ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਪਿ ਮਨ ਮੇਰੇ ਗੋਵਿੰਦ ਕੀ ਬਾਣੀ


ਮਨੁੱਖ ਚੇਤੰਨ ਪ੍ਰਾਣੀ ਹੈ, ਭਾਵ ਮਨੁੱਖ ਅਜਿਹਾ ਜੀਵ ਹੈ ਜਿਸ ਵਿਚ ਚੇਤੰਨਤਾ ਦੀ ਪ੍ਰਧਾਨਤਾ ਹੈ। ਚੇਤੰਨਤਾ ਦਾ ਕੇਂਦਰੀ ਅੰਗ ਮਨ ਹੈ। ਮਨ ਜੋ ਵੀ ਭੌਤਿਕ ਗਿਆਨ ਹੈ ਉਹ ਪੰਜ ਇੰਦਰਿਆਂ ਰਾਹੀਂ ਪ੍ਰਾਪਤ ਕਰਕੇ ਉਸ ਨੂੰ ਇਕੱਠਾ ਕਰਦਾ ਰਹਿੰਦਾ ਹੈ। ਮਨੁੱਖ ਦੀ ਚੇਤੰਨਤਾ ਮਨ ਤੇ ਪ੍ਰਭਾਵੀ ਰਹਿੰਦੀ ਹੈ ਜਿਸ ਕਰਕੇ ਮਨ ਵਿਚ ਚੰਚਲਤਾ ਦੀ ਪ੍ਰਧਾਨਤਾ ਬਣੀ ਰਹਿੰਦੀ ਹੈ। ਇਹ ਮਨ ਦੀ ਚੰਚਲਤਾ ਹੀ ਹੈ ਕਿ ਇਹ ਇਕੋ ਸਮੇਂ ਕਈ ਕਰਤੱਵ ਕਰਨ ਦੀ ਸਮਰੱਥਾ ਰੱਖਦਾ ਹੈ ਜਿਵੇਂ ਕਿਸੇ ਚੀਜ ਲਈ ਇੱਛਾ ਕਰਨਾ, ਕਿਸੇ ਕੰਮ ਲਈ ਇਰਾਦਾ ਕਰਨਾ, ਕਿਸੇ ਚੀਜ ਵਿਚ ਨਿਸਚਾ ਲਿਆਉਣਾ ਜਾਂ ਨਿਸਚਾ ਤਿਆਗਣਾ, ਇਰਾਦੇ ਨੂੰ ਸਖਤ ਕਰਨਾ ਜਾਂ ਢਿੱਲਾ ਕਰਨਾ ਜਾਂ ਛੱਡ ਦੇਣਾ, ਸ਼ਰਮ ਮਹਿਸੂਸ ਕਰਨਾ, ਡਰਨਾ ਆਦਿ। ਇਹ ਆਪਣੇ ਸਾਰੇ ਕਰਤੱਵ, ਇੰਦਰਿਆਂ ਰਾਹੀਂ ਕਰਦਾ ਹੈ।
ਤਾਂ ਤੇ ਇਹ ਮਨ ਦਾ ਹੀ ਕਰੱਤਵ ਹੈ ਜੋ ਮਨੁੱਖ ਨੂੰ ਚਾਹੇ ਤਾਂ ਮਾਨਵੀ ਕਦਰਾਂ ਕੀਮਤਾਂ ਦੀ ਸਿਖਰ ਤੇ ਪਹੁੰਚਾਂ ਦੇਵੇ ਜਾਂ ਮਨੁੱਖ ਨੂੰ ਰਸਾਤਲ ਵਿਚ ਇੰਨਾਂ ਗਿਰਾ ਦੇਵੇ ਕਿ ਇਹ ਇਸ ਜੀਵਨ ਤੋਂ ਮਗਰੋਂ ਜੂਨਾਂ ਵਿਚ ਭਟਕਦਾ ਫਿਰੇ। ਇਸ ਕਰਕੇ ਹੀ ਗੁਰੂ ਸਾਹਿਬ ਮਨ ਨੂੰ ਮਿੱਤਰ ਪਿਆਰਾ ਵੀ ਕਹਿੰਦੇ ਹਨ ਤੇ ਦੁਸ਼ਮਣ ਵੀ। ਮਨ, ਮਿੱਤਰ ਦੀ ਭੂਮਿਕਾ ਅਦਾ ਕਰਦਾ ਹੈ ਜਦੋਂ ਮਨੁੱਖ ਦੀ ਬੁੱਧੀ ਨੂੰ ਸੁਚਾਰੂ ਬਣਾ ਕੇ ਜੀਵਨ ਮਨੋਰਥ ਦੀ ਸਫਲਤਾ ਦੇ ਰਸਤੇ ਤੇ ਤੋਰ ਲੈਂਦਾ ਹੈ ਤੇ ਮਨੁੱਖ ਨੂੰ ਗੁਰਮੁਖ ਦੇ ਰੁਤਬੇ ਤੇ ਲੈ ਜਾਂਦਾ ਹੈ।
ਇਹ ਦੁਸ਼ਮਣ ਦੀ ਭੂਮਿਕਾ ਉਸ ਸਮੇਂ ਨਿਭਾਉਂਦਾ ਹੈ ਜਦੋਂ ਮਨੁੱਖ ਨੂੰ ਪੰਜਾਂ ਵਿਕਾਰਾਂ ਦੀ ਦਲਦਲ ਵਿਚ ਫਸਾ, ਮਨਮੁਖ ਬਣਾ, ਇਸ ਜੀਵਨ ਦੇ ਮਨੋਰਥ ਤੋਂ ਪਰ੍ਹੇ ਕਰਕੇ ਆਵਗਵਣ ਦੇ ਚੱਕਰ ਵਿਚ ਫਸਾ ਦਿੰਦਾ ਹੈ।
ਇਸ ਕਰਕੇ ਗੁਰੂ ਸਾਹਿਬ ਇਸ ਮਨ ਨੂੰ ਸੰਬੋਧਤ ਹੋ ਕੇ ਇਸ ਨੂੰ ਗੁਰਬਾਣੀ ਦਾ ਜਾਪੁ ਕਰਨ ਲਈ ਪ੍ਰੇਰਦੇ ਹਨ।
ਗੋਬਿੰਦ ਦੀ ਬਾਣੀ ਮਨੁੱਖਾ ਮਨ ਦਾ ਮਾਰਗ ਦਰਸ਼ਨ ਕਰਦੀ ਹੋਈ ਇਸ ਨੂੰ ਗੁਰਮੁਖ ਦੀ ਪਦਵੀ ਤੱਕ ਲੈ ਜਾਂਦੀ ਹੈ।
ਗੁਰਬਾਣੀ ਗੁਰੂ ਹੈ :
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ£
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ£ (ਅੰਕ ੯੮੨)
ਇਹ ਗੋਬਿੰਦ ਕੀ ਬਾਣੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਬਾਰੇ ਕਥਨ ਕਰਦੇ ਹਨ :
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ£ (ਅੰਕ ੭੨੨)
ਜੋ ਉਹਨਾਂ ਦਾ ਖਸਮ ਭਾਵ ਗੋਬਿੰਦ ਉਹਨਾਂ ਨੂੰ ਕਹਿ ਰਿਹਾ ਹੈ ਉਹ ਉਹੀ ਕੁਝ ਬੋਲਦੇ ਹਨ।
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ£ (ਅੰਕ ੭੬੩)
ਜੋ ਵੀ ਗਿਆਨ, ਜੋ ਵੀ ਬਾਣੀ ਉਹ ਉਚਾਰਦੇ ਹਨ ਉਹ ਸਭ ਉਸ ਗੋਬਿੰਦ ਦਾ ਹੀ ਹੁਕਮ ਹੈ। ਹੁਕਮ ਹੀ ਉਸ ਦਾ ਨਾਮ ਹੈ :
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ£ (ਅੰਕ ੭੨)
ਗੋਬਿੰਦ ਕੀ ਬਾਣੀ ਹੀ ਉਸ ਦਾ ਨਾਮ ਹੈ ਤੇ ਉਸ ਦਾ ਨਾਮ ਹੀ ਗੋਬਿੰਦ ਕੀ ਬਾਣੀ ਹੈ ਜਿਸ ਨੂੰ ਜਪਣ ਲਈ ਇਸ ਮਨ ਨੂੰ ਕਿਹਾ ਗਿਆ ਹੈ ਤਾਂ ਕਿ ਇਹ ਚੰਚਲਤਾਈ 'ਚੋਂ ਨਿਕਲ ਕੇ ਇਸ ਸਾਰੀ ਸ੍ਰਿਸ਼ਟੀ ਵਿਚੋਂ ਉਸ ਬ੍ਰਹਮ ਦੇ ਹੀ ਦਰਸ਼ਨ-ਕਰਨ ਦੇ ਸਮਰੱਥ ਹੋ ਜਾਵੇ। ਇਸ ਪ੍ਰਥਾਏ ਬਿਲਾਵਲ ਰਾਗ ਵਿਚ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰਦੇ ਹਨ :
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ£
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ£
(ਅੰਕ ੮੪੬)
ਜਦੋਂ ਮਨ ਦੀ ਇਹ ਅਵਸਥਾ ਹੋ ਜਾਵੇ ਕਿ ਉਸ ਨੂੰ ਹਰ ਪਾਸੇ ਬ੍ਰਹਮ ਹੀ ਬ੍ਰਹਮ ਦਿਸੇ ਤੇ ਹਰ ਬੋਲ ਉਸ ਬ੍ਰਹਮ ਦੀ ਅਵਾਜ਼ ਮਹਿਸੂਸ ਹੋਵੇ ਤਾਂ ਉਸ ਸਮੇਂ ਮਨ ਮਨੁੱਖ ਦੇ ਮਿੱਤਰ ਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ। ਜਦੋਂ ਤੱਕ ਮਨ ਇਸ ਅਵਸਥਾ ਤੱਕ ਨਹੀਂ ਪਹੁੰਚਦਾ ਉਸ ਸਮੇਂ ਤੱਕ ਇਹ ਮਾਇਆ ਦੇ ਪ੍ਰਭਾਵ ਅਧੀਨ ਭਟਕਦਾ ਰਹਿੰਦਾ ਹੈ। ਭਟਕਿਆ ਹੋਇਆ ਮਨ ਮਨੁੱਖ ਦੀ ਮਤਿ ਨੂੰ ਮਲੀਨ ਕਰੀ ਜਾਂਦਾ ਹੈ। ਮਲੀਨ ਹੋਈ ਮਤਿ ਨੂੰ ਸਾਫ਼ ਕਰਨ ਦਾ ਸਾਧਨ ਗੋਬਿੰਦ ਕੀ ਬਾਣੀ ਦਾ ਜਾਪੁ ਹੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਪੁਜੀ ਸਾਹਿਬ ਵਿਚ ਇਸ ਪ੍ਰਥਾਏ ਬਚਨ ਕਰਦੇ ਹਨ :
ਭਰੀਐ ਮਤਿ ਪਾਪਾ ਕੈ ਸੰਗਿ£ ਓਹੁ ਧੋਪੈ ਨਾਵੈ ਕੈ ਰੰਗਿ£
(ਅੰਕ ੪)
ਮਨੁੱਖੀ ਮਨ ਪਤਾ ਨਹੀਂ ਕਦੋਂ ਤੋਂ ਪਾਪਾਂ ਦੀ ਮੈਲ ਇਕੱਠੀ ਕਰ ਰਿਹਾ ਹੈ। ਇਸ ਦਾ ਪਤਾ ਲਗਾਉਣਾ ਕੋਈ ਸੌਖੀ ਗੱਲ ਨਹੀਂ।
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ£ (ਅੰਕ ੬੫੧)
ਜਿੰਨੀ ਵੱਧ ਮੈਲ ਲੱਗੀ ਹੋਵੇ ਉਹਨਾਂ ਹੀ ਵੱਧ ਸਾਬਣ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਹੀ ਇਸ ਮਨ ਦੀ ਹਾਲਤ ਹੈ, ਜਿੰਨੀ ਵੱਧ ਇਸ ਨੂੰ ਕਾਲਖ ਲੱਗੀ ਹੈ, ਜਿੰਨਾਂ ਵੱਧ ਇਹ ਪਾਪਾਂ ਦੀ ਮੈਲ ਨਾਲ ਅਪਵਿੱਤਰ ਹੋ ਚੁੱਕਿਆ ਹੈ ਓਨੀ ਹੀ ਵੱਧ ਇਸ ਨੂੰ ਗੋਬਿੰਦ ਕੀ ਬਾਣੀ ਦੇ ਜਾਪੁ ਦੀ ਲੋੜ ਹੈ।
ਉਂਝ ਵੀ ਮਨੁੱਖਾ ਜਨਮ ਦਾ ਮਨੋਰਥ ਹੀ ਉਸ ਦੀ ਬਾਣੀ ਦਾ ਜਾਪ ਹੈ।
ਜਪਹੁ ਤ ਏਕੋ ਨਾਮਾ£ ਅਵਰਿ ਨਿਰਾਫਲ ਕਾਮਾ£
(ਅੰਕ ੭੨੮)
ਉਸ ਦੇ ਨਾਮ ਚਿਤਵਨ ਤੋਂ ਬਿਨਾਂ ਮਨੁੱਖ ਜੋ ਵੀ ਕਰਮ ਕਰਦਾ ਹੈ ਉਸ ਦਾ ਉਸ ਨੂੰ ਕੋਈ ਵੀ ਪ੍ਰਮਾਰਥਕ ਲਾਭ ਨਹੀਂ ਹੁੰਦਾ। ਉਹ ਸਭ ਮਾਇਆ ਦਾ ਪਸਾਰਾ ਹੈ। ਮਾਤਾ ਦੇ ਉਦਰ ਵਿਚ ਇਹ ਮਨ ਸਿਰਫ਼ ਤੇ ਸਿਰਫ਼ ਉਸ ਪ੍ਰਭੂ ਪ੍ਰਮਾਤਮਾ ਦੀ ਯਾਦ ਵਿਚ ਲੀਨ ਸੀ। ਪਰ ਇਸ ਸੰਸਾਰ ਵਿਚ ਪ੍ਰਵੇਸ਼ ਕਰਦਿਆਂ ਹੀ ਮਾਇਆ ਦਾ ਅਸਰ ਅਜਿਹਾ ਵਰਤਦਾ ਹੈ ਕਿ ਇਸ ਦੇ ਮਨ ਦੀ ਲਿਵ ਉਸ ਪ੍ਰਭੂ ਨਾਲੋਂ ਟੁੱਟ ਜਾਂਦੀ ਹੈ ਤੇ ਇਹ ਸੰਸਾਰ ਦੀ ਮੋਹ ਮਾਇਆ ਦਾ ਗੁਲਾਮ ਹੋ ਜਾਂਦਾ ਹੈ।
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ£
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ£ (ਅੰਕ ੯੨੧)
ਇਸ ਮਾਇਆ ਦੇ ਅਸਰ ਤੋਂ ਬਚਣ ਲਈ ਹੀ ਗੁਰੂ ਸਾਹਿਬ ਵਾਰ ਵਾਰ ਇਸ ਮਨ ਨੂੰ ਗੋਬਿੰਦ ਕੀ ਬਾਣੀ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਹਨ।
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ£
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ£
(ਅੰਕ ੯੨੦)
ਜੇ ਇਹ ਮਨ ਗੁਰਬਾਣੀ ਦੇ ਜਾਪ ਤੋਂ ਰਤਾ ਜਿੰਨਾ ਵੀ ਪਿੱਛੇ ਹੱਟਦਾ ਹੈ ਤਾਂ ਇਸ ਦੀ ਚੰਚਲਤਾ ਇਸ ਨੂੰ ਭਟਕਣਾ ਵਿਚ ਪਾ ਦਿੰਦੀ ਹੈ, ਜਿਸ ਕਰਕੇ ਇਹ ਜਲਦੀ ਕਾਬੂ ਵਿਚ ਨਹੀਂ ਆਉਂਦਾ। ਇਸ ਦੇ ਅਸਰ ਹੇਠ ਮਨੁੱਖ ਕਦੀ ਕੁਝ ਮੰਗਦਾ ਹੈ ਅਤੇ ਕਦੀ ਕੁਝ ਮੰਗਦਾ ਹੈ। ਇਸ ਤਰ੍ਹਾਂ ਇਹ ਇੰਦ੍ਰਿਆਵੀ ਜੀਵਨ ਵਿਚ ਖਚਤ ਹੋ ਜਾਂਦਾ ਹੈ। ਤ੍ਰਿਸ਼ਨਾਵਾਂ ਪਿੱਛੇ ਦੌੜਦਾ ਹੈ। ਰੰਗ ਰਲੀਆਂ ਮਾਣਦਾ ਹੈ। ਇਹ ਭੁੱਲ ਜਾਂਦਾ ਹੈ ਕਿ ਇਸ ਮਨੁੱਖ ਵਿਚ ਕੁਝ ਵਧੇਰੇ ਮਹੱਤਤਾ ਰੱਖਣ ਵਾਲੀ ਕੋਈ ਹੋਰ ਚੀਜ਼ ਵੀ ਹੈ। ਇਹ ਆਪਣੇ ਅਸਲੇ ਨੂੰ ਭੁੱਲ ਜਾਂਦਾ ਹੈ। ਪਰਮ ਤੱਤ ਨੂੰ ਨਹੀਂ ਪਛਾਣਦਾ।
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ£
(ਅੰਕ ੧੯)
ਇਹ ਦੁਬਿਧਾ ਦਾ ਸ਼ਿਕਾਰ ਹੋ ਕੇ ਅਸਲ ਤੱਤ ਤੋਂ ਦੂਰ ਹੋ ਜਾਂਦਾ ਹੈ।
ਚੰਚਲੁ ਚੀਤੁ ਨ ਰਹਈ ਠਾਇ£
ਚੋਰੀ ਮਿਰਗੁ ਅੰਗੂਰੀ ਖਾਇ£
(ਅੰਕ ੯੩੨)
ਚੰਚਲ ਮਨ ਟਿਕ ਕੇ ਨਹੀਂ ਬੈਠਦਾ। ਇਹ ਹਿਰਨ ਵਾਂਗ ਨਵੇਂ ਨਵੇਂ ਭੋਗ ਭੋਗਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਰਾਮਕਲੀ ਰਾਗ ਵਿਚ ਦੱਖਣੀ ਓਅੰਕਾਰ ਦੀ ਬਾਣੀ ਵਿਚ ਬਖਸ਼ਿਸ਼ ਕਰਦੇ ਹਨ :
ਚਰਨ ਕਮਲ ਉਰ ਧਾਰੇ ਚੀਤ£
ਚਿਰੁ ਜੀਵਨੁ ਚੇਤਨੁ ਨਿਤ ਨੀਤ£
(ਅੰਕ ੯੩੨)
ਜਿਹੜਾ ਮਨੁੱਖ ਆਪਣੇ ਮਨ ਵਿਚ ਗੋਬਿੰਦ ਕੀ ਬਾਣੀ ਦੇ ਜਾਪ ਦਾ ਸਹਾਰਾ ਲੈ ਕੇ ਪ੍ਰਭੂ ਦੇ ਚਰਨਾਂ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ਉਹ ਸਦਾ ਲਈ ਅਮਰ ਤੇ ਸੁਚੇਤ ਹੋ ਜਾਂਦਾ ਹੈ। ਉਹ ਨਾ ਹੀ ਵਿਕਾਰਾਂ ਵਿਚ ਫਸਦਾ ਹੈ ਤੇ ਨਾ ਹੀ ਜਨਮਾਂ ਦੇ ਗੇੜ ਵਿਚ ਪੈਂਦਾ ਹੈ। ਇਸ ਤਰ੍ਹਾਂ ਉਹ ਆਪਣੇ ਜੀਵਨ ਦੇ ਪ੍ਰਯੋਜਨ ਦੀ ਸਫ਼ਲਤਾ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਂਦਾ ਹੈ।
ਇਸ ਕਰਕੇ ਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਰਾਮਕਲੀ ਰਾਗ ਵਿਚ ਕਿਰਪਾ ਕੀਤੀ ਹੈ :
ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ£
ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ£
ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ£
ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ£
(ਅੰਕ ੯੩੪)
ਮਨੁੱਖਾ ਸਰੀਰ ਇਕ ਰੁੱਖ ਸਮਾਨ ਹੈ। ਇਸ ਰੁੱਖ ਉਤੇ ਮਨ ਪੰਛੀ ਦੇ ਪੰਜ ਗਿਆਨ ਇੰਦ੍ਰੇ ਬੈਠੇ ਹੋਏ ਹਨ। ਜਿਨ੍ਹਾਂ ਮਨੁੱਖਾਂ ਨੇ ਇਹ ਪੰਛੀ ਇਕ ਪ੍ਰਭੂ ਨਾਲ ਮਿਲ ਕੇ ਨਾਮ-ਰੂਪ ਫਲ ਖਾਧੇ ਹਨ, ਗੋਬਿੰਦ ਕੀ ਬਾਣੀ ਜਪਦੇ ਹਨ ਉਹਨਾਂ ਨੂੰ ਰਤਾ ਵੀ ਫਾਹੀ ਨਹੀਂ ਪੈਂਦੀ। ਪਰ ਜੋ ਕਾਹਲੀ ਕਾਹਲੀ ਉਡਦੇ ਹਨ ਤੇ ਬਹੁਤ ਚੋਗੇ ਭਾਵ ਬਹੁਤੇ ਪਦਾਰਥ ਲੱਭਦੇ ਫਿਰਦੇ ਹਨ ਉਹਨਾਂ ਦੇ ਖੰਭ ਟੁੱਟ ਜਾਂਦੇ ਹਨ। ਉਹ ਮਾਇਆ ਦੀ ਫਾਹੀ ਵਿਚ ਫਸ ਜਾਂਦੇ ਹਨ। ਇਸ ਔਗੁਣ ਕਾਰਨ ਉਹਨਾਂ ਤੇ ਬਿਪਤਾ ਆ ਬਣਦੀ ਹੈ।
ਇਸ ਕਰਕੇ ਹੀ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਗਉੜੀ ਰਾਗ ਵਿਚ ਬਖਸ਼ਿਸ਼ ਕਰਦੇ ਹਨ :
ਜਿਸੁ ਸਿਮਰਤ ਦੂਖੁ ਸਭੁ ਜਾਇ£
ਨਾਮੁ ਰਤਨੁ ਵਸੈ ਮਨਿ ਆਇ£
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ£
ਸਾਧੂ ਜਨ ਰਾਮੁ ਰਸਨ ਵਖਾਣੀ£
(ਅੰਕ ੧੯੨)
ਆਪਣੇ ਮਨ ਨੂੰ ਸੰਬੋਧਿਤ ਹੋ ਕੇ ਕਹਿੰਦੇ ਹਨ ਕਿ ਮੇਰਿਆ ਮਨਾ ਗੋਬਿੰਦ ਕੀ ਬਾਣੀ ਦਾ ਜਾਪੁ ਕਰ ਜਿਸ ਦੇ ਜਾਪ ਕੀਤਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ਤੇ ਪ੍ਰਭੂ ਦਾ ਅਮੋਲਕ ਨਾਮ ਹਿਰਦੇ ਵਿਚ ਵਸ ਜਾਂਦਾ ਹੈ। ਜਦੋਂ ਪ੍ਰਭੂ ਦਾ ਨਾਮ ਹਿਰਦੇ ਵਿਚ ਵਸ ਗਿਆ ਤਾਂ ਗੋਬਿੰਦ ਨੂੰ ਮਿਲਣ ਦਾ ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਸਫਲ ਹੋ ਗਿਆ। ਇਹ ਤਦ ਹੀ ਸੰਭਵ ਹੈ ਜਦੋਂ ਮਨ ਗੋਬਿੰਦ ਦੀ ਬਾਣੀ ਦਾ ਜਾਪ ਦ੍ਰਿੜ੍ਹ ਕਰ ਲਵੇ।

ਪ੍ਰੋ. ਆਪਿੰਦਰ ਸਿੰਘ ਮਾਹਿਲਪੁਰੀ