ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਦੋਂ ਅਸੀਂ ਉਡਦੇ ਜਹਾਜ ਤੋਂ ਛਾਲ ਮਾਰੀ!!


    ਪਿਛਲੇ ਦਿਨੀ ਨਾਂ ਚਾਹੁੰਦੇ ਹੋਏ ਵੀ ਇਕ ਨਵਾਂ ਤਜਰਬਾ ਹੋਇਆ ਜਦੋਂ ਮੈਨੂੰ ਬਚਿਆਂ ਨਾਲ ਦੋ ਮੀਲ ਉੱਚੇ ਯਾਨੀ (10,000) ਫੁੱਟ ਉੱਚੇ ਉਡਦੇ ਜਹਾਜ ਵਿੱਚੋਂ ਛਾਲ ਮਾਰਨੀ ਪਈ । ਹੋਇਆ ਇੰਝ ਕਿ ਛੁੱਟੀਆਂ ਕਾਰਣ ਮੇਰੇ ਕੁਝ ਦੂਰੋਂ ਆਏ ਰਿਸ਼ਤੇਦਾਰ ਬੱਚਿਆਂ ਨੇ ਮੇਰੇ ਬੱਚਿਆਂ ਨਾਲ ਰਲਕੇ ਸਕਾਈ ਡਾਈਵਿੰਗ ਦੀਆਂ ਟਿਕਟਾਂ ਖਰੀਦ ਲਈਆਂ । ਮੈਨੂੰ ਸਕਾਈ ਡਾਈਵਿੰਗ ਦਾ ਕੋਈ ਤਜ਼ਰਬਾ ਜਾਂ ਸ਼ੌਕ ਤੇ ਨਹੀਂ ਸੀ ਪਰ ਬਚਿਆਂ ਦੇ ਕਹਿਣ ਤੇ ਉਹਨਾਂ ਨਾਲ ਇਸ ਜੋਖਮ ਭਰੀ ਖੇਡ ਵਿੱਚ ਇਹ ਸੋਚਕੇ ਸ਼ਾਮਿਲ ਹੋ ਗਿਆ ਕਿ ਬੱਚੇ ਸੋਚਣਗੇ ਕਿ ਡੈਡੀ ਸਿਰਫ ਕਲਮਾਂ ਦੀਆਂ ਛਾਲਾਂ ਹੀ ਮਰਵਾ ਸਕਦਾ ਖੁਦ ਛਾਲ ਮਾਰਨ ਤੋਂ ਡਰਦਾ । ਹੋ ਸਕਦਾ ਕਿ ਮੇਰੇ ਮਨਾਂ ਕਰਨ ਤੇ ਬੱਚੇ ਮੈਨੂੰ ਡਰਪੋਕ ਸਮਝਣਗੇ ਅਤੇ ਬਾਕੀ ਜਿੰਦਗੀ ਮਖੋਲ ਕਰਦੇ ਰਹਿਣਗੇ।
    ਮੁਕਰਰ ਹੋਏ ਦਿਨ ਅਸੀਂ ਕੈਲੇਫੋਰਨੀਆਂ ਦੇ ਗਿਲ-ਰੋਏ ਸ਼ਹਿਰ ਨਜ਼ਦੀਕ ਹੌਲਿਸਟਰ ਨਾਂ ਦੇ ਇਕ ਪਿੰਡ ਵਿੱਚ ਸਬੰਧਤ ਸਥਾਨ ਤੇ ਪੁੱਜ ਗਏ । ਸਾਡੇ ਵਰਗੇ ਹੋਰ ਵੀ ਉਥੇ ਲਾਈਨ ਵਿੱਚ ਲੱਗੇ ਫਾਰਮ ਭਰ ਰਹੇ ਲੋਕ ਦੇਖਕੇ ਕੁਝ ਹੌਸਲਾ ਹੋਇਆ ਕਿ ਅਜਿਹੀ ਖਤਰਨਾਕ ਖੇਡ ਵਾਲੇ ਅਸੀਂ ਇਕੱਲੇ ਹੀ ਨਹੀਂ ਹਾਂ । ਆਪਣੀ ਵਾਰੀ ਆਣ ਤੇ ਪਰਬੰਧਕਾਂ ਵੱਡੇ ਵੱਡੇ ਫਾਰਮ ਭਰਕੇ ਸਾਈਨ ਕਰਨ ਲਈ ਆਖਿਆ ਜਿਨਾਂ ਤੇ ਸਪਸ਼ਟ ਲਿਖਿਆ ਸੀ ਕਿ ਇਹ ਜੌਖਮ ਵਾਲੀ ਖੇਡ ਹੈ ਜਿਸ ਵਿੱਚ ਕੇਵਲ ਸੱਟ ਫੇਟ ਹੀ ਨਹੀਂ ਜਾਨ ਵੀ ਜਾ ਸਕਦੀ ਹੈ ਸੋ ਮੈ ਆਪਣੀ ਮਰਜੀ ਨਾਲ ਇਸ ਖੇਡ ਵਿੱਚ ਹਿੱਸਾ ਲੈ ਰਿਹਾ ਹਾਂ। ਫਾਰਮਾਂ ਵਿੱਚ ਸ਼ਰੀਰ ਦੀਆਂ ਸਭ ਬਿਮਾਰੀਆਂ ਵਾਰੇ ਜਾਣਕਾਰੀ ਮੰਗੀ ਗਈ ਸੀ ਤਾਂ ਕਿ ਇਸ ਖੇਡ ਦੇ ਨਿਯਮਾਂ ਅਨੁਸਾਰ ਯੋਗ ਅਤੇ ਰਿਸ਼ਟ-ਪੁਸ਼ਟ ਨੂੰ ਹੀ ਇਜਾਜਤ ਦਿੱਤੀ ਜਾ ਸਕੇ ਅਤੇ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
    ਵੇਟਿੰਗ ਰੂਮ ਵਿੱਚ ਲੱਗੀ ਹੋਈ ਵੱਡੀ ਸਕਰੀਨ ਤੇ ਬਾਕੀ ਲੋਕ ਛਾਲਾਂ ਮਾਰਦੇ ਦਿਖਾਏ ਜਾ ਰਹੇ ਸਨ । ਉਹਨਾਂ ਨੂੰ ਛਾਲਾਂ ਮਾਰਦੇ ਦੇਖ ਘੁਮੇਰ ਜਿਹੀ ਆ ਰਹੀ ਸੀ । ਲੋਕ ਜਦੋਂ ਛਾਲ ਮਾਰਦੇ ਸਨ ਤਾਂ ਕੁਝ ਸਮਾਂ ਬਹੁਤ ਹੀ ਤੇਜੀ ਨਾਲ ਧਰਤੀ ਦੀ ਖਿੱਚ ਕਾਰਣ ਜਮੀਨ ਵਲ ਨੂੰ ਡਿਗਦੇ ਸਨ ਫਿਰ ਉਹ ਕੁਝ ਕੁ ਕਲਾ-ਬਾਜੀਆਂ/ਲੋਟ-ਪੋਟਣੀਆਂ ਖਾਣ ਉਪਰੰਤ ਧਰਤੀ ਵਲ ਨੂੰ ਮੂੰਹ ਕਰਕੇ ਬਾਹਾਂ ਫੈਲਾ ਲੈਂਦੇ ਸਨ । ਫਿਰ ਅਚਾਨਕ ਕੁਝ ਹੋਰ ਉਸੇ ਤਰਾਂ ਗਿਰ ਰਹੇ ਲੋਕ ਆਕੇ ੳੇਹਨਾਂ ਦੇ ਹੱਥ ਫੜ ਲੈਂਦੇ ਜਿਸ ਨਾਲ ਉਹ ਫੁੱਲ ਜਿਹਾ ਬਣਕੇ ਧਰਤੀ ਵਲ ਬੜੀ ਤੇਜੀ ਨਾਲ ਆ ਰਹੇ ਅਤੇ ਖੇਡਾਂ ਜਹੀਆਂ ਖੇਡ ਰਹੇ ਬੜੇ ਸੋਹਣੇ ਲੱਗ ਰਹੇ ਸਨ । ਕੁਝ ਚਿਰ ਬਾਅਦ ਉਹ ਇਕ ਦੂਜੇ ਦੇ ਹੱਥ ਛੱਡ ਦਿੰਦੇ ਅਤੇ  ਉਹਨਾ ਦੇ ਪੈਰਾਛੂਟ ਖੁਲਣੇ ਸ਼ੁਰੂ ਹੋ ਜਾਂਦੇ । ਫਿਰ ਉਹ ਬੜੇ ਅਰਾਮ ਨਾਲ ਪੰਛੀਆਂ ਵਾਂਗ ਹੇਠਾਂ ਨੂੰ ਝਾਕਦੇ ਹਵਾ ਵਿੱਚ ਚੱਕਰ ਲਗਾਂਦੇ ਹੌਲੀ ਹੌਲੀ ਧਰਤੀ ਵਲ ਵਧਣ ਲਗਦੇ। ਫਿਰ ਇਕ ਇਕ ਕਰਕੇ ਧਰਤੀ ਤੇ ਉਤਰਦੇ ਤੱਕ ਕੇ ਮਨ ਹੀ ਮਨ ਸ਼ਾਂਤੀ ਜਿਹੀ ਆਉਣ ਲਗਦੀ। ਵੇਟਿੰਗ ਰੂਮ ਦੇ ਇਕ ਪਾਸੇ ਕੁਝ ਖਾਸ ਵਰਦੀਆਂ ਵਾਲੇ ਲੋਕ ਖੁੱਲੇ ਹੋਏ ਪੈਰਾਸ਼ੂਟਾਂ ਨੂੰ ਖਾਸ ਵਿਧੀ ਨਾਲ ਪੈਕ ਕਰਕੇ, ਤਾਂ ਕਿ ਉਹ ਅਸਾਨੀ ਨਾਲ ਰੱਸੀ ਖਿਚਣ ਨਾਲ ਖੁਲ ਜਾਣ ,ਪਿੱਠ ਤੇ ਬੰਨਣ ਵਾਲੇ ਬੈਗ ਜਿਹੇ ਬਣਾ ਰਹੇ ਸਨ । ਜਾਪਦਾ ਸੀ ਕਿ ਸਕਾਈ ਡਾਈਵਿੰਗ ਦਾ ਇਹ ਸਭ ਤੋਂ ਜਰੂਰੀ ਭਾਗ ਹੈ ਅਗਰ ਕਿਸੇ ਪੈਕ ਕਰਨ ਵਾਲੇ ਦੀ ਅਣਗਹਿਲੀ ਕਾਰਣ ਜਾਂ ਕਿਸੇ ਹੋਰ ਤਕਨੀਕੀ ਨੁਕਸ ਕਾਰਣ ਪੈਰਾਸ਼ੂਟ ਨਹੀਂ ਖੁਲਦਾ ਤਾਂ ਛਾਲ ਮਾਰਣ ਵਾਲੇ ਦੀ ਮੌਤ ਯਕੀਨੀ ਹੈ । ਅਜਿਹੀ ਸੋਚਣੀ ਧੁਰ ਅੰਦਰ ਤੱਕ ਕੰਬਣੀ ਜਿਹੀ ਛੇੜ ਦਿੰਦੀ ਜਿਸਨੂੰ ਮੈ ਬੱਚਿਆਂ ਸਾਹਵੇਂ ਪ੍ਰਗਟ ਨਹੀਂ ਕਰ ਰਿਹਾ ਸੀ । ਸਗੋਂ ਮੈ ਇਹ ਸੋਚ ਕੇ ਧਰਵਾਸ ਜਿਹਾ ਬੰਨਦਾ ਕਿ ਅਸੀਂ ਕਿਹੜਾ ਇਕੱਲੇ ਹਾਂ ,ਇਹ ਲੋਕ ਇਸੇ ਕੰਮ ਵਿੱਚ ਟਰੇਂਡ ਹਨ ਸਾਡੇ ਤੋਂ ਪਹਿਲਾਂ ਹਜਾਰਾਂ ਲੋਕਾਂ ਨੂੰ ਛਾਲਾਂ ਮਰਾ ਚੁੱਕੇ ਹਨ ਸੋ ਡਰਨ ਦੀ ਕੋਈ ਗਲ ਹੀ ਨਹੀਂ ਹੈ ।
    ਥੋੜੇ ਚਿਰ ਬਾਅਦ ਸਾਡੇ ਨਾਮ ਪੁਕਾਰੇ ਗਏ । ਇਕ ਇਕ ਟਰੇਂਡ ਇਨਸਟਰੱਕਟਰ ਸਾਨੂੰ ਸਭ ਨੂੰ ਅਲਾਟ ਕੀਤਾ ਗਿਆ । ਉਹਨਾ ਨੇ ਸਾਨੂੰ ਮਜਬੂਤ ਬੈਲਟਾਂ ਵਾਲੀਆਂ ਜਾਕਟਾਂ ਨਾਲ ਬੰਨ ਦਿੱਤਾ ਅਤੇ ਸਾਨੂੰ ਟਰੇਨਿੰਗ ਨੁਮਾ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਉਹਨਾਂ ਨੇ ਸਾਨੂੰ ਦੱਸਿਆ ਕਿ ਜਹਾਜ ਵਿੱਚੋਂ ਛਾਲ ਮਾਰਨ ਦੌਰਾਨ ਹਰ ਬੰਦੇ ਨਾਲ ਇਕ ਟਰੇਂਡ ਬੰਦਾ ਹੋਵੇਗਾ ਜੋ ਛਾਲ ਦੌਰਾਨ ਤੁਹਾਡੀ ਮਦਦ ਕਰੇਗਾ ਅਤੇ ਪੈਰਾਸ਼ੂਟ ਖੁਦ ਖੋਲੇਗਾ । ਸਾਡੀਆਂ ਬੈਲਟਾਂ ਉਹਨਾਂ ਟਰੇਂਡ ਬੰਦਿਆਂ ਦੀਆਂ ਬੈਲਟਾਂ ਨਾਲ ਬੱਝੀਆਂ ਹੋਣਗੀਆਂ । ਇਹ ਸੁਣਕੇ ਮਨ ਨੂੰ ਧਰਵਾਸ ਜਿਹਾ ਆ ਗਿਆ ਕਿ ਇਹ ਟਰੇਂਡ ਬੰਦੇ ਸਾਡੇ ਨਾਲ ਖੁਦ ਛਾਲ ਮਾਰਨਗੇ ਅਤੇ ਸਾਨੂੰ ਸੁਰੱਖਿਅਤ ਉਤਰਨ ਵਾਲੀ ਜਗਾ ਤੇ ਖੁਦ ਪਹੁੰਚਾਵਣਗੇ। ਉਹਨਾਂ ਨੇ ਸਾਨੂੰ ਆਪਣੀਆਂ ਜੇਬਾਂ ਖਾਲੀ ਕਰਨ ਲਈ ਕਿਹਾ ਅਤੇ ਸਾਡੀਆਂ ਤਸਵੀਰਾਂ ਅਤੇ ਮੂਵੀਆਂ ਬਣਾਉਣ ਦੀ ਖੁਦ ਜਿੰਮੇਵਾਰੀ ਲਈ ਜੋ ਕਿ ਬੱਚੇ ਚਾਹੁੰਦੇ ਸਨ ਕਿ ਜਦੋਂ ਉਹ ਅਸਮਾਨ ਵਿੱਚੋਂ ਲਹਿਰਾਅ ਕੇ ਡਿਗ ਰਹੇ ਹੋਣ ਤਾਂ ਉਹਨਾਂ ਦੀਆਂ ਤਸਵੀਰਾਂ ਖਿੱਚ ਹੋਣੀਆਂ ਚਾਹੀਦੀਆਂ ਹਨ । ਇਸ ਤੇ ਉਹਨਾਂ ਨੇ ਸਾਡੇ ਤੋਂ ਕੁਝ ਫਾਲਤੂ ਪੈਸੇ ਜਮਾ ਕਰਵਾਕੇ ਇਕ ਨਿਵੇਕਲੀ ਜਿਹੀ ਕਿਸਮ ਦੇ ਕੈਮਰੇ ਆਪਦੇ ਹੱਥਾਂ ਨਾਲ ਬੰਨ ਲਏ ।
    ਸਾਡਾ ਸਮਾਂ ਹੋਣ ਤੇ ਉਹਨਾਂ ਸਾਨੂੰ ਆਵਾਜ ਦਿੱਤੀ ਅਤੇ ਜਹਾਜ ਵਲ ਨੂੰ ਚਲ ਪਏ । ਹਰ ਛਾਲ ਮਾਰਨ ਵਾਲੇ ਬੰਦੇ ਨਾਲ ਇੱਕ ਇੱਕ ਟਰੇਨਰ ਜਾਣ ਪਹਿਚਾਣ ਕਰਨ ਲੱਗਾ ਅਤੇ ਫੋਟੋਆਂ ਖਿੱਚਣ ਲੱਗਾ। ਜਹਾਜ ਕੋਲ ਜਾਕੇ ਅਸੀਂ ਦੇਖਿਆ ਕਿ ਇਹ ਇਕ ਛੋਟਾ ਜਿਹਾ ਜਹਾਜ ਸੀ ਜਿਸ ਵਿੱਚ ਪਾਇਲਟ ਲਈ ਇਕ ਹੀ ਵੱਡੀ ਸੀਟ ਸੀ । ਪਾਇਲਟ ਦੇ ਪਿਛਲੇ ਹਿੱਸੇ ਵਿੱਚ ਭਾਰਤੀ ਟੈਂਪੂਆਂ ਵਾਂਗ ਦੋ ਲੰਬੇ ਲੋਟ ਬੈਠਣ ਲਈ ਫੱਟੇ ਲੱਗੇ ਸੰਨ ਜਿਨਾਂ ਤੇ ਕੋਈ ਵੀ ਬੈਲਟ ਨਹੀਂ ਸੀ । ਅਸੀਂ ਸਭ ਜਿੱਥੇ ਥਾਂ ਮਿਲੀ ਬੈਠ ਗਏ । ਹਰ ਛਾਲ ਮਾਰਨ ਵਾਲੇ ਦੇ ਪਿੱਛੇ ਅਲਾਟ ਕੀਤਾ ਗਿਆ ਟਰੇਂਡ ਬੰਦਾ ਬੈਠਾ ਸੀ ਜਿਹਨਾਂ ਨੇ ਜਲਦੀ ਜਲਦੀ ਆਪਣੀਆਂ ਬੈਲਟਾਂ ਨਾਲ ਛਾਲ ਮਾਰਨ ਵਾਲਿਆਂ ਦੀਆਂ ਬੈਲਟਾਂ ਬੰਨ ਲਈਆਂ ਅਤੇ ਸਾਨੂੰ ਹੋਰ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਛਾਲ ਮਾਰਨ ਵੇਲੇ ਮੇਰੇ ਮੋਢੇ ਤੇ ਸਿਰ ਉਲਾਰ ਕੇ ਪੇਟ ਅੱਗੇ ਵਲ ਨੂੰ ਕਰਕੇ ਕਿੰਝ ਖੜਨਾ ਹੈ ਤਾਂ ਕਿ ਉਹਨਾਂ ਦੇ ਜਰਾ ਜਿੰਨੇ ਧੱਕੇ ਨਾਲ ਬੰਦਾ ਹਵਾ ਵਿੱਚ ਉਹਨਾਂ ਦੇ ਨਿਸ਼ਚਿਤ ਤਰੀਕੇ ਨਾਲ ਗਿਰ ਸਕੇ । ਜੋ ਬੰਦੇ ਫੱਟਿਆਂ ਤੇ ਨਾਂ ਬੈਠ ਸਕੇ ਉਹ ਫੱਟਿਆਂ ਪਿੱਛੇ ਪਈ ਖਾਲੀ ਜਗਹ ਤੇ ਬੈਠੇ ਸਨ । ਜਹਾਜ ਦਾ ਦਰਵਾਜਾ ਅਰਧ ਸ਼ਟਰ ਵਰਗਾ ਸੀ ਜੋ ਕਿ ਉਹਨਾਂ ਨੇ ਖੁੱਲਾ ਹੀ ਛੱਡਿਆ ਹੋਇਆ ਸੀ ।
    ਜਿੱਵੇਂ ਹੀ ਟੇਕ ਔਫ ਕਰਨ ਲਈ ਜਹਾਜ ਦੌੜਿਆ ਤਾਂ ਮੇਰੀ ਨਿਗਾਹ ਉਸ ਖੁਲੇ ਦਰਵਾਜੇ ਕੋਲ ਬੈਠੇ ਬੱਚਿਆਂ ਤੇ ਪਈ ਜੋ ਇਸ ਖੁਲੇ ਦਰਵਾਜੇ ਕੋਲ ਹੀ ਭੁੰਜੇ ਲੱਤਾਂ ਨਸਾਲ਼ੀਂ ਬੈਠੇ ਸਨ । ਦੇਖਦੇ ਹੀ ਦੇਖਦੇ ਜਹਾਜ ਉੱਪਰ ਉਠਣ ਲੱਗਾ । ਕਿਓਂਕਿ ਸਾਨੂੰ ਕਾਫੀ ਉਚਾਈ ਤੋਂ ਸੁੱਟਣਾ ਸੀ ਇਸ ਲਈ ਜਹਾਜ ਦਾ ਅਗਲਾ ਹਿੱਸਾ ਕਾਫੀ ਉੱਚਾ ਦਿਖਾਈ ਦੇ ਰਿਹਾ ਸੀ ਅਤੇ ਅਸੀਂ ਸਾਰੇ ਝੁਕੇ ਬੈਠੇ ਸਾਂ । ਜਹਾਜ ਇਕ ਖਾਸ ਐਂਗਲ ਨਾਲ ਉੱਪਰ ਨੂੰ ਵਧਦਾ ਜਾ ਰਿਹਾ ਸੀ । ਬੱਚੇ ਖੁੱਲੇ ਦਰਵਾਜੇ ਰਾਹੀਂ ਹੇਠਾਂ ਨੂੰ ਇੰਝ ਬੇਫਿਕਰ ਦੇਖ ਰਹੇ ਸਨ ਜਿਵੇਂ ਪੰਜਾਬ ਵਿੱਚ ਕਿਸੇ ਟੈਂਪੂ ਜਾਂ ਟਰੱਕ ਦੇ ਡਾਲੇ ਤੇ ਬੈਠੇ ਹੋਣ । ਮੈਂ ਮਨ ਦੀ ਮਨ ਡਰਦਾ ਸਾਂ ਪਰ ਕੋਲ ਟਰੇਂਡ ਇਨਸਟਰੱਕਟਰ ਬੈਠੇ ਦੇਖ ਕੇ ਨਿਸ਼ਚਿੰਤ ਹੋਣ ਦੀ ਕੋਸ਼ਿਸ਼ ਕਰ ਰਿਹਾ ਸਾਂ । ਅਸੀਂ ਇੱਕ ਛੋਟੇ ਜਿਹੇ ਪਿੰਡ ਦੇ ਨਾਲ ਪਈ ਖੁੱਲੀ ਜਮੀਨ ਦੇ ਉੱਪਰ ਸਾਂ ਜਿੱਥੇ ਅਸੀਂ ਪੈਰਾਸ਼ੂਟ ਨਾਲ ਲੈਂਡ ਕਰਨਾ ਸੀ । 10,000 ਫੁੱਟ ਦੀ ਉਚਾਈ ਹੋਣ ਤੇ ਪਾਈਲਟ ਨੇ ਇਸ਼ਾਰਾ ਕਰ ਦਿੱਤਾ ਸੀ । ਪਾਈਲਟ ਦੇ ਇਸ਼ਾਰੇ ਨਾਲ ਸਭ ਨੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਸਕਿੰਟਾਂ ਵਿੱਚ ਹੀ ਜਹਾਜ ਖਾਲੀ ਹੋਕੇ ਆਪਦੇ ਅੱਡੇ ਵਲ ਰਵਾਨਾ ਹੋ ਗਿਆ ।
    ਮੈਂ ਆਪਣੇ ਤੋਂ ਅੱਗੇ ਵਾਲਿਆਂ ਨੂੰ ਛਾਲਾਂ ਮਾਰਦੇ ਦੇਖਿਆ । ਛਾਲਾਂ ਏਨੀ ਜਲਦੀ ਮਾਰੀਆਂ ਜਾ ਰਹੀਆਂ ਸਨ ਕਿ ਕਿਸੇ ਦੂਜੇ ਦੇ ਚਿਹਰੇ ਦੇ ਹਾਵ-ਭਾਵ ਵੀ ਦੇਖੇ ਨਹੀਂ ਜਾ ਸਕਦੇ ਸੀ । ਮੈਨੂੰ ਪਤਾ ਹੀ ਨਾਂ ਲੱਗਾ ਕਿ ਮੇਥੋਂ ਛਾਲ ਕਦੋਂ ਬੱਜ ਗਈ । ਕੁਝ ਸਕਿੰਟ ਲਈ ਮੇਰਾ ਮੂ੍ੰਹ ਅਸਮਾਨ ਵੱਲ ਸੀ ਪਰ ਜਲਦੀ ਹੀ ਭੁਆਂਟਣੀ ਨਾਲ ਜਮੀਨ ਵਲ ਹੋ ਗਿਆ। ਮੈਨੂੰ ਇਨਸਟਰੱਕਟਰ ਨੇ ਕਿਹਾ ਸੀ ਕਿ ਛਾਲ ਵੇਲੇ ਛਾਤੀ ਸਾਹਮਣਿਓਂ ਬੈਲਟ ਨੂੰ ਚੰਗੀ ਤਰਾਂ ਫੜਕੇ ਰੱਖਣਾ ਹੈ ਅਤੇ ਜਦੋਂ ਉਹ ਮੋਢਿਆਂ ਤੇ ਟੈਪ ਕਰੇਗਾ ਤਾਂ ਬਾਹਵਾਂ ਹਵਾ ਵਿੱਚ ਲਹਿਰਾਅ ਦੇਣੀਆਂ ਹਨ ।  ਮੈਂ 200 ਕਿਲੋਮੀਟਰ ਯਾਨੀ 124 ਮੀਲ ਪ੍ਰਤੀ ਘੰਟੇ ਦੀ ਸਪੀਡ ਨਾਲ ਹੇਠਾਂ ਨੂੰ ਆ ਰਿਹਾ ਸਾਂ । ਤਕਰੀਬਨ ਅੱਧੇ ਮਿੰਟ ਦੀ ਇਸ ਡਿਗਣ ਯਾਤਰਾ ਤੋਂ ਬਾਅਦ ਹੌਲੀ ਹੌਲੀ ਪੈਰਾਸ਼ੂਟ ਖੁਲ ਗਿਆ । ਫਿਰ ਮੇਰੀ ਸਪੀਡ ਬਹੁਤ ਹੌਲੀ ਹੋ ਗਈ । ਇੰਨਸਟਰੱਕਟਰ ਨੇ ਕਿਹਾ ਕਿ ਜੇ ਮੈਂ ਚਾਹਵਾਂ ਤਾਂ ਗੌਗਲ ਉਤਾਰ ਸਕਦਾ ਹਾਂ । ਪੈਰਾਸ਼ੂਟ ਦੇ ਖੁਲਦਿਆਂ ਹੀ ਮੈਂ ਹਵਾ ਵਿੱਚ ਲਹਿਰਾਉਣ ਲੱਗ ਪਿਆ । ਪੈਰਾਸ਼ੂਟ ਦਾ ਕੰਟਰੋਲ ਇਨਸਟਰੱਕਟਰ ਕੋਲ ਸੀ ਜੋ ਕਿ ਰੱਸੀਆਂ ਖਿੱਚਕੇ ਪੈਰਾਸ਼ੂਟ ਦੀ ਦਿਸ਼ਾ ਨਿਸ਼ਚਿਤ ਕੀਤੀ ਜਗਾਹ ਵਲ ਕਰ ਰਿਹਾ ਸੀ । ਜਦੋਂ ਕਿਤੇ ਪੈਰਾਸ਼ੂਟ ਏਧਰ ਓਧਰ ਹੁੰਦਾ ਤਾਂ ਕਪੜੇ ਨਾਲ ਵੱਜ ਰਹੀ ਹਵਾ ਦਿਲ ਦਹਿਲਾਅ ਦਿੰਦੀ ਪਰ ਹੇਠਾਂ ਦਿਖ ਰਿਹਾ ਨਜਾਰਾ ਸਭ ਡਰ ਚੱਕ ਦਿੰਦਾ । ਮੈਨੂੰ ਆਪਦੇ ਤੋਂ ਪਹਿਲਾਂ ਛਾਲਾਂ ਮਾਰਨ ਵਾਲਿਆਂ ਦੀਆਂ ਰੰਗ ਬਰੰਗੀਆਂ ਲਹਿਰਾਉਂਦੀਆਂ ਛਤਰੀਆਂ ਸਾਫ ਨਜਰ ਆ ਰਹੀਆਂ ਸਨ । ਮੈਨੂੰ ਤੇ ਟਾਇਮ ਦਾ ਪਤਾ ਨਹੀਂ ਲਗਿਆ ਪਰ ਇੰਨਸਟਰੱਕਟਰ ਦੇ ਕਹਿਣ ਅਨੁਸਾਰ 5 ਤੋਂ 7 ਮਿੰਟ ਹੁੰਦਾ ਹੈ । ਥੱਲੇ ਨੂੰ ਜਾਂਦੇ ਜਾਂਦੇ  ਵਕਤ ਹੀ ਇਨਸਟਰੱਕਟਰ ਨੇ ਮੈਨੂੰ ਲੈਂਡ ਕਰਨ ਦਾ ਤਰੀਕਾ ਸਮਝਾ ਦਿੱਤਾ ਸੀ । ਮੇਰੇ ਥੱਲੇ ਉਤਰਦਿਆਂ ਹੀ ਬੱਚੇ ਮੇਰੇ ਤੋਂ ਪਹਿਲਾਂ ਉਤਰਕੇ ਉੱਪਰ ਨੂੰ ਦੇਖ ਮੈਨੂੰ ਹੀ ਲੱਭ ਰਹੇ ਸਨ ।
    ਜਦੋਂ ਸਾਰੇ ਹੇਠਾਂ ਆ ਗਏ ਤਾਂ ਪਹਿਲਾਂ ਹੀ ਉਡੀਕ ਕਰਦੀ ਬੱਸ ਵਿੱਚ ਬੈਠਕੇ ਦੁਬਾਰਾ ਆਪਣੇ ਅੱਡੇ ਵਲ ਚੱਲ ਪਏ ਜਿੱਥੇ ਕਿ ਅਸੀਂ ਕਾਰ ਪਾਰਕ ਕੀਤੀ ਹੋਈ ਸੀ ਅਤੇ ਜਹਾਜ ਵਿੱਚ ਬੈਠਕੇ ਉੱਡੇ ਸਾਂ । ਰਸਤੇ ਵਿੱਚ ਇਨਸਟਰੱਕਟਰਾਂ ਨੇ ਬੱਸ ਵਿਚਲੇ ਟੀਵੀ ਤੇ ਸਾਡੇ ਛਾਲਾਂ ਮਾਰਨ ਤੇ ੳੇਤਰਨ ਦੀਆਂ ਸਾਡੀਆਂ ਬਣਾਈਆਂ ਮੂਵੀਆਂ ਦਿਖਾਈਆਂ ਜੋ ਕਿ ਉਹਨਾਂ ਨੇ ਖਾਸ ਕੈਮਰਿਆਂ ਨਾਲ ਬਣਾਈਆਂ ਸਨ । ਉਹਨਾਂ ਨੇ ਸਾਨੂੰ ਸਹੀ ਸਕਾਈ ਡਾਈਵ ਕਰਨ ਦੇ ਸਰਟੀਫਿਕੇਟ ਦੇਕੇ ਵਿਦਾ ਕੀਤਾ । ਮੈਂ ਵਾਪਸੀ ਤੇ ਬੱਚਿਆਂ ਵਿੱਚ ਬੱਚਾ ਹੋਇਆ ਆਪਦੀ ਇਸ ਪਰਾਪਤੀ ਤੇ ਉਹਨਾਂ ਵਾਂਗ ਹੀ ਖੁਸ਼ ਹੋ ਫੁੱਲ ਕੇ ਕੁੱਪਾ ਹੋਇਆ ਆ ਰਿਹਾ ਸਾਂ ਜਦੋਂ ਉਹਨਾਂ ਇਹ ਕਹਿਕੇ ਮੇਰੀ ਟੂਟੀ ਢਿੱਲੀ ਕਰ ਦਿੱਤੀ ਕਿ ਡੈਡ ਚਲੋ ਕਿਸੇ ਦਿਨ ਹੌਟ ਏਅਰ ਬਲੂਨ ਵਿੱਚ ਵੀ ਬੈਠੀਏ ।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
gsbarsal@gmail.com