ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਕਿਵੇਂ ਬਣਾਈਏ?


ਬੱਚੇ ਜਿਸ ਵਾਤਾਵਰਨ ਵਿਚ ਰਹਿੰਦੇ ਹਨ ਉਸ ਦਾ ਉਨ੍ਹਾਂ ਦੇ ਦਿਮਾਗ ਅਤੇ ਸਰੀਰਕ ਵਿਕਾਸ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਛੋਟੇ ਬੱਚਿਆਂ ਨੂੰ ਤਾਂ ਬਹੁਤ ਜਲਦੀ ਪੇਟ ਸਬੰਧੀ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕਣ ਦਾ ਡਰ ਰਹਿੰਦਾ ਹੈ। ਇਸ ਲਈ ਰੋਜ਼ ਨਹਾਉਣਾ, ਨਿਯਮਤ ਰੂਪ ਨਾਲ ਹੱਥ ਧੋਣਾ ਅਤੇ ਰੋਗਾਣੂ-ਮੁਕਤ ਰਹਿਣ ਵਰਗੀ ਸੁੱਚਤਾ ਵਧੀਆ ਬੁਨਿਆਦੀ ਆਦਤਾਂ ਅਪਣਾਉਣ ਨਾਲ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਵੈਸੇ ਤਾਂ ਭਾਰਤ ਵਰਗੇ ਦੇਸ਼ ਵਿਚ ਬੱਚਿਆਂ ਦਾ ਪਾਲਣ-ਪੋਸ਼ਣ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਨਾਲ ਖੁਸ਼ ਦੇਖਣਾ ਚਾਹੁੰਦੇ ਹਨ ਭਾਵੇਂ ਉਹ ਖਾਣਾ-ਪੀਣਾ ਹੋਵੇ ਜਾਂ ਖੇਡਣ ਦਾ ਸਾਮਾਨ ਹੋਵੇ। ਪਰ ਇਨ੍ਹਾਂ ਖੁਸ਼ੀਆਂ ਦੇ ਵਿਚ ਅਕਸਰ ਉਹ ਬੱਚਿਆਂ ਦੀ ਬੁਨਿਆਦੀ ਸਵੱਛਤਾ ਨੂੰ ਭੁੱਲ ਜਾਂਦੇ ਹਨ ਅਤੇ ਲੰਬੇ ਸਮੇਂ ਤੱਕ ਇਸ ਦਾ ਸਿਹਤ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਨਿਯਮਤ ਰੂਪ ਨਾਲ ਰੋਜ਼ ਨਹਾਉਣਾ, ਪਖਾਨੇ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣ ਵਰਗੀ ਬੱਚਿਆਂ ਦੀ ਨਿੱਜੀ ਸਫ਼ਾਈ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜੇਕਰ ਬਿਨਾਂ ਹੱਥ ਧੋਤੇ ਖਾਣਾ ਖਾਓਗੇ ਤਾਂ ਹੱਥਾਂ ਦੇ ਕਿਟਾਣੂ ਖਾਣੇ ਦੇ ਨਾਲ ਪੇਟ ਵਿਚ ਚਲੇ ਜਾਣਗੇ। ਜੇਕਰ ਇਹ ਇਸੇ ਤਰ੍ਹਾਂ ਜਾਰੀ ਰਹੇ ਤਾਂ ਕੁਪੋਸ਼ਣ ਅਤੇ ਸੰਕਰਮਣ ਨਾਲ ਸਰੀਰਕ ਅਤੇ ਦਿਮਾਗੀ ਵਿਕਾਸ 'ਤੇ ਲੰਬੇ ਸਮੇਂ ਦੇ ਪ੍ਰਭਾਵ ਪੈਣ ਦਾ ਖਤਰਾ ਰਹਿੰਦਾ ਹੈ।
ਬਾਲ ਰੋਗਾਂ ਦਾ ਮਾਹਿਰ ਡਾਕਟਰ ਦਾ ਕਹਿਣਾ ਹੈ, 50 ਫ਼ੀਸਦੀ ਤੋਂ ਵੀ ਵੱਧ ਮਾਮਲਿਆਂ ਵਿਚ ਪੇਟ ਸਬੰਧੀ ਬਿਮਾਰੀਆਂ ਨਿੱਜੀ ਸਫਾਈ ਵੱਲ ਧਿਆਨ ਨਾ ਦੇਣ ਦੀ ਵਜ੍ਹਾ ਨਾਲ ਹੁੰਦੀਆਂ ਹਨ। ਗਰਮੀਆਂ ਵਿਚ ਤਾਂ ਅਜਿਹੇ ਮਾਮਲੇ ਵੱਧ ਜਾਂਦੇ ਹਨ। ਜ਼ਿਆਦਾਤਰ ਬੱਚੇ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਨਾ ਧੋਣ ਅਤੇ ਹਰ ਰੋਜ਼ ਨਾ ਨਹਾਉਣ ਵਰਗੀਆਂ ਬੁਨਿਆਦੀ ਸਫਾਈ ਦੀਆਂ ਗੱਲਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ। ਲਗਾਤਾਰ ਪੇਟ ਵਿਚ ਇਨਫੈਕਸ਼ਨ ਨਾਲ ਬਿਮਾਰ ਹੋ ਜਾਂਦੇ ਹਨ ਅਤੇ ਬੱਚਿਆਂ ਦੇ ਦਿਮਾਗੀ ਵਿਕਾਸ 'ਤੇ ਅਸਰ ਪੈਂਦਾ ਹੈ ਕਿਉਂਕਿ ਪੇਟ ਦੀਆਂ ਬਿਮਾਰੀਆਂ ਕਾਰਨ ਕਈ ਪੌਸ਼ਟਿਕ ਤੱਤ ਸਰੀਰ 'ਚੋਂ ਬਾਹਰ ਨਿਕਲ ਜਾਂਦੇ ਹਨ ਅਤੇ ਇਸ ਨਾਲ ਕੁਪੋਸ਼ਣ ਦੀ ਸਮੱਸਿਆ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਦਾ ਸਿੱਧਾ ਅਸਰ ਸਰੀਰ ਅਤੇ ਦਿਮਾਗ 'ਤੇ ਪੈਂਦਾ ਹੈ। ਭਾਰਤ ਵਿਚ 47 ਫ਼ੀਸਦੀ ਬੱਚਿਆਂ ਵਿਚ ਇਕ ਹੱਦ ਤੱਕ ਕੁਪੋਸ਼ਣ ਦੀ ਸਮੱਸਿਆ ਪਾਈ ਗਈ ਹੈ। ਇਸ ਦਾ ਕਾਰਨ ਸਪੱਸ਼ਟ ਹੈ ਕਿ ਪੇਟ ਵਿਚ ਸੰਕਰਮਣ ਫੈਲਣ ਨਾਲ ਡਾਇਰੀਆ ਰਾਹੀਂ ਜ਼ਰੂਰੀ ਪੌਸ਼ਕ ਤੱਤ ਸਰੀਰ 'ਚੋਂ ਬਾਹਰ ਨਿਕਲ ਜਾਂਦੇ ਹਨ ਅਤੇ ਇਸ ਨਾਲ ਕੁਪੋਸ਼ਣ ਦੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਬੱਚੇ ਬਾਹਰ ਖੇਡਣ ਜਾਂਦੇ ਹਨ ਤਾਂ ਗਰਮੀਆਂ ਕਰਕੇ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਗਰਮੀਆਂ ਵਿਚ ਬੱਚੇ ਬਾਹਰ ਨਾ ਖੇਡਣ ਜਾਣ। ਖੇਡਣਾ ਵਧਦੀ ਉਮਰ ਲਈ ਬਹੁਤ ਜ਼ਰੂਰੀ ਹੈ, ਇਸ ਨਾਲ ਸਰੀਰਕ ਵਿਕਾਸ ਜੁੜਿਆ ਹੋਇਆ ਹੈ। ਬਸ ਲੋੜ ਹੈ ਬੁਨਿਆਦੀ ਸਵੱਛਤਾ ਦੀਆਂ ਆਦਤਾਂ ਨੂੰ ਜ਼ਿੰਦਗੀ ਵਿਚ ਅਮਲੀ ਰੂਪ ਵਿਚ ਲਿਆਉਣ ਦੀ। ਤਾਂ ਕਿ ਕਿਟਾਣੂਆਂ ਨੂੰ ਸਰੀਰ ਤੋਂ ਦੂਰ ਰੱਖਿਆ ਜਾ ਸਕੇ ਅਤੇ ਬਿਮਾਰੀਆਂ ਤੋਂ ਬੱਚਿਆ ਜਾ ਸਕੇ।
ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਦੇ ਅਨੁਸਾਰ ਸਭ ਤੋਂ ਵਧੀਆ ਤਰੀਕਾ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਅਤੇ ਸ਼ੌਚਾਲਯ ਜਾਣ ਦੇ ਬਾਅਦ ਇਕ ਚੰਗੇ ਐਂਟੀਬਾਇਓਟਿਕ ਸਾਬਣ ਨਾਲ ਹੱਥ ਧੋ ਲੈਣੇ ਚਾਹੀਦੇ ਹਨ ਅਤੇ ਜੇਕਰ ਨਹਾਉਣ ਵਿਚ ਵੀ ਐਂਟੀਬਾਇਓਟਿਕ ਸਾਬਣ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿਟਾਣੂਆਂ ਤੋਂ ਬੱਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਿਹਤਮੰਦ ਜੀਵਨਸ਼ੈਲੀ ਨੂੰ ਅਪਨਾਉਣਾ ਵੀ ਬੇਹੱਦ ਮਹੱਤਵਪੂਰਨ ਹੈ। ਪੌਸ਼ਟਿਕ ਖਾਣਾ ਅਤੇ ਨਿਯਮਤ ਕਸਰਤ ਰਾਹੀਂ ਵੀ ਸਰੀਰ ਨੂੰ ਸੰਕਰਮਣ ਦੇ ਖਿਲਾਫ਼ ਮਜ਼ਬੂਤ ਬਣਾਇਆ ਜਾ ਸਕਦਾ ਹੈ।