ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਾਬਾ ਸੋਹਣ ਸਿੰਘ ਭਕਨਾ ਦਾ ਜੀਵਨ: ਗ਼ਦਰ ਲਈ ਸੰਘਰਸ਼


ਮੁਢਲਾ ਜੀਵਨ ਤੇ ਪ੍ਰੀਵਾਰਕ ਪਿਛੋਕੜ
ਅੰਮਿ੍ਰਤਸਰ ਜ਼ਿਲੇ ਦੇ ਇਤਿਹਾਸਕ ਪਿੰਡ ਭਕਨਾ ਦੇ ਵਸਨੀਕ ਸੋਹਣ ਸਿੰਘ ਦਾ ਜਨਮ ਦੇਸੀ ਮਹੀਨੇ ਮਾਘ ‘ਚ ਸਾਕਾ ਸੰਮਤ 1930 (ਈਸਵੀ ਸੰਨ 1873) ਨੂੰ ਉਨ੍ਹਾਂ ਦੇ ਨਾਨਕਾ ਪਿੰਡ ਖੁਤਰਾ ਖੁਰਦ (ਜ਼ਿਲਾ ਅੰਮਿ੍ਰਤਸਰ) ਵਿਚ ਹੋਇਆ। ਪਿਤਾ ਜੀ ਦਾ ਨਾਂ ਸ. ਕਰਮ ਸਿੰਘ ਤੇ ਮਾਤਾ ਜੀ ਦਾ ਨਾਂ ਰਾਮ ਕੌਰ ਸੀ। ਧਰਮ ਮਾਤਾ ਜੀ (ਪਿਤਾ ਜੀ ਦੀ ਪਹਿਲੀ ਪਤਨੀ) ਹਰਿ ਕੌਰ ਸਨ। ਤਿੰਨ ਮਹੀਨਿਆਂ ਦੀ ਉਮਰ ਵਿਚ ਉਨ੍ਹਾਂ ਨੂੰ ਦਾਦਕੇ ਪਿੰਡ ਭਕਨੇ ਲਿਆਂਦਾ ਗਿਆ। ਬਦਕਿਸਮਤੀ ਨਾਲ ਇਕ ਸਾਲ ਦੀ ਉਮਰ ਤੋਂ ਪਹਿਲਾਂ ਹੀ ਪਿਤਾ ਜੀ ਦਾ ਸਾਇਆ ਸਿਰ ਤੋਂ ਉਠ ਗਿਆ। ਨਾਨਕਾ ਤੇ ਦਾਦਕਾ ਪ੍ਰੀਵਾਰ ਆਮ ਕਿਰਸਾਨੀ ਸਿੱਖ-ਪ੍ਰੀਵਾਰ ਸਨ। ਪਿੰਡ ’ਚ ਸਕੂਲ ਨਾ ਹੋਣ ਕਾਰਨ ਗੁਰਦੁਆਰੇ ਵਿਚ ਪੰਜਾਬੀ ਤੇ ਗੁਰਬਾਣੀ ਦੀ ਸਿੱਖਿਆ ਪ੍ਰਾਪਤ ਕੀਤੀ। ਦਸ ਸਾਲ ਦੀ ਉਮਰ ਵਿਚ ਬਿਸ਼ਨ ਕੌਰ ਸਪੁੱਤਰੀ ਲੈਂਡ-ਲਾਰਡ ਖੁਸ਼ਹਾਲ ਸਿੰਘ ਨਾਲ ਵਿਆਹ ਹੋ ਗਿਆ। 16 ਸਾਲ ਦੀ ਉਮਰ ’ਚ ਆਪ ਨੇ ਉਰਦੂ ਤੇ ਫ਼ਾਰਸੀ ਵਿਚ ਮੁਹਾਰਤ ਹਾਸਲ ਕਰ ਲਈ।
ਪ੍ਰਦੇਸ ਜਾਣ ਦੇ ਕਾਰਨ
ਪ੍ਰਦੇਸਾਂ ਵਿਚ ਆਉਣ ਵਾਲੇ ਬਹੁਤ ਸਾਰੇ ਪੰਜਾਬੀਆਂ ਵਾਂਗ ਬਾਬਾ ਸੋਹਣ ਸਿੰਘ ਭਕਨਾ ਜੀ ਦੀ ਮਜਬੂਰੀ ਵੀ ਆਰਥਿਕ-ਤੰਗੀ ਹੀ ਸੀ। ਪਰ ਉਨ੍ਹਾਂ ਦੀ ਇਹ ਤੰਗੀ ਵਿਰਾਸਤੀ ਨਹੀਂ ਸੀ, ਸਗੋਂ ਇਨ੍ਹਾਂ ਦੀ ਆਪ-ਸਹੇੜੀ ਹੋਈ ਸੀ। ਇਸ ਦੇ ਬਾਰੇ ਉਨ੍ਹਾਂ ਦਾ ਕਹਿਣਾ ਹੈ: “ਪ੍ਰਦੇਸ ਰਟਨ ਦਾ ਕਾਰਨ ਮੇਰੀ ਮਾਇਕ-ਕਮਜ਼ੋਰੀ ਸੀ ਤੇ ਇਹ ਮਾਲੀ ਕਮਜ਼ੋਰੀ ਮੇਰੇ ਹੀ ਬੁਰੇ ਭਲੇ ਕਰਮਾਂ ਦਾ ਸਿੱਟਾ ਸੀ ਕਿਉਂਜੋ ਇਹ ਕੰਗਾਲੀ ਮੈਨੂੰ ਕੋਈ ਬਾਪ-ਦਾਦੇ ਵੱਲੋਂ ਵਿਰਸੇ ਵਿਚ ਨਹੀਂ ਸੀ ਮਿਲੀ। ਜਦੋਂ ਮੇਰੇ ਪਿਤਾ ਜੀ ਕਾਲਵੱਸ ਹੋਏ ਤਾਂ ਉਸ ਵਕਤ ਮੈਂ ਆਪਣੀ ਮਾਤਾ ਜੀ ਦੇ ਕੁੱਛੜ ਵਿਚ ਸਿਰਫ਼ ਇਕ ਸਾਲ ਦਾ ਨਿੱਕੜਾ ਜਿਹਾ ਬਾਲ ਰਹਿ ਗਿਆ ਸਾਂ। ਮੇਰੇ ਬਾਪੂ ਜੀ ਦੇ ਦੋ ਵਿਆਹ ਸਨ। ਮੇਰੀਆਂ ਦੋਵੇਂ ਮਾਤਾਵਾਂ ਤੇ ਦਾਦਾ ਜੀ ਤੋਂ ਬਿਨਾਂ ਮੇਰਾ ਕੋਈ ਚਾਚਾ, ਤਾਇਆ ਜਾਂ ਦੂਜਾ ਭੈਣ-ਭਰਾ ਨਹੀਂ ਸੀ। ਸਾਰੀ ਜਾਇਦਾਦ ਦਾ ਇਕੱਲਾ ਵਾਰਸ ਸਾਂ। ਮੇਰੀ ਜ਼ਮੀਨ ਵੀ ਸਾਡੇ ਪਿੰਡ ਦੇ ਜ਼ਿਮੀਦਾਰਾਂ ਨਾਲੋਂ ਵਧੇਰੇ ਸੀ। ਭੁਇੰ-ਭਾਂਡੇ ਤੋਂ ਬਿਨਾਂ ਰੋਕੜ ਰੁਪਿਆ ਤੇ ਮੱਝੀਂ-ਗਾਈਂ ਵੀ ਚੋਖੀਆਂ ਸਨ....।”
 (“ਮੇਰੀ ਰਾਮ ਕਹਾਣੀ”, ਪੰਨੇ 26-27)
ਅਮਰੀਕਾ ਵਿਚ ਆਉਣਾ
3 ਫਰਵਰੀ 1908 ਨੂੰ ਉਨ੍ਹਾਂ ਨੇ ਅਮਰੀਕਾ ਲਈ ਚਾਲੇ ਪਾ ਦਿੱਤੇ। ਕਲਕੱਤੇ ਰੇਲ ਗੱਡੀ ਰਾਹੀਂ ਗਏ ਤੇ ਅੱਗੋਂ ਹਾਂਗਕਾਂਗ ਇਕ ਜਾਪਾਨੀ ਜਹਾਜ਼ ‘ਤੇ ਪਹੁੰਚੇ। ਸੀਆਟਲ ਵਿਚ 3 ਅਪਰੈਲ 1909 ਨੂੰ ਪਹੁੰਚੇ। ਇਥੇ ਹੋਰ ਪੰਜਾਬੀਆਂ ਤੇ ਭਾਰਤੀਆਂ ਨਾਲ ਸੰਪਰਕ ਹੋਇਆ। ਆਰਾ-ਮਿੱਲਾਂ ਵਿਚ ਡਟ ਕੇ ਕੰਮ ਕੀਤਾ। “ਹਿੰਦੀ ਬਰੱਦਰਜ਼“ ਕੰਪਨੀ ਦੇ ਨਾਂ ਹੇਠ ਵਿਉਪਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਅਮਰੀਕੀ ਕੰਪਨੀਆਂ ਦੇ ਵਿਰੋਧ ਕਾਰਨ ਸਫ਼ਲਤਾ ਨਾ ਮਿਲੀ। ਜਿਸ ਦਾ ਮੁੱਖ ਕਾਰਨ ਵਿਰਸੇ ਵਿਚ ਮਿਲੀ ਗ਼ੁਲਾਮੀ ਹੀ ਸੀ। ਅਮਰੀਕਨ ਗੋਰੇ ਹਿੰਦੁਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਹੀ ਵੇਖਦੇ ਸਨ ਕਿਉਂਕਿ ਇਕ ਤਾਂ ਉਹ ਸਮਝਦੇ ਸਨ ਕਿ ਇਨ੍ਹਾਂ ਨੇ ਉਨ੍ਹਾਂ ਦੀਆਂ ਨੌਕਰੀਆਂ ਹਥਿਆ ਲਈਆਂ ਹਨ ਤੇ ਦੂਸਰਾ ਇਹ ਹਿੰਦੋਸਤਾਨ ਵਿਚ ਚੁਪ-ਚਾਪ ਗ਼ੁਲਾਮੀ ਦਾ ਜੀਵਨ ਬਤੀਤ ਕਰਦੇ ਆਏ ਹਨ ਤੇ ਇਨ੍ਹਾਂ ਨੂੰ ਆਜ਼ਾਦੀ ਦੀ ਅਹਿਮੀਅਤ ਦਾ ਕੋਈ ਪਤਾ-ਸੁਰ ਹੀ ਨਹੀਂ ਹੈ।
ਬਿਗਾਨੇ ਸੱਭਿਆਚਾਰ ਨਾਲ ਦੋ-ਚਾਰ ਹੋਣਾ ਅਮਰੀਕਾ ਦੀ ਧਰਤੀ ‘ਤੇ ਆ ਕੇ ਬਿਗਾਨੇ ਸੱਭਿਆਚਾਰ ਨਾਲ ਕਿਵੇ ਦੋ-ਚਾਰ ਹੋਏ, ਇਸ ਦਾ ਜ਼ਿਕਰ ਪਿ੍ਰੰ. ਪ੍ਰੇਮ ਸਿੰਘ ਬਜਾਜ ਨਾਲ 1967 ਵਿਚ ਹੋਈ ਇਕ ਲੰਮੀ ਗੱਲਬਾਤ ਦੌਰਾਨ ਕਰਦੇ ਹਨ ਜਿਹੜੀ ਕਿ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵੱਲੋਂ ਛਪੀ ਪੁਸਤਕ “ਦੋ ਪੈੜਾਂ ਇਤਿਹਾਸ ਦੀਆਂ ਵਿਚ ਇੰਜ ਦਰਜ ਹੈ:
“.....ਮੇਰੇ ਮਿੱਤਰ ਕੇਹਰ ਸਿੰਘ ਹੋਰੀਂ ਉਥੇ ਰਹਿੰਦੇ ਹੋਏ ਦਾੜ੍ਹੀ ਕੇਸ ਤੋਂ ਮੁਕਤ ਹੋ ਚੁੱਕੇ ਸਨ। ਉਸ ਦਾ ਮੇਰੇ ਉਪਰ ਵੀ ਹੋਇਆ। ਇਹ 1910 ਦੀ ਗੱਲ ਹੈ ਕਿ ਮੈਂ ਵੀ ਓਸੇ ਰੰਗ ਵਿਚ ਰੰਗਿਆ ਗਿਆ ਜਿਵੇਂ ਅੱਧ-ਪਚੱਧੇ ਪੰਜਾਬੀ ਬਦੇਸ਼ਾਂ ਵਿਚ ਜਾ ਕੇ ਸਫ਼ਾ-ਚੱਟ ਹੋ ਜਾਂਦੇ ਹਨ। .....ਮੈਂ ਨਾਮਧਾਰੀ ਰਹਿ ਚੁੱਕਿਆ ਸਾਂ। ਨਾਮ ਵੱਲ ਮੇਰਾ ਝੁਕਾਓ ਸੀ। ਗੁਰਬਾਣੀ ਦੇ ਅਭਿਆਸੀ ਦੇ ਤੌਰ ‘ਤੇ ਲੋਕੀਂ ਮੈਨੂੰ ਜਾਣਦੇ ਸਨ। ਉਹ ਕਹਿ ਤੁਹਾਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ। ਮੈਂ ਵੀ ਮਹਿਸੂਸ ਕੀਤਾ ਤੇ ਛੇ ਕੁ ਮਹੀਨੇ ਪਿੱਛੋਂ ਹੀ ਫਿਰ ਸਾਬਤ-ਸੂਰਤ ਹੋ ਗਿਆ।”
  (“ਦੋ ਪੈੜਾਂ ਇਤਿਹਾਸ ਦੀਆਂ”, ਪੰਨਾ 77) ਸਾਨ-ਫ੍ਰਾਂਸਿਸਕੋ ਪਹੁੰਚਣਾ
1910 ਵਿਚ ਸਾਨ-ਫ੍ਰਾਂਸਿਸਕੋ ਪਹੁੰਚੇ ਤੇ ਇਥੇ ਯੌਰਪ ਤੋਂ ਪਹੁੰਚੇ ਲਾਲਾ ਹਰਦਿਆਲ ਜੀ ਨਾਲ ਸੰਪਰਕ ਹੋਇਆ।
 ਗ਼ਦਰ ਪਾਰਟੀ ਬਨਾਉਣੀ
“ਹਿੰਦੀ ਐਸੋਸੀਏਸ਼ਨ“ ਜਿਸ ਦਾ ਨਾਂ ਬਾਅਦ ਵਿਚ “ਗ਼ਦਰ ਪਾਰਟੀ” ਰੱਖਿਆ ਗਿਆ, ਮਈ 1913 ਵਿਚ ਸਥਾਪਤ ਕੀਤੀ ਗਈ। ਇਸ ਦੇ ਲਈ ਆਸਟੋਰੀਆ ਵਿਚ ਇਕ ਭਾਰੀ ਇਕੱਠ ਹੋਇਆ ਜਿਸ ਵਿਚ ਇਸ ਦਾ ਨਾਮਕਰਣ “ਹਿੰਦੀ ਐਸੋਸੀਸੀਏਸ਼ਨ“ ਕੀਤਾ ਗਿਆ। ਇਸ ਦੇ ਪ੍ਰਧਾਨ ਸੋਹਣ ਸਿੰਘ ਭਕਨਾ, ਚੀਫ ਸੈਕਟਰੀ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਤ ਕਾਂਸ਼ੀ ਰਾਮ ਨੂੰ ਬਣਾਇਆ ਗਿਆ।
ਗ਼ਦਰ ਅਖ਼ਬਾਰ
ਸਾਨ ਫ੍ਰਾਂਸਿਸਕੋ ਵਿਚ ਬਣਾਏ ਗਏ ‘ਗ਼ਦਰ ਪਾਰਟੀ’ ਦੇ ਦਫ਼ਤਰ ‘ਯੁਗਾਂਤਰ ਆਸ਼ਰਮ‘ ਵਿਚ ਛਾਪੇਖਾਨੇ ਦਾ ਨਾਂ ‘ਗ਼ਦਰ ਪ੍ਰੈੱਸ’ ਰੱਖਿਆ ਗਿਆ ਜਿੱਥੋਂ “ਗ਼ਦਰ“ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਗਿਆ। ਇਸ ਦੇ ਐਡੀਟਰ ਲਾਲਾ ਹਰਦਿਆਲ ਸਨ ਅਤੇ ਕਰਤਾਰ ਸਿੰਘ ਸਰਾਭਾ ਤੇ ਗੁਪਤਾ ਜੀ ਉਨ੍ਹਾਂ ਦੇ ਸਹਾਇਕ ਬਣਾਏ ਗਏ। ਅਖ਼ਬਾਰ ਛਾਪਣ ਵਿਚ ਮੁੱਖ ਜ਼ਿਮੇਵਾਰੀ ਸਰਾਭੇ ਦੀ ਸੀ ਜੋ ਹੱਥ ਨਾਲ ਮਸ਼ੀਨ ਗੇੜਨ ਤੋਂ ਲੈ ਕੇ ਲਾਲਾ ਹਰਦਿਆਲ ਵੱਲੋਂ ਲਿਖੇ ਉਰਦੂ ਮਜ਼ਮੂਨਾਂ ਦਾ ਪੰਜਾਬੀ ਵਿਚ ਅਨੁਵਾਦ ਕਰਨ ਤੋਂ ਇਲਾਵਾ ਇਸ ਦੇ ਲਈ ਕਈ ਲੇਖ ਤੇ ਕਵਿਤਾਵਾਂ ਵੀ ਲਿਖਦੇ। ਉਨ੍ਹਾਂ ਦੇ ਨਾਲ ਪਾਰਟੀ ਦੇ ਸਾਰੇ ਹੀ ਮੈਂਬਰਾਂ ਵੱਲੋਂ ਇਸ ਦੇ ਲਈ ਸਰਗਰਮੀ ਨਾਲ ਕੰਮ ਕੀਤਾ ਗਿਆ।
“ਗ਼ਦਰ” ਦਾ ਪਹਿਲਾ ਪਰਚਾ ਨਵੰਬਰ 1913 ਨੂੰ ਨਿਕਲਿਆ। ਅਪ੍ਰੈਲ 1914 ਨੂੰ ਲਾਲਾ ਹਰਦਿਆਲ ਜੀ ਨੂੰ ਪਾਰਟੀ ਦਾ ਹੁਕਮ ਮੰਨ ਕੇ ਅਮਰੀਕਾ ਛੱਡ ਕੇ ਸਵਿਟਜ਼ਰਲੈਂਡ ਰਵਾਨਾ ਹੋਣਾ ਪਿਆ। ਇੰਜ, ਉਨ੍ਹਾਂ ਨੇ ਕੋਈ ਪੰਜ ਕੁ ਮਹੀਨੇ ਇਸ ਅਖ਼ਬਾਰ ਵਿਚ ਕੰਮ ਕੀਤਾ। “ਗ਼ਦਰ” ਅਖ਼ਬਾਰ ਇਕ ਜਾਦੂ ਸਾਬਤ ਹੋਇਆ। ਇਸ ਨੂੰ ਕੈਨੇਡਾ, ਜਾਪਾਨ, ਚੀਨ, ਮਲਾਇਆ, ਬਰਮਾ, ਅਫ਼ਰੀਕਾ, ਮਨੀਲਾ ਤੇ ਭਾਰਤ ਆਦਿ ਦੇਸ਼ਾਂ ਵਿਚ ਪਹੁੰਚਾਇਆ ਗਿਆ। ਦਿਨਾਂ ਵਿਚ ਹੀ ਇਸ ਦੇ ਹਜ਼ਾਰਾਂ ਨਹੀਂ, ਸਗੋਂ ਲੱਖਾਂ ਹੀ ਪਾਠਕ ਬਣ ਗਏ। ਇਸ ਨੇ ਪਾਠਕਾਂ ‘ਤੇ ਜਾਦੂ ਵਾਂਗ ਅਸਰ ਕੀਤਾ ਤੇ ਉਨ੍ਹਾਂ ਵਿਚ ਗ਼ੁਲਾਮ ਭਾਰਤ ਨੂੰ ਆਜ਼ਾਦ ਕਰਾਉਣ ਦੀ ਚਿਣਗ ਲਗਾ ਦਿੱਤੀ। ਇਸ ਤੋਂ ਇਲਾਵਾ “ਗ਼ਦਰ ਦੀ ਗੂੰਜ” ਵਰਗੀਆਂ ਗੀਤਾਂ ਤੇ ਕਵਿਤਾਵਾਂ ਦੀਆਂ ਪੁਸਤਕਾਂ ਵੀ ਇਸ ਪ੍ਰੈੱਸ ਵਿਚ ਛਪੀਆਂ ਜਿਨ੍ਹਾਂ ਵਿਚਲੀਆਂ ਰਚਨਾਵਾਂ ਹੌਲੀ ਹੌਲੀ “ਕੌਮੀ-ਗੀਤਾਂ” ਦਾ ਦਰਜਾ ਅਖ਼ਤਿਆਰ ਕਰ ਗਈਆਂ, ਜਿਨ੍ਹਾਂ ਵਿਚ “ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ‘ਚੋਂ ਨਾ ਭੁਲਾ ਦੇਣਾ” ਆਦਿ ਪ੍ਰਮੁਖ ਹਨ।
ਮੁਸਲਮਾਨ ਭਰਾਵਾਂ ਦੀ ਲਾਲਾ ਹਰਦਿਆਲ ਨਾਲ ਨਾਰਾਜ਼ਗੀ
ਇਸ ਦੇ ਬਾਰੇ ਭਕਨਾ ਜੀ ਇੰਜ ਲਿਖਦੇ ਹਨ:
“ਮੁਸਲਮਾਨ ਭਰਾਵਾਂ ਨੂੰ ਲਾਲਾ ਹਰਦਿਆਲ ਉਤੇ ਇਕ ਭਾਰੀ ਸ਼ਿਕਾਇਤ ਸੀ ਕਿ ਜਦੋਂ ਸ. ਜਵਾਲਾ ਸਿੰਘ ਨੇ ਹਿੰਦੋਸਤਾਨ ਦੇ ਅੱਡ-ਅੱਡ ਸੂਬਿਆਂ ਤੋਂ ਵਜ਼ੀਫਿਆਂ ਪੁਰ ਅਮਰੀਕਾ ਵਿਚ ਵਿਦਿਆਰਥੀ ਮੰਗਵਾਏ ਤਾਂ ਉਨ੍ਹਾਂ ਵਿਚ ਮਦਰਾਸ ਸੂਬੇ ਦਾ ਇਕ ਮੁਸਲਮਾਨ ਲੜਕਾ ਮਹਿਮੂਦ ਵੀ ਸੀ। ਮੁਸਲਿਮ ਭਰਾਵਾਂ ਦਾ ਖਿਆਲ ਸੀ ਕਿ ਲਾਲਾ ਹਰਦਿਆਲ ਨੇ ਜਾਣ ਬੁੱਝ ਕੇ ਮਹਿਮੂਦ ਨੂੰ ਵਜ਼ੀਫੇ ਤੋਂ ਵਿਰਵੇ ਰੱਖਿਆ ਸੀ.......ਮੈਨੂੰ ਇਸ ਗੱਲ ਦਾ ਤਾਂ ਪੱਕਾ ਪਤਾ ਨਹੀਂ ਕਿ ਮਹਿਮੂਦ ਕਿਉਂ ਵਜੀਫੇ ਤੋਂ ਵਿਰਵਾ ਰਿਹਾ, ਕੀ ਉਸ ਵਿਚ ਲਾਲਾ ਹਰਦਿਆਲ ਦਾ ਕੋਈ ਕਸੂਰ ਸੀ ਜਾਂ ਨਹੀਂ? ਹਾਂ, ਮੈਂ ਇਹ ਤਾਂ ਕਹਿ ਸਕਦਾ ਹਾਂ ਕਿ ਜੋ ਵਿਦਿਆਰਥੀ ਦਿੱਲੀ ਤੋਂ ਲਾਲਾ ਹਰਦਿਆਲ ਦੀ ਸਿਫਾਰਸ਼ ਪੁਰ ਮੰਗਵਾਇਆ ਗਿਆ, ੳਹ ਉਸ ਮੁਸਲਮਾਨ ਲੜਕੇ ਨਾਲੋਂ ਬਹੁਤ ਰੱਦੀ ਸੀ। ......ਜਦੋਂ ਮੈਂ ਉਸ ਲੜਕੇ ਦਾ ਗਉਂ-ਪਰੇਮ ਡਿੱਠਾ ਤਾਂ ਮੈਨੂੰ ਵੀ ਭਾਈ ਹਰਦਿਆਲ ਦੀ ਚੋਣ ਪੁਰ ਅਫਸੋਸ ਹੋਇਆ। (“ਮੇਰੀ ਰਾਮ ਕਹਾਣੀ“, ਪੰਨਾ 97)                       
(ਇਹ ਲੜਕਾ ਗੋਬਿੰਦ ਬਿਹਾਰੀ ਲਾਲ ਰਿਸ਼ਤੇ ਵਿਚ ਲਾਲਾ ਹਰਦਿਆਲ ਦਾ ਸਾਲਾ ਲੱਗਦਾ ਸੀ)
ਪਾਰਟੀ ਦੀਆਂ ਸ਼ਾਖਾਵਾਂ ਖੋਲ੍ਹਣੀਆਂ ਅਤੇ ਵੱਖ-ਵੱਖ ਥਾਵਾਂ ’ਤੇ ਗ਼ਦਰ ਮੀਟਿੰਗਾਂ
ਕੈਲੇਫੋਰਨੀਆ ਦੇ ਸਾਨ ਫ੍ਰਾਂਸਿਸਕੋ, ਸਟਾਕਟਨ, ਲਾਸ ਏਂਜਲਸ ਆਦਿ ਸ਼ਹਿਰਾਂ ਤੋਂ ਇਲਾਵਾ ਹੋਰ ਕਈ ਥਾਵਾਂ ਜਿਵੇਂ ਆਕਸਫੋਰਡ, ਵਿਆਨਾ, ਵਾਸ਼ਿੰਗਟਨ ਡੀ.ਸੀ., ਸ਼ੰਘਾਈ ਆਦਿ ਵਿਚ ਪਾਰਟੀ ਦੀਆਂ ਸ਼ਾਖਾਵਾਂ ਖੋਲ੍ਹੀਆਂ ਗਈਆਂ। ਇਸ ਤੋਂ ਇਲਾਵਾ ਕੈਨੇਡਾ, ਚੀਨ, ਜਾਪਾਨ, ਮਲਾਇਆ, ਬ੍ਰਹਮਾ, ਸਿਆਮ ਤੇ ਇੰਗਲੈਂਡ ਆਦਿ ਦੇਸ਼ਾਂ ਵਿਚ ਵੀ ਗ਼ਦਰ ਪਾਰਟੀ ਦਾ ਜਾਲ ਵਿਛਿਆ ਹੋਇਆ ਸੀ। ਇਨ੍ਹਾਂ ਥਾਵਾਂ ‘ਤੇ ਮੈਂਬਰਾਂ ਦੀਆਂ ਗੁਪਤ-ਮੀਟਿੰਗਾਂ ਗਾਹੇ-ਬਗਾਹੇ ਹੁੰਦੀਆਂ ਰਹੀਆਂ। ਇਨ੍ਹਾਂ ਮੀਟਿੰਗਾਂ ਵਿਚ ਅੰਗਰੇਜ਼ਾਂ ਦੇ ਸੂਹੀਆਂ ਵੱਲੋਂ ਕਈ ਤਰ੍ਹਾਂ ਦੀਆਂ ਅੜਚਣਾਂ ਵੀ ਪਾਈਆਂ ਗਈਆਂ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।
ਹਿੰਦੀ ਲੀਡਰਾਂ ਗ਼ਦਰ ਪਾਰਟੀ ਦੀ
ਅਸਫ਼ਲਤਾ ਦੀ ਕਿਰਪਾ
ਇਹ ਆਮ ਕਿਹਾ ਸੁਣਿਆ ਜਾਂਦਾ ਹੈ ਕਿ ਗ਼ਦਰ ਲਹਿਰ ਦੇ ਫੇਲ੍ਹ ਹੋਣ ਦਾ ਵੱਡਾ ਕਾਰਨ ਉਸ ਵਿਚ ਕਿਸੇ ਮਸ਼ਹੂਰ ਆਗੂ ਦਾ ਨਾ ਹੋਣਾ ਹੈ। ਬਾਬਾ ਭਕਨਾ ਜੀ ਅਨੁਸਾਰ ਇਹ ਗੱਲ ਕੁਝ ਹੱਦ ਤੀਕ ਸੱਚ ਵੀ ਹੈ, ਪਰ ਇਸ ਦੇ ਨਾਲ ਹੀ ਉਹ ਫੁਰਮਾਉਂਦੇ ਹਨ:
“ਇਸ ਵਿਚ ਬਾਹਰੋਂ ਆਏ ਦੇਸ਼ ਭਗਤਾਂ ਦਾ ਕੋਈ ਕਸੂਰ ਨਹੀਂ ਸੀ। ਉਹ ਭਾਵੇਂ ਗੰੁਮਨਾਮ ਹੀ ਸਨ, ਪਰ ਉਨ੍ਹਾਂ ਦੇ ਦਿਲਾਂ ਵਿਚ ਆਜ਼ਾਦੀ ਕੁੱਟ ਕੁੱਟ ਕੇ ਭਰੀ ਹੋਈ ਸੀ ਤੇ ਉਨ੍ਹਾਂ ਨੂੰ ਆਪਣੀ ਆਤਮਾ ‘ਤੇ ਭਰੋਸਾ ਸੀ। ਉਹ ਕਿਸੇ ਲੀਡਰ ਦੇ ਭਰੋਸੇ ਡੰਗੋਰੀ ਫੜ੍ਹ ਕੇ ਕੰਮ ਕਰਨ ਵਾਲੇ ਨਹੀਂ ਸਨ। ਇਹ ਫਰਜ਼ ਤਾਂ ਹਿੰਦੋਸਤਾਨ ਦੇ ਅੰਦਰ ਰਹਿਣ ਵਾਲੇ ਲੀਡਰਾਂ ਦਾ ਸੀ ਕਿ ਇਕ-ਦੋ ਮਸ਼ਹੂਰ ਲੀਡਰ ਉਨ੍ਹਾਂ ਵਿਚ ਮਿਲ ਜਾਂਦੇ, ਜਿਨ੍ਹਾਂ ਦੇ ਸਹਾਰੇ ਆਮ ਲੋਕ ਗ਼ਦਰ ਦੇ ਝੰਡੇ ਥੱਲੇ ਆ ਜੁੜਦੇ।”
ਗ਼ਦਰ ਸ਼ੁਰੂ ਕਰਨ ਦਾ ਫੈਸਲਾ
ਗ਼ਦਰ ਪਾਰਟੀ ਵੱਲੋਂ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਬਾਹਰ ਕੱਢਣ ਲਈ ਪ੍ਰੋਗਰਾਮ ਉਲੀਕਿਆ ਗਿਆ। ਇਸ ਮੰਤਵ ਲਈ ਭਾਰਤੀ ਫੌਜੀਆਂ ਨਾਲ ਛਾਉਣੀਆਂ ਵਿਚ ਸੰਪਰਕ ਕਰਨ ਦੀ ਵਿਉਂਤਬੰਦੀ ਕੀਤੀ ਗਈ। ਪਾਰਟੀ ਦਾ ਵਿਚਾਰ ਸੀ ਕਿ ਕਾਂਗਰਸ ਵੱਲੋਂ ਆਜ਼ਾਦੀ ਲਈ ਚਲਾਈ ਜਾ ਰਹੀ ਨਰਮ ਕਿਸਮ ਦੀ ਲਹਿਰ ਨਾ-ਕਾਫ਼ੀ ਤੇ ਕਮਜ਼ੋਰ ਹੈ ਅਤੇ ਆਜ਼ਾਦੀ ਪ੍ਰਾਪਤੀ ਲਈ ਜ਼ੋਰਦਾਰ ਹਥਿਆਰਬੰਦ ਲਹਿਰ ਦੀ ਲੋੜ ਹੈ। ਇਸ ਮਕਸਦ ਦੀ ਪੂਰਤੀ ਲਈ ਪਿਸਤੌਲ, ਬੰਦੂਕਾਂ, ਹੱਥਗੋਲੇ ਆਦਿ ਹਥਿਆਰ ਤੇ ਗੋਲੀ-ਸਿੱਕਾ ਖਰੀਦੇ ਗਏ ਤੇ ਇਨ੍ਹਾਂ ਨੂੰ ਭਾਰਤ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ। ਇਹ ਵੱਖਰੀ ਗੱਲ ਹੈ ਕਿ ਇਸ ਵਿਚ ਸਫ਼ਲਤਾ ਨਾ ਮਿਲ ਸਕੀ ਜਿਸ ਦੇ ਲਈ ਉਹ ਪੂਰੇ ਆਸਵੰਦ ਸਨ। ਇਹਦੇ ਲਈ ਗ਼ਦਰੀ-ਬਾਬਿਆਂ ਦੀ ਵਿਉਂਤਬੰਦੀ, ਹਿੰਮਤ ਤੇ ਦਲੇਰੀ ਦੀ ਦਾਦ ਦੇਣੀ ਬਣਦੀ ਹੈ।
ਕਾਮਾਗਾਟਾ ਮਾਰੂ ਦਾ ਜਾਪਾਨ ਪਹੁੰਚਣਾ ਤੇ ਬਾਬਾ ਗੁਰਦਿੱਤ ਸਿੰਘ ਨਾਲ ਸੰਪਰਕ
ਕਾਮਾਗਾਟਾ ਮਾਰੂ (ਗੁਰੂ ਨਾਨਕ ਜਹਾਜ਼) ਨੂੰ ਜਦ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਦੀ ਧਰਤੀ ‘ਤੇ ਲੱਗਣ ਦੀ ਆਗਿਆ ਨਾ ਦਿੱਤੀ ਗਈ ਅਤੇ ਵਾਪਸ ਭਾਰਤ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਤਾਂ ਇਹ ਵਾਪਸ ਜਾਪਾਨ ਵੱਲ ਨੂੰ ਚੱਲ ਪਿਆ। ਯੋਕੋਹਾਮਾ ਵਿਚ ਭਕਨਾ ਜੀ ਬਾਬਾ ਗੁਰਦਿੱਤ ਸਿੰਘ ਹੁਰਾਂ ਨੂੰ ਜਹਾਜ਼ ਵਿਚ ਹੀ ਮਿਲੇ। ਉਨ੍ਹਾਂ ਦੀ ਜ਼ਬਾਨੀ ਸਾਰੀ ਵਾਰਤਾ ਸੁਣੀ ਜੋ ਉਨ੍ਹਾਂ ਨਾਲ ਕੈਨੇਡਾ ਵਿਚ ਵਰਤੀ ਸੀ ਤੇ ਅੱਗੋਂ ਦੇ ਪਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ। ਭਕਨਾ ਜੀ ਨੇ ਆਪਣੇ ਚੀਨ ਅਤੇ ਮਲਾਇਆ ਰਾਹੀਂ ਹੁੰਦੇ ਹੋਏ ਭਾਰਤ ਪਹੁੰਚਣ ਬਾਰੇ ਦੱਸਿਆ। ਉਨ੍ਹਾਂ ਦੀ ਹਥਿਆਰਾਂ ਦੀਆਂ ਪੇਟੀਆਂ ਭਾਰਤ ਪਹੁੰਚਾਉਣ ਦੀ ਜ਼ਿਮੇਂਵਾਰੀ ਵੀ ਸੀ। 
‘ਨਾਮ ਸੰਗ’ ਜਹਾਜ਼ ਵਿਚ ਭਾਰਤ ਨੂੰ ਵਾਪਸੀ ਤੇ ਕਲਕੱਤੇ ਵਿਚ ਗਿ੍ਰਫਤਾਰੀ
ਪਾਰਟੀ ਦੀਆਂ ਹਦਾਇਤਾਂ ਅਨੁਸਾਰ ਭਕਨਾ ਜੀ ਨੇ ਭਾਰਤ ਨੂੰ ਚਾਲੇ ਪਾ ਦਿੱਤੇ। ਸ਼ੰਘਾਈ ਦੇ ਰਸਤੇ ਹੁੰਦੇ ਹੋਏ ਹਾਂਗਕਾਂਗ ਪਹੁੰਚੇ। ਇਸ ਦੌਰਾਨ ਪਿਸਤੋਲਾਂ ਤੇ ਕਾਰਤੂਸਾਂ ਦੀ ਇਕ ਪੇਟੀ ਗ਼ਲਤੀ ਨਾਲ ਫਰਾਂਸ ਨੂੰ ਜਾਣ ਵਾਲੇ ਜਹਾਜ਼ ਵਿਚ ਚਲੀ ਗਈ। ਭਕਨਾ ਜੀ ਦਾ ਜਹਾਜ਼ ਸੱਤ ਦਿਨ ਪੀਨਾਂਗ ਦੀ ਬੰਦਰਗਾਹ ਵਿਚ ਰੁਕਣ ਤੋਂ ਬਾਦ ਕਲਕੱਤੇ ਵੱਲ ਨੂੰ ਚੱਲ ਪਿਆ। ਇਹ 24 ਅਕਤੂਬਰ 1914 ਨੂੰ ਕਲਕੱਤੇ ਪੁੱਜਾ। ਜਹਾਜ਼ ਅਜੇ ਹਾਰਬਰ ਦੇ ਅੰਦਰ ਦਾਖਲ ਹੋਇਆ ਹੀ ਸੀ ਕਿ ਪੰਜਾਬ ਦੇ ਲੁਧਿਆਣਾ ਜ਼ਿਲੇ ਦੀ ਪੁਲੀਸ ਤੇ ਕੁਝ ਫੌਜੀ ਸਿਪਾਹੀ ਜਹਾਜ਼ ਅੰਦਰ ਦਾਖਲ ਹੋਏ ਤੇ ਚਾਰ-ਪੰਜ ਗੋਰੇ ਸਿਪਾਹੀਆਂ ਨੇ ਭਕਨਾ ਜੀ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਇਕ ਬੰਦ ਗੱਡੀ ਵਿਚ ਪੁਲੀਸ ਦੇ ਪਹਿਰੇ ਹੇਠ ਉਨ੍ਹਾਂ ਨੁੰ ਕਲਕੱਤੇ ਦੀ ਕੋਤਵਾਲੀ ਪਹੁੰਚਾਇਆ। ਉਥੋਂ ਸਖ਼ਤ ਪੁਲੀਸ ਪਹਿਰੇ ਵਿਚ ਪਹਿਲਾਂ ਲੁਧਿਆਣੇ ਤੇ ਫਿਰ ਮੁਲਤਾਨ ਜੇਲ੍ਹ ਲਿਆਂਦਾ ਗਿਆ।
ਲਾਹੌਰ ਕਾਂਸਪੀਰੇਸੀ-1 ਕੇਸ ਵਿਚ ਮੌਤ ਦੀ ਸਜ਼ਾ
ਲਾਹੌਰ ਜੇਲ੍ਹ ਵਿਚ ਲਗਾਈ ਗਈ ਸਪੈਸ਼ਲ ਅਦਾਲਤ ਵਿਚ 31 ਦੇਸ਼-ਭਗਤਾਂ ਨੂੰ ਮੌਤ ਅਤੇ ਜਾਇਦਾਦ ਦੀ ਜ਼ਬਤੀ ਦੀ ਸਜ਼ਾ ਸੁਣਾਈ ਗਈ ਜਿਨ੍ਹਾਂ ਵਿਚ ਬਾਬਾ ਸੋਹਣ ਸਿੰਘ ਭਕਨਾ ਵੀ ਸ਼ਾਮਲ ਸਨ। ਇਨ੍ਹਾਂ ਵਿਚੋਂ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰ ਸਿੰਘ ਆਦਿ ਸਮੇਤ ਸੱਤਾਂ ਦੇਸ- ਭਗਤਾਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ। 26 ਹੋਰ ਦੇਸ- ਭਗਤਾਂ ਨੂੰ ਉਮਰ-ਕੈਦ ਤੇ ਜਾਇਦਾਦ-ਜ਼ਬਤੀ ਦੀਆਂ ਸਜ਼ਾਵਾਂ, ਛੇਆਂ ਨੂੰ 2 ਤੋਂ 10 ਸਾਲ ਦੀ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਤੇ ਸੱਤਾਂ ਨੂੰ ਬਰੀ ਕਰ ਦਿੱਤਾ ਗਿਆ। ਬਾਬਾ ਭਕਨਾ ਜੀ ਦੀ ਮੌਤ ਦੀ ਸਜ਼ਾ ਬਾਦ ‘ਚ ਉਮਰ-ਕੈਦ ਵਿਚ ਬਦਲ ਦਿੱਤੀ ਗਈ। ਜੇਲ੍ਹ ਵਿਚ 1929 ਵਿਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਹਮਾਇਤ ਵਿਚ ਭੁੱਖ-ਹੜਤਾਲ ਕੀਤੀ ਤੇ 16 ਸਾਲ ਕੈਦ ਕੱਟਣ ਤੋਂ ਬਾਦ 23 ਜੁਲਾਈ 1930 ਨੂੰ ਲਾਹੌਰ ਜੇਲ੍ਹ ਤੋਂ ਰਿਹਾਈ ਹੋਈ।