ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਚੁ ਵਾਪਾਰੁ ਕਰਹੁ ਵਾਪਾਰੀ॥ ਦਰਗਹ ਨਿਬਹੈ ਖੇਪ ਤੁਮਾਰੀ॥


ਸਲੋਕ ਵਾਰਾਂ ਤੇ ਵਧੀਕ ਵਿਚ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਕਿ ਆਮ ਵਪਾਰੀ ਲੋਕ ਤ੍ਰੈ-ਗੁਣੀ ਮਾਇਆ ਦੇ ਪ੍ਰਭਾਵ ਹੇਠ ਦੁਨਿਆਵੀ ਕਾਰ-ਵਿਹਾਰ ਜਾਂ ਲੈਣ-ਦੇਣ ਕਰਦੇ ਹਨ ਪਰ ਅਸਲ ਵਾਪਾਰੀ ਉਹ ਹਨ ਜੋ ਦੁਨਿਆਵੀ ਵਸਤਾਂ ਨੂੰ ਭੋਗਦੇ ਹੋਏ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਦਾ ਵਣਜ ਵੀ ਕਰਦੇ ਹਨ
ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ॥
ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ॥
(ਸਲੋਕ ਨੰਬਰ 17, ਅੰਗ 1426)
    ਭਾਵੇਂ ਨਾਮ ਦਾ ਵਣਜ ਕਰਨ ਵਾਲੇ ਵਪਾਰੀ ਜਗਤ ਵਿਚ ਵਿਰਲੇ ਹੀ ਹਨ ਪਰ ਜਿਹੜਾ ਇਸ ਵਣਜ ਨੂੰ ਕਰਦਾ ਹੈ ਉਹ ਉੱਚੀ ਆਤਮਿਕ ਅਵਸਥਾ ਦਾ ਲਾਭ ਖੱਟਦਾ ਹੈ :
ਸਾਚ ਵਖਰ ਕੇ ਵਾਪਾਰੀਵਿਰਲੇ ਲੈ ਲਾਹਾ ਸਉਦਾ ਕੀਨਾ ਹੇ॥
(ਰਾਗੁ ਮਾਰੂ ਸੋਲਹੇ ਮਹਲਾ 1, ਅੰਗ 1028)
ਸੌਦਾਗਰ (ਵਪਾਰੀ) ਸੌਦਾਗਰੀ (ਵਪਾਰ) ਵਿਚ ਧਨ ਖੱਟਦਾ ਹੈ ਪਰ ਉਸਦੀ ਕਦੀ ਤਿ੍ਰਪਤੀ ਨਹੀਂ ਹੰੁਦੀ ਅਤੇ ਉਹ ਹੋਰ ਧਨ ਦੀ ਆਸ ਕਰਦਾ ਰਹਿੰਦਾ ਹੈ। ਜਿਉਂ ਜਿਉਂ ਉਸਦੀ ਖੱਟੀ ਵਧਦੀ ਹੈ ਤਿਉਂ-ਤਿਉਂ ਉਸਦਾ ਮਾਇਆ ਦਾ ਮੋਹ ਵਧਦਾ ਜਾਂਦਾ ਹੈ। ਉਸਦੀ ਮਾਇਆ ਦੀ ਭੁੱਖ ਵਧਦੀ ਜਾਂਦੀ ਹੈ ਪ੍ਰੰਤੂ ਪ੍ਰਭੂ ਦੇ ਭਗਤ ਜਨ ਉਸਦਾ ਨਾਮ ਸਿਮਰ ਸਿਮਰ ਕੇ ਆਤਮਿਕ ਅਨੰਦ ਮਾਣਦੇ ਹਨ ਭਾਵ ਨਾਮ ਦਾ ਵਣਜ ਕਰਨ ਵਾਲੇ ਸਦਾ ਸੁਖ ਭੋਗਦੇ ਹਨ
ਲੈ ਤੁਰੇ ਸਉਦਾਗਰੀ ਸਉਦਾਗਰੁ ਧਾਵੈ॥
ਧਨੁ ਖਟੈ ਆਸਾ ਕਰੈ ਮਾਇਆ ਮੋਹੁ ਵਧਾਵੈ॥
ਤਿਉ ਹਰਿ ਜਨੁ ਹਰਿ ਹਰਿ ਬੋਲਤਾ ਹਰਿ ਬੋਲਿ ਸੁਖੁ ਪਾਵੈ॥
(ਰਾਗੁ ਗਉੜੀ ਮਹਲਾ 4, ਅੰਗ 166)
ਅਥਵਾ :
ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ॥
ਗੋਬਿੰਦ ਭਜਨ ਕੇ ਨਿਰਭੈ ਵਾਪਾਰੀ
ਹਰਿ ਰਾਸਿ ਨਾਨਕ ਰਾਮ ਨਾਮਾ॥( ਸਾਰਗ ਮਹਲਾ 5, 1211)
    ਇੰਜ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਵਾਲੇ ਪ੍ਰਾਣੀ ਜਗਤ ਵਿਚ ਨਿਰਭੈ ਹੋ ਕੇ ਵਿਚਰਦੇ ਹਨ ਕਿਉਂਕਿ ਉਹਨਾਂ ਪਾਸ ਪਰਮਾਤਮਾ ਦੇ ਨਾਮ ਦਾ ਸਰਮਾਇਆ ਟਿਕਿਆ ਰਹਿੰਦਾ ਹੈ। ਦੂਜੇ ਬੰਨੇ ਜਿਹੜੇ ਹੋਰ ਹੋਰ ਵਣਜ ਹੀ ਕਰਦੇ ਹਨ ਉਹ ਦੁਖੀ ਹੁੰਦੇ ਹਨ।
    ਗੁਰੂ ਨਾਨਕ ਦੇਵ ਜੀ ਦਾ ਰਾਗ ਰਾਮਕਲੀ ਦਖਣੀ ਓਅੰਕਾਰ ਵਿਚ ਫਰਮਾਨ ਹੈ ਕਿ ਜੋ ਪ੍ਰਾਣੀ ਨਾਮ ਜਿਹੇ ਸੱਚੇ ਵਪਾਰ ਨੂੰ ਤਿਆਗ ਕੇ ਹੋਰ ਹੋਰ ਵਣਜਾਂ ਵਿਚ ਪਿਆ ਰਹਿੰਦਾ ਹੈ, ਉਸਦੀ ਅੰਤ ਵੇਲੇ ਪ੍ਰਭੂ ਦੀ ਦਰਗਾਹ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ :
ਵਣਜੁ ਵਾਪਾਰੁ ਵਣਜੈ ਵਾਪਾਰੀ॥
ਵਿਣੁ ਨਾਵੈ ਕੈਸੀ ਪਤਿ ਸਾਰੀ॥ (ਅੰਗ 931)
    ਤਾਂ ਫਿਰ ਅਜਿਹੀ ਵਸਤ ਦਾ ਹੀ ਵਣਜ ਕਰਨਾ ਚਾਹੀਦਾ ਹੈ ਜੋ ਅੰਤ ਵੇਲੇ ਨਾਲ ਨਿਭੇ, ਪ੍ਰਾਣੀ ਦੀ ਸਹਾਈ ਹੋਵੇ। ਮਾਲਕ ਪ੍ਰਭੂ ਬੜਾ ਸਿਆਣਾ ਹੈ। ਉਸ ਨੂੰ ਖੋਟੇ ਖਰੇ ਦੀ ਸਮਝ ਹੈ। ਉਹ ਸਾਡੇ ਸੌਦੇ ਨੂੰ ਪੂਰੀ ਤਰ੍ਹਾਂ ਨਾਲ ਪਰਖ ਕੇ ਹੀ ਪ੍ਰਵਾਨ ਕਰੇਗਾ
ਵਣਜੁ ਕਰਹੁ ਵਣਜਾਹਿਰੋ ਵਖਰੁ ਲੇਹੁ ਸਮਾਲਿ॥
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ॥
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ॥
(ਸਿਰੀਰਾਗੁ ਮਹਲਾ 1, ਅੰਗ 22)
    ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪ੍ਰਸ਼ਨ ਕੀਤਾ ਸੀ :
ਕਿਸੁ ਵਖਰ ਕੇ ਤੁਮ ਵਣਜਾਰੇ॥
ਕਿਉ ਕਰਿ ਸਾਥੁ ਲੰਘਾਵਹੁ ਪਾਰੇ॥
(ਸਿਧ ਗੋਸਟਿ, ਪੰਨਾ 929)
    ਤਾਂ ਸਤਿਗੁਰਾਂ ਨੇ ਬੜੇ ਸਰਲ ਪਰ ਭਾਵ-ਪੂਰਤ ਸ਼ਬਦਾਂ ਵਿਚ ਉੱਤਰ ਦਿੱਤਾ ਸੀ :
ਸਾਚ ਵਖਰ ਕੇ ਹਮ ਵਣਜਾਰੇ॥
ਨਾਨਕ ਗੁਰਮੁਖਿ ਉਤਰਸਿ ਪਾਰੇ॥
(ਸਿਧ ਗੋਸਟਿ, ਪੰਨਾ 939)
    ਭਾਵ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਅਸੀਂ ਵਪਾਰੀ ਹਾਂ ਅਤੇ ਜੋ ਮਨੁੱਖ ਗੁਰੂ ਦੇ ਦੱਸੇ ਮਾਰਗ ’ਤੇ ਚੱਲਦਾ ਹੈ ਉਹ ਭਵ-ਸਾਗਰ ਤੋਂ ਪਾਰ ਲੰਘ ਜਾਂਦਾ ਹੈ।
    ਗੁਰੂ ਨਾਨਕ ਦੇਵ ਜੀ ਦੇ ਇਹਨਾਂ ਬਚਨਾਂ ਨੂੰ ਕੇਂਦਰ ਬਿੰਦੂ ਸਮਝ ਕੇ ‘ਸੱਚੇ ਵਪਾਰ’ ਦੀ ਗੁਰਬਾਣੀ ਵਿਚ ਭਰਪੂਰ ਵਿਆਖਿਆ ਕੀਤੀ ਗਈ ਹੈ। ਇਸ ਵਿਚ ਕੋਈ ਸ਼ੰਕਾ ਵਾਲੀ ਗੱਲ ਨਹੀਂ ਕਿ ਗਿ੍ਰਹਸਤ ਵਿਚ ਰਹਿੰਦੇ ਹੋਏ ਗੁਰਮਤਿ ਦੇ ਧਾਰਨੀ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਉਪਜੀਵਕਾ ਲਈ ਵੱਖ-ਵੱਖ ਪ੍ਰਕਾਰ ਦੇ ਕੰਮ-ਧੰਦੇ ਕਰਨੇ ਹਨ, ਸੱਚੀ ਤੇ ਸੁੱਚੀ ਕਿਰਤ ਕਮਾਈ ਕਰ ਕੇ ਆਪਣੀਆਂ ਪਰਿਵਾਰਕ ਲੋੜਾਂ ਨੂੰ ਪੂਰਾ ਕਰਨਾ ਹੈ ਪ੍ਰੰਤੂ ਇਹਨਾਂ ਵਿਚ ਐਨਾ ਖਚਿਤ ਨਹੀਂ ਹੋ ਜਾਣਾ ਕਿ ਜੋ ਦਾਤਾਂ ਦੇਣ ਵਾਲਾ ਹੈ ਉਸ ਨੂੰ ਹੀ ਭੁੱਲ ਜਾਈਏ। ਗੁਰੂ ਰਾਮਦਾਸ ਜੀ ਦੇ ਰਾਗੁ ਗਉੜੀ ਵਿਚ ਬੜੇ ਅਨਮੋਲ ਬਚਨ ਹਨ ਕਿ ਜਿਸ ਜੀਵ ਨੇ ਮਾਲਕ ਪ੍ਰਭੂ ਦੇ ਨਾਮ ਦਾ ਲਾਹਾ ਖੱਟਿਆ ਹੈ, ਨਾਮ-ਧਨ ਦਾ ਸੌਦਾ ਵਣਜਿਆ ਹੈ ਉਹ ਮਨੁੱਖ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਚੰਗਾ ਲਗਦਾ ਹੈ। ਅਜਿਹੇ ਪ੍ਰਾਣੀ ਦੇ ਫਿਰ ਜਮਦੂਤ ਨੇੜੇ ਨਹੀਂ ਆ ਸਕਦੇ ਭਾਵ ਉਹ ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ :
ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ॥
ਹਰਿ ਜਪਿ ਹਰਿ ਵਖਰੁ ਲਦਿਆ
 ਜਮੁ ਜਾਗਾਤੀ ਨੇੜਿ ਨ ਆਇਆ॥ (ਅੰਗ 165)
    ਭਗਤ ਕਬੀਰ ਜੀ ਵੀ ਰਾਗੁ ਕੇਦਾਰਾ ਵਿਚ ਇਸੇ ਵਿਚਾਰ ਨੂੰ ਪ੍ਰਗਟਾ ਰਹੇ ਹਨ ਕਿ ਮਨੁੱਖ ਕਈ ਪ੍ਰਕਾਰ ਦੇ ਕਾਰ-ਵਿਹਾਰ ਤੇ ਵਣਜ ਕਰਦਾ ਹੈ ਪ੍ਰੰਤੂ ਪ੍ਰਭੂ ਦੇ ਸੰਤ ਜਨ ਕੇਵਲ ਉਸਦੇ ਨਾਮ ਦਾ ਹੀ ਵਣਜ ਕਰਦੇ ਹਨ। ਉਸਦੇ ਸੇਵਕ ਜਨ ਕੇਵਲ ਸੱਚੇ ਨਾਮ ਦੇ ਹੀ ਵਪਾਰੀ ਹਨ :
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ॥
ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ॥
(ਅੰਗ 1123)
    ਰਾਗੁ ਸਾਰਗ ਵਿਚ ਗੁਰੂ ਅਰਜਨ ਦੇਵ ਜੀ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਤੁਹਾਡੇ ਮਨਾਂ ਦੀਆਂ ਜਾਣਨ ਵਾਲਾ ਹੈ ਅਤੇ ਤੁਹਾਡੇ ਹਰੇਕ ਕੰਮ ਨੂੰ ਵੇਖ ਰਿਹਾ ਹੈ। ਇਸ ਲਈ ਆਪਣੇ ਮਨਾਂ ਅੰਦਰੋਂ ਵਲ-ਫਰੇਬ ਅਤੇ ਵੈਰ-ਵਿਰੋਧ ਨੂੰ ਤਿਆਗ ਕੇ ਸਦਾ ਕਾਇਮ ਰਹਿਣ ਵਾਲੇ ਨਾਮ-ਧਨ ਦਾ ਸੱਚਾ ਵਣਜ ਕਰੋ। ਜੀਵਨ ਵਿਚ ਫਿਰ ਕਦੀ ਤੋਟ ਨਹੀਂ ਆਵੇਗੀ :
ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੂ ਸੰਗਿ ਨਿਹਾਰੇ॥
ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੁ ਨ ਆਵਹੁ ਹਾਰੇ॥
(ਅੰਗ 1220)
ਅਥਵਾ :
ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ॥
ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ॥
(ਰਾਗੁ ਵਡਹੰਸੁ ਮਹਲਾ 3, ਅੰਗ 570)
    ਭਾਵ ਪਰਮਾਤਮਾ ਦਾ ਨਾਮ ਹੀ ਸਦਾ ਨਾਲ ਨਿਭਣ ਵਾਲਾ ਸੱਚਾ ਸੌਦਾ ਤੇ ਸੱਚਾ ਵਪਾਰ ਹੈ, ਜਿਸ ਨੂੰ ਗੁਰੂ ਦੇ ਦੱਸੇ ਮਾਰਗ ’ਤੇ ਚੱਲ ਕੇ ਹੀ ਵਣਜਿਆ ਜਾ ਸਕਦਾ ਹੈ। ਇਹ ਇਕ ਅਜਿਹਾ ਅਮੋਲਕ ਰਤਨ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇ ਪ੍ਰਾਣੀ ਆਪਾ ਭਾਵ ਗੁਆ ਕੇ, ਹਉਮੈ ਨੂੰ ਤਿਆਗ ਕੇ, ਗੁਰ ਸ਼ਬਦ ਦਾ ਓਟ-ਆਸਰਾ ਲੈ ਕੇ, ਲਿਵ ਨੂੰ ਪ੍ਰਭੂ ਚਰਨਾਂ ਵਿਚ ਜੋੜੇ ਅਤੇ ਭਲੇ ਪੁਰਖਾਂ ਦੀ ਸੰਗਤ ਕਰਕੇ ਨਾਮ ਨੂੰ ਵਣਜੇ। ਅਜਿਹਾ ਪ੍ਰਾਣੀ ਸੱਚਾ ਵਪਾਰੀ ਹੋ ਨਿਬੜਦਾ ਹੈ। ਇਸ ਪ੍ਰਥਾਏ ਰਾਗੁ ਮਾਝ ਵਿਚ ਗੁਰੂ ਅਮਰਦਾਸ ਜੀ ਦੇ ਬਚਨ ਹਨ :
ਆਪੁ ਵੰਞਾਏ ਤਾ ਸਭ ਕਿਛੁ ਪਾਏ॥
ਗੁਰ ਸਬਦੀ ਸਚੀ ਲਿਵ ਲਾਏ॥
ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ॥
(ਅੰਗ 115)
    ਰਾਗੁ ਗਉੜੀ ਸੁਖਮਨੀ ਵਿਚ ਗੁਰੂ ਅਰਜਨ ਦੇਵ ਜੀ ਦਿ੍ਰੜ੍ਹ ਕਰਵਾ ਰਹੇ ਹਨ ਕਿ ਹੇ ਵਣਜਾਰੇ ਜੀਵ, ਸੱਚਾ ਵਪਾਰ ਕਰ। ਇੰਜ ਵਾਹਿਗੁਰੂ ਦੇ ਦਰ ’ਤੇ ਪ੍ਰਵਾਨ ਹੋ ਜਾਈਦਾ ਹੈ ਭਾਵ ਕੀਤੇ ਸੱਚੇ ਸੌਦੇ ਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪੈਂਦਾ ਹੈ :
ਸਚੁ ਵਾਪਾਰੁ ਕਰਹੁ ਵਾਪਾਰੀ॥
ਦਰਗਹ ਨਿਬਹੈ ਖੇਪ ਤੁਮਾਰੀ॥ (ਅੰਗ 293)
    ਪ੍ਰੰਤੂ ਸੱਚ ਦੇ ਮਾਰਗ ਤੋਂ ਭਟਕ ਕੇ ਖੋਟੇ ਵਪਾਰ ਵਿਚ ਪੈ ਜਾਣ ਨਾਲ ਜੀਵ ਦਾ ਮਨ ਅਤੇ ਤਨ ਦੋਨੋਂ ਖੋਟੇ ਹੋ ਜਾਂਦੇ ਹਨ। ਪ੍ਰਾਣੀ ਦੀ ਦਸ਼ਾ ਉਸ ਹਿਰਨ ਵਾਂਗ ਹੋ ਜਾਂਦੀ ਹੈ ਜੋ ਸ਼ਿਕਾਰੀ ਦੀ ਫਾਹੀ ਵਿਚ ਫਸ ਕੇ ਕਿਧਰੋਂ ਬਾਹਰ ਨਹੀਂ ਨਿਕਲ ਸਕਦਾ ਅਤੇ ਦੁਖੀ ਹੁੰਦਾ ਹੈ। ਤਿਵੇਂ ਹੀ ਖੋਟੇ ਵਪਾਰ ਵਿਚ ਪੈ ਕੇ ਪ੍ਰਾਣੀ ਬੜੇ ਦੁੱਖ ਭੋਗਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸਿਰੀ ਰਾਗੁ ਵਿਚ ਬਚਨ ਹਨ :
ਖੋਟੇ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ॥
ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ॥ (ਅੰਗ 23)
    ਗੁਰ ਇਤਿਹਾਸ ਵਿਚ ਅਜਿਹੇ ਗੁਰਮੁਖਾਂ ਦੀ ਘਾਟ ਨਹੀਂ ਜੋ ਨਾਮ ਧਨ ਦੇ ਨਾਲ-ਨਾਲ ਸੱਚਾ ਅਤੇ ਸੁੱਚਾ ਦੁਨਿਆਵੀ ਵਪਾਰ ਵੀ ਕਰਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਇਕ ਅਜਿਹੇ ਗੁਰਮੁਖ ਭਾਈ ਕਟਾਰੂ ਜੀ ਹੋਏ ਹਨ ਜੋ ਕਾਬਲ ਵਿਚ ਦੁਕਾਨਦਾਰੀ ਕਰਦੇ ਸਨ ਅਤੇ ਗੁਰੂ ਘਰ ਦੇ ਬੜੇ ਪ੍ਰੇਮੀ ਸਨ। ਸੱਚੀ ਸੁੱਚੀ ਕਮਾਈ ਕਰਕੇ ਵਿੱਤੋਂ ਵੱਧ ਲੋੜਵੰਦਾਂ ਦੀ ਸਹਾਇਤਾ ਕਰਦੇ ਅਤੇ ਬਿਨਾਂ ਨਾਗਾ ਸਤਿਸੰਗਤ ਵਿਚ ਜੁੜਦੇ। ਇਮਾਨਦਾਰ ਹੋਣ ਕਰਕੇ ਦੁਕਾਨ ਬੜੀ ਚਲਦੀ ਸੀ। ਲਾਗਲੇ ਦੁਕਾਨਦਾਰ ਨੇ ਇਕ ਦਿਨ ਈਰਖਾ ਵਜੋਂ ਮੌਕਾ ਪਾ ਕੇ ਉਸਦਾ ਵੱਟਾ ਚੁਰਾ ਕੇ ਘੱਟ ਤੋਲ ਵਾਲਾ ਵੱਟਾ ਰੱਖ ਦਿੱਤਾ ਅਤੇ ਸਰਕਾਰੇ ਸ਼ਿਕਾਇਤ ਕਰ ਦਿੱਤੀ। ਸਰਕਾਰੀ ਕਰਮਚਾਰੀ ਭਾਈ ਜੀ ਨੂੰ ਵੱਟੇ ਸਮੇਤ ਕੋਤਵਾਲੀ ਲੈ ਗਏ। ਕੋਈ ਚਾਰਾ ਨਾ ਚਲਦਾ ਦੇਖ ਭਾਈ ਕਟਾਰੂ ਜੀ ਨੇ ਅੰਤਰ ਧਿਆਨ ਹੋ ਕੇ ਅਰਦਾਸ ਕੀਤੀ ਕਿ ਹੇ ਪ੍ਰਭੂ, ਅੱਜ ਤੱਕ ਕੋਈ ਅਜਿਹਾ ਪਾਪ ਨਹੀਂ ਕੀਤਾ, ਮੇਰੀ ਲਾਜ ਰੱਖਣਾ। ਉਸ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਵੱਟਾ ਬਦਲਿਆ ਗਿਆ ਹੈ ਪਰ ਫਿਰ ਵੀ ਉਸ ਨੂੰ ਆਪਣੇ ਗੁਰੂ ’ਤੇ ਭਰੋਸਾ ਸੀ। ਜਦੋਂ ਕੋਤਵਾਲੀ ਵਿਚ ਵੱਟਾ ਤੋਲਿਆ ਗਿਆ ਤਾਂ ਉਹ ਪੂਰੇ ਤੋਲ ਦਾ ਨਿਕਲਿਆ। ਇੰਜ ਸੱਚ ਦੇ ਵਪਾਰੀ ਭਾਈ ਕਟਾਰੂ ਜੀ ਦੀ ਪ੍ਰਭੂ ਨੇ ਆਪਣਾ ਹੱਥ ਦੇ ਕੇ ਰੱਖਿਆ ਕੀਤੀ :
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ॥
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ॥ 1॥
ਸੇਵਕ ਕਉ ਨਿਕਟੀ ਹੋਇ ਦਿਖਾਵੈ॥ ( ਆਸਾ ਮਹਲਾ 5, 403)
    ਗੁਰੂ ਅਮਰਦਾਸ ਜੀ ਦੇ ਰਾਗੁ ਮਾਰੂ ਵਿਚ ਬੜੇ ਅਨਮੋਲ ਬਚਨ ਹਨ ਕਿ ਕੂੜਾ ਤੇ ਝੂਠਾ ਲੋਭ-ਲਾਲਚ ਛੱਡ ਕੇ, ਖੋਟੇ ਵਪਾਰ ਨੂੰ ਤਿਆਗ ਕੇ, ਸੱਚਾ ਤੇ ਸੁੱਚਾ ਵਪਾਰ ਕਰਨ ਨਾਲ ਜੀਵਨ ਵਿਚ ਕਿਸੇ ਪ੍ਰਕਾਰ ਦੀ ਕਦੀ ਕੋਈ ਤੋਟ ਨਹੀਂ ਆਉਂਦੀ:
ਸਚਾ ਸਉਦਾ ਸਚੁ ਵਾਪਾਰਾ।
ਨ ਤਿਥੈ ਭਰਮੁ ਨ ਦੂਜਾ ਪਸਾਰਾ॥
ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ॥
(ਅੰਗ 1050)