ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਆਸੂਤੋਸ ; ਸਮਾਧੀ ਤੋਂ ਹੱਤਿਆ ਤੱਕ


ਗੁਰਚਰਨ ਪੱਖੋਕਲਾਂ ਫੋਨ 9417727245

ਸਮਾਜ ਦੇ ਅਲੰਬਰਦਾਰ ਅਖਵਾਉਂਦੇ ਲੋਕ ਹਮੇਸਾਂ ਦੇਸ ਵਿੱਚ ਕਾਨੂੰਨ ਅਤੇ ਸਰਕਾਰਾਂ ਦੇ ਰਾਜ ਦੀਆਂ ਦੁਹਾਈਆਂ ਪਾਉਂਦੇ ਹਨ ਅਤੇ ਕਾਨੂੰਨ ਅਤੇ ਸਰਕਾਰਾਂ ਸਭ ਲਈ ਇੱਕ ਸਮਾਨ ਹੋਣ ਦਾ ਵੀ ਦਮ ਭਰਦੇ ਹਨ । ਅਸਲੀਅਤ ਸਿਰਫ ਇਹ ਹੈ ਨਹੀਂ ਕਿਉਂਕਿ ਕਾਨੂੰਨ ਤਕੜਿਆਂ ਦੇ ਪੈਰਾਂ ਵਿੱਚ ਹੁੰਦਾਂ ਹੈ ਅਤੇ ਮਾੜਿਆਂ ਦੇ ਸਿਰ ਤੇ ਖੜਾ ਰਹਿੰਦਾਂ ਹੈ । ਸਰਕਾਰਾਂ ਵੀ ਮਾੜਿਆਂ ਨੂੰ ਲੁੱਟਕੇ ਅਮੀਰਾਂ ਦੀਆਂ ਜੇਬਾਂ ਭਰਦੀਆਂ ਹਨ । ਸਰਕਾਰਾਂ ਦੇ ਮਾਲਕ ਨੇਤਾ ਲੋਕ ਤਾਂ ਏਨੇ ਕਮਜੋਰ ਹਨ ਜੋ ਸਰਕਾਰ ਬਣਾਉਣ ਵਾਲੇ ਵੋਟਾਂ ਦੇ ਮਾਲਕ ਪਖੰਡੀ ਧਾਰਮਿਕ ਲੋਕਾਂ ਦੀ ਗੁਲਾਮੀ ਹੀ ਨਹੀਂ ਤੋੜ ਸਕਦੇ । ਕੁਰਸੀ ਨੂੰ ਹਾਸਲ ਕਰਨ ਲਈ ਪੈਸੇ ਤੇ ਟੇਕ ਰੱਖਣ ਵਾਲੇ ਨੇਤਾ ਲੋਕ ਅਮੀਰਾਂ ਅੱਗੇ ਸਰਕਾਰਾਂ ਦੀ ਤਾਕਤ ਨਿਛਾਵਰ ਕਰ ਦਿੰਦੇ ਹਨ। ਹਿੰਦੋਸਤਾਨ ਦੇ ਰਾਜਨੀਤਕ ਕਹਿਣ ਨੂੰ ਤਾਂ ਭਾਵੇਂ ਸਰਕਾਰ ਦੇ ਮਾਲਕ ਹਨ ਪਰ ਅਸਲ ਵਿੱਚ ਪਰਦੇ ਪਿੱਛੇ ਇਹ ਲੋਕ ਠੱਗ ਕਿਸਮ ਦੇ ਧਾਰਮਿਕ ਲੋਕਾਂ ਅਤੇ ਅਮੀਰਾਂ ਦੇ ਮੋਹਰੇ ਹੀ ਸਾਬਤ ਹੁੰਦੇ ਹਨ। ਇਸ ਵਰਤਾਰੇ ਨੂੰ ਸਮਝਣ ਲਈ ਪਿੱਛਲੇ ਥੋੜੇ ਸਮੇਂ ਤੇ ਹੀ ਝਾਤ ਮਾਰਿਆਂ ਦਿਖਾਈ ਦੇ ਜਾਂਦਾ ਹੈ ਕਿ ਕਿਸ ਤਰਾਂ ਰਾਜਨੀਤਕ ਲੋਕ ਗੁਲਾਮਾਂ ਵਾਂਗ ਕਾਨੂੰਨ ਨੂੰ ਵੋਟਾਂ ਦੇ ਮਾਲਕ ਲੋਕਾਂ ਅੱਗੇ ਵੇਚ ਧਰਦੇ ਹਨ। ਸਮੁੱਚੇ ਦੇਸ ਵਿੱਚ ਬਹੁਤ ਸਾਰੇ ਚਲਾਕ ਲੋਕਾਂ ਨੇ ਧਰਮ ਦਾ ਚੋਗਾ ਪਹਿਨ ਕੇ ਆਮ ਲੋਕਾਂ ਨੂੰ ਲੱਖਾਂ ਤੋਂ ਕਰੋੜਾਂ ਦੀ ਗਿਣਤੀ ਵਿੱਚ ਆਪਣੇ ਭਰਮ ਜਾਲ ਵਿੱਚ ਫਸਾਇਆ ਹੋਇਆ ਹੈ। ਲੋਕਾਂ ਦੇ ਜੰਗਲ ਵਿੱਚ ਲੁਕਕੇ ਇਸ ਤਰਾਂ ਦੇ ਝੂਠੇ ਪਖੰਡੀ ਲੋਕ ਅੱਯਾਸੀਆਂ ਅਤੇ ਮਾਇਆ ਦੇ ਮੰਦਰ ਖੜੇ ਰਹੇ ਹਨ । ਰਾਜਨੀਤਕ ਲੋਕ ਇੰਹਨਾਂ ਤੋਂ ਵੋਟਾਂ ਦਾ ਪਰਸਾਦ ਲੈਕੇ ਕਾਨੂੰਨ ਦਾ ਗਲ ਘੋਟਣ ਦਾ ਕੰਮ ਕਰਦੇ ਹਨ ।
                                ਵਰਤਮਾਨ ਸਮੇਂ ਵਿੱਚ ਨੂਰਮਹਿਲ ਦੇ ਇਕ ਧਾਰਮਿਕ ਆਸਰਮ ਦੇ ਕਾਬਜ ਲੋਕ ਸਰਕਾਰਾਂ ਅਤੇ ਕਾਨੂੰਨ ਨੂੰ ਰਾਜਨੀਤਕਾਂ ਦੀ ਚੁੱਪ ਕਾਰਨ ਧੋਖਾ ਦੇ ਰਹੇ ਹਨ। ਇੱਥੋਂ ਦੇ ਸੰਚਾਲਕ ਆਸੂਤੋਸ ਨੂੰ ਸਮਾਧੀ ਵਿੱਚ ਪਰਚਾਰਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਸ ਆਸੂਤੋਸ ਨਾਂ ਦੇ ਵਿਅਕਤੀ ਨੂੰ ਜੀਰੋ ਡਿਗਰੀ ਤਾਪਮਾਨ ਵਾਲੇ ਕਮਰੇ ਵਿੱਚ ਰੱਖ ਦਿੱਤਾ ਗਿਆ ਹੈ । ਜੀਰੋ ਡਿਗਰੀ ਵਾਲੇ ਕਮਰੇ ਵਿੱਚ ਵਿਅਕਤੀ ਕੁੱਝ ਘੰਟੇ ਹੀ ਜਿਉਂਦਾਂ ਰਹਿ ਸਕਦਾ ਹੈ। ਅਸਲ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੀ ਹੋਵੇਗੀ ਇਸ ਤਰਾਂ ਦੇ ਕਮਰੇ ਵਿੱਚ । ਸਮਾਧੀ ਵਿੱਚ ਗਿਆ ਵਿਅਕਤੀ ਦੇ ਸਰੀਰ ਦਾ ਤਾਪਮਾਨ ਕਦੇ ਵੀ 37 ਡਿਗਰੀ ਸੈਟੀਂਗਰੇਡ ਤੋਂ ਘੱਟਦਾ ਨਹੀਂ ਹੁੰਦਾਂ ਅਤੇ ਨਾਂ ਹੀ ਸਮਾਧੀ ਵਿੱਚ ਗਿਆ ਵਿਅਕਤੀ ਕਦੇ ਸਾਹ ਲੈਣਾਂ ਬੰਦ ਕਰਦਾ ਹੈ। ਸਰਕਾਰ ਤੋਂ ਅਤੇ ਕਾਨੂੰਨ ਤੋਂ ਵੱਡੇ ਬਣੇ ਇਸ ਆਸਰਮ ਦੇ ਵਰਤਮਾਨ ਪਰਬੰਧਕ ਜਿਸ ਤਰਾਂ ਮਨਮਰਜੀ ਕਰ ਰਹੇ ਹਨ ਅਤੇ ਰਾਜਨੀਤਕ ਆਗੂ ਲੋਕ ਕੋਈ ਫੈਸਲਾ ਲੈਣ ਤੋਂ ਕੰਨੀ ਕਤਰਾ ਰਹੇ ਹਨ । ਵਰਤਮਾਨ ਸਮਿਆ ਵਿੱਚ ਸਮਾਧੀਆਂ ਦੇ ਨਾਂ ਤੇ ਹੱਤਿਆ ਵਰਗੀਆਂ ਕਾਰਵਾਈਆਂ ਦੀ ਜਾਂਚ ਹੋਣੀ ਚਾਹੀਦੀ ਹੈ। ਹਾਈਕੋਰਟ ਦੇ ਹੁਕਮ ਦੇ ਬਾਵਜੂਦ ਆਸੂਤੋਸ ਨੂੰ ਜਾਂ ਉਸਦੀ ਲਾਸ ਨੂੰ ਪੁਲੀਸ ਦੁਆਰਾ ਅਦਾਲਤ ਵਿੱਚ ਨਾਂ ਪੇਸ ਕਰਨਾਂ ਅਤੇ ਜੇ ਉਸਦੀ ਮੌਤ ਹੋ ਚੁੱਕੀ ਹੈ ਤਦ ਉਸਦੀ ਪੋਸਟਮਾਰਟਮ ਰਿਪੋਰਟ ਜਮਾਂ ਨਾਂ ਕਰਵਾਉਣਾਂ ਕੋਈ ਨਿਆ ਸੰਗਤ ਕਾਰਵਾਈ ਨਹੀਂ । ਸਮਾਧੀ  ਜਾਂ ਲਾਸ ਨੂੰ ਫਰੀਜਰ ਵਿੱਚ ਰੱਖਣ ਦੇ ਬਹਾਨੇ ਸੰਭਾਵਤ ਹੱਤਿਆ ਨੂੰ ਲੁਕਾਉਣ ਲਈ ਲਾਸ ਨੂੰ ਖਰਾਬ ਕਰਕੇ ਹੱਤਿਆ ਜਾਂ ਮੌਤ ਦੇ ਅਸਲੀ ਕਾਰਨ ਲੁਕਾਉਣ ਦੇ ਯਤਨ ਅਤਿ ਮੰਦਭਾਗੇ ਹਨ। ਪਰਬੰਧਕਾਂ ਤੇ ਕਿਸੇ ਵਿਅਕਤੀ ਨੂੰ ਫਰੀਜ ਕਰ ਦੇਣਾਂ ਹੱਤਿਆ ਦਾ ਕੇਸ ਹੈ ਕਿਉਂਕਿ ਉਹ ਲੋਕ ਹੀ ਸਮਾਧੀ ਵਿੱਚ ਹੋਣ ਦੇ ਦਾਅਵੇ ਜੋ ਕਰ ਰਹੇ ਹਨ  ਸਮਾਧੀ ਦਾ ਭਾਵ ਵਿਅਕਤੀ ਦ ਜਿਉਂਦਾਂ ਹੋਣਾਂ ਹੁੰਦਾਂ ਹੈ । ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਗੂ ਲੋਕ ਕਮਜੋਰੀ ਦਿਖਾਕੇ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਤੋਂ ਅਸਮਰਥ ਕਿਉਂ ਹਨ। ਇੱਕ ਲਾਸ ਦਾ ਅੰਤਿਮ ਸੰਸਕਾਰ ਕਰਨ ਦੀ ਥਾਂ ਉਸਦਾ ਸੋਸਣ ਕਰਨ ਵਾਲਿਆਂ ਤੇ ਕਾਰਵਾਈ ਹੋਣੀ ਹੀ ਚਾਹੀਦੀ ਹੈ। ਅੱਗੇ ਤੋਂ ਵੀ ਧਾਰਮਿਕਤਾ ਦੇ ਚੋਗੇ ਵਿੱਚ ਗੈਰਕਾਨੂੰਨੀ ਕਾਰਵਾਈਆਂ ਨੂੰ ਉਤਸਾਹ ਦੇਣ ਦੀ ਕਾਰਵਾਈ ਤੇ ਰੋਕ ਲੱਗਣੀ ਚਾਹੀਦੀ ਹੈ। ਆਸੂਤੋਸ ਦੀ ਲਾਸ ਦਾ ਪੋਸਟਮਾਰਟਮ ਕਰਵਾਇਆ ਜਾਣਾਂ ਚਾਹੀਦਾ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣਾਂ ਚਾਹੀਦਾ ਹੈ । ਇਸ ਆਸਰਮ ਦੇ ਵਰਤਮਾਨ ਪਰਬੰਧਕਾਂ ਤੇ ਲੋਕਾਂ ਅਤੇ ਕਾਨੂੰਨ ਨੂਂ ਗੁੰਮਰਾਹ ਕਰਨ ਦਾ ਕੇਸ ਦਰਜ ਹੋਣਾਂ ਚਾਹੀਦਾ ਹੈ । ਸਮਾਧੀ ਵਾਲੇ ਦਾਅਵੇ ਦੇ ਕਾਰਨ ਹੱਤਿਆ ਦਾ ਕੇਸ ਵੀ ਦਰਜ ਕੀਤਾ ਜਾਣਾਂ ਚਾਹੀਦਾ ਹੈ ਕਿਉਂਕਿ ਸਮਾਧੀ ਵਾਲੇ ਵਿਅਕਤੀ ਨੂੰ ਫਰੀਜ ਕਰਕੇ ਰੱਖਣਾਂ ਮਾਰਨਾਂ ਹੀ ਹੁੰਦਾ ਹੈ।
                 ਕਾਨੂੰਨ ਦੇ ਰਾਜ ਨੂੰ ਬਣਾਈ ਰੱਖਣ ਲਈ ਸਰਕਾਰਾਂ ਵਿੱਚ ਬੈਠੇ ਰਾਜਨੇਤਾਵਾਂ ਨੂੰ ਸੱਚ ਤੋਂ ਭੱਜਣ ਦੀ ਬਜਾਇ ਸਾਹਮਣਾਂ ਕਰਨਾਂ ਚਾਹੀਦਾ ਹੈ। ਪੁਲੀਸ ਨੂੰ ਇਸ ਤਰਾਂ ਦੇ ਹਰ ਧਾਰਮਿਕਤਾ ਦੀ ਆੜ ਵਿੱਚ ਕੀਤੇ ਜਾਣ ਵਾਲੇ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਪੂਰੀ ਅਜਾਦੀ ਦਿੱਤੀ ਜਾਣੀ ਚਾਹੀਦੀ ਹੈ। ਇਸ ਤਰਾਂ ਦੀਆਂ ਕਈ ਕਾਰਵਾਈਆਂ ਪਹਿਲਾਂ ਵੀ ਅਨੇਕਾਂ ਕਾਰਵਾਈਆਂ ਅਨੇਕਾਂ ਝੂਠੇ ਧਰਮੀ ਆਗੂ ਕਰ ਚੁੱਕੇ ਹਨ ਜਿੰਹਨਾਂ ਵਿੱਚ ਨੇਕਾਂ ਕਤਲ ਵੀ ਸਾਮਲ ਹਨ ਕਿਸੇ ਡੇਰੇਦਾਰ ਦਾ ਖਜਾਨਚੀ ਗੁੰਮ ਹੋ ਜਾਂਦਾਂ ਹੈ ਕਿਸੇ ਦਾ ਸੇਵਾਦਾਰ ਗੁੰਮ ਹੋ ਜਾਂਦਾਂ ਹੈ ਕਈਆਂ ਦੀਆਂ ਸੇਵਾਦਾਰਨੀਆਂ ਵੀ ਗੁੰਮ ਹੋਈਆਂ ਹਨ। ਸਭਿਅਕ ਸਮਾਜ ਵਿੱਚ ਧਰਮ ਦੀ ਆੜ ਵਿੱਚ ਗੁਨਾਹ ਕਰਨ ਦੀ ਖੁੱਲ ਕਦਾਚਿੱਤ ਨਹੀਂ ਦਿੱਤੀ ਜਾਣੀ ਚਾਹੀਦੀ । ਆਸੂਤੋਸ ਵਾਲੇ ਕੇਸ ਵਿੱਚ ਸਰਕਾਰਾਂ ਨੂੰ ਨਿਰਪੱਖ ਅਤੇ ਕਾਨੂੰਨੀ ਕਾਰਵਾਈ ਕਰਕੇ ਦੋਸੀਆਂ ਨੂੰ ਗਿ੍ਰਫਤਾਰ ਕਰਨਾਂ ਚਾਹੀਦਾ ਹੈ ਅਤੇ ਇਸ ਨਾਲ ਚਗਾਂ ਸੰਦੇਸ ਵੀ ਜਾਵੇਗਾ ।  ਗੁਨਾਹ ਕਰਨ ਵਾਲੇ ਅਤੇ ਅੰਧਵਿਸਵਾਸ ਫੈਲਾਉਣ ਵਾਲੇ ਝੂਠੇ ਧਾਰਮਿਕ ਆਗੂ ਵੀ ਕੁਝ ਕਾਨੂੰਨ ਦਾ ਡਰ ਮਹਿਸੂਸ ਕਰਨਗੇ ।