ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਣੇਪੇ ਪਿੱਛੋਂ ਵਾਲਾਂ ਦਾ ਝੜਨਾ


-ਡਾ. ਰਿਪੁਦਮਨ ਸਿੰਘ
ਜਨੇਪੇ ਤੋਂ ਬਾਅਦ ਆਮ ਤੌਰ ‘ਤੇ ਔਰਤਾਂ ਦੇ ਵਾਲ ਝੜਨ ਲੱਗ ਪੈਂਦੇ ਹਨ। ਮਾਹਿਰਾਂ ਮੁਤਾਬਕ ਗਰਭ ਦੌਰਾਨ ਹੋਈਆਂ ਹਾਰਮੋਨ ਸਬੰਧੀ ਤਬਦੀਲੀਆਂ ਕਾਰਨ ਅਜਿਹਾ ਹੁੰਦਾ ਹੈ। ਜਦੋਂ ਹਾਰਮੋਨ ਨਾਰਮਲ ਹੋਣ ਲੱਗਦੇ ਹਨ ਤਾਂ ਵਾਲਾਂ ਦਾ ਝੜਨਾ ਵੀ ਹੌਲੀ-ਹੌਲੀ ਘੱਟ ਜਾਂਦਾ ਹੈ। ਕਾਸਮੈਟਿਕ ਮਾਹਿਰਾਂ ਅਨੁਸਾਰ ਇਹ ਸਮੱਸਿਆ ਆਮ ਤੌਰ ‘ਤੇ ਗਰਭ ਸਮੇਂ ਜਾਂ ਬਾਅਦ ਵਿੱਚ ਜਾਂ ਗਰਭ ਨਿਰੋਧਕ ਗੋਲੀਆਂ ਦੇ ਇਕਦਮ ਬੰਦ ਕਰਨ ਕਾਰਨ ਆਉਂਦੀ ਹੈ। ਇਸ ਤੋਂ ਇਲਾਵਾ ਖ਼ੂਨ ਦਾ ਜ਼ਿਆਦਾ ਰਿਸਾਵ ਹੋਣ, ਤਨਾਅ ਅਤੇ ਖ਼ੂਨ ਦੀ ਕਮੀ ਵੀ ਵਾਲ ਝੜਨ ਦੇ ਕਾਰਨ ਹੁੰਦੇ ਹਨ। ਗਰਭ ਸਮੇਂ ਏਸਟਰੋਜਨ ਹਾਰਮੋਨ ਦਾ ਸਤਰ ਕਾਫ਼ੀ ਵਧ ਜਾਂਦਾ ਹੈ। ਇਹੀ ਹਾਰਮੋਨ ਵਾਲਾਂ ਦਾ ਵਿਕਾਸ ਕਰਦੇ ਹਨ, ਇਸ ਲਈ ਗਰਭ ਦੇ ਦੌਰਾਨ ਤਾਂ ਤੁਹਾਡੇ ਵਾਲ ਨਾਂਹ ਦੇ ਬਰਾਬਰ ਝੜਦੇ ਹਨ। ਦਰਅਸਲ, ਸਾਡੇ 90 ਫ਼ੀਸਦੀ ਵਾਲ ਇੱਕ ਸਮੇਂ ਵਿੱਚ ਹੀ ਵਧਦੇ ਹਨ ਅਤੇ 10 ਫ਼ੀਸਦੀ (ਰੇਸਟਿੰਗ ਫੇਜ਼) ਵਿੱਚ ਚਲੇ ਜਾਂਦੇ ਹਨ। ਗਰਭ ਵਿੱਚ ਰੇਸਟਿੰਗ ਫੇਜ਼ ਦੇ ਵਾਲ ਵਧਦੇ ਜਾਂਦੇ ਹਨ। ਜਿਵੇਂ ਹੀ ਇਹ ਲੈਵਲ ਬਦਲਦਾ ਹੈ, ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹਾ ਗਰਭ ਪਿੱਛੋਂ ਦੇ 3-6 ਮਹੀਨੇ ਤਕ ਰਹਿੰਦਾ ਹੈ। ਆਮ ਦੇਖਣ ਵਿੱਚ ਆਇਆ ਹੈ ਕਿ ਕੁਝ ਔਰਤਾਂ ਦੇ ਵਾਲ ਪਹਿਲਾਂ ਜਿੰਨੇ ਸੰਘਣੇ ਨਹੀਂ ਹੋ ਪਾਉਂਦੇ ਪਰ ਇਸ ਨੂੰ ਗੰਜੇਪਨ ਜਾਂ ਪਰਮਾਨੈਂਟ ਹੇਅਰ ਫਾਲ ਨਾਲ ਜੋੜ ਕੇ ਵੇਖਣਾ ਗਲਤ ਹੈ। ਦਰਅਸਲ, ਮਾਂ ਵੱਲੋਂ ਬੱਚੇ ਨੂੰ ਆਪਣਾ ਦੁੱਧ ਦੇਣ ਦੌਰਾਨ ਡਾਕਟਰ ਕਿਸੇ ਵੀ ਤਰ੍ਹਾਂ ਦੀ ਦਵਾਈ ਦੇਣਾ ਠੀਕ ਨਹੀਂ ਸਮਝਦੇ। ਹਾਲਾਂਕਿ ਉਚਿਤ ਖੁਰਾਕ ਅਤੇ ਜ਼ਰੂਰੀ ਵਿਟਾਮਿਨ ਲੈਣ ਨਾਲ ਇਸ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਇਆ ਸਕਦਾ ਹੈ। ਕਿਸੇ ਹਾਰਮੋਨਲ ਦਵਾਈ ਨੂੰ ਅਚਾਨਕ ਛੱਡਣ, ਗਰਭਪਾਤ ਜਾਂ ਹਾਰਮੋਨਲ ਅਸੰਤੁਲਨ ਅਤੇ ਖ਼ੁਰਾਕੀ ਤੱਤਾਂ ਦੀ ਘਾਟ ਦੇ ਚੱਲਦਿਆਂ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਕਲੀਫ਼ ਤੋਂ ਨਿਜਾਤ ਪਾਉਣਾ ਬੇਸ਼ੱਕ ਔਖਾ ਲੱਗਦਾ ਹੋਵੇ ਪਰ ਬਹੁਤ ਔਖਾ ਵੀ ਨਹੀਂ। ਖਾਣ-ਪੀਣ ਵਿੱਚ ਸਧਾਰਨ ਤਬਦੀਲੀਆਂ ਕਰ ਕੇ ਇਸ ਤੋਂ ਨਿਜਾਤ ਪਾਈ ਜਾ ਸਕਦੀ ਹੈ। ਅਜਿਹੇ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚੰਗਾ ਹੈ ਜਿਨ੍ਹਾਂ ਵਿੱਚ ਐਂਟੀ ਆਕਸੀਡੈਂਟ ਤੱਤਾਂ ਦੀ ਚੰਗੀ ਸਮਰੱਥਾ ਹੋਵੇ। ਇਸ ਤੋਂ ਵਾਲਾਂ ਨੂੰ ਪੂਰੀ ਅਤੇ ਚੰਗੀ ਖ਼ੁਰਾਕ ਮਿਲ ਸਕੇਗੀ ਜਿਸ ਦੇ ਚੱਲਦਿਆਂ ਵਾਲ ਘੱਟ ਗਿਰਨਗੇ। ਇਸ ਦੌਰਾਨ ਵਾਲਾਂ ਨੂੰ ਡਰਾਈ, ਕਰਲੀ, ਸਿੱਧਾ ਕਰਨਾ, ਹਾਈ ਲਾਈਟ ਕਰਨਾ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ। ਕੁਝ ਔਰਤਾਂ ਨੂੰ ਥਾਇਰਾਇਡ ਹੋਣ ‘ਤੇ ਵੀ ਇਹ ਸਮੱਸਿਆ ਆ ਜਾਂਦੀ ਹੈ। ਲੰਬੇ ਸਮੇਂ ਲਈ ਜੇਕਰ ਸਮੱਸਿਆ ਬਣੀ ਰਹੇ ਤਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਵੋ। ਗਰਭ ਦੇ ਪੰਜ-ਛੇ ਮਹੀਨੇ ਪਿੱਛੋਂ ਵੀ ਜੇ ਵਾਲ ਝੜਨੇ ਜਾਰੀ ਰਹਿੰਦੇ ਹਨ ਤਾਂ ਮੀਨੋਕਸਿਡਲ ਸਾਲਿਊਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ 40 ਤੋਂ 60 ਫ਼ੀਸਦੀ ਔਰਤਾਂ ‘ਤੇ ਕਾਰਗਰ ਰਹਿੰਦਾ ਹੈ। ਇਸ ਤੋਂ ਇਲਾਵਾ ਹੇਅਰ ਰਿਪਲੇਸਮੈਂਟ ਸਰਜਰੀ ਵਿੱਚ ਫ਼ਿਲਹਾਲ ਸਟੈੱਮ ਸੈੱਲ ਥੈਰੇਪੀ ਅਤੇ ਪਲੇਟਲੈੱਟ ਰਿਚ ਪਲਾਜ਼ਮਾ ਤਕਨੀਕ ਕਾਫ਼ੀ ਹੈ।
ਸਾਵਧਾਨੀਆਂ
ਗਰਭ ਦੌਰਾਨ ਅਤੇ ਬਾਅਦ ਵਿੱਚ ਔਰਤਾਂ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ ਜਿਨ੍ਹਾਂ ਨਾਲ ਵਾਲ ਝੜਣ ਦੀ ਸਮੱਸਿਆ ਨੂੰ ਕਾਫ਼ੀ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ-
* ਮਾਹਿਰਾਂ ਤੋਂ ਹਾਰਮੋਨ ਬੈਲੈਂਸ ਲਈ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।
* ਜ਼ਿਆਦਾ ਤੇਲ ਦੀ ਮਾਲਿਸ਼ ਕਰਨ ਤੋਂ ਬਚਣਾ ਚਾਹੀਦਾ ਹੈ। ਵਾਰ-ਵਾਰ ਮਾਲਿਸ਼ ਕਰਨ ਨਾਲ ਵਾਲਾਂ ਦੀ ਜੜ੍ਹਾਂ ਬੰਦ ਹੋ ਜਾਂਦੀਆਂ ਹਨ।
* ਜਿੰਨਾ ਹੋ ਸਕੇ ਵਾਲਾਂ ਨੂੰ ਪੋਲਾ ਜਿਹਾ ਬੰਨੋ ਤਾਂ ਕਿ ਇਹ ਘੱਟ ਟੁੱਟਣ।
* ਛਿੱਦੀ ਕੰਘੀ ਦਾ ਇਸਤੇਮਾਲ ਕਰੋ। ਵਾਲਾਂ ਨੂੰ ਝਟਕਣ ਦੀ ਬਜਾਏ ਤਰੀਕੇ ਨਾਲ ਸੁਕਾਓ।
* ਕੈਲਸ਼ੀਅਮ, ਫੋਲਿਕ ਐਸਿਡ, ਵਿਟਾਮਿਨ ਬੀ, ਸੀ, ਈ ਦੇ ਨਾਲ ਜਿੰਕ ਅਤੇ ਆਇਰਨ ਵੀ ਜ਼ਰੂਰ ਲਵੋ।
* ਬਲੋਅਰ ਦੀ ਵਰਤੋਂ ਡਰਾਈ ਅਤੇ ਕੂਲ ‘ਤੇ ਰੱਖ ਕੇ ਕਰਨੀ ਚਾਹੀਦੀ ਹੈ।
* ਆਪਣਾ ਹੀਮੋਗਲੋਬਿਨ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਕੀ ਹੋਵੇ ਖਾਣ-ਪੀਣ?
ਵੱਧ ਫੈਟ ਵਾਲੀ ਖ਼ੁਰਾਕ ਖਾਣ ਨਾਲ ਸਰੀਰ ਵਿੱਚ ਟੇਸਟੋਸਟੀਰਾਨ ਹਾਰਮੋਨ ਵਧਦੇ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਵਾਲ ਝੜਦੇ ਹਨ। ਪ੍ਰੋਟੀਨ ਅਤੇ ਫੈਟ ਨੂੰ ਮਿਕਸ ਨਾ ਕਰੋ ਜਿਵੇਂ ਕਿ ਬਟਰ ਚਿਕਨ ਦੀ ਬਜਾਏ ਮੱਛੀ, ਲੋਅ ਫੈਟ ਚੀਜ਼, ਅੰਡੇ, ਬਦਾਮ, ਦਹੀਂ ਖਾਓ। ਇੰਜ ਹੀ ਸੋਇਆਬੀਨ ਦਾ ਦੁੱਧ ਫ਼ਾਇਦੇਮੰਦ ਰਹੇਗਾ।
ਲੋਹੇ ਦੀ ਸਰੀਰ ਵਿੱਚ ਭਰਪੂਰ ਮਾਤਰਾ ਹੋਣ ਨਾਲ ਵਾਲਾਂ ਦੀਆਂ ਜੜ੍ਹਾਂ ਵਿੱਚ ਖ਼ੂਨ ਦਾ ਦੌਰਾ ਚੰਗਾ ਰਹਿੰਦਾ ਹੈ ਜਿਸ ਨਾਲ ਉਨ੍ਹਾਂ ਦਾ ਵਿਕਾਸ ਚੰਗਾ ਰਹਿੰਦਾ ਹੈ। ਇਸ ਲਈ ਕਿਸ਼ਮਿਸ਼ ਜਾਂ ਮੁਨੱਕਾ ਅਤੇ ਚੈਰੀ ਜੂਸ ਲੈਣਾ ਫ਼ਾਇਦੇਮੰਦ ਰਹੇਗਾ। ਅੰਡਾ, ਖਜੂਰ ਅਤੇ ਹਰੀਆਂ ਸਬਜ਼ੀਆਂ ਆਇਰਨ ਦੇ ਚੰਗੇ ਸਰੋਤ ਹਨ। ਇਸ ਦੇ ਨਾਲ ਹੀ ਵਿਟਾਮਿਨ ਸੀ ਲਈ ਸੰਤਰੇ ਅਤੇ ਸਟਰਾਬੇਰੀ ਫਲਾਂ ਦੀ ਵਰਤੋਂ ਕਰਨੀ ਨਹੀਂ ਭੁੱਲਣੀ ਚਾਹੀਦੀ ਕਿਉਂਕਿ ਇਹ ਆਇਰਨ ਨੂੰ ਪਚਾਉਣ ਵਿੱਚ ਮਦਦ ਕਰਦੇ ਹਨ।
ਬੀਨਜ਼ ਦੇ ਪੁੰਗਰੇ ਹੋਏ ਦਾਣੇ, ਖੀਰੇ ਦੇ ਛਿਲਕੇ, ਲਾਲ-ਹਰੀ ਮਿਰਚ ਅਤੇ ਆਲੂ ਵਿੱਚ ਸਿਲਕਾ ਹੁੰਦਾ ਹੈ ਜੋ ਕਈ ਤਰ੍ਹਾਂ ਦੇ ਵਿਟਾਮਿਨਾਂ ਦੇ ਪਾਚਨ ਨੂੰ ਆਸਾਨ ਕਰਦਾ ਹੈ ਪਰ ਇਨ੍ਹਾਂ ਦਾ ਫ਼ਾਇਦਾ ਤੁਹਾਨੂੰ ਪੂਰੀ ਤਰ੍ਹਾਂ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਇਨ੍ਹਾਂ ਨੂੰ ਕੱਚਾ ਖਾਓਗੇ। ਇਸ ਤੋਂ ਇਲਾਵਾ ਪਾਣੀ ਕਾਫ਼ੀ ਮਾਤਰਾ ਵਿੱਚ ਪੀਓ ਤਾਂ ਕਿ ਤੁਹਾਡਾ ਸਿਸਟਮ ਸਾਫ਼ ਰਹੇ।