ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਚਿਹਰੇ ’ਤੇ ਨੂਰ ਬਣ ਕੇ ਝਲਕਦੀ ਖੁਸ਼ੀ ਦੀ ਪੈ ਰਹੀ ਥੁੜ


ਜਲੇ ਚਿਹਰਿਆਂ ਨੂੰ ਪਛਾਣਨਾ ਮੁਸ਼ਕਲ ਨਹੀਂ; ਇਨ੍ਹਾਂ ਵਿੱਚੋਂ ਨੂਰ ਝਲਕਦਾ ਹੈ। ਉੱਜਲਾ ਚਿਹਰਾ ਹੀ ਇਨਸਾਨ ਦੀ ਉਮਰ ਭਰ ਦੀ ਕਮਾਈ ਹੈ। ਜਿਨ੍ਹਾਂ ਇਨਸਾਨਾਂ ਦੇ ਚਿਹਰੇ ਉੱਜਲੇ ਹੋਣ; ਉਨ੍ਹਾਂ ਨੂੰ ਦੁਨੀਆਂ ਦਾ ਲੋਭ-ਲਾਲਚ ਨਹੀਂ ਹੁੰਦਾ। ਉਂਜ ਚਿਹਰਾ ਉੱਜਲਾ ਤਦ ਹੀ ਬਣਦਾ ਹੈ ਜੇ ਇਨਸਾਨ ਦੇ ਕੰਮ-ਕਾਰ ਠੀਕ ਹੋਣ; ਜ਼ਿੰਦਗੀ ਦੀ ਗੱਡੀ ਸਹੀ ਲੀਹ ’ਤੇ ਚੱਲਦੀ ਹੋਵੇ ਤੇ ਕਿਸੇ ਵੀ ਇਨਸਾਨ ਨਾਲ ਵੈਰ-ਵਿਰੋਧ, ਸਾੜਾ, ਈਰਖਾ ਨਾ ਹੋਵੇ। ਗੁਰਬਾਣੀ ਨਾਲ ਜੁੜੇ ਪਾਠੀ ਸਿੰਘਾਂ ਦੇ ਚਿਹਰੇ ਲਿਸ਼ਕਾਂ ਮਾਰਦੇ ਹਨ ਕਿਉਂਕਿ ਉਨ੍ਹਾਂ ਅੰਦਰ ਬਾਣੀ ਦਾ ਚਾਨਣ ਪਸਰਿਆ ਹੁੰਦਾ ਹੈ। ਬਾਣੀ ਦੇ ਚਾਨਣ ਨਾਲ ਹੀ ਉਹ ਸੋਹਣੀ, ਬੇਦਾਗ਼ ਜ਼ਿੰਦਗੀ ਗੁਜ਼ਾਰਦੇ ਹਨ ਤੇ ਹਰੇਕ ਇਨਸਾਨ ਨਾਲ ਚੰਗਾ ਵਿਹਾਰ ਪਾਲਦੇ ਹਨ। ਉੱਜਲੇ ਚਿਹਰੇ ਦੀ ਪਛਾਣ ਦੂਰੋਂ ਹੀ ਆ ਜਾਂਦੀ ਹੈ। ਕਈ ਇਨਸਾਨਾਂ ਦੇ ਚਿਹਰੇ ਇੰਜ ਲੱਗਦੇ ਹਨ; ਜਿਵੇਂ ਉਹ ਗੁਆਚੇ-ਗੁਆਚੇ ਇਸ ਸੰਸਾਰ ਵਿੱਚ ਫਿਰ ਰਹੇ ਹੋਣ ਪਰ ਉੱਜਲੇ ਮੁੱਖੜੇ ਵਾਲਾ ਇਨਸਾਨ ਧਰਤੀ ’ਤੇ ਵੀ ਆਪਣੇ ਕਦਮ ਸਾਬਤ-ਸਾਬੂਤ ਰੱਖਦਾ ਹੈ। ਨਿਰਭੈ ਹੋ ਕੇ ਜਿਉਂਦਾ ਹੈ। ਉਸ ਦੇ ਅੰਦਰ ਇੱਕ ਜੋਤ ਜਗਦੀ ਹੈ ਤੇ ਅੰਦਰ ਧੋਤਾ-ਧੋਤਾ ਹੁੰਦਾ ਹੈ ਤੇ ਅਜਿਹੇ ਇਨਸਾਨ ’ਤੇ ਜੇ ਕਦੀ ਕੋਈ ਮੁਸੀਬਤ ਆ ਜਾਵੇ ਤਾਂ ਉਹ ਛੇਤੀ ਡੋਲਦਾ ਨਹੀਂ; ਮੁਸੀਬਤ ਨਾਲ ਦਸਤਪੰਜਾ ਲੈਂਦਾ ਹੈ ਤੇ ਮੁਸੀਬਤ ਤੋਂ ਆਪਣੇ ਦਿ੍ਰੜ੍ਹ ਇਰਾਦੇ ਤੇ ਨਿਸ਼ਚੈ ਨਾਲ ਪਾਰ ਹੋ ਜਾਂਦਾ ਹੈ।
    ਉੱਜਲੇ ਚਿਹਰੇ ’ਤੇ ਕੋਈ ਵੈਰ-ਵਿਰੋਧ ਦੀ ਰੇਖਾ ਵਿਖਾਈ ਨਹੀਂ ਦਿੰਦੀ। ਨਿਖਰਿਆ ਚਿਹਰਾ ਸੂਰਜ ਵਾਂਗ ਚਮਕਦਾ ਹੈ। ਉੱਜਲ ਚਿਹਰਾ ਹੀ ਇਨਸਾਨ ਦੀ ਅਸਲ ਕਮਾਈ ਹੈ ਤੇ ਚਿਹਰਾ ਤਦ ਹੀ ਬਣ ਸਕੇਗਾ ਜੇ ਜ਼ਿੰਦਗੀ ਚੰਗੀ ਤਰ੍ਹਾਂ ਮਾਣੀ ਗਈ ਹੋਵੇ। ਸਫ਼ਲ ਇਨਸਾਨ ਦਾ ਚਿਹਰਾ ਹਮੇਸ਼ਾਂ ਰੋਸ਼ਨ ਹੁੰਦਾ ਹੈ ਅਤੇ ਉਸ ਦੇ ਚਿਹਰੇ ’ਤੇ ਜਿੱਤ ਵੀ ਉੱਕਰੀ ਹੁੰਦੀ ਹੈ ਪਰ ਹਾਰਿਆ, ਮੁਸੀਬਤਾਂ ਦਾ ਝੰਬਿਆ, ਨਸ਼ਿਆਂ ਵਿੱਚ ਡੁੱਬਾ ਤੇ ਜ਼ਿੰਦਗੀ ਦਾ ਰਾਹ ਭੁੱਲਿਆ ਹੋਇਆ ਚਿਹਰਾ ਕਦੇ ਉੱਜਲਾ ਨਹੀਂ ਹੋ ਸਕਦਾ। ਕਈ ਵਾਰ ਮੁਸੀਬਤਾਂ ਨਾਲ ਜੂਝਣ ਵੇਲੇ ਵੀ ਇਨਸਾਨ ਦਾ ਚਿਹਰਾ ਲਾਟ ਵਾਂਗ ਬਲਦਾ ਵਿਖਾਈ ਦਿੰਦਾ ਹੈ। ਚਿਹਰੇ ’ਤੇ ਹੀ ਤੁਹਾਡੀ ਜਿੱਤ ਜਾਂ ਹਾਰ ਲਿਖੀ ਹੁੰਦੀ ਹੈ। ਕਈ ਇਨਸਾਨ ਇਰਾਦੇ ਦੇ ਏਨੇ ਪੱਕੇ ਹੁੰਦੇ ਹਨ ਕਿ ਉਹ ਜਿੱਤ ਪ੍ਰਾਪਤ ਕਰਕੇ ਹੀ ਦਮ ਲੈਂਦੇ ਹਨ। ਓਨਾ ਚਿਰ ਉਹ ਟਿਕ ਕੇ ਨਹੀਂ ਬੈਠਦੇ ਜਿੰਨਾ ਚਿਰ ਸਮੱਸਿਆ ਨੂੰ ਹੱਲ ਨਾ ਕਰ ਲੈਣ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੰਨਾ ਉੱਜਲਾ ਚਿਹਰਾ ਕਿਸੇ ਦਾ ਵੀ ਨਹੀਂ ਬਣ ਸਕਦਾ; ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਿੰਨੀਆਂ ਲੜਾਈਆਂ ਲੜੀਆਂ, ਮੁਸੀਬਤਾਂ ਝੱਲੀਆਂ ਤੇ ਉਨ੍ਹਾਂ ਮੁਸੀਬਤਾਂ ਨਾਲ ਦਸਤਪੰਜਾ ਲੈਂਦਿਆਂ ਕਦੇ ਹਾਰ ਨਹੀਂ ਮੰਨੀ, ਸਗੋਂ ਵੱਡੀਆਂ ਕੁਰਬਾਨੀਆਂ ਦੇ ਕੇ ਵੀ ਸਦਾ ਹੱਸਦੇ ਤੇ ਉੱਜਲੇ ਚਿਹਰੇ ਨਾਲ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਨਵਾਂ ਇਤਿਹਾਸ ਸਿਰਜਿਆ।     ਇੰਜ ਹੀ ਨੈਲਸਨ ਮੰਡੇਲਾ 27 ਸਾਲ ਜੇਲ੍ਹਾਂ ਵਿੱਚ ਰਹਿ ਕੇ ਵੀ ਮੁਰਝਾਇਆ ਨਹੀਂ, ਸਗੋਂ ਜੇਲ੍ਹ ਪੂਰੀ ਹੋਣ ’ਤੇ ਅੱਜ 94 ਸਾਲ ਦੀ ਉਮਰ ਵਿੱਚ ਵੀ ਜ਼ਿੰਦਗੀ ਨੂੰ ਕਿੰਨੇ ਉਤਸ਼ਾਹ ਨਾਲ ਜੀਅ ਰਿਹਾ ਹੈ। ਉਸ ਨੇ ਕਦੇ ਜ਼ਿੰਦਗੀ ਵਿੱਚ ਹਾਰ ਨਹੀਂ ਮੰਨੀ। ਇਨਸਾਨ ਨੂੰ ਆਜ਼ਾਦ ਜ਼ਿੰਦਗੀ ਜੀਣ ਦਾ ਸੁਨੇਹਾ ਦਿੱਤਾ ਤੇ ਆਪਣੇ ਮੁਲਕ ਦੀ ਤਰੱਕੀ ਲਈ, ਉਹ ਅੱਜ ਵੀ ਕੰਮ ਕਰ ਰਿਹਾ ਹੈ।  ਗੁਰੂ ਨਾਨਕ ਦੇਵ ਦਾ ਕਿੰਨਾ ਉੱਜਲਾ ਚਿਹਰਾ ਸੀ; ਜਿਨ੍ਹਾਂ ਨੇ ਲੰਮੀਆਂ ਵਾਟਾਂ ਲੰਘ ਕੇ, ਗੁੰਮਰਾਹ ਹੋਈ ਦੁਨੀਆਂ ਨੂੰ ਜ਼ਿੰਦਗੀ ਦੇ ਸਹੀ ਰਾਹ ’ਤੇ ਪਾਇਆ। ਕੌਡੇ ਰਾਕਸ਼ ਵਰਗੇ ਦੁਸ਼ਟਾਂ ਨੂੰ ਸਬਕ ਸਿਖਾਇਆ ਤੇ ਪਹਾੜੀ ਥੱਲ੍ਹੇ ਵਲੀ ਕੰਧਾਰੀ ਵੱਲੋਂ ਪਾਣੀ ਨਾ ਦੇਣ, ਉਪਰੰਤ ਧਰਤੀ ਵਿੱਚੋਂ ਪਾਣੀ ਦੇ ਚਸ਼ਮੇ ਵਹਾ ਦਿੱਤੇ। ਭੁੱਲੀ ਭਟਕੀ ਲੋਕਾਈ ਨੂੰ ਜ਼ਿੰਦਗੀ ਦੇ ਹਨੇਰੇ ਵਿੱਚੋਂ ਕੱਢ ਕੇ ਚਾਨਣ ਭਰੀ ਜ਼ਿੰਦਗੀ ਜੀਣ ਲਈ ਪ੍ਰੇਰਿਆ। ਸੱਚੀ ਤੇ ਸੁੱਚੀ ਕਮਾਈ ਦਾ ਕਿ੍ਰਸ਼ਮਾ ਕਰ ਵਿਖਾਇਆ। ਸੁੱਕੀਆਂ ਰੋਟੀਆਂ ਵਿੱਚੋਂ ਦੁੱਧ ਦੀਆਂ ਧਾਰਾਂ ਵਹਾ ਦਿੱਤੀਆਂ। ਹੱਥੀਂ ਕੰਮ ਕਰਨ ਦੀ ਪਿਰਤ ਪਾਈ ਤੇ ਦੱਸਿਆ ਕਿ ਬਰਕਤਾਂ ਕੇਵਲ ਹੱਥੀਂ ਕੰਮ ਕਰਕੇ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਅੱਜ ਇਨ੍ਹਾਂ ਉੱਜਲੇ ਚਿਹਰਿਆਂ ਦੀ ਘਾਟ ਬੜੀ ਰੜਕ ਰਹੀ ਹੈ। ਜਿਹੋ-ਜਿਹੇ ਇਨਸਾਨ ਦੇ ਕੰਮ ਹਨ, ਉਹੋ ਜਿਹੀਆਂ ਲੀਕਾਂ ਇਨਸਾਨ ਦੇ ਚਿਹਰੇ ’ਤੇ ਉੱਕਰਦੀਆਂ ਜਾਂਦੀਆਂ ਹਨ। ਭੈੜੇ ਕੰਮ ਕਰਕੇ, ਠੱਗੀ, ਧੋਖੇ ਨਾਲ ਧਨ ਕਮਾ ਕੇ, ਕਦੇ ਵੀ ਉੱਜਲੇ ਚਿਹਰੇ ਨਹੀਂ ਬਣ ਸਕਦੇ। ਭਾਵੇਂ ਅੱਜ ਇਨਸਾਨ ਮਖੌਟਾਧਾਰੀ ਬਣਿਆ ਹੋਇਆ ਹੈ ਤੇ ਚਿਹਰੇ ਨੂੰ ਖ਼ੂਬਸੂਰਤ ਬਣਾਉਣ ਦੇ ਬੜੇ ਆਧੁਨਿਕ ਢੰਗ-ਤਰੀਕੇ ਵਰਤ ਰਿਹਾ ਹੈ ਪਰ ਚਿਹਰਾ ਉੱਜਲਾ ਨਹੀਂ ਬਣਦਾ।  ਇਸ ਤਰ੍ਹਾਂ ਕਰਨ ਨਾਲ ਚਿਹਰਾ ਬਨਾਉਟੀ ਦਿੱਖ ਵਾਲਾ ਜ਼ਰੂਰ ਬਣ ਜਾਂਦਾ ਹੈ ਜਿਵੇਂ ਕੋਈ ਮਿੱਟੀ ਦਾ ਬੁੱਤ ਸਿਰਜਿਆ ਹੋਵੇ ਜਾਂ ਕਿਸੇ ਮਖੌਟੇ ਨੂੰ ਰੰਗ ਨਾਲ ਖ਼ੂਬਸੂਰਤੀ ਬਖ਼ਸ਼ ਦਿੱਤੀ ਹੋਵੇ। ਅਸਲ ਝਲਕ ਸਿਰਫ਼ ਉਸ ਉੱਜਲੇ ਚਿਹਰੇ ਤੋਂ ਹੀ ਮਿਲ ਸਕਦੀ ਹੈ ਜਿਸ ਦੇ ਅੰਦਰ ਖ਼ੂਬਸੂਰਤ ਖਿਆਲ ਹੋਣ ਤੇ ਹਿਰਦੇ ਦੀ ਨਿਰਮਲ ਆਭਾ, ਚਿਹਰੇ ’ਤੇ ਨੂਰ ਬਣ ਕੇ ਝਲਕ ਰਹੀ ਹੋਵੇ। ਤੁਸੀਂ ਵੀ ਕੋਈ ਅਜਿਹਾ ਕੰਮ ਕਰ ਵੇਖੋ ਕਿ ਤੁਹਾਡੇ ਚਿਹਰੇ ਦੀ ਦਿੱਖ ਬਦਲ ਜਾਵੇ।
-ਅਜੀਤ ਸਿੰਘ ਚੰਦਨ
* ਸੰਪਰਕ: 98723-51093