ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


1985 ਦੇ ਮਤੇ ਨੂੰ ਲੈ ਤੇ ਜਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ, ਇਕ ਵਾਰੀ ਫਿਰ ਸਿੱਖ ਸੰਗਤਾਂ ਦੀ ਕਚਿਹਰੀ ‘ਚ


ਸੰਨ 1985 ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਥੇਦਾਰਾਂ ਦੀ ਇਕੱਤਰਤਾ ਵਿੱਚ ਸਰਬ ਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਸੀ, ਕਿ ਸਿੱਖ ਰਹਿਤ ਮਰਿਆਦਾ ਵਿੱਚ ਸੋਧ ਕਰਕੇ ਨਿਤਨੇਂਮ ਦੀਆਂ ਬਾਣੀਆਂ ਤਿੰਨ ਦੀ ਬਜਾਏ, ਪੰਜ ਕੀਤੀਆਂ ਗਈਆਂ ਹਨ, ਜਥੇਦਾਰਾਂ ਦੇ ਇਸ ਆਦੇਸ਼ ਨੂੰ ਅੱਜ ਤੱਕ ਕਿਸੇ ਵੀ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਨੇ ਲਾਗੂ ਕਰਾਉਣ ਦੀ ਜਾਂ ਤਾਂ ਲੋੜ ਨਹੀਂ ਸਮਝੀ ਜਾਂ ਫਿਰ ਹੁਣ ਤੱਕ ਇਹ ਹੁਕਮਨਾਮਾ ਅੱਖੋ ਪਰੋਖੇ ਹੀ ਹੋਈ ਗਿਆ ਹੈ। ਕਰੀਬ ਇਕ ਦਹਾਕੇ ਤੋ ਵਧੇਰੇ ਸਮਾਂ ਲਗਾ ਕੇ ਸਿੱਖ ਵਿਦਵਾਨਾਂ ਤੇ ਤਖਤਾਂ ਦੇ ਜਥੇਦਾਰਾਂ ਨੇ ਸਿੱਖ ਰਹਿਤ ਮਰਿਆਦਾ ਬਣਾਈ ਸੀ ਤੇ ਇਸ ਰਹਿਤ ਮਰਿਆਦਾ ਦਾ ਪੰਨਾ ਨੰਬਰ 9 ਤੇ ‘ਨਾਮ ਬਾਣੀ ਦਾ ਅਭਿਆਸ’ਦੇ ਸਿਰਲੇਖ ਹੇਠ ਲਿਖਿਆ ਗਿਆ ਹੈ, ਕਿ ‘ਸਿੱਖ ਅੰਮਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੂਰੂ’ ਦਾ ਨਾਮ ਜਪੇ, ਨਿਤਨੇਮ ਦਾ ਪਾਠ ਕਰੇ । ਨਿਤਨੇਂਮ ਦੀਆਂ ਬਾਣੀਆਂ ਇਹ ਹਨ: ਜਪੁ, ਜਾਪੁ ਅਤੇ ਸਵੈਯੇ (ਸ੍ਰਾਵਗ ਸੁਧ ਵਾਲੇ) ਪੜੀਆਂ ਜਾਣ। ਇਸੇ ਤਰ੍ਹਾਂ ‘ਸੋ ਦਰੁ ਰਹਿਰਾਸ’ ਸ਼ਾਮ ਵੇਲੇ ਸੂਰਜ ਡੁੱਬ ਜਾਣ ਉਪਰੰਤ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਵੀ ਸ਼ਾਮਲ ਹਨ :- ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੌ ਸ਼ਬਦ (ਸੋ ਦਰੁ ਲੈ ਕੇ ਸਰਣਿ ਪਰੇ ਕੀ ਰਾਖਹੁ ਸਰਮਾ ਤੱਕ) ਬੇਨਤੀ ਚੌਪਈ ਪਾਤਸ਼ਾਹੀ ਦਸਵੀ ਤੇ ਸਵੈਯਾ ਅਨੰਦ ਸਾਹਿਬ ਦੀਆਂ ਛੇ ਪਾਉੜੀਆਂ ਪੜੀਆਂ ਜਾਣ। ਇਸੇ ਤਰਾ ਰਾਤ ਨੂੰ ਸੌਣ ਵੇਲੇ ‘ਸੋਹਿਲਾ’ ਦੀ ਬਾਣੀ ਪੜਨੀ ਚਾਹੀਦੀ ਹੈ। ਅਰਦਾਸ ਵੀ ਕੀਤੀ ਜਾਵੇ।
28 ਅਪ੍ਰੈਲ 1985 ਨੂੰ ਸ੍ਰੀ ਅਕਾਲ ਤਖਤ ਤੇ ਹੋਈ ਪੰਜ ਜਥੇਦਾਰਾਂ ਦੀ ਇਕੱਤਰਤਾ ਵਿਚ ਨਿਤਨੇਮ ਦੀਆਂ ਬਾਣੀਆਂ ਵਿਚ ਸੋਧ ਕੀਤੀ ਗਈ’, ਜਿਸ ਵਿਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਨਿਤਨੇਮ ਦੀਆਂ ਬਾਣੀਆਂ ਵਿੱਚ ਦੋ ਬਾਣੀਆਂ ਦਾ ਵਾਧਾ ਕਰ ਦਿੱਤਾ ਗਿਆ। ਇਸ ਹੁਕਮਨਾਮੇ ਜਾਂ ਮੱਤੇ ਦਾ ਮੂਲ ਪਾਠ ਇਸ ਤਰ੍ਹਾਂ ਹੈ, ‘‘ਅੱਜ ਮਿਤੀ 28-4-85 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਹੇਠ ਲਿਖਿਆ ਮਤਾ ਪਾਸ ਸਰਬ ਸੰਮਤੀ ਨਾਲ ਪਾਸ ਹੋਇਆ। ‘ਸਿੱਖ ਰਹਿਤ ਮਰਿਆਦਾ ਦੇ ਪੰਨਾ 9 ਅਤੇ ਪੰਨਾ 26 ਉਪਰ ਨਿਤਨੇਮ ਦੀਆਂ ਬਾਣੀਆਂ ਵਿਚ ਇਸ ਤਰ੍ਹਾਂ ਸੋਧ ਕਰ ਦਿੱਤੀ ਜਾਵੇ। ‘ਜਾਪ, ਜਪੁ, 10 ਸਵੈਯੇ, ਬੇਨਤੀ ਚੌਪਈ ਤੇ ਆਨੰਦ ਦਰਜ ਕੀਤੀ ਜਾਵੇ। ਪੰਜ ਸਿੰਘ ਸਾਹਿਬਾਨ ਦੀ ਇਸ ਮੀਟਿੰਗ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ, ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸਾਹਿਬ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ , ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ ਅਤੇ ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਜਥੇਦਾਰ ਸੰਤ ਲੱਖਾ ਸਿੰਘ ਸ਼ਾਮਲ ਸਨ। ਤਖਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਸਿੰਘ ਸਾਹਿਬਾਨ ਦੇ ਇਸ ਹੁਕਮਨਾਮੇ ਨੂੰ ਅੱਜ ਤੱਕ ਲਾਗੂ ਕਿਉ ਨਹੀਂ ਕੀਤਾ ਗਿਆ। ਇਸ ਵਿਚ ਨਲਾਇਕੀ ਕਿਸ ਦੀ ਹੈ ਇਹ ਤਾਂ ਸਿੱਖ ਸੰਗਤਾਂ ਖੁਦ ਹੀ ਜਾਣ ਲੈਣਗੀਆਂ, ਪਰ ਸ੍ਰੋਮਣੀ ਕਮੇਟੀ ਦੇ ਇਕ ਵਿਦਵਾਨ ਸਕੱਤਰ ਸ੍ਰੀ ਰੂਪ ਸਿੰਘ ਨੇ ਇਕ ਕਿਤਾਬ ‘ਹੁਕਮਨਾਮੇ ਆਦੇਸ਼ ਤੇ ਸੰਦੇਸ਼’ ਲਿਖੀ ਹੈ, ਜਿਸ ਦੇ ਪੰਨਾ ਨੰਬਰ 116 ਤੇ ਨੰਬਰ 39 ਵਿਚ ਇਹ ਦਰਜ ਹੈ। ਖਾੜਕੂ ਸੁਰ ਰੱਖਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਬਾਰੇ ਜਾਣਕਾਰੀ ਮਿਲੀ ਹੈ, ਕਿ ਉਹਨਾਂ ਨੇ ਜਰੂਰ ਇਸ ਦਾ ਨੋਟਿਸ ਲਿਆ ਹੈ ਤੇ ਇਸ ਬਾਰੇ ਹੈਰਾਨੀ ਪ੍ਰਗਟ ਕੀਤੀ ਹੈ, ਕਿ ਜਥੇਦਾਰਾਂ ਦੁਆਰਾ 1985 ਵਿੱਚ ਪਾਸ ਕੀਤੇ ਗਏ ਮਤੇ ਦਾ ਹਾਲੇ ਤੱਕ ਨੋਟਿਸ ਕਿਉ ਨਹੀਂ ਲਿਆ ਗਿਆ।
    ਸ਼੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਮੀਤ ਪ੍ਰਧਾਨ ਸ੍ਰੀ ਬਲਦੇਵ ਸਿੰਘ ਸਿਰਸਾ ਪਹਿਲਾ ਹੀ ਸ਼੍ਰੋਮਣੀ ਕਮੇਟੀ ਦੁਆਰਾ ਹਿੰਦੀ ਵਿੱਚ ਛਪਵਾਈ ਗਈ ਸਿੱਖ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਸ੍ਰੋਮਣੀ ਕਮੇਟੀ ਪਰਧਾਨ ਤੇ ਜਥੇਦਾਰ ਅਕਾਲ ਤਖਤ ਦੀ ਗਲੇ ਦੀ ਹੱਡੀ ਬਣੇ ਹੋਏ ਹਨ ਤੇ ਉਲਟਾ ਦੂਸਰਾ ਮੁੱਦਾ ਅਖੰਡ ਕੀਰਤਨੀ ਜਥੇ ਵਾਲਿਆਂ ਨੇ ਖੜਾ ਕਰ ਦਿੱਤਾ ਹੈ। ਹੁਣ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਆਪਣੀ ਗਲਤੀ ਸਵੀਕਾਰ ਕਰਕੇ ਸੰਗਤਾਂ ਕੋਲੋ ਮੁਆਫੀ ਮੰਗਣੀ ਹੀ ਪਵੇਗੀ। ਪਰ ਕੌਣ ਸਾਹਿਬ ਨੂੰ ਆਖੇ .. .. .. ਇੰਜ ਨਹੀਂ ਇੰਜ ਕਰ!

ਜਸਬੀਰ ਸਿੰਘ ਪੱਟੀ - 09356024684