ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਖ਼ੁਸ਼ੀ ਦੀ ਦਸਤਕ


-ਅਜੀਤ ਸਿੰਘ ਚੰਦਨ
* ਸੰਪਰਕ: 98723-51093
ਇਨਸਾਨ ਸਾਰੀ ਉਮਰ ਖ਼ੁਸ਼ੀ ਲਈ ਤਾਂਘਦਾ ਹੈ ਤੇ ਇਸ ਦੀ ਭਾਲ ਵਿੱਚ ਹਰ ਥਾਂ ਭਟਕਦਾ ਫਿਰਦਾ ਹੈ ਪਰ ਖ਼ੁਸ਼ੀ ਨਹੀਂ ਮਿਲਦੀ ਸਗੋਂ ਕਈ ਵਾਰ ਖ਼ੁਸ਼ੀ ਦੀ ਥਾਂ ਸਸਤੇ ਦੁੱਖ ਮਿਲਦੇ ਹਨ। ਕੌਣ ਹੈ ਜੋ ਖ਼ੁਸ਼ੀਆਂ ਲਈ ਫਰਹਾਦ ਵਾਂਗ ਨਹਿਰ ਪੁੱਟਣ ਲਈ ਤਿਆਰ ਨਹੀਂ ਜਾਂ ਪਰਬਤ-ਪਹਾੜ ਲੰਘ ਕੇ ਜ਼ਿੰਦਗੀ ਦੇ ਰੂ-ਬ-ਰੂ ਨਹੀਂ ਹੋਣਾ ਚਾਹੁੰਦਾ। ਜ਼ਿੰਦਗੀ ਮਿ੍ਰਗ ਤਿ੍ਰਸ਼ਨਾ ਵਾਂਗ ਬਣਦੀ ਜਾ ਰਹੀ ਹੈ। ਸੋਨੇ ਦਾ ਮਿ੍ਰਗ ਬਣ ਕੇ ਜ਼ਿੰਦਗੀ ਇਨਸਾਨ ਨੂੰ ਲੁਭਾਉਂਦੀ ਤਾਂ ਹੈ ਪਰ ਉਸ ਦੇ ਹੱਥ ਨਹੀਂ ਆਉਂਦੀ। ਫਿਰ ਵੀ ਇਨਸਾਨ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਮਿਹਨਤ, ਮੁਸ਼ੱਕਤ ਤਾਂ ਕਰਨੀ ਹੀ ਪੈਂਦੀ ਹੈ। ਜਿਸ ਨੇ ਮਿਹਨਤ, ਮੁਸ਼ੱਕਤ ਦਾ ਰਾਹ ਅਪਣਾ ਲਿਆ ਹੈ, ਉਸ ਨੂੰ ਵਿਹਲ ਹੀ ਕਿੱਥੇ ਹੈ ਕਿ ਉਹ ਮਖਮਲੀ ਰਾਹਾਂ ਦੇ ਸੁਪਨੇ ਲਵੇ ਜਾਂ ਕੋਮਲ-ਤਾਂਘ ਦੀ ਉਡੀਕ ਕਰੇ। ਇਹ ਤਾਂ ਸਿਰ ਸੁੱਟ ਕੇ ਮਿਹਨਤਾਂ ਕਰਨ ਵਿੱਚ ਲੱਗਾ ਰਹਿੰਦਾ ਹੈ। ਸਿਆਣੇ ਕਹਿੰਦੇ ਹਨ ਕਿ ਜਿਸ ਨੇ ਪਾਣੀ ਪੀਣ ਲਈ ਖੂਹ ਪੁੱਟ ਲਿਆ ਹੈ, ਉਹ ਕਦੇ ਪਿਆਸਾ ਨਹੀਂ ਮਰ ਸਕਦਾ। ਉਸ ਲਈ ਤਾਂ ਹਰ ਕੰਮ ਕਰਨਾ, ਆਸਾਨ ਤੇ ਖ਼ੁਸ਼ੀਆਂ ਭਰਿਆ ਹੋ ਨਿੱਬੜਦਾ ਹੈ। ਇਸੇ ਲਈ ਪੂਰੀ ਲਗਨ, ਮਿਹਨਤ ਤੇ ਸਿਦਕ ਨਾਲ ਜਿਹੜੇ ਮੰਜ਼ਲਾਂ ਵੱਲ ਵਧੀ ਜਾਂਦੇ ਹਨ, ਉਹ ਖ਼ੁਸ਼ੀ ਦੇ ਦੁਆਰ ’ਤੇ ਪਹੁੰਚ ਕੇ ਪਰਚਮ ਲਹਿਰਾ ਸਕਦੇ ਹਨ। ਖ਼ੁਸ਼ੀ ਤਾਂ ਤੁਹਾਨੂੰ ਖੁਦ ਮਿਲਣ ਦੀ ਚਾਹਵਾਨ ਹੈ, ਜੇ ਤੁਸੀਂ ਜ਼ਿੰਦਗੀ ਵਿੱਚ ਰੰਗ ਭਰਨੇ ਸਿੱਖ ਲਵੋ।
ਜ਼ਿੰਦਗੀ ਦਾ ਕਿਹੜਾ ਪਲ ਹੈ ਜੋ ਖ਼ੁਸ਼ੀਆਂ ਤੋਂ ਸੱਖਣਾ ਹੁੰਦਾ ਹੈ। ਕੀ ਜਦੋਂ ਕਿਸਾਨ ਮਿੱਟੀ ਪੋਲੀ ਕਰਕੇ ਕਣਕ ਬੀਜਦਾ ਹੈ, ਉਹ ਖ਼ੁਸ਼ੀ ਦਾ ਪਲ ਨਹੀਂ ਹੁੰਦਾ ਜਾਂ ਕੋਈ ਕਲਾਕਾਰ ਕਲਾ ਵਿੱਚ ਲੀਨ ਹੋਇਆ ਸੁੰਦਰ ਕਲਾ ਕਿਰਤੀ ਨੂੰ ਜਨਮ ਦਿੰਦਾ ਹੈ, ਉਹ ਖ਼ੁਸ਼ੀ ਦਾ ਪਲ ਨਹੀਂ। ਜਿਹੜੀ ਮਾਂ ਸੁੰਦਰ ਤੇ ਗੋਕਲੇ ਜਿਹੇ ਬੱਚੇ ਨੂੰ ਜਨਮ ਦਿੰਦੀ ਹੈ; ਕੀ ਉਹ ਖ਼ੁਸ਼ੀਆਂ ਤੋਂ ਖਾਲੀ ਹੁੰਦੀ ਹੈ? ਉਸ ਵਕਤ ਤਾਂ ਮਾਂ ਆਪਣੇ ਚੰਨ ਜਿਹੇ ਬਾਲ ਨੂੰ ਵੇਖ ਕੇ ਖ਼ੁਸ਼ੀਆਂ ਵਿੱਚ ਖੀਵੀ ਹੋਈ ਪੂਰੇ ਸੰਸਾਰ ਨੂੰ ਭੁੱਲ ਜਾਂਦੀ ਹੈ। ਪੁੱਤ ਨੂੰ ਜਨਮ ਦੇ ਕੇ ਮਾਂ ਦਾ ਹਿਰਦਾ, ਸਭੋ ਬਹਿਣਤਾਂ ਪ੍ਰਾਪਤ ਕਰ ਲੈਂਦਾ ਹੈ ਤੇ ਉਸ ਲਈ ਧਰਤੀ-ਅਸਮਾਨ ਇੱਕ ਹੋਏ ਪ੍ਰਤੀਤ ਹੁੰਦੇ ਹਨ। ਨਿੱਕੇ ਬਾਲ ਦੀ ਮੁਸਕਰਾਹਟ ਤੋਂ ਵੱਧ ਸੁੰਦਰ ਚੀਜ਼ ਦੁਨੀਆਂ ਵਿੱਚ ਕੋਈ ਨਹੀਂ ਤੇ ਬੱਚੇ ਦੇ ਲਾਡ-ਪਿਆਰ ਤੋਂ ਵਧ ਕੇ ਕੋਈ ਖ਼ੁਸ਼ੀ ਦੁਨੀਆਂ ਵਿੱਚ ਨਹੀਂ।
ਜਦੋਂ ਕੋਈ ਗੱਭਰੂ, ਕਿਸੇ ਮੁਟਿਆਰ ਨਾਲ ਲਾਵਾਂ ਫੇਰਿਆਂ ਦੀ ਰਸਮ ਨਿਭਾ ਰਿਹਾ ਹੁੰਦਾ ਹੈ ਤਾਂ ਇਹ ਖ਼ੁਸ਼ੀਆਂ ਦਾ ਕਿੰਨਾ ਵੱਡਾ ਮੌਕਾ-ਮੇਲ ਹੋ ਨਿੱਬੜਦਾ ਹੈ। ਗੱਭਰੂ ਦੇ ਮਨ ਵਿੱਚ ਸਜੀ ਫਬੀ ਮੁਟਿਆਰ ਇੱਕ ਜੰਨਤ ਤੋਂ ਘੱਟ ਨਹੀਂ ਜਾਪਦੀ। ਇਹ ਸ਼ੁਭ ਸ਼ਗਨ ਤੇ ਜਸ਼ਨ, ਜ਼ਿੰਦਗੀ ਦੀਆਂ ਬਹਾਰਾਂ ਲਈ ਸਭ ਰਾਹ ਖੁੱਲ੍ਹੇ ਕਰ ਦਿੰਦੇ ਹਨ ਪਰ ਇਨ੍ਹਾਂ ਬਹਾਰਾਂ ਨੂੰ ਬਣਾਈ ਰੱਖਣ ਲਈ ਸਿਰ ਤਲੀ ’ਤੇ ਧਰਨਾ ਪੈਂਦਾ ਹੈ। ਜ਼ਿੰਦਗੀ ਦੀ ਪੂਰੀ ਇਬਾਰਤ ਲਿਖਣ ਲਈ ਮਿਹਨਤਾਂ, ਮੁਸ਼ੱਕਤਾਂ ਵਿੱਚੋਂ ਲੰਘਣਾ ਪੈਂਦਾ ਹੈ, ਜਿਨ੍ਹਾਂ ਬਿਨਾਂ ਜ਼ਿੰਦਗੀ ਅਧੂਰੀ ਹੈ, ਖ਼ੁਸ਼ੀ ਅਧੂਰੀ ਹੈ ਤੇ ਸਭ ਸੰਸਾਰ ਅਧੂਰਾ ਹੈ।
ਸਿਆਣੇ ਕਹਿੰਦੇ ਹਨ ਜੇ ਖ਼ੁਸ਼ੀ ਲੱਭਣੀ ਹੈ ਤਾਂ ਫੁੱਲਾਂ ਵਰਗੇ ਬਣੋ। ਫੁੱਲਾਂ ਦੀ ਸੰਗਤ ਵਿੱਚ ਰਹੋ ਤੇ ਧਰਤੀ ਦੀ ਕੁੱਖ ਪੋਲੀ ਕਰਕੇ, ਤੁਸੀਂ ਵੀ ਆਪਣੇ ਹੱਥੀਂ ਫੁੱਲ ਉਗਾਉਣੇ ਸਿੱਖ ਲਵੋ। ਨਰਮ-ਨਰਮ ਧਰਤੀ ਵਿੱਚੋਂ ਜਦੋਂ ਕੋਪਲ ਫੁੱਟਦੇ ਹਨ ਤਾਂ ਇਹ ਖ਼ੁਸ਼ੀ ਦੇ ਦੁਆਰੇ ’ਤੇ ਇੱਕ ਪੋਲੀ ਜਿਹੀ ਦਸਤਕ ਹੁੰਦੀ ਹੈ ਕਿ ਇਨ੍ਹਾਂ ਕੋਪਲਾਂ ਨੇ ਫੁੱਟ ਕੇ ਕਦੇ ਬਾਗ਼ ਦੀ ਨੁਹਾਰ ਬਦਲਣੀ ਹੈ। ਇਨ੍ਹਾਂ ਕੋਪਲਾਂ ਨੇ ਫੁੱਟ ਕੇ ਕਿੰਨੀਆਂ ਅੱਖਾਂ ਦੀ ਸੁੰਦਰਤਾ ਨੂੰ ਜਨਮ ਦੇਣਾ ਹੈ ਤੇ ਕਿੰਨੇ ਚਿਹਰਿਆਂ ਵਿੱਚ ਰੁਸ਼ਨਾਈ ਭਰਨੀ ਹੈ। ਖ਼ੁਸ਼ੀ ਜੇ ਮੁੱਲ ਵਿਕਦੀ ਹੁੰਦੀ ਤਾਂ ਅਮੀਰ ਇਨਸਾਨ ਇਸ ਨੂੰ ਖਰੀਦਣ ਲਈ ਸਭ ਤੋਂ ਪਹਿਲਾਂ ਖ਼ੁਸ਼ੀ ਦੇ ਸਟੋਰਾਂ ’ਤੇ ਪਹੁੰਚ ਜਾਂਦੇ ਪਰ ਅਜਿਹਾ ਨਹੀਂ ਹੈ। ਅਮੀਰ ਇਨਸਾਨ, ਕਾਰਾਂ, ਏ.ਸੀ., ਮਹਿੰਗਾ ਫਰਨੀਚਰ ਤੇ ਮਹਿੰਗੇ ਕੱਪੜੇ ਤਾਂ ਖਰੀਦ ਸਕਦੇ ਹਨ ਪਰ ਖ਼ੁਸ਼ੀ ਨਹੀਂ। ਇਨਸਾਨ ਦੀ ਕਿੰਨੀ ਵੱਡੀ ਭੁੱਲ ਹੈ ਕਿ ਖ਼ੁਸ਼ੀ ਵਸਤਾਂ ਵਿੱਚੋਂ ਭਾਲਦਾ ਹੈ ਤੇ ਇਸੇ ਲਈ ਵੱਧ ਤੋਂ ਵੱਧ ਧਨ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਹੈ।
    ਸਿਆਣੇ ਕਹਿੰਦੇ ਹਨ ਕਿ ਜੇ ਖ਼ੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਪਹਿਲਾਂ ਆਪਣਾ ਹਿਰਦਾ ਸ਼ੁੱਧ ਕਰ ਲਵੋ ਕਿਉਂਕਿ ਮੈਲੇ ਹਿਰਦੇ ਵਿੱਚ ਖ਼ੁਸ਼ੀਆਂ ਨਹੀਂ ਸਮਾਅ ਸਕਦੀਆਂ। ਜਿਵੇਂ ਮੈਲੇ ਭਾਂਡੇ ਵਿੱਚ ਵਸਤੂ ਸ਼ੁੱਧ ਨਹੀਂ ਰਹਿੰਦੀ, ਇੰਜ ਹੀ ਖ਼ੁਸ਼ੀ ਵੀ ਮੈਲੇ ਮਨ ਵਿੱਚ ਤਰੇੜੀ ਜਾਂਦੀ ਹੈ। ਜਿੰਨਾ ਤੁਸੀਂ ਆਪਣਾ ਪੱਲੂ ਵੱਡਾ ਨਹੀਂ ਜਾਣੋਗੇ, ਓਨੀਆਂ ਹੀ ਵੱਧ ਖ਼ੁਸ਼ੀਆਂ ਇਸ ਵਿੱਚ ਸਮਾਈ ਜਾਣਗੀਆਂ ਪਰ ਇਹ ਨਾ ਭੁੱਲਣਾ, ਜੇ ਤੁਸੀਂ ਖ਼ੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਇਸ ਦਾ ਕੁਝ ਨਾ ਕੁਝ ਮੁੱਲ ਵੀ ਤੁਹਾਨੂੰ ਤਾਰਨਾ ਪਵੇਗਾ। ਫੁੱਲ ਪ੍ਰਾਪਤ ਕਰਨ ਲਈ ਕੰਡਿਆਂ ਦੀ ਪੀੜ ਸਹਿਣੀ ਹੀ ਪੈਂਦੀ ਹੈ। ਬੱਚੇ ਨੂੰ ਜਨਮ ਦੇਣ ਵੇਲੇ ਮਾਂ ਨੂੰ ਕਿੰਨੀ ਵੱਡੀ ਪੀੜ ਸਹਿਣੀ ਪੈਂਦੀ ਹੈ ਕਈ ਵਾਰੀ ਰਾਹ ਜਾਂਦਿਆਂ ਵੀ ਖ਼ੁਸ਼ੀਆਂ ਮਿਲ ਜਾਂਦੀਆਂ ਹਨ। ਜਿਵੇਂ ਸਫ਼ਰ ’ਤੇ ਤੁਰੇ ਯਾਤਰੀ ਨੂੰ ਵਗਦੇ ਪਾਣੀਆਂ ਦੇ ਸੰਗੀਤ ਵਿੱਚੋਂ ਖ਼ੁਸ਼ੀ ਮਿਲ ਜਾਂਦੀ ਹੈ ਜਾਂ ਸਵੇਰ ਦੀ ਸੁਗੰਧ ਸਮੀਰ, ਪਹਿਲੇ ਉੱਠੇ ਯਾਤਰੀ ਦਾ ਸੁਆਗਤ ਕਰਦੀ ਹੈ। ਬਾਗ਼ਾਂ, ਫੁੱਲਾਂ, ਤਿਤਲੀਆਂ, ਰੰਗਾਂ, ਸੁਗੰਧਾਂ ਤੇ ਕੁੱਲ ਪਰਿਵਰਤਨ ਦੀ ਸੁੰਦਰਤਾ, ਖ਼ੁਸ਼ੀਆਂ ਵੰਡ ਰਹੀ ਹੈ। ਉੱਡਦੇ ਪੰਛੀ ਤੇ ਚਹਿਕਦੇ ਪਰਿੰਦੇ, ਤੁਹਾਨੂੰ ਖ਼ੁਸ਼ ਕਰਨ ਲਈ ਕੰਮ ਨਹੀਂ ਕਰਦੇ। ਝਰਨੇ, ਆਬਸ਼ਾਰਾਂ ਤੇ ਬਹਾਰਾਂ ਸਭ ਖ਼ੁਸ਼ੀ ਦੀ ਦਾਅਵਤ ਹਨ। ਆਪਣੇ ਫੁਰਸਤ ਦੇ ਪਲਾਂ ਵਿੱਚ ਇਨ੍ਹਾਂ ਖ਼ੁਸ਼ੀਆਂ ਦੇ ਸੋਮਿਆਂ ਵੱਲ ਧਿਆਨ ਧਰੋ ਤੇ ਖ਼ੁਸ਼ੀਆਂ ਆਪਣੀ ਝੋਲੀ ਵਿੱਚ ਭਰ ਲਵੋ। ਕੁਦਰਤ ਦੇ ਆਬੇ-ਹਯਾਤ ਵਿੱਚੋਂ ਮਾਮੂਲੀ ਦਸਤਕ ਦੇਣ ’ਤੇ ਵੀ ਖ਼ੁਸ਼ੀ ਮਿਲ ਸਕਦੀ ਹੈ। ਕਿਸੇ ਅਗਿਆਤ ਕਵੀ ਦੀਆਂ ਇਹ ਸਤਰਾਂ ਖ਼ੁਸ਼ੀ ਨੂੰ ਕਿੰਨੇ ਸੋਹਣੇ ਢੰਗ ਨਾਲ ਵਿਅਕਤ ਕਰਦੀਆਂ ਹਨ :- ਹੱਸਦਿਆਂ ਹੋਇਆਂ ਉਹ ਖ਼ੁਸ਼ੀ ਦੇ ਫੁੱਲ ਲੈ ਕੇ ਆਈ। ਮੇਰੇ ਕੋਲ ਸਿਰਫ਼ ਗਮਾਂ ਦੇ ਫੁੱਲਾਂ ਤੋਂ ਬਿਨਾਂ ਕੁਝ ਨਹੀਂ ਸੀ। ਮੈਂ ਉਸ ਨੂੰ ਪੁੱਛਿਆ ਕਿ ਜੋ ਕੁਝ ਆਪਣੇ ਕੋਲ ਹੈ, ਆਪਾਂ ਉਸ ਨੂੰ ਇੱਕ ਦੂਜੇ ਨਾਲ ਵਟਾ ਲਈਏ ਤਾਂ ਕੌਣ ਘਾਟੇ ਵਿੱਚ ਰਹੇਗਾ? ਮੁਸਕਰਾਉਂਦਿਆਂ ਹੋਇਆਂ ਉਸ ਸੁੰਦਰੀ ਨੇ ਉੱਤਰ ਦਿੱਤਾ, ਠੀਕ ਹੈ, ਆਓ ਆਪਾਂ ਇਨ੍ਹਾਂ ਨੂੰ ਵਟਾਈਏ, ਤੂੰ ਮੇਰੇ ਫੁੱਲ ਲੈ ਲੈ ਬਦਲੇ ਵਿੱਚ ਤੂੰ ਮੈਨੂੰ ਹੰਝੂਆਂ ਨਾਲ ਭਰਪੂਰ ਆਪਣੇ ਫੁੱਲ ਦੇ ਦੇ।