ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਮਤਿ ਦੀ ਖੁਸ਼ਬੋ ਕਿਵੇਂ ਫੈਲੇ?


_ਸੁਰਜੀਤ ਸਿੰਘ, ਲੁਧਿਆਣਾ ਮੋਬਾ : 9915929899
ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਕਲਿਆਣਾ ਜੀ ਇਮਾਰਤੀ ਲੱਕੜ ਖਰੀਦਣ ਲਈ ਮੰਡੀ (ਹਿਮਾਚਲ) ਵਿਖੇ ਗਏ। ਉਨ੍ਹਾਂ ਦਿਨਾਂ ਵਿਚ ਉਥੋਂ ਦੇ ਰਾਜੇ ਨੇ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਵਰਤ ਰੱਖਣ ਲਈ ਸਰਕਾਰੀ ਹੁਕਮ ਕਰ ਦਿੱਤਾ ਪਰ ਭਾਈ ਕਲਿਆਣਾ ਜੀ ਗੁਰਬਾਣੀ ਦੇ ਉਪਦੇਸ਼ਾਂ ਨੂੰ ਧੁਰ ਅੰਦਰ ਤੱਕ ਧਾਰਨ ਕਰਨ ਵਾਲੇ ਸਨ। ਸੇਵਾ ਤੇ ਸਿਮਰਨ ਦੇ ਰਸ ਵਿਚ ਰਹਿਣ ਵਾਲੇ ਸਨ। ਇਸ ਲਈ ਵਰਤ ਰੱਖਣ ਵਰਗੇ ਕਰਮਕਾਂਡਾਂ ਤੋਂ ਬਹੁਤ ਉੱਪਰ ਸਨ। ਉਨ੍ਹਾਂ ਨੇ ਰਾਜੇ ਦੇ ਹੁਕਮ ਦੇ ਬਾਵਜੂਦ ਵੀ ਵਰਤ ਨਹੀਂ ਰੱਖਿਆ। ਉਨ੍ਹਾਂ ਨੂੰ ਰਾਜੇ ਦੀ ਹੁਕਮ-ਅਦੂਲੀ ਦੇ ਅਪਰਾਧ ਹੇਠ ਰਾਜੇ ਅੱਗੇ ਪੇਸ਼ ਕੀਤਾ ਗਿਆ। ਭਾਈ ਸਾਹਿਬ ਨੇ ਨਿਡਰ ਹੋ ਕੇ ਗੁਰਬਾਣੀ-ਗੁਰੂ ਦੀ ਫਿਲਾਸਫੀ ਬਾਰੇ ਰਾਜੇ ਨਾਲ ਸਾਂਝ ਪਾਈ। ਰਾਜਾ ਪਹਿਲਾਂ ਤਾਂ ਇਸ ਗੱਲੋਂ ਬਹੁਤ ਪ੍ਰਭਾਵਿਤ ਸੀ ਕਿ ਭਾਈ ਕਲਿਆਣਾ ਜੀ ਕਿਤਨੇ ਨਿਡਰ ਹਨ ਤੇ ਕਿੰਨਾ ਉੱਚਾ-ਸੁੱਚਾ ਜੀਵਨ ਗੁਜ਼ਾਰ ਰਹੇ ਹਨ। ਗੁਰਬਾਣੀ ਦੇ ਉਪਦੇਸ਼ ਸੁਣਨ ਤੋਂ ਬਾਅਦ ਰਾਜੇ ਦੇ ਮਨ ਵਿਚ ਇੱਛਾ ਪੈਦਾ ਹੋਈ ਕਿ ਜੇ ਭਾਈ ਕਲਿਆਣਾ ਦਾ ਜੀਵਨ ਇਤਨਾ ਮਹਾਨ ਤੇ ਖੁਸ਼ਬੋ ਨਾਲ ਭਰਪੂਰ ਰਸਮਈ ਜੀਵਨ ਹੈ ਤਾਂ ਉਹ ਗੁਰੂ ਕਿਤਨਾ ਮਹਾਨ ਹੋਵੇਗਾ ਜਿਸ ਗੁਰੂ ਦੀ ਮਿੱਠੀ ਬਾਣੀ ਨੇ ਭਾਈ ਕਲਿਆਣਾ ਜੀ ਦੇ ਜੀਵਨ ਨੂੰ ਰਸਮਈ ਬਣਾਇਆ ਹੈ। ਰਾਜੇ ਤੇ ਰਾਣੀ ਨੇ ਭਾਈ ਕਲਿਆਣਾ ਜੀ ਅੱਗੇ ਉਨ੍ਹਾਂ ਦੇ ਪੂਰਨ-ਗੁਰੂ ਗੁਰੂ ਅਰਜਨ ਦੇਵ ਜੀ ਕੋਲ ਜਾਣ ਦੀ ਇੱਛਾ ਪ੍ਰਗਟ ਕੀਤੀ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਉਨ੍ਹਾਂ ਪਾਸੋਂ ਗੁਰਬਾਣੀ ਦੇ ਉਪਦੇਸ਼ ਸੁਣ ਕੇ ਇੰਨੇ ਪ੍ਰਭਾਵਿਤ ਹੋਏ ਕਿ ਗੁਰੂ ਜੀ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਅੱਜ ਜੇ ਕੋਈ ਸਿੱਖ ਕਿਸੇ ਦੂਸਰੇ ਨੂੰ ਗੁਰਸਿੱਖੀ ਵੱਲ ਪ੍ਰੇਰਦਾ ਹੋਇਆ ਕਹਿੰਦਾ ਹੈ ਕਿ ਸਾਡੇ ਗੁਰੂ ਬੜੇ ਮਹਾਨ ਹਨ, ਸਾਡਾ ਵਿਰਸਾ ਬੜਾ ਅਮੀਰ ਹੈ ਤਾਂ ਕਈ ਵਾਰ ਦੂਜੀ ਧਿਰ ਇਹ ਕਹਿ ਦਿੰਦੀ ਹੈ ਕਿ ਮੈਂ ਤੇਰੇ ਗੁਰੂ ਨੂੰ ਨਹੀਂ ਜਾਣਦਾ, ਨਾ ਮੈਨੂੰ ਤੁਹਾਡੇ ਅਮੀਰ ਵਿਰਸੇ ਬਾਰੇ ਕੁਝ ਪਤਾ ਹੈ। ਮੈਂ ਤਾਂ ਤੁਹਾਨੂੰ ਜਾਣਦਾ ਹਾਂ ਤੇ ਤੁਹਾਡੀਆਂ ਕਰਤੂਤਾਂ ਵੀ ਜਾਣਦਾ ਹਾਂ। ਜੇ ਇਹੋ ਜਿਹੀਆਂ ਕਰਤੂਤਾਂ ਵਾਲੇ ਸਿੱਖ ਹੁੰਦੇ ਹਨ ਫਿਰ ਤਾਂ ਮੈਂ ਜਿੱਥੇ ਹਾਂ, ਉੱਥੇ ਹੀ ਠੀਕ ਹਾਂ। ਗੁਰਮਤਿ ਦੀ ਖੁਸ਼ਬੂ ਨੇ ਤਾਂ ਸਾਡੇ ਜੀਵਨ ਨੂੰ ਦੇਖ ਕੇ ਫੈਲਣਾ ਹੈ। ਕੀ ਅਸੀਂ ਭਾਈ ਕਲਿਆਣਾ ਜੀ ਤੇ ਹੋਰ ਪੁਰਾਤਨ ਗੁਰਸਿੱਖਾਂ ਦੀ ਤਰ੍ਹਾਂ ਰੋਲ ਮਾਡਲ ਬਣ ਸਕੇ ਹਾਂ?