ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦਿਲ ਦਾ ਦੌਰਾ: ਕੁਝ ਸਾਵਧਾਨੀਆਂ


ਦਿਲ ਇੱਕ ਅਜਿਹਾ ਜਬਰਦਸਤ ਪੰਪ ਹੈ ਜੋ ਬਿਨਾਂ ਥੱਕੇ ਅਤੇ ਬਿਨਾਂ ਆਰਾਮ ਕੀਤਿਆਂ ਵਿਅਕਤੀ ਦੀ ਪੂਰੀ ਉਮਰ ਕੰਮ ਕਰਦਾ ਹੈ। ਇਹ ਪੰਪ ਹਰੇਕ  ਮਿੰਟ ਵਿੱਚ 5 ਤੋਂ 6 ਲਿਟਰ ਖ਼ੂਨ ਨੂੰ ਪੰਪ ਕਰ ਕੇ ਅੱਗੇ ਭੇਜਦਾ ਹੈ ਜੋ ਸਰੀਰ ਦੇ ਸਾਰੇ ਅੰਗਾਂ ਅਤੇ ਤੰਤੂਆਂ ਨੂੰ ਆਕਸੀਜਨ ਤੇ ਤਾਕਤ ਪ੍ਰਦਾਨ ਕਰਦਾ ਹੈ ਜਿਸ ਵਿੱਚ ਦਿਲ ਦੇ ਪੱਠੇ ਵੀ ਸ਼ਾਮਲ ਹਨ। ਵਧਦੀ ਉਮਰ ਨਾਲ ਖ਼ੂਨ ਦੀਆਂ ਨਾੜੀਆਂ ਦੇ ਅੰਦਰ ਚਰਬੀ ਦੀ ਇੱਕ ਪੇਪੜੀ ਜੰਮ ਜਾਂਦੀ ਹੈ ਜਿਸ ਨਾਲ ਨਾੜੀ ਦਾ ਬੋਰ ਤੰਗ ਹੋ ਜਾਂਦਾ ਹੈ, ਇਸ ਨੂੰ ਹੀ ‘ਐਥਰੋਸਕਲੀਰੋਸਿਸ’ ਕਿਹਾ ਜਾਂਦਾ ਹੈ। ਇਹ ਚਰਬੀ ਜਦੋਂ ਦਿਲ ਦੇ ਪੱਠਿਆਂ ਨੂੰ ਖ਼ੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਵਿੱਚ ਜੰਮਦੀ ਹੈ ਤਾਂ ਦਿਲ ਨੂੰ ਖ਼ੁਦ ਨੂੰ ਪੂਰੀ ਤਾਕਤ ਨਹੀਂ ਮਿਲਦੀ। ਇਸ ਨੂੰ ਕੋਰੋਨਾਰੀ ਆਰਟਰੀ ਡਿਸੀਜ਼ ਕਿਹਾ ਜਾਂਦਾ ਹੈ। ਲੋਕਾਂ ਦੀ ਧਾਰਨਾ ਹੈ ਕਿ ਇਹ ਚਰਬੀ ਵਡੇਰੀ ਉਮਰ ਵਿੱਚ ਹੀ ਜੰਮਦੀ ਹੈ ਜਦੋਂਕਿ ਅਸਲ ਵਿੱਚ ਇਹ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਦਿਮਾਗ ਦੀ ਨਾੜੀ ਵਿੱਚ ਪੇਪੜੀ ਜੰਮ ਜਾਵੇ ਤਾਂ ਸਟਰੋਕ, ਦਿਲ ਦੀ ਨਾੜੀ ‘ਚ ਹੋਵੇ ਤਾਂ ਛਾਤੀ ਵਿੱਚ ਦਰਦ, ਦਿਲ ਦਾ ਦੌਰਾ/ ਅਚਾਨਕ ਮੌਤ ਅਤੇ ਲੱਤਾਂ ਦੀਆਂ ਨਾੜੀਆਂ ‘ਚ ਹੋਵੇ ਤਾਂ ਉਂਗਲਾਂ ਕਾਲੀਆਂ ਹੋ ਕੇ ਝੜ ਜਾਂਦੀਆਂ ਹਨ (ਗੈਂਗਰੀਨ)।
ਕੋਰੋਨਾਰੀ ਆਰਟਰੀ ਡਿਸੀਜ਼: ਹੋ ਸਕਦਾ ਹੈ ਕਿ ਕਾਫ਼ੀ ਸਮਾਂ ਕੋਈ ਵੀ ਸਮੱਸਿਆ ਨਾ ਹੋਵੇ ਜਾਂ ਪੌੜੀਆਂ ਚੜ੍ਹਨ ਜਾਂ ਭਾਰਾ ਕੰਮ ਕਰਨ ਵੇਲੇ ਛਾਤੀ ਵਿੱਚ ਪੀੜ ਹੁੰਦੀ ਹੋਵੇ ਜਾਂ ਫਿਰ ਦਿਲ ਦਾ ਦੌਰਾ ਪੈ ਜਾਵੇ ਅਤੇ ਇਲਾਜ ਨਾਲ ਵਿਅਕਤੀ ਠੀਕ ਹੋ ਜਾਵੇ ਤੇ ਜਾਂ ਫਿਰ ਵੱਡਾ ਦੌਰਾ ਪਵੇ ਤੇ ਅਚਾਨਕ ਮੌਤ ਹੋ ਜਾਵੇ। ਦੁਨੀਆਂ ਭਰ ਵਿੱਚ ਦਿਲ ਦੇ ਦੌਰੇ ਕਾਰਨ ਸਭ ਤੋਂ ਵੱਧ ਜਾਨਾਂ ਚਲੀਆਂ ਜਾਂਦੀਆਂ ਹਨ। ਹਰ ਸਾਲ ਅੰਦਾਜ਼ਨ ਸਾਢੇ ਬਾਰਾਂ ਮਿਲੀਅਨ ਵਿਅਕਤੀ ਇਸ ਦੀ ਬਲੀ ਚੜ੍ਹ ਜਾਂਦੇ ਹਨ। ਭਾਵੇਂ ਜਾਗਰੂਕਤਾ ਕਰਕੇ ਪਿਛਲੇ ਕੁਝ ਸਾਲਾਂ ਦੌਰਾਨ ਦਿਲ ਦੇ ਦੌਰੇ ਸਬੰਧੀ ਕੇਸਾਂ ਦੀ ਗਿਣਤੀ ਘਟੀ ਹੈ ਪਰ ਫਿਰ ਵੀ ਵਿਕਾਸਸ਼ੀਲ ਦੇਸ਼ਾਂ ਅਤੇ ਭਾਰਤ ਵਿੱਚ ਇਹ ਇੱਕ ਵੱਡੀ ਸਮੱਸਿਆ ਹੈ।
ਦਿਲ ਦਾ ਦੌਰਾ ਅਤੇ ਭਾਰਤੀ ਲੋਕ: ਭਾਰਤੀਆਂ ਵਿੱਚ ਇਹ ਰੋਗ ਹੋਣ ਦੇ ਵਧੇਰੇ ਮੌਕੇ ਹੁੰਦੇ ਹਨ। ਭਾਰਤ ਵਿੱਚ ਅਮਰੀਕੀਆਂ ਨਾਲੋਂ 3.4 ਗੁਣਾ, ਚੀਨੀਆਂ ਨਾਲੋਂ 6 ਗੁਣਾ ਅਤੇ ਜਪਾਨੀਆਂ ਨਾਲੋਂ 20 ਗੁਣਾ ਵਧੇਰੇ ਐਥਰੋਸਕੀਰੋਸਿਸ/ਦਿਲ ਦੇ ਦੌਰੇ ਹੁੰਦੇ ਹਨ। ਖ਼ੂਨ ਵਿੱਚ ਘੱਟ ਕੋਲੈਸਟਰੋਲ ਨਾਲ ਵੀ ਇਹ ਤਹਿ ਜੰਮ ਜਾਂਦੀ ਹੈ। ਭਾਰਤੀਆਂ ਵਿੱਚ ਇਹ ਮੁਕਾਬਲਤਨ ਛੋਟੀ ਉਮਰ ਵਿੱਚ ਹੋ ਜਾਂਦੀ ਹੈ। ਬਾਕੀਆਂ ਦੇ ਮੁਕਾਬਲੇ 5 ਤੋਂ 10 ਸਾਲ ਘੱਟ ਉਮਰ ਵਿੱਚ ਦੂਜਿਆਂ ਨਾਲੋਂ ਭਾਰਤੀਆਂ ‘ਚ ਵਧ ਖ਼ਤਰਨਾਕ ਹੁੰਦੀ ਹੈ ਤੇ ਦੂਜੇ ਅਟੈਕ ਦਾ ਖ਼ਤਰਾ 3 ਗੁਣਾ ਵਧੇਰੇ ਹੁੰਦਾ ਹੈ। ਮੌਤਾਂ ਦੀ ਗਿਣਤੀ ਵੀ ਗੋਰਿਆਂ ਨਾਲੋਂ ਦੋ ਗੁਣਾ ਜ਼ਿਆਦਾ ਹੁੰਦੀ ਹੈ।
ਦਿਲ ਦਾ ਦੌਰਾ ਪੈਣ ਦੇ ਕਾਰਨ: ਘਿਓ, ਮੱਖਣ, ਚਰਬੀ, ਮਿਠਾਈਆਂ ਅਤੇ ਹੋਰ ਭੋਜਨ ਖਾਣ ਵੇਲੇ ਨਾ ਤਾਂ ਅਸੀਂ ਕਿਸੇ ਤਰ੍ਹਾਂ ਦਾ ਹਿਸਾਬ ਰੱਖਦੇ ਹਾਂ ਅਤੇ ਨਾ ਹੀ ਬਲੱਡ ਪ੍ਰੈਸ਼ਰ, ਸ਼ੂਗਰ ਤੇ ਮੋਟਾਪੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਸਾਡਾ ਮਾਹੌਲ ਹੀ ਕੁਝ ਅਜਿਹਾ ਹੋ ਗਿਆ ਹੈ ਕਿ ਅਸੀਂ ਖਾਂਦੇ ਤਾਂ ਰਹਿੰਦੇ ਹਾਂ ਪਰ ਵਰਜਿਸ਼ ਵੇਲੇ ਟਾਲਾ ਵੱਟ ਜਾਂਦੇ ਹਾਂ। ਸ਼ਹਿਰੀਕਰਨ ਇਸ ਦਾ ਇੱਕ ਹੋਰ ਕਾਰਨ ਹੈ ਜਿਸ ਨਾਲ ਸਾਡਾ ਜੀਵਨ-ਢੰਗ ਬਦਲ ਗਿਆ ਹੈ।
ਕਿਵੇਂ ਵਧਦਾ ਹੈ ਖ਼ਤਰਾ? : ਭਾਵੇਂ ਤੁਹਾਡੀ ਉਮਰ (ਔਰਤਾਂ ਦੀ 45 ਸਾਲ ਤੋਂ ਅਤੇ ਮਰਦਾਂ ਦੀ 55 ਸਾਲ ਤੋਂ ਵਡੇਰੀ), ਤੁਹਾਡਾ ਮਰਦ ਜਾਂ ਔਰਤ ਹੋਣਾ, ਤੁਹਾਡੀ ਪਰਿਵਾਰਿਕ ਪਿੱਠ-ਭੂਮੀ ਤੇ ਤੁਹਾਡੀ ਜਿਨਸ’ਤੇ ਨਿਰਭਰ ਕਰਦਾ ਹੈ ਪਰ ਹਾਈ ਕੋਲੈਸਟਰੋਲ,  ਤੰਬਾਕੂਨੋਸ਼ੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਰੋਗ, ਮੋਟਾਪੇ, ਸ਼ਰਾਬ ਦਾ ਸੇਵਨ, ਵਰਜਿਸ਼ ਕਰਨਾ ਤਾਂ ਤੁਹਾਡੇ ਹੱਥ ਵਿੱਚ ਹੈ। ਦਰਅਸਲ, ਕੋਲੈਸਟਰੋਲ ਸਾਡੇ ਭੋਜਨ (ਮੀਟ-ਮੁਰਗਾ, ਆਂਡਾ, ਦੁੱਧ ਆਦਿ) ‘ਚੋਂ ਆਉਂਦਾ ਹੈ ਅਤੇ ਕੁਝ ਸਰੀਰ ਦੇ ਅੰਦਰ ਬਣਦਾ ਹੈ। ਸਰੀਰ ਲਈ ਨੁਕਸਾਨਦੇਹ ਕੋਲੈਸਟਰੋਲ ਨੂੰ ਐਲ.ਡੀ.ਐਲ. (ਲੋਅ ਡੈਨਸਿਟੀ ਲਾਇਪੋਪ੍ਰੋਟੀਨ) ਕਿਹਾ ਜਾਂਦਾ ਹੈ ਜੋ ਐਥਰੋਸਕਲੀਰੋਸਿਸ ਪੈਦਾ ਕਰ ਕੇ ਦਿਲ ਦਾ ਦੁਸ਼ਮਣ ਬਣਦਾ ਹੈ ਜਦਕਿ ਐਚ.ਡੀ.ਐਲ.(ਹਾਈ ਡੈਨਸਿਟੀ ਲਾਇਪੋਪ੍ਰੋਟੀਨ) ਸਾਡੇ ਲਈ ਲਾਹੇਵੰਦ ਹੈ ਅਤੇ ਦਿਲ ਨੂੰ ਕਾਇਮ ਰੱਖਣ ਵਿੱਚ ਸਹਾਈ ਹੁੰਦਾ ਹੈ। ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ (ਸਧਾਰਨ ਭਾਰ ਤੋਂ 10-30ਕਿਲੋ ਵਧੇਰੇ), ਉਨ੍ਹਾਂ ਨੂੰ ਦਿਲ ਦੀ ਸਮੱਸਿਆ 2-6 ਗੁਣਾ ਵਧੇਰੇ ਹੁੰਦੀ ਹੈ। ‘ਵੇਸਟ’ ਅਤੇ ‘ਹਿੱਪ’ ਦਾ ਨਾਰਮਲ ਅਨੁਪਾਤ ਔਰਤਾਂ ਵਿਚ 0.85 ਅਤੇ ਪੁਰਸ਼ਾਂ ਵਿੱਚ 0.95 ਹੋਣਾ ਚਾਹੀਦਾ ਹੈ।
ਸਿਗਰਟਨੋਸ਼ੀ: ਇਹ ਬਲੱਡ ਪ੍ਰੈਸ਼ਰ ਵਧਾਉਂਦੀ ਹੈ, ਐਚ.ਡੀ.ਐਲ.ਘਟਾਉਂਦੀ ਹੈ, ਖ਼ੂਨ ਦੀਆਂ ਨਾੜੀਆਂ ਅਤੇ ਸੈੱਲਾਂ ਨੂੰ ਨੁਕਸਾਨ ਪਹੁਚਾਉਂਦੀ ਹੈ, ਦਿਲ ਦੇ ਦੌਰੇ ਦੀ ਦਰ ਨੂੰ ਵਧਾਉਂਦੀ ਹੈ। ਸਿਗਰਟ ਦੇ ਧੂੰਏਂ ਵਿੱਚ 4000 ਤੋਂ ਵੀ ਵਧੇਰੇ ਰਸਾਇਣਕ ਹੁੰਦੇ ਨੇ ਜਿਨ੍ਹਾਂ ‘ਚੋਂ 200 ਬੇਹੱਦ ਖ਼ਤਰਨਾਕ ਹਨ।
ਕੈਲੇਸਟਰੋਲ: ਕੋਲੈਸਟਰੋਲ ਦਾ ਲੈਵਲ ਕੁਝ ਵੀ ਹੋਵੇ, ਜੇਕਰ ਵਿਅਕਤੀ ਨੂੰ ਸ਼ੂਗਰ ਰੋਗ ਹੈ ਤਾਂ ਦਿਲ ਦੇ ਦੌਰੇ ਜਾਂ ਬ੍ਰੇਨ ਸਟਰੋਕ ਦਾ ਖ਼ਤਰਾ ਦੋ ਗੁਣਾ ਜਾਂ ਤਿੰਨ ਗਣਾ ਹੋ ਜਾਂਦਾ ਹੈ। ਸਧਾਰਨ ਵਿਅਕਤੀ ਨਾਲੋਂ ਸ਼ੂਗਰ ਦਾ ਮਰੀਜ਼ ਕਈ ਗੁਣਾ ਵਧੇਰੇ ਦਿਲ ਦਾ ਰੋਗੀ ਬਣਦਾ ਹੈ। ਸ਼ੂਗਰ ਦੇ ਤਕਰੀਬਨ 80 ਰੋਗੀਆਂ ਦੀ ਦਿਲ ਦੇ ਦੌਰੇ ਕਾਰਨ ਮੌਤ ਹੁੰਦੀ ਹੈ। ਸਵੇਰੇ ਉਠ ਕੇ ਸੈਰ ਕਰਨ ਦੀ ਆਦਤ ਪਾਉਣ ਦੀ ਲੋੜ ਹੈ ਜੋ ਦਿਲ ਦੇ ਰੋਗਾਂ ਨੂੰ ਘੱਟ ਕਰਨ ‘ਚ ਸਹਾਇਕ ਬਣਦੀ ਹੈ।
ਦਿਲ ਦਾ ਦੌਰਾ ਅਤੇ ਬਚਾਅ:
 ਫਾਰਮੂਲਾ ਨੰਬਰ 1: ਵੱਖ-ਵੱਖ ਤਰ੍ਹਾਂ ਦੇ ਫਲ਼ ਅਤੇ ਸਲਾਦ ਖਾਓ, ਹੋ ਸਕੇ ਤਾਂ ਦਿਨ ਵਿੱਚ ਤਿੰਨ-ਚਾਰ ਵਾਰ ਇਨ੍ਹਾਂ ਦੀ ਵਰਤੋਂ ਕਰੋ। ਇਨ੍ਹਾਂ ਵਿੱਚ ਵਿਟਾਮਿਨਾਂ, ਖਣਿਜ ਅਤੇ ਐਂਟੀਆਕਸੀਡੈਂਟ ਬਹੁਤ ਹੁੰਦੇ ਹਨ ਅਤੇ ਚਰਬੀ ਅਲਪ ਮਾਤਰਾ  ਜਾਂ ਕਹਿ ਲਓ ਕਿ ਹੁੰਦੀ ਹੀ ਨਹੀਂ ਹੈ। ਘੱਟ ਚਰਬੀ ਜਾਂ ਚਰਬੀ-ਰਹਿਤ ਆਹਾਰ ਖਾਓ। ਘੱਟ ਚਰਬੀ ਵਾਲਾ ਜਾਂ ਚਰਬੀ ਰਹਿਤ (ਸਕਿਮਡ ਜਾਂ ਟੋਨਡ) ਦੁੱਧ ਦੀ ਵਰਤੋਂ ਕਰੋ। ਰੈੱਡ ਮੀਟ ਤੋਂ ਪਰਹੇਜ਼ ਕਰੋ। ਮੱਛੀ ਅਤੇ ਕੁਝ ਹਦ ਤਕ ਚਿਕਨ ਲਾਹੇਵੰਦ ਹੋ ਸਕਦੇ ਹਨ। ਅਨਾਜ ਵੀ ਅਲੱਗ-ਅਲੱਗ ਤਰ੍ਹਾਂ ਦੇ ਖਾਓ। ਛਾਣ-ਬੂਰੇ (ਸੂੜ੍ਹੇ) ਵਾਲੇ ਆਟੇ ਦੀਆਂ ਰੋਟੀਆਂ ਸਿਹਤ ਲਈ ਚੰਗੀਆਂ ਹਨ। ਲੂਣ ਦੀ ਵਰਤੋਂ ਘਟ ਕਰ ਦਿਓ। ਦਿਨ ਵਿੱਚ 6 ਗ੍ਰਾਮ ਦੀ ਵਰਤੋਂ ਹੀ ਕਾਫ਼ੀ ਹੈ। ਜਿੰਨਾ ਹੋ ਸਕੇ ਸ਼ਰਾਬ ਦੀ ਵਰਤੋਂ ਨਾ ਕਰੋ ਜਾਂ ਬਹੁਤ ਹੀ ਸੰਕੋਚ ਨਾਲ ਕਰੋ। ਇੱਕੋ ਵਾਰ ਜ਼ਿਆਦਾ ਖਾਣਾ ਬੰਦ ਕਰ ਦਿਓ। ਘੱਟ ਪੋਸ਼ਟਿਕਤਾ ਅਤੇ ਵਧੇਰੇ ਕੈਲਰੀਜ਼ ਵਾਲੀਆਂ ਵਸਤਾਂ ਜਿਵੇਂ ਸੌਫਟ ਡਰਿੰਕਸ, ਜੈਮ, ਜੈਲੀਜ਼ ਤੇ ਹੋਰ ਜੰਕ ਫੂਡ ਨਾ ਹੀ ਲਓ ਤਾਂ ਚੰਗਾ ਹੈ। ਮਲਾਈ, ਪਰੌਂਠੇ, ਆਈਸਕਰੀਮ, ਸਮੋਸੇ, ਕਚੌੜੀਆਂ, ਰਬੜੀ, ਮੱਖਣ, ਪਨੀਰ, ਦੇਸੀ ਘਿਓ ਆਦਿ ਦਾ ਸੇਵਨ ਬਹੁਤ ਘੱਟ ਕਰਨਾ ਫ਼ਾਇਦੇਮੰਦ ਹੈ। ਅੰਡੇ ਦਾ ਪੀਲਾ ਭਾਗ, ਬੱਕਰੇ, ਭੇਡੂ ਆਦਿ ਦਾ (ਰੈੱਡ) ਮੀਟ, ਬਟਰ ਚਿਕਨ, ਬਟਰ-ਫਰਾਈਡ ਮੱਛੀ, ਪੂਰੀ ਚਰਬੀ ਵਾਲਾ ਦੁੱਧ, ਦੇਸੀ ਘਿਓ, ਮਲਾਈ, ਆਈਸਕਰੀਮ, ਰਬੜੀ, ਮੱਖਣ ਆਦਿ ਵਿੱਚ ਜ਼ਿਆਦਾ ਕੋਲੈਸਟਰੋਲ ਤੇ ਸੈਚੂਰੇਟਡਫੈਟ ਹੁੰਦੇ ਹਨ। ਬੇਕਰੀ ਦੇ ਬਿਸਕੁਟ, ਪੈਟੀਜ਼, ਕੇਕ ਅਤੇ ਪੇਸਟਰੀਆਂ ਵਿੱਚ ਵੀ ਕਾਫ਼ੀ ਚਰਬੀ ਹੁੰਦੀ ਹੈ। ਦਾਲ, ਸਬਜ਼ੀ ਨੂੰ ਤੜਕਾ ਲਾਉਣ ਲਈ ਸੈਚੂਰੇਟਡ ਫੈਟੀ ਏਸਿਡਜ਼ ਜਿਵੇਂ ਬਨਸਪਤੀ ਘਿਓ, ਨਾਰੀਅਲ ਅਤੇ ਪਾਮ ਆਇਲ ਦਿਲ ਲਈ ਮਾੜੇ ਹਨ। ਇਨ੍ਹਾਂ ਵਿੱਚ ਕੋਲੈਸਟਰੋਲ ਵਧੇਰੇ ਹੁੰਦਾ ਹੈ। ਇਨ੍ਹਾਂ ਤੋਂ ਪਰਹੇਜ਼ ਕਰੋ। ਮੋਨੋ ਅਨਸੈਚੂਰੇਟਡ ਫੈਟੀ ਏਸਿਡਜ਼ (ਮੂਫਾ) ਦਿਲ ਲਈ ਚੰਗੇ ਹਨ। ਆਂਵਲੇ ਦਾ ਤੇਲ, ਮੂੰਗਫਲੀ, ਕਨੋਲਾ ਅਤੇ ਸਰੋਂ ਦਾ ਤੇਲ, ਪੂਫਾ ਸੂਰਜਮੁਖੀ ਦਾ ਤੇਲ, ਸੋਇਆਬੀਨ ਦਾ ਤੇਲ ਅਤੇ ਓਮੇਗਾ 3-ਫੈਟੀ ਏਸਿਡਜ਼ ਦਿਲ ਲਈ ਚੰਗੇ ਹਨ। ਅਲੱਗ-ਅਲੱਗ ਚੰਗੇ ਤੇਲਾਂ ਨੂੰ ਬਦਲ ਬਦਲ ਕੇ ਵਰਤੋ। ਲਸਣ ਦੀ ਵਰਤੋਂ ਲਾਹੇਵੰਦ ਹੈ।
ਫਾਰਮੂਲਾ ਨੰਬਰ 2: ਜ਼ਰੂਰੀ ਨਹੀਂ ਕਿ ਤੁਸੀਂ ਵਰਜਿਸ਼ ਵਾਸਤੇ ਜਿੰਮ ਹੀ ਜਾਓ ਬਲਕਿ 30 ਤੋਂ 45 ਮਿੰਟ ਦੀ ਰੋਜ਼ਾਨਾ ਸੈਰ ਤੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਧੇਰੇ ਕਿਰਿਆਸ਼ੀਲ ਰਹਿਣ ਵਾਲੇ ਕੰਮ ਮੋਟਾਪਾ ਘਟਾਉਂਦੇ ਹਨ, ਚੁਸਤ ਦਰੁਸਤ ਰੱਖਦੇ ਹਨ, ਕੋਲੈਸਟਰੋਲ ਘਟਾਉਂਦੇ ਹਨ ਤੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਸਹਾਈ ਰਹਿੰਦੇ ਹਨ।
ਫਾਰਮੂਲਾ ਨੰਬਰ 3: ਜੇ ਤੁਸੀਂ ਸਿਗਰਟ ਜਾਂ ਤੰਬਾਕੂ ਦਾ ਸੇਵਨ ਕਰਦੇ ਹੋ ਤਾਂ ਅੱਜ ਹੀ ਇਸ ਨੂੰ ਛੱਡਣ ਦਾ ਫ਼ੈਸਲਾ ਕਰ ਲਓ। ਇਸਨੂੰ ਛੱਡਣ ਤੋਂ ਬਾਅਦ 24 ਘੰਟੇ ਦੇ ਅੰਦਰ ਹੀ ਦਿਲ ਦੇ ਦੌਰੇ ਦਾ ਖ਼ਤਰਾ ਘਟਣਾ ਸ਼ੁਰੂ ਹੋ ਜਾਂਦਾ ਹੈ। ਦੋ ਸਾਲਾਂ ਪਿੱਛੋਂ ਜਦ ਸਿਗਰਟ ਪੀਣ ਵਾਲੇ ਨੋਨ-ਸਮੋਕਰ ਵਾਂਗ ਹੋ ਜਾਂਦੇ ਹਨ ਤਾਂ ‘ਕੋਰੋਨਰੀ ਆਰਟਰੀ ਡਿਸੀਜ਼’ ਦਾ ਖ਼ਤਰਾ ਕਾਫ਼ੀ ਘਟ ਜਾਂਦਾ ਹੈ। ਮੂੰਹ ਦੀ ਬਦਬੂ ਅਤੇ ਸਵਾਦ ਤਕਰੀਬਨ ਇੱਕ ਹਫ਼ਤੇ ਵਿੱਚ ਠੀਕ ਹੋ ਜਾਂਦੇ ਹਨ ਤੇ ਆਮ ਸਿਗਰਟਨੋਸ਼ਾਂ ਵਿੱਚ ‘ਸਮੋਕਰਜ਼’ ਵਾਲੀ ਖੰਘ ਤਿੰਨ ਮਹੀਨਿਆਂ ਵਿੱਚ ਹਟ ਜਾਂਦੀ ਹੈ।
ਫਾਰਮੂਲਾ ਨੰਬਰ 4: ਇਹ ਨੰਬਰ ਚੇਤੇ ਰੱਖੋ- 200 100 40 200।  ਇਹ ਕੋਈ ਮੋਬਾਈਲ ਨੰਬਰ ਨਹੀਂ ਹੈ, ਸਗੋਂ ਇਹ ਹੈ- ਕੋਲੈਸਟ੍ਰੋਲ ਬ200 ਮਿਲੀਗ੍ਰਾਮ, ਐਲ.ਡੀ.ਐਲ. (ਲੋਅ ਡੈਨਸਿਟੀ ਲਾਇਪੋਪ੍ਰੋਟੀਨ) ਬ100 ਮਿਲੀਗ੍ਰਾਮ, ਐਚ.ਡੀ.ਐਲ (ਹਾਈ ਡੈਨਸਿਟੀ ਲਾਇਪੋਪ੍ਰੋਟੀਨ) ਬ40 ਮਿਲੀਗ੍ਰਾਮ ਤੇ ਟ੍ਰਾਈਲਸਿਰਾਇਡ    ਬ200 ਮਿਲੀਗ੍ਰਾਮ ਅਰਥਾਤ ਭੋਜਨ, ਵਰਜ਼ਿਸ਼ ਤੇ ਕੰਮ-ਕਾਜ ਦੌਰਾਨ ਕਿਰਿਆਸ਼ੀਲ ਰਹਿਣ ਨਾਲ ਇਨ੍ਹਾਂ ਦੇ ਲੈਵਲ ਉਕਤ ਅਨੁਸਾਰ ਘੱਟ ਰੱਖਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਸਬੰਧਤ ਟੈਸਟ ਕਟਵਾਉਂਦੇ ਰਹਿਣ ਨਾਲ ਇਨ੍ਹਾਂ ਦਾ ਪੱਧਰ ਚੈੱਕ ਹੁੰਦਾ ਰਹਿੰਦਾ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣਾ: ਆਰੰਭ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਕੋਈ ਲੱਛਣ ਨਹੀਂ ਹੁੰਦੇ। ਇਸ ਲਈ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਬੀ.ਪੀ. ਵੀ ਸਾਡੀ ਜੀਵਨ ਸ਼ੈਲੀ, ਆਹਾਰ, ਵਰਜਿਸ਼, ਸਰੀਰ ਦੇ ਭਾਰ ਅਤੇ ਨਮਕ ਦੀ ਮਾਤਰਾ ‘ਤੇ ਨਿਰਭਰ ਕਰਦਾ ਹੈ। ਜਿਹੜੇ ਵਿਅਕਤੀ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ, ਉਨ੍ਹਾਂ ਨੂੰ ਨਿਰੰਤਰ ਪਰਹੇਜ਼, ਕਸਰਤ ਅਤੇ ਬਾਕਾਇਦਾ ਦਵਾਈ ਲੈਣੀ ਚਾਹੀਦੀ ਹੈ ਤੇ ਡਾਕਟਰ ਦੀ ਸਲਾਹ ਤੋਂ ਬਿਨਾ ਆਪਣੇ-ਆਪ ਇਲਾਜ ਬਦਲਣਾ ਜਾਂ ਬੰਦ ਨਹੀਂ ਕਰਨਾ ਚਾਹੀਦਾ।
ਜੇਕਰ ਦਿਲ ਦਾ ਰੋਗ ਹੋਵੇ: ਵਿਗਿਆਨ ਨੇ ਬੜੀ ਤਰੱਕੀ ਕਰ ਲਈ ਹੈ। ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ  ਪਰਿਵਾਰਕ ਮੈਂਬਰ ਜਾਂ ਦੋਸਤ-ਮਿੱਤਰ ਨੂੰ ਦਿਲ ਦਾ ਰੋਗ ਹੋਵੇ ਤਾਂ ਹੇਠ ਲਿਖੀਆਂ ਸਾਵਧਾਨੀਆਂ ਲਾਹੇਵੰਦ ਹਨ:
-ਘੱਟ ਚਰਬੀ ਵਾਲਾ ਅਤੇ ਵਧੇਰੇ ਫਲਾਂ ਸਬਜ਼ੀਆਂ ਵਾਲਾ ਭੋਜਨ ਕਰੋ।
-ਰੋਜ਼ਾਨਾ ਸੈਰ ਕਰੋ।
-ਆਪਣੇ ਸਰੀਰ ਦੇ ਭਾਰ ਦਾ ਧਿਆਨ ਰੱਖੋ।
-ਜੇਕਰ ਤੰਬਾਕੂ ਦਾ ਸੇਵਨ ਕਰਦੇ ਹੋ ਤਾਂ ਛੱਡ ਦਿਓ।
-ਕੋਈ ਸਮੱਸਿਆ ਹੋਣ ‘ਤੇ ਓਹੜ-ਪੋਹੜ ਕਰਨ ਜਾਂ ਨੀਮ-ਹਕੀਮ ਕੋਲ ਜਾਣ ਦੀ ਬਜਾਏ ਮਾਹਰ ਡਾਕਟਰ ਕੋਲ  ਹੀ ਜਾਓ।
-ਆਪਣੇ ਡਾਕਟਰ ਦੀ ਸਲਾਹ ਮੰਨੋ ਅਤੇ ਓਹੀ ਦਵਾਈਆਂ ਖਾਓ ਜੋ ਡਾਕਟਰ ਨੇ ਦੱਸੀਆਂ ਹਨ। ਆਪਣੀ ਮਰਜ਼ੀ ਨਾ ਕਰੋ।
ਕਾਫ਼ੀ ਹਾਲਤਾਂ ਵਿੱਚ ਦਿਲ ਦੇ ਦੌਰੇ ਨੂੰ ਟਾਲਿਆ ਜਾ ਸਕਦਾ ਹੈ। ਦਿਲ ਨੂੰ ਤੰਦਰੁਸਤ ਰੱਖਣ ਲਈ ਕੀਤੇ ਗਏ ਪਰਹੇਜ਼ਾਂ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ-ਆਪ ਨੂੰ ਕਈ ਵਸਤਾਂ ਤੋਂ ਵੰਚਿਤ ਕੀਤਾ ਹੋਇਆ ਹੈ। ਆਪਣੀ ਜੀਵਨ ਸ਼ੈਲੀ ਨੂੰ ਪਰਹੇਜ਼ਾਂ ਵਿੱਚ ਢਾਲ ਲਓ ਤਾਂ ਕਿ ਤੁਸੀਂ ਸਾਲਾਂਬੱਧੀ ਤੰਦਰੁਸਤ ਜ਼ਿੰਦਗ਼ੀ ਜੀਅ ਸਕੋ।
ਡਾ. ਮਨਜੀਤ ਸਿੰਘ ਬੱਲ
ਪ੍ਰੋਫੈਸਰ ਅਤੇ ਮੁਖੀ ਪੈਥਾਲੋਜੀ ਵਿਭਾਗ,
ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਪਟਿਆਲਾ।