ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਘਾਤਕ ਰੋਗ ਹੈ ਥੈਲਾਸੀਮੀਆ


ਸੰਸਾਰ ਪੱਧਰ 'ਤੇ 'ਵਰਲਡ ਥੈਲਾਸੀਮੀਆ ਡੇਅ' ਮਨਾਇਆ ਜਾਂਦਾ ਹੈ ਤਾਂ ਜੋ ਇਸ ਰੋਗ ਦੀ ਘਾਤਕਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਕੇ ਸਿਹਤ-ਸੰਭਾਲ ਲਈ ਜਾਗਰੂਕ ਕੀਤਾ ਜਾ ਸਕੇ। ਹੋਰਨਾਂ ਦੇਸ਼ਾਂ ਵਾਂਗ ਭਾਰਤ ਵਿਚ ਵੀ ਲੱਖਾਂ ਬੱਚੇ ਇਸ ਰੋਗ ਤੋਂ ਪੀੜਤ ਹਨ ਅਤੇ ਹਰ ਵਰ੍ਹੇ ਦੇਸ਼ ਵਿਚ ਥੈਲਾਸੀਮੀਆ ਮੇਜਰ ਦੇ 10 ਤੋਂ 12 ਹਜ਼ਾਰ ਬੱਚੇ ਜਨਮ ਲੈਂਦੇ ਹਨ। ਬੜੇ ਖੁਸ਼ਨਸੀਬ ਹੁੰਦੇ ਹਨ ਉਹ ਬੱਚੇ ਜੋ ਆਪਣੇ ਮਾਪਿਆਂ ਦੇ ਪਿਆਰ ਦਾ ਨਿੱਘ ਮਾਣਦਿਆਂ ਤੰਦਰੁਸਤ ਜੀਵਨ ਜਿਊਂਦੇ ਹਨ ਪ੍ਰੰਤੂ ਖ਼ੂਨ ਨਾਲ ਸੰਬੰਧਿਤ ਅਜੋਕੀਆਂ ਨਾ-ਮੁਰਾਦ ਬੀਮਾਰੀਆਂ ਵਿਚੋਂ ਥੈਲਾਸੀਮੀਆ ਇਕ ਅਜੇਹਾ ਘਾਤਕ ਰੋਗ ਹੈ ਜੋ ਕਈ ਮਾਸੂਮਾਂ ਦੇ ਬਚਪਨ ਨੂੰ ਬੀਮਾਰ ਕਰ ਰਿਹਾ ਹੈ। ਸੂਈ ਦੀ ਚੋਭ ਤੋਂ ਡਰਨ ਵਾਲੇ ਮਾਸੂਮਾਂ ਲਈ ਸੂਈਆਂ ਦੀ ਚੋਭ ਹੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਇਸ ਬੀਮਾਰੀ ਤੋਂ ਪੀੜਤ ਬੱਚਿਆਂ ਦੀ ਜ਼ਿੰਦਗੀ ਵਧਾਉਣ ਲਈ ਲਗਾਤਾਰ ਖ਼ੂਨ ਸੰਚਾਰਨ (ਟਰਾਂਸਫਿਊਜ਼ਨ) ਦੀ ਜ਼ਰੂਰਤ ਪੈਂਦੀ ਹੈ ਜੋ ਕੇਵਲ ਸਵੈਇੱਛਤ ਖ਼ੂਨਦਾਨੀਆਂ ਤੋਂ ਹੀ ਪੂਰੀ ਹੋ ਸਕਦੀ ਹੈ।
ਕੀ ਹੈ ਥੈਲਾਸੀਮੀਆ?
ਥੈਲਾਸੀਮੀਆ ਵਿਰਸੇ ਵਿਚੋਂ ਪ੍ਰਾਪਤ ਹੋਇਆ ਇਕ ਖ਼ੂਨ ਦੀ ਖਰਾਬੀ ਸੰਬੰਧੀ ਰੋਗ ਹੈ ਜੋ ਅਗਲੀ ਨਸਲ ਨੂੰ ਪ੍ਰਭਾਵਿਤ ਕਰਦਾ ਹੈ। ਥੈਲਾਸੀਮੀਆ ਜਾਂ ਸਿੱਕਲ ਸੈਲ ਅਨੀਮੀਆ ਇਕ ਤਰ੍ਹਾਂ ਦੀ ਖ਼ੂਨ ਦੀ ਘਾਟ ਹੈ ਜੋ ਸਭ ਤੋਂ ਪਹਿਲਾਂ ਸਮੁੰਦਰ ਦੇ ਨੇੜੇ ਰਹਿਣ ਵਾਲੇ ਲੋਕਾਂ ਵਿਚ ਪਾਈ ਗਈ ਅਤੇ ਇਸ ਨੂੰ 'ਮੇਡਿਟਰੇਨੀਅਨ ਅਨੀਮੀਆ' ਦਾ ਨਾਂਅ ਵੀ ਦਿੱਤਾ ਗਿਆ। ਇਕ ਤੰਦਰੁਸਤ ਮਨੁੱਖ ਵਿਚ ਲਾਲ ਰਕਤ-ਕਣਾਂ ਦੀ ਔਸਤ ਉਮਰ 120 ਦਿਨਾਂ ਦੀ ਹੁੰਦੀ ਹੈ ਜਦਕਿ ਥੈਲਾਸੀਮੀਆ ਤੋਂ ਪੀੜਤਾਂ ਵਿਚ ਇਨ੍ਹਾਂ ਸੈਲਾਂ ਦੀ ਉਮਰ 20-40 ਦਿਨ ਦੀ ਹੀ ਹੁੰਦੀ ਹੈ। ਇਹ ਰਕਤਾਣੂ ਹੱਡੀਆਂ ਦੀ ਮਿੱਝ ਭਾਵ ਬੋਨ ਮੈਰੋਜ਼ 'ਚ ਬਣਦੇ ਹਨ। ਲਾਲ ਰਕਤ-ਕਣਾਂ ਦੇ ਆਕਾਰ ਵਿਚ ਖਰਾਬੀ (ਗੋਲ ਦੀ ਬਜਾਏ ਦਾਤੀ ਦੀ ਤਰ੍ਹਾਂ) ਹੋਣ ਕਾਰਨ ਉਨ੍ਹਾਂ ਵਿਚ ਹੀਮੋਗਲੋਬਿਨ ਘੱਟ ਹੁੰਦਾ ਹੈ। ਲਾਲ ਰਕਤ-ਕਣਾਂ ਵਿਚਲੇ ਇਸ ਅੰਸ਼ ਹੀਮੋਗਲੋਬਿਨ ਦਾ ਮੁੱਖ ਕੰਮ ਲਹੂ ਵਿਚਲੀ ਆਕਸੀਜਨ ਨੂੰ ਫੇਫੜਿਆਂ ਤੋਂ ਗ੍ਰਹਿਣ ਕਰਕੇ ਸਰੀਰ ਦੇ ਹਰੇਕ ਅੰਗ ਤੱਕ ਪਹੁੰਚਾਉਣਾ ਅਤੇ ਵਿਅਰਥ ਗੈਸ ਕਾਰਬਨ ਡਾਈਆਕਸਾਈਡ ਨੂੰ ਸਰੀਰਕ ਟਿਸ਼ੂਜ਼ ਤੋਂ ਫੇਫੜਿਆਂ ਤੱਕ ਲਿਆਉਣਾ ਹੈ। ਹੀਮੋਗਲੋਬਿਨ ਦੀ ਉਤਪਤੀ ਵਿਚ ਗੜਬੜ ਹੋ ਜਾਣ ਤੇ ਰੋਗੀ ਬੱਚੇ ਦੇ ਸਰੀਰ ਵਿਚ ਅਨੀਮੀਆ ਭਾਵ ਖ਼ੂਨ ਦੀ ਕਮੀਂ ਹੋ ਜਾਂਦੀ ਹੈ। ਜਿਸ ਦੀ ਮਾਤਰਾ ਸਹੀ ਰੱਖਣ ਲਈ ਵਾਰ ਵਾਰ ਲਹੂ ਸੰਚਾਰਨ ਦੀ ਜ਼ਰੂਰਤ ਪੈਂਦੀ ਹੈ। ਇਸ ਰੋਗ ਦੀ ਪੁਸ਼ਟੀ ਬਚਪਨ ਵਿਚ ਹੀ ਹੋ ਜਾਂਦੀ ਹੈ। ਜਨਮ ਸਮੇਂ ਬੱਚਾ ਸਾਧਾਰਨ ਹੁੰਦਾ ਹੈ ਪਰੰਤੂ 6 ਮਹੀਨੇ ਤੋਂ 2 ਸਾਲ ਦੀ ਉਮਾਰ ਵਿਚ ਇਸ ਰੋਗ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ।
ਰੋਕਥਾਮ
ਸਾਡੇ ਦੇਸ਼ ਵਿਚ ਥੈਲਾਸੀਮੀਆ ਇਕ ਬਹੁਤ ਵੱਡੀ ਸਿਹਤ ਸਮੱਸਿਆ ਹੈ, ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਇਹ ਬੀਮਾਰੀ ਪੀੜ੍ਹੀ ਦਰ ਪੀੜ੍ਹੀ ਵੱਧਦੀ ਜਾਵੇਗੀ, ਜਿਸ ਨਾਲ ਦੇਸ਼ ਵਿਚ ਸਮਾਜਿਕ ਅਤੇ ਆਰਥਿਕ ਬੋਝ ਵੱਧ ਜਾਵੇਗਾ ਕਿਉਂਕਿ ਇਸ ਬੀਮਾਰੀ ਤੋਂ ਪੀੜਤ ਬੱਚਿਆਂ ਦੇ ਮਾਤਾ-ਪਿਤਾ ਨੂੰ ਹਰ ਸਾਲ ਕਾਫ਼ੀ ਖਰਚ ਦਾ ਬੋਝ ਚੁੱਕਣਾ ਪੈਂਦਾ ਹੈ। ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਦਾ ਇਕੋ-ਇਕ ਉਪਾਅ ਇਸਦੀ ਰੋਕਥਾਮ ਹੈ। ਜੇ ਕਿਸੇ ਪਰਿਵਾਰ ਵਿਚ ਇਸ ਤਰ੍ਹਾਂ ਦਾ ਬੱਚਾ ਜਨਮ ਲੈਂਦਾ ਹੈ ਤਾਂ ਅਗਲੇ ਬੱਚੇ ਦੇ ਜਨਮ ਤੋਂ ਪਹਿਲਾਂ ਉਤਪਤੀ ਸੰਬੰਧੀ ਕੌਂਸਲਿੰਗ ਬਹੁਤ ਜ਼ਰੂਰੀ ਹੈ। ਅਜੇਹੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਹਰੇਕ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ। ਖ਼ੂਨਦਾਨ ਦੇ ਖੇਤਰ ਵਿਚ ਪੰਜਾਬ ਭਰ ਵਿਚ ਸੇਵਾਵਾਂ ਪ੍ਰਦਾਨ ਕਰ ਰਹੀ ਸੰਸਥਾ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਦੇ ਇਲਾਜ ਲਈ ਉਨ੍ਹਾਂ ਦੇ ਮਾਪਿਆਂ ਨੂੰ ਕਾਫ਼ੀ ਸਾਲਾਨਾ ਆਰਥਿਕ ਬੋਝ ਚੁੱਕਣਾ ਪੈਂਦਾ ਹੈ, ਉਨ੍ਹਾਂ ਲਈ ਮਾਲੀ ਸਹਾਇਤਾ ਅਤੇ ਮੁਫ਼ਤ ਇਲਾਜ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਅਜਿਹੇ ਬੱਚਿਆ ਦੀ ਭਲਾਈ ਲਈ ਸਿਹਤ ਵਿਭਾਗ ਵੱਲੋਂ ਹਰੇਕ ਜ਼ਿਲ੍ਹਾ ਪੱਧਰ ਤੇ ਥੈਲਾਸੀਮਿਕ ਚਿਲਡਰਨ ਵੈਲਫੇਅਰ ਐਸੋਸੀਏਸ਼ਨਜ਼ ਦਾ ਵੀ ਗਠਨ ਕੀਤਾ ਜਾਵੇ। ਅਜੇਹੇ ਬੱਚਿਆਂ ਦੇ ਮਾਪਿਆਂ ਲਈ ਕੌਂਸਲਿੰਗ ਸੈਂਟਰ ਖੋਲ੍ਹੇ ਜਾਣੇ ਚਾਹੀਦੇ ਹਨ। ਉਨ੍ਹਾਂ ਬਲੱਡ ਬੈਂਕ ਕਰਮੀਆਂ ਤੋਂ ਵੀ ਇਹ ਉਮੀਦ ਕੀਤੀ ਹੈ ਕਿ ਉਨ੍ਹਾਂ ਦਾ ਵਿਵਹਾਰ ਅਜੇਹੇ ਬੱਚਿਆਂ ਅਤੇ ਇਨ੍ਹਾਂ ਦੇ ਮਾਪਿਆਂ/ਵਾਰਸਾਂ ਪ੍ਰਤੀ ਹਮਦਰਦੀ ਅਤੇ ਮਿਲਵਰਤਨ ਵਾਲਾ ਹੋਵੇ ਤਾਂ ਜੋ ਪਹਿਲਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਇਨ੍ਹਾਂ ਲੋਕਾਂ ਨੂੰ ਮਾਨਸਿਕ ਸੰਤਾਪ ਨਾ ਭੋਗਣਾ ਪਵੇ।

ਨਰੇਸ਼ ਪਠਾਣੀਆ