ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੇ ਪਰਿਵਾਰਾਂ ਦਾ ਸਨਮਾਨ ਸਿੱਖ ਪ੍ਰੰਪਰਾਵਾਂ ਤੇ ਬਿਲਕੁਲ ਅਨਕੂਲ


-ਜਸਪ੍ਰੀਤ ਸਿੰਘ ਰਾਜਪੁਰਾ
ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿੱਖੀ ਪ੍ਰੰਪਰਾਵਾਂ ਅਤੇ ਗੁਰੂ ਘਰ ਦੀ ਅਜ਼ਮਤ ਖ਼ਾਤਰ ਸ਼ਹੀਦ ਹੋਏ ‘ਫ਼ਖ਼ਰ-ਏ-ਕੌਮ’ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ’ਤੇ ਸਿੱਖ ਵਿਰੋਧੀ ਜਮਾਤ ਕਾਂਗਰਸ ਅਤੇ ਹਿੰਦੂਤਵੀ ਮੀਡੀਆ ਨੇ ਬਵਾਲ ਖੜ੍ਹਾ ਕਰ ਦਿੱਤਾ। ਪੰਜਾਬ ਕਾਂਗਰਸ ਦੇ ਆਗੂਆਂ ਜਿਨ੍ਹਾਂ ਵਿਚ ਬੀਬੀ ਰਜਿੰਦਰ ਕੌਰ ਭੱਠਲ ਵਰਗੇ ਆਗੂ ਵੀ ਸ਼ਾਮਲ ਹਨ, ਨੇ ਸਿੱਖ ਸ਼ਹੀਦਾਂ ਨੂੰ ਕਾਤਲ ਆਖਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ। ਇਸ ਤੋਂ ਵੀ ਅੱਗੇ ਲੰਘਦਿਆਂ ਹਿੰਦੂਤਵੀ ਮੀਡੀਆ ਨੇ ‘ਇੰਦਰਾ ਗਾਂਧੀ ਕੇ ਕਾਤਲੋਂ ਕੋ ਅਕਾਲ ਤਖ਼ਤ ਪੇ ਸਰਪ੍ਰਸਤੀ’, ‘ਦੇਸ਼ ਕੇ ਦੁਸ਼ਮਣੋਂ ਕੇ ਪਰਿਵਾਰੋਂ ਕੋ ਦੀਆ ਸਨਮਾਨ’ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਸਨਸਨੀਖੇਜ਼ ਲਕਬ ਦੇ ਕੇ ਆਪਣੀ ਜ਼ਹਿਰੀ ਮਾਨਸਿਕਤਾ ਦਾ ਉਬਾਲ ਬਾਹਰ ਕੱਢਿਆ ਗਿਆ।  
ਨਿਰਪੱਖ ਸੋਚ ਰੱਖਣ ਵਾਲੇ ਵੀ ਅੱਜ ਤੱਕ ‘ਸ਼ਹੀਦ’ ਅਤੇ ‘ਕਾਤਲ’ ਦੀ ਕੋਈ ਇਕ ਸਿੱਕੇਬੰਦ ਪ੍ਰੀਭਾਸ਼ਾ ਨਹੀਂ ਕਰ ਸਕੇ। ਕਿਸੇ ਕੌਮ ਦੇ ਸ਼ਹੀਦ ਕਿਸੇ ਲਈ ਕਾਤਲ ਹੁੰਦੇ ਹਨ ਅਤੇ ਕਿਸੇ ਦੇ ਕੌਮੀ ਨਾਇਕ ਦੂਜੀ ਧਿਰ ਲਈ ਖਲਨਾਇਕ ਹੋ ਸਕਦੇ ਹਨ। ਭਾਰਤ ਦੀ ਆਜ਼ਾਦੀ ਦੇ ਪਰਵਾਨੇ ਫ਼ਿਰੰਗੀਆਂ ਲਈ ਦੇਸ਼ ਧਰੋਹੀ ਸਨ ਪਰ ਭਾਰਤੀਆਂ ਲਈ ਉਹ ਕੌਮੀ ਨਾਇਕ ਹਨ। ਕਿਸੇ ਵੀ ਕੌਮ ਦੇ ਨਾਇਕਾਂ ਦਾ ਸਨਮਾਨ ਅਤੇ ਸਤਿਕਾਰ ਕਰਨਾ ਕੌਮ ਦਾ ਇਖਲਾਕੀ ਫ਼ਰਜ਼ ਬਣਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਦਾ ਬਦਲਾ ਲੈਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਵੀ ਸਿੱਖ ਕੌਮ ਦੇ ਨਾਇਕ ਹਨ ਅਤੇ ਇਨ੍ਹਾਂ ਨਾਇਕਾਂ ਦਾ ਸਨਮਾਨ ਕਰਨਾ ਵੀ ਸਿੱਖ ਕੌਮ ਅਤੇ ਇਸ ਦੀਆਂ ਪ੍ਰਭੂਸੱਤਾ ਸੰਪੰਨ ਸੰਸਥਾਵਾਂ ਦਾ ਫ਼ਰਜ਼ ਹੈ।
    ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੂੰ ਸਿੱਖ ਕੌਮ ਦੇ ਨਾਇਕ ਅਤੇ ਸ਼ਹੀਦ ਪ੍ਰੀਭਾਸ਼ਤ ਕਰਨ ਲਈ ਪਿਛੋਕੜ ਵਿਚ ਝਾਤ ਮਾਰਨੀ ਜ਼ਰੂਰੀ ਹੈ। ਭਾਰਤ ਦੀ ਆਜ਼ਾਦੀ ਲਈ ਦੇਸ਼ ਦੀ 2 ਫ਼ੀਸਦੀ ਆਬਾਦੀ ਵਾਲੀ ਸਿੱਖ ਕੌਮ ਨੇ 90 ਫ਼ੀਸਦੀ ਕੁਰਬਾਨੀਆਂ ਦਿੱਤੀਆਂ ਪਰ ਆਜ਼ਾਦੀ ਤੋਂ ਬਾਅਦ ਦੇਸ਼ ਅੰਦਰ ਉਨ੍ਹਾਂ ਨੂੰ ਰਾਜਨੀਤਕ, ਭੂਗੋਲਿਕ, ਸਮਾਜਿਕ ਅਤੇ ਧਾਰਮਿਕ ਆਜ਼ਾਦੀ ਵਾਲਾ ਮਾਹੌਲ ਨਾ ਮਿਲਿਆ। ਆਜ਼ਾਦੀ ਤੋਂ ਕੁਝ ਦਿਨ ਬਾਅਦ ਹੀ ਗ੍ਰਹਿ ਮੰਤਰਾਲੇ ਵਲੋਂ ਦੇਸ਼ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਿੱਖਾਂ ’ਤੇ ਸਖ਼ਤ ਨਿਗਾਹ ਰੱਖਣ ਅਤੇ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣ ਵਾਲਾ ਸਰਕੂਲਰ ਜਾਰੀ ਕੀਤਾ ਗਿਆ। ਸਿੱਖਾਂ ਦੇ ਧਾਰਮਿਕ ਅਤੇ ਰਾਜਨੀਤਕ ਹਕੂਕਾਂ ਨੂੰ ਦਬਾਇਆ ਗਿਆ। ਪੰਜਾਬ ਦੇ ਭੂਗੋਲਿਕ ਹੱਕਾਂ ਨੂੰ ਵੀ ਨਾਜਾਇਜ਼ ਤਰੀਕੇ ਨਾਲ ਹਥਿਆ ਕੇ ਉਨ੍ਹਾਂ ’ਤੇ ਦੂਜੇ ਸੂੁਬਿਆਂ ਦੇ ਦਾਅਵੇ ਜਤਾ ਦਿੱਤੇ। ਲੰਬਾ ਸਮਾਂ ਸਿੱਖਾਂ ਨਾਲ ਪੈਰ ਪੈਰ ’ਤੇ ਦੇਸ਼ ਅੰਦਰ ਧੱਕੇਸ਼ਾਹੀ ਤੋਂ ਬਾਅਦ ਹੀ ਸਿੱਖ ਕੌਮ ਨੇ 1982 ਵਿਚ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਪਰ ਇਸ ਮੋਰਚੇ ਨੂੰ ਸਾਬੋਤਾਜ ਕਰਨ ਲਈ ਕੇਂਦਰ ਵਿਚ ਹਿੰਦੂਤਵ ਦੀ ਕੱਟੜ੍ਹ ਨੁਮਾਇੰਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਮ, ਦਾਮ, ਦੰਡ, ਭੇਦ ਵਾਲੀ ਹਰ ਕੁਟਲ ਨੀਤੀ ਵਰਤੀ, ਸਿੱਖ ਆਗੂਆਂ ਨੂੰ ਵਾਅਦਿਆਂ ਅਤੇ ਲਾਰਿਆਂ ਵਿਚ ਵੀ ਭਰਮਾਉਣ ਦੀ ਕੋਸ਼ਿਸ਼ ਕੀਤੀ ਪਰ ਆਖ਼ਰਕਾਰ ਸਿੱਖਾਂ ਨੂੰ ਹੱਕ ਦੇਣ ਦੀ ਥਾਂ ਬਹੁਪੱਖੀ ਅਤੇ ਦੂਰਰਸੀ ਸਾਜ਼ਿਸ਼ ਤਹਿਤ ਸਿੱਖਾਂ ਦੀ ਭਗਤੀ-ਸ਼ਕਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਇੰਦਰਾ ਗਾਂਧੀ ਦੇ ਦੋ ਸਿੱਖ ਅੰਗ ਰੱਖਿਅਕ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਜ਼ਖ਼ਮੀ ਹੋਈ ਸਿੱਖ ਮਾਨਸਿਕਤਾ ’ਤੇ ਮਰਹੱਮ ਲਗਾਉਣ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਅਤੇ ਸਿੱਖੀ ਪ੍ਰੰਪਰਾਵਾਂ ਨੂੰ ਬਹਾਲ ਰੱਖਦਿਆਂ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਸੋਧ ਦਿੱਤਾ। ਭਾਈ ਬੇਅੰਤ ਸਿੰਘ ਨੂੰ ਤਾਂ ਇੰਦਰਾ ਗਾਂਧੀ ਦੇ ਸੁਰੱਖਿਆ ਦਸਤਿਆਂ ਨੇ ਤੁਰੰਤ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਭਾਈ ਸਤਵੰਤ ਸਿੰਘ ਦੇ ਨਾਲ ਇਕ ਹੋਰ ਸਿੰਘ ਭਾਈ ਕੇਹਰ ਸਿੰਘ ਨੂੰ ਵੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ 6 ਜਨਵਰੀ 1989 ਨੂੰ ਫ਼ਾਂਸੀ ਲਗਾ ਦਿੱਤਾ ਗਿਆ। ਇਸ ਤਰ੍ਹਾਂ ਇਹ ਸਿੰਘ ਸਿੱਖ ਕੌਮ ਦੇ ਪ੍ਰਵਾਨੇ ਅਤੇ ਸਤਿਕਾਰਤ ਸ਼ਹੀਦਾਂ ਦੀ ਕਤਾਰ ਵਿਚ ਸ਼ਾਮਲ ਹੋ ਗਏ। ਇਨ੍ਹਾਂ ਦਾ ਸਨਮਾਨ ਕਰਨਾ ਸਿੱਖਾਂ ਦਾ ਫ਼ਰਜ਼ ਬਣਦਾ ਸੀ  ਇਹ ਫ਼ਰਜ਼ ਨਿਭਾਇਆ ਗਿਆ। ਦੂਜੇ ਪਾਸੇ ਕਾਂਗਰਸ ਅਤੇ ਹਿੰਦੂਤਵੀ ਮੀਡੀਆ ਉਹ ਧਿਰ ਹਨ, ਜਿਹੜੇ ਸ਼ੁਰੂ ਤੋਂ ਹੀ ਸਿੱਖਾਂ ਦੇ ਹੱਕਾਂ ਨੂੰ ਦਬਾਅ ਕੇ ਭਾਰਤ ’ਤੇ ਹਿੰਦੂਤਵ ਦਾ ਏਜੰਡਾ ਲਾਗੂ ਕਰ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਕੀਤੇ ਜਾਣ ਦੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸ਼ੁਰੂ ਤੋਂ ਹੀ ਸਿੱਖਾਂ ਦੀ ਆਜ਼ਾਦ ਰਾਜਨੀਤਕ ਪ੍ਰਭੂਸੱਤਾ ਦਾ ਪ੍ਰਤੀਕ ਰਿਹਾ ਹੈ। ਇਸ ਨੇ ਸ਼ੁਰੂ ਤੋਂ ਹੀ ਦੁਨਿਆਵੀ ਅਤੇ ਜ਼ਾਬਰ ਦਿੱਲੀ ਦੇ ਤਖ਼ਤ ਨੂੰ ਵੰਗਾਰਿਆ ਹੈ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤਾਮੀਰ ਕਰਵਾਇਆ ਤਾਂ ਉਨ੍ਹਾਂ ਨੇ ਮੁਗ਼ਲ ਹਕੂਮਤ ਨਾਲ ਹਥਿਆਰਬੰਦ ਅਤੇ ਸਿਆਸੀ ਟੱਕਰ ਲੈਣ ਲਈ ਸਿੱਖਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ।  ਦਿੱਲੀ ਤਖ਼ਤ ਵਲੋਂ ਗੈਰ ਮੁਸਲਮਾਨਾਂ ’ਤੇ ਘੋੜੇ ਦੀ ਸਵਾਰੀ ਕਰਨਾ, ਸਸ਼ਤਾਰ ਰੱਖਣਾ ਅਤੇ ਕਲਗੀ ਲਗਾਉਣ ਦੀ ਸਖ਼ਤ ਮਨਾਈ ਸੀ ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਖੁਦ ਸੰੁਦਰ ਦਸਤਾਰ ’ਤੇ ਕਲਗੀ ਸਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬਿਰਾਜ਼ਮਾਨ ਹੁੰਦੇ ਅਤੇ ਸਿੱਖਾਂ ਨੂੰ ਸੰੁਦਰ ਤੋਂ ਸੰੁਦਰ ਘੋੜੇ ਅਤੇ ਮਹਿੰਗੇ ਤੋਂ ਮਹਿੰਗੇ ਸਸ਼ਤਰ ਲੈ ਕੇ ਅੰਮਿ੍ਰਤਸਰ ਆਉਣ ਲਈ ਸੁਨੇਹੇ ਘੱਲਦੇ। ਸ੍ਰੀ ਅਕਾਲ ਤਖ਼ਤ ਸਾਹਿਬ ਉਸ ਵੇਲੇ ਤੋਂ ਹੀ ਸਿੱਖਾਂ ਦੀ ਆਜ਼ਾਦ ਪ੍ਰਭੂਸੱਤਾ ਦਾ ਰੌਸ਼ਨ ਮੁਨਾਰਾ ਬਣਿਆ ਆ ਰਿਹਾ ਹੈ। ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਤੇ ਆਦਰਸ਼ ਸਾਨੂੰ ਜ਼ਬਰ ਜ਼ੁਲਮ ਦੇ ਵਿਰੁੱਧ ਜਥੇਬੰਦ ਹੋਣ ਅਤੇ ਕੌਮੀ ਆਸ਼ੇ ਲਈ ਜੂਝਣ ਦੀ ਪ੍ਰੇਰਨਾ ਦੇ ਰਿਹਾ ਹੈ। ਇਸੇ ਪ੍ਰੇਰਨਾ ਦਾ ਅਮਲ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਵਲੋਂ ਦੁਸ਼ਟ ਇੰਦਰਾ ਗਾਂਧੀ ਨੂੰ ਸੋਧਾ ਲਾਉਣਾ ਸੀ। ਇਨ੍ਹਾਂ ਕੌਮੀ ਹੀਰਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮਾਨਿਤ ਕਰਨ ਲਈ ਸਿੱਖਾਂ ਨੂੰ ਕਿਸੇ ਦੁਨਿਆਵੀ ਹਕੂਮਤ ਜਾਂ ਦਿੱਲੀ ਦੇ ਤਖ਼ਤ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ।
ਦੂਜੇ ਪਾਸੇ ਕਾਂਗਰਸ ਪਾਰਟੀ ਅਤੇ ਭਾਰਤੀ ਨਿਜ਼ਾਮ ਜਿਹੜਾ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਿਆਨਦਾ ਨਹੀਂ ਥੱਕਦਾ, ਉਹ ਦੇਸ਼ ਅੰਦਰ ਪੈਰ ਪੈਰ ’ਤੇ ਘੱਟਗਿਣਤੀਆਂ ਦਾ ਘਾਣ ਕਰਨ ਰਿਹਾ ਹੈ। ਨਵੰਬਰ 1984 ਵਿਚ ਸਿੱਖਾਂ ਦਾ ਨਰਸੰਹਾਰ ਕਰਕੇ ਹਿਟਲਰ ਦੇ ਜ਼ੁਲਮਾਂ ਨੂੰ ਵੀ ਮਾਤ ਪਾਉਣ ਵਾਲੇ ਜਗਦੀਸ਼ ਟਾਈਟਲਰ, ਐਚ.ਕੇ.ਐਲ.ਭਗਤ, ਭਜਨ ਲਾਲ ਅਤੇ ਸੱਜਣ ਕੁਮਾਰ ਨੂੰ ਹਿੰਦੂਤਵ ਦੀ ਨੁਮਾਇੰਦਾ ਕਾਂਗਰਸ ਨੇ ਪੈਰ ਪੈਰ ’ਤੇ ਸਰਪ੍ਰਸਤੀ ਦਿੱਤੀ। ਇਨ੍ਹਾਂ ਨੂੰ ਸਿਆਸੀ ਅਹੁਦਿਆਂ ਨਾਲ ਨਿਵਾਜ਼ਿਆ ਗਿਆ। 70ਵੇਂ ਦਹਾਕੇ ਦੌਰਾਨ ਦੇਸ਼ ’ਚ ਐਮਰਜੈਂਸੀ ਵੇਲੇ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਤਾਂ ਉਤਰ ਪ੍ਰਦੇਸ਼ ਦੇ ਦੋ ਪਾਂਡੇ ਭਰਾਵਾਂ ਨੇ ਰੋਸ ਵਜੋਂ ਹਵਾਈ ਜਹਾਜ਼ ਅਗਵਾ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਬਾਅਦ ਵਿਚ ਕਾਂਗਰਸ ਨੇ ਲੋਕ ਸਭਾ ਦੀਆਂ ਟਿਕਟਾਂ ਦੇ ਕੇ ਨਿਵਾਜ਼ਿਆ। ਸਿੱਖ ਕੌਮ ਜਿਹੜੀ ਪਿਛਲੇ 6 ਦਹਾਕਿਆਂ ਤੋਂ ਭਾਰਤ ਅੰਦਰ ਗੁਲਾਮੀ ਦੇ ਵਿਰੁੱਧ ਅਤੇ ਆਜ਼ਾਦੀ ਲਈ ਲੜ ਰਹੀ ਹੈ, ਉਨ੍ਹਾਂ ਦਾ ਨਰਸੰਹਾਰ ਕਰਨ ਵਾਲਿਆਂ ਅਤੇ ਮਨੁੱਖੀ ਹਕੂਕਾਂ ਦਾ ਘਾਣ ਕਰਨ ਵਾਲੇ ਭਾਰਤ ਲਈ ਦੇਸ਼ ਭਗਤ ਹਨ ਅਤੇ ਸਿੱਖ ਹੱਕਾਂ ਅਤੇ ਧਰਮ ਦੇ ਸਤਿਕਾਰ ਲਈ ਕੁਰਬਾਨ ਹੋਣ ਵਾਲੇ ਇਸ ਨਿਜ਼ਾਮ ਲਈ ਕਾਤਲ ਹਨ। ਇਹ ਭਾਰਤ ਦੇ ਲੋਕਤੰਤਰ ਲਈ ਕਲੰਕ ਹੈ। ਸਿੱਖ ਕੌਮ ਨੂੰ ਆਪਣੇ ਕੌਮੀ ਨਾਇਕਾਂ ਦਾ ਸਨਮਾਨ ਕਰਨ ਦਾ ਪੂਰਾ ਹੱਕ ਹੈ ਅਤੇ ਇਸ ਵਿਚ ਭਾਰਤੀ ਹਕੂਮਤ ਦਾ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਬਣਦਾ। ਇਹ ਗੱਲ ਭਾਰਤੀ ਨਿਜ਼ਾਮ ਨੂੰ ਸਮਝ ਲੈਣੀ ਚਾਹੀਦੀ ਹੈ।