣ ਦਾ ਧੰਦਾ ਹੀ ਤੋਰ ਰੱਖਿਆ ਹੈ। ਇਸ ਤਰਾਂ ਦੇ ਵਪਾਰੀ ਕਿਸਮ ਦੇ ਲੋਕਾਂ ਵਾਲੀਆਂ ਗਊਸਾਲਾਵਾਂ ਕੋਲ ਆਪਣੇ ਕੋਈ ਸਾਧਨ ਨਹੀਂ ਹੁੰਦੇ ਜਿਸ ਨਾਲ ਉਹ ਲੋਕ ਗਊਆਂ ਲਈ ਹਰੇ ਚਾਰੇ ਅਤੇ ਸੁੱਕੇ ਚਾਰੇ ਦਾ ਪਰਬੰਧ ਕਰ ਸਕਣ ਸਗੋਂ ਇਸ ਤਰਾਂ ਦੇ ਲੋਕਾਂ ਦਾ ਸਾਰਾ ਦਾਰੋਮਦਾਰ ਸਰਧਾਵਾਨ ਲੋਕਾਂ ਤੇ ਹੀ ਹੁੰਦਾਂ ਹੈ। ਜੇ ਲੋਕ ਕੁੱਝ ਦੇਈ ਜਾਣ ਤਦ ਗਊਆਂ ਨੂੰ ਕੁੱਝ ਖਾਣ ਨੂੰ  ਮਿਲ ਜਾਂਦਾਂ ਹੈ ਪਰ ਜਦ ਚਾਰੇ ਅਤੇ ਹੋਰ ਖਾਧ ਪਦਾਰਥਾਂ ਦੀ ਮਹਿੰਗਾਈ ਆਦਿ ਕਾਰਨ ਥੁੜ ਹੋ ਜਾਂਦੀ ਹੈ ਤਦ ਇੰਹਨਾਂ ਗਊਸਾਲਾਵਾਂ ਵਿੱਚ ਪਸੂ ਭੁੱਖ ਨਾਲ ਤੜਫਦੇ ਦੇਖੇ ਜਾਂਦੇ ਹਨ । ਬਹੁਤੀਆਂ ਗਊਆਂ ਦੀ ਹਾਲਤ ਅਤਿ ਮਾੜੀ ਹੁੰਦੀ ਹੈ। ਬਿਮਾਰ ਗਊਆਂ ਦਾ ਕੋਈ ਇਲਾਜ ਕਰਵਾਉਣ ਦਾ ਕੋਈ ਪਰਬੰਧ ਨਹੀਂ ਕੀਤਾ ਜਾਂਦਾਂ ਅਨੇਕਾਂ ਪਰਬਧਕ ਤਾਂ ਏਨੇ ਨੀਵੇਂ ਗਿਰ ਜਾਂਦੇ ਹਨ ਕਿ ਰਾਤਾਂ ਦੇ ਹਨੇਰਿਆਂ ਮੋਟੀ ਰਕਮ ਬਦਲੇ  ਵਿੱਚ ਗਊਆਂ ਦੇ ਟਰੱਕ ਭਰਕੇ ਬੁੱਚੜਾਂ ਦੇ ਹਵਾਲੇ ਵੀ ਕਰ ਦਿੰਦੇ ਹਨ । ਪਿੱਛਲੇ ਸਾਲਾਂ ਦੌਰਾਨ ਕਈ ਗਊਸਾਲਾਵਾਂ ਵਿੱਚ ਘਟੀਆ ਇਮਾਰਤਾਂ ਅਤੇ ਘਟੀਆ ਲੰਗਰਾਂ ਦੇ ਖਰਾਬ ਖਾਣਾਂ ਦੇਣ ਕਾਰਨ ਅਨੇਕਾਂ ਗਊਆਂ ਮਰਨ ਦੀਆਂ ਦੁਰਘਟਨਾਵਾਂ ਹੋਈਆਂ ਹਨ । ਬਰਨਾਲਾ ਜਿਲੇ ਵਿੱਚ ਇੱਕ ਗਊਸਾਲਾ ਦੇ ਪਰਬੰਧਕਾਂ ਦੀ ਅਣਦੇਖੀ ਕਾਰਨ ਇਮਾਰਤ ਗਿਰਨ ਨਾਲ 80 ਦੇ ਕਰੀਬ ਗਊਆਂ ਮਾਰੀਆਂ ਗਈਆਂ ਸਨ ਪਰ ਸਰਕਾਰ ਵੱਲੋਂ ਅਤੇ ਗਊ ਭਗਤ ਸੰਗਠਨਾਂ ਵੱਲੋਂ ਕੋਈ ਕਾਰਵਾਈ ਪਰਬੰਧਕਾਂ ਖਿਲਾਫ ਨਹੀਂ ਕੀਤੀ ਗਈ ਸਗੋਂ ਧਾਰਮਿਕ ਸਮਾਗਮ ਕਰਕੇ ਲੱਖਾਂ ਤੋਂ ਕਰੋੜ ਤੱਕ ਰੁਪਇਆਂ ਉਹਨਾਂ ਨੂੰ ਹੋਰ ਦੇ ਦਿੱਤਾ ਗਿਆਂ । ਇਸ ਤਰਾਂ ਹੀ ਗਊਆਂ ਨੂੰ ਭੁਖਿਆਂ ਰੱਖਕੇ ਅਤੇ ਕੈਦ ਵੀ ਰੱਖਕੇ ਗਊਆਂ ਮਾਰਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ । ਜਾਨਵਰਾਂ ਪ੍ਰਤੀ ਜਾਲਮਤਾ ਦੀ ਹੱਦ ਪਾਰ ਕਰ ਜਾਣ ਵਾਲੇ ਕਾਨੂੰਨਾਂ ਦਾ ਵੀ ਇਹਨਾਂ ਪਰਬੰਧਕਾਂ ਤੇ ਕਦੇ ਵਰਤੋਂ ਨਹੀਂ ਕੀਤੀ ਜਾਂਦੀ । ਪੰਜਾਬ ਦੇ ਅਨੇਕਾਂ  ਪਿੰਡਾਂ ਵਿੱਚ ਤਾਂ ਹੱਡਾਂਰੋੜੀਆਂ ਦਾ ਬਹੁਤਾ ਕਾਰੋਬਾਰ ਹੀ ਗਊਸਾਲਾਵਾਂ ਵਿੱਚ ਮਰਨ ਵਾਲੀਆਂ ਗਊਆਂ ਨਾਲ ਹੀ ਚੱਲਦਾ ਹੈ।
                      ਦੂਸਰੇ ਪਾਸੇ ਅਵਾਰਾ ਫਿਰਦੀਆਂ ਗਊਆਂ ਤੋਂ ਕਿਸਾਨਾਂ ਦਾ ਸਭ ਤੋਂ ਵੱਧ ਨੁਕਸਾਨ ਹੁੰਦਾਂ ਹੈ ਜਿੰਹਨਾਂ ਦੇ ਖੇਤਾਂ ਦੇ ਖੇਤ ਉਜਾੜ ਦਿੱਤੇ ਜਾਂਦੇ ਹਨ। ਅਨੇਕਾਂ ਸੜਕੀ ਹਾਦਸੇ ਇੰਹਨਾਂ ਅਵਾਰਾ ਪਸੂਆਂ ਕਾਰਨ ਵਾਪਰਦੇ ਹਨ। ਪੰਜਾਬ ਦੇ ਵਿੱਚ ਖੇਤੀ ਬਹੁਤੀ ਖਰਚੀਲੀ ਅਤੇ ਬਹੁਤੀ ਸੰਘਣੀ ਹੋ ਚੁੱਕੀ ਹੈ ਜਿਸ ਕਾਰਨ ਪਸੂਆਂ ਦੇ ਚਰਨ ਅਤੇ ਘੁੰਮਣ ਲਈ ਕੋਈ ਥਾਂ ਹੀ ਨਹੀਂ। ਮਹਿੰਗਾਈ ਹੋਣ ਕਾਰਨ ਹੁਣ ਕਿਸਾਨਾਂ ਸਮੇਤ ਬਹੁਤੇ ਲੋਕ ਦਾਨ ਤੋਂ ਵੀ ਪਾਸਾ ਵੱਟਣ ਲਈ ਮਜਬੂਰ ਹਨ । ਇਹੋ ਜਿਹੇ ਹਾਲਤਾਂ ਦੇ ਵਿੱਚ ਪਸੂਆਂ ਨੂੰ ਘਰਾਂ ਵਿੱਚ ਨਾਂ ਰੱਖਣ ਵਾਲੇ ਵਰਗ ਵੱਲੋਂ ਵਾਵੇਲੇ ਖੜੇ ਕੀਤੇ ਜਾਂਦੇ ਹਨ ਜਦ ਵੀ ਕਦੀ ਇੰਹਨਾਂ ਦੇ ਭਰੇ ਟਰੱਕ ਆਦਿ ਬਾਹਰਲੇ ਸੂਬਿਆਂ ਨੂੰ ਭੇਜੇ ਜਾਂਦੇ ਹਨ। ਇਸ ਵਰਗ ਨੂੰ ਰੌਲਾਂ ਪਾਉਣ ਦੀ ਬਜਾਇ ਆਪ ਗਊਆਂ ਦੀ ਸੇਵਾ ਲਈ ਅੱਗੇ ਆਉਣਾਂ ਚਾਹੀਦਾ ਹੈ ਅਤੇ ਗਊਆਂ ਰੱਖਣ ਦਾ ਆਪਣੇ ਘਰਾਂ ਵਿੱਚ ਪਰਬੰਧ ਕਰਨਾਂ ਚਾਹੀਦਾ ਹੈ। ਸਰਕਾਰਾਂ ਵੱਲੌਂ ਵੀ ਇਹੋ ਜਿਹੇ  ਮੌਕਿਆਂ ਤੇ ਰੌਲਾ ਪਾਊ ਸਰਧਾਵਾਨ ਭਗਤਾਂ ਨੂੰ ਕੁੱਝ ਗਊਆਂ ਸੇਵਾ ਕਰਨ ਲਈ ਰੱਖਣ ਵਾਸਤੇ ਮਜਬੂਰ ਕਰਨਾਂ ਚਾਹੀਦਾ ਹੈ। ਗਊਆਂ ਦੀ ਸੇਵਾ ਨੂੰ ਗਊ ਸਾਲਾਵਾਂ ਦੀ ਥਾਂ ਸਰਧਾਵਾਨ ਲੋਕਾਂ ਦੇ ਘਰਾਂ ਵਿੱਚ ਰੱਖਣ ਦੀ ਨੀਤੀ ਬਹੁਤ ਹੀ ਲਾਹੇਵੰਦ ਅਤੇ ਸਹੀ ਸਾਬਤ ਹੁੰਦੀ ਹੈ। ਆਰਥਿਕ ਤੌਰ ਤੇ ਤਬਾਹ ਹੋ ਚੁੱਕੇ ਕਿਸਾਨ ਦੇ ਜਬਰੀ ਉਜਾੜੇ ਕਰਵਾਉਣ ਦੀ ਨੀਤੀ ਨੂੰ ਠੱਲ ਪੈਣੀ ਚਾਹੀਦੀ ਹੇ। ਦੂਸਰਾ ਤਰੀਕਾਂ ਗਊਆਂ ਨੂੰ ਕੈਦ ਕਰਕੇ ਭੁੱਖੇ ਮਾਰਨ ਦੀ ਥਾਂ ਉਤਰਾਖੰਡ ਅਤੇ ਮੱਧ ਪਰਦੇਸ ਜਿਹੇ ਸੂਬਿਆਂ ਦੇ ਜੰਗਲੀ ਇਲਾਕਿਆਂ ਵਿੱਚ ਅਜਾਦ ਛੱਡਣ ਦਾ ਪਰਬੰਧ ਕਰਨਾਂ ਚਾਹੀਦਾ ਹੈ ਜਿਸ ਨਾਲ ਗਊਆਂ ਰੱਜ ਕੇ ਹਰੇ ਚਾਰੇ ਨਾਲ ਪੇਟ ਤਾਂ ਭਰ ਸਕਣਗੀਆਂ। ਵਰਤਮਾਨ ਸਮੇਂ ਵਿੱਚ ਪੰਜਾਬ ਦੇ ਆਮ ਲੋਕ ਅਤੇ ਡਾਇਰੀ ਫਾਰਮਾਂ ਵਾਲੇ ਗਾਂ ਰੱਖਣ ਤੋਂ ਤੋਬਾ ਹੀ ਕਰਦੇ ਹਨ ਬਹੁਤੀਆਂ ਗਊਆਂ ਜਬਰੀ ਹੀ ਪੰਜਾਬ ਵਿੱਚ ਰੱਖੀਆਂ ਹੋਈਆਂ ਹਨ ।ਇਸ ਤਰਾਂ ਦਾ ਗਊਆਂ ਤੇ ਜੁਲਮ ਵੀ ਬੰਦ ਹੋਣਾਂ ਚਾਹੀਦਾ ਹੈ। ਗਊਸਾਲਾਵਾਂ ਦੇ ਪਰਬੰਧਕਾਂ ਵੱਲੋਂ ਸੁਕਾ ਚਾਰਾ ਵੇਚਣ ਦੀ ਨੀਤੀ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਸੁਰੂਆਤ ਵਿੱਚ ਪੈਸੇ ਵੱਟਣ ਲਈ ਜਿਆਦਾ ਸੁੱਕਾਚਾਰਾ ਕਹਿਕੇ ਵੇਚ ਦਿੰਦੇ ਹਨ  ਅਤੇ ਪੈਸੇ ਨੂੰ ਨਿੱਜੀ ਲੋੜਾਂ ਲਈ ਵਰਤ ਲੈਂਦੇ ਹਨ ਪਰ ਸਾਲ ਦੇ ਪਿੱਛਲੇ ਮਹੀਨਿਆਂ ਵਿੱਚ ਪਸੂਆਂ ਨੂੰ ਭੁੱਖਾ ਮਰਨ ਲਈ ਮਜਬੂਰ ਕਰ ਦਿੰਦੇ ਹਨ । ਸਰਕਾਰਾਂ ਅਤੇ ਧਾਰਮਿਕ ਸੰਗਠਨਾਂ ਨੂੰ ਗਲਤ ਤਰੀਕੇ ਵਰਤਣ ਵਾਲੇ ਗਊਸਾਲਾ ਪਰਬੰਧਕਾਂ ਤੇ ਕਾਰਵਾਈ ਕਰਨ ਦੇ ਵੀ ਨਿਯਮ ਬਣਾਉਣੇ ਚਾਹੀਦੇ ਹਨ ।
               ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ