ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਨਸ਼ਿਆਂ ਦਾ ਮੱਕੜਜਾਲ


ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਦੀਆਂ ਦੋਵੇਂ ਮੁੱਖ ਪਾਰਟੀਆਂ ਇੱਕ-ਦੂਜੇ ’ਤੇ ਦੂਸ਼ਣ ਲਗਾ ਰਹੀਆਂ ਹਨ। ਇੱਕ ਧਿਰ ਕਹਿੰਦੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਹੜ੍ਹ ਨੂੰ ਰੋਕਣਾ ਕੇਂਦਰ ਦੀ ਜ਼ਿੰਮੇਵਾਰੀ ਹੈ ਜਦੋਂਕਿ ਦੂਜੀ ਅਨੁਸਾਰ ਇਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਇੱਕ-ਦੂਜੇ ’ਤੇ ਦੂਸ਼ਣ ਲਗਾਉਣ ਦੀ ਥਾਂ ਪੰਜਾਬ ਹਿਤੈਸ਼ੀ ਧਿਰਾਂ ਮਿਲ ਕੇ ਵਿਚਾਰਨ ਕਿ ਨਸ਼ਿਆ ਦੀ ‘ਮਹਾਂਮਾਰੀ’ ਦੇ ਅੱਥਰੇ ਘੋੜੇ ਨੂੰ ਕਿਵੇਂ ਲਗਾਮ ਲਗਾਈ ਜਾਵੇ। ਪੰਜਾਬ ਅਤੇ ਕੇਂਦਰ ਨੂੰ ਨਸ਼ਿਆਂ ਦੇ ਇਸ ਹੜ੍ਹ ਨੂੰ ਰੋਕਣ ਲਈ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ। ਇੱਕ ਰਿਪੋਰਟ ਅਨੁਸਾਰ ਪੰਜਾਬ ਦੇ ਪਿੰਡਾਂ ਵਿੱਚ 76.47 ਫ਼ੀਸਦੀ ਲੋਕ ਰੋਜ਼ ਸ਼ਰਾਬ ਪੀਣ ਦੇ ਆਦੀ ਹਨ। ਸਰਕਾਰ ਨੇ ਪੰਜਾਬ ਹਾਈ ਕੋਰਟ ਵਿੱਚ ਹਲਫ਼ਨਾਮਾ ਦਾ ਦਾਖਲ ਕਰਵਾ ਕੇ ਆਪ ਵੀ ਮੰਨਿਆ ਸੀ ਕਿ ਪੰਜਾਬ ਵਿੱਚ 70 ਫ਼ੀਸਦੀ ਨੌਜਵਾਨ ਨਸ਼ਿਆਂ ਦੀ ਜਿਲ੍ਹਣ ਵਿੱਚ ਫਸ ਚੁੱਕੇ ਹਨ। ਪੰਜਾਬ ਵਿੱਚ 2005 ਤੋਂ 2011 ਦੇ ਛੇ ਸਾਲਾਂ ਦਰਮਿਆਨ ਪ੍ਰਤੀ ਜੀਅ ਸ਼ਰਾਬ ਦੀ ਵਰਤੋਂ 2.5 ਲਿਟਰ ਤੋਂ ਵਧ ਕੇ 4.9 ਲਿਟਰ ਹੋ ਗਈ ਹੈ। ਸਰਕਾਰ ਦੀ ਆਮਦਨੀ ਦਾ ਮੁੱਖ ਸਾਧਨ ਸ਼ਰਾਬ ਦੇ ਠੇਕਿਆਂ ਤੋਂ ਹੋ ਰਹੀ ਕਰੋੜਾਂ ਰੁਪਇਆ ਦੀ ਵਸੂਲੀ ਹੈ। ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਅਤੇ ਕੋਟਾ ਵਧਾਇਆ ਜਾ ਰਿਹਾ ਹੈ। 2006 ਵਿੱਚ ਪੰਜਾਬ ਵਿੱਚ ਠੇਕਿਆਂ ਦੀ ਗਿਣਤੀ 4912 ਸੀ ਜੋ ਸਾਲ 2012 ਵਿੱਚ ਵਧ ਕੇ 12,188 ਹੋ ਗਈ ਹੈ। ਜਿਹੜੀ ਪੰਚਾਇਤ ਨੇ ਮਤਾ ਪਾਸ ਕਰ ਕੇ ਕਿਹਾ ਕਿ ਸਾਡੇ ਪਿੰਡ ਵਿੱਚ ਠੇਕਾ ਨਾ ਖੋਲ੍ਹਿਆ ਜਾਵੇ, ਸਰਕਾਰ ਨੇ ਧੱਕੇ ਅਤੇ ਪੁਲੀਸ ਦੀ ਸਹਾਇਤਾ ਨਾਲ ਉੱਥੇ ਵੀ ਸ਼ਰਾਬ ਦਾ ਠੇਕਾ ਖੋਲ੍ਹਿਆ।
ਨਸ਼ਿਆਂ ਦੀ ਸੂਚੀ ਬਹੁਤ ਲੰਮੀ ਹੈ। ਸਸਤੇ ਅਤੇ ਸੌਖਿਆਂ ਪਹੁੰਚ ਵਿੱਚ ਆਉਣ ਵਾਲੇ ਨਸ਼ੇ ਸਧਾਰਨ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ। ਮਹਿੰਗੇ ਨਸ਼ੇ ਅਮੀਰਜ਼ਾਦਿਆਂ, ਮੰਤਰੀਆਂ, ਚੇਅਰਮੈਨਾਂ, ਅਫ਼ਸਰਾਂ ਦੇ ਵਿਹਲੜ ਅਤੇ ਵਿਗੜੇ ਕਾਕਿਆਂ ਦੀ ਅੱਯਾਸ਼ੀ, ਖਰੂਦ ਅਤੇ ਹਉਮੈ ਨੂੰ ਪੱਠੇ ਪਾਉਂਦੇ ਹਨ। ਕਰੈਕਸ, ਫੈਂਸੀ, ਲੋਮੋਟਿਲ, ਪਾਰਵਨ, ਸਮਾਸ, ਪ੍ਰੋਕਸੀਵਨ, ਡੈਕਸੋਵਨ, ਮਿੱਠੀ ਸਿਗਰਟ, ਸਿਗਰਟ-ਬੀੜੀ, ਜ਼ਰਦਾ, ਗੁਟਖਾ, ਚੁਟਕੀ, ਮਾਊਥ ਫਰੈਸ਼ਨਰ, ਮਾਰਫੀਨ, ਨੌਰਫੀਨ ਦੇ ਟੀਕੇ, ਲੋਮੋਟਿਨ ਦੀਆਂ ਗੋਲੀਆਂ, ਪੋਸਤ, ਡੋਡੇ, ਛਿਪਕਲੀ ਦੀ ਪੂਛ ਕੱਟ ਕੇ ਤੇ ਸਾੜ ਕੇ ਖਾਣਾ,  ਬਰੈਡ ’ਤੇ ਆਇਓਡੈਕਸ ਲਾ ਕੇ ਖਾਣਾ,  ਨਾਰਫਿਨ, ਫੋਰਟਵਿਨ ਅਤੇ ਪਸ਼ੂਆਂ ਨੂੰ ਲਾਉਣ ਵਾਲੇ ਟੀਕੇ, ਅਫ਼ੀਮ, ਭੁੱਕੀ, ਗਾਂਜਾ, ਚਰਸ, ਸਮੈਕ, ਕੋਕੀਨ, ਬਰਾਊਨ ਸ਼ੂਗਰ, ਹਸ਼ੀਸ਼, ਐਸ.ਐਲ.ਡੀ., ਪਾਨ ਮਸਾਲੇ ਅਤੇ ਸ਼ਰਾਬ ਆਦਿ ਨਸ਼ੇ ਆਮ ਹੀ ਵਰਤੇ ਜਾਂਦੇ ਹਨ। ਨਸ਼ਿਆਂ ਲਈ ਨਸ਼ੇੜੀਆਂ ਨੇ ਕੋਡ ਨਾਮ ਰੱਖੇ ਹੋਏ ਹਨ ਜਿਵੇਂ ਫੈਂਸੀ ਡਰਿਲ ਨੂੰ ਪੈਪਸੀ, ਕੋਰੈਕਸ ਨੂੰ ਕੋਕ, ਪਰੋਕਸੀਵਨ ਕੈਪਸੂਲ ਨੂੰ ਬਦਾਮ ਕਿਹਾ ਜਾਂਦਾ ਹੈ। ਪਿੰਡ ਵਿੱਚ ਜਦੋਂ ਭੁੱਕੀ ਦੀ ਗੱਡੀ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਜਹਾਜ਼ ਆ ਗਿਆ। ਕਈ ਅਨਪੜ੍ਹ ਲੋਕ ਡੰਗਰਾਂ ਵਾਲੇ ਟੀਕੇ ਲਗਾ ਕੇ ਆਪਣੇ ਗੁਰਦੇ ਖਰਾਬ ਕਰ ਚੁੱਕੇ ਹਨ।
ਸ਼ਰਾਬ, ਪੰਜਾਬ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਸ਼ਾ ਹੈ। ਖੇਤਰ ਅਤੇ ਵਸੋਂ ਦੇ ਅਨੁਪਾਤ ਅਨੁਸਾਰ ਸ਼ਰਾਬ ਦੀ ਖਪਤ ਭਾਰਤ ਵਿੱਚ ਹੀ ਨਹੀਂ, ਸੰਸਾਰ ਭਰ ਵਿੱਚ ਸਭ ਤੋਂ ਵੱਧ ਪੰਜਾਬ ਵਿੱਚ ਹੁੰਦੀ ਹੈ। ਪੰਜਾਬ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਪੰਦਰਾਂ ਤੋਂ ਵੱਧ ਹਨ ਜਦੋਂਕਿ ਸੱਤ ਹੋਰ ਲਗਾਈਆਂ ਜਾ ਰਹੀਆਂ ਹਨ। ਸਰਕਾਰ ਇਨ੍ਹਾਂ ਫੈਕਟਰੀਆਂ ਨੂੰ 500 ਕਰੋੜ ਰੁਪਏ ਦੀ ਸਹਾਇਤਾ ਦਿੰਦੀ ਹੈ। ਸ਼ਰਾਬ ਦੀ ਵੱਧ ਤੋਂ ਵੱਧ ਵਿਕਰੀ ਨਾਲ ਖਾਲੀ ਖ਼ਜ਼ਾਨਾ ਭਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਿੱਚ ਹਰ ਸਾਲ 20-22 ਫ਼ੀਸਦੀ ਦਾ ਵਾਧਾ ਹੋ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਸ਼ਰਾਬ ਦੀ ਸਾਲਾਨਾ ਖਪਤ 30 ਕਰੋੜ ਬੋਤਲਾਂ ਹੁੰਦੀ ਹੈ। ਇਸ ਤੋਂ ਇਲਾਵਾ ਕੁਝ ਲੋਕ ਸ਼ਰਾਬ ਆਪ ਵੀ ਕੱਢਦੇ, ਪੀਂਦੇ ਅਤੇ ਵੇਚਦੇ ਹਨ। ਇੱਕ ਰਿਪੋਰਟ ਅਨੁਸਾਰ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹਰ ਸਾਲ 40,000 ਤੋਂ ਵੱਧ ਮੌਤਾਂ ਹੁੰਦੀਆਂ ਹਨ। ਤੰਬਾਕੂ-ਸਿਗਰਟ, ਬੀੜੀ, ਜ਼ਰਦਾ ਅਤੇ ਗੁਟਖਾ ਜਾਨਲੇਵਾ ਨਸ਼ੇ ਹਨ। ਤੰਬਾਕੂ ਦੀ ਵਰਤੋਂ ਨਾਲ ਫੇਫੜੇ ਕਮਜ਼ੋਰ ਹੋ ਜਾਂਦੇ ਹਨ। ਅਲਸਰ ਅਤੇ ਕੈਂਸਰ ਦੀਆਂ ਬੀਮਾਰੀਆਂ ਵਿੱਚ ਵਾਧਾ ਤੰਬਾਕੂ ਦੀ ਬੇਤਹਾਸ਼ਾ ਵਰਤੋਂ ਕਾਰਨ ਹੈ। ਤੰਬਾਕੂ ਦੀ ਖੇਤੀ ਚੀਨ ਅਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਭਾਰਤ ਵਿੱਚ ਹੁੰਦੀ ਹੈ। ਇੱਕ ਰਿਪੋਰਟ ਅਨੁਸਾਰ ਭਾਰਤ ਹਰ ਸਾਲ ਲਗਪਗ 53 ਕਰੋੜ ਕਿਲੋਗ੍ਰਾਮ ਤੰਬਾਕੂ ਦਾ ਉਤਪਾਦਨ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਵਿੱਚ ਪ੍ਰਤੀ ਦਿਨ 11,000 ਲੋਕ ਤੰਬਾਕੂ ਦੀ ਵਰਤੋਂ ਕਰ ਕੇ ਮਾਰੇ ਜਾਂਦੇ ਹਨ ਜਦੋਂਕਿ 8000 ਤੰਬਾਕੂਨੋਸ਼ੀਆਂ ਦੇ ਫੇਫੜੇ ਫੇਲ੍ਹ ਹੋ ਜਾਂਦੇ ਹਨ। ਭਾਰਤ ਵਿੱਚ ਹਰ ਰੋਜ਼ ਪੰਜ ਹਜ਼ਾਰ ਬੱਚੇ ਸਿਗਰਟ ਅਤੇ ਬੀੜੀ ਦੇ ਨਸ਼ੇ ਦੀ ਲਪੇਟ ਵਿੱਚ ਆ ਜਾਂਦੇ ਹਨ। ਇੱਕ ਰਿਪੋਰਟ ਅਨੁਸਾਰ ਸੰਸਾਰ ਵਿੱਚ ਹਰ ਸਾਲ 10 ਲੱਖ ਔਰਤਾਂ ਦੀ ਮੌਤ ਸਿਗਰਟ ਪੀਣ ਕਰਕੇ ਹੋ ਜਾਂਦੀ ਹੈ। ਹਰ ਸਿਗਰਟ ਪੀਣ ਨਾਲ ਸਾਢੇ ਪੰਜ ਮਿੰਟ ਜ਼ਿੰਦਗੀ ਘਟਦੀ ਹੈ। ਤੰਬਾਕੂ ਵਿਰੋਧੀ ਸੰਸਥਾ ਦੇ ਚੈਅਰਮੈਨ ਡਾ. ਧੀਰੇਂਦਰ ਨਾਰਾਇਣ ਸਿਨਹਾ ਅਨੁਸਾਰ ਸਿਗਰਟਨੋਸ਼ੀ ਵਿੱਚ ਹਰ ਸਾਲ 20 ਫ਼ੀਸਦੀ ਵਾਧਾ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਕਿ ਪਹਿਲੀ ਦਸੰਬਰ 2004 ਤੋਂ ਸਕੂਲਾਂ ਅਤੇ ਕਾਲਜਾਂ ਦੇ 100 ਮੀਟਰ ਦੇ ਘੇਰੇ ਤਕ ਸਿਗਰਟ-ਤੰਬਾਕੂ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ ਪਰ ਇਹ ਹੁਕਮ ਕਿੰਨਾ ਕੁ ਲਾਗੂ ਹੋ ਰਿਹਾ ਹੈ, ਇਹ ਗੱਲ ਸਭ ਜਾਣਦੇ ਹਨ। ਕੇਂਦਰੀ ਸਿਹਤ ਮੰਤਰੀ ਨੇ ਬੜਾ ਵਾਜਬ ਫ਼ੈਸਲਾ ਕਰਦਿਆ ਫ਼ਿਲਮਾਂ ਅਤੇ ਟੀ.ਵੀ. ਸੀਰੀਅਲਾਂ ਵਿੱਚ ਸਿਗਰਟ ਜਾਂ ਬੀੜੀ ਪੀਣ ਦੇ ਦਿ੍ਰਸ਼ ਕੱਟਣ ਲਈ ਕਿਹਾ ਸੀ ਪਰ ਫ਼ਿਲਮ ਨਿਰਮਾਤਾ ਅਦਾਲਤ ਵਿੱਚ ਚਲੇ ਗਏ। 30 ਅਪਰੈਲ 2004 ਤੋਂ ਭਾਰਤ ਵਿੱਚ ਸਾਰੀਆਂ ਜਨਤਕ ਥਾਵਾਂ, ਰੇਲ ਗੱਡੀਆਂ, ਪਲੇਟਫਾਰਮਾਂ, ਰੇਲਵੇ ਹਾਤਿਆਂ, ਬੱਸਾਂ, ਹਸਪਤਾਲਾਂ, ਸਕੂਲਾਂ, ਕਾਲਜਾਂ, ਪਾਰਕਾਂ ਆਦਿ ਵਿੱਚ ਸਿਗਰਟ-ਬੀੜੀ ਪੀਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਭਾਰਤ ਦੀ ਸਰਵਉੱਚ ਅਦਾਲਤ ਨੇ 22 ਨਵੰਬਰ 2001 ਨੂੰ ਸਰਵਜਨਕ ਥਾਵਾਂ ਉੱਤੇ ਸਿਗਰਟ ਜਾਂ ਬੀੜੀ ਪੀਣ, ਪਾਨ ਥੁੱਕਣ ’ਤੇ ਪਾਬੰਦੀ ਲਗਾ ਦਿੱਤੀ ਸੀ। ਅਜਿਹੀਆਂ ਲੋਕ ਹਿੱਤ ਪਾਬੰਦੀਆਂ ਨੂੰ ਲਾਗੂ ਕਰਨਾ ਸਥਾਨਕ ਸਰਕਾਰਾਂ ਅਤੇ ਪੁਲੀਸ ਦੀ ਡਿਊਟੀ ਬਣਦੀ ਹੈ  ਭਾਰਤ ਵਿਚ 30 ਕਰੋੜ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ। ਅਮਰੀਕਾ ਦੀ ਬਹੁਕੌਮੀ ਵਿਲਜ਼ ਸਿਗਰਟਾਂ ਦੀ ਤੰਬਾਕੂ ਕੰਪਨੀ ਭਾਰਤੀ ਕਿ੍ਰਕਟ ਖਿਡਾਰੀਆਂ ਨੂੰ ਵਿਲਜ਼ ਠੱਪੇ ਵਾਲੀਆਂ ਕਮੀਜ਼ਾਂ ਦੀ ਇਸ਼ਤਿਹਾਰਬਾਜ਼ੀ ਤੋਂ 6,000 ਕਰੋੜ ਰੁਪਏ ਤੋਂ ਵੱਧ ਕਮਾ ਰਹੀ ਹੈ। ਅਮਰੀਕਾ ਆਪ ਕਿ੍ਰਕਟ ਨਹੀਂ ਖੇਡਦਾ ਪਰ ਭਾਰਤੀ ਕਿ੍ਰਕਟ ਰਾਹੀਂ ਆਪਣੀ ਵਿਲਜ਼ ਸਿਗਰਟ ਕੰਪਨੀ ਨੂੰ ਜ਼ਰੂਰ ਅਰਬਾਂ ਦਾ ਲਾਭ ਦਿਵਾ ਰਿਹਾ ਹੈ। ਸੰਸਾਰ ਵਿੱਚ ਮੰਨਿਆ ਹੋਇਆ ਅਫ਼ੀਮ ਦੀ ਵਰਤੋਂ ਕਰਨ ਵਾਲਾ ਮੁਲਕ ਚੀਨ ਅਫ਼ੀਮ ’ਤੇ ਪਾਬੰਦੀ ਲਗਾ ਕੇ  ਸੰਸਾਰ ਸ਼ਕਤੀ ਬਣ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ ਸ਼ਰਾਬ, ਭੁੱਕੀ ਅਤੇ ਸਮੈਕ ਸਮੇਤ ਹੋਰ ਨਸ਼ਿਆਂ ਦੀ ਵਰਤੋਂ ’ਤੇ ਪਾਬੰਦੀ ਲਗਾ ਸਕਦਾ? ਭਾਰਤ ਦਾ ਸੂਬਾ ਗੁਜਰਾਤ ਸ਼ਰਾਬ ’ਤੇ ਪਾਬੰਦੀ ਲਗਾ ਕੇ ਵਿਕਾਸ ਵਿੱਚ ਸਿਖ਼ਰਾਂ ਛੋਹ ਰਿਹਾ ਹੈ ਤਾਂ ਫਿਰ ਪੰਜਾਬ ਅਜਿਹਾ ਕਿਉਂ ਨਹੀਂ ਕਰ ਸਕਦਾ? ਦਿ੍ਰੜ ਇਰਾਦੇ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਇਸ ਦੀ ਨੌਜਵਾਨ ਪੀੜ੍ਹੀ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਪ੍ਰੋ. ਹਮਦਰਦਵੀਰ ਨੌਸ਼ਹਿਰਵੀ