ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਆਓ! ਮਿੱਟੀ ਨਾਲ ਸਾਂਝ ਪਾਈਏ


ਅਜੋਕੇ ਯੁੱਗ ਵਿੱਚ ਮਨੁੱਖ ਕੁਦਰਤੀ ਢੰਗ-ਤਰੀਕਿਆਂ ਨਾਲ ਜੀਵਨ ਜਿਉਣ ਨਾਲੋਂ ਟੁੱਟ ਕੇ ਆਪਣੀ ਆਰਾਮ ਪ੍ਰਸਤੀ ਦੀ ਜ਼ਿੰਦਗੀ ਜਿਉਣ ਲਈ ਪੈਦਾ ਕੀਤੇ ਸਾਧਨਾਂ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ ਲੱਗ ਪਿਆ ਹੈ। ਇਸ ਨਾਲ ਮਨੁੱਖ ਦਿਨ ਪ੍ਰਤੀ ਦਿਨ ਸਰੀਰਕ, ਮਾਨਸਿਕ ਅਤੇ ਅਧਿਆਤਮਕ ਤੌਰ ‘ਤੇ ਕਮਜ਼ੋਰ ਹੁੰਦਾ ਜਾ ਰਿਹਾ ਹੈ। ਕੁਦਰਤੀ ਸਾਧਨਾਂ ਤੋਂ ਦੂਰੀ ਅਤੇ ਆਰਾਮਪ੍ਰਸਤੀ ਦੀ ਜੀਵਨਸ਼ੈਲੀ ਹੀ ਮਨੁੱਖੀ ਸਰੀਰ ਨੂੰ ਰੋਗੀ ਬਣਾ ਰਹੀ ਹੈ। ਧਰਤੀ ‘ਤੇ ਜੀਵਨ ਦੀ ਉਤਪਤੀ ਅਤੇ ਵਿਕਾਸ ਲਈ ਕੁਦਰਤੀ ਪੰਜ ਤੱਤਾਂ ਵਿੱਚੋਂ ਮਿੱਟੀ ਇੱਕ ਮਹੱਤਵਪੂਰਨ ਤੱਤ ਹੈ। ਧਰਤੀ ਦੀ ਮਿੱਟੀ ਵਿੱਚ ਬਹੁਤ ਸਾਰੇ ਗੁਣ ਮੌਜੂਦ ਹਨ ਪਰ ਅੱਜ-ਕੱਲ੍ਹ ਅਸੀਂ ਧਰਤੀ ਨੂੰ ਨੰਗੇ ਪੈਰ ਛੂੰਹਦੇ ਤਕ ਵੀ ਨਹੀਂ ਹਾਂ। ਅਸੀਂ ਆਪਣੇ ਘਰਾਂ, ਦਫ਼ਤਰਾਂ, ਸੜਕਾਂ ਅਤੇ ਹੋਰ ਸਾਰੀਆਂ ਥਾਵਾਂ ਪੱਕੀਆਂ ਕਰੀ ਜਾ ਰਹੇ ਹਾਂ ਤੇ ਕਦੇ ਵੀ ਮਿੱਟੀ ‘ਤੇ ਪੈਰ ਜਾਂ ਸਰੀਰ ਦਾ ਕੋਈ ਅੰਗ ਲੱਗਣ ਹੀ ਨਹੀਂ ਦੇ ਰਹੇ। ਇਸੇ ਲਈ ਸਾਡੇ ਸਰੀਰ ਅੰਦਰਲੇ ਅਣਚਾਹੇ ਦ੍ਰਵ ਜਿਹੜੇ ਸਾਨੂੰ ਬੀਮਾਰੀਆਂ ਲਗਾਉਂਦੇ ਹਨ, ਸਰੀਰ ਵਿੱਚੋਂ ਬਾਹਰ ਨਹੀਂ ਨਿਕਲਦੇ।
ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਮਿੱਟੀ ‘ਤੇ ਪੈਰ ਧਰਨ ਤੋਂ ਗੁਰੇਜ਼ ਨਾ ਕਰੋ। ਸੌਣ ਲਈ ਵਧੀਆ ਗੱਦੇ, ਵਧੀਆ ਚਾਦਰਾਂ ਵਿਛਾ ਕੇ ਵੀ ਅਸੀਂ ਕਹਿੰਦੇ ਹਾਂ ਕਿ ਨੀਂਦ ਨਹੀਂ ਆਈ। ਅਸੀਂ ਜੇਕਰ ਤੰਦਰੁਸਤ ਜੀਵਨ ਅਤੇ ਗੂੜ੍ਹੀ ਨੀਂਦ ਲੈਣੀ ਚਾਹੁੰਦੇ ਹਾਂ ਤਾਂ ਸਾਨੂੰ ਮਖ਼ਮਲੀ ਚਾਦਰ ਅਤੇ ਵਧੀਆ ਬੈੱਡ ਦੀ ਜ਼ਰੂਰਤ ਨਹੀਂ, ਧਰਤੀ ‘ਤੇ ਸੌਂ ਕੇ ਵੀ ਸਾਨੂੰ ਚੰਗੀ ਨੀਂਦ ਆ ਸਕਦੀ ਹੈ। ਸਾਫ਼, ਪੱਧਰੀ ਧਰਤੀ ਉਪਰ ਚੰਗੀ ਤਰ੍ਹਾਂ ਸਾਫ਼ ਸੁਥਰੀ ਛਾਣੀ ਹੋਈ ਮਿੱਟੀ ਦੀ ਚਾਦਰ ਵਿਛਾਓ ਅਤੇ ਉਸ ਉਪਰ ਸੌਣ ਦਾ ਆਨੰਦ ਮਾਣੋ। ਧਰਤੀ ਗਿੱਲੀ ਜਾਂ ਸਿੱਲੀ ਨਹੀਂ ਹੋਣੀ ਚਾਹੀਦੀ ਤੇ ਚਾਦਰ ਵਾਂਗ ਵਿਛਾਉਣ ਵਾਲੀ ਮਿੱਟੀ ਵੀ ਸੁੱਕੀ ਹੋਣੀ ਚਾਹੀਦੀ ਹੈ। ਇਸ ਮਿੱਟੀ ਦੀ ਚਾਦਰ ਉਪਰ ਜੇਕਰ ਸੌਣ ਤੋਂ ਕੁਝ ਸੰਕੋਚ ਲੱਗੇ ਤਾਂ ਜਾਲੀਦਾਰ ਕੱਪੜਾ ਜਾਂ ਚਟਾਈ ਪਹਿਲਾਂ ਵਿਛਾ ਕੇ ਸੌਣਾ ਚਾਹੀਦਾ ਹੈ। ਅਜਿਹਾ ਆਸਣ ਜੇਕਰ ਖੁੱਲ੍ਹੇ ਥਾਂ ‘ਤੇ ਲਗਾਇਆ ਜਾਵੇ ਤਾਂ ਕਹਿਣਾ ਹੀ ਕੀ ਹੈ। ਜੇਕਰ ਅਜਿਹਾ ਸੰਭਵ ਨਾ ਹੋਵੇ ਜਾਂ ਮੌਸਮ ਬਰਸਾਤ ਦਾ ਹੋਵੇ ਤਾਂ ਕਮਰੇ ਦੇ ਅੰਦਰ ਹੀ ਮਿੱਟੀ ਦੀ ਚਾਦਰ ਵਿਛਾਈ ਜਾ ਸਕਦੀ ਹੈ। ਇਸ  ਉਪਰ ਸੌਣ ਨਾਲ ਸਭ ਤੋਂ ਪਹਿਲਾ ਲਾਭ ਤਾਂ ਹੋਵੇਗਾ ਕਿ ਸਰੀਰਕ ਸੁਸਤੀ ਚਲੀ ਜਾਵੇਗੀ ਅਤੇ ਚੇਤਨਤਾ ਆਵੇਗੀ ਹੈ। ਸਰੀਰ ਅੰਦਰਲੀਆਂ ਅੰਤੜੀਆਂ ਵਿੱਚ ਜਮੀ ਹੋਈ ਗੰਦਗੀ ਬਾਹਰ ਨਿਕਲਣੀ ਸ਼ੁਰੂ ਹੋ ਜਾਵੇਗੀ। ਇਸ ਨਾਲ ਪਾਚਨ ਅਤੇ ਨਾੜੀ ਤੰਤਰ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਜੇਕਰ ਕੋਈ ਪੂਰੀ ਰਾਤ ਇਸ ਮਿੱਟੀ ਦੀ ਚਾਦਰ ‘ਤੇ ਨਹੀਂ ਸੌਂ ਸਕਦਾ ਤਾਂ ਉਹ ਘੱਟੋ-ਘੱਟ ਇੱਕ ਜਾਂ ਦੋ ਘੰਟੇ ਤਾਂ ਜ਼ਰੂਰ ਮਿੱਟੀ ਦੀ ਇਸ ਚਾਦਰ ‘ਤੇ ਸੌਂਵੇ।
ਮਿੱਟੀ ‘ਤੇ ਨੰਗੇ ਪੈਰ ਚੱਲਣਾ:
ਇਹ ਠੀਕ ਹੈ ਕਿ ਸਾਰਾ ਦਿਨ ਕੋਈ ਮਨੁੱਖ ਨੰਗੇ ਪੈਰੀਂ ਨਹੀਂ ਚੱਲ ਸਕਦਾ ਪਰ ਜਦੋਂ ਵੀ ਕਦੇ ਸਮਾਂ ਮਿਲੇ ਤਾਂ ਨੰਗੇ ਪੈਰੀਂ ਜ਼ਰੂਰ ਚੱਲਣਾ ਚਾਹੀਦਾ ਹੈ। ਨਹਿਰਾਂ, ਸੂਇਆਂ, ਬਾਗ਼-ਬਗੀਚੇ  ਅਤੇ ਘਰਾਂ ਦੇ ਲਾਅਨਾਂ ਵਿੱਚ ਜਿੱਥੇ ਵੀ ਸਾਫ਼ ਮਿੱਟੀ ਮਿਲੇ, ਉਸ ‘ਤੇ ਨੰਗੇ ਪੈਰੀਂ ਜ਼ਰੂਰ ਤੁਰਨ ਦਾ ਯਤਨ ਕਰਨਾ ਚਾਹੀਦਾ ਹੈ। ਫਾਦਰ ਨੀਪ ਅਨੁਸਾਰ,”ਜਿਹੜੇ ਮਨੁੱਖ ਨੰਗੇ ਪੈਰੀਂ ਮਿੱਟੀ ‘ਤੇ ਤੁਰਦੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ, ਸਿਰਦਰਦ ਠੀਕ ਹੁੰਦਾ ਹੈ, ਨਜਲਾ-ਜ਼ੁਕਾਮ ਠੀਕ ਹੁੰਦਾ ਹੈ। ਪੈਰ ਸੋਹਣੇ, ਸੁੰਦਰ, ਮਜ਼ਬੂਤ ਅਤੇ ਬਦਬੂ ਰਹਿਤ ਹੋ ਜਾਂਦੇ ਹਨ।” ਇਸ ਤੋਂ ਇਲਾਵਾ ਨੰਗੇ ਪੈਰੀਂ ਸਵੇਰ-ਸ਼ਾਮ ਤੁਰਨ ਨਾਲ ਮਾਨਸਿਕ ਪ੍ਰੇਸ਼ਾਨੀ ਦੂਰ ਹੁੰਦੀ ਹੈ ਅਤੇ ਯਾਦ ਸ਼ਕਤੀ ਵੀ ਵਧ ਜਾਂਦੀ ਹੈ।
- ਰੀਤੂ ਗਰਗ