ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਔਰਤਾਂ ਦੀ ਰੱਖਿਆ ਗੁਰੂ ਸਾਹਿਬਾਨ ਦੀ ਬਾਣੀ ਨਾਲ ਸੰਭਵ ਹੈ


ਜਬਰ-ਜਨਾਹ ਦੀਆਂ ਘਟਨਾਵਾਂ ਨਵੀਆਂ ਨਹੀਂ, ਇਹ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਅਤੇ ਹੁਣ ਵੀ ਹੋ ਰਹੀਆਂ ਹਨ। ਸਵੇਰੇ ਅਖਬਾਰ ਚੁੱਕਣ ਸਾਰ ਹੀ ਪਹਿਲੀ ਨਜਰ ਕਿਸੇ ਨਾ ਕਿਸੇ ਥਾਂ ਵਾਪਰੀ ਜਬਰ-ਜਨਾਹ ਦੀ ਘਟਨਾ ਬਾਰੇ ਛਪੀ ਖਬਰ ਉੱਪਰ ਆਪਣੇ-ਆਪ ਹੀ ਜਾ ਪੈਂਦੀ ਹੈ। ਐਸੀਆਂ ਬਲਾਤਕਾਰੀ ਘਟਨਾਵਾਂ ਵੀ ਨਜਰ ’ਚ ਆਉਂਦੀਆਂ ਹਨ, ਜਿਨ੍ਹਾਂ ਬਾਰੇ ਛਪੀਆਂ ਖਬਰਾਂ ਪੜ੍ਹ ਕੇ ਦਿਲ ਦਹਿਲ ਜਾਂਦਾ ਹੈ। ਐਸੀਆਂ ਘਟਨਾਵਾਂ ਅਨੁਸਾਰ ਛੋਟੀਆਂ ਕਰੂੰਬਲੀਆਂ, ਕੱਚੀ ਉਮਰ ਦੀਆਂ ਬੱਚੀਆਂ ਵੀ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ। ਐਸੀਆਂ ਖਬਰਾਂ ਪੜ੍ਹ ਕੇ ਮਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਆਖਰ ਬੰਦੇ ਦੀ ਮਾਨਸਿਕਤਾ ਕਿਧਰ ਨੂੰ ਜਾ ਰਹੀ ਹੈ? ਇੰਜ ਲਗਦਾ ਹੈ ਜਿਵੇਂ ਬੰਦਾ ਪਸ਼ੂ ਬਿਰਤੀ ਦਾ ਸ਼ਿਕਾਰ ਹੋ ਰਿਹਾ ਹੈ। ਜਬਰ-ਜਨਾਹ ਦੀਆਂ ਘਟਨਾਵਾਂ ਦੀ ਅੱਜ ਸਾਰੇ ਦੇਸ ਅੰਦਰ ਚਰਚਾ ਹੈ। ਇਸ ਵੱਲ ਧਿਆਨ ਦਿੱਲੀ ਦੀ ਉਸ ਜਬਰ-ਜਨਾਹ ਦੀ ਘਟਨਾ ਨੇ ਦੁਆਇਆ ਹੈ, ਜਿਸ ’ਚ ਕੁਝ ਲੋਕਾਂ ਨੇ ਬੱਸ ਵਿਚ ਇਕ 23 ਵਰ੍ਹਿਆਂ ਦੀ ਕੁੜੀ ਨਾਲ ਪਸੂਆਂ ਨਾਲੋਂ ਵੀ ਵੱਧ ਸਰੀਰਕ ਜੁਲਮ ਕੀਤਾ, ਜਿਸ ਦੀ ਤਾਬ ਨਾਲ ਕੁੜੀ ਦੀ ਮੌਤ ਹੋ ਗਈ। ਇਸ ਘਟਨਾ ਨੇ ਦੇਸ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ।
ਦਿੱਲੀ ਵਿਚ ਇਸ ਘਟਨਾ ’ਤੇ ਰੋਸ ਪ੍ਰਗਟ ਕਰਨ ਲਈ ਭਾਰੀ ਪ੍ਰਦਰਸਨ ਕੀਤੇ ਗਏ। ਇਸ ਦੇ ਨਾਲ ਹੀ ਹਰ ਰੋਜ਼ ਅਖਬਾਰਾਂ ਵਿਚ ਲੇਖ ਆਉਣੇ ਸ਼ੁਰੂ ਹੋ ਗਏ, ਜਿਨ੍ਹਾਂ ‘ਚ ਜਬਰ-ਜਨਾਹ ਨੂੰ ਰੋਕਣ ਲਈ ਨਵੇਂ-ਨਵੇਂ ਸੁਝਾਅ ਦਿੱਤੇ ਜਾ ਰਹੇ ਹਨ। ਸਰਕਾਰ ਵੀ ਹਰਕਤ ਵਿਚ ਹੈ ਅਤੇ ਇਸ ਵੱਲੋਂ ਜਬਰ-ਜਨਾਹ ਰੋਕੂ ਕਾਨੂੰਨ ਨੂੰ ਹੋਰ ਸਖਤ ਬਣਾਉਣ ਦੀ ਪ੍ਰਕਿਰਿਆ ਸੁਰੂ ਕੀਤੀ ਗਈ ਹੈ। ਇਸ ਸਬੰਧ ਵਿਚ ਜਿਹੜੀ ਗੱਲ ਦੇਖਣ ਵਾਲੀ ਹੈ, ਉਹ ਹੈ ਲੋਕਾਂ ਦੀ ਮਾਨਸਿਕਤਾ ਦੀ। ਸਾਡੀ ਸਰਕਾਰ ਨੇ ਅਜੇ ਤੱਕ ਦੇਸ ਅੰਦਰ ਜਨਸੰਖਿਆ ਦੇ ਅੰਕੜਿਆਂ ‘ਚ ਆ ਰਹੀ ਤਬਦੀਲੀ ਵੱਲ ਧਿਆਨ ਨਹੀਂ ਦਿੱਤਾ। ਤਾਜਾ ਅੰਕੜਿਆਂ ਅਨੁਸਾਰ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ। 2001 ਦੀ ਮਰਦਮਸੁਮਾਰੀ ਅਨੁਸਾਰ 31.16 ਫੀਸਦੀ ਲੋਕਾਂ ਦੀ ਉਮਰ 25 ਵਰ੍ਹਿਆਂ ਤੋਂ ਹੇਠਾਂ ਸੀ। ਵਿਸਵ ਦੀ ਜਨਸੰਖਿਆ ਬਾਰੇ ਸੰਯੁਕਤ ਰਾਸਟਰ ਸੰਘ ਦੀ ਇਕ ਏਜੰਸੀ ਦਾ ਕਹਿਣਾ ਹੈ ਕਿ 2030 ਤੱਕ 65 ਫੀਸਦੀ ਤੋਂ ਵੱਧ ਲੋਕ 35 ਵਰ੍ਹਿਆਂ ਤੋਂ ਹੇਠਲੀ ਉਮਰ ਦੇ ਹੋਣਗੇ। 2020 ’ਚ ਭਾਰਤੀਆਂ ਦੀ ਔਸਤ ਉਮਰ 29 ਵਰ੍ਹੇ ਹੋਵੇਗੀ। ਭਾਰਤ ਵਿਚ ਸ਼ਹਿਰੀ ਆਬਾਦੀ ਵਧ ਰਹੀ ਹੈ। 2001 ਦੀ ਮਰਦਮਸੁਮਾਰੀ ਅਨੁਸਾਰ ਸ਼ਹਿਰੀ ਆਬਾਦੀ 28.53 ਫ਼ੀਸਦੀ ਸੀ, ਜਿਹੜੀ ਕਿ 2011 ’ਚ ਵਧ ਕੇ 31.16 ਫੀਸਦੀ ਹੋ ਗਈ।
2030 ਤੱਕ ਇਹ 40.76 ਫੀਸਦੀ ਦੇ ਅੰਕੜੇ ਤੱਕ ਪਹੁੰਚ ਜਾਵੇਗੀ। ਸ਼ਹਿਰੀ ਆਬਾਦੀ ਵਿਚ ਵਾਧਾ, ਰੁਜਗਾਰ ਦੀ ਭਾਲ ਲਈ ਪੇਂਡੂ ਇਲਾਕਿਆਂ ’ਚੋਂ ਲੋਕਾਂ ਦੇ ਸਹਿਰਾਂ ਵੱਲ ਪਲਾਇਨ ਕਾਰਨ ਹੋ ਰਿਹਾ ਹੈ। ਪਿੰਡਾਂ ’ਚੋਂ ਆਉਣ ਵਾਲੇ ਲੋਕ ਪਿਤਰੀ ਪ੍ਰਤੀਮਾਨਾਂ ਕਾਰਨ ਔਰਤਾਂ ਨਾਲ ਬਹੁਤਾ ਮੇਲ-ਜੋਲ ਵੀ ਨਹੀਂ ਰੱਖਦੇ। ਉਂਜ ਵੀ ਪਿੰਡਾਂ ’ਚ ਔਰਤਾਂ ਨੂੰ ਦਬਾਅ ਕੇ ਰੱਖਣ ਦੀ ਪ੍ਰਵਿਰਤੀ ਅੱਜ ਵੀ ਜਾਰੀ ਹੈ। ਪਿੰਡਾਂ ’ਚ ਕਾਮੁਕਤਾ ਨੂੰ ਦਬਾਅ ਕੇ ਰੱਖਣ ਦੀ ਕੋਸ਼ਿਸ਼ ਹੁੰਦੀ ਹੈ। ਐਸੀ ਹਾਲਤ ਵਿਚ ਸ਼ਹਿਰੀ  ਜਿੰਦਗੀ ਵੱਲ ਖਿੱਚਿਆ ਜਾਣ ਵਾਲਾ ਵਿਅਕਤੀ ਕਾਮੁਕਤਾ ਵੱਲ ਪ੍ਰਵਿਰਤ ਹੋ ਸਕਦਾ ਹੈ। ਐਸੇ ਹਾਲਾਤ ਹੀ ਹਨ, ਜਿਹੜੇ ਕਿ ਲੋਕਾਂ ਦੀ ਨੈਤਿਕਤਾ ਨੂੰ ਢਾਹ ਲਾ ਰਹੇ ਹਨ। ਲੋੜ ਇਸ ਢਾਹ ਨੂੰ ਰੋਕਣ ਦੀ ਹੈ। ਇਸ ਸਬੰਧ ਵਿਚ ਸਿੱਖ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਕਾਰਗਰ ਸਾਬਤ ਹੋ ਸਕਦਾ ਹੈ। ਸਿੱਖ ਧਰਮ ਵਿਚ ਔਰਤ ਨੂੰ ਬੜੀ ਵਡਿਆਈ ਦਿੱਤੀ ਗਈ ਹੈ। ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਉੱਚਾ ਦਰਜਾ ਦਿੰਦਿਆਂ ਆਪਣੀ ਬਾਣੀ ’ਚ ਕਿਹਾ ਹੈ ਕਿ ‘ਔਰਤ ਨੂੰ ਕਿਉਂ ਮਾੜਾ ਕਿਹਾ ਜਾਵੇ, ਜਿਹੜੀ ਕਿ ਰਾਜਿਆਂ, ਮਹਾਰਾਜਿਆਂ, ਸੰਤਾਂ, ਮਹਾਂਪੁਰਸਾਂ ਨੂੰ ਜਨਮ ਦਿੰਦੀ ਹੈ।’
ਇਸ ਗੱਲ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਅੱਗੇ ਤੋਰਿਆ ਹੈ। ਉਨ੍ਹਾਂ ਨੇ ਆਪਣੇ ਸਿੱਖ ਨੂੰ ਹਦਾਇਤ ਕੀਤੀ ਹੈ ਕਿ ‘ਸਿੱਖ ਜਿਸ ਔਰਤ ਨਾਲ ਅਨੰਦ ਕਾਰਜ ਕਰਦਾ ਹੈ, ਉਹੋ ਹੀ ਉਸ ਦੀ ਪਤਨੀ ਹੈ। ਉਸ ਤੋਂ ਬਿਨਾਂ ਵੱਡੀ ਉਮਰ ਦੀਆਂ ਔਰਤਾਂ ਉਸ ਲਈ ਮਾਤਾਵਾਂ ਤੇ ਭੈਣਾਂ ਹਨ ਤੇ ਛੋਟੀ ਉਮਰ ਦੀਆਂ ਲੜਕੀਆਂ ਪੁੱਤਰੀਆਂ ਹਨ।’ ਦਸਵੇਂ ਗੁਰੂ ਨੇ ਆਪਣੇ ਸਿੱਖਾਂ ਨੂੰ ਇਸ ਹਦਾਇਤ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਹੁਕਮ ਕੀਤਾ ਹੈ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ’ਚ ਬੰਦੇ ਨੂੰ ਪ੍ਰੇਰਿਤ ਕੀਤਾ ਹੈ ਕਿ ਬੰਦੇ ਦੇ ਨੇਤਰਾਂ ਨੂੰ ਪਰਾਈ ਔਰਤ ਦੇ ਰੂਪ ਵੱਲ ਨਹੀਂ ਦੇਖਣਾ ਚਾਹੀਦਾ-‘ਪਰ ਤਿ੍ਰਅ ਰੂਪੁ ਨ ਪੇਖੈ ਨੇਤ੍ਰ’। ਜੇਕਰ ਦੇਖਿਆ ਜਾਵੇ ਤਾਂ ਔਰਤਾਂ ਪ੍ਰਤੀ ਸਿੱਖ ਧਰਮ ਦੇ ਇਨ੍ਹਾਂ ਵਿਚਾਰਾਂ ਦਾ ਪ੍ਰਚਾਰ ਲੋਕਾਂ ਦੀ ਔਰਤ ਪ੍ਰਤੀ ਵਧ ਰਹੀ ਅਨੈਤਿਕਤਾ ਨੂੰ ਠੱਲ੍ਹ ਪਾਉਣ ਵਿਚ ਸਹਾਈ ਹੋ ਸਕਦਾ ਹੈ। ਸਿੱਖ ਸੰਗਠਨਾਂ, ਖਾਸ ਕਰਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੌਮ ਦੇ ਜਥੇਦਾਰਾਂ ਨੂੰ ਇਸ ਲਈ ਬੀੜਾ ਚੁੱਕਣਾ ਚਾਹੀਦਾ ਹੈ।
ਇਸ ਸਿਲਸਿਲੇ ’ਚ ਇਥੇ ਸ਼੍ਰੀ ਰਾਮਾਕਿ੍ਰਸਨ ਮੱਠ ਵੱਲੋਂ ਫਰਵਰੀ 1963 ’ਚ ‘ਇੰਜ ਕਿਹਾ ਗੁਰੂ ਨਾਨਕ ਦੇਵ ਨੇ’ ਨਾਂਅ ਦੀ ਪ੍ਰਕਾਸ਼ਤ ਕੀਤੀ ਗਈ ਪਾਕਟ ਪੁਸਤਕ ਦਾ ਜ਼ਿਕਰ ਕਰਨਾ ਚਾਹਾਂਗਾ। ਮੱਠ ਨੇ ਇਸ ਪੁਸਤਕ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਚੋਣਵੇਂ ਸਲੋਕ ਦਰਜ ਕੀਤੇ ਹਨ, ਜਿਹੜੇ ਮਨੁੱਖ ਨੂੰ ਕੁਕਰਮਾਂ ਤੋਂ ਰੋਕਦੇ ਅਤੇ ਪ੍ਰਮਾਤਮਾ ਨਾਲ ਜੋੜਦੇ ਹਨ। ਮੱਠ ਨੇ ਇਸ ਪੁਸਤਕ ਦੀ ਪਰਿਭਾਸਾ ’ਚ ਲਿਖਿਆ ਹੈ ਕਿ ‘ਜਦੋਂ ਕਿ ਦੇਸ ਬੜੇ ਸੰਕਟ ‘ਚੋਂ ਲੰਘ ਰਿਹਾ ਹੈ ਤਾਂ ਅਸੀਂ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪ੍ਰਕਾਸ਼ਿਤ ਕਰਨ ਬਾਰੇ ਸੋਚਿਆ ਹੈ। ਸਿੱਖ ਧਰਮ ਨੇ ਅਨੇਕਾਂ ਧਾਰਮਿਕ ਆਗੂ ਅਤੇ ਯੋਧੇ ਪੈਦਾ ਕੀਤੇ ਹਨ, ਜਿਹੜੇ ਕਿ ਆਪਣੀ ਮਾਤਭੂਮੀ ਦੀ ਰਾਖੀ ਲਈ ਹਮੇਸਾ ਤਤਪਰ ਰਹੇ ਹਨ। ਸ੍ਰੀ ਗੁਰੂ ਨਾਨਕ ਦੀ ਬਾਣੀ ਭਾਵੇਂ ਪੰਜ ਸੌ ਸਾਲ ਪਹਿਲਾਂ ਉਚਾਰੀ ਗਈ ਸੀ ਪਰ ਇਸ ਦੀ ਪ੍ਰਭਾਵਿਕਤਾ, ਸ਼ਕਤੀ ਅਤੇ ਪ੍ਰੇਰਨਾ ਉਸ ਤਰ੍ਹਾਂ ਹੀ ਅੱਜ ਵੀ ਕਾਇਮ ਹੈ, ਜਿਵੇਂ ਕਿ ਇਹ ਇਸ ਦੀ ਰਚਨਾ ਸਮੇਂ ਸੀ।’ ਇਸ ਪੁਸਤਕ ’ਚ ਸਵਾਮੀ ਵਿਵੇਕਾਨੰਦ ਵੱਲੋਂ 1897 ’ਚ ਲਾਹੌਰ ਵਿਖੇ ਗੁਰੂ ਨਾਨਕ ਸਬੰਧੀ ਦਿੱਤੇ ਗਏ ਲੈਕਚਰ ਦੇ ਅੰਸ਼ ਦਿੱਤੇ ਗਏ ਹਨ, ਜਿਨ੍ਹਾਂ ਅਨੁਸਾਰ ਸਵਾਮੀ ਵਿਵੇਕਾਨੰਦ ਨੇ ਉਸ ਸਮੇਂ ਕਿਹਾ ਸੀ, ‘ਇਥੇ ਹੀ ਕੁਲਵੰਤ ਨਾਨਕ ਨੇ ਵਿਸ਼ਵ ਪ੍ਰੇਮ ਦਾ ਸੰਦੇਸ ਦਿੱਤਾ ਸੀ, ਇਥੇ ਹੀ ਉਨ੍ਹਾਂ ਨੇ ਆਪਣੇ ਵਿਸ਼ਾਲ ਹਿਰਦੇ ਦੀ ਗੱਲ ਲੋਕਾਂ ਸਾਹਮਣੇ ਰੱਖੀ ਸੀ ਅਤੇ ਆਪਣੀਆਂ ਦੋਵੇਂ ਬਾਂਹਾਂ ਫੈਲਾਅ ਕੇ ਨਾ ਕੇਵਲ ਹਿੰਦੂਆਂ ਨੂੰ ਹੀ, ਬਲਕਿ ਮੁਸਲਮਾਨਾਂ ਸਮੇਤ ਸਮੁੱਚੇ ਸੰਸਾਰ ਨੂੰ ਆਪਣੀ ਗਲਵਕੜੀ ’ਚ ਲਿਆ ਸੀ।’
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਾਲੀ ਇਹ ਪੁਸਤਕ 1963 ਤੋਂ ਲੈ ਕੇ ਮਾਰਚ 1980 ਤੱਕ 6 ਸੰਸਕਰਨਾਂ ‘ਚ ਪ੍ਰਕਾਸ਼ਿਤ ਕੀਤੀ ਗਈ ਅਤੇ ਇਸ ਦੀਆਂ ਇਕ ਲੱਖ ਕਾਪੀਆਂ ਛਾਪ ਕੇ ਵੰਡੀਆਂ ਗਈਆਂ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸ਼੍ਰੀ ਰਾਮਾਕਿ੍ਰਸਨ ਮਿਸ਼ਨ ਮੱਠ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸੰਸਾਰ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਸਮਝ ਕੇ ਉਸ ਨੂੰ ਪ੍ਰਚਾਰਨ ਲਈ ਏਨਾ ਵੱਡਾ ਉਪਰਾਲਾ ਕਰ ਸਕਦਾ ਹੈ ਤਾਂ ਸਿੱਖ ਸੰਗਠਨ ਇਸ ਪਾਸਿਓਂ ਕਿਉਂ ਅਵੇਸਲੇ ਹਨ? ਜੇਕਰ ਰਾਮਾਕਿ੍ਰਸਨ ਮਿਸ਼ਨ ਦੇ ਮੱਠ ਅਨੁਸਾਰ 1963 ਵਿਚ ਭਾਰਤ ਨੂੰ ਸੰਕਟ ਤੋਂ ਬਚਾਉਣ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਪ੍ਰਚਾਰ ਦੀ ਲੋੜ ਸੀ ਤਾਂ ਵਰਤਮਾਨ ਸਮਾਂ, ਜਦਕਿ ਲੋਕਾਂ ਦੀ ਨੈਤਿਕਤਾ ਰਸਾਤਲ ਵੱਲ ਜਾ ਰਹੀ ਹੈ, ਮੰਗ ਕਰਦਾ ਹੈ ਕਿ ਨੈਤਿਕਤਾ ਦੇ ਗੁਣਾਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਚਾਰ ਕਰਨ ਲਈ ਸਿੱਖ ਸੰਸਥਾਵਾਂ ਅੱਗੇ ਆਉਣ। ਵਰਤਮਾਨ ਸਮਾਂ ਐਸੇ ਪ੍ਰਚਾਰ ਲਈ ਸਹਾਈ ਹੋ ਸਕਦਾ ਹੈ। ਦਿੱਲੀ ’ਚ 16 ਦਸੰਬਰ 2012 ਨੂੰ ਬਲਾਤਕਾਰ ਦੀ ਵਾਪਰੀ ਘਟਨਾ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਕਿੰਨਾ ਦੁੱਖ ਹੋਇਆ, ਉਸ ਦਾ ਪਤਾ ਉਸ ਵੱਲੋਂ ਘਟਨਾ ਵਿਰੁੱਧ ਰੋਸ ਪ੍ਰਗਟ ਕਰਨ ਲਈ ਕੀਤੇ ਗਏ ਪ੍ਰਦਰਸ਼ਨ ਤੋਂ ਲਗਦਾ ਹੈ।
    ਨੌਜਵਾਨ ਪੀੜ੍ਹੀ ਪੜ੍ਹੀ-ਲਿਖੀ ਹੈ ਅਤੇ ਇਸ ਦੇ ਮਨ ਅੰਦਰ ਆਪਣੇ ਸਮਾਜ ਪ੍ਰਤੀ ਦਰਦ ਵੀ ਹੈ। ਇਸ ਨੂੰ ਜੇਕਰ ਸੇਧ ਮਿਲੇ ਤਾਂ ਇਹ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਬੜੀ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਦਿੱਲੀ ਵਿਚ ਇਸ ਨੇ ਬਲਾਤਕਾਰ ਦੀ ਘਟਨਾ ਵਿਰੁੱਧ ਜੋ ਪ੍ਰਦਰਸ਼ਨ ਕੀਤਾ, ਉਹ ਕਿਸੇ ਰਾਜਸੀ ਪਾਰਟੀ, ਨੇਤਾ ਜਾਂ ਧਾਰਮਿਕ ਸੰਗਠਨ ਦੁਆਰਾ ਪ੍ਰੇਰਿਤ ਨਹੀਂ ਸੀ ਬਲਕਿ ਨੌਜਵਾਨਾਂ ਅੰਦਰ ਪੈਦਾ ਹੋਏ ਗੁੱਸੇ ਦਾ ਪ੍ਰਗਟਾਵਾ ਸੀ, ਜੋ ਕਿ ਉਨ੍ਹਾਂ ਅੰਦਰ ਅਕਸਮਾਤ ਪੈਦਾ ਹੋ ਗਿਆ ਸੀ। ਨੌਜਵਾਨ ਪੀੜ੍ਹੀ ਕੋਲ ਜਬਰਦਸਤ ਸਮਾਜਿਕ ਮੀਡੀਆ ਹੈ, ਜਿਸ ਰਾਹੀਂ ਕਿਸੇ ਵੀ ਚੰਗੀ-ਮੰਦੀ ਘਟਨਾ ਦਾ ਸੁਨੇਹਾ ਮਿੰਟਾਂ-ਸਕਿੰਟਾਂ ਵਿਚ ਥਾਂ-ਥਾਂ ਪਹੁੰਚ ਜਾਂਦਾ ਹੈ। ਵਰਤਮਾਨ ਯੁੱਗ ਇੰਟਰਨੈੱਟ ਦਾ ਹੈ। ਭਾਰਤ ਵਿਚ ਸਮਾਜਿਕ ਮੀਡੀਆ ਵਰਤਣ ਵਾਲਿਆਂ ਦੀ ਗਿਣਤੀ ਨਵੰਬਰ 2011 ਵਿਚ ਜਿਥੇ 3 ਕਰੋੜ 80 ਲੱਖ ਸੀ, ਉਥੇ ਇਹ ਹੁਣ ਵਧ ਕੇ 6 ਕਰੋੜ ਤੋਂ ਉੱਪਰ ਹੋ ਗਈ ਹੈ। ਇੰਟਰਨੈੱਟ ਵਰਤਣ ਵਾਲਿਆਂ ਦੀ ਗਿਣਤੀ 13 ਕਰੋੜ 70 ਲੱਖ ਹੈ। ਇਸ ਦੀ ਵਰਤੋਂ ਕਰਨ ਵਾਲੇ 75 ਫੀਸਦੀ ਲੋਕਾਂ ਦੀ ਉਮਰ 35 ਸਾਲ ਤੋਂ ਥੱਲੇ ਦੀ ਹੈ। ਮੋਬਾਈਲ ਫੋਨ ਧਾਰਕਾਂ ਦੀ ਗਿਣਤੀ 93 ਕਰੋੜ 40 ਲੱਖ ਹੈ। ਸ਼ਹਿਰੀ ਨੌਜਵਾਨ ਪੀੜ੍ਹੀ ਇਸ ਰਾਹੀਂ ਇਕ-ਦੂਜੇ ਨਾਲ ਜੁੜੀ ਹੋਈ ਹੈ। ਇਹ ਸੰਦੇਸ ਨੂੰ ਇਕ ਥਾਂ ਤੋਂ ਦੂਜੀ ਥਾਂ ‘ਤੇ ਤੁਰੰਤ ਪਹੁੰਚਾ ਦਿੰਦੀ ਹੈ।
    ਇਹ ਸਾਰੇ ਵਸੀਲੇ ਸਿੱਖ ਗੁਰੂਆਂ ਦੀ ਬਾਣੀ ਨੂੰ ਪ੍ਰਚਾਰਨ ਲਈ ਸਹਾਈ ਹੋਣਗੇ ਅਤੇ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਸਮਾਜ ਅੰਦਰ ਸੁਧਾਰ ਲਿਆਉਣ ਅਤੇ ਲੋਕਾਂ ਅੰਦਰ ਨੈਤਿਕਤਾ ਪੈਦਾ ਕਰਨ ਲਈ ਸੇਧ ਮਿਲੇਗੀ। ਸਮਾਜ ‘ਚੋਂ ਬੁਰਾਈਆਂ ਦੂਰ ਕਰਨ ਲਈ ਇਸ ਨਾਲ ਚੰਗਾ ਵਾਤਾਵਰਨ ਸਿਰਜਣ ਲਈ ਮਦਦ ਮਿਲੇਗੀ। ਜਬਰ-ਜਨਾਹ ਦੀਆਂ ਘਟਨਾਵਾਂ ਬਹੁਤ ਹੀ ਦੁੱਖ ਦੇਣ ਵਾਲੀਆਂ ਹਨ। 16 ਦਸੰਬਰ 2012 ਨੂੰ ਦਿੱਲੀ ’ਚ ਵਾਪਰੀ ਘਿਨਾਉਣੀ ਘਟਨਾ ਤੋਂ ਬਾਅਦ ਅੱਜ ਵੀ ਇਹ ਸਿਲਸਿਲਾ ਜਾਰੀ ਹੈ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਜਿੰਨੀ ਲੋੜ ਕਾਨੂੰਨ ਦੀ ਸਖਤੀ ਨਾਲ ਵਰਤੋਂ ਕਰਨ ਦੀ ਹੈ, ਉਸ ਨਾਲੋਂ ਵੱਧ ਲੋੜ ਲੋਕਾਂ ਦੇ ਡਿਗ ਰਹੇ ਨੈਤਿਕ ਪੱਧਰ ਨੂੰ ਬਚਾਉਣ ਦੀ ਹੈ। ਇਹ ਤਾਂ ਹੀ ਸੰਭਵ ਹੋਵੇਗਾ, ਜੇਕਰ ਲੋਕਾਂ ਨੂੰ ਸਦਗੁਣਾਂ ਦੀ ਸਮਝ ਪਵੇਗੀ। ਇਸ ਲਈ ਵਰਤਮਾਨ ਸੰਦਰਭ ’ਚ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਚਾਰ ਅਤੀ ਜਰੂਰੀ ਹੋ ਗਿਆ ਹੈ। ਸਿੱਖ ਸੰਸਥਾਵਾਂ ਨੂੰ ਇਸ ਲਈ ਯਤਨ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਦਾ ਕਦਮ ਦੇਸ ਅਤੇ ਕੌਮ ਦੇ ਹਿਤ ਵਿਚ ਹੋਵੇਗਾ।
-ਬਚਨ ਸਿੰਘ ਸਰਲ