ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


1978 ਦੀ ਵਿਸਾਖੀ ਸਾਕੇ ਦੇ ਸ਼ਹੀਦ


13 ਅਪ੍ਰੈਲ 1978 ਵਾਲੇ ਦਿਨ ਨਕਲੀ ਨਿਰੰਕਾਰੀ ਮੁਖੀ ਜੋ ਕਿ ਅੰਮਿ੍ਰਤਸਰ ਵਿਖੇ ਆਪਣੇ ਕੁਸਤਸੰਗ ਵਿਚ ਸਤਿਗੁਰਾਂ ਦਾ ਅਪਮਾਨ ਕਰ ਰਿਹਾ ਸੀ ਤਾਂ ‘ਗੁਰ ਕੀ ਨਿੰਦਾ ਸੁਨੈ ਨ ਕਾਨ’ ਦੇ ਕਥਨ ਅਨੁਸਾਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਪ੍ਰੇਰਨਾ ਅਤੇ ਅਖੰਡ ਕੀਰਤਨੀ ਜਥੇ ਦੇ ਭਾਈ ਫੌਜਾ ਸਿੰਘ ਹੋਰਾਂ ਦੀ ਅਗਵਾਈ ’ਚ ਸਿੰਘਾਂ ਦਾ ਇਕ ਸ਼ਾਂਤਮਈ ਜਥਾ ਇਸ ਕੂੜ ਸਮਾਗਮ ਦੇ ਵਿਰੋਧ ਲਈ ਤੁਰਿਆ, ਪਰ ਜਿਸ ਵੇਲੇ ਸਿੰਘਾਂ ਨੇ ਆਣ ਕੇ ਨਕਲੀ ਨਿਰੰਕਾਰੀ ਮੁਖੀ ਗੁਰਬਚਨੇ ਨੂੰ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਤੋਂ ਵਰਜਿਆ ਤਾਂ ਇਸ ਦਾ ਜਵਾਬ ਉਨ੍ਹਾਂ ਨੇ ਸਿੰਘਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦਿੱਤਾ, ਜਿਸ ਕਾਰਨ ਦੋਹਾਂ ਜਥੇਬੰਦੀਆਂ ਦੇ 13 ਸਿੰਘ ਸ਼ਹੀਦ ਤੇ 80 ਦੇ ਕਰੀਬ ਸਿੰਘ ਜ਼ਖਮੀ ਹੋ ਗਏ।
ਹੇਠਾਂ ਅਸੀਂ ਪਾਠਕਾਂ ਦੀ ਜਾਣਕਾਰੀ ਲਈ ਇਸ ਸਾਕੇ ਦੇ 13 ਸ਼ਹੀਦ ਸਿੰਘਾਂ ਬਾਰੇ ਸੰਖੇਪ ਜਾਣਕਾਰੀ ਦੇ ਰਹੇ ਹਾਂ :
ਸ਼ਹੀਦ ਭਾਈ ਫੌਜਾ ਸਿੰਘ ਜੀ
ਰਾਵੀ ਦੇ ਕੰਢੇ ‘ਖਾਲਸਾ ਫਾਰਮ’ ਜ਼ਿਲ੍ਹਾ ਗੁਰਦਾਸਪੁਰ ਵਿਖੇ ਸ. ਸੁਰੈਣ ਸਿੰਘ ਜੀ ਦੇ ਘਰ 17 ਮਈ 1936 ਨੂੰ ਭਾਈ ਫੌਜਾ ਸਿੰਘ ਜੀ ਦਾ ਜਨਮ ਹੋਇਆ। ਦਸਵੀਂ ਪਾਸ ਕਰਕੇ ਖਾਲਸਾ ਕਾਲਜ ਵਿਚ ਦਾਖਲ ਹੋਏ। ਸੰਸਾਰਕ ਜੀਵਨ ਵੱਲੋਂ ਉਚਾਟ ਆਤਮਾ ਨੇ ਦੋ ਸਾਲ ਲਈ ਆਗਿਆਤਵਾਸ ਲੈ ਲਿਆ। ਸੰਨ 1964 ਵਿਚ ਅਖੰਡ ਕੀਰਤਨੀ ਜਥੇ ਤੋਂ ਅੰਮਿ੍ਰਤਪਾਨ ਕੀਤਾ ਤੇ 1965 ਵਿਚ ਆਪ ਜੀ ਦਾ ਅਨੰਦ ਕਾਰਜ ਬੀਬੀ ਅਮਰਜੀਤ ਕੌਰ ਜੀ ਨਾਲ ਹੋਇਆ। ਆਪ 28 ਸਾਲ ਖਾਲਸਾਈ ਵਰਦੀ ਵਿਚ ਰਹੇ। ਗਤਕੇ ਦੇ ਬੜੇ ਮਾਹਿਰ ਸਨ। ਬੜੇ ਹੀ ਤਪੱਸਵੀ ਤੇ ਉਦਾਰ ਚਿਤ ਵਾਲੇ ਸਨ। ਸਿੰਘਾਂ ਨੂੰ ਬਹੁਤ ਪਿਆਰ ਕਰਦੇ ਸਨ। ‘ਬੀਰ ਰਸ’ ਤੇ ‘ਨਾਮ ਰਸ’ ਆਪ ਜੀ ਦੀ ਜੀਵਨ ਨਦੀ ਦੇ ਦੋ ਕਿਨਾਰੇ ਸਨ।
ਆਪ ਖੇਤੀ ਇੰਸਪੈਕਟਰ ਸਨ। ਆਪ ਕਹਿੰਦੇ ਹੁੰਦੇ ਸਨ, ‘‘ਜੋ ਅਸੀਂ ਆਪਣੇ ’ਤੇ ਖਰਚ ਕਰਦੇ ਹਾਂ ਉਹ ਸਭ ਵਿਅਰਥ ਹੈ, ਤੇ ਜੋ ਗੁਰਸਿੱਖਾਂ ਦੀ ਟਹਿਲ ਸੇਵਾ ਲਈ ਖਰਚ ਕਰਦੇ ਹਾਂ ਉਹ ਸਫਲ ਹੈ।’’ ਉਨ੍ਹਾਂ ਦੇ ਆਮ ਬਚਨ ਹੁੰਦੇ ਸਨ ਕਿ, ‘‘ਖਾਲਸਾ ਪੰਥ ਨੂੰ ਦਸਮੇਸ਼ ਪਿਤਾ ਨੇ ਖੂਨ ਦੇ ਕੇ ਸਿੰਜਿਆ ਹੈ ਤੇ ਜਦੋਂ ਇਸ ਨੂੰ ਔੜ ਪੈਂਦੀ ਹੈ ਤਾਂ ਖੂਨ ਨਾਲ ਹੀ ਸਿੰਜਣਾ ਪੈਂਦਾ ਹੈ। ਇਹ ਔੜ ਚੱਕਰ 40 ਵਰ੍ਹਿਆਂ ਪਿੱਛੋਂ ਜ਼ਰੂਰ ਚੱਲਦਾ ਹੈ।’’
1972 ਵਿਚ ਮਿਸਰੀ ਬਾਜ਼ਾਰ, ਅੰਮਿ੍ਰਤਸਰ ਵਿਖੇ ਅਤੇ 1975 ਵਿਚ ਗੁਰਦੁਆਰਾ ਭਾਈ ਸਾਹਲੋ ਜੀ ਵਿਖੇ ਹੋਈਆਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਨੇ ਆਪ ਦੀਆਂ ਅੱਖਾਂ ਵਿਚ ਲਹੂ ਦੇ ਹੰਝੂ ਲੈ ਆਂਦੇ। ਆਪ ਨੇ ਨਵਾਂ ਪ੍ਰੋਗਰਾਮ ਉਲੀਕਿਆ। ਥਾਂ-ਥਾਂ ’ਤੇ ਹੁਦੀਆਂ ਅਜਿਹੀਆਂ ਸ਼ਰਾਰਤਾਂ ਨੂੰ ਰੋਕਣ ਲਈ ਆਪ ਨੇ ਕਮਰਕੱਸਾ ਕੱਸਿਆ। ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਦੰਭੀ ਗੁਰੂ ਨਕਲੀ ਨਿਰੰਕਾਰੀ ਗੁਰਬਚਨ ਸਿਹੰੁ ਵੱਲੋਂ ਸ੍ਰੀ ਅੰਮਿ੍ਰਤਸਰ ਵਿਖੇ ਕੀਤੇ ਜਾ ਰਹੇ ਸ਼ਬਦ ਗੁਰੂ ਦੇ ਘੋਰ ਅਪਮਾਨ ਨੂੰ ਰੋਕਣ ਹਿਤ ਕੁਰਬਾਨੀ ਦਿੱਤੀ। ਆਪ ਦੇ ਜਿਸਮ ਨੂੰ 16 ਗੋਲੀਆਂ ਗੱਲੀਆਂ। ਆਖਰੀ ਗੋਲੀ ਡੀ.ਐਸ.ਪੀ. ਜੋਸ਼ੀ ਨੇ ਆਪ ਦੇ ਸਿਰ ਵਿਚ ਮਾਰ ਕੇ ਆਪ ਨੂੰ ਸ਼ਹੀਦ ਕਰ ਦਿੱਤਾ।
ਸ਼ਹੀਦੀ ਤੋਂ ਅੱਠ ਮਹੀਨੇ ਪਹਿਲਾਂ ਆਪ ਨੇ ਇਕ ਕਵਿਤਾ ‘ਕੁਰਬਾਨੀ’ ਨਾਮ ਦੀ ਗੁਰਦਾਸਪੁਰ ਜੇਲ੍ਹ ਵਿਚ ਲਿਖੀ ਸੀ, ਜਿਸ ਦੀ ਆਖਰੀ ਪੰਕਤੀ ਹੈ :
‘‘ਜਬ ਆਵ ਕੀ ਅਉਧ ਨਿਧਾਣ ਬਣਸੀ,
ਸੀਸ ਤੇਰਾ ਹੈ ਤੈਨੂੰ ਚੜ੍ਹਾ ਦਿਆਂਗੇ।’’
ਸ਼ਹੀਦ ਜਥੇਦਾਰ ਰਣਬੀਰ ਸਿੰਘ ਜੀ ਫੌਜੀ
ਜਥੇਦਾਰ ਰਣਬੀਰ ਸਿੰਘ ਜੀ ਦਾ ਜਨਮ ਜਥੇਦਾਰ ਕਾਲਾ ਸਿੰਘ ਜੀ ਦੇ ਘਰ ਮਾਤਾ ਹਰਨਾਮ ਕੌਰ ਜੀ ਦੀ ਕੁੱਖੋਂ ਹੋਇਆ। ਜਥੇਦਾਰ ਕਾਲਾ ਸਿੰਘ, ਸ਼ਹੀਦ ਭਗਤ ਸਿੰਘ ਦੀ ਜਥੇਬੰਦੀ ਨੌਜਵਾਨ ਸਭਾ ਦੇ ਉੱਘੇ ਮੈਂਬਰ ਸਨ ਤੇ ਜੈਤੋ ਦੇ ਮੋਰਚੇ ਵਿਚ ਸਿੰਘਣੀ ਸਮੇਤ ਕੈਦ ਵੀ ਕੱਟੀ। ਜਥੇਦਾਰ ਰਣਬੀਰ ਸਿੰਘ ਜੀ ਨੇ 6 ਸਾਲ ਦੀ ਉਮਰ ਵਿਚ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਥੇ ਤੋਂ ਅੰਮਿ੍ਰਤਪਾਨ ਕੀਤਾ। ਆਪ ਜੀ ਪੰਜ ਗ੍ਰੰਥੀ ਦੇ ਨਿਤਨੇਮੀ ਸਨ। 20 ਸਾਲ ਫੌਜੀ ਜੀਵਨ ਬਿਤਾ ਕੇ ਲਦਾਰੀ ਪੈਨਸ਼ਨ ਆਏ ਤਾਂ ਸੰਤ ਕਰਤਾਰ ਸਿੰਘ ਜੀ ਖਾਲਸਾ ਜਥਾ ਭਿੰਡਰਾਂ ਮਹਿਤਾ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਉਸਾਰੀ ਲਈ ਜਥੇਦਾਰ ਨਿਯੁਕਤ ਕਰ ਦਿੱਤਾ। ਆਪ ਜੀ ਨੇ ਆਪਣੀ ਪੈਨਸ਼ਨ, ਟਰੈਕਟਰ ਟਰਾਲੀ ਵੀ ਵੇਚ ਕੇ ਸੇਵਾ ਵਿਚ ਲਾ ਦਿੱਤਾ। ਆਪ ਜੀ ਸੰਤ ਜਰਨੈਲ ਸਿੰਘ ਜੀ ਦੇ ਅਤੀ ਨਜ਼ਦੀਕੀ ਸਿੰਘਾਂ ਵਿਚੋਂ ਇਕ ਸਨ। 11 ਅਪ੍ਰੈਲ 1978 ਨੂੰ ਆਪ ਨੇ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਬਾਉਲੀ ਸਾਹਿਬ ਵਿਖੇ ਪੌੜੀਆਂ ’ਤੇ 84 ਪਾਠ ਸ੍ਰੀ ਜਪੁਜੀ ਸਾਹਿਬ ਦੇ ਕਰ ਕੇ ਅਰਦਾਸ ਕੀਤੀ ਕਿ ‘ਸਤਿਗੁਰੂ ਜੀ, ਚੌਰਾਸੀ ਦਾ ਪਿਛਲਾ ਲੇਖਾ ਤਾਂ ਨਿਬੜ ਗਿਆ, ਹੁਣ ਇਸ ਨਿਮਾਣੇ ਸਰੀਰ ਨੂੰ ਵੀ ਲੇਖੇ ਲਾ ਲਵੋ।’ ਅਰਦਾਸ ਸੁਣੀ ਗਈ ਤੇ ਆਪ ਜੀ 1978 ਦੀ ਵਿਸਾਖੀ ਵਾਲੇ ਦਿਨ ਅੰਮਿ੍ਰਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਸ਼ਹੀਦ ਹੋ ਗਏ।
ਸ਼ਹੀਦ ਭਾਈ ਅਵਤਾਰ ਸਿੰਘ ਜੀ ਕੁਰਾਲਾ
ਆਪ ਜੀ ਦਾ ਜਨਮ ਸੰਨ 1912 ਵਿਚ ਸ. ਭਗਵਾਨ ਸਿੰਘ ਜੀ ਦੇ ਘਰ ਮਾਤਾ ਧੰਨ ਕੌਰ ਦੀ ਕੁੱਖੋਂ ਪਿੰਡ ਕੁਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਨੂੰ ਫੌਜ ਵਿਚ ਬਹਾਦਰੀ ਦਿਖਾਉਣ ਤੇ ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਵਿਖੇ ਮੁਰੱਬੇ ਮਿਲੇ ਹੋਏ ਸਨ। ਆਪ ਸਾਰੇ ਪਰਿਵਾਰ ਨਾਲ ਉਥੇ ਚਲੇ ਗਏ ਤੇ ਉਥੇ ਹੀ ਦਸਵੀਂ ਤੱਕ ਵਿੱਦਿਆ ਪ੍ਰਾਪਤ ਕੀਤੀ। ਉਪਰੰਤ ਆਪ ਦਾ ਅਨੰਦ ਕਾਰਜ ਬੀਬੀ ਗੁਰਚਰਨ ਕੌਰ ਨਾਲ ਹੋਇਆ। ਪੰਜਾਬ ਦੇ ਬਟਵਾਰੇ ਤੋਂ ਬਾਅਦ ਮੁੜ ਪੁਰਾਣੇ ਪਿੰਡ ਕੁਰਾਲੇ ਆ ਗਏ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਸੰਗਤ ਦਾ ਗੂੜ੍ਹਾ ਰੰਗ ਚੜ੍ਹਿਆ ਤੇ ਗੁਰਮਤਿ ਵਿਚ ਪ੍ਰਪੱਕ ਹੋ ਗਏ।
13 ਅਪ੍ਰੈਲ 1961 ਨੂੰ ਪਰਿਵਾਰ ਸਮੇਤ ਅੰਮਿ੍ਰਤਪਾਨ ਕੀਤਾ, ਨਾਮ ਬਾਣੀ ਦੇ ਗੂੜ੍ਹੇ ਰੰਗ ਵਿਚ ਰੰਗੇ ਗਏ। ਅਖੰਡ ਕੀਰਤਨੀ ਪ੍ਰੋਗਰਾਮਾਂ ਦੇ ਪੱਕੇ ਸਰੋਤੇ ਸਨ। ਆਪ ਦੇ ਪੰਜ ਸਪੁੱਤਰ ਭਾਈ ਕਿਰਪਾਲ ਸਿੰਘ, ਭਾਈ ਹਰਬਖਸ਼ ਸਿੰਘ, ਭਾਈ ਇਕਬਾਲ ਸਿੰਘ, ਭਾਈ ਰਤਨ ਸਿੰਘ, ਭਾਈ ਹਰਭਜਨ ਸਿੰਘ ਅਤੇ ਸਪੁੱਤਰੀ ਬੀਬੀ ਸੁਰਜੀਤ ਕੌਰ ਜੀ ਹਨ। ਇਸ ਸਾਕੇ ਸਮੇਂ ਇਨ੍ਹਾਂ ਦੇ ਸਪੁੱਤਰ ਭਾਈ ਇਕਬਾਲ ਸਿੰਘ ਵੀ ਨਾਲ ਸਨ ਜੋ ਇਕ ਗੋਲੀ ਤੇ ਇਕ ਤੀਰ ਲੱਗਣ ਨਾਲ ਸਖ਼ਤ ਫੱਟੜ ਹੋ ਗਏ। ਬੁੱਚੜ ਨਰਕਧਾਰੀਆਂ ਨੇ ਜਦੋਂ ਆਪ ਨੂੰ ਗੋਲੀ ਮਾਰੀ ਤਾਂ ਆਪ ਦਾ 66 ਸਾਲਾ ਬਿਰਧ ਸਰੀਰ ਡਿੱਗ ਪਿਆ, ਮੌਕੇ ’ਤੇ ਮੌਜੂਦ ਆਪ ਦੇ ਸਾਥੀਆਂ ਨੇ ਦੱਸਿਆ; ਆਪ ਝੱਟ-ਪੱਟ ਸੰਭਲ ਕੇ ਚੌਂਕੜਾ ਮਾਰ ਬੈਠ ਗਏ, ਅੰਤ ਸਮਾਂ ਨੇੜੇ ਜਾਣ ਕੇ ਸਿਮਰਨ ਵਿਚ ਲੀਨ ਹੋ ਗਏ, ਦੋਖੀ ਡਾਂਗਾਂ ਵਰ੍ਹਾਈ ਗਏ ਤੇ ਆਖਰ ਭਾਈ ਅਵਤਾਰ ਸਿੰਘ ਜੀ ਕੁਰਾਲਾ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਲਈ ਸ਼ਹੀਦ ਹੋ ਗਏ।
ਸ਼ਹੀਦ ਭਾਈ ਰਘਬੀਰ ਸਿੰਘ ਜੀ ਭਗੂਪੁਰ
ਆਪ ਜਾ ਜਨਮ ਪਿੰਡ ਭਗੂਪੁਰ ਤਹਿਸੀਲ ਪੱਟੀ ਜ਼ਿਲ੍ਹਾ ਅੰਮਿ੍ਰਤਸਰ ਵਿਖੇ 10 ਮਾਰਚ 1949 ਨੂੰ ਸ. ਨਵਾਬ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਪਾਲ ਕੌਰ ਦੀ ਕੁੱਖੋਂ ਹੋਇਆ। ਪਿੰਡ ਵਿਚ ਹੀ ਅੱਠਵੀਂ ਤੱਕ ਪੜ੍ਹਾਈ ਕਰ ਕੇ ਮੁੰਬਈ ਇੰਜਨੀਅਰਿੰਗ ਗਰੁੱਪ ਪੂਨਾ ਵਿਖੇ ਭਰਤੀ ਹੋ ਗਏ। 11 ਅਪ੍ਰੈਲ 1967 ਨੂੰ ਆਪ ਜੀ ਅੰਮਿ੍ਰਤਪਾਨ ਕਰ ਕੇ ‘ਖਾਲਸਾ ਅਕਾਲ ਪੁਰਖ ਕੀ ਫੌਜ’ ਵਿਚ ਭਰਤੀ ਹੋ ਗਏ ਤੇ 1968 ਵਿਚ ਇੰਜਨੀਅਰਿੰਗ ਗਰੁੱਪ ’ਚੋਂ ਨਾਮ ਕਟਵਾ ਲਿਆ। ਪਟਿਆਲੇ ਆ ਕੇ ‘ਸੂਰਾ’ ਪਿ੍ਰੰਟਿੰਗ ਪ੍ਰੈਸ ਵਿਚ ਕੰਪੋਜ਼ਿਟਰ ਲੱਗੇ ਤੇ ਨਾਲ ਹੀ ਭਾਈ ਫੌਜਾ ਸਿੰਘ ਨਾਲ ਮਿਲ ਕੇ ਗੁਰਮਤਿ ਪ੍ਰਚਾਰ ਤੇ ਅੰਮਿ੍ਰਤ ਸੰਚਾਰ ਕਰਦੇ ਰਹੇ। ਉਪਰੰਤ ਆਪ ਪੰਜਾਬ ਐਂਡ ਸਿੰਧ ਬੈਂਕ ਸੁਨਾਮ ਵਿਚ ਲੱਗ ਗਏ। 1975 ਵਿਚ ਆਪ ਦਾ ਅਨੰਦ ਕਾਰਜ ਬੀਬੀ ਹਰਦੇਵ ਕੌਰ ਜੀ ਨਾਲ ਹੋਇਆ, ਦੋਵੇਂ ਜੀਅ ਨਾਮ ਅਭਿਲਾਸ਼ੀ ਤੇ ਪੱਕੀ ਰਹਿਣੀ ਬਹਿਣੀ ਵਾਲਾ ਜੀਵਨ ਗੁਜ਼ਾਰ ਰਹੇ ਹਨ। 1978 ਨੂੰ ਸ੍ਰੀ ਅੰਮਿ੍ਰਤਸਰ ਪੁੱਜੇ, ‘ਗੁਰ ਕੀ ਨਿੰਦਾ ਸੁਨਹਿ ਨ ਕਾਨ’ ਦੇ ਸ਼ਬਦਾਂ ਅੰਦਰੋਂ ਵੰਗਾਰ ਪਾਈ ਤਾਂ ਅਕਾਲ ਪੁਰਖ ਦੇ ਭਾਣੇ ਵਿਚ ਸ਼ਹੀਦੀ ਸਾਕੇ ਵਰਤ ਗਏ।
ਸ਼ਹੀਦ ਭਾਈ ਕੇਵਲ ਸਿੰਘ
8 ਮਾਰਚ 1953 ਨੂੰ ਮੁਹੱਲਾ ਪ੍ਰੇਮਗੜ੍ਹ ਹੁਸ਼ਿਆਰਪੁਰ ਨਿਵਾਸੀ ਸ. ਅਮਰ ਸਿੰਘ ਜੀ ਦੇ ਘਰ ਮਾਤਾ ਸਤਿਆ ਕੌਰ ਦੀ ਕੁੱਖੋਂ ਭਾਈ ਕੇਵਲ ਸਿੰਘ ਜੀ ਦਾ ਜਨਮ ਹੋਇਆ। ਆਪ ਦੇ ਪਿਤਾ ਜੀ ਦਾ ਕਲਕੱਤੇ ਵਿਖੇ ਚੰਗਾ ਟਰਾਂਸਪੋਰਟ ਦਾ ਕੰਮ ਚੱਲਦਾ ਸੀ, ਇਸ ਲਈ ਆਪ ਵੀ ਕਲਕੱਤੇ ਚਲੇ ਗਏ। ਦਸਤਕਾਰੀ ਵੱਲ ਰੁਚੀ ਹੋਣ ਕਾਰਨ ਕਿਸ਼ਨ ਗੰਜ (ਬਿਹਾਰ) ਤੋਂ ਮੋਟਰ ਇਲੈਕਟਿ੍ਰਕ ਦਾ ਕੰਮ ਸਿੱਖ ਲਿਆ। 1972 ਵਿਚ ਅੰਮਿ੍ਰਤਪਾਨ ਕੀਤਾ ਤੇ ਪੂਰਨ ਗੁਰਸਿੱਖੀ ਰਹਿਤ ਵਿਚ ਵਿਚਰਨ ਲੱਗੇ, ਦੁਨਿਆਵੀ ਕੰਮਾਂ ’ਚ ਰੁਚੀ ਘੱਟ ਹੀ ਲੈਂਦੇ। ਕਈ ਬਾਣੀਆਂ ਕੰਠ ਕਰ ਲਈਆਂ, ਸਤਿ ਸੰਗਤ, ਕੀਰਤਨ ਸਮਾਗਮਾਂ ਅਤੇ ਸਿਮਰਨ ਸੇਵਾ ਵਿਚ ਡੂੰਘੇ ਉਤਰ ਗਏ। ਕਈ ਵਾਰ ਬਿਮਾਰ ਹੋਏ ਤਾਂ ਅਰਦਾਸਾ ਕਰਦੇ, ‘ਹੇ ਸਤਿਗੁਰ! ਇਸ ਮੌਤੇ ਨਹੀਂ ਸਗੋਂ ਸ਼ਹੀਦ ਦੀ ਮੌਤ ਦੇਵੀਂ..।’ ਅਰਦਾਸੇ ਉਪਰੰਤ ਠੀਕ ਹੋ ਜਾਂਦੇ ਰਹੇ।
ਆਖਰ ਜਦੋਂ ਨਰਕਧਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਿਰੁੱਧ ਬੁਰਛਾਗਰਦੀ ਸ਼ੁਰੂ ਕੀਤੀ ਤਾਂ ਆਪ ਸ਼ਰਧਾਲੂ ਸਿੰਘਾਂ ਦੇ ਸ਼ਾਂਤਮਈ ਪ੍ਰੋਟੈਸਟ ਵਿਚ ਸ਼ਾਮਲ ਹੋ ਕੇ ਗੁਰੂ ਪ੍ਰੇਮ ਹਿਤ ਸ਼ਹੀਦ ਹੋ ਗਏ। ਜਦੋਂ ਭਾਈ ਫੌਜਾ ਸਿੰਘ ਜੀ ਗੋਲੀਆਂ ਦੀ ਬੁਛਾੜ ਵਿਚ ਆ ਕੇ ਡਿੱਗ ਪਏ ਤਾਂ ਆਪ ਜੀ ਭਾਈ ਫੌਜਾ ਸਿੰਘ ਦੇ ਉਤੇ ਡਿੱਗ ਪਏ ਤਾਂ ਜੋ ਉਨ੍ਹਾਂ ਉਪਰ ਹੋਰ ਵਾਰ ਨਾ ਹੋ ਸਕੇ ਪਰ ਹਤਿਆਰਿਆਂ ਨੇ ਆਪ ਨੂੰ ਵੀ ਗੋਲੀਆਂ ਨਾਲ ਛਾਨਣੀ ਛਾਨਣੀ ਕਰ ਦਿੱਤਾ ਤੇ ਆਪ ਸ਼ਹਾਦਤ ਪਾ ਗਏ।
ਸ਼ਹੀਦ ਭਾਈ ਹਰਭਜਨ ਸਿੰਘ ਜੀ
ਆਪ ਦਾ ਜਨਮ ਅਪ੍ਰੈਲ 1947 ਵਿਚ ਪਿੰਡ ਭਟੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਸ. ਜਗਤ ਸਿੰਘ ਜੀ ਦੇ ਘਰ, ਮਾਤਾ ਹਰਬੰਸ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਲੁਧਿਆਣਾ ਐਗਰੀਕਲਚਰ ਇੰਸਪੈਕਟਰ ਦੇ ਤੌਰ ’ਤੇ ਸਰਵਿਸ ਕਰਦੇ ਸਨ। ਆਪ ਜੀ ਅੰਮਿ੍ਰਤਧਾਰੀ, ਰਹਿਣੀ ਬਹਿਣੀ ਵਾਲੇ, ਨਿਤਨੇਮੀ, ਗੁਰਮੁਖੀ ਬਾਣੇ ਵਿਚ ਵਿਚਰਦੇ ਸਨ। ਆਪਣੇ ਮਹਿਕਮੇ ਵਿਚ ਤੇ ਆਪਣੇ ਇਲਾਕੇ ਵਿਚ ਬਹੁਤ ਹੀ ਹਰਮਨ ਪਿਆਰੇ ਤੇ ਸੁਹਿਰਦ ਮੰਨੇ ਜਾਂਦੇ ਸਨ। ਆਪ ਦਾ ਅਨੰਦ ਕਾਰਜ ਬੀਬੀ ਜੋਗਿੰਦਰ ਕੌਰ ਜੀ ਅੰਮਿ੍ਰਤਧਾਰੀ ਤੇ ਰਹਿਤ ਬਹਿਤ ਵਾਲੀ ਗੁਰਮੁਖ ਸੁਭਾਅ ਵਾਲੀ ਬੀਬੀ ਨਾਲ ਹੋਇਆ। ਆਪ ਦੇ ਤਿੰਨ ਬੱਚੇ ਹਨ, ਦੋ ਲੜਕੇ ਤੇ ਇਕ ਲੜਕੀ। ਤਿੰਨੇ ਬੱਚੇ ਅੰਮਿ੍ਰਤਧਾਰੀ ਹਨ। ਅਪ੍ਰੈਲ 1978 ਨੂੰ ਅੰਮਿ੍ਰਤਸਰ ਵਿਚ ਆਪ ਸ਼ਹੀਦੀ ਜਥੇ ਵਿਚ ਸ਼ਹਾਦਤ ਪਾ ਕੇ ਸੁੱਤੀ ਹੋਈ ਕੌਮ ਨੂੰ ਝੰਜੋੜ ਗਏ।
ਸ਼ਹੀਦ ਜਥੇਦਾਰ ਅਮਰੀਕ ਸਿੰਘ ਜੀ
13 ਅਪ੍ਰੈਲ 1978 ਨੂੰ ਹੋਏ 13 ਸ਼ਹੀਦਾਂ ਵਿਚ ਜਥੇਦਾਰ ਅਮਰੀਕ ਸਿੰਘ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹਨ। ਸ਼ਹੀਦੀ ਸਾਕੇ ਸਮੇਂ ਆਪ ਜੀ ਦੀ ਉਮਰ 21 ਸਾਲ ਸੀ। ਆਪ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮਿ੍ਰਤਪਾਨ ਕਰਨ ਉਪਰੰਤ ਪੂਰਨ ਰਹਿਣੀ ਬਹਿਣੀ ਵਾਲੇ, ਨਿਤਨੇਮੀ ਤੇ ਸਤਿਸੰਗੀ ਜੀਵਨ ਬਿਤਾ ਰਹੇ ਸਨ। ਇਕ ਵਾਰ ਆਪਣੇ ਬਹੁਤ ਸਾਰੇ ਨਗਰ ਨਿਵਾਸੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਜਾ ਕੇ ਅੰਮਿ੍ਰਤਪਾਨ ਕਰਵਾਇਆ ਤਾਂ ਤਖ਼ਤ ਵੱਲੋਂ ਆਪ ਨੂੰ ‘ਜਥੇਦਾਰ’ ਦਾ ਖਿਤਾਬ ਦਿੱਤਾ ਗਿਆ। ਆਪ ਨੇ ਚੌਂਕ ਮਹਿਤਾ ਵਿਖੇ ਭਿੰਡਰਾਂ ਜਥੇ ਦੀ ਸੰਗਤ ਤੋਂ ਗੁਰਮਤਿ ਵਿਚ ਤੇ ਗੁਰਸਿੱਖੀ ਵਿਚ ਦਿ੍ਰੜ੍ਹਤਾ ਪ੍ਰਾਪਤ ਕੀਤੀ। ਆਪ ਜੀ ਖੁਜਾਲਾ ਨਗਰ ਜ਼ਿਲ੍ਹਾ ਅੰਮਿ੍ਰਤਸਰ ਦੇ ਰਹਿਣ ਵਾਲੇ ਸਨ।
13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅੰਮਿ੍ਰਤਸਰ ਪੁੱਜੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਬਰਦਾਸ਼ਤ ਕਰਦਿਆਂ ਸ਼ਹੀਦੀ ਜਥੇ ਵਿਚ ਸ਼ਾਮਲ ਹੋ ਕੇ ਸ਼ਹਾਦਤ ਦੇ ਜਾਮ ਪੀ ਗਏ।
ਸ਼ਹੀਦ ਭਾਈ ਪਿਆਰਾ ਸਿੰਘ ਜੀ
2 ਫਰਵਰੀ 1954 ਨੂੰ ਭੁੰਗਰਨੀ ਵਿਖੇ ਸ. ਕਿਸ਼ਨ ਸਿੰਘ ਜੀ ਦੇ ਘਰ ਮਾਤਾ ਭਾਗੋ ਜੀ ਦੀ ਕੁੱਖੋਂ ਇਸ ਸ਼ਹੀਦ ਦਾ ਜਨਮ ਹੋਇਆ। ਇਹ ਏਅਰ ਫੋਰਸ ’ਚੋਂ ਸਰਵਿਸ ਛੱਡ ਕੇ ਅੰਮਿ੍ਰਤਪਾਨ ਕਰ ਕੇ ਗੁਰਮਤਿ ਪ੍ਰਚਾਰ ਲਹਿਰ ਵਿਚ ਸ਼ਾਮਲ ਹੋ ਗਏ। ਬੜੇ ਗੁਰਮੁਖ, ਮਿਲਣਸਾਰ, ਨਿਮਰਤਾ ਤੇ ਪਿਆਰ ਦੇ ਪੁੰਜ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿਤ ਆਪ ਜੀ ਨੇ 13 ਅਪ੍ਰੈਲ 1978 ਨੂੰ ਸ਼ਹੀਦੀ ਦਿੱਤੀ।
ਸ਼ਹੀਦ ਭਾਈ ਹਰੀ ਸਿੰਘ ਜੀ
ਸ਼ਹੀਦ ਭਾਈ ਹਰੀ ਸਿੰਘ ਜੀ ਦਾ ਜਨਮ ਪਿੰਡ ਜੰਡਾਂ ਵਾਲੇ, ਤਹਿਸੀਲ ਖਾਰੀਆਂ, ਜ਼ਿਲ੍ਹਾ ਗੁਜਰਾਤ ਦੇ ਵਸਨੀਕ ਗਿਆਨੀ ਗੁਰਚਰਨ ਸਿੰਘ ਜੀ ਦੇ ਘਰ ਮਾਤਾ ਭਾਗ ਕੌਰ ਜੀ ਦੀ ਕੁੱਖੋਂ 17 ਜੂਨ 1923 ਨੂੰ ਹੋਇਆ। ਆਪ ਦਸਤਕਾਰੀ ਦਾ ਕਾਰ ਵਿਹਾਰ ਕਰਦੇ ਸਨ, ਅੰਮਿ੍ਰਤਧਾਰੀ ਪੂਰਨ ਗੁਰਸਿੱਖ ਸਨ। ਪੰਥਕ ਸੇਵਾ ਦੀ ਲਗਨ ਆਪ ਨੂੰ ਪਿਤਾ ਜੀ ਤੋਂ ਵਿਰਸੇ ਵਿਚ ਪ੍ਰਾਪਤ ਹੋਈ। 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿਤ ਆਪ ਜੀ ਨੇ ਸ਼ਹੀਦੀ ਦਿੱਤੀ।
ਆਪ ਜੀ ਦੀ ਸਿੰਘਣੀ ਬੜੀ ਸਿੱਖ ਸਿਦਕ ਵਾਲੀ ਹੈ। ਜਦੋਂ 23 ਅਪ੍ਰੈਲ 1978 ਨੂੰ ਆਪ ਜੀ ਦੀ ਸੁਪਤਨੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਿਤ ਕੀਤਾ ਤਾਂ ਉਨ੍ਹਾਂ ਨੇ ਕਿਹਾ, ‘‘ਮੇਰੇ ਪਤੀ ਜੀ ਗੁਰੂ ਕੇ ਲੇਖੇ ਲੱਗੇ ਹਨ ਅਤੇ ਜਦੋਂ ਪੰਥ ਨੂੰ ਹੋਰ ਲੋੜ ਪਵੇ ਤਾਂ ਮੇਰੇ ਤਿੰਨ ਪੁੱਤਰ ਵੀ ਹਾਜ਼ਰ ਹਨ।’’
ਸ਼ਹੀਦ ਭਾਈ ਗੁਰਚਰਨ ਸਿੰਘ ਜੀ
ਸ਼ਹੀਦ ਗੁਰਚਰਨ ਸਿੰਘ ਜੀ ਦਾ ਜਨਮ 1 ਅਕਤੂਬਰ 1946 ਨੂੰ ਭਾਈ ਦਲੀਪ ਸਿੰਘ ਜੀ ਦੇ ਘਰ ਸਰਦਾਰਨੀ ਨਰੈਣ ਕੌਰ ਦੀ ਕੁੱਖੋਂ ਹੋਇਆ। ਆਪ ਜੀ ਨੇ ਪੰਜ ਸਾਲ ਦੀ ਉਮਰ ਵਿਚ ਅੰਮਿ੍ਰਤਪਾਨ ਕੀਤਾ। ਪੰਜਵੀਂ ਵਿਚ ਪੜ੍ਹਦਿਆਂ ਤੱਕ ਨਿਤਨੇਮ ਦੀਆਂ ਪੰਜੇ ਬਾਣੀਆਂ ਕੰਠ ਕਰ ਲਈਆਂ ਤੇ ਪੱਕੇ ਨਿਤਨੇਮੀ ਬਣ ਗਏ। ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਵਿਚ ਐਕਸਟੈਨਸ ਡੀਮਾਨਸਟਰੇਟਰ ਦੀ ਅਸਾਮੀ ’ਤੇ ਨਿਯੁਕਤ ਸਨ। ਆਪ ਸਿੰਘਾਂ ਨਾਲ ਬੜਾ ਪ੍ਰੇਮ ਕਰਦੇ ਸਨ। 13 ਅਪ੍ਰੈਲ 1978 ਦੇ ਸ਼ਹੀਦੀ ਜਥੇ ਵਿਚ ਸ਼ਹੀਦੀ ਪਾ ਕੇ ਆਪ ਨੇ ਸੁੱਤੀ ਹੋਈ ਕੌਮ ਨੂੰ ਜਗਾਉਣ ਵਿਚ ਯੋਗਦਾਨ ਪਾਇਆ।
ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਮੋਦੇ
ਭਾਈ ਗੁਰਦਿਆਲ ਸਿੰਘ ਜੀ ਆਪਣੇ ਖਾਨਦਾਨ ’ਚੋਂ ਪਹਿਲੇ ਅੰਮਿ੍ਰਤਧਾਰੀ ਤਿਆਰ ਬਰ ਤਿਆਰ ਸਿੰਘ ਸਨ। ਅਖੰਡ ਪਾਠਾਂ ਵਿਚ ਸ਼ਾਮਲ ਹੁੰਦੇ ਪਰ ਭੇਟਾ ਨਹੀਂ ਸਨ ਲੈਂਦੇ। ਆਪ ਨੇ 1966 ਨੂੰ ਭਿੰਡਰਾਂ ਵਾਲੇ ਜਥੇ ਤੋਂ ਅੰਮਿ੍ਰਤਪਾਨ ਕੀਤਾ। ਆਪ ਨਾਮ ਅਭਿਆਸੀ ਤੇ ਰਹਿਤਵਾਨ ਸਿੰਘ ਸਨ। 1978 ਦੀ ਵਿਸਾਖੀ ਮੌਕੇ ਅੰਮਿ੍ਰਤਸਰ ਆਏ ਤੇ ‘ਗੁਰ ਕੀ ਨਿੰਦਾ ਸੁਨਹਿ ਨ ਕਾਨ’ ’ਤੇ ਫੁੱਲ ਚੜ੍ਹਾਉਂਦਿਆਂ ਸ਼ਹੀਦੀ ਜਥੇ ਵਿਚ ਸ਼ਾਮਲ ਹੋਏ। ਸੰਤ ਜਰਨੈਲ ਸਿੰਘ ਜੀ ਵੀ ਇਸ ਜਥੇ ਵਿਚ ਜਾਣਾ ਚਾਹੁੰਦੇ ਸਨ। ਪਰ ਜਥੇ ਦੇ ਸਿੰਘਾਂ ਨੇ ਸੰਤਾਂ ਨੂੰ ਕਿਹਾ ਕਿ ਆਪ ਜੀ ਇਸ ਜਥੇ ’ਚ ਨਾ ਜਾਓ, ਕਿਉਂਕਿ ਅਗਾਂਹ ਆਪ ਲੋੜ ਪੈਣ ’ਤੇ ਹੋਰ ਵੀ ਸਿੰਘ ਤਿਆਰ ਕਰ ਸਕਦੇ ਹੋ। ਇਸ ਲਈ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਸ਼ਹੀਦੀ ਜਥੇ ਵਿਚ ਜਾਣ ਤੋਂ ਰੋਕਿਆ ਤੇ ਆਪ ਧਰਮ-ਕਾਰਜ ਵਿਚ ਜਾਣ ਦੀ ਆਗਿਆ ਮੰਗੀ। ਉਹਨਾਂ ਪੰਜਾਂ ਸਿੰਘਾਂ ਵਿਚ ਭਾਈ ਗੁਰਦਿਆਲ ਸਿੰਘ ਜੀ ਵੀ ਸ਼ਾਮਲ ਸਨ। ਆਪ ਅਕਸਰ ਅਰਦਾਸ ਕਰਦੇ ਸਨ ਕਿ ‘ਹੇ ਸਤਿਗੁਰੂ ਤੇਰੇ ਚਰਨਾਂ ਵਿਚ ਹੀ ਮੇਰਾ ਸੀਸ ਲੱਗੇ’
ਸ਼ਹੀਦ ਬਾਬਾ ਦਰਸ਼ਨ ਸਿੰਘ ਜੀ ਮਹਿਤਾ
ਪਿੰਡ ਨਵਾਂ ਵੈਰੋਨੰਗਲ ਤਹਿਸੀਲ ਬਟਾਲਾ ਦੇ ਵਸਨੀਕ ਸ. ਅੱਛਰ ਸਿੰਘ ਜੀ ਦੇ ਘਰ ਸ਼ਹੀਦ ਬਾਬਾ ਦਰਸ਼ਨ ਸਿੰਘ ਦਾ ਜਨਮ ਹੋਇਆ। ਸ਼ਹੀਦੀ ਸਮੇਂ ਆਪ ਦੀ ਉਮਰ 80 ਸਾਲ ਸੀ। 13 ਅਪ੍ਰੈਲ ਦੇ 13 ਸ਼ਹੀਦਾਂ ਵਿਚੋਂ ਆਪ ਸਭ ਤੋਂ ਵੱਡੀ ਉਮਰ ਦੇ ਸਨ। ਆਪ ਜੀ ਚੇਲੇਆਣੇ ਦੇ ਸ਼ਹੀਦੀ ਸਾਕੇ ਵਿਚ ਵੀ ਸ਼ਾਮਲ ਸਨ। ਆਪ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਵਿਚੋਂ ਇਕ ਸਨ। ਆਪ ਜੀ ਨੂੰ ‘ਸੁਤੰਤਰਤਾ ਸੰਗਰਾਮੀ’ ਵਜੋਂ ਪੈਨਸ਼ਨ ਵੀ ਮਿਲਦੀ ਸੀ। ਆਪ ਜੀ ਬੜੇ ਧਾਰਮਿਕ ਰੁਚੀਆਂ ਵਾਲੇ ਸਨ ਤੇ ਬੇਹੰਗਮ ਰਹਿ ਕੇ ਗੁਰਦੁਆਰਿਆਂ ਵਿਚ ਗ੍ਰੰਥੀ ਦੀ ਸੇਵਾ ਕਰਦੇ ਰਹੇ।
ਸੰਤ ਕਰਤਾਰ ਸਿੰਘ ਜੀ ਖਾਲਸਾ ਜਥਾ ਭਿੰਡਰਾਂ ਨੇ ਆਪ ਨੂੰ ਗੁਰਦੁਆਰਾ ਮਹਿਤਾ ਦੀ ਜ਼ਮੀਨ ਦੀ ਸੇਵਾ ਸੰਭਾਲ ਦਾ ਜਥੇਦਾਰ ਨਿਯੁਕਤ ਕਰ ਦਿੱਤਾ। ਇਹ ਸੇਵਾ ਆਪ ਨੇ ਤਨ-ਮਨ ਨਾਲ ਨਿਭਾਈ। ਸਤਿਗੁਰ ਦੇ ਭਾਣੇ ਵਿਚ ਰਹਿ ਕੇ ਆਪ ਨੇ ਸ਼ਾਂਤਮਈ ਢੰਗ ਨਾਲ ਸ਼ਹੀਦੀ ਪ੍ਰਾਪਤ ਕੀਤੀ।
ਸ਼ਹੀਦ ਭਾਈ ਧਰਮਬੀਰ ਸਿੰਘ ਜੀ
ਭਾਈ ਧਰਮਬੀਰ ਸਿੰਘ ਜੀ ਦਾ ਜਨਮ 15 ਮਾਰਚ 1953 ਨੂੰ ਦਿੱਲੀ ਵਿਖੇ ਭਾਈ ਲਾਲ ਸਿੰਘ ਜੀ ਦੇ ਘਰ ਮਾਤਾ ਬਾਲ ਕੌਰ ਜੀ ਦੀ ਕੁੱਖੋਂ ਹੋਇਆ। ਆਪ ਦਾ ਪਰਿਵਾਰ ਪਿੰਡ ਸਾਹੋਵਾਲ, ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਦਾ ਰਹਿਣ ਵਾਲਾ ਸੀ। ਆਪ ਨੇ ਸਕੂਲੀ ਵਿੱਦਿਆ ਪ੍ਰਾਪਤੀ ਸਮੇਂ ਹੀ ਅੰਮਿ੍ਰਤਪਾਨ ਕਰ ਲਿਆ ਸੀ ਤੇ ਨਿਤਨੇਮ ਦੀਆਂ ਬਾਣੀਆਂ ਕੰਠ ਕਰ ਲਈਆਂ ਸਨ। ਆਪ ਨੇ ਬੜੀ ਮਿਹਨਤ ਨਾਲ ਸ੍ਰੀ ਅੰਮਿ੍ਰਤਸਰ ਵਿਖੇ ਇਕ ਕਿਰਪਾਨ ਫੈਕਟਰੀ ਕਾਇਮ ਕੀਤੀ। ਆਪ ਕੀਰਤਨ ਸੁਣਨ ਦੇ ਬੜੇ ਰਸੀਏ ਸਨ। ਭਾਈ ਫੌਜਾ ਸਿੰਘ ਜੀ ਸ਼ਹੀਦ ਨਾਲ ਆਪ ਦਾ ਗੂੜ੍ਹਾ ਪਿਆ ਸੀ। ਆਪ ਦੋਹਾਂ ਨੇ ਮਿਲ ਕੇ ‘ਗੁਰੂ ਕੇ ਮਹਿਲ’ ਵਿਚ ਤੇ ਟੋਭਾ ਭਾਈ ਸਾਲ੍ਹੋ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀਆਂ ਨੂੰ ਖਾਲਸਈ ਹੱਥ ਦਿਖਾਏ। ਉਸ ਕੇਸ ਵਿਚ ਗਿ੍ਰਫ਼ਤਾਰ ਹੋਣ ਵਾਲਿਆਂ ਵਿਚੋਂ ਆਪ ਵੀ ਸਨ ਤੇ ਤਿੰਨ ਮਹੀਨੇ ਜੇਲ੍ਹ ਕੱਟੀ ਸੀ। ਦੋ ਮਹੀਨਿਆਂ ਬਾਅਦ ਪਰਿਵਾਰ ਨੇ ਆਪ ਦਾ ਅਨੰਦ ਕਾਰਜ ਰੱਖਿਆ ਹੋਇਆ ਸੀ ਕਿ ਨਕਲੀ ਨਿਰੰਕਾਰੀਆਂ ਵੱਲੋਂ ਹੁੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਬਰਦਾਸ਼ਤ ਨਾ ਕਰਦਿਆਂ ਸ਼ਹੀਦੀ ਜਥੇ ਵਿਚ ਸ਼ਾਮਲ ਹੋ ਕੇ ਮੌਤ ਲਾੜੀ ਨੂੰ ਅਪਣਾ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।