ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੈਂਸਰ ਦੀ ਮਾਰ ਅਤੇ ਪੰਜਾਬ


ਮਨਿੰਦਰ ਸਿੰਘ
ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ‘ਚ 33000 ਲੋਕ ਕੈਂਸਰ ਦੀ ਭੇਟ ਚੜ੍ਹ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਹਰ ਇੱਕ ਲੱਖ ਵਿਅਕਤੀਆਂ ਪਿੱਛੇ ਪੰਜਾਬ ਵਿੱਚ 90 ਵਿਅਕਤੀ ਕੈਂਸਰ ਗ੍ਰਸਤ ਹਨ ਜਦੋਂਕਿ ਦੂਜੇ ਖੇਤਰਾਂ ਵਿੱਚ ਇਹ ਗਿਣਤੀ 80 ਹੈ। ਅਸਲ ਵਿੱਚ ਜ਼ਮੀਨੀ ਪੱਧਰ ‘ਤੇ ਹਾਲਾਤ ਹੋਰ ਵੀ ਭਿਆਨਕ ਹਨ। ਕੈਂਸਰ ਸ਼ਬਦ ਸੁਣਦਿਆਂ ਸਾਰ ਅੱਜ ਇਨਸਾਨ ਦਹਿਲ ਜਾਂਦਾ ਹੈ। ਅੱਜ ਸੰਸਾਰ ਭਰ ਵਿੱਚ ਕੈਂਸਰ ਅਤੇ ਏਡਜ਼ ਵਰਗੇ ਰੋਗ ਮਨੁੱਖਤਾ ਨੂੰ ਦਰਪੇਸ਼ ਵੱਡੇ ਖ਼ਤਰੇ ਬਣ ਕੇ ਉਭਰ ਰਹੇ ਹਨ। ਕੈਂਸਰ ਪ੍ਰਤੀ ਅੱਜ ਆਮ ਵਰਗ ਜ਼ਿਆਦਾ ਜਾਣੂ ਨਹੀਂ ਹੈ ਅਤੇ ਥੋੜ੍ਹੀ ਜਾਣਕਾਰੀ ਉਸ ਦੇ ਡਰ ਦਾ ਕਾਰਨ ਹੈ।
    ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਕੈਂਸਰ ਮਨੁੱਖੀ ਸਰੀਰ ਦੇ ਸੈੱਲਾਂ ਦਾ ਲਗਾਤਾਰ ਅਤੇ ਅਨਿਸ਼ਚਿਤ ਵਾਧਾ ਹੈ। ਮਨੁੱਖ ਦਾ ਪੂਰਾ ਸਰੀਰ ਸੈੱਲਾਂ ਤੋਂ ਬਣਿਆ ਹੋਇਆ ਹੈ। ਆਮ ਤੌਰ ‘ਤੇ ਇਨ੍ਹਾਂ ਦਾ ਵਾਧਾ ਇੱਕ ਨਿਸ਼ਚਿਤ ਅਨੁਪਾਤ ਵਿੱਚ ਹੁੰਦਾ ਹੈ। ਅਚਾਨਕ ਹੋਏ ਵਾਧੇ ਤੋਂ ਹੀ ਗਿਲਟੀਆਂ, ਜਿਨ੍ਹਾਂ ਨੂੰ ਟਿਊਮਰ ਵੀ  ਕਿਹਾ ਜਾਂਦਾ ਹੈ, ਬਣ ਜਾਂਦੇ ਹਨ। ਜ਼ਿਆਦਾਤਰ ਇਹ ਸੈੱਲ ਖ਼ੂਨ ਦੇ ਰਸਤੇ ਪੂਰੇ ਸਰੀਰ ਵਿੱਚ ਫੈਲ ਜਾਂਦੇ ਹਨ। ਇੰਜ ਇਹ ਕੈਂਸਰ ਦੇ ਸੈੱਲ ਨਾੜੀਆਂ ਅਤੇ ਲਸੀਕਾਂ ਵਿੱਚ ਦਾਖ਼ਲ ਹੋ ਜਾਂਦੇ ਹਨ। ਇਹ ਸੈੱਲ ਰੂਪ-ਰੇਖਾ ਪੱਖੋਂ ਆਮ ਸੈੱਲਾਂ ਵਾਂਗ ਹੀ ਜਾਪਦੇ ਹਨ। ਇਹ ਸਰੀਰ ਦੇ ਕਿਸੇ ਵੀ ਹਿੱਸੇ ਵੱਲ ਵਧ ਸਕਦੇ ਹਨ, ਟਿਸ਼ੂਆਂ ਵਿਚਾਲੇ ਪਈ ਖਾਲੀ ਥਾਂ ਵੀ ਇਨ੍ਹਾਂ ਦਾ ਘਰ ਹੋ ਸਕਦੀ ਹੈ। ਟਿਸ਼ੂ ਤੋਂ ਅੱਗੇ ਇਹ ਅੰਗਾਂ ਦੇ ਅੰਦਰ ਵੀ ਪ੍ਰਵੇਸ਼ ਕਰ ਜਾਂਦੇ ਹਨ। ਇਸ ਤਰ੍ਹਾਂ ਇਨ੍ਹਾਂ ਦੇ ਸਥਾਨਾਂ ਦੇ ਅਧਾਰ ਉੱਤੇ ਵੱਖੋ-ਵੱਖਰੇ ਕੈਂਸਰ ਬਣ ਜਾਂਦੇ ਹਨ ਜਿਵੇਂ ਖ਼ੂਨ, ਦਿਮਾਗ, ਹੱਡੀਆਂ ਦਾ ਕੈਂਸਰ। ਆਮ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਤਕ ਕੈਂਸਰ ਦੇ ਸੈੱਲ ਕਿਸੇ ਦੂਜੇ ਅੰਗ ਨੂੰ ਪ੍ਰਭਾਵਿਤ ਨਹੀਂ ਕਰਦੇ, ਇਹ ਇਲਾਜ ਅਧੀਨ ਹੁੰਦੇ ਹਨ, ਪਰ ਜਦੋਂ ਇਹ ਪੂਰੇ ਸਰੀਰ ਵਿੱਚ ਫੈਲ ਜਾਂਦੇ ਹਨ ਤਾਂ ਇਲਾਜ ਬੜਾ ਹੀ ਔਖਾ ਹੋ ਜਾਂਦਾ ਹੈ। ਜ਼ਿਆਦਾਤਰ ‘ਪਹਿਲੀ ਸਟੇਜ’ ਤਕ ਕੈਂਸਰ ਦਾ ਪਤਾ ਹੀ ਨਹੀਂ ਚੱਲਦਾ। ਇਹ ਉਦੋਂ ਹੀ ਪਤਾ ਚੱਲਦਾ ਹੈ, ਜਦੋਂ ਇਹ ਅੱਗੇ ਵਧ ਚੁੱਕਾ ਹੁੰਦਾ ਹੈ। ਇਸ ਰੋਗ ਪਿੱਛੇ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ।
ਜਿੱਥੋਂ ਤਕ ਫੇਫੜਿਆਂ ਦੇ ਕੈਂਸਰ ਦੀ ਗੱਲ ਹੈ, ਸਿਗਰਟਨੋਸ਼ੀ ਇਸ ਪਿੱਛੇ ਪ੍ਰਮੁੱਖ ਕਾਰਨ ਹੈ। ਲਗਾਤਾਰ ਸਿਗਰਟ ਪੀਣ ਨਾਲ ਇਨਸਾਨ ਕੈਂਸਰ ਦੀ ਮਾਰ ਹੇਠ ਆ ਜਾਂਦਾ ਹੈ। ਤੰਬਾਕੂ ਅਤੇ ਸੁਪਾਰੀ ਮੂੰਹ ਦਾ ਕੈਂਸਰ ਪੈਦਾ ਕਰਦੇ ਹਨ। ਜੇ ਤੁਸੀਂ ਰਸਾਇਣਕ ਪਦਾਰਥਾਂ ਜਿਵੇਂ ਆਰਸੈਨਿਕ, ਯੂਰੇਨੀਅਮ, ਕੋਲਾ ਆਦਿ ਨਾਲ ਜੁੜਿਆ ਕੰਮ ਕਰਦੇ ਹੋ, ਤਾਂ ਵੀ ਤੁਹਾਨੂੰ ਕੈਂਸਰ ਪ੍ਰਭਾਵਿਤ ਕਰ ਸਕਦਾ ਹੈ। ਕਾਰਖਾਨਿਆਂ ਵਿੱਚ ਕੰਮ ਕਰ ਰਹੇ ਮਜ਼ਦੂਰ ਇਸ ਕਾਰਨ ਹੀ ਕੈਂਸਰ ਤੋਂ ਪ੍ਰਭਾਵਿਤ ਹੋ ਜਾਂਦੇ ਹਨ।
* ਰੇਡੀਓ-ਐਕਟਿਵ,ਐਕਸ-ਰੇ-ਕਿਰਨਾਂ ਕੈਂਸਰ ਉਪ- ਜਾਉਂਦੀਆਂ ਹਨ। ਪਰਮਾਣੂ ਅਤੇ ਹਾਈਡਰੋਜਨ ਬੰਬਾਂ ਵਿੱਚੋਂ ਨਿਕਲਦੀਆਂ ਕਿਰਨਾਂ ਵੀ ਕੈਂਸਰ ਦਾ ਕਾਰਨ ਬਣਦੀਆਂ ਹਨ।
* ਆਧੁਨਿਕ ਕੈਮੀਕਲ ਸਿੰਗਾਰਾਤਮਕ ਸਮੱਗਰੀ ਦੀ ਵਰਤੋਂ, ਗਰਭ ਨਿਰੋਧਕ ਗੋਲੀਆਂ ਡੀ.ਡੀ.ਟੀ. ਦੀ ਵਧੇਰੇ ਵਰਤੋਂ ਵੀ ਕੈਂਸਰ ਨੂੰ ਬੁਲਾਵਾ ਹੈ।
* ਛਾਤੀ ਦਾ ਕੈਂਸਰ, ਆਂਦਰਾਂ ਦਾ ਕੈਂਸਰ ਜ਼ਿਆਦਾ ਮਾਸਾਹਾਰੀ ਭੋਜਨ ਅਤੇ ਚਿਕਨਾਈ ਵਾਲੇ ਪਦਾਰਥਾਂ ਤੋਂ ਉਤਪੰਨ ਹੁੰਦਾ ਹੈ।
* ਇਸ ਤੋਂ ਇਲਾਵਾ ਕੈਂਸਰ ਦਾ ਰੋਗ ਜਨਮ ਤੋਂ ਵੀ ਹੋ ਸਕਦਾ ਹੈ। ਖੋਜ ਮੁਤਾਬਕ 5 ਤੋਂ 8 ਪ੍ਰਤੀਸ਼ਤ ਲੋਕਾਂ ਵਿਚ ਇਹ ਰੋਗ ਜਨਮ ਤੋਂ ਹੀ ਹੁੰਦਾ ਹੈ।
* ਘੱਟ, ਅਸੰਤੁਲਿਤ ਭੋਜਨ ਖਾਣਾ, ਤੇਲ ਵਾਲੇ ਪਦਾਰਥਾਂ ਦਾ ਸੇਵਨ, ਹਾਰਮੋਨਾਂ ਦਾ ਅਸੰਤੁਲਨ ਵੀ ਕੈਂਸਰ ਨੂੰ ਪੈਦਾ ਕਰਦਾ ਹੈ।
ਕੈਂਸਰ ਦਾ ਰੋਗ ਲਾਇਲਾਜ ਨਹੀਂ ਹੈ, ਪਹਿਲੀ ਸਟੇਜ ਤੋਂ ਤਾਂ 80-90 ਪ੍ਰਤੀਸ਼ਤ ਇਲਾਜ ਦਰ ਨਾਲ ਰੋਗੀ ਅਰੋਗ ਹੋਏ ਹਨ। ਕਾਫ਼ੀ ਸ਼ਕਤੀਸ਼ਾਲੀ ਗਾਮਾ ਕਿਰਨਾਂ ਤੋਂ ਇਨ੍ਹਾਂ ਕੈਂਸਰ ਸੈੱਲਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ।
    ਚਾਹੇ ਕਈ ਵਾਰ ਤੰਦਰੁਸਤ ਸੈੱਲ ਵੀ ਪ੍ਰਭਾਵਿਤ ਹੁੰਦੇ ਹਨ ਪਰ ਇਹੋ ਇਲਾਜ ਦੀ ਪ੍ਰਕਿਰਿਆ ਹੈ। ਸਾਨੂੰ ਅੱਜ ਆਪਣੀ ਜੀਵਨ ਸ਼ੈਲੀ, ਖਾਣ-ਪੀਣ ਅਤੇ ਵਾਤਾਵਰਨ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ, ਉਦੋਂ ਹੀ ਸਾਡਾ ਪੰਜਾਬ ਭਵਿੱਖ ਵਿੱਚ ਅਰੋਗ ਰਹਿ ਸਕਦਾ ਹੈ।