ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਦੁਸ਼ਮਣ ਤਾਕਤਾਂ ਦੀਆਂ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ


ਜਸਪਾਲ ਸਿੰਘ ਹੇਰਾਂ
ਜਦੋਂ ਜਦੋਂ ਵੀ ਸਿੱਖ ਕੌਮ ’ਚ ਸਿੱਖੀ ਸਵੈਮਾਨ ਦੀ ਰਾਖੀ ਪ੍ਰਤੀ ਜਜ਼ਬਾਤਾਂ ਦੇ ਵੇਗ ਦਾ ਹੜ੍ਹ ਪੈਦਾ ਹੁੰਦਾ ਹੈ, ਕੌਮ ’ਚ ਕੌਮੀ ਭਾਵਨਾ ਉਛਾਲੇ ਮਾਰਦੀ ਦਿਖਾਈ ਦਿੰਦੀ ਹੈ। ਉਸ ਸਮੇਂ ਉਹ ਪੰਥ ਦੁਸ਼ਮਣ ਤਾਕਤਾਂ ਜਿਹੜੀਆਂ ਸਿੱਖੀ ਦੀ ਹੋਂਦ ਨੰੂ ਖਤਮ ਕਰਨ ਲਈ ਤਰਲੋ ਮੱਛੀ ਹਨ, ਉਹ ਦਹਿਸ਼ਤ ਗਰਦੀ ਤੇ ਬਾਹਰੀ ਪੈਸੇ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਕਿ ਸਿੱਖਾਂ ’ਤੇ ਸਰਕਾਰੀ ਤਸ਼ੱਦਦ ਦਾ ਰਾਹ ਖੋਲ੍ਹਿਆ ਜਾਵੇ ਅਤੇ ਤਸ਼ੱਦਦ ਦੇ ਡੰਡੇ ਨਾਲ ਸਿੱਖ ਭਾਵਨਾ ਨੂੰ ਦਬਾਇਆ ਜਾ ਸਕੇ। ਪਿਛਲੇ ਵਰ੍ਹੇ ਚੱਲੀ ਕੇਸਰੀ ਲਹਿਰ ਤੋਂ ਸਹਿਮੀ ਸਰਕਾਰ ਹਰ ਹੰਥ ਕੰਡਾ ਵਰਤ ਕੇ ਸਿੱਖਾਂ ’ਚ ਕਿਸੇ ਵੀ ਚੇਤਨਾ ਲਹਿਰ ਨੂੰ ਜਿਹੜੀ ਸਿੱਖੀ ਦੀ ਪ੍ਰਫੁੱਲਤਾ ਦੀ ਬੁਨਿਆਦ ਬਣ ਸਕਦੀ ਹੈ, ਨੂੰ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣਾ ਦੇਣਾ ਚਾਹੁੁੰਦੀ। ਅੱਜ ਜਦੋਂ ਰਾਜਸੀ ਫਾਂਸੀਆਂ ਦੇ ਮਾਮਲੇ ’ਤੇ ਸਿੱਖ ਕੌਮ ਵਿਰੋਧ ’ਚ ਨਿਤਰੀ ਹੈ। ਕਾਲੇ ਦੌਰ ਦੇ ਸੱਚ ਨੂੰ ਪ੍ਰਗਟਾਉਂਦੀ ਪੰਜਾਬੀ ਫਿਲਮ ‘ਸਾਡਾ ਹੱਕ’ ’ਤੇ ਪਾਬੰਦੀ ਵਿਰੁੱਧ ਰੋਹ ਜਾਗਿਆ ਹੈ। ਉਸ ਸਮੇਂ ਦੇਸ਼ ਦੀਆਂ ਸਿੱਖ ਦੁਸ਼ਮਣ ਤਾਕਤਾਂ ਨੇ ਹਿੰਦੂ ਮੀਡੀਆ ਨੂੰ ਨਾਲ ਲੈ ਕੇ ਦੇਸ਼ ’ਚ ਸਿੱਖ ਖਾੜਕੂਵਾਦ ਦੇ ਮੁੜ ਪੈਦਾ ਹੋਣਾ ਹੋਣ ਵਾਲਾ ਬਾਵੇਲਾ ਮਚਾਉਣਾ ਸ਼ੁਰੂ ਕਰ ਦਿੱਤਾ। ਜੇਲ੍ਹਾਂ ’ਚ ਨਜ਼ਰਬੰਦ ਸਿੱਖ ਨੌਜਵਾਨਾਂ ’ਤੇ ਜ਼ੁਲਮ-ਜ਼ਬਰ ਦਾ ਸ਼ਿਕੰਜਾ ਹੋਰ ਕਸਣ ਲਈ ਉਨ੍ਹਾਂ ’ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਜਦੋਂ ਇਹ ਸੱਚ ਹਰ ਕੋਈ ਜਾਣਦਾ ਹੈ ਕਿ ਵਿਦੇਸ਼ਾਂ ਦੀ ਧਰਤੀ ’ਤੇ ਬੈਠੇ ਸਿੱਖ, ਜਿਹੜੇ ਦੂਜੀਆਂ ਕੌਮਾਂ ਨੰੂ ਅਜ਼ਾਦੀ ਦਾ ਨਿੱਘ ਮਾਣਦੇ ਦੇਖਦੇ ਹਨ, ਅਸਲ ਅਜ਼ਾਦੀ ਕੀ ਹੁੰਦੀ ਹੈ? ਉਸਨੂੰ ਜਾਣਦੇ ਹਨ, ਤਾਂ ਉਨ੍ਹਾਂ ਦੇ ਮਨ ’ਚ ਅਜਿਹੀ ਅਜ਼ਾਦੀ ਦੀ ਚਿਣਗ ਪੈਦਾ ਹੋਣੀ ਕੁਦਰਤੀ ਹੈ ਅਤੇ ਵਿਦੇਸ਼ਾਂ ’ਚ ਬੈਠੇ ਸਿੱਖਾਂ ’ਚ ਸਿੱਖੀ ਪ੍ਰਤੀ ਤੜਫ, ਸੰਵੇਦਨਸ਼ੀਲਤਾ ਅਤੇ ਭਾਵਨਾ ਗੂੜੀ ਹੈ। ਜਿਸ ਨੂੰ ਵੇਖਦਿਆਂ ਇਹ ਸਿੱਖ ਦੁਸ਼ਮਣ ਤਾਕਤਾਂ ਵਿਦੇਸ਼ਾਂ ’ਚ ਬੈਠੇ ਸਿੱਖਾਂ ਨੂੰ ਬਦਨਾਮ ਕਰਨ ਲਈ ਝੂਠੀਆਂ ਤੋਹਮਤਾਂ ਦੀਆਂ ਝੜੀਆਂ ਲਾ ਰਹੀਆਂ ਹਨ। ਅਸਲ ’ਚ ਸਿੱਖ ਭਾਵਨਾ ’ਤੇ ਜਜ਼ਬਾਤਾਂ ਨੂੰ ਦਬਾਉਣ ਲਈ ਸਰਕਾਰ, ਉਸ ਦੀਆਂ ਏਜੰਸੀਆਂ ’ਤੇ ਸਿੱਖ ਦੁਸ਼ਮਣ ਸਰਕਾਰ ਦੇ ਪਿੱਠੂ ਅਜਿਹੇ ਮੌਕੇ ਜਾਣ ਬੱੁਝ ਕੇ ਤਣਾਅ ਪੂਰਵਕ ਮਾਹੌਲ ਸਿਰਜਦੇ ਹਨ ਤਾਂ ਕਿ ਸਿੱਖਾਂ ਦੇ ਮਨ ’ਚ ਦਹਿਸ਼ਤ ਪੈਦਾ ਕਰਨ ਦਾ ਬਹਾਨਾ ਮਿਲ ਜਾਵੇ। ਜਿਵੇਂ ਅਸੀਂ ਪਹਿਲਾਂ ਵੀ ਕਈ ਵਾਰ ਲਿਖਿਆ ਹੈ ਕਿ ਇਨ੍ਹਾਂ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਸਿੱਖੀ ਦੇ ਚੌਂਹ ਪਾਸਿਆਂ ਤੋਂ ਹਮਲਾ ਕੀਤਾ ਹੋਇਆ ਹੈ। ਬਾਹਰੀ ਅਤੇ ਅੰਦਰੂਨੀ ਹਮਲਿਆਂ ਨਾਲ ਜਿੱਥੇ ਸਿੱਖੀ ਦੇ ਡਿੱਗਦੇ ਮਿਆਰ ਕਾਰਨ ਸਿੱਖਾਂ ਨੂੰ ਅਡੰਬਰੀ, ਪਾਖੰਡੀ, ਕਰਮਕਾਂਡੀ ਬਣਾਉਣ ਲਈ ਵੱਡੇ ਪੱਧਰ ’ਤੇ ਯਤਨ ਹੋ ਰਹੇ ਹਨ, ਉੱਥੇ ਸਿੱਖਾਂ ’ਚ ਸਵਾਰਥੀ, ਲੋਭੀ, ਲਾਲਸੀ ਆਗੂਆਂ ’ਚ ਧੜੇਬੰਦੀ ਪੈਦਾ ਕਰਕੇ ਅਤੇ ਸਿੱਖਾਂ ’ਚ ਇੱਕਜੁੱਟਤਾ ਤੇ ਇੱਕਮੁੱਠਤਾ ਰੋਕ ਕੇ, ਮਿਸ਼ਨ ਦੀ ਪੂਰਤੀ ਦੇ ਰਾਹ ਤੋਂ ਥਿੜਕਾਉਣ ਲਈ ਹਰ ਚਾਲ ਚੱਲੀ ਜਾ ਰਹੀ ਹੈ। ਨਵੇਂ-ਨਵੇਂ ਵਿਵਾਦਾਂ ਨੂੰ ਖੜ੍ਹੇ ਕਰਕੇ ਕੌਮੀ ਏਕਤਾ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਹੈ। ਸਿੱਖੀ ਸਰਬੱਤ ਦਾ ਭਲਾ ਮੰਗਦੀ ਹੈ ਉਹ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਦੇ ਸਿਧਾਂਤ ਦੀ ਧਾਰਨੀ ਹੈ। ਪ੍ਰੰਤੂ ਇਸਦੇ ਬਾਵਜੂਦ, ਸਿੱਖੀ ਦੇ ਇਨ੍ਹਾਂ ਸਿਧਾਂਤਾਂ ਦੀ ਪਾਲਣਾ ਲਈ ਸ਼ਹਾਦਤਾਂ ਅਤੇ ਕੁਰਬਾਨੀਆਂ ਦਾ ਨਵਾਂ ਇਤਿਹਾਸ ਸਿਰਜਣ ਵਾਲੀ ਕੌਮ ਨੂੰ ਅੱਤਵਾਦ ਦੇ ਫੱਟੇ ਨਾਲ ਬਦਨਾਮ ਕਰਨ ਲਈ ਦੇਸ਼ ਦੀ ਸਰਕਾਰ ’ਤੇ ਸਿੱਖ ਦੁਸ਼ਮਣ ਤਾਕਤਾਂ ਸਾਜਿਸ਼ਾਂ ਕਰਦੀਆਂ ਰਹਿੰਦੀਆਂ ਹਨ। ਅੱਜ ਸਿੱਖ ਭਾਵੇਂ ਸੁਚੇਤ ਹਨ ਪ੍ਰੰਤੂ ਕੌਮ ਨੂੰ ਸਮਰਪਿਤ ਲੀਡਰਸ਼ਿਪ ਦੀ ਘਾਟ ਕਾਰਨ ਇਨ੍ਹਾਂ ਸਿੱਖਾਂ ਦੇ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਤੋਂ ਕੌਮ ਅਜੇ ਅਸਮਰੱਥ ਹੈ। ਸਮੇਂ ਦੇ ਬਦਲਦੇ ਹਾਲਾਤਾਂ ਨਾਲ ਕੌਮ ਨੂੰ ਦੇਸ਼ ਦੇ ਹਾਕਮਾਂ, ਸਿੱਖ ਦੁਸ਼ਮਣ ਤਾਕਤਾਂ ਅਤੇ ਹਿੰੰਦੂਵਾਦੀਆਂ ਦੇ ਪਿੱਠੂ ਭਗਵੀਂ ਸੋਚ ਵਾਲੇ ਸਿੱਖ ਆਗੂਆਂ ਨੰੂ ਦੁਨੀਆਂ ਦੀ ਕਚਿਹਰੀ ਵਿੱਚ ਨੰਗਾ ਕਰਨ ਅਤੇ ਇਨ੍ਹਾਂ ਦੀ ਅੰਦਰੂਨੀ ਮਨਸ਼ਾ ਨੂੰ ਜਗ ਜ਼ਾਹਿਰ ਕਰਨ ਦੀ ਲੋੜ ਹੈ। ਸਿੱਖ ਦੁਨੀਆਂ ਦੀ ਨਿਆਰੀ ਤੇ ਨਿਰਾਲੀ ਕੌਮ ਹੈ, ਜਿਸ ਨੂੰ ਦਸ਼ਮੇਸ਼ ਪਿਤਾ ਨੇ ਪ੍ਰਮਾਤਮਾ ਕੀ ਮੌਜ ਸਾਜਿਆ ਹੈ ਪ੍ਰੰਤੂ ਅੱਜ ਦੇ ਉਹ ਹਾਕਮ ਜਿਨ੍ਹਾਂ ਨੂੰ ਸਿੱਖਾਂ ਨੇ 85 ਫੀਸਦੀ ਕੁਰਬਾਨੀਆਂ ਦੇ ਕੇ ਦੇਸ਼ ਦੇ ਹਾਕਮ ਬਣਨ ਦਾ ਮੌਕਾ ਦਿੱਤਾ ਹੈ। ਉਹ ਸਿੱਖਾਂ ਦੀ ਹੋਂਦ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹਨ। ਸਿੱਖ ਭਾਵਨਾਵਾਂ ਦਾ ਜਦੋਂ ਚਾਹੁਣ ਉਦੋਂ ਹੀ ਨੰਗਾ ਚਿੱਟਾ ਕਤਲ ਕਰ ਦਿੱਤਾ ਜਾਂਦਾ ਹੈ। ਦੇਸ਼ ਦੇ ਚਾਰੋ ਥੰਮ ਸਿੱਖਾਂ ਨਾਲ ਸ਼ਰੇਆਮ ਵਿਤਕਰਾ ’ਤੇ ਧੱਕੇਸ਼ਾਹੀ ਕਰਦੇ ਹਨ, ਪ੍ਰੰਤੂ ਸਿੱਖਾਂ ਨੂੰ ਇਸ ਨੰਗੀ ਚਿੱਟੀ ਧੱਕੇਸ਼ਾਹੀ ਵਿਰੁੱਧ ਰੋਸ ਪ੍ਰਗਟਾਉਣ ਦਾ ਵੀ ਹੱਕ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਅੱਜ ਸਿੱਖ ਪੰਥ, ਸਰਕਾਰ ਤੇ ਸਿੱਖ ਦੁਸ਼ਮਣ ਤਾਕਤਾਂ ਦੀਆਂ ਕੋਝੀਆਂ ਕਾਲੀਆਂ ਕਰਤੂਤਾਂ ਤੋਂ ਸੁਚੇਤ ਹੋਣ ਅਤੇ ਸਿੱਖ ’ਤੇ ਦਮਨ ਚੱਕਰ ਚਲਾਉਣ ਲਈ ਸਰਕਾਰ ਵੱਲੋਂ ਜਿਹੜਾ ਤਾਣਾ-ਬਾਣਾ ਬੁਣਿਆ ਜਾ ਰਿਹਾ ਹੈ। ਉਸਦਾ ਸੱਚ ਅਸੀਂ ਜਾਣੀਏ ਅਤੇ ਦੁਨੀਆਂ ਨੂੰ ਵੀ ਅਗਾਉਂ ਰੂਪ ’ਚ ਸੁਚੇਤ ਕੀਤਾ ਜਾਵੇ ਤਾਂ ਕਿ ਦੇਸ਼ ਦੇ ਹਾਕਮਾਂ ਅਤੇ ਪਿੱਠੂਆਂ ਦਾ ਕਾਲਾ ਚਿਹਰਾ ਨੰਗਾ ਕੀਤਾ ਜਾਵੇ।