ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜੇ ਬਲੱਡ ਪ੍ਰੈਸ਼ਰ ਵਧ ਜਾਵੇ ਤਾਂ!


ਸਾਲ 2012 ਦੇ ਸਿਹਤ ਸਰਵੇਖਣ ਰਾਹੀਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਵਿਸ਼ਵ ਦੀਆਂ 57 ਮਿਲੀਅਨ ਮੌਤਾਂ ਵਿੱਚੋਂ 36 ਮਿਲੀਅਨ ਭਾਵ, 63 ਫ਼ੀਸਦੀ ਮੌਤਾਂ ਸ਼ੱਕਰ ਰੋਗ ਅਤੇ ਦਿਲ ਦੇ ਰੋਗਾਂ ਕਾਰਨ ਹੋ ਰਹੀਆਂ ਹਨ। ਬਲੱਡ ਪ੍ਰੈਸ਼ਰ  ਵਧਣ ਕਾਰਨ ਦੁਨੀਆਂ ਭਰ ਵਿੱਚ 13 ਫ਼ੀਸਦੀ ਮੌਤਾਂ ਹੋ ਰਹੀਆਂ ਹਨ। ਸਾਲ 2000 ਵਿੱਚ ਦੁਨੀਆਂ ਦੇ ਇੱਕ-ਚੌਥਾਈ ਤੋਂ ਵੀ ਵੱਧ ਲੋਕ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ। ਸਾਲ 2025 ਤਕ ਇਹ ਗਿਣਤੀ ਵਧ ਕੇ 1.56 ਬਿਲੀਅਨ ਹੋਣ ਦੀ ਸੰਭਾਵਨਾ ਹੈ। ਭਾਰਤ ਵਿੱਚ ਅੱਜ ਇਹ ਗਿਣਤੀ ਸ਼ਹਿਰੀ ਖੇਤਰਾਂ ‘ਚ 25 ਫ਼ੀਸਦੀ ਅਤੇ ਪੇਂਡੂ ਖੇਤਰਾਂ ‘ਚ 10-15 ਫ਼ੀਸਦੀ ਹੈ। ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਅਨੁਸਾਰ 2020 ਤਕ ਭਾਰਤ ਵਿੱਚ ਬਲੱਡ ਪ੍ਰੈਸ਼ਰ ਦੀ ਬੀਮਾਰੀ ਨਾਲ ਪੀੜਤ ਰੋਗੀ 1000 ਬੰਦਿਆਂ ਪਿੱਛੇ 160 ਹੋਣਗੇ।
ਕਿੰਜ ਨਾਪੀਏ ਬਲੱਡ ਪ੍ਰੈਸ਼ਰ?
ਬਲੱਡ ਪ੍ਰੈਸ਼ਰ ਨਾਪਣ ਵੇਲੇ ਹੇਠ ਲਿਖੀਆਂ ਗੱਲਾਂ ਧਿਆਨ ਰੱਖਣ ਦੀ ਲੋੜ ਹੈ:
1. ਪਹਿਲੀ ਵਾਰ ਜਦੋਂ ਡਾਕਟਰ ਕੋਲੋਂ ਬਲੱਡ ਪ੍ਰੈਸ਼ਰ ਵਧਣ ਬਾਰੇ ਪਤਾ ਲੱਗੇ ਤਾਂ ਦੋ ਤੋਂ ਤਿੰਨ ਮਿੰਟ ਦੇ ਫ਼ਰਕ ਨਾਲ ਤਿੰਨ ਵਾਰ ਬਲੱਡ ਪ੍ਰੈਸ਼ਰ ਨਾਪਣਾ ਚਾਹੀਦਾ ਹੈ।
2. ਇਸ ਤੋਂ ਬਾਅਦ ਘੱਟੋ-ਘੱਟ ਤਿੰਨ ਵਾਰ ਵੱਖ-ਵੱਖ ਸਮੇਂ ‘ਤੇ ਬਲੱਡ ਪ੍ਰੈਸ਼ਰ ਨਾਪਣਾ ਚਾਹੀਦਾ ਹੈ।
3. ਬਲੱਡ ਪ੍ਰੈਸ਼ਰ ਨਾਪਣ ਤੋਂ 30 ਮਿੰਟ ਪਹਿਲਾਂ ਸਿਗਰਟ, ਸ਼ਰਾਬ, ਚਾਹ, ਕੌਫ਼ੀ ਜਾਂ ਕਸਰਤ ਨਹੀਂ ਕਰਨੀ ਚਾਹੀਦੀ।
4. ਸ਼ਾਂਤ ਕਮਰੇ ਵਿੱਚ ਪੰਜ ਮਿੰਟ ਬੈਠਣ ਤੋਂ ਬਾਅਦ ਹੀ ਬਲੱਡ ਪ੍ਰੈਸ਼ਰ ਨਾਪਣਾ ਚਾਹੀਦਾ ਹੈ।
5. ਸਿੱਧਾ ਲੇਟ ਕੇ ਜਾਂ ਬੈਠ ਕੇ ਬਲੱਡ ਪ੍ਰੈਸ਼ਰ ਲੈਣਾ     ਚਾਹੀਦਾ ਹੈ। ਬਾਂਹ ਪੂਰੀ ਨੰਗੀ ਕਰ ਲੈਣੀ ਚਾਹੀਦੀ ਹੈ ਅਤੇ ਇਹ ਦਿਲ ਦੇ ਐਨ ਬਰਾਬਰ ਦੀ ਸੇਧ ਵਾਲੀ ਲਾਈਨ ਵਿੱਚ ਹੋਣੀ ਚਾਹੀਦੀ ਹੈ।
6. ਜਦੋਂ ਵੀ ਪਹਿਲੀ ਵਾਰ ਬੀ.ਪੀ. ਚੈੱਕ ਕਰਵਾਇਆ ਜਾਵੇ ਤਾਂ ਬੀ.ਪੀ. ਦੋਵਾਂ ਬਾਹਵਾਂ ਵਿੱਚ ਹੀ ਚੈੱਕ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਵੱਧ ਵਾਲੀ ਰੀਡਿੰਗ ਹੀ ਨੋਟ ਕਰਨੀ ਚਾਹੀਦੀ ਹੈ।
7. ਸੱਠ ਸਾਲ ਤੋਂ ਉੱਪਰ ਦੇ ਮਰੀਜ਼ਾਂ, ਸ਼ੱਕਰ ਰੋਗੀਆਂ ਅਤੇ ਬੀ.ਪੀ. ਦੀ ਦਵਾਈ ਖਾ ਰਹੇ ਮਰੀਜ਼ਾਂ ਵਿੱਚ ਬੀ.ਪੀ. ਹਮੇਸ਼ਾ ਬੈਠ ਕੇ ਜਾਂ ਲੇਟ ਕੇ ਅਤੇ ਫੇਰ ਦੁਬਾਰਾ ਖੜ੍ਹੇ ਕਰ ਕੇ ਲੈਣਾ ਜ਼ਰੂਰੀ ਹੈ ਤਾਂ ਜੋ ‘ਪੋਸਚਰਲ ਹਾਈਪੋਟੈਨਸ਼ਨ‘ ਬਾਰੇ ਪਤਾ ਲਾਇਆ ਜਾ ਸਕੇ ਜਿਸ ਵਿੱਚ ਖੜ੍ਹੇ ਹੁੰਦੇ ਸਾਰ ਬੀ.ਪੀ. ਇੱਕਦਮ ਕਾਫ਼ੀ ਘਟ ਜਾਂਦਾ ਹੈ।
8. ਕਦੇ-ਕਦਾਈਂ ਤਾਂ ਬਾਂਹ ਦੀ ਥਾਂ ਉੱਤੇ ਪੱਟ ਦਾ ਬੀ.ਪੀ. ਮਰੀਜ਼ ਨੂੰ ਪੁੱਠਾ ਲਿਟਾ ਕੇ ਲੈਣਾ ਪੈਂਦਾ ਹੈ। ਇਸ ਥਾਂ ਦਾ ਬੀ.ਪੀ. ਬਾਂਹ ਨਾਲੋਂ ਵੱਧ ਹੁੰਦਾ ਹੈ। ਇਹ ਨਾਪ ਨੌਜਵਾਨਾਂ ਵਿੱਚ ‘ਓਰਟੋਆਰਟਰਾਈਟਿਸ‘ ਬੀਮਾਰੀ ਲੱਭਣ ਲਈ ਕੀਤਾ ਜਾਂਦਾ ਹੈ ਜਿਸ ਵਿੱਚ ਲੱਤ ਦਾ ਬਲੱਡ ਪ੍ਰੈਸ਼ਰ ਬਾਂਹ ਨਾਲੋਂ ਘਟ ਜਾਂਦਾ ਹੈ।
ਬੀ.ਪੀ. ਦਾ ਨਾਪ
ਜਿਹੜੇ ਲੋਕ ਆਪਣਾ ਬਲੱਡ ਪ੍ਰੈਸ਼ਰ ਆਪਣੇ ਘਰ ਵਿੱਚ ਆਪ ਚੈੱਕ ਕਰ ਰਹੇ ਹਨ, ਉਨ੍ਹਾਂ ਵਿੱਚ ਗਲਤ ਨਾਪਣ ਵਾਲੇ ਵੀ ਹੁੰਦੇ ਹਨ। ਜੇ ਕਿਸੇ ਦੇ ਘਰ ਆਪ ਚੈੱਕ ਕੀਤਾ ਬੀ.ਪੀ.138/85 ਤੋਂ ਵੱਧ ਦਿਸੇ ਤਾਂ ਇਸ ਨੂੰ ਵਧਿਆ ਹੋਇਆ ਹੀ ਗਿਣਨਾ ਚਾਹੀਦਾ ਹੈ। ਜੇ ਡਾਕਟਰ ਕੋਲੋਂ ਚੈੱਕ ਕਰਵਾਉਣ ‘ਤੇ 140/90 ਤੋਂ ਵੱਧ ਹੋਵੇ ਤਾਂ ਵੀ ਬਲੱਡ ਪ੍ਰੈਸ਼ਰ ਵਧਿਆ ਹੋਇਆ ਗਿਣਨਾ ਚਾਹੀਦਾ ਹੈ ਤੇ ਜੇ ਇਹ 135/85 ਹੋਵੇ ਤਾਂ ਇਸ ਨੂੰ ‘ਹਾਈ ਨਾਰਮਲ‘ ਕਿਹਾ ਜਾਂਦਾ ਹੈ ਜਿਸ ਵਾਸਤੇ ਦਵਾਈਆਂ ਦੀ ਲੋੜ ਤਾਂ ਨਹੀਂ ਪਰ ਕੁਝ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਜੇ ਬੀ.ਪੀ. ਲਈ ਦਵਾਈਆਂ ਖਾਧੀਆਂ ਜਾ ਰਹੀਆਂ ਹਨ ਤਾਂ ਬੀ.ਪੀ.140/90 ਤੋਂ ਹੇਠਾਂ ਲਿਆਉਣਾ ਚਾਹੀਦਾ ਹੈ ਪਰ ਸ਼ੱਕਰ ਰੋਗ ਜਾਂ ਗੁਰਦੇ ਦੇ ਨੁਕਸ ਹੋਣ ਦੀ ਸਥਿਤੀ ਵਿੱਚ ਬਲੱਡ ਪ੍ਰੈਸ਼ਰ 135/85 ਤੋਂ ਹੇਠਾਂ ਹੀ ਰਹਿਣਾ ਚਾਹੀਦਾ ਹੈ।
ਕਈ ਬੀ.ਪੀ. ਮਾਪਣ ਵਾਲੇ ਯੰਤਰ ਹੀ ਠੀਕ ਨਹੀਂ ਹੁੰਦੇ। ਉਂਗਲ ਅਤੇ ਗੁੱਟ ਉੱਤੇ ਲਾ ਕੇ ਚੈੱਕ ਕਰਨ ਵਾਲੇ ਬੀ.ਪੀ. ਅਪਰੇਟਸ ਅਕਸਰ ਠੀਕ ਨਹੀਂ ਹੁੰਦੇ। ਕਈ ਲੋਕਾਂ ਨੂੰ ਠੀਕ ਢੰਗ ਨਾਲ ਬੀ.ਪੀ. ਨਾਪਣਾ ਨਹੀਂ ਆਉਂਦਾ। ਇਸ ਲਈ ਡਾਕਟਰ ਕੋਲੋਂ ਰੈਗੂਲਰ ਚੈਕਅਪ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਬੀ.ਪੀ. ਦੀ ਦਵਾਈ ਕਦੇ ਵੀ ਮਾਹਰ ਡਾਕਟਰ ਦੀ ਸਲਾਹ ਤੋਂ ਬਿਨਾਂ ਸ਼ੁਰੂ, ਬਦਲਣੀ ਜਾਂ ਛੱਡਣੀ ਨਹੀਂ ਚਾਹੀਦੀ। ਬਹੁਤੀਆਂ ਹਦਾਇਤਾਂ ਬਾਰੇ ਤਾਂ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੁੰਦੀ। ਕੁਝ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ:
1.ਭਾਰ ਘਟਾਉਣਾ ਲਾਜ਼ਮੀ ਹੈ ਜਿਸ ਨਾਲ ਬੀ.ਪੀ. ਘਟ ਜਾਂਦਾ ਹੈ। ਹਰ 10 ਕਿਲੋ ਭਾਰ ਘਟਾਉਣ ਨਾਲ 5 ਤੋਂ 20 ਮਿਲੀਮੀਟਰ ਤਕ ਬੀ.ਪੀ. ਘਟਾਇਆ ਜਾ ਸਕਦਾ ਹੈ।
2. ਖ਼ੁਰਾਕ ਵਿੱਚ ਜਿਹੜੀਆਂ ਚੀਜ਼ਾਂ ਬਿਲਕੁਲ ਨਾ ਲੈਣ ਵਿੱਚ ਹੀ ਭਲਾਈ ਹੈ, ਉਹ ਹਨ-
-ਫਾਲਤੂ ਲੂਣ ਛਿੜਕ ਕੇ ਸਲਾਦ ਜਾਂ ਸਬਜ਼ੀ ਅਤੇ ਫਲ ਨਹੀਂ ਖਾਣੇ।
-ਅਜੀਨੋਮੋਟੋ (ਨੂਡਲਜ਼ ਜਾਂ ਹੋਰ ਅਜਿਹੇ ਭੋਜਨ ਪਦਾਰਥਾਂ ਵਿੱਚ ਹੁੰਦਾ ਹੈ) ਨਹੀਂ ਖਾਣਾ ਚਾਹੀਦਾ।
-ਬੇਕਿੰਗ ਪਾਊਡਰ ਨਹੀਂ ਲੈਣਾ ਚਾਹੀਦਾ।
-ਸੋਡੀਅਮ ਬਾਈਕਾਰਬੋਨੇਟ (ਸੋਡਾ ਬਾਈਕਾਰਬ) ਨਹੀਂ ਵਰਤਣਾ ਚਾਹੀਦਾ।
-ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
-ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
-ਅਚਾਰ ਅਤੇ ਡੱਬਾ ਬੰਦ ਖਾਣੇ ਜਿਨ੍ਹਾਂ ਵਿੱਚ ਵਾਧੂ ਲੂਣ ਪਾਇਆ ਹੁੰਦਾ ਹੈ, ਦੀ ਵਰਤੋਂ ਨਹੀਂ ਕਰਨੀ ਚਾਹੀਦੀ।
-ਚਟਨੀਆਂ, ਟਮਾਟਰਾਂ ਦੀ ਸੌਸ, ਰੈਡੀਮੇਡ ਖਾਣੇ, ਚਿਪਸ, ਮਸਾਲੇਦਾਰ ਸੁੱਕੇ ਮੇਵੇ, ਨਮਕੀਨ ਮੱਖਣ ਅਤੇ ਪਾਪੜ ਆਦਿ ਵੀ ਨਹੀਂ ਲੈਣੇ ਚਾਹੀਦੇ।
-ਬੇਕਿੰਗ ਪਾਊਡਰ ਹੋਣ ਕਾਰਨ ਬਿਸਕੁਟ, ਕੇਕ, ਬਰੈੱਡ, ਪੇਸਟਰੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
3. ਖ਼ੁਰਾਕ ਵਿੱਚ ਵਾਧੂ ਫਲ, ਸਬਜ਼ੀਆਂ, ਘਟ ਥੰਦਿਆਈ ਵਾਲਾ ਦੁੱਧ ਅਤੇ ਘੱਟ ਸੈਚੂਰੇਟਡ ਥੰਦਿਆਈ ਲੈਣ ਨਾਲ 8 ਤੋਂ 14 ਮਿਲੀਮੀਟਰ ਤਕ ਪਾਰਾ ਘਟ ਸਕਦਾ ਹੈ ਅਤੇ ਬੀ.ਪੀ. ਹੇਠਾਂ ਆ ਜਾਂਦਾ ਹੈ।
4. ਲਗਾਤਾਰ ਖ਼ੁਰਾਕ ਵਿੱਚ ਲੂਣ ਘਟਾਉਣ ਨਾਲ ਦੋ ਤੋਂ 8 ਮਿਲੀਮੀਟਰ ਤਕ ਬੀ.ਪੀ. ਘਟ ਜਾਂਦਾ ਹੈ। ਇਸ ਦਾ ਅਰਥ ਹੈ- ਰੋਜ਼ਾਨਾ ਦੇ ਸਾਰੇ ਖਾਣੇ ਵਿੱਚ 6 ਗ੍ਰਾਮ ਤੋਂ ਘੱਟ ਲੂਣ ਹੋਣਾ।
5. ਅੱਧੇ ਘੰਟੇ ਦੀ ਰੋਜ਼ਾਨਾ ਕਸਰਤ ਜਿਵੇਂ- ਤੇਜ਼ ਸੈਰ ਕਰਨ, ਸਾਈਕਲ ਚਲਾਉਣ ਜਾਂ ਤੈਰਨ ਨਾਲ ਵੀ 4 ਤੋਂ 9 ਮਿਲੀਮੀਟਰ ਬੀ.ਪੀ. ਘਟ ਜਾਂਦਾ ਹੈ।
6. ਸ਼ਰਾਬ ਬਿਲਕੁਲ ਛੱਡ ਦੇਣ ਨਾਲ ਦੋ ਤੋਂ 4 ਮਿਲੀਮੀਟਰ ਬੀ.ਪੀ. ਘਟਾਇਆ ਜਾ ਸਕਦਾ ਹੈ।
7. ਤੰਬਾਕੂ ਅਤੇ ਸਿਗਰਟ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ।
ਕਸਰਤ ਅਤੇ ਬੀ.ਪੀ.
ਬਹੁਤੀਆਂ ਬੀਮਾਰੀਆਂ ਤਾਂ ਅਸੀਂ ਆਪ ਹੀ ਸਹੇੜਦੇ ਹਾਂ ਫਿਰ ਭਾਵੇਂ ਇਹ ਭਾਰ ਵਧਾ ਕੇ ਹੋਣ ਅਤੇ ਭਾਵੇਂ ਬੇਲੋੜਾ ਤੇ ਅਸੰਤੁਲਿਤ ਖਾਣਾ ਖਾ ਕੇ। ਰੋਜ਼ਾਨਾ ਕਸਰਤ ਕਰਨਾ ਬਹੁਤ ਫ਼ਾਇਦੇਮੰਦ ਹੈ ਪਰ ਫਿਰ ਵੀ ਜ਼ਿਆਦਾਤਰ ਲੋਕ ਆਪਣੇ ਕੰਮ-ਕਾਰ ‘ਚ ਰੁਝੇਵੇਂ ਕਾਰਨ ਇਸ ਨੂੰ ਤਵੱਜੋ ਨਹੀਂ ਦਿੰਦੇ। ਕਸਰਤ ਸਿਰਫ਼ ਬਲੱਡ ਪ੍ਰੈਸ਼ਰ ਹੀ ਨਹੀਂ ਘਟਾਉਂਦੀ ਬਲਕਿ ਦਿਲ ਅਤੇ ਨਾੜੀਆਂ ਵੀ ਸਿਹਤਮੰਦ ਰੱਖਦੀ ਹੈ। ਹਫ਼ਤੇ ਵਿੱਚ ਤਿੰਨ ਤੋਂ ਚਾਰ ਵਾਰ ਰੋਜ਼ਾਨਾ 30 ਤੋਂ 45 ਮਿੰਟ ਤਕ ਦੀ ਤੇਜ਼ ਸੈਰ, ਸਾਈਕਲ ਚਲਾਉਣ, ਤੈਰਨ ਜਾਂ ਭੱਜਣ ਨਾਲ ਬੀ.ਪੀ. ‘ਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ।
ਸ਼ਰਾਬ ਅਤੇ ਬੀ.ਪੀ
ਸ਼ਰਾਬ ਨਾ ਸਿਰਫ਼ ਬਲੱਡ ਪ੍ਰੈਸ਼ਰ ਵਧਾਉਂਦੀ ਹੈ ਬਲਕਿ ਇਹ ਬੀ.ਪੀ. ਦੀਆਂ ਦਵਾਈਆਂ ਦਾ ਅਸਰ ਘਟਾ ਦਿੰਦੀ ਹੈ ਅਤੇ ਪਾਸਾ ਖੜਨ ਜਾਂ ਪਾਸਾ ਮਾਰੇ ਜਾਣ ਦੇ ਮੌਕੇ ਵੀ ਵਧਾ ਦਿੰਦੀ ਹੈ। ਯੋਗ, ਸਦੀਆਂ ਤੋਂ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਸਹਾਈ ਹੈ।
ਸ਼ਾਕਾਹਾਰੀ ਭੋਜਨ ਅਤੇ ਬੀ.ਪੀ.
ਕਈ ਲੋਕਾਂ ਵਿੱਚ ਸ਼ੰਕਾ ਹੁੰਦੀ ਹੈ ਕਿ ਸ਼ਾਕਾਹਾਰੀਆਂ ਵਿੱਚ ਮਾਸਾਹਾਰੀਆਂ ਨਾਲੋਂ ਬੀ.ਪੀ. ਘੱਟ ਰਹਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵੱਧ ਫਲ ਅਤੇ ਸਬਜ਼ੀਆਂ ਖਾਣ ਨਾਲ ਫਾਈਬਰ ਅਤੇ ਸੈਚੂਰੇਟਡ ਥਿੰਦਾ ਸਰੀਰ ‘ਚ ਜਾਂਦਾ ਹੈ। ਤਾਜ਼ੇ ਫਲਾਂ ਅਤੇ ਸਬਜ਼ੀਆਂ ਵਿਚਲਾ ਪੋਟਾਸ਼ੀਅਮ ਵੀ ਫ਼ਾਇਦੇਮੰਦ ਰਹਿੰਦਾ ਹੈ। ਜਿਹੜੇ ਮਰੀਜ਼ ਬਲੱਡ ਪ੍ਰੈਸ਼ਰ ਦੇ ਨਾਲ ਮੋਟਾਪੇ ਦੇ ਵੀ ਸ਼ਿਕਾਰ ਹੋਣ, ਉਨ੍ਹਾਂ ਨੂੰ ਮੱਛੀ ਖਾਣ ਨਾਲ ਫ਼ਾਇਦਾ ਹੋ ਸਕਦਾ ਹੈ ਅਤੇ ਬੀ.ਪੀ. ਛੇਤੀ ਘਟਾਇਆ ਜਾ ਸਕਦਾ ਹੈ। ਕੌਫ਼ੀ ਵਿਚਲੀ ਕੈਫੀਨ ਦਾ ਜ਼ਿਆਦਾ ਦੇਰ ਤਕ ਬੀ.ਪੀ. ਵਧਾਉਣ ਵਿੱਚ ਭਾਵੇਂ ਸਿੱਧਾ ਹੱਥ ਤਾਂ ਨਹੀਂ ਪਰ ਕੌਫ਼ੀ ਪੀਂਦੇ ਸਾਰ ਵਕਤੀ ਤੌਰ ‘ਤੇ ਬਲੱਡ ਪ੍ਰੈਸ਼ਰ ਇੱਕਦਮ ਵਧ ਕੇ ਫੇਰ ਨਾਰਮਲ ਹੋ ਜਾਂਦਾ ਹੈ। ਜੇ ਬੱਚਿਆਂ ਵਿੱਚ ਗੁਰਦੇ ਦੀ ਬੀਮਾਰੀ ਪੂਰੀ ਤਰ੍ਹਾਂ ਠੀਕ ਨਾ ਕੀਤੀ ਜਾਵੇ ਤਾਂ ਉਹ ਵੱਡੇ ਹੋ ਕੇ ਬਲੱਡ ਪ੍ਰੈਸ਼ਰ ਦੀ ਬੀਮਾਰੀ ਉਮਰ ਭਰ ਲਈ ਸਹੇੜ ਸਕਦੇ ਹਨ। ਬਲੱਡ ਪ੍ਰੈਸ਼ਰ ਦਾ ਰੋਗ ਦਰਅਸਲ ਜਿੱਥੇ ਗੁਰਦੇ ਫੇਲ੍ਹ ਕਰ ਸਕਦਾ ਹੈ (ਕਰੌਨਿਕ ਰੀਨਲ ਫੇਲੀਅਰ), ਉੱਥੇ ਦਿਲ ਦੀਆਂ ਨਾੜੀਆਂ ਦੇ ਰੋਗ ਤੇ ਸਿਰ ਅੰਦਰਲੀਆਂ ਨਾੜੀਆਂ ਦੇ ਫਟਣ ਦੇ ਮੌਕੇ ਵੀ ਕਈ ਗੁਣਾ ਵਧਾ ਦਿੰਦਾ ਹੈ। ਜੇ 35 ਸਾਲਾਂ ਤੋਂ ਘੱਟ ਜਾਂ 65 ਸਾਲ ਦੀ ਉਮਰ ਤੋਂ ਵੱਧ ਪਹਿਲੀ ਵਾਰ ਵਧੇ ਹੋਏ ਬੀ.ਪੀ. ਦਾ ਪਤਾ ਲੱਗੇ ਜਾਂ ਪਹਿਲੀ ਵਾਰ ਹੀ ਵਧੇ ਬੀ.ਪੀ. ਸਦਕਾ ਗੁਰਦਿਆਂ ਦਾ ਫੇਲ੍ਹ ਹੋਣਾ ਜਾਂ ਸਿਰ ਅੰਦਰ ਲਹੂ ਵਗਣ ਦਾ ਪਤਾ ਲੱਗੇ ਤਾਂ ਬਹੁਤੀ ਵਾਰ ਇਹ ‘ਸੈਕੰਡਰੀ ਹਾਈਪਰਟੈਨਸ਼ਨ‘ ਸਦਕਾ ਹੁੰਦਾ ਹੈ ਜੋ 10 ਫ਼ੀਸਦੀ ਰੋਗੀਆਂ ਵਿੱਚ ਵੇਖਣ ਨੂੰ ਮਿਲਦਾ ਹੈ। ਜੇ ਬਲੱਡ ਪ੍ਰੈਸ਼ਰ ਦੇ ਹੁੰਦਿਆਂ ਵੀ ਤੁਸੀਂ ਲੰਮੀ ਉਮਰ ਭੋਗਣਾ ਚਾਹੁੰਦੇ  ਹੋ ਤਾਂ ਜਿਉਣ ਢੰਗਾਂ ਅਤੇ ਖਾਣ-ਪੀਣ ਵਿੱਚ ਤਬਦੀਲੀ ਜ਼ਰੂਰੀ ਹੈ। ਘੱਟ ਥਿੰਦਾ, ਘੱਟ ਲੂਣ ਅਤੇ ਨਾਰਮਲ ਪ੍ਰੋਟੀਨ ਖਾਣ ਦੀ ਆਦਤ ਹੁਣੇ ਤੋਂ ਹੀ ਪਾ ਲੈਣ ਵਿੱਚ ਭਲਾਈ ਹੈ। ਵਿਸ਼ਵ ਭਰ ਵਿੱਚ ਲਗਾਤਾਰ ਹੋ ਰਹੀਆਂ ਖੋਜਾਂ ਕਾਰਨ ਹਰ ਵਰ੍ਹੇ ਨਵੀਆਂ ਦਵਾਈਆਂ ਬਾਜ਼ਾਰ ਵਿੱਚ ਆ ਰਹੀਆਂ ਹਨ। ਸੋਚ-ਸਮਝ ਕੇ ਅਤੇ ਮਾਹਰ ਡਾਕਟਰ ਦੀ ਸਲਾਹ ਤੋਂ ਬਗ਼ੈਰ ਕਦੇ ਵੀ ਦਵਾਈ ਨਹੀਂ ਲੈਣੀ ਚਾਹੀਦੀ।                                       ਡਾ. ਹਰਸ਼ਿੰਦਰ ਕੌਰ