ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਦੀ ਸਿੱਖੀ ਨੂੰ ਸਿੱਖ ਦੁਸ਼ਮਣਾਂ ਨੇ ਹਾਈਜੈਕ ਕਰ ਲਿਆ ਹੈ


ਡਾਕਟਰ ਹਰਜਿੰਦਰ ਸਿੰਘ ਦਿਲਗੀਰ
ਅੱਜ ਜੋ ਸਿੱਖੀ ਨਜ਼ਰ ਆ ਰਹੀ ਹੈ ਉਹ ਗੁਰੂ ਨਾਨਕ ਦੀ ਸਿੱਖੀ ਨਹੀਂ; ਉਹ ਵੇਦਾਂ ਦਾ ਕਰਮ-ਕਾਂਡ ਹੈ; ਉਹ ਮਨੂ ਸਮਿ੍ਰਤੀ ਦੀ ਰਹਿੰਦ ਖੂਹੰਦ ਹੈ। ਸਿੱਖੀ ਕਰਮ ਕਾਂਡ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ ਤੇ ਇਨ੍ਹਾਂ ਬ੍ਰਾਹਮਣੀ ਹਾਈਜੈਕਰਾਂ ਨੇ ਸਿੱਖੀ ਨੂੰ ਵੈਦਿਕ ਕਰਮ-ਕਾਂਡ ਵਜੋਂ ਕਾਇਮ ਕਰ ਦਿੱਤਾ ਹੈ; ਅੱਜ ਸਿੱਖੀ ‘ਖੰਡ’-ਪਾਠ (ਅਖੰਡ ਪਾਠ) ਕਰਵਾਉਣਾ, ਰੁਮਾਲੇ ਚੜ੍ਹਾਉਣਾ, ਦਿਖਾਵੇ ਵਾਸਤੇ ਲੰਗਰ/ਛਬੀਲਾਂ ਲਾਉਣਾ, ਕੀਰਤਨ ਦਰਬਾਰ ਕਰਨਾ, ਹਊਮੈ ਨੂੰ ਪੱਠੇ ਪਾਉਣਾ ਵਾਸਤੇ ਖਾਲਸਾ ਮਾਰਚ ਕੱਢਣਾ, ਜਲਸੇ/ਜਲੂਸ/ਪ੍ਰਭਾਤ ਫੇਰੀਆਂ ਕੱਢਣਾ; ਗੁਰੂ ਗ੍ਰੰਥ ਸਾਹਿਬ ਜਾਂ ਸੁਖਮਨੀ ਸਾਹਿਬ ਦੇ ਲੱਖਾਂ ਪਾਠ ਕਰਨਾ ਬਣ ਚੁਕਾ ਹੈ। ਇਹ ਸਿੱਖੀ ਨਹੀਂ ਹੈ; ਇਹ ਕਰਮ-ਕਾਂਡ ਹੈ; ਦਿਖਾਵਾ ਹੈ ਦੰਭ ਹੈ, ਪਾਖੰਡ ਹੈ, ਬੇਮਾਅਨਾ ਹੈ। ਸਿੱਖੀ ਕਿਰਤ ਕਰਨਾ, ਵੰਡ ਛਕਣਾ, ਗ਼ਰੀਬ/ਲਾਚਾਰ/ਮਜ਼ਲੂਮ ਦੀ ਮਦਦ ਕਰਨਾ ਹੈ; ਸਿੱਖੀ ਸੱਚ ਦੇ ਰਾਹ ‘ਤੇ ਚਲਣਾ, ਸੱਚ ਬੋਲਣਾ ਤੇ ਸੱਚੇ ਦੀ ਮਦਦ ਕਰਨਾ, ਜ਼ੁਲਮ ਦੇ ਖ਼ਿਲਾਫ਼ ਜੂਝਣਾ ਹੈ। ਸਿੱਖੀ ਲੋਟੂ ਟੋਲੇ ਦਾ ਪਿਛਲੱਗ ਜਾਂ ਮਦਦਗਾਰ ਬਣਨਾ ਨਹੀਂ ਬਲਕਿ ਕਿਰਤੀ ਜਮਾਤ ਦੇ ਨਾਲ ਜੁੜਨਾ ਹੈ। ਪਰ ਅੱਜ ਜਿਸ ਨੂੰ ਸਿੱਖੀ ਕਿਹਾ ਜਾ ਰਿਹਾ ਹੈ ਉਹ ਗੁਰੂ ਨਾਨਕ ਦੀ ਨਹੀਂ ਹੈ ਬਲਕਿ ਹਾਈਜੈਕਰ ਨਿਰਮਲਿਆਂ ਤੇ ਉਦਾਸੀਆਂ ਵੱਲੋਂ ਕਾਇਮ ਕੀਤੇ ਡੇਰਿਆਂ ਦਾ ਪਾਖੰਡੀ ਕਰਮ-ਕਾਂਡ ਹੈ। ਮੈਂ ਸਿਰਫ਼ ਕੁਝ-ਕੂ ਨੁਕਤਿਆਂ ਦਾ ਜ਼ਿਕਰ ਕਰਨਾ ਚਾਹਵਾਂਗਾ: ਗੁਰੂ ਸਾਹਿਬ ਨੇ ‘ਸਚਿਆਰ’ ਦੀ ਜ਼ਿੰਦਗੀ ਜਿਊਣ (ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ) ਦਾ ਸਬਕ ਦਿਤਾ। ਹਰ ਇਨਸਾਨ ਨੂੰ ਕਿਰਤ ਕਮਾਈ ਦੀ, ਹੱਕ-ਹਲਾਲ ਦੀ, ਈਮਾਨਦਾਰੀ ਦੀ, ਕਮਾਈ ਕਰਨੀ ਚਾਹੀਦੀ ਹੈ। ਸਿੱਖੀ ਵਿਚ ਕਿਰਤ ਕਰਨਾ, ਵੰਡ ਛਕਣਾ ਦਾ ਫ਼ਲਸਫ਼ਾ ਹੈ; ਬਾਬਾ ਨਾਨਕ ਦਾ ਸਭ ਤੋਂ ਪਹਿਲਾ ਸਬਕ ਹੀ ਇਹੀ ਹੈ; ਸਿੱਖੀ ਭਾਈ ਲਾਲੋ ਦੀ ਹੈ ਮਲਕ ਭਾਗੋ ਦੀ ਨਹੀਂ। ਪਰ ਅੱਜ ਸਿੱਖੀ ਵਿਚ ਭਾਈ ਲਾਲੋ ਗੁਰਦੁਆਰੇ ਦਾ ਦਰ ਟੱਪ ਕੇ ਲੰਗਰ (ਮਲਕ ਭਾਗੋ ਸ਼ਾਇਦ ਸ਼ਾਇਦ ਇਸ ਨੂੰ ਮੁਫ਼ਤ ਰੋਟੀ ਦੀ ਖ਼ੈਰਾਤ ਹੀ ਕਹਿੰਦਾ ਹੋਵੇ) ਤਾਂ ਖਾ ਸਕਦਾ ਹੈ ਪਰ ਗੁਰਦੁਆਰੇ ਦਾ ਸੇਵਾਦਾਰ (ਪ੍ਰਬੰਧਕ) ਨਹੀਂ ਬਣ ਸਕਦਾ; ਉਹ ਕਿਸੇ ਨਿਜ਼ਾਮ ਦਾ ਹਿੱਸਾ ਨਹੀਂ ਬਣ ਸਕਦਾ।
    ਸਿੱਖ ਧਰਮ ਵਿਚੋਂ ਔਰਤ ਧਾਰਮਿਕ ਅਤੇ ਸਮਾਜਿਕ ਤੌਰ ਤੇ ਮਰਦ ਦੇ ਬਰਾਬਰ ਹੈ। ਸਿੱਖੀ ਵਿਚ ਬਰਾਬਰੀ ਦਾ ਅਸੂਲ ਸਿਰਫ਼ ਰਸਮੀ ਨਹੀਂ ਹੈ; ਇਹ ਅਮਲੀ ਤੇ ਅਸਲੀ ਹੈ। ਸਿੱਖ ਮਰਦਾਂ ਦੀ ਤਰ੍ਹਾਂ, ਇਕ ਸਿੱਖ ਔਰਤ ਵੀ ਹਰੇਕ ਕਿਸਮ ਦੀ ਧਾਰਮਿਕ ਸੇਵਾ ਕਰ ਸਕਦੀ ਹੈ। ਸਿੱਖ ਔਰਤ ਗੁਰਦੁਆਰੇ ਦੇ ਪ੍ਰਬੰਧ ਅਤੇ ਸੇਵਾ ਵਿਚ ਵੀ ਹਰੇਕ ਤਰ੍ਹਾਂ ਦੀ ਡਿਊਟੀ ਨਿਭਾ ਸਕਦੀ ਹੈ: ਉਹ ਗੁਰਦੁਆਰੇ ਦੀ ਪ੍ਰਬੰਧਕ ਬਣ ਸਕਦੀ ਹੈ, ਉਹ ਪੰਜ ਪਿਆਰਿਆਂ ਵਿੱਚ ਵੀ ਸ਼ਾਮਿਲ ਹੋ ਸਕਦੀ ਹੈ, ਪਾਠ ਕਰ ਸਕਦੀ ਹੈ, ਕੀਰਤਨ/ਕਥਾ ਕਰ ਸਕਦੀ ਹੈ। ਸਿੱਖ ਧਰਮ ਅਣਜੰਮੀ (ਜਾਂ ਜੰਮੀ) ਧੀ ਨੂੰ ਮਾਰਨ, ਸਤੀ, ਤਲਾਕ, ਦਾਜ, ਪਰਦਾ ਵਗ਼ੈਰਾ ਰਸਮਾਂ ਨੂੰ ਰੱਦ ਕਰਦਾ ਹੈ। ਸਿੱਖ ਧਰਮ ਮੁਤਾਬਿਕ ਔਰਤਾਂ ਰਾਜਿਆਂ ਅਤੇ ਗੁਰੂ ਸਾਹਿਬਾਨ ਦੀਆਂ ਮਾਤਾਵਾਂ ਹਨ ਅਤੇ ਇਕ ਔਰਤ (ਮਾਤਾ) ਤੋਂ ਬਿਨਾਂ ਕੋਈ ਵੀ ਇਨਸਾਨ ਜਨਮ ਨਹੀਂ ਲੈ ਸਕਦਾ, ਇਸ ਲਈ ਉਹ (ਔਰਤ) ਮਾੜੀ/ਨੀਂਵੀਂ ਕਿਵੇਂ ਹੋ ਸਕਦੀ ਹੈ। ਰੱਬ ਦੀ ਕਿਸੇ ਵੀ ਰਚਨਾ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ। ਗੁਰੂ ਨਾਨਕ ਸਾਹਿਬ ਔਰਤ ਨੂੰ ਮਰਦ ਤੋਂ ਨੀਵਾਂ ਦਰਜਾ ਦੇਣ ਨੂੰ ਵੀ ਗ਼ੈਰ-ਰੂਹਾਨੀ ਸੋਚ ਆਖਦੇ ਹਨ: “ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥” (ਗੁਰੂ ਗਰੰਥ ਸਾਹਿਬ, ਸਫ਼ਾ 473)
ਇਸ ਤਰ੍ਹਾਂ ਸਿੱਖ ਧਰਮ ਵਿਚ ਔਰਤ ਦਾ, ਦੂਜੇ ਧਰਮਾਂ ਦੇ ਮੁਕਾਬਲੇ ਵਿਚ, ਜ਼ਿਆਦਾ ਸਨਮਾਨ ਕੀਤਾ ਜਾਂਦਾ ਹੈ। ਤਵਾਰੀਖ਼ੀ ਪੱਖੋਂ ਵੀ, ਸਿੱਖ ਔਰਤਾਂ ਨੇ ਕਈ ਮੁਸ਼ਕਿਲ ਵਾਲੇ ਮੌਕਿਆਂ ’ਤੇ ਜੰਗ ਦੇ ਮੈਦਾਨ ਤੋਂ ਹਕੂਮਤ ਤਕ, ਆਗੂ ਤੋਂ ਸ਼ਹੀਦੀ ਤਕ, ਪੜ੍ਹਾਉਣ ਤੋਂ ਲੈ ਕੇ ਮਿਸ਼ਨਰੀ ਸੇਵਾ ਤਕ ਵਿਚ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਪਰ ਸਿੱਖ ਜਮਾਤਾਂ, ਜਥੇਬੰਦੀਆਂ, ਅਦਾਰਿਆਂ, ਗੁਰਦੁਆਰਿਆਂ ‘ਤੇ ਕਾਬਜ਼ ਚੌਧਰੀ, ਜਿਨ੍ਹਾਂ ਵਿਚੋਂ ਬਹੁਤੇ ਸਿੱਖੀ ਨੂੰ ਹਾਈਜੈਕ ਕਰਨ ਵਾਲੇ ਡੇਰਿਆਂ ਦੀ ਪਕੜ ਵਿਚ ਹਨ, ਤਾਂ ਔਰਤ ਨਾਲ ਤੁਲਸੀ ਦਾਸ ਦੀ ਸੋਚ ਵਾਂਗ ਹੀ ਵਰਤਾਰਾ ਕਰਦੇ ਹਨ। ਉਸ ਨੂੰ ਮਰਦ ਦੀ ਗ਼ੁਲਾਮ/ਜੁੱਤੀ/ਜੂਠੀ/ਸੂਤਕ ਵਾਲੀ ਸਮਝਦੇ ਹਨ; ਉਹ ਕੀਰਤਨ ਨਹੀਂ ਕਰ ਸਕਦੀ; ਉਹ ਗੁਰਦੁਆਰੇ ਵਿਚ ਸੇਵਾ ਨਹੀਂ ਕਰ ਸਕਦੀ; ਉਹ ਪਾਹੁਲ ਨਹੀਂ ਦੇ ਸਕਦੀ। ਪਰ ਇਹ ਚੌਧਰੀ ਕਿਉਂ ਨਹੀਂ ਕਰਦੇ ਕਿ ਕੋਈ ਜਾਦੂ/ਮੰਤਰ ਵਰਤ ਕੇ ਉਸ ਨੂੰ ਮਰਦ ਜੰਮਣ ਤੋਂ ਹੀ ਰੋਕ ਲੈਣ! ਇਹ ਵੀ ਜਾਪਦੈ ਕਿ ਸਿੱਖ ਔਰਤਾਂ ਵਿਚ ਵੀ ਸ਼ਹੀਦ ਬੀਬੀ ਸੁਭਿੱਖਾਂ, ਮਾਈ ਭਾਗੋ, ਮਾਈ ਕਿਸ਼ਨ ਕੌਰ, ਗ਼ਦਰੀ ਗੁਲਾਬ ਕੌਰ ਜੰਮਣੋਂ ਹਟ ਗਈਆਂ ਹਨ ਨਹੀਂ ਤਾਂ ਇਸ ਜ਼ੁਲਮ ਦੇ ਖ਼ਿਲਾਫ਼ ਉਠ ਖੜੋਂਦੀਆਂ ਅਤੇ ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਪਈਆਂ ਜੰਜ਼ੀਰਾਂ ਤੋੜ ਸਕਦੀਆਂ।
    ਬਾਬਾ ਨਾਨਕ ਨੇ ਦਸਿਆ ਕਿ ਅਕਾਲ ਪੁਰਖ ਹਰ ਇਨਸਾਨ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ। ਉਸ ਦੀ ਨਿਗਹ ਵਿਚ ਕੋਈ ‘ਛੋਟਾ’ ਜਾ ‘ਵੱਡਾ’ ਨਹੀਂ ਹੈ। ਉਸ ਵਾਸਤੇ ਕੋਈ ‘ਚੁਣੇ ਹੋਏ’ ਜਾਂ ‘ਰੱਦ ਕੀਤੇ ਹੋਏ’ ਲੋਕ ਨਹੀਂ ਸਨ। ਰੱਬ ਸਾਰਿਆਂ ’ਤੇ ਇੱਕੋ ਜਿਹੀ ਨਦਰ ਰਖਦਾ ਹੈ। ਉਸ ਦੀ ਕਿਰਪਾ, ਮਿਹਰ, ਬਖ਼ਸ਼ੀਸ਼, ਉਸ ਦਾ ਪ੍ਰਸਾਦਿ ਹਰ ਇਕ ਵਾਸਤੇ ਇੱਕੋ ਜਿਹਾ ਹੈ। ਉਸ ਦਾ ਇਨਸਾਫ਼ ਹਰ ਇਕ ਵਾਸਤੇ ਇੱਕੋ ਜਿਹਾ ਹੈ। ਪਰ ਜਿਨ੍ਹਾਂ ਕੋਲ ਦਇਆ, ਪਿਆਰ, ਨੇਕੀ, ਇਨਸਾਨੀਅਤ ਨਹੀਂ ਹੁੰਦੀ ਤੇ ਜੋ ਲੋਕ ਨਫ਼ਰਤ ਵੰਡਦੇ ਹਨ ਉਹ ਰੱਬ ਦੀ ਬਖ਼ਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਨ। ਪਰ, ਅਜਿਹੇ ਸ਼ਖ਼ਸ ਵੀ, ਮੁੜ ਰੱਬ ਦੇ ਰਸਤੇ ’ਤੇ ਚਲ ਕੇ, ਉਸ ਦੀ ਬਖ਼ਸ਼ਿਸ਼ ਹਾਸਿਲ ਕਰ ਸਕਦੇ ਹਨ। ਦੁਨੀਆਂ ਵਿਚ ਜੋ ਕੁਝ ਵੀ ਵਾਪਰ ਰਿਹਾ ਹੈ ਸਭ ਉਸ ਦੇ ਹੁਕਮ, ਉਸ ਦੀ ਰਜ਼ਾ ਤੇ ਉਸ ਦੇ ਭਾਣੇ ਵਿਚ ਹੈ। ਇਨਸਾਨ ਨੂੰ ਰੱਬ ਦੇ ਭਾਣੇ ਵਿਚ ਰਹਿਣਾ ਚਾਹੀਦਾ ਹੈ। ਉਸ (ਵਾਹਿਗੁਰੂ) ਨੂੰ ਪਤਾ ਹੈ ਕਿ ਉਸ ਨੇ ਕਿਸ ਨੂੰ ਕੀਹ, ਕਿਉਂ, ਕਿੰਨਾ, ਕਦੋਂ ਤੇ ਕਿਵੇਂ ਦੇਣਾ ਹੈ। ਰੱਬ ਨਾਲ ਸ਼ਿਕਵਾ-ਸ਼ਿਕਾਇਤ ਕਰਨਾ ਉਸ ਦਾ ਭਾਣਾ ਨਾ ਮੰਨਣਾ ਹੈ।
ਇੰਞ ਹੀ ਬਾਬਾ ਨਾਨਕ ਨੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਅਤੇ ‘ਏਸ ਨੂਰ ਤੇ ਸਭ ਜਗ ਉਪਜਿਆ’ ਦਾ ਫ਼ਲਸਫ਼ਾ ਪਰਚਾਰਿਆ ਸੀ। ਸਿੱਖੀ ਵਿਚ ਅਖੌਤੀ ਜ਼ਾਤ-ਪਾਤ ਨਹੀਂ ਹੈ। ਸੱਚ ਤਾਂ ਇਹ ਹੈ ਕਿ ਹਰ ਬੰਦੇ ਦੀ ਜ਼ਾਤ ਰੱਬ ਹੈ; ਜਦ ਪੈਦਾ ਕਰਨ ਵਾਲਾ ਇਕ ਹੈ ਤਾਂ ਕਿਸੇ ਦੀ ਜ਼ਾਤ ਵਖ ਕਿਵੇਂ ਹੋ ਸਕਦੀ ਹੈ!
ਉਨ੍ਹਾਂ ਆਖਿਆ ਕਿ ਹਰ ਇਨਸਾਨ ਵਿਚ ਅਕਾਲ ਪੁਰਖ ਦੀ ਜੋਤਿ ਹੈ, ਅਸੀਂ ਸਾਰੇ ਉਸ ਦੇ ਬੱਚੇ ਹਾਂ ‘ਏਕ ਨੂਰ ਤੇ ਸਭ ਜਗ ਉਪਜਿਆ’ ਅਤੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦਾ ਫ਼ਲਸਫ਼ਾ ਪਰਚਾਰਿਆ ਸੀ।  ਇੰਞ ਅਸੀਂ ਸਾਰੇ ਇਕ ਦੂਜੇ ਦੇ ਭੈਣ-ਭਰਾ ਹਾਂ। ਅਕਾਲ ਪੁਰਖ ਨੂੰ ਸਭ ਦਾ ਪਿਤਾ ਮੰਨਣ ਵਾਲਾ ਸ਼ਖ਼ਸ ਕਿਸੇ ਵੀ ਇਨਸਾਨ ਨਾਲ ਨਫ਼ਰਤ, ਵਿਤਕਰਾ ਜਾਂ ਵਖਰੇਵਾਂ ਨਹੀਂ ਕਰ ਸਕਦਾ। ਹਰ ਇਨਸਾਨ ਵਿਚ ਅਕਾਲ ਪੁਰਖ ਦੀ ਜੋਤਿ ਹੈ ਤੇ ਕਿਸੇ ਵੀ ਇਨਸਾਨ ਨਾਲ ਨਫ਼ਰਤ ਕਰਨ ਵਾਲਾ ਅਕਾਲ ਪੁਰਖ (ਦੀ ਜੋਤਿ ਦੇ ਉਸ ਹਿੱਸੇ) ਨਾਲ ਨਫ਼ਰਤ ਕਰਦਾ ਹੈ। ਅਜਿਹਾ ਸ਼ਖ਼ਸ ਰੂਹਾਨੀਅਤ ਤੋਂ ਕੋਰਾ ਹੈ, ਅਕਾਲ ਪੁਰਖ ਦੇ ਫ਼ਲਸਫ਼ੇ ਤੋਂ ਅਣਜਾਣ ਹੈ ਜਾਂ ਦੰਭੀ ਤੇ ਪਾਖੰਡੀ ਹੈ ।
    ਅੱਜ-ਕਲ੍ਹ ਡੇਰੇਦਾਰਾਂ (ਅਖੌਤੀ ਸੰਪਰਦਾਵਾਂ) ਦੇ ਸਿੱਖ, ਗੁਰੂ ਸਾਹਿਬ ਦੇ ਇਸ ਹੁਕਮ ਦੀ ਪਾਲਣਾ ਨਹੀਂ ਕਰਦੇ; ਇਸ ਕਰ ਕੇ ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿ ਉਹ ਸਿੱਖ ਅਖਵਾਉਣ। ਬ੍ਰਾਹਮਣੀ ਸਮਾਜ ਵਿਚ ਜ਼ਾਤ ਜਾਂ ਜਨਮ ਵਾਲਾ ਪਰਿਵਾਰ ਇਸ ਦੇ ਢਾਂਚੇ ਦਾ ਅਹਿਮ ਧੁਰਾ ਹਨ। ਇਸ ਢਾਂਚੇ ਵਿਚ ਬ੍ਰਾਹਮਣ ਆਪਣੇ ਆਪ ਨੂੰ ਹਿੰਦੂ ਸਮਾਜ ਵਿਚ ਸਭ ਤੋਂ ਉੱਚਾ ਮੰਨਦਾ ਹੈ ਤੇ ਅਖੌਤੀ ਦਲਿਤ (ਜਿਨ੍ਹਾਂ ਨੂੰ ਬ੍ਰਾਹਮਣ ਤੇ ਜੱਟ ਲੋਕ ਅਛੂਤ ਹੀ ਨਹੀਂ ਬਲਕਿ ਜੁਲਾਹੇ, ਚਮਾਰ ਤੇ ਚੂੜ੍ਹੇ ਵਗ਼ੈਰਾ ਕਹਿੰਦੇ ਹਨ) ਨੂੰ ਸਾਰੇ ਇਨਸਾਨਾਂ ਨਾਲੋਂ ਨੀਵੇਂ ਗਰਦਾਨਦਾ ਹੈ। ਸਿੱਖ ਧਰਮ ਵਿਚ ਕਿਸੇ ਨਾਲ ਉਸ ਦੇ ਜਨਮ ਵਾਲੇ ਪਰਿਵਾਰ ਦੇ ਦਰਜੇ ਦੇ ਨਾਂ ’ਤੇ ਵਿਤਕਰਾ ਕਰਨਾ ਸਖ਼ਤ ਮਨ੍ਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਿੱਖ ਫ਼ਲਸਫ਼ਾ ਵੱਖ-ਵੱਖ ਬਿਰਾਦਰੀਆਂ ਦੇ ਜਿਊਣ ਢੰਗ ਦੇ ਵਖਰੇਵੇਂ ਤੋਂ ਇਨਕਾਰੀ ਹੈ ਜਾਂ ਜਨਮ ਦੇਣ ਵਾਲੇ ਪਰਿਵਾਰ ਦੇ ਜੀਵਨ-ਜਾਚ, ਸੁਭਾਅ ਤੇ ਉਸ ਦੇ ਜੀਆਂ ਦੀਆਂ ਖ਼ਾਸੀਅਤਾਂ ਨੂੰ ਨਹੀਂ ਮੰਨਦਾ। ਇੰਞ ਹੀ ਸਿਰਫ਼ ਆਪਣੀ ਬਰਾਦਰੀ ਵਿਚ ਜਾਂ ਆਪਣੀ ਜੀਵਨ ਜਾਚ ਵਾਲੇ ਵਿਆਹ ਕਰਵਾਉਣਾ ਨੂੰ ਵੀ ਸਿੱਖ ਧਰਮ ਗ਼ਲਤ ਨਹੀਂ ਕਹਿੰਦਾ। ਸਿੱਖ ਫ਼ਲਸਫ਼ਾ ਤਾਂ ਜਨਮ ਵਾਲੇ ਪਰਵਾਰ ਜਾਂ ਜ਼ਾਤ-ਵਰਣ ਦੇ ਨਾਂ ’ਤੇ ਉਸ ਨੂੰ ਨੀਵਾਂ ਸਮਝਣ, ਨਫ਼ਰਤ ਕਰਨ ਜਾਂ ਉਸ ਨਾਲ ਵਿਤਕਰਾ ਕਰਨ ਨੂੰ ਰੱਦ ਕਰਦਾ ਹੈ ਕਿਉਂਕਿ ਸਾਰੇ ਇਨਸਾਨ ਰੱਬ ਦੇ ਬਣਾਏ ਹੋਏ ਹਨ ਤੇ ਉਸ ਦਾ ਹੀ ਰੂਪ ਹਨ। ਕਿਸੇ ਇਨਸਾਨ ਨੂੰ ਮਾੜਾ ਜਾਣਨਾ ਰੱਬ ਦੀ ਹਸਤੀ ’ਤੇ ਸ਼ੱਕ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਹੀ ਹਵਾਲੇ ਹਨ ਜੋ ਹਿੰਦੂ ਸਮਾਜ ਦੀ ਅਖੌਤੀ ਜ਼ਾਤ-ਪਾਤ ਨੂੰ ਰੱਦ ਕਰਦੇ ਹਨ। ਸਿੱਖੀ ਮੁਤਾਬਿਕ ਨੀਵੀਂ ਜ਼ਾਤ ਤਾਂ ਉਸ ਦੀ ਹੈ ਜੋ ਰੱਬ ਨੂੰ ਯਾਦ ਨਹੀਂ ਕਰਦਾ/ਰੱਖਦਾ ਜਾਂ ਜਿਸ ਦੀ ਸੋਚਣੀ ਜਾਂ ਕਰਤੂਤਾਂ ਮਾੜੀਆਂ ਹਨ। ਗੁਰੂ ਸਾਹਿਬ ਤਾਂ ਖ਼ੁਦ ਆਪਣੇ ਆਪ ਨੂੰ ਅਖੌਤੀ ’ਨੀਵੀਂ ਜ਼ਾਤ’ ਦਾ ਆਖਦੇ ਹਨ:
    ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥ ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮ੍ਾਰਾ॥ (ਗੁਰੂ ਗਰੰਥ ਸਾਹਿਬ, ਸਫ਼ਾ 1127-28)
    ਸ਼ਰਮ ਦੀ ਗੱਲ ਤਾਂ ਇਹ ਹੈ ਕਿ ਸਿੱਖੀ ਦੇ ਹਾਈਜੈਕਰ ਸਾਧ, ਡੇਰੇਦਾਰ ਤੇ ਅਖੌਤੀ ਸੰਪਰਦਾਵਾਂ ਵਾਲੇ ਤਾਂ ਏਥੋਂ ਤਕ ਵਿਤਕਰਾ ਕਰਦੇ ਹਨ ਕਿ ਅਖੌਤੀ ਦਲਿਤਾਂ ਨੂੰ ‘ਚੌਥਾ ਪੌੜਾ’ ਕਹਿ ਕੇ ਖੰਡੇ ਦੀ ਪਾਹੁਲ (ਅੰਮਿ੍ਰਤ) ਨੂੰ ਵੀ ਵਖਰਿਆ ਦੇਂਦੇ ਹਨ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ‘ਤੇ ਇਸ ਤੋਂ ਵੱਡਾ ਹਮਲਾ ਹੋਰ ਕੀ ਹੋ ਸਕਦਾ ਹੈ; ਗੁਰੂ ਨੂੰ ਇਸ ਤੋਂ ਵੱਡੀ ਗਾਲ੍ਹ ਹੋਰ ਕੀ ਕੱਢੀ ਜਾ ਸਕਦੀ ਹੈ (ਉਂਞ ਉਹ ਵੀ ਮੂਰਖ ਹਨ ਜੋ ਇਨ੍ਹਾਂ ਵਿਤਕਰਾ ਕਰਨ ਵਾਲਿਆਂ ਤੋਂ ਪਾਹੁਲ ਲੈਣ ਜਾਂਦੇ ਹਨ)। ਗੁਰੂ ਗੋਬਿੰਦ ਸਿੰਘ ਵੇਲੇ ਸਿਰ ਦੇਣ ਵਾਸਤੇ ਉਠਣ ਵਾਲਿਆਂ ਵਿਚੋਂ ਤਿੰਨ ਤਾਂ ਅਖੌਤੀ ਦਲਿਤ ਸਨ (ਹਾਲਾਂ ਕਿ ਚੌਥਾ ਜਾਟ/ਜੱਟ ਵੀ ਦਲਿਤ ਸੀ; ਉਨ੍ਹਾਂ ਨੂੰ ਵੀ ਉਦੋਂ ਤਕ ਦਲਿਤ ਕਹਿੰਦੇ ਰਹੇ ਸਨ ਜਦ ਤਕ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੂੰ ਜ਼ਮੀਨਾਂ ਦੇ ਮਾਲਕ ਨਹੀਂ ਬਣਾ ਦਿੱਤਾ)। ਫਿਰ 6 ਦਸੰਬਰ 1705 ਦੇ ਦਿਨ 100 ਸਿੱਖਾਂ ਦਾ ਸ਼ਹੀਦੀ ਜੱਥਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜਾਨ ਬਚਾਉਣ ਵਾਸਤੇ ਸਰਸਾ ਨਦੀ ‘ਤੇ ਦੁਸ਼ਮਣ ਫ਼ੌਜਾਂ ਨੂੰ ਰੋਕਣ ਵਾਸਤੇ ਤਾਈਨਾਤ ਕੀਤਾ ਗਿਆ ਸੀ ਤਾਂ ਉਸ ਜੱਥੇ ਦਾ ਮੁਖੀ ਭਾਈ ਜੀਵਨ ਸਿੰਘ ਸੀ (ਇਹ ਉਹੀ ਜੈਤਾ ਸੀ ਜਿਸ ਨੇ 1675 ਵਿਚ ਗੁਰੂ ਤੇਗ਼ ਬਹਾਦਰ ਦਾ ਸਿਰ ਚਾਂਦਨੀ ਚੌਕ ਤੋਂ ਚੁਕ ਕੇ ਲਿਆਂਦਾ ਸੀ ਤਾਂ ਜੋ ਉਸ ਸਿਰ ਦੀ ਬੇਅਦਬੀ ਨਾ ਹੋਵੇ)। ਫਿਰ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਣ ਵਾਲੇ 40 ਮਕਤਿਆਂ ਵਿਚ ਚਾਰ ਅਖੌਤੀ ਦਲਿਤ ਸਨ: ਸ਼ੇਰ ਸਿੰਘ, ਨਾਹਰ ਸਿੰਘ, ਮਦਨ ਸਿੰਘ, ਕਾਠਾ ਸਿੰਘ (ਕੁਝ ਗ਼ਲਤੀ ਨਾਲ ਸੰਗਤ ਸਿੰਘ ਨੂੰ ਵੀ ਪੰਜਵਾਂ ਦਲਿਤ ਲਿਖ ਦੇਂਦੇ ਹਨ)।
    ਕੁਝ ਸਾਲ ਪਹਿਲਾਂ, 2003 ਵਿਚ ਤਲ੍ਹਣ ਗੁਰਦੁਆਰੇ ਦਾ ਮਸਲਾ ਸਾਹਮਣੇ ਆਇਆ ਸੀ। ਤੱਲ੍ਹਣ ਦੇ ਗੁਰਦੁਆਰੇ ਦਾ ਝਗੜਾ ਕੋਈ ਇਸ ਤਰ੍ਹਾਂ ਦਾ ਪਹਿਲਾ ਮਸਲਾ ਨਹੀਂ ਸੀ; ਅਖੌਤੀ ਦਲਿਤਾਂ ਜਾ ਹੋਰ ਬਰਦਾਰੀਆਂ ਨਾਲ ਪਹਿਲਾਂ ਵੀ ਅਜਿਹੇ ਧੱਕੇ ਹੁੰਦੇ ਰਹੇ ਸਨ; ਪਰ ਉਹ ਮੀਡੀਆ ਵਿਚ ਆ ਗਿਆ। ਸਾਰੇ ਗੁਰਦੁਆਰੇ ਪੰਥ ਦੇ ਸਾਂਝੇ ਹਨ। ਇਸ ’ਤੇ ਕਿਸੇ ਇਲਾਕੇ, ਖ਼ਾਨਦਾਨ, ਬਿਰਾਦਰੀ ਦੇ ਲੋਕਾਂ ਦਾ ਖ਼ਾਸ ਜਾਂ ਵਖਰਾ ਕੋਈ ਹੱਕ ਨਹੀਂ ਹੈ। ਕਈ ਸੱਜਣਾਂ ਵਾਸਤੇ ਤਾਂ ਇਹ ਗੱਲ ਵੀ ਹੈਰਾਨਕੁੰਨ ਹੋਵੇਗੀ ਕਿ ਬਹੁਤ ਸਾਰੇ ਤਵਾਰੀਖ਼ੀ ਗੁਰਦੁਆਰੇ, ਦਰਅਸਲ, ਕਿਸੇ ਇਕ-ਇਕ ਸਿੱਖ ਦਾ ਘਰ ਸਨ ਜਿੱਥੇ ਗੁਰੂ ਸਾਹਿਬ ਠਹਿਰੇ ਸਨ ਅਤੇ ਸਦੀਆਂ ਮਗਰੋਂ ਉਹ ਥਾਂ ਘਰ ਤੋਂ ਗੁਰਦੁਆਰਾ ਬਣ ਗਿਆ। ਇਸ ਦੀ ਸਭ ਤੋਂ ਵੱਡੀ ਮਿਸਾਲ ਹਨ: ਗੁਰਦੁਆਰਾ ਰਕਾਬ ਗੰਜ (ਭਾਈ ਲੱਖੀ ਰਾਏ ਵਣਜਾਰਾ ਦਾ ਘਰ), ਗੁਰਦੁਆਰਾ ਬੰਗਲਾ ਸਾਹਿਬ (ਰਾਜਾ ਜੈ ਸਿੰਹ ਤੇ ਰਾਮ ਸਿੰਹ ਮਿਰਜ਼ਾ ਦਾ ਘਰ), ਗੁਰਦੁਆਰਾ ਬੇਰ ਸਾਹਿਬ (ਸਿਆਲਕੋਟ ਵਿਚ ਭਾਈ ਮੂਲੇ ਦਾ ਘਰ), ਗੁਰਦੁਆਰਾ ਧਮਤਾਨ ਸਾਹਿਬ (ਭਾਈ ਦੱਗੋ ਦਾ ਘਰ), ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ (ਭਾਈ ਡੱਲੇ ਦਾ ਘਰ), ਗੁਰਦੁਆਰਾ ਭਾਈ ਲਾਲੋ ਏਮਨਾਬਾਦ (ਭਾਈ ਲਾਲੋ ਦਾ ਘਰ) ਤੇ ਸੈਂਕੜੇ ਹੋਰ। ਇਨ੍ਹਾਂ ਵਿਚੋਂ ਤਾਂ ਕਈ ਗੁਰਦੁਆਰੇ ਅਜਿਹੇ ਘਰਾਂ ਦੀ ਜ਼ਮੀਨ ’ਤੇ ਬਣੇ ਹੋਏ ਹਨ ਜਿਹੜੀ ਅੱਜ ਕਰੋੜਾਂ ਨਹੀਂ ਅਰਬਾਂ ਰੁਪਿਆ ਦੀ ਹੋਣੀ ਹੈ। ਪਰ ਕਿਸੇ ਵੀ ਅਜਿਹੇ ਸਿੱਖ ਦੇ, ਕਿਸੇ ਵੀ ਵਾਰਿਸ ਨੇ, ਕਦੇ ਵੀ ਇਹ ਨਹੀਂ ਕਿਹਾ ਕਿ ਉਸ ਨੂੰ ਮੁਆਵਜ਼ਾ ਦਿਤਾ ਜਾਵੇ ਜਾਂ ਉਸ ਦੇ ਪਰਿਵਾਰ ਨੂੰ ਗੁਰਦੁਆਰੇ ਦੀ ਪਰਧਾਨਗੀ/ਚੌਧਰ ਦਿਤੀ ਜਾਵੇ ਤੇ ਨਾ ਹੀ ਕਿਸੇ ਨੇ ਇਹ ਕਿਹਾ ਕਿ ਸਿਰਫ਼ ਉਸ ਦੀ ਬਿਰਾਦਰੀ ਦੇ ਲੋਕ ਹੀ ਉਸ ਗੁਰਦੁਆਰੇ ਦੀ ਕਮੇਟੀ ਦੇ ਮੈਂਬਰ ਬਣ ਸਕਦੇ ਹਨ। ਤਲ੍ਹੱਣ ਦੇ ਗੁਰਦੁਆਰੇ ਦਾ ਮਸਲਾ, ਮੇਰੀ ਨਿਗਾਹ ਵਿਚ ਸਿਰਫ਼ ਦਲਿਤਾਂ ਨੂੰ ਗੁਰਦੁਆਰੇ ਦੇ ਇੰਤਜ਼ਾਮ ਵਿਚ ਹਿੱਸਾ ਲੈਣ ਤੋਂ ਵਾਂਝਿਆਂ ਰਖਣਾ ਨਹੀਂ ਹੈ। ਇਹ ਤਾਂ ਕਿਸੇ ਵੱਡੀ ਸਾਜਿਸ਼ ਦਾ ਨਤੀਜਾ ਸੀ ਜੋ ਅੱਜ ਜ਼ਾਹਿਰ ਹੋ ਰਹੀ, ਜਿਸ ਦਾ ਮਕਸਦ ਸੀ ਕਿ ਸਿੱਖਾਂ ਵਿਚ ਫੁੱਟ ਪਾਈ ਜਾਏ, ਸਿੱਖਾਂ ਵਿਚ ਦਲਿਤ/ਜੱਟ/ਤਰਖਾਣ/ਭਾਪਾ ਵਗ਼ੈਰਾ ਦੇ ਫ਼ਰਕ ਖੜ੍ਹੇ ਕੀਤੇ ਜਾਣ। ਸਿੱਖ ਤਵਾਰੀਖ਼ ਗਵਾਹ ਹੈ ਕਿ ਜਦ ਛੇਵੇਂ ਪਾਤਿਸ਼ਾਹ ਨੇ ਡੇਹਰਾ ਸਾਹਿਬ ਲਾਹੌਰ ਦਾ ਸੇਵਾਦਾਰ ਲਾਉਣਾ ਸੀ ਤਾਂ ਉਨ੍ਹਾਂ ਨੇ ਇਹ ਸੇਵਾ ਕਿਸੇ ‘ਅਖੌਤੀ ਛੋਟੀ ਜ਼ਾਤ’ ਵਾਲੇ ਨੂੰ ਸੌਪੀ ਸੀ। ਇੰਞ ਹੀ ਪੰਜੋਖੜਾ ਸਾਹਿਬ ਵਿਚ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਵੱਲੋਂ ਬ੍ਰਾਹਮਣ ਦਾ ਮਾਣ ਤੋੜਨ ਦੀ ਸੇਵਾ ਇਕ ‘ਝਿਊਰ’ ਨੂੰ ਬਖ਼ਸ਼ੀ ਗਈ ਸੀ। ਸਿੱਖਾਂ ਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਉੱਨੀਵੀਂ ਸਦੀ ਦੇ ਮਹਾਨ ਦੋ ਚਾਰ ਸਿੱਖ ਵਿਦਵਾਨਾਂ ਵਿਚੋਂ ਸਭ ਤੋਂ ਅਹਿਮ ਲੇਖਕ ਗਿਆਨੀ ਦਿੱਤ ਸਿੰਘ ਜੀ ਅਖੌਤੀ ਦਲਿਤ ਪਰਿਵਾਰ ਵਿੱਚੋਂ ਸਨ। ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਸਿੱਖ ਧਰਮ ਦਾ ਸਭ ਤੋਂ ਵਧ ਪਰਚਾਰ ਕਰਨ ਵਾਲਿਆਂ ਵਿਚ ਭਾਈ ਲਖਬੀਰ ਸਿੰਘ (ਖਾਲਸਾ ਬਿਰਾਦਰੀ ਕਾਰਜ ਸਾਧਕ ਦਲ ਵਾਲੇ) ਵੀ ਇਨ੍ਹਾਂ ਵੀਰਾਂ ਵਿਚੋਂ ਸਨ। ਨਾਨਕਾਣਾ ਸਾਹਿਬ, ਗੁਰੂ ਦਾ ਬਾਗ, ਜੈਤੋ, ਭਾਈ ਫੇਰੂ ਮੋਰਚਿਆਂ ਵਿਚ ਸ਼ਹੀਦੀਆਂ ਪਾਉਣ ਵਾਲਿਆਂ ਵਿਚੋਂ ਕਿੰਨੇ ਹੀ ਦਲਿਤ ਸਨ। 1978 ਤੋਂ ਮਗਰੋਂ ਖਾੜਕੂ ਲਹਿਰ ਦੌਰਾਨ ਸ਼ਹੀਦੀਆਂ ਹਾਸਿਲ ਕਰਨ ਵਾਲਿਆਂ ਵਿਚੋਂ ਜੇ ਹਜ਼ਾਰਾਂ ਨਹੀਂ ਤਾਂ ਸੈਂਕੜੇ ਦਲਿਤ ਜ਼ਰੂਰ ਸਨ। ਇਨ੍ਹਾਂ ਸ਼ਹੀਦਾਂ ਮੁਰੀਦਾਂ ਨੂੰ ਕੌਮ ਦੀ ਸੇਵਾ ਕਰਨ ਵੇਲੇ ਕਿਸੇ ਨੇ ਕਦੇ ਇਹ ਨਹੀਂ ਕਿਹਾ ਸੀ ਕਿ ਤੁਸੀਂ ਦਲਿਤ ਪਰਿਵਾਰਾਂ ਵਿਚ ਜਨਮ ਲਿਆ ਹੈ ਇਸ ਕਰ ਕੇ ਤੁਸੀਂ ਸ਼ਹੀਦ ਨਹੀਂ ਹੋ ਸਕਦੇ।
    ਪਿੱਛੇ ਜਿਹੇ ਤਰਨਤਾਰਨ ਵਿਚ 25 ਦਲਿਤ ਸਿੱਖਾਂ ਵੱਲੋਂ ਈਸਾਈ ਬਣਨਾ ਵੀ ਕੋਈ ਨਵੀ ਗੱਲ ਨਹੀਂ। ਮਾਲਵੇ ਵਿਚ ਅੱਧੇ ਤੋਂ ਵਧ ਦਲਿਤ ਸਿੱਖ ਧਰਮ ਛੱਡ ਕੇ ਸਰਸੇ ਵਾਲੇ ਦਾ ਧਰਮ ਅਖ਼ਤਿਆਰ ਕਰ ਚੁਕੇ ਹਨ; ਰਾਧਾ ਸੁਆਮੀ ਧਰਮ ਵਿਚ ਸ਼ਾਮਿਲ ਪੰਜਾਬੀਆਂ ਵਿਚੋਂ ਵੀ ਬਹੁਤੇ ਦਲਿਤ ਹਨ; ਬਟਾਲਾ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਹਜ਼ਾਰਾਂ ਦਲਿਤ ਈਸਾਈ ਬਣ ਚੁਕੇ ਹਨ। ਇਸ ਦੇ ਕਸੂਰਵਾਰ ਈਸਾਈ ਨਹੀਂ ਹਨ ਬਲਕਿ ਸਿੱਖ ਚੌਧਰੀ ਆਪ ਹਨ। ਸਿੱਖ ਚੌਧਰੀਓ ਤੁਸੀਂ ਗੁਰੂ ਨਾਨਕ ਦੇ ਨਾਮ ਲੇਵਾ ਸਿੱਖਾਂ ਨੂੰ ਗੁਰੂ ਨਾਨਕ ਦੇ ਘਰ ਵਿਚੋਂ ਬਾਹਰ ਅਤੇ ਡੇਰਿਆਂ ਤੇ ਦੂਜੇ ਧਰਮਾਂ ਵੱਲ ਧੱਕ ਰਹੇ ਹੋ। ਕਿੰਨੀ ਸ਼ਰਮ ਦੀ ਗੱਲ ਹੈ ਕਿ ਪਿੰਡਾਂ ਵਿਚ ਦਲਿਤਾਂ ਵਾਸਤੇ ਵਖਰੇ ਗੁਰਦੁਆਰੇ ਤੇ ਸ਼ਮਸ਼ਾਨ ਹੋਣ। ਇਹ ਕਿਹੜੀ ਸਿੱਖੀ ਹੈ? ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਕਮੇਟੀਆਂ ਤੇ ਤਕਰੀਬਨ ਸਾਰੇ ਹੀ ਗੁਰਦੁਆਰਿਆਂ ਦੀ ਕਾਰਗੁਜ਼ਾਰੀ ਵਿਚ ਗੁਰੁ ਨਾਨਕ ਹਾਜ਼ਰ ਨਹੀਂ ਹੈ। ਇਹ ਅਦਾਰੇ ਗੁਰੂ ਨਾਨਕ ਦੀ ਸਿੱਖੀ ਦਾ ਪਰਚਾਰ ਨਹੀਂ ਕਰ ਰਹੇ; ਉਥੇ ਮਨੂ ਬੈਠਾ ਹੈ, ਉਥੇ ਤੁਲਸੀ ਦਾਸ ਹੈ; ਉਥੇ ਸੱਜਣ ਠੱਗ ਹੈ ਉਥੇ ਮਲਿਕ ਭਾਗੋ ਹੈ; ਉਥੇ ਆਰ.ਐਸ.ਐਸ. ਹੈ; ਉਥੇ ਨਾਸਤਿਕਤਾ ਦਾ ਡੇਰਾ ਹੈ; ਉਥੇ ਨਫ਼ਰਤ ਵੰਡੀ ਜਾ ਰਹੀ ਹੈ; ਉਥੇ ਵਿਤਕਰੇ ਦਾ ਬੋਲ-ਬਾਲਾ ਹੈ। ਜਦ ਤਕ ਸਿੱਖੀ ਵਿਚ ਭਾਈ ਲਾਲੋ, ਭਾਈ ਜੀਵਨ ਸਿੰਘ ਨੂੰ ਗੁਰੂ ਦੇ ਬੇਟੇ ਦੀ ਥਾਂ ਨਹੀਂ ਮਿਲਦੀ ਉਦੋਂ ਤਕ ਗੁਰਦੁਆਰਿਆਂ ਤੇ ਸਿੱਖ ਅਦਾਰਿਆਂ ਨੂੰ ਗੁਰੂ ਨਾਨਕ ਦੇ ਘਰ ‘ਤੇ ਕਾਬਜ਼ ਧਾੜਵੀ ਅਤੇ ਸਿੱਖੀ ਦੇ ਹਾਈਜੈਕਰ ਮੰਨਿਆ ਜਾਵੇਗਾ। ਭਾਈ ਜੀਵਨ ਸਿੰਘ  ਦੇ ਵਾਰਸਾਂ ਨੂੰ, ਮਾਈ ਭਾਗ ਕੌਰ ਦੇ ਵਾਰਸਾਂ ਨੂੰ, ਭਾਈ ਲਾਲੋ ਦੇ ਵਾਰਸਾਂ ਨੂੰ ਇਕ ਨਵੀਂ ਸਿੰਘ ਸਭਾ ਲਹਿਰ ਚਲਾ ਕੇ ਅਤੇ 1920-25 ਦੀ ਗੁਰਦੁਆਰਾ ਸੁਧਾਰ ਲਹਿਰ ਵਾਂਗ ਗੁਰਦੁਆਰੇ ਆਜ਼ਾਦ ਕਰਵਾਉਣ ਵਾਸਤੇ ਜੂਝ ਕੇ ਆਪਣੇ ਹੱਕ ਖੋਹਣੇ ਪੈਣਗੇ।